ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੋਜ਼ਗਾਰ ਮੇਲੇ ਤਹਿਤ ਨਿਯੁਕਤੀ ਪੱਤਰ ਵੰਡਣ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 24 JAN 2026 12:36PM by PIB Chandigarh

ਸਾਰੇ ਨੌਜਵਾਨ ਸਾਥੀਓ, ਤੁਹਾਨੂੰ ਸਭ ਨੂੰ ਮੇਰਾ ਨਮਸਕਾਰ! 

ਸਾਲ 2026 ਦੀ ਸ਼ੁਰੂਆਤ ਤੁਹਾਡੇ ਜੀਵਨ ਵਿੱਚ ਨਵੀਂਆਂ ਖ਼ੁਸ਼ੀਆਂ ਦੀ ਸ਼ੁਰੂਆਤ ਕਰ ਰਹੀ ਹੈ। ਇਸ ਦੇ ਨਾਲ ਹੀ, ਜਦੋਂ ਬਸੰਤ ਪੰਚਮੀ ਕੱਲ੍ਹ ਹੀ ਲੰਘੀ ਹੈ, ਤਾਂ ਤੁਹਾਡੇ ਜੀਵਨ ਵਿੱਚ ਵੀ ਇਸ ਨਵੀਂ ਬਸੰਤ ਦੀ ਸ਼ੁਰੂਆਤ ਹੋ ਰਹੀ ਹੈ। ਇਹ ਸਮਾਂ ਤੁਹਾਨੂੰ ਸੰਵਿਧਾਨ ਪ੍ਰਤੀ ਆਪਣੇ ਫ਼ਰਜ਼ਾਂ ਨਾਲ ਵੀ ਜੋੜ ਰਿਹਾ ਹੈ। ਸੰਜੋਗ ਨਾਲ ਇਸ ਸਮੇਂ ਦੇਸ਼ ਵਿੱਚ ਗਣਤੰਤਰ ਦਾ ਮਹਾਉਤਸਵ ਚੱਲ ਰਿਹਾ ਹੈ। ਕੱਲ੍ਹ 23 ਜਨਵਰੀ ਨੂੰ ਅਸੀਂ ਨੇਤਾਜੀ ਸੁਭਾਸ਼ ਦੀ ਜਯੰਤੀ ‘ਤੇ ਪਰਾਕ੍ਰਮ ਦਿਵਸ ਮਨਾਇਆ, ਅਤੇ ਹੁਣ ਕੱਲ੍ਹ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਹੈ, ਫਿਰ ਉਸ ਤੋਂ ਬਾਅਦ 26 ਜਨਵਰੀ ਨੂੰ ਗਣਤੰਤਰ ਦਿਵਸ ਹੈ। ਅੱਜ ਦਾ ਦਿਨ ਵੀ ਵਿਸ਼ੇਸ਼ ਹੈ। ਅੱਜ ਦੇ ਹੀ ਦਿਨ ਸਾਡੇ ਸੰਵਿਧਾਨ ਨੇ ‘ਜਨ ਗਣ ਮਨ’ ਨੂੰ ਰਾਸ਼ਟਰੀ ਗਾਣ ਅਤੇ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗੀਤ ਦੇ ਰੂਪ ਵਿੱਚ ਅਪਣਾਇਆ ਸੀ। ਅੱਜ ਦੇ ਇਸ ਮਹੱਤਵਪੂਰਨ ਦਿਨ, ਦੇਸ਼ ਦੇ 61 ਹਜ਼ਾਰ ਤੋਂ ਵੱਧ ਨੌਜਵਾਨ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਰਹੇ ਹਨ। ਅੱਜ ਤੁਹਾਨੂੰ ਸਭ ਨੂੰ ਸਰਕਾਰੀ ਸੇਵਾਵਾਂ ਦੇ ਨਿਯੁਕਤੀ ਪੱਤਰ ਮਿਲ ਰਹੇ ਹਨ, ਇਹ ਇੱਕ ਤਰ੍ਹਾਂ ਨਾਲ ਦੇਸ਼ ਨਿਰਮਾਣ ਦਾ ਸੱਦਾ ਪੱਤਰ ਹੈ। ਇਹ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਰਫ਼ਤਾਰ ਦੇਣ ਦਾ ਸੰਕਲਪ ਪੱਤਰ ਹੈ। ਤੁਹਾਡੇ ਵਿੱਚ ਬਹੁਤ ਸਾਰੇ ਸਾਥੀ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ, ਸਾਡੀ ਸਿੱਖਿਆ ਅਤੇ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਗੇ, ਕਈ ਸਾਥੀ ਵਿੱਤੀ ਸੇਵਾਵਾਂ ਅਤੇ ਊਰਜਾ ਸੁਰੱਖਿਆ ਨੂੰ ਮਜ਼ਬੂਤੀ ਦੇਣਗੇ, ਤਾਂ ਕਈ ਨੌਜਵਾਨ ਸਾਡੀਆਂ ਸਰਕਾਰੀ ਕੰਪਨੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੈਂ ਤੁਹਾਨੂੰ ਸਭ ਨੌਜਵਾਨਾਂ ਨੂੰ ਤਹਿ ਦਿਲੋਂ ਬਹੁਤ-ਬਹੁਤ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਨੌਜਵਾਨਾਂ ਨੂੰ ਹੁਨਰਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ, ਇਹ ਸਾਡੀ ਸਰਕਾਰ ਦੀ ਤਰਜੀਹ ਰਹੀ ਹੈ। ਸਰਕਾਰੀ ਭਰਤੀਆਂ ਨੂੰ ਮਿਸ਼ਨ ਮੋਡ ਵਿੱਚ ਕਿਵੇਂ ਕੀਤਾ ਜਾਵੇ, ਇਸ ਲਈ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਵਰ੍ਹਿਆਂ ਵਿੱਚ ਰੋਜ਼ਗਾਰ ਮੇਲਾ ਇੱਕ ਸੰਸਥਾ ਬਣ ਗਿਆ ਹੈ। ਇਸ ਦੇ ਜ਼ਰੀਏ ਲੱਖਾਂ ਨੌਜਵਾਨਾਂ ਨੂੰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨਿਯੁਕਤੀ ਪੱਤਰ ਮਿਲ ਚੁੱਕੇ ਹਨ। ਇਸੇ ਮਿਸ਼ਨ ਨੂੰ ਹੋਰ ਅੱਗੇ ਵਧਾਉਂਦੇ ਹੋਏ, ਅੱਜ ਦੇਸ਼ ਦੇ ਚਾਲੀ ਤੋਂ ਵੱਧ ਸਥਾਨਾਂ ‘ਤੇ ਇਹ ਰੋਜ਼ਗਾਰ ਮੇਲਾ ਚੱਲ ਰਿਹਾ ਹੈ। ਇਨ੍ਹਾਂ ਸਾਰੇ ਸਥਾਨਾਂ ‘ਤੇ ਮੌਜੂਦ ਨੌਜਵਾਨਾਂ ਦਾ ਮੈਂ ਵਿਸ਼ੇਸ਼ ਤੌਰ ‘ਤੇ ਸਵਾਗਤ ਕਰਦਾ ਹਾਂ।

ਸਾਥੀਓ,

ਅੱਜ ਭਾਰਤ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ। ਸਾਡੀ ਸਰਕਾਰ ਦਾ ਲਗਾਤਾਰ ਯਤਨ ਹੈ ਕਿ ਭਾਰਤ ਦੀ ਨੌਜਵਾਨ ਸ਼ਕਤੀ ਲਈ ਦੇਸ਼ ਅਤੇ ਦੁਨੀਆ ਵਿੱਚ ਨਵੇਂ-ਨਵੇਂ ਮੌਕੇ ਬਣਨ। ਅੱਜ ਭਾਰਤ ਸਰਕਾਰ ਕਈ ਦੇਸ਼ਾਂ ਨਾਲ ਵਪਾਰ ਅਤੇ ਗਤੀਸ਼ੀਲਤਾ ਸਮਝੌਤੇ ਕਰ ਰਹੀ ਹੈ। ਇਹ ਵਪਾਰ ਸਮਝੌਤੇ ਭਾਰਤ ਦੇ ਨੌਜਵਾਨਾਂ ਲਈ ਅਨੇਕਾਂ ਨਵੇਂ ਮੌਕੇ ਲੈ ਕੇ ਆ ਰਹੇ ਹਨ।

ਸਾਥੀਓ,

ਪਿਛਲੇ ਸਮੇਂ ਦੌਰਾਨ ਭਾਰਤ ਨੇ ਆਧੁਨਿਕ ਬੁਨਿਆਦੀ ਢਾਂਚੇ ਲਈ ਬੇਮਿਸਾਲ ਨਿਵੇਸ਼ ਕੀਤਾ ਹੈ। ਇਸ ਨਾਲ ਨਿਰਮਾਣ ਨਾਲ ਜੁੜੇ ਹਰ ਖੇਤਰ ਵਿੱਚ ਰੋਜ਼ਗਾਰ ਕਾਫ਼ੀ ਵਧਿਆ ਹੈ। ਭਾਰਤ ਦੇ ਸਟਾਰਟਅੱਪ ਪ੍ਰਣਾਲੀ ਦਾ ਵਿਸਥਾਰ ਵੀ ਤੇਜ਼ੀ ਨਾਲ ਹੋ ਰਿਹਾ ਹੈ। ਅੱਜ ਦੇਸ਼ ਵਿੱਚ ਲਗਭਗ 2 ਲੱਖ ਰਜਿਸਟਰਡ ਸਟਾਰਟਅੱਪ ਹਨ। ਇਨ੍ਹਾਂ ਵਿੱਚ 21 ਲੱਖ ਤੋਂ ਵੱਧ ਨੌਜਵਾਨ ਕੰਮ ਕਰ ਰਹੇ ਹਨ। ਇਸੇ ਤਰ੍ਹਾਂ, ਡਿਜ਼ਿਟਲ ਇੰਡੀਆ ਨੇ ਇੱਕ ਨਵੀਂ ਅਰਥਵਿਵਸਥਾ ਨੂੰ ਵਿਸਥਾਰ ਦਿੱਤਾ ਹੈ। ਐਨੀਮੇਸ਼ਨ, ਡਿਜ਼ਿਟਲ ਮੀਡੀਆ ਵਰਗੇ ਕਈ ਖੇਤਰਾਂ ਵਿੱਚ ਭਾਰਤ ਇੱਕ ਆਲਮੀ ਧੁਰਾ ਬਣਦਾ ਜਾ ਰਿਹਾ ਹੈ। ਭਾਰਤ ਦੀ ਕ੍ਰੀਏਟਰ ਅਰਥਵਿਵਸਥਾ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਇਸ ਵਿੱਚ ਵੀ ਨੌਜਵਾਨਾਂ ਨੂੰ ਨਵੇਂ-ਨਵੇਂ ਮੌਕੇ ਮਿਲ ਰਹੇ ਹਨ।

ਮੇਰੇ ਨੌਜਵਾਨ ਸਾਥੀਓ,

ਅੱਜ ਭਾਰਤ ‘ਤੇ ਜਿਸ ਤਰ੍ਹਾਂ ਦੁਨੀਆ ਦਾ ਭਰੋਸਾ ਵਧ ਰਿਹਾ ਹੈ, ਉਹ ਵੀ ਨੌਜਵਾਨਾਂ ਲਈ ਅਨੇਕਾਂ ਨਵੀਂਆਂ ਸੰਭਾਵਨਾਵਾਂ ਪੈਦਾ ਕਰ ਰਿਹਾ ਹੈ। ਭਾਰਤ ਦੁਨੀਆ ਦੀ ਇੱਕੋ ਇੱਕ ਵੱਡੀ ਅਰਥਵਿਵਸਥਾ ਹੈ, ਜਿਸ ਨੇ ਇੱਕ ਦਹਾਕੇ ਵਿੱਚ ਆਪਣੀ ਜੀਡੀਪੀ ਨੂੰ ਦੁੱਗਣਾ ਕੀਤਾ ਹੈ। ਅੱਜ ਦੁਨੀਆ ਦੇ ਸੌ ਤੋਂ ਵੱਧ ਦੇਸ਼ ਭਾਰਤ ਵਿੱਚ ਐੱਫਡੀਆਈ ਰਾਹੀਂ ਨਿਵੇਸ਼ ਕਰ ਰਹੇ ਹਨ। ਸਾਲ 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਦੀ ਤੁਲਨਾ ਵਿੱਚ ਭਾਰਤ ਵਿੱਚ ਢਾਈ ਗੁਣਾ ਤੋਂ ਵੱਧ ਵਿਦੇਸ਼ੀ ਨਿਵੇਸ਼ ਆਇਆ ਹੈ। ਅਤੇ ਵਧੇਰੇ ਵਿਦੇਸ਼ੀ ਨਿਵੇਸ਼ ਦਾ ਭਾਵ ਹੈ ਭਾਰਤ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਣਗਿਣਤ ਮੌਕੇ।

ਸਾਥੀਓ,

ਅੱਜ ਭਾਰਤ ਇੱਕ ਵੱਡੀ ਮੈਨੂਫੈਕਚਰਿੰਗ ਸ਼ਕਤੀ ਬਣਦਾ ਜਾ ਰਿਹਾ ਹੈ। ਇਲੈਕਟ੍ਰਾਨਿਕਸ, ਦਵਾਈਆਂ ਅਤੇ ਵੈਕਸੀਨ, ਰੱਖਿਆ, ਆਟੋਮੋਬਾਈਲ ਵਰਗੇ ਕਈ ਖੇਤਰਾਂ ਵਿੱਚ ਭਾਰਤ ਦੇ ਉਤਪਾਦਨ ਅਤੇ ਨਿਰਯਾਤ ਦੋਵਾਂ ਵਿੱਚ ਬੇਮਿਸਾਲ ਵਾਧਾ ਹੋ ਰਿਹਾ ਹੈ। 2014 ਤੋਂ ਬਾਅਦ ਭਾਰਤ ਦੀ ਇਲੈਕਟ੍ਰਾਨਿਕਸ ਉਤਪਾਦਨ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਅੱਜ ਇਹ 11 ਲੱਖ ਕਰੋੜ ਰੁਪਏ ਤੋਂ ਵੱਧ ਦਾ ਉਦਯੋਗ ਹੈ। ਸਾਡਾ ਇਲੈਕਟ੍ਰਾਨਿਕਸ ਨਿਰਯਾਤ ਵੀ 4 ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ। ਭਾਰਤ ਦੀ ਆਟੋਮੋਬਾਈਲ ਉਦਯੋਗ ਵੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਖੇਤਰਾਂ ਵਿੱਚੋਂ ਇੱਕ ਬਣ ਗਿਆ ਹੈ। ਸਾਲ 2025 ਵਿੱਚ ਦੋ ਪਹੀਆ ਵਾਹਨਾਂ ਦੀ ਵਿਕਰੀ 2 ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਹ ਦਰਸਾਉਂਦਾ ਹੈ ਕਿ ਦੇਸ਼ ਦੇ ਲੋਕਾਂ ਦੀ ਖ਼ਰੀਦ ਸਮਰੱਥਾ ਵਧੀ ਹੈ, ਆਮਦਨ ਕਰ ਅਤੇ ਜੀਐੱਸਟੀ ਘਟਣ ਨਾਲ ਉਨ੍ਹਾਂ ਨੂੰ ਕਈ ਲਾਭ ਮਿਲੇ ਹਨ। ਅਜਿਹੀਆਂ ਕਈ ਮਿਸਾਲਾਂ ਹਨ, ਜੋ ਦੱਸਦੀਆਂ ਹਨ ਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਰੋਜ਼ਗਾਰ ਸਿਰਜੇ ਜਾ ਰਹੇ ਹਨ।

ਸਾਥੀਓ,

ਅੱਜ ਦੇ ਇਸ ਸਮਾਗਮ ਵਿੱਚ 8 ਹਜ਼ਾਰ ਤੋਂ ਵੱਧ ਧੀਆਂ ਨੂੰ ਵੀ ਨਿਯੁਕਤੀ ਪੱਤਰ ਮਿਲੇ ਹਨ। ਪਿਛਲੇ ਗਿਆਰਾਂ ਵਰ੍ਹਿਆਂ ਵਿੱਚ ਦੇਸ਼ ਦੀ ਕਿਰਤ ਸ਼ਕਤੀ ਵਿੱਚ ਮਹਿਲਾ ਭਾਗੀਦਾਰੀ ਲਗਭਗ ਦੁੱਗਣੀ ਹੋਈ ਹੈ। ਸਰਕਾਰ ਦੀ ਮੁਦਰਾ ਅਤੇ ਸਟਾਰਟਅੱਪ ਇੰਡੀਆ ਵਰਗੀਆਂ ਯੋਜਨਾਵਾਂ ਦਾ ਵੱਡਾ ਲਾਭ ਸਾਡੀਆਂ ਧੀਆਂ ਨੂੰ ਮਿਲਿਆ ਹੈ। ਮਹਿਲਾ ਸਵੈ-ਰੋਜ਼ਗਾਰ ਦੀ ਦਰ ਵਿੱਚ ਲਗਭਗ ਪੰਦਰਾਂ ਫ਼ੀਸਦੀ ਦਾ ਵਾਧਾ ਹੋਇਆ ਹੈ। ਜੇ ਮੈਂ ਸਟਾਰਟਅੱਪ ਅਤੇ ਐੱਮਐੱਸਐੱਮਈਜ਼ ਦੀ ਗੱਲ ਕਰਾਂ, ਤਾਂ ਅੱਜ ਬਹੁਤ ਵੱਡੀ ਗਿਣਤੀ ਵਿੱਚ ਮਹਿਲਾ ਡਾਇਰੈਕਟਰ ਅਤੇ ਮਹਿਲਾ ਸੰਸਥਾਪਕ ਹਨ। ਸਾਡਾ ਸਹਿਕਾਰੀ ਖੇਤਰ ਅਤੇ ਪਿੰਡਾਂ ਵਿੱਚ ਕੰਮ ਕਰ ਰਹੇ ਸਵੈ-ਸਹਾਇਤਾ ਸਮੂਹਾਂ ਵਿੱਚ ਵੀ ਵੱਡੀ ਗਿਣਤੀ ਵਿੱਚ ਮਹਿਲਾਵਾਂ ਅਗਵਾਈ ਕਰ ਰਹੀਆਂ ਹਨ।

ਸਾਥੀਓ,

ਅੱਜ ਦੇਸ਼ ਸੁਧਾਰ ਐਕਸਪ੍ਰੈਸ ‘ਤੇ ਅੱਗੇ ਵਧ ਰਿਹਾ ਹੈ। ਇਸ ਦਾ ਮੰਤਵ ਦੇਸ਼ ਵਿੱਚ ਜੀਵਨ ਅਤੇ ਕਾਰੋਬਾਰ ਦੋਵਾਂ ਨੂੰ ਸੌਖਾ ਬਣਾਉਣਾ ਹੈ। ਜੀਐੱਸਟੀ ਵਿੱਚ ਅਗਲੀ ਪੀੜ੍ਹੀ ਦੇ ਸੁਧਾਰਾਂ ਦਾ ਸਭ ਨੂੰ ਲਾਭ ਹੋਇਆ ਹੈ। ਇਸ ਨਾਲ ਸਾਡੇ ਨੌਜਵਾਨ ਉਦਯੋਗਪਤੀਆਂ ਅਤੇ ਐੱਮਐੱਸਐੱਮਈਜ਼ ਨੂੰ ਫ਼ਾਇਦਾ ਹੋ ਰਿਹਾ ਹੈ। ਹਾਲ ਹੀ ਵਿੱਚ ਦੇਸ਼ ਨੇ ਇਤਿਹਾਸਕ ਕਿਰਤ ਸੁਧਾਰ ਲਾਗੂ ਕੀਤੇ ਹਨ। ਇਸ ਨਾਲ ਕਿਰਤੀਆਂ, ਕਰਮਚਾਰੀਆਂ ਅਤੇ ਕਾਰੋਬਾਰ ਸਾਰਿਆਂ ਨੂੰ ਲਾਭ ਹੋਵੇਗਾ। ਨਵੇਂ ਕਿਰਤ ਕੋਡਾਂ ਨੇ ਕਿਰਤੀਆਂ ਅਤੇ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਦੇ ਦਾਇਰੇ ਨੂੰ ਹੋਰ ਮਜ਼ਬੂਤ ਕੀਤਾ ਹੈ।

ਸਾਥੀਓ,

ਅੱਜ ਜਦੋਂ ਸੁਧਾਰ ਐਕਸਪ੍ਰੈਸ ਦੀ ਚਰਚਾ ਹਰ ਥਾਂ ਹੋ ਰਹੀ ਹੈ, ਤਾਂ ਮੈਂ ਤੁਹਾਨੂੰ ਵੀ ਇਸੇ ਵਿਸ਼ੇ ‘ਤੇ ਇੱਕ ਕੰਮ ਸੌਂਪਣਾ ਚਾਹੁੰਦਾ ਹਾਂ। ਤੁਸੀਂ ਯਾਦ ਕਰੋ ਕਿ ਪਿਛਲੇ ਪੰਜ ਤੋਂ ਸੱਤ ਵਰ੍ਹਿਆਂ ਵਿੱਚ ਕਦੋਂ-ਕਦੋਂ ਤੁਹਾਡਾ ਸਰਕਾਰ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸੰਪਰਕ ਹੋਇਆ ਹੈ? ਕਦੇ ਕਿਸੇ ਸਰਕਾਰੀ ਦਫ਼ਤਰ ਵਿੱਚ ਕੰਮ ਪਿਆ ਹੋਵੇ, ਕਿਸੇ ਹੋਰ ਮਾਧਿਅਮ ਰਾਹੀਂ ਸੰਵਾਦ ਹੋਇਆ ਹੋਵੇ, ਅਤੇ ਜੇ ਤੁਹਾਨੂੰ ਕੋਈ ਮੁਸ਼ਕਲ ਆਈ ਹੋਵੇ, ਕੋਈ ਘਾਟ ਮਹਿਸੂਸ ਹੋਈ ਹੋਵੇ, ਕੋਈ ਗੱਲ ਚੁੱਭੀ ਹੋਵੇ, ਤਾਂ ਉਹ ਸਭ ਯਾਦ ਕਰੋ। ਹੁਣ ਤੁਸੀਂ ਇਹ ਤੈਅ ਕਰਨਾ ਹੈ ਕਿ ਜਿਹੜੀਆਂ ਗੱਲਾਂ ਨੇ ਤੁਹਾਨੂੰ, ਤੁਹਾਡੇ ਮਾਤਾ-ਪਿਤਾ ਨੂੰ ਜਾਂ ਤੁਹਾਡੇ ਮਿੱਤਰਾਂ ਨੂੰ ਪਰੇਸ਼ਾਨ ਕੀਤਾ, ਜੋ ਤੁਹਾਨੂੰ ਚੁਭਿਆ ਸੀ, ਮਾੜਾ ਲੱਗਿਆ ਸੀ, ਗ਼ੁੱਸਾ ਆਇਆ ਸੀ, ਉਹ ਮੁਸ਼ਕਲਾਂ ਹੁਣ ਤੁਹਾਡੇ ਆਪਣੇ ਕਾਰਜਕਾਲ ਵਿੱਚ ਕਿਸੇ ਹੋਰ ਨਾਗਰਿਕ ਨੂੰ ਨਹੀਂ ਆਉਣ ਦੇਣੀਆਂ। ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਤੁਹਾਨੂੰ ਆਪਣੇ ਪੱਧਰ ‘ਤੇ ਛੋਟੇ-ਛੋਟੇ ਸੁਧਾਰ ਕਰਨੇ ਹੋਣਗੇ। ਇਸ ਦ੍ਰਿਸ਼ਟੀਕੋਣ ਨਾਲ ਅੱਗੇ ਵਧੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਭਲਾ ਹੋ ਸਕੇ। ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਮਜ਼ਬੂਤ ਕਰਨ ਦਾ ਕੰਮ ਜਿੰਨਾ ਨੀਤੀਆਂ ਨਾਲ ਹੁੰਦਾ ਹੈ, ਉਸ ਤੋਂ ਵੱਧ ਸਥਾਨਕ ਪੱਧਰ ‘ਤੇ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ ਦੀ ਨੀਅਤ ਨਾਲ ਹੁੰਦਾ ਹੈ। ਇੱਕ ਹੋਰ ਗੱਲ ਯਾਦ ਰੱਖੋ—ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਦੇ ਇਸ ਯੁੱਗ ਵਿੱਚ ਦੇਸ਼ ਦੀਆਂ ਲੋੜਾਂ ਅਤੇ ਤਰਜੀਹਾਂ ਵੀ ਤੇਜ਼ੀ ਨਾਲ ਬਦਲ ਰਹੀਆਂ ਹਨ। ਇਸ ਬਦਲਾਅ ਦੇ ਨਾਲ ਤੁਸੀਂ ਆਪਣੇ ਆਪ ਨੂੰ ਵੀ ਲਗਾਤਾਰ ਅੱਪਗ੍ਰੇਡ ਕਰਨਾ ਹੈ। ਤੁਸੀਂ ਆਈਜੀਓਟੀ ਕਰਮਯੋਗੀ ਵਰਗੇ ਪਲੇਟਫ਼ਾਰਮਾਂ ਦਾ ਪੂਰਾ ਲਾਭ ਲਓ। ਮੈਨੂੰ ਖ਼ੁਸ਼ੀ ਹੈ ਕਿ ਬਹੁਤ ਘੱਟ ਸਮੇਂ ਵਿੱਚ ਲਗਭਗ ਡੇਢ ਕਰੋੜ ਸਰਕਾਰੀ ਕਰਮਚਾਰੀ ਇਸ ਪਲੇਟਫ਼ਾਰਮ ਨਾਲ ਜੁੜ ਕੇ ਆਪਣੇ ਆਪ ਨੂੰ ਨਵੇਂ ਸਿਰੇ ਤੋਂ ਤਿਆਰ ਅਤੇ ਸਮਰੱਥ ਬਣਾ ਰਹੇ ਹਨ।

ਸਾਥੀਓ,

ਭਾਵੇਂ ਪ੍ਰਧਾਨ ਮੰਤਰੀ ਹੋਵੇ ਜਾਂ ਸਰਕਾਰ ਦਾ ਇੱਕ ਛੋਟਾ ਜਿਹਾ ਸੇਵਕ, ਅਸੀਂ ਸਾਰੇ ਸੇਵਕ ਹਾਂ ਅਤੇ ਸਾਡੇ ਸਭ ਦਾ ਇੱਕੋ ਮੰਤਰ ਹੈ। ਨਾ ਕੋਈ ਉੱਪਰ ਹੈ, ਨਾ ਕੋਈ ਸੱਜੇ-ਖੱਬੇ। ਮੇਰੇ ਲਈ ਵੀ ਅਤੇ ਤੁਹਾਡੇ ਲਈ ਵੀ ਮੰਤਰ ਇੱਕੋ ਹੈ—‘ਨਾਗਰਿਕ ਦੇਵੋ ਭਵ’। ਇਸ ਮੰਤਰ ਨਾਲ ਅਸੀਂ ਕੰਮ ਕਰਨਾ ਹੈ। ਤੁਸੀਂ ਵੀ ਕਰਦੇ ਰਹੋ। ਇੱਕ ਵਾਰ ਫਿਰ, ਤੁਹਾਡੇ ਜੀਵਨ ਵਿੱਚ ਆਈ ਇਹ ਨਵੀਂ ਬਸੰਤ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਤੁਹਾਡੇ ਹੀ ਜ਼ਰੀਏ 2047 ਵਿੱਚ ਵਿਕਸਿਤ ਭਾਰਤ ਬਣੇਗਾ। ਤੁਹਾਨੂੰ ਮੇਰੀ ਤਰਫ਼ੋਂ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

************

ਐੱਮਜੇਪੀਐੱਸ/ਐੱਸਐੱਸ/ਡੀਕੇ


(रिलीज़ आईडी: 2218635) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Gujarati , Telugu , Kannada