ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ (22.02.2026)

Posted On: 22 FEB 2026 11:38AM by PIB Chandigarh

ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ।

 ‘ਮਨ ਕੀ ਬਾਤ’ ਵਿੱਚ ਤੁਹਾਡਾ ਸਵਾਗਤ ਹੈ, ਜੀ ਆਇਆਂ ਨੂੰ। ‘ਮਨ ਕੀ ਬਾਤ’ ਦੇਸ਼ ਅਤੇ ਇਸ ਦੇ ਨਾਗਰਿਕਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਲਈ ਇੱਕ ਮਜ਼ਬੂਤ ਪਲੇਟਫ਼ਾਰਮ ਹੈ। ਦੇਸ਼ ਨੇ ਅਜਿਹੀ ਉਪਲਬਧੀ, ਹਾਲ ਹੀ ਵਿੱਚ ਦਿੱਲੀ ਵਿੱਚ ਹੋਏ ਗਲੋਬਲ ਏਆਈ ਇੰਪੈਕਟ ਸਮਿਟ ਦੌਰਾਨ ਦੇਖੀ। ਕਈ ਦੇਸ਼ਾਂ ਦੇ ਆਗੂ, ਉਦਯੋਗ ਜਗਤ ਦੇ ਲੀਡਰਜ਼, ਇਨੋਵੇਟਰਜ਼ ਅਤੇ ਸਟਾਰਟਅੱਪ ਸੈਕਟਰ ਨਾਲ ਜੁੜੇ ਲੋਕ, ਏਆਈ ਇੰਪੈਕਟ ਸਮਿਟ ਦੇ ਲਈ ਭਾਰਤ ਮੰਡਪਮ ਵਿਖੇ ਇਕੱਠੇ ਹੋਏ। ਆਉਣ ਵਾਲੇ ਸਮੇਂ ’ਚ ਏਆਈ ਦੀ ਸ਼ਕਤੀ ਦਾ ਇਸਤੇਮਾਲ ਦੁਨੀਆ ਕਿਵੇਂ ਕਰੇਗੀ, ਇਸ ਦਿਸ਼ਾ ਵਿੱਚ ਇਹ ਸਮਿਟ ਇੱਕ ਟਰਨਿੰਗ ਪੁਆਇੰਟ ਸਾਬਤ ਹੋਇਆ ਹੈ । 

ਸਾਥੀਓ,

 ਸਮਿਟ ’ਚ ਮੈਨੂੰ ਵਿਸ਼ਵ ਆਗੂਆਂ ਅਤੇ ਟੈੱਕ ਸੀਈਓਜ਼ ਨਾਲ ਮਿਲਣ ਦਾ ਵੀ ਮੌਕਾ ਮਿਲਿਆ। ਏਆਈ ਸਮਿਟ ਦੀ ਪ੍ਰਦਰਸ਼ਨੀ ਵਿੱਚ ਮੈਂ ਵਿਸ਼ਵ ਆਗੂਆਂ  ਨੂੰ ਢੇਰ ਸਾਰੀਆਂ ਚੀਜ਼ਾਂ ਦਿਖਾਈਆਂ। ਮੈਂ ਦੋ ਗੱਲਾਂ ਦਾ ਖ਼ਾਸ ਤੌਰ ਤੇ’ ਜ਼ਿਕਰ ਕਰਨਾ ਚਾਹੁੰਦਾ ਹਾਂ। ਸਮਿਟ ਵਿੱਚ ਇਨ੍ਹਾਂ ਦੋ  ਉਤਪਾਦਾਂ ਨੇ ਦੁਨੀਆ ਭਰ ਦੇ ਆਗੂਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪਹਿਲਾ ਉਤਪਾਦ ਅਮੂਲ ਦੇ ਬੂਥ ’ਤੇ ਸੀ। ਇਸ ਵਿੱਚ ਦੱਸਿਆ ਗਿਆ ਕਿ ਕਿਵੇਂ ਏਆਈ ਜਾਨਵਰਾਂ ਦਾ ਇਲਾਜ ਕਰਨ ’ਚ ਸਾਡੀ ਮਦਦ ਕਰ ਰਿਹਾ ਹੈ ਅਤੇ ਕਿਵੇਂ 24x7 ਏਆਈ ਅਸਿਸਟੈਂਟ ਦੀ ਮਦਦ ਨਾਲ ਕਿਸਾਨ ਆਪਣੀ ਡੇਅਰੀ ਅਤੇ ਜਾਨਵਰ ਦਾ ਹਿਸਾਬ ਰੱਖਦੇ ਹਨ। 

 

ਸਾਥੀਓ, 

ਦੂਜਾ ਉਤਪਾਦ ਸਾਡੇ ਸੱਭਿਆਚਾਰ ਨਾਲ ਸਬੰਧਿਤ ਸੀ। ਦੁਨੀਆ ਭਰ ਦੇ ਆਗੂ ਇਹ ਦੇਖ ਕੇ ਹੈਰਾਨ ਹੋ ਗਏ ਕਿ ਕਿਵੇਂ ਏਆਈ ਦੀ ਮਦਦ ਨਾਲ ਅਸੀਂ ਆਪਣੇ ਪ੍ਰਾਚੀਨ ਗ੍ਰੰਥਾਂ ਨੂੰ ਆਪਣੇ ਪ੍ਰਾਚੀਨ ਗਿਆਨ ਨੂੰ, ਆਪਣੀਆਂ ਹੱਥ-ਲਿਖਤਾਂ ਨੂੰ ਸੰਭਾਲ ਰਹੇ ਹਾਂ,ਅੱਜ ਦੀ ਪੀੜ੍ਹੀ ਦੇ ਅਨੁਸਾਰ ਢਾਲ ਰਹੇ ਹਾਂ।

ਸਾਥੀਓ, 

ਪ੍ਰਦਰਸ਼ਨੀ ਦੌਰਾਨ ਸੁਸ਼ਰੁਤ ਸੰਹਿਤਾ ਨੂੰ ਪ੍ਰਦਰਸ਼ਿਤ ਕਰਨ ਲਈ ਚੁਣਿਆ ਗਿਆ ਸੀ। ਪਹਿਲੇ ਪੜਾਅ ਵਿੱਚ ਦਿਖਾਇਆ ਗਿਆ ਕਿ ਕਿ ਕਿਵੇਂ ਤਕਨਾਲੋਜੀ ਦੀ ਮਦਦ ਨਾਲ ਅਸੀਂ ਹੱਥ-ਲਿਖਤਾਂ ਦੀ ਚਿੱਤਰ ਗੁਣਵੱਤਾ ਵਿੱਚ ਸੁਧਾਰ ਕਰ ਰਹੇ ਹਾਂ ਅਤੇ ਉਹਨਾਂ ਨੂੰ ਪੜ੍ਹਨਯੋਗ ਬਣਾ ਰਹੇ ਹਾਂ। ਦੂਜੇ ਪੜਾਅ ’ਚ ਇਸ ਚਿੱਤਰ ਨੂੰ ਮਸ਼ੀਨ ਲਈ ਪੜ੍ਹਨਯੋਗ ਟੈਕਸਟ ਵਿੱਚ ਬਦਲਿਆ ਗਿਆ। ਅਗਲੇ ਪੜਾਅ ਵਿੱਚ ਮਸ਼ੀਨ-ਪੜ੍ਹਨਯੋਗ ਟੈਕਸਟ ਨੂੰ ਇੱਕ ਏਆਈ ਅਵਤਾਰ ਨੇ ਪੜ੍ਹਿਆ ਅਤੇ ਫਿਰ, ਅਗਲੇ ਪੜਾਅ ਵਿੱਚ ਅਸੀਂ ਇਹ ਵੀ ਦਿਖਾਇਆ ਕਿ ਕਿਵੇਂ ਤਕਨਾਲੋਜੀ ਨਾਲ ਇਹ ਅਨਮੋਲ ਭਾਰਤੀ ਗਿਆਨ ਭਾਰਤੀ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ। ਭਾਰਤ ਦੇ ਪ੍ਰਾਚੀਨ ਗਿਆਨ ਨੂੰ ਆਧੁਨਿਕ ਅਵਤਾਰ ਰਾਹੀਂ ਜਾਣਨ ਵਿੱਚ ਵਿਸ਼ਵ ਆਗੂਆਂ ਨੇ ਬਹੁਤ ਦਿਲਚਸਪੀ ਦਿਖਾਈ।

 

ਸਾਥੀਓ,

 ਇਸ ਸਮਿਟ ਵਿੱਚ ਦੁਨੀਆ ਨੂੰ ਏਆਈ ਦੇ ਖੇਤਰ ਵਿੱਚ ਭਾਰਤ ਦੀਆਂ ਵਿਲੱਖਣ ਸਮਰੱਥਾਵਾਂ ਦੇਖਣ ਨੂੰ ਮਿਲੀਆਂ ਹਨ। ਇਸ ਦੌਰਾਨ ਭਾਰਤ ਨੇ ਤਿੰਨ ਮੇਡ ਇਨ ਇੰਡੀਆ ਏਆਈ ਮਾਡਲ  ਵੀ ਲਾਂਚ ਕੀਤੇ । ਇਹ ਆਪਣੇ ਆਪ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ  ਏਆਈ ਸਮਿਟ ਰਹੀ ਹੈ। ਇਸ ਸਮਿਟ ਨੂੰ ਲੈ ਕੇ ਨੌਜਵਾਨਾਂ ਦਾ ਜੋਸ਼ ਅਤੇ ਉਤਸ਼ਾਹ ਦੇਖਦੇ ਹੀ ਬਣਦਾ ਸੀ।  ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਸ ਸਮਿਟ  ਦੀ ਸਫਲਤਾ ਦੀ ਵਧਾਈ ਦਿੰਦਾ ਹਾਂ।

ਸਾਥੀਓ,

 ਮੈਂ ਅਕਸਰ ਕਹਿੰਦਾ ਹਾਂ, ਕਿ ‘ਜੋ ਖੇਲੇ-ਉਹ ਖਿਲੇ’। ਖੇਡ ਸਾਨੂੰ ਜੋੜਦੀ ਵੀ ਹੈ । ਅੱਜ-ਕੱਲ੍ਹ ਤੁਸੀਂ ਟੀ-20 ਵਿਸ਼ਵ ਕੱਪ ਦੇ ਮੈਚ ਦੇਖ ਰਹੇ ਹੋਵੋਗੇ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਮੈਚ ਦੇਖਦੇ ਹੋਏ ਕਈ ਵਾਰ ਅੱਖਾਂ ਕਿਸੇ ਖ਼ਾਸ ਖਿਡਾਰੀ ‘ਤੇ ਟਿਕ ਜਾਂਦੀਆਂ ਹੋਣਗੀਆਂ ।  ਜਰਸੀ (Jersey) ਕਿਸੇ ਹੋਰ ਦੇਸ਼ ਦੀ ਹੁੰਦੀ ਹੈ ਪਰ ਨਾਮ ਸੁਣਕੇ ਲੱਗਦਾ ਹੈ ਕਿ ਓਏ ਇਹ ਤਾਂ ਆਪਣੇ ਦੇਸ਼ ਦਾ ਹੈ । ਉਸ ਵੇਲੇ ਦਿਲ ਦੇ ਕਿਸੇ ਕੋਨੇ ਵਿੱਚ ਹਲਕੀ ਜਿਹੀ ਖ਼ੁਸ਼ੀ ਆਉਂਦੀ ਹੈ, ਕਿਉਂਕਿ ਉਹ ਖਿਡਾਰੀ ਭਾਰਤੀ ਮੂਲ ਦਾ ਹੁੰਦਾ ਹੈ ਅਤੇ ਉਹ ਉਸ ਦੇਸ਼ ਲਈ ਖੇਡ ਰਿਹਾ ਹੁੰਦਾ ਹੈ ਜਿੱਥੇ ਉਸ ਦਾ ਪਰਿਵਾਰ ਵਸ ਗਿਆ ਹੈ । ਉਹ ਆਪਣੇ-ਆਪਣੇ ਦੇਸ਼ਾਂ ਦੀਆਂ ਜਰਸੀਆਂ ਪਾ ਕੇ ਮੈਦਾਨ ’ਚ ਉੱਤਰਦੇ ਹਨ, ਪੂਰੇ ਮਨ ਨਾਲ ਉਸ ਦੇਸ਼ ਦੀ ਅਗਵਾਈ ਕਰਦੇ ਹਨ । ਕੈਨੇਡਾ ਦੀ ਟੀਮ ਵਿੱਚ  ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ ਹਨ। ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ ਦਾ ਜਨਮ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ ਸੀ। ਨਵਨੀਤ ਧਾਰੀਵਾਲ ਚੰਡੀਗੜ੍ਹ ਦੇ ਹਨ । ਇਸ ਲਿਸਟ ’ਚ ਹਰਸ਼ ਠਾਕਰ , ਸ਼੍ਰੇਯਸ ਮੋਵਾ ਵਰਗੇ ਕਈ ਨਾਮ ਹਨ ਜੇ ਕੈਨੇਡਾ ਦੇ ਨਾਲ-ਨਾਲ ਭਾਰਤ ਦਾ ਵੀ ਮਾਣ ਵਧਾ ਰਹੇ ਹਨ। ਅਮਰੀਕਾ ਦੀ ਟੀਮ ’ਚ ਕਈ ਚਿਹਰੇ ਭਾਰਤ ਦੇ ਘਰੇਲੂ ਕ੍ਰਿਕਟ ਤੋਂ ਹੀ ਨਿਕਲੇ ਹਨ। ਅਮਰੀਕੀ ਟੀਮ ਦੇ ਕਪਤਾਨ ਮੋਨਾਂਕ ਪਟੇਲ ਗੁਜਰਾਤ ਦੀ ਅੰਡਰ-16 ਅਤੇ ਅੰਡਰ-18 ਟੀਮ ਲਈ ਖੇਡ ਚੁੱਕੇ ਹਨ। ਮੁੰਬਈ ਦੇ ਸੌਰਭ ,ਹਰਮੀਤ ਸਿੰਘ, ਦਿੱਲੀ ਦੇ ਮਿਲਿੰਦ ਕੁਮਾਰ ਇਹ ਸਾਰੇ ਅਮਰੀਕੀ ਟੀਮ ਦੀ ਸ਼ਾਨ ਹਨ। ਓਮਾਨ ਦੀ ਟੀਮ ’ਚ ਅੱਜ ਕਈ ਚਿਹਰੇ ਹਨ ਜੋ ਪਹਿਲਾਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਖੇਡ ਚੁੱਕੇ ਹਨ । ਜਤਿੰਦਰ ਸਿੰਘ, ਵਿਨਾਇਕ ਸ਼ੁਕਲਾ, ਕਰਨ, ਜੈ, ਆਸ਼ੀਸ਼ ਵਰਗੇ ਖਿਡਾਰੀ ਓਮਾਨ ਕ੍ਰਿਕਟ ਦੀ ਮਜ਼ਬੂਤ ਕੜੀ ਹਨ। ਨਿਊਜ਼ੀਲੈਂਡ, ਯੂ. ਏ. ਈ. ਅਤੇ ਇਟਲੀ ਦੀਆਂ ਟੀਮਾਂ ਵਿੱਚ ਵੀ ਭਾਰਤੀ ਮੂਲ ਦੇ ਖਿਡਾਰੀ ਆਪਣੀ ਜਗ੍ਹਾ ਬਣਾ ਰਹੇ ਹਨ। ਅਜਿਹੇ ਕਿੰਨੇ ਹੀ ਭਾਰਤੀ ਮੂਲ ਦੇ ਖਿਡਾਰੀ ਹਨ ਜੋ ਆਪਣੇ ਦੇਸ਼ ਦਾ ਮਾਣ ਵਧਾ ਰਹੇ ਹਨ।  ਉੱਥੋਂ ਦੇ ਨੌਜਵਾਨਾਂ ਲਈ ਪ੍ਰੇਰਣਾ ਬਣ ਰਹੇ ਹਨ। ਭਾਰਤੀਆਂ ਦੀ ਇਹੀ ਵਿਸ਼ੇਸ਼ਤਾ ਹੈ । ਭਾਰਤੀ ਜਿੱਥੇ ਵੀ ਜਾਂਦੇ ਹਨ, ਆਪਣੀ ਮਾਤ-ਭੂਮੀ ਦੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਅਤੇ ਆਪਣੀ ਕਰਮ ਭੂਮੀ ਯਾਨੀ ਜਿਸ ਦੇਸ਼ ’ਚ ਰਹਿੰਦੇ ਹਨ ਉਸ ਦੇ ਵਿਕਾਸ ’ਚ ਵੀ ਆਪਣਾ ਯੋਗਦਾਨ ਪਾਉਂਦੇ ਹਨ। 

ਮੇਰੇ ਪਿਆਰੇ ਦੇਸ਼ਵਾਸੀਓ, 

ਕਿਸੇ ਵੀ ਮਾਤਾ-ਪਿਤਾ ਲਈ ਆਪਣੇ ਬੱਚੇ ਨੂੰ ਗੁਆਉਣ ਤੋਂ ਵੱਡਾ ਦੁੱਖ ਕੋਈ ਹੋਰ ਹੋ ਹੀ ਨਹੀਂ ਸਕਦਾ । ਛੋਟੇ ਜਿਹੇ ਬੱਚੇ ਨੂੰ ਗੁਆਉਣ ਦਾ ਦੁੱਖ ਤਾਂ ਹੋਰ ਵੀ ਡੂੰਘਾ ਹੁੰਦਾ ਹੈ । ਕੁਝ ਹੀ ਦਿਨ ਪਹਿਲਾਂ ਅਸੀਂ ਕੇਰਲਾ ਦੀ ਇਕ ਛੋਟੀ ਮਾਸੂਮ ਆਲਿਨ ਸ਼ੇਰਿਨ ਅਬਰਾਹਮ ਨੂੰ ਗੁਆ ਦਿੱਤਾ ਹੈ । ਸਿਰਫ਼ 10 ਮਹੀਨਿਆਂ ’ਚ ਹੀ ਉਹ ਇਸ ਦੁਨੀਆ ਤੋਂ ਚਲੀ ਗਈ । ਕਲਪਨਾ ਕਰੋ- ਉਸ ਦੇ ਸਾਹਮਣੇ ਉਸ ਦੀ ਪੂਰੀ ਜ਼ਿੰਦਗੀ ਸੀ, ਜੋ ਅਚਾਨਕ ਖ਼ਤਮ ਹੋ ਗਈ। ਕਿੰਨੇ ਹੀ ਸੁਪਨੇ ਅਤੇ ਖ਼ੁਸ਼ੀਆਂ ਅਧੂਰੀਆਂ ਰਹਿ ਗਈਆਂ। ਉਸ ਦੇ ਮਾਤਾ-ਪਿਤਾ ਜਿਸ ਦਰਦ ਤੋਂ ਗੁਜ਼ਰ ਰਹੇ ਹੋਣਗੇ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਇੰਨੇ ਡੂੰਘੇ ਦੁੱਖ ਦੇ ਵਿੱਚ ਆਲਿਨ ਦੇ ਪਿਤਾ ਅਰੁਣ ਅਬਰਾਹਮ ਅਤੇ ਮਾਂ ਸ਼ੇਰਿਨ ਨੇ ਇਕ ਅਜਿਹਾ ਫ਼ੈਸਲਾ ਲਿਆ, ਜਿਸ ਨੇ ਹਰ ਦੇਸ਼ਵਾਸੀ ਦਾ ਦਿਲ ਉਨ੍ਹਾਂ ਪ੍ਰਤੀ ਸਤਿਕਾਰ ਨਾਲ ਭਰ ਗਿਆ । ਉਨ੍ਹਾਂ ਨੇ ਆਲਿਨ ਦੇ ਅੰਗਦਾਨ ਦਾ ਫ਼ੈਸਲਾ ਲਿਆ । ਇਸ ਇਕ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਸੋਚ ਕਿੰਨੀ ਵੱਡੀ ਹੈ ਅਤੇ ਸ਼ਖ਼ਸੀਅਤ ਕਿੰਨੀ ਵਿਸ਼ਾਲ ਹੈ । ਇਕ ਪਾਸੇ ਉਹ ਆਪਣੀ ਬੱਚੀ ਨੂੰ ਗੁਆਉਣ ਦੇ ਸੋਗ ਵਿੱਚ ਡੁੱਬੇ ਸਨ ਅਤੇ ਉੱਥੇ ਹੀ ਦੂਸਰਿਆਂ ਦੀ ਮਦਦ ਦਾ ਭਾਵਨਾ ਵੀ ਉਨ੍ਹਾਂ ਵਿੱਚ ਭਰੀ ਸੀ । ਉਹ ਚਾਹੁੰਦੇ ਸਨ ਕਿ ਕਿਸੇ ਵੀ ਪਰਿਵਾਰ ਨੂੰ ਅਜਿਹਾ ਦਿਨ ਦੇਖਣਾ ਨਾ ਪਵੇ, ਆਲਿਨ ਸ਼ੇਰਿਨ ਅਬਰਾਹਮ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਸ ਦਾ ਨਾਮ ਦੇਸ਼ ਦੇ ਘੱਟ ਉਮਰ ਦੇ ਅੰਗ ਦਾਨੀਆਂ ਵਿੱਚ ਜੁੜ ਗਿਆ ਹੈ। ਸਾਥੀਓ, ਇਨ੍ਹੀਂ ਦਿਨੀਂ ਭਾਰਤ ਵਿੱਚ ਅੰਗ ਦਾਨ ਬਾਰੇ ਜਾਗਰੂਕਤਾ ਲਗਾਤਾਰ ਵਧ ਰਹੀ ਹੈ। ਇਸ ਨਾਲ ਉਨ੍ਹਾਂ ਲੋਕਾਂ ਦੀ ਮਦਦ ਹੋ ਰਹੀ ਹੈ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਮੈਡੀਕਲ ਰਿਸਰਚ ਨੂੰ ਵੀ ਹੁਲਾਰਾ ਮਿਲ ਰਿਹਾ ਹੈ । ਇਸ ਦਿਸ਼ਾ ’ਚ ਕਈ ਸੰਸਥਾਵਾਂ ਅਤੇ ਲੋਕ ਅਸਧਾਰਨ ਕੰਮ ਕਰ ਰਹੇ ਹਨ। 

ਸਾਥੀਓ, 

ਕੇਰਲਾ ਦੀ ਆਲਿਨ ਵਾਂਗ ਹੀ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਅੰਗ ਦਾਨ ਦੇ ਜ਼ਰੀਏ, ਕਿਸੇ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ ।  ਜਿਵੇਂ ਦਿੱਲੀ ਦੀ ਲਕਸ਼ਮੀ ਦੇਵੀ ਜੀ ਹਨ। ਉਨ੍ਹਾਂ ਨੇ ਬੀਤੇ ਸਾਲ ਕੇਦਾਰਨਾਥ ਦੀ ਯਾਤਰਾ ਕੀਤੀ, ਇਸ ਲਈ ਉਨ੍ਹਾਂ ਨੂੰ 14 ਕਿੱਲੋਮੀਟਰ ਦੀ ਟਰੈਕਿੰਗ ਕਰਨੀ ਪਈ । ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਇਹ ਯਾਤਰਾ ਹਾਰਟ ਟਰਾਂਸਪਲਾਂਟ ਦੇ ਬਾਅਦ ਕੀਤੀ । ਉਨ੍ਹਾਂ ਦਾ  ਹਾਰਟ ਸਿਰਫ਼ 15 ਪ੍ਰਤੀਸ਼ਤ ਹੀ ਕੰਮ ਕਰ ਰਿਹਾ ਸੀ। ਅਜਿਹੇ ਵਿੱਚ ਉਨ੍ਹਾਂ ਨੂੰ ਇੱਕ ਡੋਨਰ ਦਾ ਹਾਰਟ ਮਿਲਿਆ , ਜਿਸ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਤਾਂ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਗਈ । ਪੱਛਮੀ ਬੰਗਾਲ ਦੇ ਗੌਰਾਂਗ ਬੈਨਰਜੀ ਦੋ ਵਾਰ ਨਾਥੂ-ਲਾ ਗਏ ਹਨ। ਇਹ ਸਮੁੰਦਰ ਤਲ ਤੋਂ 14 ਹਜ਼ਾਰ ਫੁੱਟ ਦੀ ਉਚਾਈ ’ਤੇ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਉਪਲਬਧੀ ਲੰਗਜ਼ ਟ੍ਰਾਂਸਪਲਾਂਟ ਦੇ ਬਾਅਦ ਹਾਸਲ ਕੀਤੀ।  ਰਾਜਸਥਾਨ ਵਿੱਚ ਸੀਕਰ ਦੇ ਰਾਮਦੇਵ ਸਿੰਘ ਜੀ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣਾ ਪਿਆ ਸੀ । ਅੱਜ ਉਹ ਸਪੋਰਟਿੰਗ ਐਕਟੀਵਿਟੀ ਵਿੱਚ ਕਮਾਲ ਕਰ ਰਹੇ ਹਨ। 

ਸਾਥੀਓ, 

ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੇਰਕ ਉਦਾਹਰਣ ਦੇਖਣ ਨੂੰ ਮਿਲ ਜਾਣਗੇ। ਇਸ ਨਾਲ ਇਹ ਗੱਲ ਫਿਰ ਸਾਬਤ ਹੁੰਦੀ ਹੈ ਕਿ ਕਿਸੇ ਇੱਕ ਦੀ ਨੇਕ ਪਹਿਲ , ਪਤਾ ਨਹੀਂ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਤਹਿ ਦਿਲੋਂ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਅਜਿਹੇ ਨੇਕ ਕੰਮ ਕੀਤੇ ਹਨ। 

 

ਮੇਰੇ ਪਿਆਰੇ ਦੇਸ਼ਵਾਸੀਓ, 

ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਮੈਂ ਲਾਲ ਕਿਲ੍ਹੇ  ਤੋਂ ਪੰਚ ਪ੍ਰਾਣਾਂ ਦੀ ਗੱਲ ਕਹੀ ਸੀ। ਉਨ੍ਹਾਂ ਵਿੱਚੋਂ ਇੱਕ ਹੈ, ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ। ਅੱਜ ਦੇਸ਼ ਗੁਲਾਮੀ ਦੇ ਪ੍ਰਤੀਕਾਂ ਨੂੰ ਪਿੱਛੇ ਛੱਡ ਕੇ ਭਾਰਤ ਦੀ ਸੰਸਕ੍ਰਿਤੀ ਨਾਲ ਜੁੜੀਆਂ ਚੀਜ਼ਾਂ ਨੂੰ ਮਹੱਤਵ ਦੇਣ ਲੱਗਾ ਹੈ । ਇਸ ਦਿਸ਼ਾ ’ਚ ਸਾਡੇ ਰਾਸ਼ਟਰਪਤੀ ਭਵਨ ਨੇ ਵੀ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ । ਕੱਲ੍ਹ ਭਾਵ 23 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ‘ਰਾਜਾਜੀ ਉਤਸਵ’ ਮਨਾਇਆ ਜਾਵੇਗਾ। ਇਸ ਮੌਕੇ ’ਤੇ ਰਾਸ਼ਟਰਪਤੀ ਭਵਨ ਦੇ ਕੇਂਦਰੀ ਵਿਹੜੇ ਵਿੱਚ ਸੀ. ਰਾਜਗੋਪਾਲਾਚਾਰੀ ਜੀ ਦੀ ਪ੍ਰਤਿਮਾ ਦਾ ਉਦਘਾਟਨ ਕੀਤਾ ਜਾਵੇਗਾ । ਉਹ ਆਜ਼ਾਦ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਸਨ। ਉਹ, ਉਨ੍ਹਾਂ ਲੋਕਾਂ ‘ਚੋਂ ਸਨ, ਜਿਨ੍ਹਾਂ ਨੇ ਸੱਤਾ ਨੂੰ ਅਹੁਦੇ ਦੀ ਤਰ੍ਹਾਂ ਨਹੀਂ,ਸੇਵਾਂ ਦੀ ਤਰ੍ਹਾਂ ਦੇਖਿਆ । ਜਨਤਕ ਜੀਵਨ ਵਿੱਚ ਉਨ੍ਹਾਂ ਦਾ ਆਚਰਨ, ਸਵੈ-ਸੰਜਮ ਅਤੇ ਆਜ਼ਾਦ ਚਿੰਤਨ ਅੱਜ ਵੀ ਸਾਨੂੰ ਪ੍ਰੇਰਿਤ ਕਰਦਾ ਹੈ। ਬਦਕਿਸਮਤੀ ਨਾਲ, ਆਜ਼ਾਦੀ ਦੇ ਬਾਅਦ ਵੀ ਰਾਸ਼ਟਰਪਤੀ ਭਵਨ ਵਿੱਚ ਬ੍ਰਿਟਿਸ਼ ਸ਼ਾਸਕਾਂ ਦੀਆਂ ਮੂਰਤੀਆਂ ਤਾਂ ਲੱਗੀਆਂ ਰਹਿਣ ਦਿੱਤੀਆਂ ਗਈਆਂ ਪਰ ਦੇਸ਼ ਦੇ ਮਹਾਨ ਸਪੂਤਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ । ਬ੍ਰਿਟਿਸ਼ ਆਰਕੀਟੈਕਟ ਐਡਵਿਨ ਲੁਟੀਅਨਜ਼ ਦੀ ਮੂਰਤੀ ਵੀ ਰਾਸ਼ਟਰਪਤੀ ਭਵਨ ’ਚ ਲੱਗੀ ਹੋਈ ਹੈ । ਹੁਣ ਇਸ ਮੂਰਤੀ ਦੀ ਥਾਂ ’ਤੇ ਰਾਜਾਜੀ ਦੀ ਮੂਰਤੀ ਲਗਾਈ ਜਾਵੇਗੀ। ਰਾਜਾਜੀ ਉਤਸਵ ਦੇ ਦੌਰਾਨ ਰਾਜਗੋਪਾਲਾਚਾਰੀ ਜੀ ’ਤੇ ਅਧਾਰਿਤ ਪ੍ਰਦਰਸ਼ਨੀ ਵੀ ਲੱਗੇਗੀ, ਇਹ ਪ੍ਰਦਰਸ਼ਨੀ 24 ਫਰਵਰੀ ਤੋਂ 1 ਮਾਰਚ ਤੱਕ ਚੱਲੇਗੀ । ਸਮਾਂ ਕੱਢ ਕੇ ਤੁਸੀਂ ਵੀ ਇਸ ਨੂੰ ਦੇਖਣ ਜ਼ਰੂਰ ਜਾਣਾ।  

ਮੇਰੇ ਪਿਆਰੇ ਦੇਸ਼ਵਾਸੀਓ,

 ‘ਮਨ ਕੀ ਬਾਤ’ ਵਿੱਚ, ਮੈਂ ਤੁਹਾਡੇ ਨਾਲ ਡਿਜੀਟਲ ਅਰੈਸਟ ’ਤੇ ਵਿਸਥਾਰ ਨਾਲ ਗੱਲ ਕੀਤੀ ਹੈ। ਇਸ ਤੋਂ ਬਾਅਦ ਦੇਸ਼ ਵਿੱਚ ਡਿਜੀਟਲ ਅਰੈਸਟ ਅਤੇ ਡਿਜੀਟਲ ਫਰਾਡ ਨੂੰ ਲੈ ਕੇ ਸਾਡੇ ਸਮਾਜ ਵਿੱਚ ਬਹੁਤ ਜਾਗਰੂਕਤਾ ਆਈ, ਪਰ ਅਜੇ ਵੀ ਸਾਡੇ ਆਲ਼ੇ-ਦੁਆਲੇ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਜੋ ਮਾਫ਼ ਨਾ ਕਰਨ ਯੋਗ ਹਨ ,ਨਿਰਦੋਸ਼ ਲੋਕਾਂ ਨੂੰ ਡਿਜੀਟਲ ਅਰੈਸਟ ਅਤੇ ਵਿੱਤੀ ਧੋਖਾਧੜੀ  ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ । ਕਈ ਵਾਰ ਪਤਾ ਲੱਗਦਾ ਹੈ ਕਿ ਕਿਸੇ ਸੀਨੀਅਰ ਸਿਟੀਜ਼ਨ ਦੀ ਜੀਵਨ  ਭਰ ਦੀ ਕਮਾਈ ਠੱਗ ਲਈ ਗਈ । ਕਦੇ ਉਨ੍ਹਾਂ ਪੈਸਿਆਂ ਦੀ ਠੱਗੀ ਹੋ ਜਾਂਦੀ ਹੈ , ਜੋ ਉਨ੍ਹਾਂ ਨੇ ਬੱਚਿਆਂ ਦੀ ਫ਼ੀਸ ਜਮ੍ਹਾਂ ਕਰਨ ਲਈ ਬਚਾਏ ਸਨ । ਕਾਰੋਬਾਰੀਆਂ ਨਾਲ ਧੋਖਾਧੜੀ ਦੀਆਂ ਖ਼ਬਰਾਂ ਵੀ ਸਾਨੂੰ ਵੇਖਣ ਨੂੰ ਮਿਲਦੀਆਂ ਹਨ। ਕੋਈ ਫ਼ੋਨ ਕਰਦਾ ਹੈ ਅਤੇ ਕਹਿੰਦਾ ਹੈ- ਮੈਂ ਇੱਕ ਵੱਡਾ ਅਧਿਕਾਰੀ ਹਾਂ । ਤੁਹਾਨੂੰ ਕੁਝ  ਵੇਰਵੇ ਸਾਂਝੇ ਕਰਨੇ ਹੋਣਗੇ। ਇਸ ਤੋਂ ਬਾਅਦ ਭੋਲੇ-ਭਾਲੇ ਲੋਕ ਅਜਿਹਾ ਹੀ ਕਰ ਬੈਠਦੇ ਹਨ । ਇਸ ਲਈ, ਤੁਹਾਡਾ ਸਾਵਧਾਨ ਰਹਿਣਾ, ਜਾਗਰੂਕ ਰਹਿਣਾ ਬਹੁਤ ਜ਼ਰੂਰੀ।

ਸਾਥੀਓ,

 ਤੁਸੀਂ ਸਾਰੇ ਕੇਵਾਈਸੀ -ਮਤਲਬ ਆਪਣੇ ਗ੍ਰਾਹਕ ਨੂੰ ਜਾਣੋ। ਇਸ ਪ੍ਰਾਸੈੱਸ ਨੂੰ ਤਾਂ ਜਾਣਦੇ ਹੀ ਹੋਵੋਗੇ। ਕਦੇ-ਕਦੇ ਜਦੋਂ ਤੁਹਾਨੂੰ ਤੁਹਾਡੇ ਬੈਂਕ ਤੋਂ ਕੇਵਾਈਸੀ ਜਾਂ ਰੀ-ਕੇਵਾਈਸੀ ਕਰਵਾਉਣ ਦੇ ਮੈਸੇਜ ਆਉਂਦੇ ਹਨ ਤਾਂ ਮਨ ’ਚ ਸਵਾਲ ਆਉਂਦਾ ਹੈ, ਮੈਂ ਤਾਂ ਪਹਿਲਾਂ ਹੀ  ਕੇਵਾਈਸੀ ਕਰਵਾਈ ਹੋਈ ਹੈ ,ਤਾਂ ਇਹ ਫਿਰ ਕਿਉਂ? ਮੇਰੀ ਤੁਹਾਨੂੰ ਬੇਨਤੀ ਹੈ ,ਘਬਰਾਓ ਨਾ, ਇਹ ਤੁਹਾਡੇ ਪੈਸੇ ਦੀ ਸੁਰੱਖਿਆ ਲਈ ਹੀ ਹੈ । ਅਸੀਂ ਸਾਰੇ ਜਾਣਦੇ ਹਾਂ ਕਿ ਅੱਜ-ਕੱਲ੍ਹ ਪੈਨਸ਼ਨ, ਸਬਸਿਡੀ, ਬੀਮਾ, ਯੂ. ਪੀ. ਆਈ. ਸਭ ਕੁਝ ਬੈਂਕ ਖਾਤੇ ਨਾਲ ਹੀ ਜੁੜਿਆ ਹੋਇਆ ਹੈ । ਇਸੇ ਕਾਰਨ ਬੈਂਕ ਸਮੇਂ-ਸਮੇਂ ’ਤੇ ਰੀ ਕੇਵਾਈਸੀ ਕਰਦੇ ਹਨ ਤਾਂ ਜੋ ਤੁਹਾਡਾ ਬੈਂਕ ਅਕਾਊਂਟ ਸੁਰੱਖਿਅਤ ਰਹੇ । ਹਾਂ! ਇਸ ਵਿੱਚ ਵੀ ਤੁਹਾਨੂੰ ਇੱਕ ਗੱਲ ਯਾਦ ਰੱਖਣੀ ਹੈ , ਜੋ ਅਪਰਾਧੀ ਹਨ , ਉਹ ਫ਼ਰਜ਼ੀ ਕਾਲ ਕਰਦੇ ਹਨ, ਐੱਸ ਐੱਮ ਐੱਸ ਅਤੇ ਲਿੰਕ ਭੇਜਦੇ ਹਨ । ਇਸ ਲਈ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਜਿਹੇ ਧੋਖੇਬਾਜ਼ਾਂ ਦੇ ਝਾਂਸੇ ’ਚ ਨਹੀਂ ਆਉਣਾ ਹੈ । ਕੇਵਾਈਸੀ ਜਾਂ ਰੀ-ਕੇਵਾਈਸੀ ਸਿਰਫ਼ ਆਪਣੇ ਬੈਂਕ ਦੀ ਸ਼ਾਖਾ ਜਾਂ ਅਧਿਕਾਰਕ ਐਪ ਅਤੇ ਅਧਿਕਾਰਤ ਮਾਧਿਅਮ ਤੋਂ ਹੀ ਕਰਵਾਓ। ਓ. ਟੀ. ਪੀ., ਅਧਾਰ ਨੰਬਰ ਜਾਂ ਬੈਂਕ ਖਾਤੇ ਸਬੰਧੀ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ ਅਤੇ ਸਭ ਤੋਂ ਜ਼ਰੂਰੀ ਗੱਲ ਆਪਣੇ ਪਾਸਵਰਡ ਨੂੰ ਸਮੇਂ-ਸਮੇਂ ’ਤੇ ਜ਼ਰੂਰ ਬਦਲਦੇ ਰਹੋ। ਜਿਵੇਂ ਹਰੇਕ ਮੌਸਮ ਦੇ ਨਾਲ ਖਾਣ-ਪਾਨ ਬਦਲ ਜਾਂਦਾ ਹੈ, ਪਹਿਰਾਵਾ ਵੀ ਬਦਲ ਜਾਂਦਾ ਹੈ, ਉਸੇ ਤਰ੍ਹਾਂ ਹੀ ਨਿਯਮ ਬਣਾ ਲਓ ਕਿ ਕੁਝ ਦਿਨਾਂ ਬਾਅਦ ਤੁਸੀਂ ਆਪਣਾ ਪਾਸਵਰਡ ਵੀ ਬਦਲਣਾ ਹੈ । 

ਸਾਥੀਓ,

 ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਵੱਲੋਂ ਇਨ੍ਹਾਂ ਵਿਸ਼ਿਆਂ ’ਤੇ ਹੀ ਵਿੱਤੀ ਸਾਖਰਤਾ ਹਫ਼ਤਾ ਆਯੋਜਿਤ ਕੀਤਾ ਗਿਆ ਸੀ। ਵਿੱਤੀ  ਸਾਖਰਤਾ ਦਾ ਇਹ ਅਭਿਆਨ ਹੁਣ ਪੂਰੇ ਸਾਲ ਜਾਰੀ ਰਹੇਗਾ। ਇਸ ਲਈ ਭਾਰਤੀ ਰਿਜ਼ਰਵ ਬੈਂਕ ਦੇ ਮੈਸੇਜ ਦਾ ਧਿਆਨ ਰੱਖੋ ਅਤੇ ਆਪਣੀ ਕੇਵਾਈਸੀ ਅਪਡੇਟਿਡ ਰਖੋ।

ਯਾਦ ਰੱਖੋ

ਸਹੀ ਕੇਵਾਈਸੀ, ਸਮੇਂ ’ਤੇ ਰੀ-ਕੇਵਾਈਸੀ ਕਰੇ ਖਾਤਾ ਸੁਰੱਖਿਅਤ,

ਬਣੋ ਸਸ਼ਕਤ ਨਾਗਰਿਕ,

ਕਿਉਂਕਿ ਸਸ਼ਕਤ ਨਾਗਰਿਕਾਂ ਨਾਲ ਹੀ ਬਣਦਾ ਹੈ ਮਜ਼ਬੂਤ ਅਤੇ ਆਤਮ-ਨਿਰਭਰ ਭਾਰਤ।

 

ਮੇਰੇ ਪਿਆਰੇ ਦੇਸ਼ਵਾਸੀਓ, 

ਸਾਡੇ ਕਿਸਾਨ ਸਿਰਫ਼ ਅੰਨਦਾਤਾ ਨਹੀਂ ਹਨ। ਉਹ ਧਰਤੀ ਦੇ ਸੱਚੇ ਸਾਧਕ ਹਨ। ਮਿੱਟੀ ਨੂੰ ਸੋਨਾ ਬਣਾਉਣਾ ਕੀ ਹੁੰਦਾ ਹੈ, ਇਹ ਕੋਈ  ਸਾਡੇ ਕਿਸਾਨਾਂ ਤੋਂ ਸਿੱਖੇ ਅਤੇ ਸਾਡਾ ਅੱਜ ਦਾ ਕਿਸਾਨ ਤਾਂ ਪ੍ਰੰਪਰਾ ਅਤੇ ਟੈਕਨਾਲੋਜੀ, ਦੋਵਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਅਤੇ ਮੈਨੂੰ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਕਿਸਾਨ ਹੁਣ ਸਿਰਫ਼  ਉਤਪਾਦਨ ਨਹੀਂ,ਸਗੋਂ ਗੁਣਵੱਤਾ ਮੁੱਲ ਵਾਧਾ ਅਤੇ ਨਵੇਂ ਬਜ਼ਾਰਾਂ ’ਤੇ ਵੀ ਧਿਆਨ ਦੇ ਰਹੇ ਹਨ। ਓਡੀਸ਼ਾ ਵਿੱਚ ਹਿਰੋਦ ਪਟੇਲ ਨਾਮ ਦੇ ਨੌਜਵਾਨ ਕਿਸਾਨ ਨਾਲ ਜੁੜੀ ਜਾਣਕਾਰੀ ਸੱਚਮੁੱਚ ਹੀ ਬਹੁਤ ਪ੍ਰੇਰਕ ਹੈ । ਕਰੀਬ 8 ਸਾਲ ਪਹਿਲਾਂ ਤੱਕ ਉਹ ਆਪਣੇ ਪਿਤਾ ਸ਼ਿਵ ਸ਼ੰਕਰ ਪਟੇਲ ਦੇ ਨਾਲ ਰਵਾਇਤੀ ਢੰਗ ਨਾਲ ਝੋਨੇ ਦੀ ਖੇਤੀ ਕਰਦੇ ਸਨ ਪਰ ਉਨ੍ਹਾਂ ਨੇ ਖੇਤੀ ਨੂੰ ਨਵੇਂ ਨਜ਼ਰੀਏ ਨਾਲ ਦੇਖਣਾ ਸ਼ੁਰੂ ਕੀਤਾ। ਆਪਣੇ ਖੇਤ ਦੇ ਤਲਾਬ ਦੇ ਉੱਪਰ ਉਨ੍ਹਾਂ ਨੇ ਮਜ਼ਬੂਤ ਜਾਲੀਦਾਰ ਢਾਂਚਾ ਬਣਾਇਆ। ਉਸ ‘ਤੇ ਵੇਲਾਂ ਵਾਲੀਆਂ ਸਬਜ਼ੀਆਂ ਉਗਾਈਆਂ, ਤਲਾਬ ਦੇ ਚਾਰੇ ਪਾਸੇ ਕੇਲੇ, ਅਮਰੂਦ ਅਤੇ ਨਾਰੀਅਲ ਲਗਾਏ ਅਤੇ ਤਲਾਬ ’ਚ ਮੱਛੀ ਪਾਲਣ ਵੀ ਸ਼ੁਰੂ ਕੀਤਾ। ਯਾਨੀ ਇਕ ਹੀ ਜਗ੍ਹਾ ਰਵਾਇਤੀ ਖੇਤੀ ਵੀ ਹੋ ਰਹੀ ਹੈ, ਸਬਜ਼ੀ ਵੀ, ਫਲ਼ ਵੀ, ਮੱਛੀ ਵੀ। ਇਸ ਨਾਲ ਜ਼ਮੀਨ ਦਾ ਬਿਹਤਰ ਇਸਤੇਮਾਲ ਹੋਇਆ , ਪਾਣੀ ਦੀ ਬਚਤ ਹੋਈ ਅਤੇ ਵਾਧੂ ਆਮਦਨੀ ਵੀ ਮਿਲੀ। ਅੱਜ ਦੂਰ-ਦੂਰ ਤੋਂ ਕਿਸਾਨ ਉਨ੍ਹਾਂ ਦਾ ਮਾਡਲ ਦੇਖਣ ਆਉਂਦੇ ਹਨ। 

ਸਾਥੀਓ, 

ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ ਵਿੱਚ ਇੱਕ ਪਿੰਡ ਅਜਿਹਾ ਹੈ, ਜਿੱਥੇ ਇਕ ਹੀ ਖੇਤ ਵਿੱਚ 570 ਤਰ੍ਹਾਂ ਦੇ ਝੋਨੇ ਦੀ ਕਿਸਮਾਂ ਲਗਾਈਆਂ ਜਾਂਦੀਆਂ ਹਨ । ਇਸ ਵਿੱਚ ਸਥਾਨਕ ਕਿਸਮਾਂ ਵੀ ਹਨ, ਹਰਬਲ ਕਿਸਮਾਂ ਵੀ ਹਨ ਅਤੇ ਦੂਜੇ ਰਾਜਾਂ ਤੋਂ ਲਿਆਂਦੀਆਂ ਗਈਆਂ ਪ੍ਰਜਾਤੀਆਂ ਵੀ ਹਨ। ਇਹ ਸਿਰਫ਼ ਖੇਤੀ ਨਹੀਂ, ਬੀਜਾਂ ਦੀ ਵਿਰਾਸਤ ਨੂੰ ਬਚਾਉਣ ਦਾ ਮਹਾਅਭਿਆਨ ਹੈ । ਸਾਡੇ ਕਿਸਾਨਾਂ ਦੀ ਮਿਹਨਤ ਦਾ ਅਸਰ ਅੰਕੜਿਆਂ ਵਿੱਚ ਵੀ ਦਿੱਖ ਰਿਹਾ ਹੈ । ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਚਾਵਲ ਉਤਪਾਦਕ ਦੇਸ਼ ਬਣ ਚੁੱਕਿਆ ਹੈ । 15 ਕਰੋੜ ਟਨ ਤੋਂ ਜ਼ਿਆਦਾ ਚੋਲ੍ਹਾਂ ਦਾ ਉਤਪਾਦਨ , ਇਹ ਛੋਟੀ ਪ੍ਰਾਪਤੀ ਨਹੀਂ ਹੈ । ਅਸੀਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਾਂ ਅਤੇ ਦੁਨੀਆ ਦੀ ਫੂਡ ਬਾਸਕਿਟ ਵਿੱਚ ਯੋਗਦਾਨ ਵੀ ਦੇ ਰਹੇ ਹਾਂ। 

 

ਸਾਥੀਓ, 

ਹੁਣ ਤਾਂ ਖੇਤੀ ਉਤਪਾਦ ਹਵਾਈ ਮਾਰਗ ਤੋਂ ਵੀ ਜ਼ਿਆਦਾ ਅਸਾਨੀ ਨਾਲ ਵਿਦੇਸ਼ ਪਹੁੰਚ ਰਹੇ ਹਨ । ਕਰਨਾਟਕਾ ਦੇ ਨੰਜਨਗੁੜ ਕੇਲੇ, ਮੈਸੂਰ ਪਾਨ ਦੇ ਪੱਤੇ ਅਤੇ ਇੰਡੀ ਨਿੰਬੂ ਨੂੰ ਮਾਲਦੀਵ ਭੇਜਿਆ ਗਿਆ। ਇਹ ਉਤਪਾਦ ਆਪਣੇ ਸਵਾਦ ਅਤੇ ਗੁਣਵੱਤਾ ਦੇ ਲਈ ਜਾਣੇ ਜਾਂਦੇ ਹਨ ਅਤੇ ਇਨ੍ਹਾਂ ਨੂੰ GI ਟੈਗ ਵੀ ਮਿਲਿਆ ਹੈ । ਅੱਜ ਦਾ ਕਿਸਾਨ ਕੁਆਲਿਟੀ ਵੀ ਚਾਹੁੰਦਾ ਹੈ, ਮਾਤਰਾ ਵੀ ਵਧਾ ਰਿਹਾ ਹੈ ਅਤੇ ਆਪਣੀ ਪਹਿਚਾਣ ਵੀ ਬਣਾ ਰਿਹਾ ਹੈ। 

ਮੇਰੇ ਪਿਆਰੇ ਦੇਸ਼ਵਾਸੀਓ,

 ਪਿਛਲੇ ਸਾਲ, ਇਸੇ ਸਮੇਂ ਮਹਾਂਕੁੰਭ ਦੀਆਂ ਅਨੋਖੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਯਾਦ ਹੋਣਗੀਆਂ । ਸੰਗਮ ਦੇ ਤੱਟ ’ਤੇ ਉਮੜਦੀ  ਭੀੜ, ਆਸਥਾ ਦਾ ਅਥਾਹ ਪ੍ਰਵਾਹ ਅਤੇ ਇਸ਼ਨਾਨ ਦੇ ਉਸ ਪਵਿੱਤਰ ਪਲ ਵਿੱਚ, ਜਿਵੇਂ ਭਾਰਤ ਆਪਣੀ ਸਨਾਤਨ ਚੇਤਨਾ ਨਾਲ ਰੂਬਰੂ ਹੋ ਰਿਹਾ ਸੀ। ਸਾਥੀਓ, ਮਹਾਂਕੁੰਭ ਦੀ ਓਹੀ ਧਾਰਾ, ਓਹੀ ਮਾਘ ਦਾ ਮਹੀਨਾ, ਓਹੀ ਸ਼ਰਧਾ ਦੀ ਆਵਾਜ਼, ਜਦੋਂ ਉੱਤਰ ਤੋਂ ਦੱਖਣ ਵੱਲ ਵਧਦੀ ਹੈ , ਤਾਂ ਇੱਕ ਨਵੀਂ ਪਹਿਚਾਣ ਲੈ ਲੈਂਦੀ ਹੈ । 

 

ਸਾਥੀਓ,

 ਕੇਰਲਾ ਦੀ ਧਰਤੀ ’ਤੇ, ਭਾਰਤਪਪੁਝਾ ਨਦੀ ਦੇ ਕਿਨਾਰੇ ਤਿਰੂਨਾਵਾਇਆ ਵਿੱਚ ਸਦੀਆਂ ਪੁਰਾਣੀ ਇਕ ਪ੍ਰੰਪਰਾ ਰਹੀ ਹੈ- ਮਾਮੰਗਮ। ਇਸ ਨੂੰ ਕਈ ਲੋਕ ਮਹਾ ਮਾਘ ਮਹੋਤਸਵ ਜਾਂ ਕੇਰਲਾ ਕੁੰਭ ਵੀ ਕਹਿੰਦੇ ਹਨ। ਮਾਘ ਦੇ ਮਹੀਨੇ ’ਚ ਪਵਿੱਤਰ ਨਦੀ ’ਚ ਇਸ਼ਨਾਨ ਅਤੇ ਉਸ ਪਲ ਨੂੰ ਜ਼ਿੰਦਗੀ ਦਾ ਨਾ ਭੁੱਲਣ ਵਾਲਾ ਯਾਦਗਾਰ ਪਲ ਬਣਾ ਲੈਣਾ, ਇਹੀ ਇਸ ਦੀ ਆਤਮਾ ਹੈ । ਸਮੇਂ ਦੇ ਨਾਲ ਇਹ ਪ੍ਰੰਪਰਾ ਜਿਵੇਂ ਅਲੋਪ ਹੋ ਗਈ ਸੀ। ਕਰੀਬ ਢਾਈ ਸੌ ਸਾਲਾਂ ਤੱਕ ਇਹ ਆਯੋਜਨ ਉਸੇ ਸ਼ਾਨ ਓ ਸ਼ੌਕਤ ਨਾਲ ਨਹੀਂ ਹੋਇਆ, ਜਿਵੇਂ ਪਹਿਲਾਂ ਹੋਇਆ ਕਰਦਾ ਸੀ । ਪਰ ਅੱਜ ਆਪਣੀ ਵਿਰਾਸਤ ਨੂੰ ਫਿਰ ਤੋਂ ਪਹਿਚਾਣ ਰਹੇ  ਸਾਡੇ ਦੇਸ਼ ’ਚ ਇਤਿਹਾਸ ਨੇ ਫਿਰ ਤੋਂ ਕਰਵੱਟ ਲਈ ਹੈ । ਇਸ ਵਾਰ ਬਿਨਾਂ ਕਿਸੇ ਵੱਡੀ ਘੋਸ਼ਣਾ ਦੇ ਕੇਰਲਾ ਕੁੰਭ ਦਾ ਸਫਲ ਆਯੋਜਨ ਹੋਇਆ । ਲੋਕਾਂ ਨੇ ਇਸ ਦੇ ਬਾਰੇ ਇਕ-ਦੂਸਰੇ ਨੂੰ ਦੱਸਿਆ, ਕੰਨੋਂ-ਕੰਨ ਗੱਲ ਪਹੁੰਚਦੀ ਰਹੀ ਅਤੇ ਦੇਖਦੇ ਹੀ ਦੇਖਦੇ ਸ਼ਰਧਾਲੂ ਤਿਰੂਨਾਵਾਇਆ ਪਹੁੰਚਣ ਲੱਗੇ ।  

ਸਾਥੀਓ, 

ਮਹਾਂਕੁੰਭ ਹੋਵੇ ਜਾਂ ਕੇਰਲਾ ਕੁੰਭ, ਇਹ ਕੇਵਲ ਇਸ਼ਨਾਨ ਦਾ ਤਿਉਹਾਰ ਨਹੀਂ ਹੈ, ਇਹ ਯਾਦਾਂ ਦਾ ਜਾਗਰਨ ਹੈ। ਇਹ ਸੰਸਕ੍ਰਿਤੀ ਨੂੰ  ਯਾਦ ਕਰਨਾ ਹੈ। ਉੱਤਰ ਤੋਂ ਦੱਖਣ ਤੱਕ, ਨਦੀਆਂ ਭਾਵੇਂ ਵੱਖ ਹੋਵੇ, ਕਿਨਾਰੇ ਭਾਵੇਂ ਵੱਖ ਹੋਣ ਪਰ ਆਸਥਾ ਦੀ ਧਾਰਾ ਇਕ ਹੀ ਹੈ - ਇਹੀ ਭਾਰਤ ਹੈ। 

ਸਾਥੀਓ,

ਸਾਡੇ ਦੇਸ਼ ਵਿੱਚ ਅਜਿਹੇ ਲੋਕ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿੰਦੇ ਹਨ ਜਿਨ੍ਹਾਂ ਨੇ ਸਮਾਜ ਦੇ ਭਲੇ ਲਈ ਕੰਮ ਕੀਤਾ ਹੁੰਦਾ ਹੈ, ਜਿਨ੍ਹਾਂ ਨੇ ਆਪਣੇ ਨੇਕ ਕਾਰਜਾਂ ਵਿੱਚ ਲੋਕਾਂ ਨੂੰ ਤਰਜੀਹ ਦਿੱਤੀ ਹੁੰਦੀ ਹੈ। ਅੰਮਾ ਜੈਲਲਿਤਾ ਜੀ, ਅਜਿਹੇ ਹੀ ਇੱਕ ਹਰਮਨ ਪਿਆਰੇ ਨੇਤਾ ਸਨ। 24 ਫਰਵਰੀ ਉਨ੍ਹਾਂ ਦੇ ਜਨਮਦਿਨ ਦਾ ਮੌਕਾ ਹੁੰਦਾ ਹੈ। ਤਾਮਿਲਨਾਡੂ ਦੇ ਲੋਕਾਂ ਦਾ ਉਨ੍ਹਾਂ ਨਾਲ ਲਗਾਅ ਕਿੰਨਾ ਡੂੰਘਾ ਸੀ, ਇਹ ਮੈਨੂੰ ਅੱਜ ਵੀ ਸੂਬੇ ਦੇ ਦੌਰੇ ਦੌਰਾਨ ਦਿਖਾਈ ਦਿੰਦਾ ਹੈ। ਅੰਮਾ ਜੈਲਲਿਤਾ ਜੀ ਦਾ ਜ਼ਿਕਰ ਹੁੰਦਿਆਂ ਹੀ ਤਾਮਿਲਨਾਡੂ ਦੇ ਲੋਕਾਂ ਦੇ ਚਿਹਰੇ ਖਿੜ ਜਾਂਦੇ ਹਨ। ਸਾਡੀ ਨਾਰੀ ਸ਼ਕਤੀ ਦਾ ਜੁੜਾਅ ਤਾਂ ਉਨ੍ਹਾਂ ਨਾਲ ਹੋਰ ਵੀ ਵਿਸ਼ੇਸ਼ ਰਿਹਾ ਹੈ। ਇਹ ਇਸ ਲਈ ਵੀ ਹੈ ਕਿਉਂਕਿ ਸਰਕਾਰ ਵਿੱਚ ਰਹਿੰਦਿਆਂ ਉਨ੍ਹਾਂ ਨੇ ਮਾਵਾਂ-ਭੈਣਾਂ ਅਤੇ ਧੀਆਂ ਲਈ ਕਈ ਸ਼ਲਾਘਾਯੋਗ ਯਤਨ ਕੀਤੇ। ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਰੱਖਣ ਲਈ ਵੀ ਉਨ੍ਹਾਂ ਨੇ ਬਹੁਤ ਠੋਸ ਕਦਮ ਚੁੱਕੇ ਸਨ। ਦੇਸ਼ਭਗਤੀ ਦੀ ਭਾਵਨਾ ਉਨ੍ਹਾਂ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਇਸ ਦੇ ਨਾਲ ਹੀ ਭਾਰਤ ਦੀ ਸਭਿਆਚਾਰਕ ਵਿਰਾਸਤ ’ਤੇ ਉਨ੍ਹਾਂ ਨੂੰ ਬਹੁਤ ਮਾਣ ਸੀ। ਅੰਮਾ ਜੈਲਲਿਤਾ ਜੀ ਨਾਲ ਹੋਈ ਹਰ ਮੁਲਾਕਾਤ, ਹਰ ਤਰ੍ਹਾਂ ਦੀ ਗੱਲਬਾਤ ਮੇਰੇ ਮਨ ਵਿੱਚ ਅੱਜ ਵੀ ਤਾਜ਼ਾ ਹੈ। ਉਹ ਗੁਜਰਾਤ ਵਿੱਚ 2002 ਅਤੇ 2012 ਵਿੱਚ ਹੋਏ ਮੇਰੇ ਦੋ ਸਹੁੰ ਚੁੱਕ ਸਮਾਗਮਾਂ ਵਿੱਚ ਵੀ ਸ਼ਾਮਲ ਹੋਏ ਸਨ। ਜਦੋਂ ਅਸੀਂ ਦੋਵੇਂ ਆਪਣੇ-ਆਪਣੇ ਸੂਬਿਆਂ ਵਿੱਚ ਮੁੱਖ ਮੰਤਰੀ ਸੀ, ਉਦੋਂ ਸੁਸ਼ਾਸਨ ਵਰਗੇ ਵਿਸ਼ਿਆਂ ’ਤੇ ਅਕਸਰ ਸਾਡੇ ਦਰਮਿਆਨ ਗੱਲਬਾਤ ਹੁੰਦੀ ਰਹਿੰਦੀ ਸੀ। ਉਨ੍ਹਾਂ ਦੀ ਸੋਚ ਬਿਲਕੁਲ ਸਪਸ਼ਟ ਸੀ ਅਤੇ ਵਿਚਾਰ ਬਹੁਤ ਸੂਝ-ਬੂਝ ਵਾਲੇ ਸਨ। ਇਹ ਉਨ੍ਹਾਂ ਦੀ ਇੱਕ ਵੱਡੀ ਖ਼ਾਸੀਅਤ ਸੀ। ਕਈ ਸਾਲ ਪਹਿਲਾਂ ਉਨ੍ਹਾਂ ਨੇ ਪੋਂਗਲ ਦੇ ਪਾਵਨ ਮੌਕੇ ’ਤੇ ਮੈਨੂੰ ਦੁਪਹਿਰ ਭੋਜ ਲਈ ਚੇਨਈ ਆਉਣ ਦਾ ਸੱਦਾ ਦਿੱਤਾ ਸੀ। ਪ੍ਰੇਮ ਨਾਲ ਭਰੀ ਉਨ੍ਹਾਂ ਦੀ ਉਹ ਭਾਵਨਾ ਮੇਰੇ ਲਈ ਨਾ-ਭੁੱਲਣਯੋਗ ਰਹੇਗੀ। ਇੱਕ ਵਾਰ ਫਿਰ ਮੈਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ।

जयललिता अवरगलक्क,

येन निनैवाजंलि-गल,

समुदायत्तिर्क्कु,

अवर आट्रिय सेवै येंड्रूम निनैविल इरुक्कुम।

(English Translation: My tributes to Jayalalitha,

Her services to the people will always be remembered.)

 

ਮੇਰੇ ਪਿਆਰੇ ਦੇਸ਼ਵਾਸਿਓ,

ਹੁਣ ਮੈਂ ਗੱਲ ਕਰਾਂਗਾ ਆਪਣੇ ਪਿਆਰੇ, ਛੋਟੇ ਹੋਣਹਾਰ ਬੱਚਿਆਂ ਨਾਲ, ਉਨ੍ਹਾਂ ਬੱਚਿਆਂ ਨਾਲ ਜਿਨ੍ਹਾਂ ਦੇ ਇਸ ਵੇਲੇ ਇਮਤਿਹਾਨ ਚੱਲ ਰਹੇ ਹਨ। ਮੈਨੂੰ ਉਮੀਦ ਹੈ, ਤੁਸੀਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ‘ਪ੍ਰੀਕਸ਼ਾ ਪੇ ਚਰਚਾ’ ਦੇਖੀ ਹੋਵੇਗੀ ਅਤੇ ਤੁਹਾਨੂੰ ਉਸ ਤੋਂ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ। ਪਰ ਮੈਂ ਫਿਰ ਵੀ ਪੁੱਛਾਂਗਾ—ਪੜ੍ਹਾਈ ਦੀ ਜ਼ਿਆਦਾ ਟੈਂਸ਼ਨ ਤਾਂ ਨਹੀਂ ਲੈ ਰਹੇ ਹੋ ਨਾ ਤੁਸੀਂ?

 

ਮੇਰੇ ਪਿਆਰੇ ਬੱਚਿਓ,

 

ਤੁਸੀਂ ਤਾਂ ਪ੍ਰੀਖਿਆ ਯੋਧੇ ਹੋ। ਮੈਨੂੰ ਭਰੋਸਾ ਹੈ ਕਿ ਤੁਸੀਂ ਸਾਰੇ ਪੂਰੇ ਮਨ ਨਾਲ ਇਮਤਿਹਾਨ ਦੀਆਂ ਤਿਆਰੀਆਂ ਵਿੱਚ ਜੁਟੇ ਹੋਵੋਗੇ। ਹਾਂ, ਅਜਿਹੇ ਸਮੇਂ ਮਨ ਵਿੱਚ ਥੋੜ੍ਹਾ ਸ਼ੱਕ ਆਉਣਾ ਵੀ ਸੁਭਾਵਿਕ ਹੈ। ਕਦੇ ਲੱਗਦਾ ਹੈ ਸਭ ਯਾਦ ਰਹੇਗਾ ਜਾਂ ਨਹੀਂ। ਕਦੇ ਲੱਗਦਾ ਹੈ ਸਮਾਂ ਘੱਟ ਤਾਂ ਨਹੀਂ ਪੈ ਜਾਵੇਗਾ! ਇਹ ਭਾਵਨਾ ਹਰ ਪੀੜ੍ਹੀ ਦੇ ਬੱਚਿਆਂ ਨੇ ਮਹਿਸੂਸ ਕੀਤੀ ਹੈ, ਤੁਸੀਂ ਇਕੱਲੇ ਨਹੀਂ ਹੋ। ਤੁਸੀਂ ਯਾਦ ਰੱਖੋ—ਤੁਹਾਡਾ ਮੁੱਲ ਤੁਹਾਡੀ ਮਾਰਕਸ਼ੀਟ ਨਾਲ ਤੈਅ ਨਹੀਂ ਹੁੰਦਾ। ਇਸ ਲਈ ਆਪਣੇ ਆਪ ’ਤੇ ਭਰੋਸਾ ਰੱਖੋ। ਜੋ ਪੜ੍ਹਿਆ ਹੈ, ਉਸ ਨੂੰ ਪੂਰੇ ਮਨ ਨਾਲ ਲਿਖੋ। ਅਤੇ ਜੋ ਨਹੀਂ ਆਇਆ, ਉਸ ਇੱਕ ਸਵਾਲ ਨੂੰ ਆਪਣੇ ਮਨ ’ਤੇ ਹਾਵੀ ਨਾ ਹੋਣ ਦਿਓ। ਅਤੇ ਇੱਕ ਗੱਲ—ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਗੱਲ ਕਰਦੇ ਰਹੋ। ਉਹ ਤੁਹਾਡੇ ਨੰਬਰਾਂ ਨਾਲ ਨਹੀਂ, ਤੁਹਾਡੇ ਯਤਨਾਂ ਨਾਲ ਤੁਹਾਡੀ ਪਛਾਣ ਕਰਦੇ ਹਨ, ਉਹ ਤੁਹਾਡੀ ਮਿਹਨਤ ਨਾਲ ਖ਼ੁਸ਼ ਰਹਿੰਦੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਮਤਿਹਾਨ ਵਿੱਚ ਵੀ ਸਫਲ ਹੋਵੋਗੇ ਅਤੇ ਆਪਣੇ ਜੀਵਨ ਵਿੱਚ ਵੀ ਸਫਲਤਾ ਦੀ ਨਵੀਂ ਬੁਲੰਦੀ ਹਾਸਲ ਕਰੋਗੇ।

 

ਸਾਥੀਓ,

ਇਨ੍ਹਾਂ ਦਿਨਾਂ 'ਚ ਰਮਜ਼ਾਨ ਚੱਲ ਰਿਹਾ ਹੈ। ਮੈਂ ਇਸ ਪਵਿੱਤਰ ਮਹੀਨੇ ਲਈ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਕੁਝ ਹੀ ਦਿਨਾਂ ਬਾਅਦ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ। ਭਾਵ ਰੰਗ, ਗੁਲਾਲ ਅਤੇ ਖ਼ੁਸ਼ੀਆਂ ਨਾਲ ਭਰਿਆ ਸਮਾਂ ਦਸਤਕ ਦੇਣ ਵਾਲਾ ਹੈ। ਤੁਸੀਂ ਸਭ ਆਪਣੇ ਪਰਿਵਾਰ ਅਤੇ ਆਪਣਿਆਂ ਨਾਲ ਖ਼ੁਸ਼ੀ ਨਾਲ ਸਾਰੇ ਤਿਉਹਾਰ ਮਨਾਓ। ਅਤੇ ਹਾਂ, ਕੁਝ ਮੰਤਰ ਹਮੇਸ਼ਾ ਯਾਦ ਰੱਖੋ—ਜਿਵੇਂ “ਵੋਕਲ ਫੋਰ ਲੋਕਲ”। ਸਾਡੇ ਹੋਲੀ ਦੇ ਤਿਉਹਾਰਾਂ ਵਿੱਚ ਜਾਂ ਹੋਰ ਕਿਸੇ ਵੀ ਤਿਉਹਾਰ ਵਿੱਚ ਕਈ ਅਜਿਹੇ ਸਾਜੋ-ਸਾਮਾਨ ਆ ਗਏ ਹਨ ਜੋ ਵਿਦੇਸ਼ੀ ਹਨ। ਇਨ੍ਹਾਂ ਨੂੰ ਤਿਉਹਾਰਾਂ ਤੋਂ ਦੂਰ ਰੱਖੋ, ਹੋਲੀ ਤੋਂ ਵੀ ਦੂਰ ਰੱਖੋ, ਸਵਦੇਸ਼ੀ ਅਪਣਾਓ। ਜਦੋਂ ਤੁਸੀਂ ਸਵਦੇਸ਼ੀ ਖ਼ਰੀਦਦੇ ਹੋ ਤਾਂ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਅਭਿਆਨ ਵਿੱਚ ਵੀ ਸਹਾਇਤਾ ਕਰਦੇ ਹੋ।

 

ਸਾਥੀਓ,

ਮੈਨੂੰ ਹਰ ਮਹੀਨੇ ‘ਮਨ ਕੀ ਬਾਤ’ ਲਈ ਤੁਹਾਡੇ ਢੇਰ ਸਾਰੇ ਸੁਝਾਅ ਮਿਲਦੇ ਹਨ। ਤੁਹਾਡੇ ਭੇਜੇ ਗਏ ਸੁਨੇਹਿਆਂ ਤੋਂ ਸਾਨੂੰ ਦੇਸ਼ ਦੇ ਕੋਨੇ-ਕੋਨੇ ਵਿੱਚ ਲੁਕੀਆਂ ਅਦਭੁਤ ਪ੍ਰਤਿਭਾਵਾਂ ਬਾਰੇ ਪਤਾ ਲੱਗਦਾ ਹੈ। ਨਿੱਜੀ ਸੁਆਰਥ ਤੋਂ ਉੱਪਰ ਉੱਠ ਕੇ ਸਮਾਜ ਲਈ ਕੁਝ ਕਰਨ ਦੀਆਂ ਅਨੇਕਾਂ ਪ੍ਰੇਰਣਾਦਾਇਕ ਕਹਾਣੀਆਂ ਤੁਹਾਡੇ ਜ਼ਰੀਏ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚੀਆਂ ਹਨ। ਤੁਸੀਂ ਅਜਿਹੇ ਹੀ ਆਪਣੇ ਯਤਨ ਜਾਰੀ ਰੱਖੋ। ਮੈਨੂੰ ਤੁਹਾਡੇ ਸੁਨੇਹਿਆਂ ਦਾ ਇੰਤਜ਼ਾਰ ਰਹੇਗਾ। ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ। ਨਮਸਕਾਰ।

***********

ਐੱਮਜੇਪੀਐੱਸ/ਐੱਸਟੀ/ਵੀਕੇ


(Release ID: 2231499) ਵਿਜ਼ੀਟਰ ਕਾਊਂਟਰ : 9