ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਨੇਤਾਜੀ ਸੁਭਾਸ਼ ਚੰਦਰ ਬੋਸ ਨਾ ਸਿਰਫ਼ ਆਜ਼ਾਦੀ ਸੰਗਰਾਮ ਦੇ ਇੱਕ ਮਹਾਨ ਨਾਇਕ ਸਨ, ਸਗੋਂ ਸੁਤੰਤਰ ਭਾਰਤ ਦੇ ਇੱਕ ਦੂਰ-ਦਰਸ਼ੀ ਵੀ ਸਨ। ਉਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕੀਤੀ ਜੋ ਆਧੁਨਿਕ ਹੋਣ ਦੇ ਨਾਲ-ਨਾਲ ਭਾਰਤ ਦੀ ਪ੍ਰਾਚੀਨ ਭਾਵਨਾ ਨਾਲ ਵੀ ਜੁੜਿਆ ਹੋਇਆ ਹੋਵੇ: ਪ੍ਰਧਾਨ ਮੰਤਰੀ
ਪਰਾਕ੍ਰਮ ਦਿਵਸ ਦੀ ਪ੍ਰੇਰਨਾ ਭਾਰਤ ਦੇ ਵਿਕਾਸ ਦੇ ਸੰਕਲਪ ਨੂੰ ਮਜ਼ਬੂਤ ਕਰਦੀ ਰਹੇਗੀ: ਪ੍ਰਧਾਨ ਮੰਤਰੀ
ਅੱਜ ਭਾਰਤ ਜਾਣਦਾ ਹੈ ਕਿ ਸ਼ਕਤੀ ਕਿਵੇਂ ਪ੍ਰਾਪਤ ਕਰਨੀ ਹੈ, ਭਾਰਤ ਨੂੰ ਇਸ ਦਾ ਪ੍ਰਬੰਧਨ ਕਿਵੇਂ ਕਰਨਾ ਹੈ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਹੈ: ਪ੍ਰਧਾਨ ਮੰਤਰੀ
प्रविष्टि तिथि:
23 JAN 2026 6:07PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ 23 ਜਨਵਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਜਨਮ ਵਰ੍ਹੇਗੰਢ ਦੀ ਤਰੀਕ ਹੈ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦੀ ਬਹਾਦਰੀ ਅਤੇ ਹਿੰਮਤ ਸਾਨੂੰ ਪ੍ਰੇਰਿਤ ਕਰਦੀ ਹੈ ਅਤੇ ਉਨ੍ਹਾਂ ਦੇ ਪ੍ਰਤੀ ਸਾਨੂੰ ਸਤਿਕਾਰ ਨਾਲ ਭਰ ਦਿੰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਾਲ ਹੀ ਦੇ ਸਾਲਾਂ ਵਿੱਚ, ਪਰਾਕ੍ਰਮ ਦਿਵਸ ਰਾਸ਼ਟਰ ਦੀ ਭਾਵਨਾ ਨੂੰ ਦਰਸਾਉਣ ਵਾਲਾ ਇੱਕ ਮਹੱਤਵਪੂਰਨ ਤਿਉਹਾਰ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਖ਼ੁਸ਼ਨਸੀਬ ਸੰਯੋਗ ਹੈ ਕਿ ਪਰਾਕ੍ਰਮ ਦਿਵਸ 23 ਜਨਵਰੀ ਨੂੰ, 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ, 26 ਜਨਵਰੀ ਨੂੰ ਗਣਤੰਤਰ ਦਿਵਸ, 29 ਜਨਵਰੀ ਨੂੰ ਬੀਟਿੰਗ ਰੀਟਰੀਟ ਅਤੇ 30 ਜਨਵਰੀ ਨੂੰ ਸਤਿਕਾਰਯੋਗ ਬਾਪੂ ਦੀ ਬਰਸੀ ਹੈ, ਜੋ ਗਣਤੰਤਰ ਦੇ ਸ਼ਾਨਦਾਰ ਤਿਉਹਾਰ ਨੂੰ ਮਨਾਉਣ ਦੀ ਇੱਕ ਨਵੀਂ ਪਰੰਪਰਾ ਬਣਾ ਰਿਹਾ ਹੈ। ਉਨ੍ਹਾਂ ਨੇ ਪਰਾਕ੍ਰਮ ਦਿਵਸ ’ਤੇ ਸਾਰੇ ਨਾਗਰਿਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਹ ਦੇਖਦੇ ਹੋਏ ਕਿ 2026 ਵਿੱਚ ਪਰਾਕ੍ਰਮ ਦਿਵਸ ਦਾ ਮੁੱਖ ਸਮਾਰੋਹ ਅੰਡੇਮਾਨ ਅਤੇ ਨਿਕੋਬਾਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੰਡੇਮਾਨ ਅਤੇ ਨਿਕੋਬਾਰ ਦਾ ਇਤਿਹਾਸ, ਜੋ ਬਹਾਦਰੀ, ਕੁਰਬਾਨੀ ਅਤੇ ਹਿੰਮਤ ਨਾਲ ਭਰਪੂਰ ਹੈ, ਸੈਲੂਲਰ ਜੇਲ੍ਹ ਵਿੱਚ ਵੀਰ ਸਾਵਰਕਰ ਵਰਗੇ ਦੇਸ਼ ਭਗਤਾਂ ਦੀਆਂ ਕਹਾਣੀਆਂ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਇਸ ਦਾ ਸਬੰਧ ਇਸ ਸਮਾਰੋਹ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਡੇਮਾਨ ਦੀ ਧਰਤੀ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਆਜ਼ਾਦੀ ਦਾ ਵਿਚਾਰ ਕਦੇ ਖਤਮ ਨਹੀਂ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਤਸੀਹੇ ਦਿੱਤੇ ਗਏ ਅਤੇ ਬਹੁਤ ਸਾਰੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਆਜ਼ਾਦੀ ਦੀ ਲੜਾਈ ਦੀ ਚੰਗਿਆੜੀ ਬੁਝਣ ਦੀ ਥਾਂ ਹੋਰ ਮਜ਼ਬੂਤ ਹੁੰਦੀ ਗਈ। ਸ਼੍ਰੀ ਮੋਦੀ ਨੇ ਕਿਹਾ ਕਿ ਨਤੀਜੇ ਵਜੋਂ, ਅੰਡੇਮਾਨ ਅਤੇ ਨਿਕੋਬਾਰ ਦੀ ਧਰਤੀ ਆਜ਼ਾਦ ਭਾਰਤ ਦਾ ਪਹਿਲਾ ਸੂਰਜ ਚੜ੍ਹਣ ਦਾ ਗਵਾਹ ਬਣੀ। ਉਨ੍ਹਾਂ ਨੇ ਯਾਦ ਕੀਤਾ ਕਿ 1947 ਤੋਂ ਵੀ ਪਹਿਲਾਂ, 30 ਦਸੰਬਰ, 1943 ਨੂੰ ਸਮੁੰਦਰ ਦੀਆਂ ਲਹਿਰਾਂ ਦੀ ਗਵਾਹੀ ਵਿੱਚ ਇੱਥੇ ਤਿਰੰਗਾ ਲਹਿਰਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2018 ਵਿੱਚ, ਜਦੋਂ ਇਸ ਮਹਾਨ ਘਟਨਾ ਦੀ 75ਵੀਂ ਵਰ੍ਹੇਗੰਢ ਮਨਾਈ ਗਈ ਸੀ, ਤਾਂ ਉਨ੍ਹਾਂ ਨੂੰ 30 ਦਸੰਬਰ ਨੂੰ ਉਸੇ ਸਥਾਨ ’ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਸਮੁੰਦਰੀ ਕੰਢੇ ’ਤੇ ਰਾਸ਼ਟਰੀ ਗੀਤ ਵਜਾਇਆ ਗਿਆ ਸੀ, ਤਾਂ ਤੇਜ਼ ਹਵਾਵਾਂ ਵਿੱਚ ਲਹਿਰਾਉਂਦਾ ਹੋਇਆ ਤਿਰੰਗਾ ਅਜਿਹਾ ਲਗ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਆਜ਼ਾਦੀ ਘੁਲਾਟੀਆਂ ਦੇ ਅਣਗਿਣਤ ਸੁਪਨੇ ਸਾਕਾਰ ਹੋ ਗਏ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸ਼ਾਨਦਾਰ ਇਤਿਹਾਸ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਸੀ, ਪਰ ਉਸ ਸਮੇਂ ਜੋ ਲੋਕ ਸੱਤਾ ਵਿੱਚ ਆਏ, ਉਨ੍ਹਾਂ ਵਿੱਚ ਅਸੁਰੱਖਿਆ ਦੀ ਭਾਵਨਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਆਜ਼ਾਦੀ ਦਾ ਸਿਹਰਾ ਸਿਰਫ਼ ਇੱਕ ਪਰਿਵਾਰ ਤੱਕ ਸੀਮਤ ਰੱਖਣਾ ਚਾਹੁੰਦੇ ਸਨ, ਅਤੇ ਇਸ ਰਾਜਨੀਤਿਕ ਹਿੱਤ ਵਿੱਚ ਦੇਸ਼ ਦੇ ਇਤਿਹਾਸ ਨੂੰ ਅਣਗੌਲਿਆ ਕੀਤਾ ਗਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਨੂੰ ਵੀ ਬਸਤੀਵਾਦੀ ਸ਼ਾਸਨ ਦੀ ਪਛਾਣ ਨਾਲ ਬੰਨ੍ਹ ਕੇ ਰੱਖਿਆ ਗਿਆ, ਅਤੇ ਆਜ਼ਾਦੀ ਦੇ ਸੱਤਰ ਸਾਲ ਬਾਅਦ ਵੀ, ਇਸ ਦੇ ਟਾਪੂਆਂ ਨੂੰ ਬ੍ਰਿਟਿਸ਼ ਅਧਿਕਾਰੀਆਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਇਤਿਹਾਸਕ ਬੇਇਨਸਾਫ਼ੀ ਨੂੰ ਖ਼ਤਮ ਕੀਤਾ ਅਤੇ ਇਸ ਲਈ ਪੋਰਟ ਬਲੇਅਰ ਹੁਣ 'ਸ਼੍ਰੀ ਵਿਜੈਪੁਰਮ' ਬਣ ਗਿਆ ਹੈ, ਇੱਕ ਅਜਿਹਾ ਨਾਮ ਜੋ ਸਾਨੂੰ ਨੇਤਾਜੀ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ, ਹੋਰ ਟਾਪੂਆਂ ਦਾ ਨਾਮ ਸਵਰਾਜ ਟਾਪੂ, ਸ਼ਹੀਦ ਟਾਪੂ ਅਤੇ ਸੁਭਾਸ਼ ਟਾਪੂ ਰੱਖਿਆ ਗਿਆ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ 2023 ਵਿੱਚ, ਅੰਡੇਮਾਨ ਦੇ 21 ਟਾਪੂਆਂ ਦਾ ਨਾਮ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ ’ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਅੰਡੇਮਾਨ ਅਤੇ ਨਿਕੋਬਾਰ ਵਿੱਚ ਗ਼ੁਲਾਮੀ ਨਾਲ ਜੁੜੇ ਨਾਵਾਂ ਨੂੰ ਮਿਟਾਇਆ ਜਾ ਰਿਹਾ ਹੈ ਅਤੇ ਸੁਤੰਤਰ ਭਾਰਤ ਦੇ ਨਵੇਂ ਨਾਮ ਆਪਣੀ ਛਾਪ ਛੱਡ ਰਹੇ ਹਨ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਨਾ ਸਿਰਫ਼ ਆਜ਼ਾਦੀ ਸੰਗਰਾਮ ਦੇ ਇੱਕ ਮਹਾਨ ਨਾਇਕ ਸਨ, ਸਗੋਂ ਸੁਤੰਤਰ ਭਾਰਤ ਦੇ ਇੱਕ ਦੂਰ-ਦਰਸ਼ੀ ਵੀ ਸਨ। ਉਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕੀਤੀ ਜੋ ਆਧੁਨਿਕ ਹੋਣ ਦੇ ਨਾਲ-ਨਾਲ ਭਾਰਤ ਦੀ ਪ੍ਰਾਚੀਨ ਭਾਵਨਾ ਨਾਲ ਵੀ ਜੁੜਿਆ ਹੋਵੇ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਨੇਤਾਜੀ ਦੇ ਦ੍ਰਿਸ਼ਟੀਕੋਣ ਨਾਲ ਜਾਣੂ ਕਰਵਾਉਣਾ ਸਾਡੀ ਜ਼ਿੰਮੇਵਾਰੀ ਹੈ, ਉਨ੍ਹਾਂ ਨੇ ਖ਼ੁਸ਼ੀ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਸਰਕਾਰ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਨੇਤਾਜੀ ਨੂੰ ਸਮਰਪਿਤ ਇੱਕ ਅਜਾਇਬ ਘਰ ਸਥਾਪਤ ਕੀਤਾ ਗਿਆ ਹੈ, ਇੰਡੀਆ ਗੇਟ ਦੇ ਨੇੜੇ ਨੇਤਾਜੀ ਦੀ ਇੱਕ ਸ਼ਾਨਦਾਰ ਮੂਰਤੀ ਸਥਾਪਤ ਕੀਤੀ ਗਈ ਹੈ ਅਤੇ ਗਣਤੰਤਰ ਦਿਵਸ ਪਰੇਡ ਵਿੱਚ ਆਈਐੱਨਏ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸੁਭਾਸ਼ ਚੰਦਰ ਬੋਸ ਆਫ਼ਤ ਪ੍ਰਬੰਧਨ ਪੁਰਸਕਾਰ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਕਦਮੀਆਂ ਨਾ ਸਿਰਫ਼ ਨੇਤਾਜੀ ਸੁਭਾਸ਼ ਚੰਦਰ ਬੋਸ ਪ੍ਰਤੀ ਸਤਿਕਾਰ ਦਾ ਪ੍ਰਤੀਕ ਹਨ, ਸਗੋਂ ਸਾਡੀਆਂ ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇ ਸਦੀਵੀ ਸਰੋਤ ਵੀ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਆਦਰਸ਼ਾਂ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਣਾ ਹੀ ਵਿਕਸਿਤ ਭਾਰਤ ਲਈ ਸਾਡੇ ਸੰਕਲਪ ਨੂੰ ਊਰਜਾ ਅਤੇ ਵਿਸ਼ਵਾਸ ਨਾਲ ਭਰ ਦਿੰਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇੱਕ ਕਮਜ਼ੋਰ ਦੇਸ਼ ਆਪਣੇ ਟੀਚਿਆਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਅਤੇ ਇਸੇ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਹਮੇਸ਼ਾ ਇੱਕ ਮਜ਼ਬੂਤ ਰਾਸ਼ਟਰ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਨੇ ਕਿਹਾ ਕਿ 21ਵੀਂ ਸਦੀ ਵਿੱਚ, ਭਾਰਤ ਵੀ ਆਪਣੇ ਆਪ ਨੂੰ ਇੱਕ ਸ਼ਕਤੀਸ਼ਾਲੀ ਅਤੇ ਦ੍ਰਿੜ੍ਹ ਰਾਸ਼ਟਰ ਵਜੋਂ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਧੂਰ ਦੌਰਾਨ, ਭਾਰਤ ਨੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੇ ਘਰਾਂ ਵਿੱਚ ਦਾਖਲ ਹੋ ਕੇ ਅਤੇ ਉਨ੍ਹਾਂ ਨੂੰ ਖ਼ਤਮ ਕਰਕੇ ਬਦਲਾ ਲਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਜਾਣਦਾ ਹੈ ਕਿ ਸ਼ਕਤੀ ਕਿਵੇਂ ਬਣਾਈ ਜਾਂਦੀ ਹੈ, ਉਸ ਦਾ ਪ੍ਰਬੰਧਨ ਕਿਵੇਂ ਕੀਤਾ ਜਾਂਦਾ ਹੈ ਅਤੇ ਸ਼ਕਤੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਇੱਕ ਮਜ਼ਬੂਤ ਭਾਰਤ ਦੇ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੇ ਹੋਏ, ਦੇਸ਼ ਰੱਖਿਆ ਖੇਤਰ ਨੂੰ ਆਤਮ-ਨਿਰਭਰ ਬਣਾਉਣ ਲਈ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਰਤ ਸਿਰਫ਼ ਵਿਦੇਸ਼ਾਂ ਤੋਂ ਹਥਿਆਰਾਂ ਦੀ ਦਰਾਮਦ ’ਤੇ ਨਿਰਭਰ ਸੀ, ਪਰ ਅੱਜ ਭਾਰਤ ਦਾ ਰੱਖਿਆ ਨਿਰਯਾਤ 23,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਬਣੀ ਬ੍ਰਹਮੋਸ ਅਤੇ ਹੋਰ ਮਿਜ਼ਾਈਲਾਂ ਵਿਸ਼ਵ-ਵਿਆਪੀ ਧਿਆਨ ਖਿੱਚ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਆਤਮ-ਨਿਰਭਰਤਾ ਦੀ ਸ਼ਕਤੀ ਨਾਲ ਆਪਣੀਆਂ ਦਾ ਆਧੁਨਿਕੀਕਰਨ ਕਰ ਰਿਹਾ ਹੈ।
ਇਹ ਦੱਸਦੇ ਹੋਏ ਕਿ ਅੱਜ 1.4 ਅਰਬ ਨਾਗਰਿਕ ਵਿਕਸਿਤ ਭਾਰਤ ਦੇ ਸੰਕਲਪ ਵੱਲ ਕੰਮ ਕਰਨ ਲਈ ਇੱਕਜੁੱਟ ਹਨ, ਇਹ ਰਸਤਾ ਆਤਮ-ਨਿਰਭਰ ਭਾਰਤ ਅਭਿਆਨ ਨਾਲ ਮਜ਼ਬੂਤ ਹੋਇਆ ਹੈ ਅਤੇ ਸਵਦੇਸ਼ੀ ਦੇ ਮੰਤਰ ਤੋਂ ਪ੍ਰੇਰਿਤ ਹੈ, ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸਮਾਪਤੀ ਇਸ ਵਿਸ਼ਵਾਸ ਨਾਲ ਕੀਤੀ ਕਿ ਪਰਾਕ੍ਰਮ ਦਿਵਸ ਦੀ ਪ੍ਰੇਰਨਾ ਵਿਕਸਿਤ ਭਾਰਤ ਦੀ ਇਸ ਯਾਤਰਾ ਨੂੰ ਨਿਰੰਤਰ ਤਾਕਤ ਦਿੰਦੀ ਰਹੇਗੀ।
ਇਸ ਸਮਾਗਮ ਵਿੱਚ ਅੰਡੇਮਾਨ ਅਤੇ ਨਿਕੋਬਾਰ ਦੇ ਉਪ ਰਾਜਪਾਲ, ਐਡਮਿਰਲ ਡੀ.ਕੇ. ਜੋਸ਼ੀ (ਸੇਵਾਮੁਕਤ), ਨੇਤਾਜੀ ਸੁਭਾਸ਼ ਚੰਦਰ ਬੋਸ ਆਈਐੱਨਏ ਟਰੱਸਟ ਦੇ ਚੇਅਰਮੈਨ ਬ੍ਰਿਗੇਡੀਅਰ (ਸੇਵਾਮੁਕਤ) ਆਰ. ਐੱਸ. ਚਿਕਾਰਾ ਅਤੇ ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਅਤੇ ਆਈਐੱਨਏ ਦੀ ਪ੍ਰਸਿੱਧ ਹਸਤੀ ਲੈਫਟੀਨੈਂਟ ਆਰ. ਮਾਧਵਨ ਸਮੇਤ ਹੋਰ ਪਤਵੰਤੇ ਮੌਜੂਦ ਰਹੇ।
****
ਐੱਮਜੇਪੀਐੱਸ/ਐੱਸਆਰ
(रिलीज़ आईडी: 2218157)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam