ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਜੰਮੂ ਦੀ ਆਪਣੀ ਫੇਰੀ ਦੌਰਾਨ ਅੱਜ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ 'ਗੁਰਨਾਮ' ਅਤੇ 'ਬੋਬੀਆ' ਬਾਰਡਰ ਆਊਟ ਪੋਸਟਾਂ (BPOs) ਦਾ ਦੌਰਾ ਕੀਤਾ।
ਗ੍ਰਹਿ ਮੰਤਰੀ ਨੇ 'ਅਜੇਯ ਪ੍ਰਹਾਰੀ' ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਸ਼੍ਰੀ ਅਮਿਤ ਸ਼ਾਹ ਨੇ ਸਰਹੱਦੀ ਸੁਰੱਖਿਆ ਲਈ 250 ਕਰੋੜ ਰੁਪਏ ਦੀਆਂ ਭਲਾਈ ਯੋਜਨਾਵਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਸੁਰੱਖਿਆ ਕਰਮੀਆਂ ਦੀ ਭਲਾਈ ਲਈ ਵਚਨਬੱਧ ਹੈ
ਬਹਾਦਰੀ ਅਤੇ ਸਾਹਸ ਨਾਲ ਭਰੇ ਬੀਐੱਸਐੱਫ ਦੇ ਇਤਿਹਾਸ ਨੇ ਦੇਸ਼ ਵਾਸੀਆਂ ਵਿੱਚ ਫਰਜ਼ ਨਿਭਾਉਣ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਪ੍ਰੇਰਿਤ ਕੀਤਾ ਹੈ
ਦੇਸ਼ ਦੀਆਂ ਸਰਹੱਦਾਂ 'ਤੇ ਕਬਜ਼ੇ ਅਤੇ ਘੁਸਪੈਠ ਵਿਰੁੱਧ ਬੀਐੱਸਐੱਫ ਇੱਕ ਅਟਲ ਦੀਵਾਰ ਵਾਂਗ ਖੜ੍ਹਾ ਰਿਹਾ ਅਤੇ ਦੇਸ਼ ਨੂੰ ਸੁਰੱਖਿਅਤ ਰੱਖਿਆ
ਆਪ੍ਰੇਸ਼ਨ ਸਿੰਦੂਰ ਵਿੱਚ ਬੀਐੱਸਐੱਫ ਦੀ ਬਹਾਦਰੀ ਅਤੇ ਸਾਹਸ, 6 ਦਹਾਕਿਆਂ ਦੇ ਇਤਿਹਾਸ ਦਾ ਇੱਕ ਸੁਨਹਿਰੀ ਅਧਿਆਏ ਹੈ
ਜਿੱਥੇ ਵੀ ਬੀਐੱਸਐੱਫ ਦੇਸ਼ ਦੀ ਸੁਰੱਖਿਆ ਲਈ ਗਿਆ, ਇਸ ਨੇ ਫਰਜ਼ ਦੀ ਭਾਵਨਾ ਦਾ ਝੰਡਾ ਬੁਲੰਦ ਕੀਤਾ
ਬੀਐੱਸਐੱਫ ਦੀ ਸਥਾਪਨਾ ਦਾ ਇਹ 61ਵਾਂ ਸਾਲ ਫੋਰਸ ਦੇ ਆਧੁਨਿਕੀਕਰਣ ਅਤੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦਾ ਸਾਲ ਹੈ
ਗ੍ਰਹਿ ਮੰਤਰੀ ਨੇ ਸਰਹੱਦੀ ਸੁਰੱਖਿਆ ਵਿੱਚ ਬੀਐੱਸਐੱਫ ਮਹਿਲਾ ਕਰਮਚਾਰੀਆਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸੈਨਿਕਾਂ ਨਾਲ ਲੰਚ ਵੀ ਕੀਤਾ
Posted On:
06 FEB 2026 6:05PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਜੰਮੂ ਦੀ ਆਪਣੀ ਫੇਰੀ ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਬਾਰਡਰ ਆਊਟ ਪੋਸਟਾਂ ( ਬੀਓਪੀ) ' ਗੁਰਨਾਮ' ਅਤੇ ' ਬੋਬੀਆ ' ਦਾ ਦੌਰਾ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ 'ਅਜੇਯ ਪ੍ਰਹਾਰੀ' ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬੀਓਪੀ 'ਬੋਬੀਆ' ਕੈਂਪਸ ਵਿੱਚ ਇੱਕ ਪੌਦਾ ਵੀ ਲਗਾਇਆ। ਸ਼੍ਰੀ ਸ਼ਾਹ ਨੇ ਗਾਰਡਾਂ ਦੀ ਭਲਾਈ ਲਈ 7 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਜਿਸ ਵਿੱਚ ਨਵੇਂ ਬਣੇ ਸੋਲਰ ਵਾਟਰ ਹੀਟਰ, ਇੱਕ ਸੋਲਰ ਪਾਵਰ ਪਲਾਂਟ ਅਤੇ ਇੱਕ ਅਫਸਰਾਂ ਦਾ ਮੈੱਸ ਸ਼ਾਮਲ ਹੈ। ਉਨ੍ਹਾਂ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ 242 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨਹਾ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ (ਆਈਬੀ) ਦੇ ਡਾਇਰੈਕਟਰ ਅਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਵੀ ਉਹ ਕੱਛ, ਰਾਜਸਥਾਨ ਜਾਂ ਜੰਮੂ-ਕਸ਼ਮੀਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸਥਿਤ ਕਿਸੇ ਵੀ ਬੀਐੱਸਐੱਫ ਚੌਕੀ ਦਾ ਦੌਰਾ ਕਰਦੇ ਹਨ, ਤਾਂ ਉਹ ਹਮੇਸ਼ਾ ਉੱਥੇ ਤੈਨਾਤ ਬੀਐੱਸਐੱਫ ਜਵਾਨਾਂ ਤੋਂ ਡਿਊਟੀ ਦੀ ਭਾਵਨਾ ਅਤੇ ਡਿਊਟੀ-ਡਿਸਚਾਰਜ ਦੇ ਗੁਣਾਂ ਨੂੰ ਸਿੱਖ ਕੇ ਵਾਪਸ ਆਉਂਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਦੂਰ-ਦੁਰਾਡੇ ਚੌਕੀਆਂ ਦੇ ਆਪਣੇ ਦੌਰੇ ਦੌਰਾਨ, ਉਹ ਦੇਖਦੇ ਹਨ ਕਿ ਸਰਹੱਦ 'ਤੇ ਤੈਨਾਤ ਬੀਐੱਸਐੱਫ ਜਵਾਨ ਕਿਵੇਂ ਆਪਣੀ ਡਿਊਟੀ ਬਹੁਤ ਸਮਰਪਣ ਨਾਲ ਨਿਭਾਉਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਬੀਐੱਸਐੱਫ ਜਵਾਨ ਡਿਊਟੀ ਅਤੇ ਸਮਰਪਣ ਦੀ ਸਭ ਤੋਂ ਵਧੀਆ ਉਦਾਹਰਣ ਹਨ ਜੋ ਦਿਨ-ਰਾਤ ਸਰਹੱਦ 'ਤੇ ਡਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬੀਐੱਸਐੱਫ ਜਵਾਨਾਂ ਦੇ ਇਸ 60 ਵਰ੍ਹਿਆਂ ਦੇ ਬਹਾਦਰੀ ਭਰੇ ਇਤਿਹਾਸ ਨੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਇਹੀ ਭਾਵਨਾ ਪੈਦਾ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਦੇਸ਼ ਦੀਆਂ ਸਰਹੱਦਾਂ 'ਤੇ ਕਬਜ਼ੇ ਜਾਂ ਘੁਸਪੈਠ ਦਾ ਖ਼ਤਰਾ ਆਇਆ ਹੈ, ਬੀਐੱਸਐੱਫ ਹਮੇਸ਼ਾ ਇੱਕ ਅਟਲ ਕੰਧ ਵਾਂਗ ਖੜ੍ਹਾ ਰਿਹਾ ਹੈ, ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਦ੍ਰਿੜ੍ਹ ਅਤੇ ਅਟਲ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ 'ਆਪ੍ਰੇਸ਼ਨ ਸਿੰਦੂਰ' ਵਿੱਚ ਬੀਐੱਸਐੱਫ ਦੀ ਬਹਾਦਰੀ ਅਤੇ ਸਾਹਸ ਨੇ ਸਾਡੇ ਛੇ ਦਹਾਕਿਆਂ ਦੇ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਜੋੜਿਆ ਹੈ। ਉਸ ਮੁਸ਼ਕਲ ਸਮੇਂ ਵਿੱਚ ਵੀ, ਬੀਐੱਸਐੱਫ ਦੇ ਜਵਾਨਾਂ ਨੇ ਹਮੇਸ਼ਾ "ਅਸੀਂ ਸਰਹੱਦ ਦੇ ਪਹਿਰੇਦਾਰ ਹਾਂ" ਦੀ ਭਾਵਨਾ ਨੂੰ ਬਰਕਰਾਰ ਰੱਖਿਆ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜੰਮੂ ਅਤੇ ਕਸ਼ਮੀਰ ਫਰੰਟੀਅਰ ਨੇ 118 ਪਾਕਿਸਤਾਨੀ ਚੌਕੀਆਂ ਅਤੇ ਤਿੰਨ ਅੱਤਵਾਦੀ ਲਾਂਚ ਪੈਡਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਆਪ੍ਰੇਸ਼ਨ ਵਿੱਚ ਸਰਬਉੱਚ ਕੁਰਬਾਨੀ ਦੇਣ ਵਾਲੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਅਹਿਮਦ ਅਤੇ ਕਾਂਸਟੇਬਲ ਦੀਪਕ ਚਿਨਖਮ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਸਮੇਂ ਦੌਰਾਨ, ਬੀਐੱਸਐੱਫ ਨੂੰ 16 ਬਹਾਦਰੀ ਮੈਡਲ ਅਤੇ ਕਈ ਪ੍ਰਸ਼ੰਸਾ ਪੱਤਰ ਵੀ ਮਿਲੇ ਹਨ।

ਸ਼੍ਰੀ ਅਮਿਤ ਸ਼ਾਹ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਕਿਹਾ ਕਿ ਭਾਵੇਂ ਉਹ ਸਰਹੱਦ 'ਤੇ ਤੈਨਾਤ ਹੋਣ, ਮਣੀਪੁਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ, ਜਾਂ ਓਡੀਸ਼ਾ ਅਤੇ ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਿਤ ਖੇਤਰਾਂ ਵਿੱਚ, ਬੀਐੱਸਐੱਫ ਨੇ ਹਰ ਜਗ੍ਹਾ ਆਪਣੀ ਬਹਾਦਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਦੌਰਾਨ, ਖਾਸ ਕਰਕੇ ਪੰਜਾਬ ਵਿੱਚ, ਬੀਐੱਸਐੱਫ ਨੇ ਲੋਕਾਂ ਪ੍ਰਤੀ ਸ਼ਾਨਦਾਰ ਮਾਨਵਤਾ ਅਤੇ ਡੂੰਘੀ ਹਮਦਰਦੀ ਦਾ ਪ੍ਰਦਰਸ਼ਨ ਕੀਤਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਦੱਸਿਆ ਕਿ ਜੇਕਰ ਬੀਐੱਸਐੱਫ ਉੱਥੇ ਨਾ ਹੁੰਦੀ, ਤਾਂ ਹੜ੍ਹਾਂ ਦੌਰਾਨ ਮੁਸ਼ਕਲਾਂ ਕਈ ਗੁਣਾ ਵਧ ਜਾਂਦੀਆਂ। ਬੀਐੱਸਐੱਫ ਨੇ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਦੇ ਨਾਗਰਿਕਾਂ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਨੂੰ ਬਹੁਤ ਸਹਾਇਤਾ ਪ੍ਰਦਾਨ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ 60 ਵਰ੍ਹੇ ਪਹਿਲਾਂ ਦੀਆਂ ਸਰਹੱਦਾਂ ਨਾਲ ਸਬੰਧਿਤ ਚੁਣੌਤੀਆਂ ਪੂਰੀ ਤਰ੍ਹਾਂ ਬਦਲ ਗਈਆਂ ਹਨ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਬਹਾਦਰੀ, ਤਿਆਰੀ ਅਤੇ ਅਟੁੱਟ ਸਮਰਪਣ ਜ਼ਰੂਰੀ ਹੈ, ਪਰ ਹੁਣ ਚੁਣੌਤੀਆਂ ਮੁੱਖ ਤੌਰ 'ਤੇ ਤਕਨੀਕੀ ਹਨ। ਇਸ ਲਈ, ਉਨ੍ਹਾਂ ਦਾ ਸਾਹਮਣਾ ਕਰਨ ਲਈ, ਸਾਨੂੰ ਉੱਨਤ ਤਕਨੀਕੀ ਹੱਲ ਵੀ ਲੱਭਣੇ ਪੈਣਗੇ ਅਤੇ ਅਪਣਾਉਣੇ ਪੈਣਗੇ। ਗ੍ਰਹਿ ਮੰਤਰੀ ਨੇ ਯਾਦ ਕੀਤਾ ਕਿ ਬੀਐੱਸਐੱਫ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਬੀਐੱਸਐੱਫ ਦਾ 61ਵਾਂ ਵਰ੍ਹਾ ਫੋਰਸ ਦੇ ਆਧੁਨਿਕੀਕਰਣ ਦਾ ਵਰ੍ਹਾ ਹੋਵੇਗਾ। ਇਹ ਬੀਐੱਸਐੱਫ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਦਾ ਸਾਲ ਵੀ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਵਿੱਚ ਇੱਕ ਸਮਰਪਿਤ ਟੀਮ ਦੋਵਾਂ 'ਤੇ ਲਗਾਤਾਰ ਕੰਮ ਕਰ ਰਹੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਸੁਰੱਖਿਆ ਕਰਮੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਕਰਮੀਆਂ ਦੀ ਭਲਾਈ ਲਈ ਇੱਕ ਵਿਸ਼ੇਸ਼ ਯੋਜਨਾ ਬਹੁਤ ਜਲਦੀ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਭਾਰਤ ਸਰਕਾਰ ਪੂਰੀ ਸਰਹੱਦੀ ਸੁਰੱਖਿਆ ਪ੍ਰਣਾਲੀ ਨੂੰ ਤਕਨੀਕੀ ਤੌਰ 'ਤੇ ਆਧੁਨਿਕ ਬਣਾਉਣ ਲਈ ਕਾਫ਼ੀ ਪੈਸਾ ਨਿਵੇਸ਼ ਕਰੇਗੀ। ਇਹ ਆਧੁਨਿਕੀਕਰਣ ਬੀਐੱਸਐੱਫ ਕਰਮੀਆਂ ਨੂੰ ਬਿਹਤਰ ਸਰਹੱਦੀ ਬੁਨਿਆਦੀ ਢਾਂਚਾ ਅਤੇ ਉੱਨਤ ਉਪਕਰਣ ਪ੍ਰਦਾਨ ਕਰੇਗਾ, ਜੋ ਉਨ੍ਹਾਂ ਦੇ ਫਰਜ਼ ਨਿਭਾਉਣ ਵਿੱਚ ਮਦਦਗਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਕਾਫ਼ੀ ਹੱਦ ਤੱਕ ਘਟਾਉਣਗੀਆਂ ਅਤੇ ਉਨ੍ਹਾਂ ਨੂੰ ਆਪਣੀਆਂ ਡਿਊਟੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਦੇ ਯੋਗ ਬਣਾਉਣਗੀਆਂ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ 'ਤੇ ਤੈਨਾਤ ਬੀਐੱਸਐੱਫ ਕਰਮੀਆਂ ਦੀ ਅਟੁੱਟ ਡਿਊਟੀ ਭਾਵਨਾ, ਸਮਰਪਣ ਅਤੇ ਵਚਨਬੱਧਤਾ ਕਾਰਨ ਪੂਰਾ ਦੇਸ਼ ਸ਼ਾਂਤੀ ਨਾਲ ਸੌਂ ਸਕਦਾ ਹੈ ਅਤੇ ਸੁਰੱਖਿਅਤ ਮਹਿਸੂਸ ਕਰ ਸਕਦਾ ਹੈ ।

ਗ੍ਰਹਿ ਮੰਤਰੀ ਨੇ ਸਰਹੱਦੀ ਸੁਰੱਖਿਆ ਵਿੱਚ ਬੀਐੱਸਐੱਫ ਮਹਿਲਾ ਕਰਮੀਆਂ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਜਵਾਨਾਂ ਨਾਲ ਲੰਚ (ਦੁਪਹਿਰ ਦਾ ਭੋਜਨ) ਵੀ ਕੀਤਾ।
************
ਆਰਕੇ/ਆਰਆਰ/ਪੀਆਰ/ਪੀਐੱਸ/ਏਕੇ
(Release ID: 2226377)
ਵਿਜ਼ੀਟਰ ਕਾਊਂਟਰ : 8