ਪ੍ਰਧਾਨ ਮੰਤਰੀ ਦਫਤਰ
2026 ਬਜਟ ਸੈਸ਼ਨ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਬੋਧਨ
ਰਾਸ਼ਟਰਪਤੀ ਦਾ ਸੰਬੋਧਨ 140 ਕਰੋੜ ਭਾਰਤੀਆਂ ਦੇ ਆਤਮ-ਵਿਸ਼ਵਾਸ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ
ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤਾ ਨੌਜਵਾਨਾਂ, ਕਿਸਾਨਾਂ ਅਤੇ ਨਿਰਮਾਤਾਵਾਂ ਲਈ ਵਿਆਪਕ ਮੌਕੇ ਖੋਲ੍ਹਦਾ ਹੈ: ਪ੍ਰਧਾਨ ਮੰਤਰੀ
ਸਾਡੀ ਸਰਕਾਰ ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ ਵਿੱਚ ਯਕੀਨ ਰੱਖਦੀ ਹੈ; ਦੇਸ਼ ਤੇਜ਼ੀ ਨਾਲ ਸੁਧਾਰ ਦੇ ਰਾਹ 'ਤੇ ਕਦਮ ਵਧਾ ਰਿਹਾ ਹੈ: ਪ੍ਰਧਾਨ ਮੰਤਰੀ
ਭਾਰਤ ਦਾ ਲੋਕਤੰਤਰ ਅਤੇ ਜਨਸੰਖਿਆ ਦੁਨੀਆ ਲਈ ਉਮੀਦ ਦੀ ਕਿਰਨ ਹੈ: ਪ੍ਰਧਾਨ ਮੰਤਰੀ
ਇਹ ਹੱਲਾਂ, ਮਜ਼ਬੂਤ ਫ਼ੈਸਲਿਆਂ ਅਤੇ ਸੁਧਾਰਾਂ ਵਿੱਚ ਤੇਜ਼ੀ ਲਿਆਉਣ ਦਾ ਸਮਾਂ ਹੈ: ਪ੍ਰਧਾਨ ਮੰਤਰੀ
प्रविष्टि तिथि:
29 JAN 2026 11:52AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਕੰਪਲੈਕਸ ਵਿੱਚ 2026 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਦਾ ਭਾਸ਼ਣ 140 ਕਰੋੜ ਨਾਗਰਿਕਾਂ ਦੇ ਭਰੋਸੇ ਦਾ ਪ੍ਰਗਟਾਵਾ, ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਬੂਤ ਅਤੇ ਨੌਜਵਾਨਾਂ ਦੀਆਂ ਇੱਛਾਵਾਂ ਦਾ ਸਟੀਕ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਸੈਸ਼ਨ ਅਤੇ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਸਾਰੇ ਸੰਸਦ ਮੈਂਬਰਾਂ ਦੇ ਸਾਹਮਣੇ ਕਈ ਮਾਰਗ-ਦਰਸ਼ਕ ਨੁਕਤੇ ਰੱਖੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਮੁਖੀ ਵਜੋਂ ਰਾਸ਼ਟਰਪਤੀ ਵੱਲੋਂ ਸਰਲ ਸ਼ਬਦਾਂ ਵਿੱਚ ਪ੍ਰਗਟਾਈਆਂ ਗਈਆਂ ਉਮੀਦਾਂ ਨੂੰ ਸਾਰੇ ਸੰਸਦ ਮੈਂਬਰਾਂ ਨੇ ਗੰਭੀਰਤਾ ਨਾਲ ਲਿਆ ਹੋਵੇਗਾ, ਜਿਸ ਨਾਲ ਇਹ ਸੈਸ਼ਨ ਬੇਹੱਦ ਅਹਿਮ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਸੈਸ਼ਨ 21ਵੀਂ ਸਦੀ ਦੀ ਪਹਿਲੀ ਤਿਮਾਹੀ ਦੀ ਸਮਾਪਤੀ ਅਤੇ ਦੂਜੀ ਤਿਮਾਹੀ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ 2047 ਤੱਕ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਅਗਲੇ 25 ਸਾਲ ਅਹਿਮ ਹਨ ਅਤੇ ਇਹ ਬਜਟ ਸਦੀ ਦੀ ਦੂਜੀ ਤਿਮਾਹੀ ਦਾ ਪਹਿਲਾ ਬਜਟ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਜੋ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੈ, ਲਗਾਤਾਰ ਨੌਵੀਂ ਵਾਰ ਸੰਸਦ ਵਿੱਚ ਬਜਟ ਪੇਸ਼ ਕਰ ਰਹੀ ਹੈ, ਜੋ ਭਾਰਤ ਦੇ ਸੰਸਦੀ ਇਤਿਹਾਸ ਵਿੱਚ ਇੱਕ ਮਾਣਮੱਤਾ ਪਲ ਹੈ।
ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਸਾਲ ਦੀ ਸ਼ੁਰੂਆਤ ਬੇਹੱਦ ਸਕਾਰਾਤਮਕ ਰਹੀ ਹੈ, ਇੱਕ ਆਤਮ-ਵਿਸ਼ਵਾਸੀ ਭਾਰਤ ਦੁਨੀਆ ਲਈ ਉਮੀਦ ਦੀ ਕਿਰਨ ਅਤੇ ਖਿੱਚ ਦਾ ਕੇਂਦਰ ਬਣ ਕੇ ਉੱਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਿਮਾਹੀ ਦੀ ਸ਼ੁਰੂਆਤ ਵਿੱਚ ਭਾਰਤ ਅਤੇ ਯੂਰਪੀਅਨ ਯੂਨੀਅਨ ਵਿੱਚ ਹੋਇਆ ਮੁਕਤ ਵਪਾਰ ਸਮਝੌਤਾ ਭਾਰਤ ਦੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਅਤੇ ਅੱਗੇ ਦੀਆਂ ਆਸ਼ਾਵਾਦੀ ਦਿਸ਼ਾਵਾਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਮਝੌਤਾ ਅਭਿਲਾਸ਼ੀ ਭਾਰਤ, ਇੱਛਾਵਾਂ ਨਾਲ ਭਰੇ ਨੌਜਵਾਨਾਂ ਅਤੇ ਆਤਮ-ਨਿਰਭਰ ਭਾਰਤ ਲਈ ਮੁਕਤ ਵਪਾਰ ਹੈ। ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਭਰੋਸਾ ਪ੍ਰਗਟ ਕੀਤਾ ਕਿ ਭਾਰਤ ਦੇ ਨਿਰਮਾਤਾ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਲਈ ਇਸ ਮੌਕੇ ਦਾ ਲਾਭ ਲੈਣਗੇ। ਉਨ੍ਹਾਂ ਨੇ ਸਾਰੇ ਉਤਪਾਦਕਾਂ ਨੂੰ ਤਾਕੀਦ ਕੀਤੀ ਕਿ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਹੋਏ ਇਸ ਸਮਝੌਤੇ, ਜਿਸਨੂੰ "ਸਾਰੇ ਸਮਝੌਤਿਆਂ ਦੀ ਮਾਂ" ਕਿਹਾ ਜਾ ਰਿਹਾ ਹੈ, ਦੇ ਨਾਲ ਹੁਣ ਇੱਕ ਵੱਡਾ ਬਜ਼ਾਰ ਖੁੱਲ੍ਹ ਗਿਆ ਹੈ ਅਤੇ ਭਾਰਤੀ ਸਮਾਨ ਉੱਥੇ ਘੱਟ ਲਾਗਤ 'ਤੇ ਪਹੁੰਚਣਗੇ। ਉਨ੍ਹਾਂ ਨੇ ਉਦਯੋਗ ਜਗਤ ਦੇ ਆਗੂਆਂ ਅਤੇ ਨਿਰਮਾਤਾਵਾਂ ਨੂੰ ਸਾਵਧਾਨ ਕੀਤਾ ਕਿ ਉਹ ਸੰਤੁਸ਼ਟ ਨਾ ਹੋਣ, ਬਲਕਿ ਗੁਣਵੱਤਾ ਵੱਲ ਧਿਆਨ ਕੇਂਦ੍ਰਿਤ ਕਰਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਰਬਉੱਚ ਗੁਣਵੱਤਾ ਵਾਲੇ ਉਤਪਾਦਾਂ ਦੇ ਇਸ ਖੁੱਲ੍ਹੇ ਬਜ਼ਾਰ ਵਿੱਚ ਦਾਖਲ ਹੋਣ ਨਾਲ ਨਾ ਸਿਰਫ਼ 27 ਯੂਰਪੀਅਨ ਯੂਨੀਅਨ ਦੇਸ਼ਾਂ ਦੇ ਖ਼ਰੀਦਦਾਰਾਂ ਤੋਂ ਲਾਭ ਹਾਸਲ ਹੋਵੇਗਾ, ਬਲਕਿ ਉਨ੍ਹਾਂ ਦਾ ਭਰੋਸਾ ਵੀ ਜਿੱਤਿਆ ਜਾਵੇਗਾ, ਜਿਸ ਨਾਲ ਦਹਾਕਿਆਂ ਤੱਕ ਲੰਬਾ ਪ੍ਰਭਾਵ ਪਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਬ੍ਰਾਂਡ ਦੇ ਅਨੁਸਾਰ ਕੰਪਨੀਆਂ ਦੇ ਬ੍ਰਾਂਡ ਨਵੀਂ ਸਾਖ ਸਥਾਪਤ ਕਰਨਗੇ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ 27 ਦੇਸ਼ਾਂ ਨਾਲ ਹੋਇਆ ਇਹ ਸਮਝੌਤਾ ਭਾਰਤ ਦੇ ਮਛੇਰਿਆਂ, ਕਿਸਾਨਾਂ, ਨੌਜਵਾਨਾਂ ਅਤੇ ਸੇਵਾ ਖੇਤਰ ਵਿੱਚ ਕੰਮ ਕਰਨ ਵਾਲੇ ਉਨ੍ਹਾਂ ਲੋਕਾਂ ਲਈ ਅਥਾਹ ਮੌਕੇ ਲੈ ਕੇ ਆਇਆ ਹੈ ਜੋ ਵਿਸ਼ਵ ਪੱਧਰ 'ਤੇ ਮੌਕੇ ਲੱਭਣ ਦੇ ਇੱਛੁਕ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਇੱਕ ਆਤਮ-ਵਿਸ਼ਵਾਸੀ, ਪ੍ਰਤੀਯੋਗੀ ਅਤੇ ਉਤਪਾਦਕ ਭਾਰਤ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕਿ ਰਾਸ਼ਟਰੀ ਧਿਆਨ ਕੁਦਰਤੀ ਤੌਰ 'ਤੇ ਬਜਟ ਵੱਲ ਜਾਂਦਾ ਹੈ, ਫਿਰ ਵੀ ਇਸ ਸਰਕਾਰ ਦੀ ਪਹਿਚਾਣ ਸੁਧਾਰ, ਲਾਗੂਕਰਨ ਅਤੇ ਪਰਿਵਰਤਨ ਰਹੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਦੇਸ਼ ਹੁਣ ਸੁਧਾਰ ਦੇ ਰਾਹ 'ਤੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਸ ਸੁਧਾਰ ਯਾਤਰਾ ਨੂੰ ਗਤੀ ਦੇਣ ਵਿੱਚ ਆਪਣਾ ਸਕਾਰਾਤਮਕ ਯੋਗਦਾਨ ਦੇਣ ਵਾਲੇ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਲੰਬੇ ਸਮੇਂ ਦੀਆਂ ਸਮੱਸਿਆਵਾਂ ਤੋਂ ਹਟ ਕੇ ਲੰਬੇ ਸਮੇਂ ਦੇ ਹੱਲਾਂ ਵੱਲ ਵਧ ਰਿਹਾ ਹੈ, ਜੋ ਅਨੁਮਾਨਯੋਗ ਹਨ ਅਤੇ ਵਿਸ਼ਵ-ਵਿਆਪੀ ਭਰੋਸੇ ਦਾ ਨਿਰਮਾਣ ਕਰਦੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰੀ ਤਰੱਕੀ ਦੇ ਮੰਤਵ ਨਾਲ ਲਿਆ ਗਿਆ ਹਰ ਫ਼ੈਸਲਾ ਮਨੁੱਖ-ਕੇਂਦ੍ਰਿਤ ਰਹੇਗਾ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ ਟੈਕਨਾਲੋਜੀ ਨਾਲ ਮੁਕਾਬਲਾ ਕਰੇਗਾ, ਇਸਨੂੰ ਅਪਣਾਏਗਾ ਅਤੇ ਇਸਦੀ ਤਾਕਤ ਨੂੰ ਸਵੀਕਾਰ ਕਰੇਗਾ, ਪਰ ਸਰਕਾਰ ਮਨੁੱਖ-ਕੇਂਦ੍ਰਿਤ ਪ੍ਰਣਾਲੀਆਂ ’ਤੇ ਕਦੇ ਵੀ ਸਮਝੌਤਾ ਨਹੀਂ ਕਰੇਗੀ ਅਤੇ ਸੰਵੇਦਨਸ਼ੀਲਤਾ ਨਾਲ ਟੈਕਨਾਲੋਜੀ ਨੂੰ ਸੰਤੁਲਿਤ ਕਰਨ ਦੇ ਨਜ਼ਰੀਏ ਨਾਲ ਅੱਗੇ ਵਧੇਗੀ। ਉਨ੍ਹਾਂ ਨੇ ਕਿਹਾ ਕਿ ਆਲੋਚਕ ਵੀ ਆਖਰੀ ਮੀਲ ਤੱਕ ਯੋਜਨਾਵਾਂ ਦੀ ਪਹੁੰਚ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ ਸਿਰਫ਼ ਕਾਗਜ਼ਾਂ ਤਕ ਸੀਮਤ ਨਾ ਰੱਖ ਕੇ ਲੋਕਾਂ ਦੇ ਜੀਵਨ ਤੱਕ ਪਹੁੰਚਾਉਣ ’ਤੇ ਸਰਕਾਰ ਦੇ ਫੋਕਸ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੁਧਾਰ ਦੀ ਰਾਹ ’ਤੇ ਅਗਲੀ ਪੀੜ੍ਹੀ ਦੇ ਸੁਧਾਰਾਂ ਨਾਲ ਇਹ ਰਵਾਇਤ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਅਤੇ ਆਬਾਦੀ ਅੱਜ ਦੁਨੀਆ ਲਈ ਇੱਕ ਵੱਡੀ ਉਮੀਦ ਹੈ ਅਤੇ ਲੋਕਤੰਤਰ ਦੇ ਇਸ ਮੰਦਰ ਵਿੱਚ, ਭਾਰਤ ਕੋਲ ਤਾਕਤ, ਲੋਕਤੰਤਰ ਪ੍ਰਤੀ ਵਚਨਬੱਧਤਾ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਰਾਹੀਂ ਲਏ ਗਏ ਫ਼ੈਸਲਿਆਂ ਦੇ ਪ੍ਰਤੀ ਸਨਮਾਨ ਦਾ ਸੁਨੇਹਾ ਦੇਣ ਦਾ ਮੌਕਾ ਹੈ - ਅਜਿਹੇ ਸੁਨੇਹੇ ਜਿਨ੍ਹਾਂ ਦਾ ਵਿਸ਼ਵ ਪੱਧਰ 'ਤੇ ਸਵਾਗਤ ਹੋਵੇ ਅਤੇ ਸਵੀਕਾਰਯੋਗ ਹੋਣ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਮਾਂ ਵਿਘਨ ਪਾਉਣ ਦਾ ਨਹੀਂ, ਬਲਕਿ ਹੱਲ ਕੱਢਣ ਦਾ ਹੈ; ਰੁਕਾਵਟਾਂ ਦਾ ਨਹੀਂ, ਬਲਕਿ ਸੰਕਲਪਾਂ ਦਾ ਹੈ। ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਹੱਲਾਂ ਦੇ ਯੁੱਗ ਨੂੰ ਗਤੀ ਦੇਣ, ਫ਼ੈਸਲਿਆਂ ਨੂੰ ਸਸ਼ਕਤ ਬਣਾਉਣ ਅਤੇ ਆਖਰੀ ਮੀਲ ਤੱਕ ਸਫ਼ਲ ਡਿਲੀਵਰੀ ਯਕੀਨੀ ਬਣਾਉਣ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਾਰਿਆਂ ਨੂੰ ਦਿਲੋਂ ਧੰਨਵਾਦ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
*******
ਐੱਮਜੇਪੀਐੱਸ/ ਐੱਸਆਰ
(रिलीज़ आईडी: 2220212)
आगंतुक पटल : 7
इस विज्ञप्ति को इन भाषाओं में पढ़ें:
Marathi
,
हिन्दी
,
Tamil
,
Kannada
,
Assamese
,
Bengali
,
Odia
,
English
,
Urdu
,
Manipuri
,
Gujarati
,
Telugu