ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ-ਯੂਰਪੀਅਨ ਯੂਨੀਅਨ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ


प्रविष्टि तिथि: 27 JAN 2026 2:36PM by PIB Chandigarh

ਮਹਾਮਹਿਮ

ਪ੍ਰਧਾਨ ਐਂਟੋਨੀਓ ਕੋਸਟਾ ਅਤੇ ਪ੍ਰਧਾਨ ਉਰਸੁਲਾ ਫਾਨ ਡੇਰ ਲੇਅਨ, 

ਦੋਵਾਂ ਦੇਸ਼ਾਂ ਦੇ ਡੈਲੀਗੇਟ,

ਮੀਡੀਆ ਦੇ ਸਾਥੀਓ,

ਨਮਸਕਾਰ!

ਆਪਣੇ ਦੋ ਕਰੀਬੀ ਦੋਸਤਾਂ, ਪ੍ਰਧਾਨ ਕੋਸਟਾ ਅਤੇ ਪ੍ਰਧਾਨ ਫਾਨ ਡੇਰ ਲੇਅਨ ਦਾ ਇਸ ਬੇਮਿਸਾਲ ਭਾਰਤ ਯਾਤਰਾ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਕੋਸਟਾ ਜੀ ਆਪਣੀ ਸਾਦੀ ਜੀਵਨ-ਸ਼ੈਲੀ ਅਤੇ ਸਮਾਜ ਪ੍ਰਤੀ ਪਿਆਰ ਦੇ ਅਧਾਰ 'ਤੇ "ਲਿਸਬਨ ਦੇ ਗਾਂਧੀ" ਵਜੋਂ ਜਾਣੇ ਜਾਂਦੇ ਹਨ ਅਤੇ ਉਰਸੁਲਾ ਜੀ ਜਰਮਨੀ ਦੀ ਪਹਿਲੀ ਮਹਿਲਾ ਰੱਖਿਆ ਮੰਤਰੀ ਹੀ ਨਹੀਂ, ਬਲਕਿ ਯੂਰਪੀਅਨ ਯੂਨੀਅਨ ਕਮਿਸ਼ਨ ਦੀ ਵੀ ਪਹਿਲੀ ਮਹਿਲਾ ਪ੍ਰਧਾਨ ਬਣ ਕੇ ਪੂਰੀ ਦੁਨੀਆ ਲਈ ਇੱਕ ਪ੍ਰੇਰਨਾ ਹੈ।

ਕੱਲ੍ਹ ਇੱਕ ਇਤਿਹਾਸਕ ਪਲ ਸੀ ਜਦੋਂ ਪਹਿਲੀ ਵਾਰ ਯੂਰਪੀਅਨ ਯੂਨੀਅਨ ਦੇ ਆਗੂ ਭਾਰਤ ਦੇ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਅੱਜ, ਇੱਕ ਹੋਰ ਇਤਿਹਾਸਕ ਮੌਕਾ ਹੈ, ਜਦੋਂ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਲੋਕਤੰਤਰੀ ਤਾਕਤਾਂ ਆਪਣੇ ਸਬੰਧਾਂ ਵਿੱਚ ਇੱਕ ਨਿਰਣਾਇਕ ਅਧਿਆਇ ਜੋੜ ਰਹੀਆਂ ਹਨ।

ਦੋਸਤੋ,

ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਬੰਧਾਂ ਵਿੱਚ ਜ਼ਿਕਰਯੋਗ ਤਰੱਕੀ ਹੋਈ ਹੈ। ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ, ਆਰਥਿਕ ਤਾਲਮੇਲ ਅਤੇ ਲੋਕਾਂ ਦੇ ਆਪਸੀ ਮਜ਼ਬੂਤ ਸਬੰਧਾਂ ਦੇ ਅਧਾਰ 'ਤੇ ਸਾਡੀ ਸਾਂਝੇਦਾਰੀ ਨਵੀਆਂ ਉਚਾਈਆਂ ਤੱਕ ਪਹੁੰਚ ਰਹੀ ਹੈ। ਅੱਜ ਸਾਡੇ ਵਿੱਚ 180 ਅਰਬ ਯੂਰੋ ਦਾ ਵਪਾਰ ਹੈ। 8 ਲੱਖ ਤੋਂ ਵੱਧ ਭਾਰਤੀ, ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਸਰਗਰਮੀ ਨਾਲ ਯੋਗਦਾਨ ਦੇ ਰਹੇ ਹਨ। ਅਸੀਂ ਰਣਨੀਤਕ ਟੈਕਨਾਲੋਜੀਆਂ ਤੋਂ ਲੈ ਕੇ ਸਾਫ਼ ਊਰਜਾ, ਡਿਜੀਟਲ ਸ਼ਾਸਨ ਤੋਂ ਲੈ ਕੇ ਵਿਕਾਸ ਸਾਂਝੇਦਾਰੀਆਂ, ਹਰ ਖੇਤਰ ਵਿੱਚ ਸਹਿਯੋਗ ਦੇ ਨਵੇਂ ਪਹਿਲੂ ਸਥਾਪਤ ਕੀਤੇ ਹਨ। ਇਨ੍ਹਾਂ ਉਪਲਬਧੀਆਂ ਦੇ ਅਧਾਰ 'ਤੇ, ਅੱਜ ਦੇ ਸੰਮੇਲਨ ਵਿੱਚ ਅਸੀਂ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣ ਵਾਲੇ ਕਈ ਫ਼ੈਸਲੇ ਲਏ ਹਨ।

ਦੋਸਤੋ,

ਅੱਜ ਭਾਰਤ ਨੇ ਆਪਣੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਤ ਵਪਾਰ ਸਮਝੌਤਾ ਪੂਰਾ ਕੀਤਾ ਹੈ। ਅੱਜ 27 ਤਾਰੀਖ਼ ਹੈ ਅਤੇ ਇਹ ਸੁੱਖ ਦੇਣ ਵਾਲਾ ਸੰਜੋਗ ਹੈ ਕਿ ਅੱਜ ਹੀ ਦੇ ਦਿਨ, ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ਨਾਲ ਭਾਰਤ ਇਹ ਐੱਫਟੀਏ ਕਰ ਰਿਹਾ ਹੈ। ਇਹ ਇਤਿਹਾਸਕ ਸਮਝੌਤਾ-ਸਾਡੇ ਕਿਸਾਨਾਂ, ਸਾਡੇ ਛੋਟੇ ਉਦਯੋਗਾਂ ਦੀ ਯੂਰਪੀਅਨ ਬਾਜ਼ਾਰ ਤੱਕ ਪਹੁੰਚ ਅਸਾਨ ਬਣਾਏਗਾ, ਮੈਨੁਫੈਕਚਰਿੰਗ ਵਿੱਚ ਨਵੇਂ ਮੌਕੇ ਪੈਦਾ ਕਰੇਗਾ ਅਤੇ ਸਾਡੇ ਸੇਵਾ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ। ਇੰਨਾ ਹੀ ਨਹੀਂ, ਇਹ ਐੱਫਟੀਏ, ਭਾਰਤ ਅਤੇ ਯੂਰਪੀਅਨ ਯੂਨੀਅਨ ਵਿੱਚ ਨਿਵੇਸ਼ ਨੂੰ ਵਧਾਏਗਾ, ਨਵੀਂ ਇਨੋਵੇਸ਼ਨ ਸਾਂਝੇਦਾਰੀ ਬਣਾਏਗਾ ਅਤੇ ਦੁਨੀਆ ਪੱਧਰ ’ਤੇ ਸਪਲਾਈ ਚੇਨ ਨੂੰ ਮਜ਼ਬੂਤ ਕਰੇਗਾ। ਮਤਲਬ ਇਹ ਸਿਰਫ਼ ਵਪਾਰ ਸਮਝੌਤਾ ਨਹੀਂ ਹੈ। ਇਹ ਸਾਂਝੀ ਖ਼ੁਸ਼ਹਾਲੀ ਦਾ ਨਵਾਂ ਬਲੂਪ੍ਰਿੰਟ ਹੈ।

ਦੋਸਤੋ,

ਇਸ ਅਭਿਲਾਸ਼ੀ ਐੱਫਟੀਏ ਦੇ ਨਾਲ-ਨਾਲ ਅਸੀਂ ਮੋਬਿਲਿਟੀ ਲਈ ਵੀ ਇੱਕ ਨਵਾਂ ਢਾਂਚਾ ਬਣਾ ਰਹੇ ਹਾਂ। ਇਸ ਨਾਲ ਭਾਰਤੀ ਵਿਦਿਆਰਥੀਆਂ, ਕਾਮਿਆਂ ਅਤੇ ਪੇਸ਼ਾਵਰਾਂ ਲਈ ਯੂਰਪੀਅਨ ਯੂਨੀਅਨ ਵਿੱਚ ਨਵੇਂ ਮੌਕੇ ਖੁੱਲ੍ਹਣਗੇ। ਵਿਗਿਆਨ ਅਤੇ ਟੈਕਨਾਲੋਜੀ ਵਿੱਚ ਸਾਡਾ ਲੰਬੇ ਸਮੇਂ ਤੋਂ ਇੱਕ ਵਿਆਪਕ ਸਹਿਯੋਗ ਰਿਹਾ ਹੈ। ਅੱਜ ਅਸੀਂ ਇਨ੍ਹਾਂ ਅਹਿਮ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਲਿਆ ਹੈ।

ਦੋਸਤੋ,

ਰੱਖਿਆ ਅਤੇ ਸੁਰੱਖਿਆ ਸਹਿਯੋਗ ਕਿਸੇ ਵੀ ਰਣਨੀਤਕ ਸਾਂਝੇਦਾਰੀ ਦੀ ਨੀਂਹ ਹੁੰਦੀ ਹੈ ਅਤੇ ਅੱਜ ਅਸੀਂ ਇਸਨੂੰ ਸੁਰੱਖਿਆ ਅਤੇ ਰੱਖਿਆ ਸਾਂਝੇਦਾਰੀ ਦੇ ਜ਼ਰੀਏ ਰਸਮੀ ਰੂਪ ਦੇ ਰਹੇ ਹਾਂ। ਇਸ ਨਾਲ ਅੱਤਵਾਦ-ਵਿਰੋਧੀ, ਸਮੁੰਦਰੀ ਅਤੇ ਸਾਈਬਰ ਸੁਰੱਖਿਆ ਵਿੱਚ ਸਾਡੀ ਸਾਂਝੇਦਾਰੀ ਹੋਰ ਡੂੰਘੀ ਹੋਵੇਗੀ। ਇਹ ਨਿਯਮ-ਅਧਾਰਿਤ ਕੌਮਾਂਤਰੀ ਵਿਵਸਥਾ ਦੇ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰੇਗਾ। ਇੰਡੋ-ਪੈਸੀਫਿਕ ਖੇਤਰ ਵਿੱਚ ਸਾਡੇ ਸਹਿਯੋਗ ਦਾ ਦਾਇਰਾ ਵਧੇਗਾ ਅਤੇ ਇਸਦੇ ਨਾਲ ਸਾਡੀਆਂ ਡਿਫੈਂਸ ਕੰਪਨੀਆਂ ਸਹਿ-ਵਿਕਾਸ ਅਤੇ ਸਹਿ-ਉਤਪਾਦਨ ਦੇ ਨਵੇਂ ਮੌਕੇ ਪੂਰਾ ਕਰਨਗੀਆਂ।

ਦੋਸਤੋ,

ਅੱਜ ਦੀਆਂ ਇਨ੍ਹਾਂ ਉਪਲਬਧੀਆਂ ਦੇ ਅਧਾਰ 'ਤੇ ਅਸੀਂ ਅਗਲੇ ਪੰਜ ਸਾਲਾਂ ਲਈ ਇੱਕ ਹੋਰ ਵੀ ਅਭਿਲਾਸ਼ੀ ਅਤੇ ਸੰਪੂਰਨ ਰਣਨੀਤਕ ਏਜੰਡਾ ਲਾਂਚ ਕਰ ਰਹੇ ਹਾਂ। ਇੱਕ ਗੁੰਝਲਦਾਰ ਵਿਸ਼ਵ-ਵਿਆਪੀ ਵਾਤਾਵਰਨ ਵਿੱਚ ਇਹ ਏਜੰਡਾ ਸਪਸ਼ਟ ਦਿਸ਼ਾ ਦੇਵੇਗਾ, ਸਾਡੀ ਸਾਂਝੀ ਖ਼ੁਸ਼ਹਾਲੀ ਨੂੰ ਅੱਗੇ ਵਧਾਏਗਾ, ਇਨੋਵੇਸ਼ਨ ਨੂੰ ਗਤੀ ਦੇਵੇਗਾ, ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰੇਗਾ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੂੰ ਹੋਰ ਡੂੰਘਾ ਕਰੇਗਾ।

ਦੋਸਤੋ,

ਭਾਰਤ ਅਤੇ ਯੂਰਪੀਅਨ ਯੂਨੀਅਨ ਦਾ ਸਹਿਯੋਗ ਇੱਕ "ਵਿਸ਼ਵ ਭਲਾਈ ਲਈ ਸਾਂਝੇਦਾਰੀ" ਹੈ। ਅਸੀਂ ਇੰਡੋ-ਪੈਸੀਫਿਕ ਤੋਂ ਲੈ ਕੇ ਕੈਰੇਬੀਅਨ ਤੱਕ, ਤਿੰਨ-ਪੱਖੀ ਪ੍ਰਾਜੈਕਟਾਂ ਨੂੰ ਵਿਸਤਾਰ ਦੇਵਾਂਗੇ। ਇਸ ਨਾਲ ਟਿਕਾਊ ਖੇਤੀਬਾੜੀ, ਸਾਫ਼ ਊਰਜਾ ਅਤੇ ਮਹਿਲਾ ਸਸ਼ਕਤੀਕਰਨ ਨੂੰ ਠੋਸ ਸਮਰਥਨ ਮਿਲੇਗਾ। ਅਸੀਂ ਇਕੱਠੇ ਮਿਲ ਕੇ ਆਈਐੱਮਈਸੀ ਕੋਰੀਡੋਰ ਨੂੰ ਵਿਸ਼ਵ ਵਪਾਰ ਅਤੇ ਟਿਕਾਊ ਵਿਕਾਸ ਦੀ ਇੱਕ ਪ੍ਰਮੁੱਖ ਕੜੀ ਵਜੋਂ ਸਥਾਪਤ ਕਰਾਂਗੇ।

ਦੋਸਤੋ,

ਅੱਜ, ਵਿਸ਼ਵ ਵਿਵਸਥਾ ਵਿੱਚ ਵੱਡੀ ਉਥਲ-ਪੁਥਲ ਹੈ। ਅਜਿਹੇ ਵਿੱਚ ਭਾਰਤ ਅਤੇ ਯੂਰਪੀਅਨ ਯੂਨੀਅਨ ਦੀ ਸਾਂਝੇਦਾਰੀ ਕੌਮਾਂਤਰੀ ਸਿਸਟਮ ਵਿੱਚ ਸਥਿਰਤਾ ਨੂੰ ਮਜ਼ਬੂਤੀ ਦੇਵੇਗੀ। ਇਸ ਸੰਦਰਭ ਵਿੱਚ ਅੱਜ ਅਸੀਂ ਯੂਕਰੇਨ, ਪੱਛਮੀ ਏਸ਼ੀਆ ਅਤੇ ਇੰਡੋ-ਪੈਸੀਫਿਕ ਸਮੇਤ ਕਈ ਵਿਸ਼ਵ-ਵਿਆਪੀ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਬਹੁਪੱਖੀਵਾਦ ਅਤੇ ਕੌਮਾਂਤਰੀ ਨਿਯਮਾਂ ਦਾ ਸਤਿਕਾਰ ਕਰਨਾ ਸਾਡੀ ਸਾਂਝੀ ਤਰਜੀਹ ਹੈ। ਅਸੀਂ ਇੱਕਮਤ ਹਾਂ ਕਿ ਅੱਜ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਵਿਸ਼ਵ-ਵਿਆਪੀ ਅਦਾਰਿਆਂ ਵਿੱਚ ਸੁਧਾਰ ਜ਼ਰੂਰੀ ਹੈ।

ਦੋਸਤੋ,

ਰਾਸ਼ਟਰਾਂ ਦੇ ਸਬੰਧਾਂ ਵਿੱਚ ਕਦੇ-ਕਦੇ ਅਜਿਹਾ ਪਲ ਆਉਂਦਾ ਹੈ, ਜਦੋਂ ਇਤਿਹਾਸ ਖ਼ੁਦ ਕਹਿੰਦਾ ਹੈ, ਇੱਥੋਂ ਹੀ ਦਿਸ਼ਾ ਬਦਲੀ, ਇੱਥੋਂ ਹੀ ਇੱਕ ਨਵਾਂ ਯੁੱਗ ਸ਼ੁਰੂ ਹੋਇਆ। ਅੱਜ ਦਾ ਭਾਰਤ ਅਤੇ ਯੂਰਪੀਅਨ ਯੂਨੀਅਨ ਦਾ ਇਹ ਇਤਿਹਾਸਕ ਸੰਮੇਲਨ ਉਹੀ ਪਲ ਹੈ। ਮੈਂ ਇੱਕ ਵਾਰ ਫਿਰ ਇਸ ਬੇਮਿਸਾਲ ਯਾਤਰਾ ਲਈ ਭਾਰਤ ਦੇ ਪ੍ਰਤੀ ਤੁਹਾਡੀ ਦੋਸਤੀ ਲਈ ਅਤੇ ਸਾਡੇ ਸਾਂਝੇ ਭਵਿੱਖ ਦੇ ਪ੍ਰਤੀ ਤੁਹਾਡੀ ਵਚਨਬੱਧਤਾ ਲਈ ਪ੍ਰਧਾਨ ਕੋਸਟਾ ਅਤੇ ਪ੍ਰਧਾਨ ਫਾਨ ਡੇਰ ਲੇਅਨ ਦਾ ਦਿਲੋਂ ਧੰਨਵਾਦ ਕਰਦਾ ਹਾਂ।

****

ਐੱਮਜੇਪੀਐੱਸ/ ਵੀਜੇ


(रिलीज़ आईडी: 2219205) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Gujarati