ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਉਦਘਾਟਨ ਕੀਤਾ
ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਇਤਿਹਾਸ ਵਿੱਚ ਇੱਕ ਬਦਲਾਅ ਲਿਆਉਣ ਵਾਲਾ ਪਲ ਹੈ: ਪ੍ਰਧਾਨ ਮੰਤਰੀ
ਸਾਨੂੰ ਏਆਈ ਦਾ ਲੋਕਤੰਤਰੀਕਰਨ ਕਰਨਾ ਹੋਵੇਗਾ; ਇਸ ਨੂੰ ਖ਼ਾਸ ਤੌਰ 'ਤੇ ਗਲੋਬਲ ਸਾਊਥ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸ਼ਕਤੀਸ਼ਾਲੀ ਬਣਾਉਣ ਦਾ ਇੱਕ ਸਾਧਨ ਬਣਨਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਏਆਈ ਲਈ 'ਮਾਨਵ' (ਐੱਮਏਐੱਨਏਵੀ) ਵਿਜ਼ਨ ਪੇਸ਼ ਕੀਤਾ - ਨੈਤਿਕ ਅਤੇ ਸਦਾਚਾਰਕ ਪ੍ਰਣਾਲੀ, ਜਵਾਬਦੇਹ ਸ਼ਾਸਨ, ਰਾਸ਼ਟਰੀ ਪ੍ਰਭੂਸੱਤਾ, ਪਹੁੰਚਯੋਗ ਅਤੇ ਸਮਾਵੇਸ਼ੀ, ਜਾਇਜ਼ ਅਤੇ ਕਾਨੂੰਨੀ
ਅਸੀਂ ਇੱਕ ਅਜਿਹੇ ਯੁੱਗ ਵਿੱਚ ਦਾਖਲ ਹੋ ਰਹੇ ਹਾਂ ਜਿੱਥੇ ਮਨੁੱਖ ਅਤੇ ਬੁੱਧੀਮਾਨ ਪ੍ਰਣਾਲੀਆਂ ਮਿਲ ਕੇ ਨਿਰਮਾਣ ਕਰਨਗੀਆਂ, ਮਿਲ ਕੇ ਕੰਮ ਕਰਨਗੀਆਂ ਅਤੇ ਮਿਲ ਕੇ ਵਿਕਾਸ ਕਰਨਗੀਆਂ; ਏਆਈ ਸਾਡੇ ਕੰਮ ਨੂੰ ਵਧੇਰੇ ਚੁਸਤ, ਵਧੇਰੇ ਕੁਸ਼ਲ ਅਤੇ ਵਧੇਰੇ ਅਸਰਦਾਰ ਬਣਾਏਗਾ: ਪ੍ਰਧਾਨ ਮੰਤਰੀ
ਸਾਨੂੰ ਸਾਂਝੇ ਆਲਮੀ ਭਲੇ ਲਈ ਏਆਈ ਪ੍ਰਤੀ ਸਮੂਹਿਕ ਸੰਕਲਪ ਵਿਕਸਿਤ ਕਰਨਾ ਹੋਵੇਗਾ: ਪ੍ਰਧਾਨ ਮੰਤਰੀ
ਭਾਰਤ ਏਆਈ ਵਿੱਚ ਮੌਕੇ ਅਤੇ ਭਵਿੱਖ ਦੀ ਰੂਪ-ਰੇਖਾ ਦੇਖਦਾ ਹੈ: ਪ੍ਰਧਾਨ ਮੰਤਰੀ
Posted On:
19 FEB 2026 11:36AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ 'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਏਆਈ ਇੰਪੈਕਟ ਸਮਿਟ ਭਾਰਤ ਵਿੱਚ ਹੋ ਰਿਹਾ ਹੈ, ਜੋ ਮਨੁੱਖਤਾ ਦੇ ਛੇਵੇਂ ਹਿੱਸੇ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ, ਸਭ ਤੋਂ ਵੱਡਾ ਤਕਨੀਕੀ ਪ੍ਰਤਿਭਾ ਭੰਡਾਰ ਅਤੇ ਖ਼ੁਸ਼ਹਾਲ ਤਕਨਾਲੋਜੀ-ਯੋਗ ਈਕੋਸਿਸਟਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਨਵੀਂਆਂ ਤਕਨੀਕਾਂ ਦਾ ਨਿਰਮਾਣ ਕਰਦਾ ਹੈ, ਸਗੋਂ ਉਨ੍ਹਾਂ ਨੂੰ ਬੇਮਿਸਾਲ ਗਤੀ ਨਾਲ ਅਪਣਾਉਂਦਾ ਵੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 140 ਕਰੋੜ ਭਾਰਤੀ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਲਈ ਉਤਸੁਕ ਹਨ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਨੇ ਸਿਖਰ ਸੰਮੇਲਨ ਵਿੱਚ ਭਾਗ ਲੈਣ ਵਾਲੇ ਰਾਸ਼ਟਰਾਂ ਦੇ ਮੁਖੀਆਂ, ਆਲਮੀ ਏਆਈ ਈਕੋਸਿਸਟਮ ਦੇ ਨੇਤਾਵਾਂ ਅਤੇ ਨਵੀਨਤਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਉਨ੍ਹਾਂ ਦੀ ਮੌਜੂਦਗੀ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਵਿੱਚ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਾ ਨਾ ਸਿਰਫ਼ ਦੇਸ਼ ਲਈ ਸਗੋਂ ਵਿਕਾਸਸ਼ੀਲ ਦੇਸ਼ਾਂ ਲਈ ਵੀ ਮਾਣ ਵਾਲੀ ਗੱਲ ਹੈ।
ਸ਼੍ਰੀ ਮੋਦੀ ਨੇ ਦੱਸਿਆ ਕਿ ਇਸ ਸਿਖਰ ਸੰਮੇਲਨ ਵਿੱਚ ਏਆਈ ਜਗਤ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਇਕੱਠੀਆਂ ਹੋਈਆਂ ਹਨ। 100 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਅਤੇ ਦੁਨੀਆ ਭਰ ਦੇ ਉੱਘੇ ਭਾਗੀਦਾਰ ਸ਼ਾਮਲ ਹੋਣ ਨਾਲ ਇਸ ਸਮਾਗਮ ਦੀ ਸਫਲਤਾ ਨਵੀਂਆਂ ਉਚਾਈਆਂ 'ਤੇ ਪਹੁੰਚ ਗਈ ਹੈ। ਉਨ੍ਹਾਂ ਸਿਖਰ ਸੰਮੇਲਨ ਵਿੱਚ ਨੌਜਵਾਨ ਪੀੜ੍ਹੀ ਦੀ ਮੌਜੂਦਗੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਨਵਾਂ ਆਤਮ-ਵਿਸ਼ਵਾਸ ਮਿਲਿਆ। ਉਨ੍ਹਾਂ ਕਿਹਾ ਕਿ ਜਿੱਥੇ ਨਵੀਂਆਂ ਤਕਨੀਕਾਂ ਨੂੰ ਅਕਸਰ ਸ਼ੁਰੂਆਤ ਵਿੱਚ ਸ਼ੱਕ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਜਿਸ ਗਤੀ ਅਤੇ ਵਿਸ਼ਵਾਸ ਨਾਲ ਦੁਨੀਆ ਭਰ ਦੇ ਨੌਜਵਾਨ ਏਆਈ ਨੂੰ ਅਪਣਾ ਰਹੇ ਹਨ, ਉਸ 'ਤੇ ਆਪਣਾ ਹੱਕ ਜਤਾ ਰਹੇ ਹਨ ਅਤੇ ਉਸ ਦੀ ਵਰਤੋਂ ਕਰ ਰਹੇ ਹਨ, ਉਹ ਬੇਮਿਸਾਲ ਹੈ। ਪ੍ਰਧਾਨ ਮੰਤਰੀ ਨੇ ਏਆਈ ਸਿਖਰ ਸੰਮੇਲਨ ਦੀ ਪ੍ਰਦਰਸ਼ਨੀ ਪ੍ਰਤੀ ਉਤਸ਼ਾਹ, ਖ਼ਾਸ ਕਰਕੇ ਨੌਜਵਾਨ ਪ੍ਰਤਿਭਾਵਾਂ ਦੀ ਵੱਡੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਤੀਬਾੜੀ, ਸੁਰੱਖਿਆ, ਦਿਵਿਆਂਗਜਨਾਂ ਦੀ ਸਹਾਇਤਾ ਅਤੇ ਬਹੁ-ਭਾਸ਼ਾਈ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਪੇਸ਼ ਕੀਤੇ ਗਏ ਹੱਲ 'ਮੇਕ ਇਨ ਇੰਡੀਆ' ਦੀ ਤਾਕਤ ਨੂੰ ਦਰਸਾਉਂਦੇ ਹਨ ਅਤੇ ਏਆਈ ਖੇਤਰ ਵਿੱਚ ਭਾਰਤ ਦੀਆਂ ਨਵੀਨਤਾਕਾਰੀ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖੀ ਇਤਿਹਾਸ ਵਿੱਚ ਹਰ ਕੁਝ ਸਦੀਆਂ ਵਿੱਚ ਇੱਕ ਅਜਿਹਾ ਮੋੜ ਆਉਂਦਾ ਹੈ ਜੋ ਸਭਿਅਤਾ ਦੀ ਦਿਸ਼ਾ ਬਦਲ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਲ ਵਿਕਾਸ ਦੀ ਗਤੀ ਨੂੰ ਬਦਲ ਦਿੰਦੇ ਹਨ ਅਤੇ ਸੋਚਣ, ਸਮਝਣ ਅਤੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਬਦਲਾਅ ਦੇ ਅਜਿਹੇ ਦੌਰ ਵਿੱਚ ਅਕਸਰ ਅਸਲ ਪ੍ਰਭਾਵ ਤੁਰੰਤ ਸਮਝ ਵਿੱਚ ਨਹੀਂ ਆਉਂਦਾ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਪੱਥਰਾਂ ਤੋਂ ਪਹਿਲੀ ਵਾਰ ਚੰਗਿਆੜੀ ਨਿਕਲੀ ਸੀ, ਉਦੋਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹੀ ਚੰਗਿਆੜੀ ਸਭਿਅਤਾ ਦੀ ਨੀਂਹ ਬਣੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਬੋਲੀ ਜਾਣ ਵਾਲੀ ਭਾਸ਼ਾ ਨੂੰ ਪਹਿਲੀ ਵਾਰ ਲਿਪੀ ਵਿੱਚ ਬਦਲਿਆ ਗਿਆ ਸੀ, ਉਦੋਂ ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਲਿਖਤੀ ਗਿਆਨ, ਭਵਿੱਖ ਦੀਆਂ ਪ੍ਰਣਾਲੀਆਂ ਦੀ ਰੀੜ੍ਹ ਦੀ ਹੱਡੀ ਬਣੇਗਾ। ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ ਵਾਇਰਲੈੱਸ ਤਰੀਕੇ ਨਾਲ ਸਿਗਨਲ ਭੇਜੇ ਗਏ ਸਨ, ਉਦੋਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇੱਕ ਦਿਨ ਪੂਰੀ ਦੁਨੀਆ ਇੱਕ-ਦੂਜੇ ਨਾਲ ਜੁੜ ਜਾਵੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਸਭਿਅਤਾ ਦੇ ਇਤਿਹਾਸਕ ਮੋੜ ਵਾਂਗ ਹੀ ਵਿਆਪਕ ਬਦਲਾਅ ਦੀ ਨੁਮਾਇੰਦਗੀ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਦੇਖਿਆ ਅਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ, ਉਹ ਇਸ ਦੇ ਪ੍ਰਭਾਵ ਦੇ ਸਿਰਫ਼ ਸ਼ੁਰੂਆਤੀ ਸੰਕੇਤ ਹਨ। ਏਆਈ ਮਸ਼ੀਨਾਂ ਨੂੰ ਬੁੱਧੀਮਾਨ ਬਣਾ ਰਹੀ ਹੈ, ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮਨੁੱਖੀ ਸਮਰੱਥਾ ਨੂੰ ਕਈ ਗੁਣਾ ਵਧਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਵਾਰ ਇਹ ਫ਼ਰਕ ਬੇਮਿਸਾਲ ਗਤੀ ਅਤੇ ਅਚਾਨਕ ਪੈਮਾਨੇ ਵਿੱਚ ਹੈ। ਉਨ੍ਹਾਂ ਕਿਹਾ ਕਿ ਪਹਿਲਾਂ, ਤਕਨਾਲੋਜੀ ਦੇ ਪ੍ਰਭਾਵ ਨੂੰ ਨਜ਼ਰ ਆਉਣ ਵਿੱਚ ਦਹਾਕੇ ਲੱਗ ਜਾਂਦੇ ਸਨ, ਪਰ ਅੱਜ ਮਸ਼ੀਨ ਲਰਨਿੰਗ ਤੋਂ ਲੈ ਕੇ ਲਰਨਿੰਗ ਮਸ਼ੀਨਾਂ ਤੱਕ ਦਾ ਸਫ਼ਰ ਤੇਜ਼, ਡੂੰਘਾ ਅਤੇ ਵਿਆਪਕ ਹੈ। ਇਸ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਅਤੇ ਓਨੀ ਹੀ ਵੱਡੀ ਜ਼ਿੰਮੇਵਾਰੀ ਦੀ ਲੋੜ ਹੈ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੌਜੂਦਾ ਪੀੜ੍ਹੀ ਦੇ ਨਾਲ-ਨਾਲ ਭਵਿੱਖ ਦੀਆਂ ਪੀੜ੍ਹੀਆਂ ਨੂੰ ਸੌਂਪੀ ਜਾਣ ਵਾਲੀ ਏਆਈ ਦੇ ਸਰੂਪ ਬਾਰੇ ਵੀ ਚਿੰਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸਲ ਸਵਾਲ ਇਹ ਨਹੀਂ ਹੈ ਕਿ ਏਆਈ ਭਵਿੱਖ ਵਿੱਚ ਕੀ ਕਰ ਸਕਦੀ ਹੈ, ਸਗੋਂ ਇਹ ਹੈ ਕਿ ਮਨੁੱਖਤਾ ਵਰਤਮਾਨ ਵਿੱਚ ਏਆਈ ਦਾ ਉਪਯੋਗ ਕਿਵੇਂ ਕਰਨਾ ਚਾਹੁੰਦੀ ਹੈ। ਪਰਮਾਣੂ ਊਰਜਾ ਦੀ ਮਿਸਾਲ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨੁੱਖਤਾ ਨੇ ਇਸ ਦੀ ਵਿਨਾਸ਼ਕਾਰੀ ਸਮਰੱਥਾ ਅਤੇ ਇਸ ਦੇ ਸਕਾਰਾਤਮਿਕ ਯੋਗਦਾਨ ਦੋਵਾਂ ਨੂੰ ਦੇਖਿਆ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇੱਕ ਬਦਲਾਅ ਲਿਆਉਣ ਵਾਲੀ ਸ਼ਕਤੀ ਹੈ—ਜੇ ਦਿਸ਼ਾਹੀਣ ਹੋਵੇ ਤਾਂ ਇਹ ਰੁਕਾਵਟ ਪੈਦਾ ਕਰਦੀ ਹੈ, ਪਰ ਸਹੀ ਦਿਸ਼ਾ ਮਿਲਣ 'ਤੇ ਇਹ ਹੱਲ ਬਣ ਜਾਂਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 'ਗਲੋਬਲ ਏਆਈ ਇੰਪੈਕਟ ਸਮਿਟ' ਦਾ ਮੂਲ ਉਦੇਸ਼ ਇਸ ਗੱਲ 'ਤੇ ਵਿਚਾਰ-ਵਟਾਂਦਰਾ ਕਰਨਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਮਸ਼ੀਨ-ਕੇਂਦਰਿਤ ਦੀ ਬਜਾਏ ਮਨੁੱਖ-ਕੇਂਦਰਿਤ, ਸੰਵੇਦਨਸ਼ੀਲ ਅਤੇ ਜਵਾਬਦੇਹ ਕਿਵੇਂ ਬਣਾਇਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਇਸ ਸਿਖਰ ਸੰਮੇਲਨ ਦੇ ਵਿਸ਼ੇ 'ਸਰਵਜਨ ਹਿਤਾਏ, ਸਰਵਜਨ ਸੁਖਾਏ' ਵਿੱਚ ਸਪੱਸ਼ਟ ਰੂਪ ਵਿੱਚ ਝਲਕਦਾ ਹੈ ਅਤੇ ਇਹੀ ਭਾਰਤ ਲਈ ਆਦਰਸ਼ ਵੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਨੁੱਖ ਸਿਰਫ਼ ਏਆਈ ਲਈ ਡੇਟਾ ਪੁਆਇੰਟ ਜਾਂ ਕੱਚਾ ਮਾਲ ਬਣ ਕੇ ਨਾ ਰਹਿ ਜਾਣ, ਇਸ ਲਈ ਏਆਈ ਦਾ ਲੋਕਤੰਤਰੀਕਰਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਏਆਈ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਮਾਧਿਅਮ ਵਜੋਂ ਕੰਮ ਕਰਨਾ ਚਾਹੀਦਾ ਹੈ, ਖ਼ਾਸ ਤੌਰ 'ਤੇ ਵਿਕਾਸਸ਼ੀਲ ਦੇਸ਼ਾਂ ਵਿੱਚ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਏਆਈ ਨੂੰ ਖੁੱਲ੍ਹੀ ਛੋਟ ਦਿੱਤੀ ਜਾਣੀ ਚਾਹੀਦੀ ਹੈ ਪਰ ਕਮਾਨ ਮਨੁੱਖੀ ਹੱਥਾਂ ਵਿੱਚ ਹੀ ਰਹਿਣੀ ਚਾਹੀਦੀ ਹੈ। ਉਨ੍ਹਾਂ ਇਸ ਦੀ ਤੁਲਨਾ ਜੀਪੀਐੱਸ ਨਾਲ ਕੀਤੀ, ਜੋ ਰਾਹ ਸੁਝਾਉਂਦਾ ਹੈ ਪਰ ਅੰਤਿਮ ਫ਼ੈਸਲਾ ਵਰਤੋਂਕਾਰ 'ਤੇ ਛੱਡ ਦਿੰਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅੱਜ ਮਨੁੱਖਤਾ ਏਆਈ ਨੂੰ ਜਿਸ ਦਿਸ਼ਾ ਵਿੱਚ ਲੈ ਜਾਵੇਗੀ, ਉਹੀ ਭਵਿੱਖ ਤੈਅ ਕਰੇਗੀ।
ਪ੍ਰਧਾਨ ਮੰਤਰੀ ਨੇ ਏਆਈ ਲਈ ਭਾਰਤ ਦੇ 'ਮਾਨਵ' (ਐੱਮਏਐੱਨਏਵੀ) ਵਿਜ਼ਨ ਨੂੰ ਪੇਸ਼ ਕੀਤਾ। ਉਨ੍ਹਾਂ ਨੇ 'ਮਾਨਵ' ਦਾ ਅਰਥ ਇਸ ਤਰ੍ਹਾਂ ਸਮਝਾਇਆ:
* ਐੱਮ - ਮੋਰਲ ਐਂਡ ਐਥੀਕਲ ਸਿਸਟਮ: ਆਰਟੀਫਿਸ਼ੀਅਲ ਇੰਟੈਲੀਜੈਂਸ ਨੈਤਿਕ ਦਿਸ਼ਾ-ਨਿਰਦੇਸ਼ਾਂ 'ਤੇ ਅਧਾਰਿਤ ਹੋਣੀ ਚਾਹੀਦੀ ਹੈ।
* ਏ - ਅਕਾਊਂਟੇਬਲ ਗਵਰਨੈਂਸ: ਪਾਰਦਰਸ਼ੀ ਨਿਯਮ ਅਤੇ ਮਜ਼ਬੂਤ ਨਿਗਰਾਨੀ।
* ਐੱਨ - ਨੈਸ਼ਨਲ ਸੋਵਰੈਨਟੀ: ਡੇਟਾ ਉਸ ਦੇ ਅਸਲੀ ਮਾਲਕ ਦਾ ਹੈ।
* ਏ - ਐਕਸੈਸੀਬਲ ਐਂਡ ਇਨਕਲੂਸਿਵ: ਏਆਈ ਨੂੰ ਏਕਾਧਿਕਾਰ ਨਹੀਂ, ਸਗੋਂ ਗੁਣਕ ਬਣਨਾ ਚਾਹੀਦਾ ਹੈ।
* ਵੀ - ਵੈਲਿਡ ਐਂਡ ਲੈਜਿਟੀਮੇਟ: ਆਰਟੀਫਿਸ਼ੀਅਲ ਇੰਟੈਲੀਜੈਂਸ ਕਾਨੂੰਨੀ ਅਤੇ ਤਸਦੀਕ ਯੋਗ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦਾ ਇਹ 'ਮਾਨਵ' ਵਿਜ਼ਨ 21ਵੀਂ ਸਦੀ ਦੀ ਏਆਈ-ਸੰਚਾਲਿਤ ਦੁਨੀਆ ਵਿੱਚ ਮਨੁੱਖਤਾ ਦੇ ਭਲੇ ਲਈ ਇੱਕ ਮਹੱਤਵਪੂਰਨ ਕੜੀ ਬਣੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦਹਾਕਿਆਂ ਪਹਿਲਾਂ ਜਦੋਂ ਇੰਟਰਨੈੱਟ ਦੀ ਸ਼ੁਰੂਆਤ ਹੋਈ ਸੀ, ਉਦੋਂ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਇਸ ਨਾਲ ਕਿੰਨੇ ਰੁਜ਼ਗਾਰ ਪੈਦਾ ਹੋਣਗੇ। ਇਹੀ ਸਥਿਤੀ ਅੱਜ ਏਆਈ ਦੇ ਸੰਦਰਭ ਵਿੱਚ ਵੀ ਹੈ ਕਿਉਂਕਿ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਰੁਜ਼ਗਾਰ ਪੈਦਾ ਹੋਣਗੇ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਏਆਈ ਵਿੱਚ ਕੰਮ ਦਾ ਭਵਿੱਖ ਪਹਿਲਾਂ ਤੋਂ ਤੈਅ ਨਹੀਂ ਹੈ, ਸਗੋਂ ਸਮੂਹਿਕ ਫ਼ੈਸਲਿਆਂ ਅਤੇ ਕੰਮਾਂ 'ਤੇ ਨਿਰਭਰ ਕਰੇਗਾ। ਸ਼੍ਰੀ ਮੋਦੀ ਨੇ ਕਿਹਾ ਕਿ ਕੰਮ ਦਾ ਭਵਿੱਖ ਇੱਕ ਨਵਾਂ ਮੌਕਾ ਹੈ, ਜੋ ਇੱਕ ਅਜਿਹੇ ਯੁੱਗ ਦਾ ਪ੍ਰਤੀਕ ਹੈ ਜਿੱਥੇ ਮਨੁੱਖ ਅਤੇ ਬੁੱਧੀਮਾਨ ਪ੍ਰਣਾਲੀਆਂ ਮਿਲ ਕੇ ਬਣਾਉਣਗੀਆਂ, ਮਿਲ ਕੇ ਕੰਮ ਕਰਨਗੀਆਂ ਅਤੇ ਮਿਲ ਕੇ ਵਿਕਾਸ ਕਰਨਗੀਆਂ। ਉਨ੍ਹਾਂ ਕਿਹਾ ਕਿ ਏਆਈ ਕੰਮ ਨੂੰ ਵਧੇਰੇ ਚੁਸਤ, ਵਧੇਰੇ ਕੁਸ਼ਲ ਅਤੇ ਵਧੇਰੇ ਅਸਰਦਾਰ ਬਣਾਏਗਾ ਜਿਸ ਨਾਲ ਬਿਹਤਰ ਡਿਜ਼ਾਈਨ, ਤੇਜ਼ੀ ਨਾਲ ਨਿਰਮਾਣ ਅਤੇ ਸਹੀ ਫ਼ੈਸਲੇ ਲੈਣ ਵਿੱਚ ਮਦਦ ਮਿਲੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਏਆਈ ਨਾਲ ਵੱਧ ਤੋਂ ਵੱਧ ਲੋਕਾਂ ਲਈ ਉੱਚ ਮੁੱਲ, ਰਚਨਾਤਮਕ ਅਤੇ ਸਾਰਥਕ ਮੌਕਿਆਂ ਦਾ ਰਾਹ ਖੁੱਲ੍ਹੇਗਾ, ਜਿਸ ਨਾਲ ਨਵੀਨਤਾ, ਉੱਦਮਤਾ ਅਤੇ ਨਵੇਂ ਉਦਯੋਗਾਂ ਦੇ ਮੌਕੇ ਪੈਦਾ ਹੋਣਗੇ। ਉਨ੍ਹਾਂ ਹੁਨਰ ਵਿਕਾਸ, ਹੁਨਰ ਨਿਖਾਰਨ ਅਤੇ ਜੀਵਨ ਭਰ ਸਿੱਖਣ ਨੂੰ ਜਨ ਅੰਦੋਲਨ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਮ ਦਾ ਭਵਿੱਖ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ, ਭਰੋਸੇਯੋਗ ਅਤੇ ਮਨੁੱਖ-ਕੇਂਦਰਿਤ ਹੋਵੇਗਾ ਅਤੇ ਜੇ ਮਨੁੱਖਤਾ ਇਕੱਠੇ ਅੱਗੇ ਵਧਦੀ ਹੈ, ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖੀ ਸਮਰੱਥਾ ਨੂੰ ਨਵੀਂਆਂ ਉਚਾਈਆਂ 'ਤੇ ਲੈ ਜਾਵੇਗੀ।
ਪ੍ਰਧਾਨ ਮੰਤਰੀ ਨੇ ਪਾਰਦਰਸ਼ਤਾ ਨੂੰ ਸਭ ਤੋਂ ਵੱਡਾ ਸੁਰੱਖਿਆ ਕਵਚ ਦੱਸਦਿਆਂ ਕਿਹਾ ਕਿ ਸੂਰਜ ਦੀ ਰੌਸ਼ਨੀ ਸਭ ਤੋਂ ਵਧੀਆ ਕੀਟਾਣੂਨਾਸ਼ਕ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੁਝ ਦੇਸ਼ ਅਤੇ ਕੰਪਨੀਆਂ ਏਆਈ ਨੂੰ ਇੱਕ ਰਣਨੀਤਕ ਸੰਪਤੀ ਮੰਨਦੀਆਂ ਹਨ ਜਿਸ ਨੂੰ ਗੁਪਤ ਰੂਪ ਵਿੱਚ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ, ਉੱਥੇ ਹੀ ਭਾਰਤ ਦਾ ਮੰਨਣਾ ਹੈ ਕਿ ਏਆਈ ਨਾਲ ਦੁਨੀਆ ਨੂੰ ਤਾਂ ਹੀ ਫ਼ਾਇਦਾ ਹੋਵੇਗਾ ਜਦੋਂ ਇਸ ਨੂੰ ਸਾਂਝਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓਪਨ ਕੋਡ ਅਤੇ ਸਾਂਝੇ ਵਿਕਾਸ ਨਾਲ ਲੱਖਾਂ ਨੌਜਵਾਨ ਏਆਈ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਦੇ ਯੋਗ ਹੋਣਗੇ। ਉਨ੍ਹਾਂ ਨੇ ਏਆਈ ਨੂੰ ਆਲਮੀ ਭਲੇ ਵਜੋਂ ਵਿਕਸਿਤ ਕਰਨ ਲਈ ਸਮੂਹਿਕ ਸੰਕਲਪ ਦਾ ਸੱਦਾ ਦਿੱਤਾ।
ਆਲਮੀ ਮਿਆਰਾਂ ਦੀ ਫ਼ੌਰੀ ਲੋੜ 'ਤੇ ਜ਼ੋਰ ਦਿੰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਡੀਪਫੇਕ ਅਤੇ ਮਨਘੜਤ ਸਮਗਰੀ ਖੁੱਲ੍ਹੇ ਸਮਾਜਾਂ ਨੂੰ ਅਸਥਿਰ ਕਰ ਰਹੀ ਹੈ। ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਲੱਗੇ ਪੋਸ਼ਣ ਲੇਬਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਡਿਜੀਟਲ ਸਮਗਰੀ 'ਤੇ ਵੀ ਪ੍ਰਮਾਣਿਕਤਾ ਲੇਬਲ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਅਸਲੀ ਅਤੇ ਬਣਾਵਟੀ ਰੂਪ ਵਿੱਚ ਤਿਆਰ ਕੀਤੀ ਸਮਗਰੀ ਵਿਚਕਾਰ ਫ਼ਰਕ ਕਰ ਸਕਣ। ਸ਼੍ਰੀ ਮੋਦੀ ਨੇ ਏਆਈ ਨਾਲ ਟੈਕਸਟ, ਚਿੱਤਰ ਅਤੇ ਵੀਡੀਓ ਦੇ ਵਧਦੇ ਉਪਯੋਗ ਨੂੰ ਦੇਖਦਿਆਂ ਵਾਟਰਮਾਰਕਿੰਗ ਅਤੇ ਸਪੱਸ਼ਟ ਸਰੋਤ ਮਿਆਰਾਂ ਦੀ ਵਧਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਤਕਨਾਲੋਜੀ ਵਿੱਚ ਸ਼ੁਰੂ ਤੋਂ ਹੀ ਭਰੋਸਾ ਬਣਨਾ ਚਾਹੀਦਾ ਹੈ।
ਬੱਚਿਆਂ ਦੀ ਸੁਰੱਖਿਆ ਦੀ ਮਹੱਤਤਾ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਕੂਲਾਂ ਦਾ ਪਾਠਕ੍ਰਮ ਤਿਆਰ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਏਆਈ ਖੇਤਰ ਵੀ ਬੱਚਿਆਂ ਦੀ ਸੁਰੱਖਿਆ ਅਤੇ ਪਰਿਵਾਰ ਦੇ ਮਾਰਗਦਰਸ਼ਨ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੋ ਤਰ੍ਹਾਂ ਦੇ ਲੋਕ ਹਨ—ਇੱਕ ਉਹ ਜੋ ਏਆਈ ਵਿੱਚ ਡਰ ਦੇਖਦੇ ਹਨ ਅਤੇ ਦੂਜੇ ਉਹ ਜੋ ਇਸ ਵਿੱਚ ਭਵਿੱਖ ਦੇਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਤਿਭਾ, ਊਰਜਾ ਸਮਰੱਥਾ ਅਤੇ ਸਪੱਸ਼ਟ ਨੀਤੀ ਦੇ ਬਲ 'ਤੇ ਭਾਰਤ ਏਆਈ ਵਿੱਚ ਭਵਿੱਖ ਅਤੇ ਖ਼ੁਸ਼ਹਾਲੀ ਦੇਖਦਾ ਹੈ। ਸ਼੍ਰੀ ਮੋਦੀ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਸਿਖਰ ਸੰਮੇਲਨ ਦੌਰਾਨ ਤਿੰਨ ਭਾਰਤੀ ਕੰਪਨੀਆਂ ਨੇ ਆਪਣੇ ਏਆਈ ਮਾਡਲ ਅਤੇ ਐਪ ਲਾਂਚ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਮਾਡਲ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਦਰਸਾਉਂਦੇ ਹਨ ਅਤੇ ਆਲਮੀ ਏਆਈ ਦ੍ਰਿਸ਼ ਵਿੱਚ ਭਾਰਤ ਵੱਲੋਂ ਕੀਤੇ ਜਾ ਰਹੇ ਹੱਲਾਂ ਦੀ ਡੂੰਘਾਈ ਅਤੇ ਵੰਨ-ਸੁਵੰਨਤਾ ਨੂੰ ਪ੍ਰਦਰਸ਼ਿਤ ਕਰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਅਤੇ ਚਿੱਪ ਨਿਰਮਾਣ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ ਇੱਕ ਮਜ਼ਬੂਤ ਈਕੋਸਿਸਟਮ ਦਾ ਨਿਰਮਾਣ ਕਰ ਰਿਹਾ ਹੈ। ਸਾਡੇ ਸੁਰੱਖਿਅਤ ਡੇਟਾ ਸੈਂਟਰ, ਇੱਕ ਮਜ਼ਬੂਤ ਆਈਟੀ ਆਧਾਰ ਅਤੇ ਇੱਕ ਗਤੀਸ਼ੀਲ ਸਟਾਰਟਅੱਪ ਦੇਸ਼ ਨੂੰ ਕਿਫ਼ਾਇਤੀ, ਵਧਾਉਣ ਯੋਗ ਅਤੇ ਸੁਰੱਖਿਅਤ ਏਆਈ ਹੱਲਾਂ ਦਾ ਇੱਕ ਕੁਦਰਤੀ ਕੇਂਦਰ ਬਣਾਉਂਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਵੰਨ-ਸੁਵੰਨਤਾ, ਜਨਸੰਖਿਆ ਅਤੇ ਲੋਕਤੰਤਰ ਮੌਜੂਦ ਹਨ। ਭਾਰਤ ਵਿੱਚ ਸਫਲ ਹੋਣ ਵਾਲਾ ਕੋਈ ਵੀ ਏਆਈ ਮਾਡਲ ਆਲਮੀ ਪੱਧਰ 'ਤੇ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ 'ਭਾਰਤ ਵਿੱਚ ਡਿਜ਼ਾਈਨ ਅਤੇ ਵਿਕਾਸ ਕਰਕੇ ਵਿਸ਼ਵ ਅਤੇ ਮਨੁੱਖਤਾ ਨੂੰ ਪ੍ਰਦਾਨ ਕਰਨ' ਦੇ ਸੱਦੇ ਨਾਲ ਆਲਮੀ ਭਾਈਚਾਰੇ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ।
ਇਸ ਪ੍ਰੋਗਰਾਮ ਵਿੱਚ ਫਰਾਂਸ ਦੇ ਰਾਸ਼ਟਰਪਤੀ ਸ਼੍ਰੀ ਇਮੈਨੁਅਲ ਮੈਕਰੋਨ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਕਈ ਰਾਸ਼ਟਰਾਂ ਦੇ ਮੁਖੀ, ਮੰਤਰੀ, ਬਹੁਪੱਖੀ ਸੰਸਥਾਵਾਂ ਦੇ ਸੀਨੀਅਰ ਪ੍ਰਤੀਨਿਧ ਅਤੇ ਤਕਨਾਲੋਜੀ ਅਤੇ ਏਆਈ ਦਿੱਗਜਾਂ ਸਮੇਤ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।
ਪਿਛੋਕੜ
'ਇੰਡੀਆ ਏਆਈ ਇੰਪੈਕਟ ਸਮਿਟ 2026' ਦਾ ਵਿਸ਼ਾ ਹੈ- ਸਰਵਜਨ ਹਿਤਾਏ, ਸਰਵਜਨ ਸੁਖਾਏ, ਭਾਵ ਸਾਰਿਆਂ ਦਾ ਭਲਾ, ਸਾਰਿਆਂ ਦੀ ਖ਼ੁਸ਼ੀ। ਇਸ ਦਾ ਉਦੇਸ਼ ਭਾਰਤ ਨੂੰ ਏਆਈ ਦੇ ਖੇਤਰ ਵਿੱਚ ਮੋਹਰੀ ਵਜੋਂ ਸਥਾਪਤ ਕਰਨਾ ਹੈ ਅਤੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਨਾ ਹੈ ਜਿੱਥੇ ਏਆਈ ਮਨੁੱਖਤਾ ਨੂੰ ਅੱਗੇ ਵਧਾਏ, ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰੇ ਅਤੇ ਸਾਡੀ ਸਾਂਝੀ ਧਰਤੀ ਦੀ ਰੱਖਿਆ ਕਰੇ।
ਸਮਿਟ ਵਿੱਚ ਸੱਤ ਕਾਰਜਕਾਰੀ ਸਮੂਹ ਸ਼ਾਮਲ ਹਨ, ਜੋ ਤਿੰਨ ਮੁੱਖ ਥੰਮ੍ਹਾਂ- ਮਨੁੱਖ, ਧਰਤੀ ਅਤੇ ਤਰੱਕੀ ਦੇ ਅਨੁਕੂਲ ਹਨ। ਇਹ ਸਮੂਹ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਪ੍ਰਭਾਵ ਨੂੰ ਦਰਸਾਉਣ ਵਾਲੇ ਠੋਸ ਨਤੀਜੇ ਦੇਣ 'ਤੇ ਕੰਮ ਕਰਨਗੇ। ਸੱਤ ਵਿਸ਼ੇ ਹਨ: ਆਰਥਿਕ ਵਿਕਾਸ ਅਤੇ ਸਮਾਜਿਕ ਭਲੇ ਲਈ ਏਆਈ; ਏਆਈ ਸਰੋਤਾਂ ਦਾ ਲੋਕਤੰਤਰੀਕਰਨ; ਸਮਾਜਿਕ ਸਸ਼ਕਤੀਕਰਨ ਲਈ ਸਮਾਵੇਸ਼; ਸੁਰੱਖਿਅਤ ਅਤੇ ਭਰੋਸੇਯੋਗ ਏਆਈ; ਮਨੁੱਖੀ ਪੂੰਜੀ; ਵਿਗਿਆਨ; ਗਤੀਸ਼ੀਲਤਾ, ਨਵੀਨਤਾ ਅਤੇ ਕਾਰਜਕੁਸ਼ਲਤਾ।
ਇਸ ਸਮਿਟ ਵਿੱਚ ਸੀਈਓ/ਸੀਐਕਸਓ ਸਮੇਤ 500 ਤੋਂ ਵੱਧ ਆਲਮੀ ਏਆਈ ਆਗੂ, ਤਕਰੀਬਨ 100 ਸੀਈਓ ਅਤੇ ਸੰਸਥਾਪਕ, 150 ਸਿੱਖਿਆ ਸ਼ਾਸਤਰੀ ਅਤੇ ਖੋਜਕਰਤਾ ਅਤੇ 400 ਸੀਟੀਓ, ਵੀਪੀ ਅਤੇ ਪਰਉਪਕਾਰੀ ਵਿਅਕਤੀ ਹਾਜ਼ਰ ਹਨ। ਇਸ ਵਿੱਚ 20 ਤੋਂ ਵੱਧ ਰਾਸ਼ਟਰਾਂ ਦੇ ਮੁਖੀਆਂ ਅਤੇ ਸਰਕਾਰਾਂ ਦੇ ਮੁਖੀਆਂ ਅਤੇ ਲਗਭਗ 60 ਮੰਤਰੀਆਂ ਤੇ ਉਪ ਮੰਤਰੀਆਂ ਸਮੇਤ 100 ਤੋਂ ਵੱਧ ਸਰਕਾਰੀ ਪ੍ਰਤੀਨਿਧ ਵੀ ਸ਼ਾਮਲ ਹਨ।
***************
ਐੱਮਜੇਪੀਐੱਸ/ਐੱਸਆਰ
(Release ID: 2230789)
ਵਿਜ਼ੀਟਰ ਕਾਊਂਟਰ : 4
Read this release in:
Malayalam
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada