ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪ੍ਰੀਕਸ਼ਾ ਪੇ ਚਰਚਾ 2026' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
ਸਾਰਿਆਂ ਦੀ ਸਲਾਹ ਲਓ, ਪਰ ਆਪਣਾ ਢੰਗ ਉਦੋਂ ਹੀ ਬਦਲੋ ਜਦੋਂ ਤੁਸੀਂ ਚਾਹੁੰਦੇ ਹੋ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਅਧਿਆਪਕਾਂ ਨੂੰ ਜਗਿਆਸਾ ਪੈਦਾ ਕਰਨ ਅਤੇ ਸਮਝ ਨੂੰ ਬਿਹਤਰ ਬਣਾਉਣ ਲਈ ਵਿਦਿਆਰਥੀਆਂ ਨੂੰ ਪਹਿਲਾਂ ਤੋਂ ਜਾਣੂ ਕਰਾਉਣ ਦੀ ਸਲਾਹ ਦਿੱਤੀ
ਟੀਚੇ ਪਹੁੰਚ 'ਚ ਹੋਣੇ ਚਾਹੀਦੇ ਹਨ ਪਰ ਸੌਖਿਆਂ ਹਾਸਲ ਕਰਨ ਯੋਗ ਨਹੀਂ ਹੋਣੇ ਚਾਹੀਦੇ - ਟੀਚਾ ਤੈਅ ਕਰੋ ਅਤੇ ਅਮਲ ਕਰੋ: ਪ੍ਰਧਾਨ ਮੰਤਰੀ
ਮਨ ਬਣਾਓ, ਫਿਰ ਮਨ ਨੂੰ ਜੋੜੋ ਅਤੇ ਫਿਰ ਸਿੱਖਿਆ ਵਿਸ਼ਿਆਂ ਨੂੰ ਰੱਖੋ, ਇਸ ਨਾਲ ਤੁਹਾਨੂੰ ਸਫ਼ਲਤਾ 'ਚ ਮਦਦ ਮਿਲੇਗੀ: ਪ੍ਰਧਾਨ ਮੰਤਰੀ
ਪੜ੍ਹਾਈ, ਹੁਨਰ, ਆਰਾਮ ਅਤੇ ਸ਼ੌਕ ਨੂੰ ਸੰਤੁਲਿਤ ਕਰਨਾ ਤਰੱਕੀ ਦੀ ਕੁੰਜੀ ਹੈ: ਪ੍ਰਧਾਨ ਮੰਤਰੀ
ਕਿਤਾਬਾਂ ਗਿਆਨ ਪ੍ਰਦਾਨ ਕਰਦੀਆਂ ਹਨ, ਪਰ ਸਿਰਫ਼ ਅਭਿਆਸ ਤੁਹਾਨੂੰ ਪੇਸ਼ੇਵਰ ਤੌਰ 'ਤੇ ਹੁਨਰਮੰਦ ਬਣਾਉਂਦਾ ਹੈ: ਪ੍ਰਧਾਨ ਮੰਤਰੀ
ਅਤੀਤ 'ਤੇ ਵਿਚਾਰ ਕਰਕੇ ਸਮਾਂ ਬਰਬਾਦ ਨਾ ਕਰੋ, ਭਵਿੱਖ ਬਾਰੇ ਸੋਚੋ: ਪ੍ਰਧਾਨ ਮੰਤਰੀ
ਸਿੱਖਿਆ ਸਿਰਫ਼ ਪ੍ਰੀਖਿਆਵਾਂ ਲਈ ਨਹੀਂ ਸਗੋਂ ਜੀਵਨ ਲਈ ਹੈ, ਪ੍ਰੀਖਿਆਵਾਂ ਖ਼ੁਦ ਨੂੰ ਪਰਖਣ ਲਈ ਹਨ: ਪ੍ਰਧਾਨ ਮੰਤਰੀ
ਬਣਨ ਦੀ ਨਹੀਂ, ਸਗੋਂ ਕੁਝ ਕਰਨ ਦੀ ਇੱਛਾ ਰੱਖੋ: ਪ੍ਰਧਾਨ ਮੰਤਰੀ
ਵਰਤਮਾਨ ਪਰਮਾਤਮਾ ਦਾ ਸਭ ਤੋਂ ਵੱਡਾ 'ਤੋਹਫ਼ਾ' ਹੈ - ਇਸ ਵਿੱਚ ਅਤੇ ਹੁਣੇ ਜੀਓ: ਪ੍ਰਧਾਨ ਮੰਤਰੀ
ਤੁਸੀਂ ਇੱਕ ਪਲ ਵਿੱਚ ਜਿੰਨਾ ਜ਼ਿਆਦਾ ਸ਼ਾਮਲ ਹੋਵੋਗੇ, ਓਨਾ ਹੀ ਜ਼ਿਆਦਾ ਤੁਸੀਂ ਇਸਨੂੰ ਯਾਦ ਰੱਖੋਗੇ: ਪ੍ਰਧਾਨ ਮੰਤਰੀ
ਸਹਿਯੋਗੀ ਸਿੱਖਿਆ ਹਰ ਕਿਸੇ ਨੂੰ ਬਿਹਤਰ ਬਣਨ ਵਿੱਚ ਮਦਦ ਕਰਦੀ ਹੈ: ਪ੍ਰਧਾਨ ਮੰਤਰੀ
ਸੁਧਾਰੋ ਅਤੇ ਸਮਝਦਾਰ ਬਣੋ: ਪ੍ਰਧਾਨ ਮੰਤਰੀ
ਸਕੂਲ ਵਿੱਚ ਆਪਣੀ ਬੁਨਿਆਦ ਮਜ਼ਬੂਤ ਕਰੋ, ਪ੍ਰਤੀਯੋਗੀ ਪ੍ਰੀਖਿਆਵਾਂ ਸਮੇਂ ਦੇ ਨਾਲ ਹੋਣਗੀਆਂ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ, ਯੋਗਤਾ ਅਤੇ ਰੁਚੀ ਅਨੁਸਾਰ ਖਿੜ੍ਹਨ ਦੇਣ
ਆਪਣੇ ਸ਼ੌਕਾਂ ਨੂੰ ਵਿਹਾਰਕ ਉਤਪਾਦਾਂ ਵਿੱਚ ਬਦਲੋ ਅਤੇ ਉਨ੍ਹਾਂ ਨੂੰ ਮੁਫ਼ਤ ਵਿੱਚ ਸਾਂਝਾ ਕਰੋ, ਫੀਡਬੈਕ ਨਵੇਂ ਵਿਚਾਰਾਂ ਅਤੇ ਸਫਲਤਾ ਨੂੰ ਵਧਾਉਂਦਾ ਹੈ: ਪ੍ਰਧਾਨ ਮੰਤਰੀ
ਖ਼ੁਦ ਨੂੰ ਖੋਜੋ, ਜ਼ਿੰਦਗੀ ਜੋ ਵੀ ਦਿੰਦੀ ਹੈ ਉਸਦਾ ਤਜਰਬਾ ਲਓ: ਪ੍ਰਧਾਨ ਮੰਤਰੀ
ਪ੍ਰੀਖਿਆਵਾਂ ਤਿਉਹਾਰਾਂ ਵਾਂਗ ਹੁੰਦੀਆਂ ਹਨ, ਉਨ੍ਹਾਂ ਦਾ ਜਸ਼ਨ ਮਨਾਓ: ਪ੍ਰਧਾਨ ਮੰਤਰੀ
ਅਸਲ ਵਿਸ਼ਵਾਸ ਅੰਦਰੂਨੀ ਸੱਚ ਤੋਂ ਆਉਂਦਾ ਹੈ, ਤੁਸੀਂ ਜੋ ਹੋ ਉਸ ਪ੍ਰਤੀ ਸੱਚੇ ਰਹੋ: ਪ੍ਰਧਾਨ ਮੰਤਰੀ
ਆਰਾਮਦਾਇਕ ਖੇਤਰ ਤੁਹਾਡੀ ਜ਼ਿੰਦਗੀ ਨੂੰ ਨਹੀਂ ਬਦਲਦੇ, ਤੁਹਾਡੀ ਜੀਵਨ ਜਾਚ ਬਦਲਦੀ ਹੈ: ਪ੍ਰਧਾਨ ਮੰਤਰੀ
ਸੁਪਨਾ ਨਾ ਦੇਖਣਾ ਇੱਕ ਅਪਰਾਧ ਹੈ - ਹਮੇਸ਼ਾ ਸੁਪਨੇ ਦੇਖੋ: ਪ੍ਰਧਾਨ ਮੰਤਰੀ
ਆਪਣੇ ਆਪ ਦਾ ਆਸਰਾ ਬਣੋ, ਆਪਣੀਆਂ ਸਮਰੱਥਾਵਾਂ ਦਾ ਜਸ਼ਨ ਮਨਾਓ: ਪ੍ਰਧਾਨ ਮੰਤਰੀ
ਵੱਡੇ ਸੁਪਨੇ ਦੇਖੋ, ਘੱਟ ਡਰੋ - ਜੀਵਨੀਆਂ ਪੜ੍ਹੋ: ਪ੍ਰਧਾਨ ਮੰਤਰ
Posted On:
06 FEB 2026 1:35PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਪ੍ਰੀਕਸ਼ਾ ਪੇ ਚਰਚਾ' (ਪੀਪੀਸੀ) ਦੇ 9ਵੇਂ ਐਡੀਸ਼ਨ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ 'ਤੇ ਐਗਜ਼ਾਮ ਵਾਰੀਅਰਜ਼ (ਪ੍ਰੀਖਿਆ ਯੋਧਿਆਂ) ਨਾਲ ਇੱਕ ਗੈਰ-ਰਸਮੀ ਗੱਲਬਾਤ ਕੀਤੀ।
ਤੁਹਾਡੀ ਸ਼ੈਲੀ, ਤੁਹਾਡੀ ਰਫ਼ਤਾਰ
ਗੁਜਰਾਤ ਦੇ ਇੱਕ ਵਿਦਿਆਰਥੀ ਨੇ ਪੁੱਛਿਆ ਕਿ ਜਦੋਂ ਮਾਪੇ ਉਨ੍ਹਾਂ ਲਈ ਫ਼ਿਕਰ ਕਰਦੇ ਹਨ ਅਤੇ ਅਧਿਆਪਕ ਉਨ੍ਹਾਂ ਦਾ ਸਾਥ ਦਿੰਦੇ ਹਨ, ਤਾਂ ਮੁੱਦਾ ਉਦੋਂ ਬਣਦਾ ਹੈ ਜਦੋਂ ਅਧਿਆਪਕ ਇੱਕ ਅਧਿਐਨ ਪੈਟਰਨ ਸੁਝਾਉਂਦੇ ਹਨ, ਮਾਪੇ ਦੂਜੇ 'ਤੇ ਜ਼ੋਰ ਦਿੰਦੇ ਹਨ ਅਤੇ ਵਿਦਿਆਰਥੀ ਇੱਕ ਵੱਖਰੇ ਰੁਝਾਨ ਦੀ ਪਾਲਣਾ ਕਰਦੇ ਹਨ, ਜਿਸ ਨਾਲ ਉਹ ਉਲਝਣ ਵਿੱਚ ਪੈ ਜਾਂਦੇ ਹਨ ਕਿ ਕਿਹੜਾ ਪੈਟਰਨ ਸਹੀ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਸਾਰੀ ਉਮਰ ਜਾਰੀ ਰਹਿੰਦਾ ਹੈ, ਇਹ ਜ਼ਿਕਰ ਕਰਦੇ ਹੋਏ ਕਿ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਵੀ ਲੋਕ ਉਨ੍ਹਾਂ ਨੂੰ ਵੱਖਰੇ ਢੰਗ ਨਾਲ ਸਲਾਹ ਦਿੰਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿਵੇਂ ਘਰ ਵਿੱਚ ਭੈਣ-ਭਰਾ ਦੇ ਖਾਣ ਦੇ ਵੱਖ-ਵੱਖ ਢੰਗ-ਤਰੀਕੇ ਹੁੰਦੇ ਹਨ - ਕੁਝ ਸਬਜ਼ੀਆਂ ਨਾਲ ਸ਼ੁਰੂ ਕਰਦੇ ਹਨ, ਕੁਝ ਦਾਲ ਨਾਲ, ਕੁਝ ਸਭ ਕੁਝ ਮਿਲਾ ਰਲਾ-ਮਿਲਾ ਲੈਂਦੇ ਹਨ - ਹਰ ਕਿਸੇ ਦਾ ਆਪਣਾ ਢੰਗ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਨੰਦ ਆਪਣੇ ਪੈਟਰਨ ਦੀ ਪਾਲਣਾ ਕਰਨ ਵਿੱਚ ਆਉਂਦਾ ਹੈ। ਸ਼੍ਰੀ ਮੋਦੀ ਨੇ ਸਮਝਾਇਆ ਕਿ ਕੁਝ ਰਾਤ ਨੂੰ ਪੜ੍ਹਨਾ ਪਸੰਦ ਕਰਦੇ ਹਨ, ਕੁਝ ਸਵੇਰੇ ਜਲਦੀ ਅਤੇ ਹਰ ਇੱਕ ਦੀ ਆਪਣੀ ਤਾਲ ਹੁੰਦੀ ਹੈ। ਉਨ੍ਹਾਂ ਨੇ ਬੇਈਮਾਨੀ ਪ੍ਰਤੀ ਸੁਚੇਤ ਦਿੱਤੀ, ਇਹ ਜ਼ਿਕਰ ਕਰਦੇ ਹੋਏ ਕਿ ਕਿਵੇਂ ਕੁਝ ਵਿਦਿਆਰਥੀ ਆਪਣੀਆਂ ਮਾਵਾਂ ਨੂੰ ਆਖਦੇ ਹਨ ਕਿ ਉਹ ਸਵੇਰੇ ਪੜ੍ਹਨਗੇ, ਪਰ ਫਿਰ ਇਸ ਤੋਂ ਬਚਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਪੈਟਰਨ 'ਤੇ ਭਰੋਸਾ ਕਰਨਾ ਚਾਹੀਦਾ ਹੈ, ਸੁਝਾਵਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਅਤੇ ਸਿਰਫ਼ ਨਿੱਜੀ ਤਜਰਬੇ ਰਾਹੀਂ ਹੀ ਸੁਧਾਰ ਕਰਨੇ ਚਾਹੀਦੇ ਹਨ, ਸਿਰਫ਼ ਇਸ ਲਈ ਨਹੀਂ ਕਿ ਕੋਈ ਅਜਿਹਾ ਆਖਦਾ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉਨ੍ਹਾਂ ਨੇ 'ਪ੍ਰੀਕਸ਼ਾ ਪੇ ਚਰਚਾ' ਸ਼ੁਰੂ ਕੀਤੀ ਤਾਂ ਇੱਕ ਪੈਟਰਨ ਸੀ, ਪਰ ਸਮੇਂ ਦੇ ਨਾਲ ਉਨ੍ਹਾਂ ਨੇ ਇਸ ਵਿੱਚ ਸੁਧਾਰ ਕੀਤਾ, ਇੱਥੋਂ ਤੱਕ ਕਿ ਵੱਖ-ਵੱਖ ਸੂਬਿਆਂ ਵਿੱਚ ਸੈਸ਼ਨ ਵੀ ਕਰਵਾਏ, ਮੂਲ ਨੂੰ ਬਰਕਰਾਰ ਰੱਖਦੇ ਹੋਏ ਫਾਰਮੈਟ ਨੂੰ ਬਦਲਿਆ। ਵਿਦਿਆਰਥੀਆਂ ਨੇ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਦਾ ਸੁਭਾਅ ਬਹੁਤ ਦੋਸਤਾਨਾ ਸੀ ਅਤੇ ਉਹ ਆਸਾਨੀ ਨਾਲ ਘੁਲ-ਮਿਲ ਜਾਂਦੇ ਸਨ, ਸਮਝਾਉਂਦੇ ਸਨ ਕਿ ਹਰ ਕਿਸੇ ਨੂੰ ਵੱਖ-ਵੱਖ ਪੈਟਰਨਾਂ ਨੂੰ ਸੁਣਨਾ ਚਾਹੀਦਾ ਹੈ, ਹਰੇਕ ਤੋਂ ਚੰਗੇ ਗੁਣ ਲੈਣੇ ਚਾਹੀਦੇ ਹਨ, ਆਪਣੇ ਆਪ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਇਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਦੇ ਹੋਏ, ਇੱਕ ਹੋਰ ਵਿਦਿਆਰਥੀ ਨੇ ਪੁੱਛਿਆ ਕਿ ਅਕਸਰ ਵਿਦਿਆਰਥੀ ਸਕੂਲ ਜਾਂ ਅਧਿਆਪਕਾਂ ਦੀ ਰਫ਼ਤਾਰ ਨਾਲ ਮੇਲ ਨਹੀਂ ਖਾਂਦੇ ਅਤੇ ਜੋ ਖੁੰਝ ਜਾਂਦਾ ਹੈ ਉਸ ਨੂੰ ਕਵਰ ਕਰਨ ਦੀ ਕੋਸ਼ਿਸ਼ ਵਿੱਚ, ਉਹ ਅਗਲੇ ਪਾਠਾਂ ਦੀ ਲੈਅ ਗੁਆ ਦਿੰਦੇ ਹਨ ਅਤੇ ਪਿੱਛੇ ਰਹਿ ਜਾਂਦੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਨੂੰ ਆਪਣੀ ਗਤੀ ਵਿਦਿਆਰਥੀਆਂ ਤੋਂ ਸਿਰਫ਼ ਇੱਕ ਕਦਮ ਅੱਗੇ ਰੱਖਣੀ ਚਾਹੀਦੀ ਹੈ, ਬਹੁਤ ਜ਼ਿਆਦਾ ਨਹੀਂ, ਟੀਚਾ ਪਹੁੰਚ ਵਿੱਚ ਹੋਣਾ ਚਾਹੀਦਾ ਹੈ ਪਰ ਆਸਾਨੀ ਨਾਲ ਪ੍ਰਾਪਤ ਕਰਨ ਯੋਗ ਨਹੀਂ। ਜਦੋਂ ਵਿਦਿਆਰਥੀ ਨੇ ਪ੍ਰੀਖਿਆ ਯੋਧਿਆਂ ਦੇ ਮੰਤਰ 26 ਨੂੰ ਯਾਦ ਕੀਤਾ, "ਟੀਚਾ ਪਹੁੰਚ ਵਿੱਚ ਹੋਣਾ ਚਾਹੀਦਾ ਹੈ ਪਰ ਆਸਾਨੀ ਨਾਲ ਪ੍ਰਾਪਤ ਕਰਨ ਯੋਗ ਨਹੀਂ," ਤਾਂ ਪ੍ਰਧਾਨ ਮੰਤਰੀ ਨੇ ਇਸ ਯਾਦ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮਝਾਇਆ ਕਿ ਜੇਕਰ ਅਧਿਆਪਕ ਪੰਜਾਹ ਕਦਮ ਅੱਗੇ ਵਧਦੇ ਹਨ, ਤਾਂ ਵਿਦਿਆਰਥੀ ਹਾਰ ਮੰਨ ਲੈਣਗੇ, ਪਰ ਜਿਵੇਂ ਕਿਸਾਨ ਖੇਤ ਨੂੰ ਵਾਹੁੰਦਾ ਹੈ, ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਨਾਂ ਨੂੰ ਵਾਹੁਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਧਿਆਪਕਾਂ ਨੂੰ ਹਰ ਹਫ਼ਤੇ ਪੜ੍ਹਾਏ ਜਾਣ ਵਾਲੇ ਪਾਠਾਂ ਬਾਰੇ ਪਹਿਲਾਂ ਤੋਂ ਦੱਸਣਾ ਚਾਹੀਦਾ ਹੈ, ਤਾਂ ਜੋ ਵਿਦਿਆਰਥੀ ਪਾਠ ਤੋਂ ਪਹਿਲਾਂ ਪੜ੍ਹਨਾ, ਪੁੱਛਣਾ ਜਾਂ ਔਨਲਾਈਨ ਖੋਜ ਕਰਨਾ ਸ਼ੁਰੂ ਕਰ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਅਸਲ ਸਿੱਖਿਆ ਹੁੰਦੀ ਹੈ, ਤਾਂ ਜਗਿਆਸਾ ਪੈਦਾ ਹੋਵੇਗੀ, ਸਮਝ ਹੋਰ ਡੂੰਘੀ ਹੋਵੇਗੀ ਅਤੇ ਧਿਆਨ ਕੇਂਦਰਿਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਾਠ ਬਹੁਤ ਦਿਲਚਸਪ ਹੈ, ਤਾਂ ਵਿਦਿਆਰਥੀ ਹੋਰ ਖੋਜ ਕਰਨਾ ਚਾਹੁਣਗੇ, ਜਿਸ ਨਾਲ ਦੁਹਰਾਅ ਹੋਰ ਵਧੀਆ ਹੋਵੇਗਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਸਧਾਰਨ ਢੰਗ ਹੈ, ਅਤੇ ਪੁੱਛਿਆ ਕਿ ਕੀ ਫਿਰ ਅਧਿਆਪਕ ਦੀ ਗਤੀ ਦੀ ਸਮੱਸਿਆ ਬਣੀ ਰਹੇਗੀ। ਜਦੋਂ ਵਿਦਿਆਰਥੀ ਨੇ ਹਾਂ ਵਿੱਚ ਜਵਾਬ ਦਿੱਤਾ, ਤਾਂ ਸ਼੍ਰੀ ਮੋਦੀ ਨੇ ਸੁਧਾਰ ਕੀਤਾ, ਕਿਹਾ ਕਿ ਅਜਿਹਾ ਨਹੀਂ ਹੋਵੇਗਾ, ਕਿਉਂਕਿ ਵਿਦਿਆਰਥੀ ਹੁਣ ਪਿੱਛੇ ਨਹੀਂ ਰਹਿਣਗੇ ਕਿਉਂਕਿ ਉਹ ਅਧਿਆਪਕ ਤੋਂ ਇੱਕ ਕਦਮ ਅੱਗੇ ਵਧ ਗਏ ਹਨ। ਉਨ੍ਹਾਂ ਸਿੱਟਾ ਕੱਢਿਆ, "ਮਨ ਨੂੰ ਤਿਆਰ ਕਰੋ, ਫਿਰ ਮਨ ਨੂੰ ਜੋੜੋ, ਅਤੇ ਫਿਰ ਪੜ੍ਹਾਈ ਦੇ ਵਿਸ਼ੇ ਰੱਖੋ। ਤੁਸੀਂ ਵਿਦਿਆਰਥੀਆਂ ਨੂੰ ਹਮੇਸ਼ਾ ਸਫਲ ਪਾਓਗੇ।" ਵਿਦਿਆਰਥੀਆਂ ਨੇ ਉਜਾਗਰ ਕੀਤਾ ਕਿ ਹਰ ਕਿਸੇ ਨੂੰ ਪ੍ਰਧਾਨ ਮੰਤਰੀ ਨਾਲ ਆਹਮੋ-ਸਾਹਮਣੇ ਬੈਠਣ, ਸਵਾਲ ਪੁੱਛਣ ਅਤੇ ਗੱਲਬਾਤ ਸਾਂਝੀ ਕਰਨ ਦਾ ਮੌਕਾ ਨਹੀਂ ਮਿਲਦਾ ਅਤੇ ਉਨ੍ਹਾਂ ਅਧਿਆਪਕਾਂ ਤੋਂ ਦੋ ਕਦਮ ਪਿੱਛੇ ਰਹਿਣ ਦੀ ਬਜਾਏ ਦੋ ਕਦਮ ਅੱਗੇ ਰਹਿਣ ਦੀ ਸਲਾਹ ਦਿੱਤੀ, ਤਾਂ ਜੋ ਉਹ ਕਦੇ ਵੀ ਪਿੱਛੇ ਨਾ ਰਹਿਣ।
ਇੱਕ ਸੰਗੀਤਮਈ ਪਲ
ਸਿੱਕਮ ਤੋਂ ਆਈ ਇੱਕ ਵਿਦਿਆਰਥਣ ਨੇ ਸਾਂਝਾ ਕੀਤਾ ਕਿ ਉਸਨੇ ਤਿੰਨ ਭਾਸ਼ਾਵਾਂ—ਹਿੰਦੀ, ਨੇਪਾਲੀ ਅਤੇ ਬਾਂਗਲਾ—ਵਿੱਚ ‘ਹਮਾਰਾ ਭਾਰਤ ਭੂਮੀ’ ਸਿਰਲੇਖ ਹੇਠ ਇੱਕ ਦੇਸ਼ਭਗਤੀ ਗੀਤ ਲਿਖਿਆ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਪੁੱਛਿਆ ਕਿ ਕੀ ਉਸਨੂੰ ਕਵਿਤਾ ਲਿਖਣ ਦਾ ਸ਼ੌਕ ਹੈ। ਉਸਦੀ ਹਾਂ ਵਿੱਚ ਪੁਸ਼ਟੀ ਉਪਰੰਤ, ਪ੍ਰਧਾਨ ਮੰਤਰੀ ਨੇ ਉਸਨੂੰ ਗੀਤ ਸੁਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਉਸਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਸਨੇ ਆਪਣੇ ਗੀਤ ਰਾਹੀਂ ਦੇਸ਼ ਦੀ ਏਕਤਾ—ਏਕ ਭਾਰਤ, ਸ਼੍ਰੇਸ਼ਠ ਭਾਰਤ—ਦੀ ਬਹੁਤ ਸੁੰਦਰ ਢੰਗ ਨਾਲ ਵਿਆਖਿਆ ਕੀਤੀ ਹੈ। ਇਸ ਤੋਂ ਬਾਅਦ ਸ਼੍ਰੀ ਮੋਦੀ ਨੇ ਇੱਕ ਹੋਰ ਵਿਦਿਆਰਥਣ, ਮਾਨਸੀ ਨੂੰ ਗਾਉਣ ਲਈ ਆਖਿਆ। ਮਾਨਸੀ ਨੇ ਆਪਣੀ ਮਾਂ ਵੱਲੋਂ ਲਿਖਿਆ ਗਿਆ ਵਿਦਿਆਰਥੀਆਂ ਨੂੰ ਸਮਰਪਿਤ ਗੀਤ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਉਸਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਆਪਣੀ ਮਾਂ ਨੂੰ ਵਧਾਈ ਦੇਵੇ। ਵਿਦਿਆਰਥਣ ਨੇ ਦੱਸਿਆ ਕਿ ਉਹ ਯੂਟਿਊਬ ਚੈਨਲ, ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਖਾਤਾ ਚਲਾਉਂਦੀ ਹੈ, ਜਿਸਦੇ ਫੇਸਬੁੱਕ ‘ਤੇ 1.5 ਲੱਖ ਫਾਲੋਅਰ ਹਨ। ਪ੍ਰਧਾਨ ਮੰਤਰੀ ਨੇ ਹੈਰਾਨੀ ਅਤੇ ਪ੍ਰਸੰਨਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰਤਿਭਾਵਾਨ ਨੌਜਵਾਨਾਂ ਨਾਲ ਮਿਲਣਾ ਮਾਣ ਦੀ ਗੱਲ ਹੈ।
ਇਸ ਤੋਂ ਬਾਅਦ ਸ਼੍ਰੀ ਮੋਦੀ ਨੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਦਾ ਸਵਾਗਤ ਅਸਾਮ ਦੇ ਗਮੋਸਾ ਨਾਲ ਕੀਤਾ ਹੈ, ਜਿਸਨੂੰ ਉਹ ਆਪਣੀ ਸਭ ਤੋਂ ਪਿਆਰੀ ਨਿਸ਼ਾਨੀ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਗਮੋਸਾ ਅਸਾਮ ਅਤੇ ਉੱਤਰ-ਪੂਰਬ ਵਿੱਚ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਹੈ, ਜੋ ਘਰਾਂ ਵਿੱਚ ਇਲਾਕੇ ਦੀਆਂ ਮਹਿਲਾਵਾਂ ਵੱਲੋਂ ਤਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਾਕਤ ਅਤੇ ਯੋਗਦਾਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਗਮੋਸਾ ਭੇਟ ਕਰਨਾ ਦੀ ਉਨ੍ਹਾਂ ਦੀ ਦਿਲੀ ਇੱਛਾ ਸੀ, ਜੋ ਸਨਮਾਨ ਦਾ ਪ੍ਰਤੀਕ
ਮੰਤਵ ਨਾਲ ਤਿਆਰੀ
ਵਿਦਿਆਰਥੀ ਸਾਬਾਵਤ ਵੇਂਕਟੇਸ਼ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਹੁਨਰ ਵੱਧ ਮਹੱਤਵਪੂਰਨ ਹਨ ਜਾਂ ਅੰਕ, ਕਿਉਂਕਿ ਵਿਦਿਆਰਥੀਆਂ ਵਿੱਚ ਇਸ ਗੱਲ ਨੂੰ ਲੈ ਕੇ ਉਲਝਣ ਅਤੇ ਡਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ—ਚਾਹੇ ਖਾਣ-ਸੋਣ, ਪੜ੍ਹਾਈ-ਖੇਡ ਜਾਂ ਹੁਨਰ ਅਤੇ ਅੰਕਾਂ ਵਿਚਕਾਰ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਜ਼ਿਆਦਾ ਝੁਕਾਅ ਅਸੰਤੁਲਨ ਪੈਦਾ ਕਰਦਾ ਹੈ, ਜਦਕਿ ਠੀਕ ਸੰਤੁਲਨ ਸਥਿਰਤਾ ਲਿਆਉਂਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਹੁਨਰ ਦੋ ਕਿਸਮਾਂ ਦੇ ਹੁੰਦੇ ਹਨ—ਜੀਵਨ ਹੁਨਰ ਅਤੇ ਪੇਸ਼ੇਵਰ ਹੁਨਰ—ਅਤੇ ਦੋਵੇਂ ਹੀ ਬਰਾਬਰ ਮਹੱਤਵਪੂਰਨ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗਿਆਨ, ਨਿਰੀਖਣ ਅਤੇ ਅਧਿਐਨ ਤੋਂ ਬਿਨਾਂ ਕੋਈ ਵੀ ਹੁਨਰ ਵਿਕਸਿਤ ਨਹੀਂ ਹੋ ਸਕਦਾ ਅਤੇ ਹੁਨਰ ਦੀ ਸ਼ੁਰੂਆਤ ਗਿਆਨ ਤੋਂ ਹੁੰਦੀ ਹੈ।
ਸ਼੍ਰੀ ਮੋਦੀ ਨੇ ਉਦਾਹਰਣਾਂ ਨਾਲ ਸਮਝਾਇਆ ਕਿ ਜੀਵਨ ਹੁਨਰਾਂ ਤੋਂ ਬਿਨਾਂ ਮਨੁੱਖ ਰੋਜ਼ਾਨਾ ਦੇ ਕੰਮਾਂ, ਜਿਵੇਂ ਖਾਣਾ ਬਣਾਉਣਾ ਜਾਂ ਰੇਲਵੇ ਸਟੇਸ਼ਨ ‘ਤੇ ਟਿਕਟ ਖਰੀਦਣਾ ਵੀ ਔਖਾ ਸਮਝ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਹੁਨਰ ਪੂਰੀ ਤਰ੍ਹਾਂ ਵਿਕਸਿਤ ਹੋਣੇ ਚਾਹੀਦੇ ਹਨ, ਜਿਸ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਅਨੁਕੂਲਤਾ ਸ਼ਾਮਲ ਹੈ। ਪੇਸ਼ੇਵਰ ਹੁਨਰਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਨੂੰ ਆਪਣੀ ਕਾਬਲੀਅਤ ਨਿਰੰਤਰ ਅੱਪਡੇਟ ਕਰਨੀ ਪੈਂਦੀ ਹੈ, ਕਿਉਂਕਿ ਸਿਰਫ਼ ਕਿਤਾਬਾਂ ਪੜ੍ਹ ਕੇ ਕੋਈ ਦਿਲ ਦਾ ਮਾਹਿਰ ਨਹੀਂ ਬਣ ਸਕਦਾ—ਅਸਲ ਹੁਨਰ ਮਰੀਜ਼ਾਂ ਨਾਲ ਕੰਮ ਕਰਕੇ ਆਉਂਦਾ ਹੈ। ਇਸੇ ਤਰ੍ਹਾਂ, ਵਕੀਲਾਂ ਨੂੰ ਅਦਾਲਤੀ ਹੁਨਰ ਵਿਕਸਿਤ ਕਰਨ ਲਈ ਸੀਨੀਅਰਾਂ ਨਾਲ ਅਭਿਆਸ ਕਰਨਾ ਪੈਂਦਾ ਹੈ; ਸਿਰਫ਼ ਸੰਵਿਧਾਨ ਦੀਆਂ ਧਾਰਾਵਾਂ ਨੂੰ ਜਾਣਨਾ ਕਾਫ਼ੀ ਨਹੀਂ। ਉਨ੍ਹਾਂ ਨੇ ਕਿਹਾ ਕਿ ਪੇਸ਼ੇਵਰ ਹੁਨਰ ਲਗਾਤਾਰ ਸਿੱਖਣ ਅਤੇ ਨਵੀਂ ਤਕਨਾਲੋਜੀ ਨਾਲ ਤਾਲਮੇਲ ਬਣਾਉਣ ਦੀ ਮੰਗ ਕਰਦੇ ਹਨ, ਭਾਵੇਂ ਉਮਰ 40 ਸਾਲ ਹੀ ਕਿਉਂ ਨਾ ਹੋਵੇ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿੱਖਿਆ ਅਤੇ ਹੁਨਰ ਜੁੜਵਾ ਭੈਣ-ਭਰਾ ਹਨ, ਅਟੁੱਟ ਹਨ ਅਤੇ ਜ਼ਿੰਦਗੀ ਵਿੱਚ ਹੁਨਰ ਬਹੁਤ ਜ਼ਰੂਰੀ ਹੈ।
ਅੰਕਾਂ ਤੋਂ ਅੱਗੇ ਅਤੇ ਮਾਧਿਅਮ ਵਜੋਂ ਸਿੱਖਿਆ
ਇਸ ਤੋਂ ਬਾਅਦ ਸੈਨਿਕ ਸਕੂਲ, ਇੰਫ਼ਾਲ (ਮਣੀਪੁਰ) ਦੇ ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਪ੍ਰਤੀ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਸ ਦਾ ਜਨਮਦਿਨ ਵੀ ਪ੍ਰਧਾਨ ਮੰਤਰੀ ਦੇ ਜਨਮ ਦਿਨ ਨਾਲ ਮੇਲ ਖਾਂਦਾ ਹੈ। ਇਸ ‘ਤੇ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਬੀਤ ਚੁੱਕੇ ਸਾਲਾਂ ਦੀ ਗਿਣਤੀ ਨਹੀਂ ਕਰਦੇ, ਸਗੋਂ ਬਾਕੀ ਰਹਿ ਗਏ ਸਾਲਾਂ ‘ਤੇ ਧਿਆਨ ਦਿੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਤੀਤ ‘ਤੇ ਸਮਾਂ ਬਰਬਾਦ ਨਾ ਕਰਨ ਅਤੇ ਆਉਣ ਵਾਲੇ ਜੀਵਨ ਬਾਰੇ ਸੋਚਣ ਦੀ ਸਲਾਹ ਦਿੱਤੀ।
ਪਿਛਲੇ ਸਾਲਾਂ ਦੇ ਪ੍ਰਸ਼ਨ-ਪੱਤਰਾਂ ਦੇ ਆਧਾਰ ‘ਤੇ ਪ੍ਰੀਖਿਆ ਤਿਆਰੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਕਸਰ ਪੇਪਰ ਮੁਸ਼ਕਲ ਇਸ ਲਈ ਲੱਗਦਾ ਹੈ ਕਿਉਂਕਿ ਉਨ੍ਹਾਂ ਦਾ ਧਿਆਨ ਸਿਰਫ਼ ਦੁਹਰਾਏ ਜਾਣ ਵਾਲੇ ਪੈਟਰਨਾਂ ਤੱਕ ਸੀਮਤ ਰਹਿੰਦਾ ਹੈ, ਨਾ ਕਿ ਇਸ ਲਈ ਕਿ ਪੇਪਰ ਸਿਲੇਬਸ ਤੋਂ ਬਾਹਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮੱਸਿਆ ਉਨ੍ਹਾਂ ਦੇ ਵਿਦਿਆਰਥੀ ਦੌਰ ਵਿੱਚ ਵੀ ਸੀ ਅਤੇ ਕਈ ਵਾਰ ਅਧਿਆਪਕ ਵੀ ਸਿਰਫ਼ ਅੰਕਾਂ ‘ਤੇ ਧਿਆਨ ਕੇਂਦ੍ਰਿਤ ਕਰ ਦਿੰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਚੰਗੇ ਅਧਿਆਪਕ ਪੂਰੇ ਸਿਲੇਬਸ ਦੀ ਪੜ੍ਹਾਈ ਕਰਵਾ ਕੇ ਸਮੂਹਿਕ ਵਿਕਾਸ ਯਕੀਨੀ ਬਣਾਉਂਦੇ ਹਨ ਅਤੇ ਜੀਵਨ ਨਾਲ ਉਸਦੀ ਸਾਂਝ ਵੀ ਸਮਝਾਉਂਦੇ ਹਨ। ਕ੍ਰਿਕਟ ਦੇ ਗੇਂਦਬਾਜ਼ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਿਰਫ਼ ਮੋਢੇ ਦੀਆਂ ਮਾਸਪੇਸ਼ੀਆਂ ਮਜ਼ਬੂਤ ਕਰਨਾ ਕਾਫ਼ੀ ਨਹੀਂ; ਪੂਰੇ ਸਰੀਰ ਅਤੇ ਮਨ ਦੀ ਕਸਰਤ, ਯੋਗ, ਸਹੀ ਖੁਰਾਕ ਅਤੇ ਪੂਰੀ ਨੀਂਦ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵੀ ਇਉਂ ਹੀ ਹੈ—ਇਹ ਸਿਰਫ਼ ਪ੍ਰੀਖਿਆਵਾਂ ਲਈ ਨਹੀਂ, ਜੀਵਨ ਲਈ ਹੈ ਅਤੇ ਇਮਤਿਹਾਨ ਆਪਣੇ ਆਪ ਦੀ ਪਰਖ ਲਈ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅੰਕ ਆਖ਼ਰੀ ਮੰਜ਼ਿਲ ਨਹੀਂ ਹਨ; ਜੀਵਨ ਦਾ ਸਮੂਹਿਕ ਵਿਕਾਸ ਹੀ ਅਸਲ ਮਕਸਦ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਸਿਰਫ਼ ਦਸ ਪ੍ਰਸ਼ਨਾਂ ਜਾਂ ਨਿਰਧਾਰਤ ਪੈਟਰਨਾਂ ‘ਤੇ ਧਿਆਨ ਕੇਂਦ੍ਰਿਤ ਕਰਨਾ ਸੀਮਤ ਸੋਚ ਹੈ। ਇਹ ਅਭਿਆਸ ਕੀਤੇ ਜਾ ਸਕਦੇ ਹਨ, ਪਰ ਤਿਆਰੀ ਦਾ ਵੱਡਾ ਹਿੱਸਾ ਕਿਤੇ ਜ਼ਿਆਦਾ ਸਿੱਖਣ ‘ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ।
ਬੋਰਡ ਤੋਂ ਪਹਿਲਾਂ ਦੇ ਪ੍ਰੀਖਿਆਵਾਂ ਦੌਰਾਨ ਪੜ੍ਹਾਈ ਦੇ ਦਬਾਅ ਨੂੰ ਸੰਭਾਲਣ ਬਾਰੇ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਆਮ ਚਿੰਤਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਿੱਖਿਆ ਨੂੰ ਜ਼ਬਰਦਸਤੀ ਜਾਂ ਬੋਝ ਵਜੋਂ ਨਹੀਂ ਦੇਖਣਾ ਚਾਹੀਦਾ, ਸਗੋਂ ਇਸ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋਣਾ ਲਾਜ਼ਮੀ ਹੈ। ਅਧੂਰੀ ਸ਼ਮੂਲੀਅਤ ਨਾਲ ਅਧੂਰੀ ਸਿੱਖਿਆ ਮਿਲਦੀ ਹੈ, ਜੋ ਸਫ਼ਲਤਾ ਨਹੀਂ ਦੇ ਸਕਦੀ। ਉਨ੍ਹਾਂ ਨੇ ਅੰਕਾਂ ਪ੍ਰਤੀ ਹੱਦ ਤੋਂ ਵੱਧ ਲਗਾਅ ਤੋਂ ਸਾਵਧਾਨ ਕਰਦਿਆਂ ਪੁੱਛਿਆ ਕਿ ਕੀ ਕਿਸੇ ਨੂੰ ਯਾਦ ਹੈ ਕਿ ਪਿਛਲੇ ਸਾਲ ਬੋਰਡਾਂ ਵਿੱਚ ਸਭ ਤੋਂ ਵੱਧ ਅੰਕ ਲੈਣ ਵਾਲਾ ਵਿਦਿਆਰਥੀ ਕੌਣ ਸੀ। ਜਦੋਂ ਵਿਦਿਆਰਥੀ ਨੇ ‘ਨਹੀਂ’ ਕਿਹਾ, ਤਾਂ ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਥੋੜ੍ਹੇ ਸਮੇਂ ਲਈ ਸਲਾਹੀਆਂ ਜਾਂਦੀਆਂ ਹਨ ਅਤੇ ਜਲਦੀ ਭੁੱਲ ਜਾਂਦੀਆਂ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਅੰਕਾਂ ਦੀ ਮਹੱਤਤਾ ਕਿੰਨੀ ਘੱਟ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਆਪਣੇ ਮਨ ਨੂੰ ਅੰਕਾਂ ਨਾਲ ਨਾ ਜੋੜਨ, ਸਗੋਂ ਇਸ ਗੱਲ ‘ਤੇ ਧਿਆਨ ਦੇਣ ਕਿ ਉਨ੍ਹਾਂ ਦਾ ਜੀਵਨ ਕਿੱਥੇ ਜਾ ਰਿਹਾ ਹੈ ਅਤੇ ਆਪਣੇ ਆਪ ਦੀ ਪਰਖ ਸਿਰਫ਼ ਕਲਾਸਰੂਮ ਜਾਂ ਪ੍ਰੀਖਿਆ ਹਾਲ ਵਿੱਚ ਹੀ ਨਹੀਂ, ਸਗੋਂ ਜੀਵਨ ਵਿੱਚ ਲਗਾਤਾਰ ਅੱਗੇ ਵਧਦੇ ਰਹਿਣ ਵਿੱਚ ਹੈ।
ਘੱਟ ਦਬਾਅ, ਵਧੇਰੇ ਪੜ੍ਹਾਈ
ਗੱਲਬਾਤ ਦੇ ਇਸ ਸੈਸ਼ਨ ਨੂੰ ਜਾਰੀ ਰੱਖਦਿਆਂ, ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਪੁੱਛਿਆ ਕਿ ਪੜ੍ਹਾਈ ਦੌਰਾਨ ਸ਼ਾਂਤ ਅਤੇ ਕੇਂਦ੍ਰਿਤ ਕਿਵੇਂ ਰਿਹਾ ਜਾਵੇ, ਕਿਉਂਕਿ ਕਈ ਵਾਰ ਧਿਆਨ ਭਟਕਾਉਣ ਵਾਲੇ ਵਿਚਾਰ ਆਉਂਦੇ ਹਨ ਅਤੇ ਪਾਠ ਜਲਦੀ ਭੁੱਲ ਜਾਂਦੇ ਹਨ। ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਇੱਕ ਉਦਾਹਰਣ ਦਿੱਤੀ ਅਤੇ ਕਿਹਾ, “ਜਿਵੇਂ ਤੁਸੀਂ ਅੱਜ ਇੱਥੇ ਆਏ ਹੋ, ਕੀ 25 ਸਾਲ ਬਾਅਦ ਵੀ ਜੇ ਕੋਈ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਪੁੱਛੇਗਾ ਤਾਂ ਤੁਸੀਂ ਭੁੱਲ ਜਾਵੋਗੇ ਜਾਂ ਯਾਦ ਰੱਖੋਗੇ?” ਵਿਦਿਆਰਥੀ ਨੇ ਕਿਹਾ ਕਿ ਇਹ ਹਮੇਸ਼ਾ ਇੱਕ ਖ਼ਾਸ ਪਲ ਵਜੋਂ ਯਾਦ ਰਹੇਗਾ। ਸ਼੍ਰੀ ਮੋਦੀ ਨੇ ਸਮਝਾਇਆ ਕਿ ਇਹ ਇਸ ਲਈ ਹੁੰਦਾ ਹੈ ਕਿਉਂਕਿ ਵਿਦਿਆਰਥੀ ਪੂਰੀ ਤਰ੍ਹਾਂ ਮੌਜੂਦਾ ਪਲ ਵਿੱਚ ਸ਼ਾਮਲ ਹੁੰਦਾ ਹੈ, ਜਿਸ ਨਾਲ ਯਾਦਾਂ ਲੰਮੇ ਸਮੇਂ ਲਈ ਬਣੀਆਂ ਰਹਿੰਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਯਾਦਾਂ ਉਸ ਵੇਲੇ ਟਿਕਦੀਆਂ ਹਨ, ਜਦੋਂ ਵਿਅਕਤੀ ਪੂਰੀ ਤਰ੍ਹਾਂ ਸ਼ਾਮਲ ਹੁੰਦਾ ਹੈ ਅਤੇ ਜਦੋਂ ਤਜਰਬੇ ਦੋਸਤਾਂ ਨਾਲ ਸਾਂਝੇ ਕੀਤੇ ਜਾਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਘੱਟ ਆਤਮ-ਵਿਸ਼ਵਾਸ ਵਾਲੇ ਦੋਸਤਾਂ ਨਾਲ ਦੋਸਤੀ ਕਰੋ ਅਤੇ ਉਨ੍ਹਾਂ ਨੂੰ ਪੜ੍ਹਾਓ, ਨਾਲ ਹੀ ਹੋਰ ਤੇਜ਼ ਵਿਦਿਆਰਥੀਆਂ ਕੋਲੋਂ ਕੁਝ ਮਿੰਟਾਂ ਲਈ ਮਾਰਗ-ਦਰਸ਼ਨ ਲੈ ਕੇ ਆਪਣੇ ਗਿਆਨ ਨੂੰ ਵਧਾਓ। ਉਨ੍ਹਾਂ ਨੇ ਕਿਹਾ ਕਿ ਇਸ ਦੋਹਰੇ ਲਾਭ ਨਾਲ ਨਵੇਂ ਵਿਚਾਰ ਮਿਲਦੇ ਹਨ, ਮਨ ਖੁੱਲ੍ਹਦਾ ਹੈ ਅਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਜ਼ਬੂਤੀ ਆਉਂਦੀ ਹੈ।
ਪੰਜਾਬ ਤੋਂ ਆਏ ਇੱਕ ਹੋਰ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਨਮਸਕਾਰ ਕਰਦਿਆਂ ਪੁੱਛਿਆ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆਵਾਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਇੱਕੋ ਸਮੇਂ ਤਿਆਰੀ ਕਰਨੀ ਕਿੰਨੀ ਮੁਸ਼ਕਲ ਹੁੰਦੀ ਹੈ, ਕਿਉਂਕਿ ਦੋਹਾਂ ਦੇ ਪੈਟਰਨ ਵੱਖਰੇ ਹਨ ਅਤੇ ਸਮਾਂ ਵੀ ਇੱਕ-ਦੂਜੇ ਨਾਲ ਟਕਰਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਚਿੰਤਾ ਨੂੰ ਮੰਨਦੇ ਹੋਏ ਇਸਦੀ ਤੁਲਨਾ ਇੱਕੋ ਸਮੇਂ ਕ੍ਰਿਕਟ ਅਤੇ ਫੁੱਟਬਾਲ ਖੇਡਣ ਨਾਲ ਕੀਤੀ ਅਤੇ ਕਿਹਾ ਕਿ ਪਹਿਲ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਵਿਦਿਆਰਥੀ ਆਪਣਾ ਸਿਲੇਬਸ ਪੂਰੀ ਤਰ੍ਹਾਂ ਅੰਦਰੋਂ ਅੰਦਰ ਸਮਝ ਲੈਣ, ਤਾਂ ਪ੍ਰਤੀਯੋਗੀ ਪ੍ਰੀਖਿਆਵਾਂ ਆਪਣੇ ਆਪ ਹੀ ਇੱਕ ਉਤਪਾਦ ਵਜੋਂ ਸਫ਼ਲ ਹੋ ਜਾਂਦੀਆਂ ਹਨ ਅਤੇ ਵੱਖਰੇ ਯਤਨਾਂ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਨੇ ਮਾਪਿਆਂ ਨੂੰ ਵੀ ਸਲਾਹ ਦਿੱਤੀ ਕਿ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ, ਯੋਗਤਾ ਅਤੇ ਰੁਚੀ ਅਨੁਸਾਰ ਖਿੜ੍ਹਨ ਦੇਣ।
ਅੰਕਾਂ, ਖੇਡਾਂ ਅਤੇ ਹਾਸੇ ਦਰਮਿਆਨ ਸੰਤੁਲਨ
ਇੱਕ ਵਿਦਿਆਰਥੀ ਨੇ ਸਮਾਜਕ ਦਬਾਅ ਦੇ ਬਾਵਜੂਦ ਗੇਮਿੰਗ ਵਿੱਚ ਭਵਿੱਖ ਬਣਾਉਣ ਬਾਰੇ ਸਵਾਲ ਪੁੱਛਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ੁਰੂ ਵਿੱਚ ਮਾਪੇ ਅਕਸਰ ਹੌਸਲਾ ਨਹੀਂ ਦਿੰਦੇ, ਪਰ ਜਦੋਂ ਸਫ਼ਲਤਾ ਮਿਲਦੀ ਹੈ ਤਾਂ ਉਹੀ ਮਾਪੇ ਮਾਣ ਮਹਿਸੂਸ ਕਰਦੇ ਹਨ ਅਤੇ ਖ਼ੁਸ਼ੀ ਮਨਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀ ਨੂੰ ਪ੍ਰੇਰਿਤ ਕੀਤਾ ਕਿ ਗੇਮਿੰਗ ਵਿੱਚ ਆਪਣੀ ਦਿਲਚਸਪੀ ਨੂੰ ਸਕਾਰਾਤਮਕ ਦਿਸ਼ਾ ਵਿੱਚ ਲੈ ਕੇ ਜਾਵੇ ਅਤੇ ਭਾਰਤ ਦੀ ਖ਼ੁਸ਼ਹਾਲ ਕਹਾਣੀ-ਪਰੰਪਰਾ, ਜਿਵੇਂ ਪੰਚਤੰਤਰ ਜਾਂ ਪੁਰਾਤਨ ਘਟਨਾਵਾਂ ‘ਤੇ ਆਧਾਰਤ ਗੇਮ ਬਣਾਏ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਾਂਝਾ ਕਰੇ ਤਾਂ ਜੋ ਪਛਾਣ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਗੇਮਿੰਗ ਇੱਕ ਹੁਨਰ ਹੈ, ਜਿਸ ਲਈ ਤੇਜ਼ੀ ਅਤੇ ਸਾਵਧਾਨੀ ਦੀ ਲੋੜ ਹੁੰਦੀ ਹੈ, ਜੋ ਆਤਮ-ਵਿਕਾਸ ਵਿੱਚ ਮਦਦਗਾਰ ਹੈ। ਉਨ੍ਹਾਂ ਨੇ ਉੱਚ-ਗੁਣਵੱਤਾ ਵਾਲੀਆਂ ਗੇਮਾਂ ਵਿੱਚ ਮੁਹਾਰਤ ਹਾਸਲ ਕਰਨ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ, ਉਨ੍ਹਾਂ ਨੇ ਗੇਮਿੰਗ ਵਿੱਚ ਜੂਏ ਤੋਂ ਸਾਵਧਾਨ ਰਹਿਣ ਲਈ ਆਖਿਆ ਅਤੇ ਦੱਸਿਆ ਕਿ ਅਜਿਹੀਆਂ ਪ੍ਰਥਾਵਾਂ ਨੂੰ ਰੋਕਣ ਲਈ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਗੇਮਿੰਗ ਨੂੰ ਰਚਨਾਤਮਕ ਹੁਨਰ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ।
ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਆ ਕੇ ਖ਼ੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਦੋਸਤਾਨਾ ਸੁਭਾਅ, ਵਿਦਿਆਰਥੀਆਂ ਦੇ ਸਵਾਲਾਂ ਵਿੱਚ ਦਿਲਚਸਪੀ ਅਤੇ ਸੋਚ-ਵਿਚਾਰ ਨਾਲ ਦਿੱਤੇ ਜਵਾਬ ਬਹੁਤ ਪ੍ਰਭਾਵਸ਼ਾਲੀ ਸਨ।
ਡਰ ਨੂੰ ਤਾਕਤ ਵਿੱਚ ਬਦਲਣਾ — ਤਣਾਅ, ਸਮਾਂ ਅਤੇ ਆਤਮ-ਵਿਸ਼ਵਾਸ ਦਾ ਪ੍ਰਬੰਧਨ
ਵਿਦਿਆਰਥੀਆਂ ਨੇ ਸਾਂਝਾ ਕੀਤਾ ਕਿ 'ਐਗਜ਼ਾਮ ਵਾਰੀਅਰਜ਼' ਕਿਤਾਬ ਪੜ੍ਹਨ ਨਾਲ ਪ੍ਰੀਖਿਆਵਾਂ ਪ੍ਰਤੀ ਉਨ੍ਹਾਂ ਦਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਬਦਲ ਗਿਆ। ਇੱਕ ਵਿਦਿਆਰਥੀ ਨੇ ਕਿਹਾ ਕਿ ਪਹਿਲਾਂ ਪ੍ਰੀਖਿਆਵਾਂ ਡਰ ਅਤੇ ਤਣਾਅ ਦਾ ਕਾਰਨ ਹੁੰਦੀਆਂ ਸਨ, ਪਰ ਕਿਤਾਬ ਪੜ੍ਹਨ ਤੋਂ ਬਾਅਦ ਪ੍ਰੀਖਿਆਵਾਂ ਦੋਸਤ ਬਣ ਗਈਆਂ ਹਨ। ਦੂਜੇ ਵਿਦਿਆਰਥੀ ਨੇ ਦੱਸਿਆ ਕਿ ਪਹਿਲਾਂ ਉਹ ਦੂਜਿਆਂ ਨਾਲ ਆਪਣੀ ਤੁਲਨਾ ਕਰਕੇ ਘਬਰਾਉਂਦਾ ਸੀ, ਪਰ ਹੁਣ ਉਸਨੂੰ ਅਹਿਸਾਸ ਹੋ ਗਿਆ ਹੈ ਕਿ ਉਸਦਾ ਆਪਣਾ ਤਰੀਕਾ ਵਿਲੱਖਣ ਅਤੇ ਪ੍ਰਭਾਵਸ਼ਾਲੀ ਹੈ। ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਸਮਾਂ ਪ੍ਰਬੰਧਨ ਹਮੇਸ਼ਾ ਮੁਸ਼ਕਲ ਰਿਹਾ, ਪਰ 'ਐਗਜ਼ਾਮ ਵਾਰੀਅਰਜ਼' ਤੋਂ ਸਿੱਖ ਕੇ ਉਸਨੇ ਸਵੇਰੇ ਜਲਦੀ ਉੱਠਣ ਅਤੇ ਕੰਮਾਂ ਨੂੰ ਚੰਗੀ ਤਰ੍ਹਾਂ ਸੰਭਾਲਣ ਦਾ ਫੈਸਲਾ ਕੀਤਾ।
ਪ੍ਰਧਾਨ ਮੰਤਰੀ ਨੇ ਸਮਾਂ ਪ੍ਰਬੰਧਨ ਲਈ ਇੱਕ ਸੌਖਾ ਤਰੀਕਾ ਦੱਸਿਆ—ਸੌਣ ਤੋਂ ਪਹਿਲਾਂ ਡਾਇਰੀ ਵਿੱਚ ਅਗਲੇ ਦਿਨ ਦੇ ਕੰਮ ਲਿਖੋ, ਅਗਲੇ ਦਿਨ ਉਨ੍ਹਾਂ ਨੂੰ ਦੇਖੋ ਅਤੇ ਦੇਖੋ ਕਿ ਕਿਹੜੇ ਕੰਮ ਅਧੂਰੇ ਰਹਿ ਗਏ ਅਤੇ ਕਿਉਂ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਸਹੀ ਵਰਤੋਂ ਸਿੱਖਣ ਨਾਲ ਦਬਾਅ ਅਤੇ ਥਕਾਵਟ ਦੂਰ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣ ਦੇ ਬਾਵਜੂਦ, ਸਮੇਂ ਦੀ ਢੰਗ ਨਾਲ ਵਰਤੋਂ ਕਰਨ ਦੀ ਆਦਤ ਉਨ੍ਹਾਂ ਨੂੰ ਤਣਾਅ ਮੁਕਤ ਰੱਖਦੀ ਹੈ।
ਵਿਦਿਆਰਥੀਆਂ ਨੇ ਦੱਸਿਆ ਕਿ ਗਣਿਤ ਵਰਗੇ ਵਿਸ਼ਿਆਂ ਤੋਂ ਡਰ ਹੁਣ ਦਿਲਚਸਪੀ ਵਿੱਚ ਬਦਲ ਗਿਆ ਹੈ। ਇੱਕ ਵਿਦਿਆਰਥੀ ਨੇ ਕਿਹਾ ਕਿ ਜੋ ਗਣਿਤ ਪਹਿਲਾਂ ਭੂਤ ਵਰਗੀ ਲੱਗਦਾ ਸੀ, ਹੁਣ ਉਨ੍ਹਾਂ ਦਾ ਸ਼ੌਕ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਵੈਦਿਕ ਗਣਿਤ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸਨੂੰ ਰੋਚਕ ਅਤੇ ਜਾਦੂਈ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਕਨੀਕਾਂ ਦੋਸਤਾਂ ਨਾਲ ਸਾਂਝੀਆਂ ਕਰਨ ਨਾਲ ਦਿਲਚਸਪੀ ਹੋਰ ਵਧਦੀ ਹੈ।
ਇੱਕ ਹੋਰ ਵਿਦਿਆਰਥੀ ਨੇ ਕਿਹਾ ਕਿ ਪਹਿਲਾਂ ਪ੍ਰੀਖਿਆ ਦੀਆਂ ਤਰੀਕਾਂ ਡਰ ਪੈਦਾ ਕਰਦੀਆਂ ਸਨ, ਪਰ ਕਿਤਾਬ ਦੇ ਇਸ ਮੰਤਰ 'ਪ੍ਰੀਖਿਆ ਨੂੰ ਜਸ਼ਨ ਵਜੋਂ ਮਨਾਉਣ' ਨੇ ਉਸ ਨੂੰ ਪ੍ਰੇਰਣਾ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੀਕਸ਼ਾ ਪੇ ਚਰਚਾ ਤੋਂ ਮਿਲੀਆਂ ਸਿੱਖਿਆਵਾਂ ਪਰਿਵਾਰਕ ਮੈਂਬਰਾਂ ਨਾਲ ਵੀ ਸਾਂਝੀਆਂ ਕੀਤੀਆਂ ਜਾਣ, ਕਿਉਂਕਿ ਉਨ੍ਹਾਂ ਲਈ ਵੀ ਓਨੀਆਂ ਹੀ ਲਾਹੇਵੰਦ ਹਨ।
ਵਿਦਿਆਰਥੀਆਂ ਨੇ ਕਿਹਾ ਕਿ ਘੱਟ ਅੰਕਾਂ ਦੇ ਡਰ ਤੋਂ ਉਹ ਬਾਹਰ ਆ ਗਏ ਹਨ ਅਤੇ ਸਮਝ ਲਿਆ ਹੈ ਕਿ ਅੰਕ ਹੀ ਸਭ ਕੁਝ ਨਹੀਂ। ਉਨ੍ਹਾਂ ਨੇ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਅਸਫ਼ਲਤਾਵਾਂ ਦੇ ਬਾਵਜੂਦ ਹੌਸਲਾ ਨਹੀਂ ਛੱਡਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤਣਾਅ ਘੱਟ ਹੁੰਦਾ ਹੈ ਤਾਂ ਮਨ ਨਵੇਂ ਹੁਨਰ, ਜਿਵੇਂ ਗਾਇਕੀ, ਚਿੱਤਰਕਾਰੀ ਜਾਂ ਕਵਿਤਾ ਲਿਖਣ ਵੱਲ ਖੁੱਲ੍ਹਦਾ ਹੈ ਅਤੇ ਉਨ੍ਹਾਂ ਨੇ ਰਚਨਾਤਮਕ ਗਤੀਵਿਧੀਆਂ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
ਕਿਤਾਬ ਤੋਂ ਮਿਲਿਆ ਆਤਮ-ਵਿਸ਼ਵਾਸ ਵਿਦਿਆਰਥੀਆਂ ਨੂੰ ਪੇਸ਼ਕਾਰੀ ਦੇ ਡਰ ਤੋਂ ਵੀ ਬਾਹਰ ਲੈ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ-ਵਿਸ਼ਵਾਸ ਸੱਚ ਅਤੇ ਤਜਰਬੇ ਤੋਂ ਪੈਦਾ ਹੁੰਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਆਮ ਲੋਕ ਆਪਣੇ ਵੇਖੇ ਹੋਏ ਘਟਨਾਕ੍ਰਮ ਬਾਰੇ ਸੁਖਾਲ਼ੀ ਗੱਲ ਕਰ ਲੈਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਪ੍ਰਾਪਤੀਆਂ ਦੇ ਸੱਚ ਤੋਂ ਪੈਦਾ ਹੁੰਦਾ ਹੈ।
ਇੱਕ ਵਿਦਿਆਰਥੀ ਨੇ ਕਿਹਾ ਕਿ ਪਹਿਲਾਂ ਲੰਮੇ ਸਾਹਿਤਕ ਪ੍ਰਸ਼ਨ-ਪੱਤਰ ਉਸ ਨੂੰ ਘਬਰਾਹਟ ਵਿੱਚ ਪਾ ਦਿੰਦੇ ਸਨ, ਪਰ ਹੁਣ ਉਹ ਤੇਜ਼ ਲਿਖਣ ਅਤੇ ਲਿਖਾਵਟ ਸੁਧਾਰਨ ਦਾ ਅਭਿਆਸ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਪ੍ਰਸ਼ਨ-ਪੱਤਰ ਸ਼ੁਰੂ ਕਰਨ ਤੋਂ ਪਹਿਲਾਂ 30 ਸਕਿੰਟ ਰੁਕੋ, ਡੂੰਘਾ ਸਾਹ ਲਓ ਅਤੇ ਮਨ ਨੂੰ ਮੁੜ ਸਥਿਰ ਕਰੋ। ਉਨ੍ਹਾਂ ਨੇ ਕਿਹਾ ਕਿ ਗਲਤੀਆਂ ਅਕਸਰ ਗਿਆਨ ਦੀ ਘਾਟ ਕਾਰਨ ਨਹੀਂ, ਸਗੋਂ ਜਲਦਬਾਜ਼ੀ ਕਾਰਨ ਹੁੰਦੀਆਂ ਹਨ। ਉਨ੍ਹਾਂ ਨੇ ਨਤੀਜਾ ਕੱਢਿਆ ਕਿ ਢੰਗੀ ਤਕਨੀਕਾਂ ਅਤੇ ਆਤਮ-ਵਿਸ਼ਵਾਸ ਨਾਲ ਵਿਦਿਆਰਥੀ ਪ੍ਰੀਖਿਆ ਡਰ ‘ਤੇ ਕਾਬੂ ਪਾ ਸਕਦੇ ਹਨ ਅਤੇ ਸਫ਼ਲ ਹੋ ਸਕਦੇ ਹਨ।
ਸ਼ੋਰ ਵਿੱਚ ਵੀ ਡਟੇ ਰਹਿਣਾ
ਇੱਕ ਵਿਦਿਆਰਥੀ ਨੇ ਪੁੱਛਿਆ ਕਿ ਘਰ ਦੇ ਸ਼ੋਰ ਅਤੇ ਮਾਪਿਆਂ ਦੇ ਸਹਿਯੋਗ ਦੀ ਘਾਟ 'ਚ ਪੜ੍ਹਾਈ ਕਿਵੇਂ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਯਾਦ ਕਰਵਾਈ, ਜਿਸ ਵਿੱਚ ਇੱਕ ਬੱਚਾ ਸਮਾਨ ਨਾਲ ਭਰੀ ਬੈਲਗੱਡੀ ਦੇ ਉੱਪਰ ਬੈਠ ਕੇ ਪੜ੍ਹ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਲਈ ਆਰਾਮ ਲਾਜ਼ਮੀ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਦੇ ਕਈ ਟਾਪਰ ਛੋਟੇ ਪਿੰਡਾਂ ਤੋਂ ਹੁੰਦੇ ਹਨ, ਜਿੱਥੇ ਸਹੂਲਤਾਂ ਨਹੀਂ ਹੁੰਦੀਆਂ। ਉਨ੍ਹਾਂ ਨੇ ਦੇਖਣ ਤੋਂ ਅਸਮਰੱਥ ਕੁੜੀਆਂ ਦੀ ਪ੍ਰੇਰਣਾਦਾਇਕ ਕਹਾਣੀ ਵੀ ਸਾਂਝੀ ਕੀਤੀ, ਜਿਨ੍ਹਾਂ ਨੇ ਮੁਸ਼ਕਲਾਂ ਦੇ ਬਾਵਜੂਦ ਕ੍ਰਿਕਟ ਵਿੱਚ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੀਵਨ ਆਰਾਮਦਾਇਕ ਹਾਲਾਤ ਨਾਲ ਨਹੀਂ, ਸਗੋਂ ਇਸ ਗੱਲ ਨਾਲ ਬਣਦਾ ਹੈ ਕਿ ਅਸੀਂ ਜੀਵਨ ਕਿਵੇਂ ਜਿਊਂਦੇ ਹਾਂ।
ਤਾਮਿਲਨਾਡੂ ਤੋਂ ਆਏ ਇੱਕ ਹੋਰ ਵਿਦਿਆਰਥੀ ਨੇ ਮਹਿਮਾਨਾਂ ਦੇ ਆਉਣ ਕਾਰਨ ਪ੍ਰੀਖਿਆ ਤਿਆਰੀ ਵਿੱਚ ਆ ਰਹੀ ਰੁਕਾਵਟ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਸਥਿਤੀ ਨੂੰ ਸਕਾਰਾਤਮਕ ਬਣਾਉਂਦੇ ਹੋਏ ਮਹਿਮਾਨਾਂ ਨੂੰ ਉਨ੍ਹਾਂ ਦੇ ਬਚਪਨ ਦੇ ਤਜਰਬਿਆਂ ਬਾਰੇ ਪੁੱਛੋ, ਤਾਂ ਜੋ ਧਿਆਨ ਬਦਲੇ ਅਤੇ ਦਬਾਅ ਘੱਟ ਹੋਵੇ।
ਵੱਡੇ ਸੁਪਨੇ, ਵੱਡੇ ਕੰਮ
ਲੱਦਾਖ ਤੋਂ ਆਏ ਇੱਕ ਵਿਦਿਆਰਥੀ ਨੇ ਪੁੱਛਿਆ ਕਿ ਕੀ ਬੱਚਿਆਂ ਨੂੰ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਪਨੇ ਨਾ ਦੇਖਣਾ ਇੱਕ ਅਪਰਾਧ ਹੈ, ਪਰ ਸੁਪਨਿਆਂ ਦੇ ਨਾਲ ਕੰਮ ਜੁੜੇ ਹੋਣੇ ਲਾਜ਼ਮੀ ਹਨ। ਉਨ੍ਹਾਂ ਨੇ ਸਮਝਾਇਆ ਕਿ ਪੁਲਾੜ ਯਾਤਰੀ ਬਣਨ ਵਰਗੀਆਂ ਇੱਛਾਵਾਂ ਲਈ ਪੜ੍ਹਾਈ, ਜੀਵਨੀਆਂ ਪੜ੍ਹਨਾ ਅਤੇ ਧਿਆਨ ਕੇਂਦ੍ਰਿਤ ਦਿਲਚਸਪੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਨੇ ਸੁਪਨਿਆਂ ਨੂੰ ਸਭ ਦੇ ਸਾਹਮਣੇ ਜ਼ਾਹਰ ਕਰਨ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਤਾਂ ਜੋ ਮਖੌਲ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਲਿਖ ਕੇ ਰੱਖਣ ਅਤੇ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਪਾਲਦੇ ਰਹਿਣ ਲਈ ਉਤਸ਼ਾਹਿਤ ਕੀਤਾ।
ਵੱਡੇ ਸੁਪਨੇ ਪੂਰੇ ਕਰਨ ਲਈ ਰੋਜ਼ਾਨਾ ਦੀਆਂ ਆਦਤਾਂ ਬਾਰੇ ਹੋਰ ਸਵਾਲ ਦੇ ਜਵਾਬ ਵਿੱਚ ਸ਼੍ਰੀ ਮੋਦੀ ਨੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸ਼ੁਰੂਆਤੀ ਕਦਮਾਂ ਨੂੰ ਸਮਝਣ ਨਾਲ ਵਿਦਿਆਰਥੀ ਆਪਣੇ ਆਪ ਨੂੰ ਉਨ੍ਹਾਂ ਨਾਲ ਜੋੜ ਸਕਦੇ ਹਨ ਅਤੇ ਆਤਮ-ਵਿਸ਼ਵਾਸ ਹਾਸਲ ਕਰਦੇ ਹਨ, ਜਿਸ ਨਾਲ ਉਹ ਕਦਮ-ਦਰ-ਕਦਮ ਅੱਗੇ ਵਧਣ ਦਾ ਰਾਹ ਸਮਝਦੇ ਹਨ।
ਇਸ ਤੋਂ ਬਾਅਦ ਇੱਕ ਵਿਦਿਆਰਥੀ ਨੇ ਪ੍ਰਧਾਨ ਮੰਤਰੀ ਨੂੰ ਸਮਰਪਿਤ ਇੱਕ ਭਾਵੁਕ ਕਵਿਤਾ ਪੜ੍ਹੀ, ਜਿਸ ਵਿੱਚ ਉਨ੍ਹਾਂ ਨੂੰ ਭਾਰਤ ਦਾ ਮਾਣ, ਮਨੁੱਖਤਾ ਦਾ ਸੇਵਕ ਅਤੇ ਦੇਸ਼ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਵਾਲਾ ਨੇਤਾ ਦਰਸਾਇਆ ਗਿਆ। ਪ੍ਰਧਾਨ ਮੰਤਰੀ ਨੇ ਕਵਿਤਾ ਦੀ ਤਹਿ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀ ਦੀ ਸ਼ਲਾਘਾ ਕੀਤੀ।
ਜਦੋਂ ਪ੍ਰਧਾਨ ਮੰਤਰੀ ਅਧਿਆਪਕ ਬਣੇ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ 2047 ਤੱਕ, ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ਮੌਕੇ, ਇੱਕ ਵਿਕਸਿਤ ਭਾਰਤ ਦੀ ਕਲਪਨਾ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਉਸ ਸਮੇਂ 35 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਆਪਣੀ ਜ਼ਿੰਦਗੀ ਦੇ ਸਭ ਤੋਂ ਅਹਿਮ ਦੌਰ ਵਿੱਚ ਹੋਣਗੇ ਅਤੇ ਇਸ ਦ੍ਰਿਸ਼ਟੀਕੋਣ ਦਾ ਸਭ ਤੋਂ ਵੱਧ ਫ਼ਲ ਉਨ੍ਹਾਂ ਨੂੰ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਮਹਾਤਮਾ ਗਾਂਧੀ 1915 ਵਿੱਚ ਅਫ਼ਰੀਕਾ ਤੋਂ ਵਾਪਸ ਆਏ ਅਤੇ 1947 ਤੱਕ ਆਜ਼ਾਦੀ ਦੀ ਲੜਾਈ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਭਗਤ ਸਿੰਘ ਵਰਗੇ ਮਹਾਨ ਨੇਤਾਵਾਂ ਦੀਆਂ ਕੁਰਬਾਨੀਆਂ ਨੇ ਪੀੜ੍ਹੀਆਂ ਨੂੰ ਆਜ਼ਾਦੀ ਲਈ ਸੰਘਰਸ਼ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੇ ਇੰਨੀ ਵੱਡੀ ਆਜ਼ਾਦੀ ਹਾਸਲ ਕੀਤੀ ਜਾ ਸਕਦੀ ਹੈ, ਤਾਂ ਸਾਂਝੇ ਯਤਨਾਂ ਨਾਲ ਇੱਕ ਵਿਕਸਿਤ ਭਾਰਤ ਵੀ ਨਿਸ਼ਚਤ ਤੌਰ ‘ਤੇ ਬਣ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਵਿਕਸਿਤ ਭਾਰਤ ਲਈ ਆਪਣੇ ਨਿੱਜੀ ਸੰਕਲਪ ਲਿਖਣ ਲਈ ਕਿਹਾ ਅਤੇ ਉਨ੍ਹਾਂ ਨੂੰ ਪੰਜ ਅਜਿਹੇ ਕੰਮ ਦਰਜ ਕਰਨ ਲਈ ਕਿਹਾ ਜੋ ਉਹ ਕਰ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਜਵਾਬਾਂ ਵਿੱਚ ਹੁਨਰ ਵਿਕਾਸ, ਆਤਮ-ਵਿਸ਼ਵਾਸ ਅਤੇ ਦੇਸੀ ਉਤਪਾਦਾਂ ਦੀ ਵਰਤੋਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਅਪਣਾਉਣ ਦੀ ਸ਼ੁਰੂਆਤ ਮਨ ਦੀ ਤਿਆਰੀ ਅਤੇ ਗ਼ੁਲਾਮੀ ਵਾਲੀ ਸੋਚ ਨੂੰ ਛੱਡਣ ਨਾਲ ਹੁੰਦੀ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਸਕੂਲਾਂ ਵਿੱਚ ਵੀ ਵਿਦੇਸ਼ੀ ਚੀਜ਼ਾਂ ਪ੍ਰਤੀ ਆਕਰਸ਼ਣ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਦੀ ਸੂਚੀ ਬਣਾਉਣ, ਵਿਦੇਸ਼ੀ ਉਤਪਾਦਾਂ ਦੀ ਪਛਾਣ ਕਰਨ ਅਤੇ ਹੌਲੀ-ਹੌਲੀ ਉਨ੍ਹਾਂ ਨੂੰ ਭਾਰਤੀ ਵਿਕਲਪਾਂ ਨਾਲ ਬਦਲਣ, ਤਾਂ ਜੋ ਇੱਕ ਸਾਲ ਦੇ ਅੰਦਰ ਉਨ੍ਹਾਂ ਦੇ ਘਰ ਭਾਰਤੀ ਉਤਪਾਦਾਂ ਨਾਲ ਭਰ ਜਾਣ। ਉਨ੍ਹਾਂ ਨੇ ਕਿਹਾ ਕਿ ਜੇ ਭਾਰਤੀ ਆਪਣੇ ਹੀ ਉਤਪਾਦਾਂ ‘ਤੇ ਮਾਣ ਨਹੀਂ ਕਰਨਗੇ, ਤਾਂ ਦੁਨੀਆ ਵੀ ਨਹੀਂ ਕਰੇਗੀ। ਉਨ੍ਹਾਂ ਨੇ ਦੇਰੀ ਲਈ “ਇੰਡੀਅਨ ਟਾਈਮ” ਨੂੰ ਦੋਸ਼ ਦੇਣ ਦੀ ਆਦਤ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਅਜਿਹੀ ਸੋਚ ਦੇਸ਼ ਦੀ ਬੇਇਜ਼ਤੀ ਹੈ। ਉਨ੍ਹਾਂ ਨੇ ਕਿਹਾ ਕਿ ਫ਼ਰਜ਼ ਦੀ ਸ਼ੁਰੂਆਤ ਸਫ਼ਾਈ ਨਾਲ ਹੁੰਦੀ ਹੈ। ਉਨ੍ਹਾਂ ਨੇ ਸਮਝਾਇਆ ਕਿ ਵਿਕਸਿਤ ਦੇਸ਼ ਸਾਫ਼ ਇਸ ਲਈ ਨਹੀਂ ਦਿਸਦੇ ਕਿ ਉੱਥੇ ਸਫ਼ਾਈ ਕਰਮਚਾਰੀ ਵੱਧ ਹਨ, ਸਗੋਂ ਇਸ ਲਈ ਕਿ ਉੱਥੇ ਦੇ ਨਾਗਰਿਕ ਕੂੜਾ ਨਹੀਂ ਸੁੱਟਦੇ। ਉਨ੍ਹਾਂ ਨੇ ਕਿਹਾ ਕਿ ਭਾਰਤੀਆਂ ਨੂੰ ਇਹ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਉਹ ਕਦੇ ਵੀ ਸਫ਼ਾਈ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਜੇ ਕਿਤੇ ਕੂੜਾ ਵੇਖਣ, ਤਾਂ ਖੁਦ ਚੁੱਕ ਕੇ ਸੁੱਟਣ, ਤਾਂ ਜੋ ਕੂੜਾ ਸੁੱਟਣ ਵਾਲਿਆਂ ਵਿੱਚ ਸ਼ਰਮ ਪੈਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਆਪਣੀ ਸਿਹਤ ਦੀ ਸੰਭਾਲ ਵੀ ਇੱਕ ਫ਼ਰਜ਼ ਹੈ। ਜੇ ਨਾਗਰਿਕ ਇਹ ਜ਼ਿੰਮੇਵਾਰੀਆਂ ਨਿਭਾਉਣ, ਤਾਂ ਕੋਈ ਵੀ ਤਾਕਤ ਭਾਰਤ ਨੂੰ ਵਿਕਸਿਤ ਬਣਨ ਤੋਂ ਨਹੀਂ ਰੋਕ ਸਕਦੀ ਅਤੇ ਇਸਦਾ ਸਭ ਤੋਂ ਵੱਡਾ ਲਾਭ ਨੌਜਵਾਨਾਂ ਨੂੰ ਮਿਲੇਗਾ ਜਦੋਂ ਉਹ ਪੂਰੀ ਤਰ੍ਹਾਂ ਪੱਕੇ ਹੋਣਗੇ। ਉਨ੍ਹਾਂ ਨੇ ਪੁੱਛਿਆ ਕਿ ਕੀ ਅਜਿਹਾ ਕੰਮ ਕਰਨਾ ਚਾਹੀਦਾ ਹੈ ਜਿਸਦਾ ਫ਼ਲ ਉਨ੍ਹਾਂ ਨੂੰ ਮਿਲੇ, ਜਿਸ ‘ਤੇ ਵਿਦਿਆਰਥੀਆਂ ਨੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨੇ ਮੌਜੂਦਾ ਪੀੜ੍ਹੀ ਲਈ ਉਪਲਬਧ ਵਿਸ਼ਾਲ ਮੌਕਿਆਂ, ਖ਼ਾਸ ਕਰਕੇ ਤਕਨਾਲੋਜੀ ਦੇ ਖੇਤਰ ਵਿੱਚ, 'ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਅਜਿਹੇ ਮੌਕੇ ਨਹੀਂ ਸਨ, ਪਰ ਅੱਜ ਦੇ ਨੌਜਵਾਨਾਂ ਨੂੰ ਮਸਨੂਈ ਬੁੱਧੀ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਜੀਵਨੀਆਂ ਦਾ ਸਾਰ ਏਆਈ ਤੋਂ ਲੈਣਾ ਓਨਾ ਲਾਹੇਵੰਦ ਨਹੀਂ ਹੈ, ਪਰ ਜੇ ਏਆਈ ਤੋਂ ਉਮਰ ਅਤੇ ਦਿਲਚਸਪੀ ਅਨੁਸਾਰ ਜੀਵਨੀਆਂ ਦੀ ਸਿਫ਼ਾਰਸ਼ ਕਰਵਾਈ ਜਾਵੇ ਅਤੇ ਫਿਰ ਉਹ ਕਿਤਾਬਾਂ ਪੜ੍ਹੀਆਂ ਜਾਣ, ਤਾਂ ਅਸਲ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਏਆਈ ਮਨੋਰੰਜਨ ਨਹੀਂ, ਸਗੋਂ ਤਾਕਤ ਅਤੇ ਗਿਆਨ ਵਧਾਉਣ ਦਾ ਸਾਧਨ ਬਣਨਾ ਚਾਹੀਦਾ ਹੈ। ਵਿਦਿਆਰਥੀਆਂ ਨੇ ਏਆਈ ਦੀ ਵਰਤੋਂ ਬਾਰੇ ਮਾਰਗ-ਦਰਸ਼ਨ ਲਈ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਤਕਨਾਲੋਜੀ ਪ੍ਰਤੀ ਦਿਲਚਸਪੀ ਨਾਲ ਪੂਰੀ ਤਰ੍ਹਾਂ ਜੁੜਿਆ ਹੈ।
ਪ੍ਰਧਾਨ ਮੰਤਰੀ ਨੇ ਇੱਕ ਵਿਦਿਆਰਥੀ ਵੱਲੋਂ ਕਾਰਨਾਟਿਕ ਸ਼ਾਸਤਰੀ ਸੰਗੀਤ ਸ਼ੈਲੀ ਵਿੱਚ ਬੰਸਰੀ ਵਾਦਨ ਨੂੰ ਧਿਆਨ ਨਾਲ ਸੁਣਿਆ ਅਤੇ ਉਸਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇੱਕ ਵਿਦਿਆਰਥੀ ਵੱਲੋਂ ਭੇਟ ਕੀਤੇ ਗਏ ਦਸਤੀ ਬਣੇ ਗੁਲਦਸਤੇ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਹ ਉੱਤਰਾਖੰਡ ਵਿੱਚ ਬਸੰਤ ਪੰਚਮੀ ਦੀ ਪਰੰਪਰਾ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਤ੍ਰਿਪੁਰਾ ਦੀਆਂ ਪਰੰਪਰਾਵਾਂ ਦੇ ਹਵਾਲਿਆਂ ਦਾ ਜ਼ਿਕਰ ਕੀਤਾ ਅਤੇ ਜੈਵਿਕ ਚਾਹ ਅਤੇ ਅਸਾਮੀ ਗਮੋਸਾ ਭੇਟ ਕਰਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਵਿਤਾ ਲਿਖਣਾ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਸਭ ਨੂੰ ਤਹਿ ਦਿਲੋਂ ਧੰਨਵਾਦ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
'ਪ੍ਰੀਕਸ਼ਾ ਪੇ ਚਰਚਾ' ਦੀ ਆਉਣ ਵਾਲੀ ਕੜੀ ਦੀ ਝਲਕ ਸਾਂਝੀ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਿਦਿਆਰਥੀਆਂ ਨੇ ਸੁਝਾਅ ਦਿੱਤਾ ਸੀ ਕਿ “ਪ੍ਰੀਕਸ਼ਾ ਪੇ ਚਰਚਾ” ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਈ ਜਾਵੇ, ਜੋ ਇਸ ਵਿਸ਼ੇਸ਼ ਕੜੀ ਵਿੱਚ ਦਰਸਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਰਿਵਾਰਾਂ ਵਿੱਚ ਭੈਣ-ਭਰਾਵਾਂ ਦੀਆਂ ਚੰਗੀਆਂ ਖੂਬੀਆਂ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਮਹਾਨ ਬਣਨ ਦੀ ਇੱਛਾ ਗ਼ਲਤ ਨਹੀਂ, ਪਰ ਇਸਨੂੰ ਤੁਲਨਾ ਨਾਲ ਨਹੀਂ ਜੋੜਣਾ ਚਾਹੀਦਾ। ਉਨ੍ਹਾਂ ਨੇ ਨਿੱਜੀ ਅਤੇ ਸਮਾਜਿਕ ਜੀਵਨ ਵਿੱਚ ਸਿੱਖਿਆ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਖੇਡਾਂ ਵੀ ਜੀਵਨ ਦਾ ਅਟੁੱਟ ਹਿੱਸਾ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਅਤੇ ਤਜਰਬੇ ਖੁੱਲ੍ਹ ਕੇ ਸਾਂਝੇ ਕਰਨ ਲਈ ਸੱਦਾ ਦਿੱਤਾ।
ਅਗਲੀ ਕੜੀ 9 ਫਰਵਰੀ, 2026 ਨੂੰ ਸਵੇਰੇ 10 ਵਜੇ ਪ੍ਰਸਾਰਿਤ ਕੀਤੀ ਜਾਵੇਗੀ।
*****
ਐੱਮਜੇਪੀਐੱਸ/ਐੱਸਆਰ
(Release ID: 2225128)
ਵਿਜ਼ੀਟਰ ਕਾਊਂਟਰ : 14
Read this release in:
English
,
Urdu
,
Marathi
,
हिन्दी
,
Nepali
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam