ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਉਦਘਾਟਨ ਕੀਤਾ ਅਤੇ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ
ਰੇਲ ਸੰਪਰਕ ਵਿੱਚ ਵਾਧਾ ਅਤੇ ਤਿਰੂਵਨੰਤਪੁਰਮ ਨੂੰ ਵੱਡੇ ਸਟਾਰਟਅੱਪ ਕੇਂਦਰ ਵਿੱਚ ਬਦਲਣ ਦੀਆਂ ਪਹਿਲਕਦਮੀਆਂ ਨਾਲ ਕੇਰਲ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਅੱਜ ਨਵੀਂ ਗਤੀ ਮਿਲੀ: ਪ੍ਰਧਾਨ ਮੰਤਰੀ
ਕੇਰਲ ਤੋਂ ਅੱਜ ਗ਼ਰੀਬਾਂ ਦੀ ਭਲਾਈ ਲਈ ਇੱਕ ਵੱਡੀ ਰਾਸ਼ਟਰ-ਵਿਆਪੀ ਪਹਿਲ ਦੀ ਸ਼ੁਰੂਆਤ ਹੋਈ, ਪੀਐੱਮ ਸਵਨਿਧੀ ਕ੍ਰੈਡਿਟ ਕਾਰਡ ਦੀ ਸ਼ੁਰੂਆਤ ਨਾਲ ਦੇਸ਼ ਭਰ ਵਿੱਚ ਰੇਹੜੀ-ਪਟਰੀ ਵਾਲੇ ਵਿਕਰੇਤਾਵਾਂ ਅਤੇ ਫੁੱਟਪਾਥ ’ਤੇ ਕੰਮ ਕਰਨ ਵਾਲਿਆਂ ਨੂੰ ਲਾਭ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਾਡੇ ਸ਼ਹਿਰਾਂ ਦੀ ਅਹਿਮ ਭੂਮਿਕਾ, ਕੇਂਦਰ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਜ਼ਿਕਰਯੋਗ ਨਿਵੇਸ਼ ਕੀਤਾ: ਪ੍ਰਧਾਨ ਮੰਤਰੀ
प्रविष्टि तिथि:
23 JAN 2026 12:12PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ ਅਤੇ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ। ਸ਼੍ਰੀ ਮੋਦੀ ਨੇ ਇਸ ਮੌਕੇ ਸਮਾਗਮ ਵਿੱਚ ਕਿਹਾ ਕਿ ਕੇਰਲ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਯਤਨਾਂ ਨੂੰ ਅੱਜ ਨਵੀਂ ਗਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿੱਚ ਰੇਲ ਸੰਪਰਕ ਹੋਰ ਮਜ਼ਬੂਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਿਰੂਵਨੰਤਪੁਰਮ ਨੂੰ ਵੱਡੇ ਸਟਾਰਟਅੱਪ ਕੇਂਦਰ ਵਜੋਂ ਬਦਲਣ ਲਈ ਉਪਾਅ ਕੀਤੇ ਗਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸਵਨਿਧੀ ਕ੍ਰੈਡਿਟ ਕਾਰਡ ਦੀ ਸ਼ੁਰੂਆਤ ਦੇ ਨਾਲ ਹੀ ਕੇਰਲ ਤੋਂ ਗ਼ਰੀਬਾਂ ਦੀ ਭਲਾਈ ਲਈ ਮਹੱਤਵਪੂਰਨ ਰਾਸ਼ਟਰ-ਵਿਆਪੀ ਪਹਿਲਕਦਮੀ ਦੀ ਸ਼ੁਰੂਆਤ ਹੋਈ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੇਸ਼ ਭਰ ਵਿੱਚ ਰੇਹੜੀ-ਪਟਰੀ ਵਾਲੇ ਵਿਕਰੇਤਾਵਾਂ ਅਤੇ ਫੁੱਟਪਾਥ ’ਤੇ ਕੰਮ ਕਰਨ ਵਾਲਿਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਇਨ੍ਹਾਂ ਵਿਕਾਸ ਅਤੇ ਰੁਜ਼ਗਾਰ ਮੁਖੀ ਪਹਿਲਕਦਮੀਆਂ ਲਈ ਕੇਰਲ ਦੇ ਨਿਵਾਸੀਆਂ ਅਤੇ ਸਮੁੱਚੇ ਰਾਸ਼ਟਰ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਮੁੱਚਾ ਰਾਸ਼ਟਰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀਆਂ ਆਪਣੀਆਂ ਕੋਸ਼ਿਸ਼ਾਂ ਲਈ ਇਕਜੁੱਟ ਹੈ। ਇਸ ਮੁਹਿੰਮ ਵਿੱਚ ਸ਼ਹਿਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 11 ਸਾਲਾਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਕਾਫੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਭਾਰਿਆ ਕੀਤਾ ਕਿ ਕੇਂਦਰ ਸਰਕਾਰ ਨੇ ਸ਼ਹਿਰਾਂ ਵਿੱਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ ਲਈ ਵਿਸਤ੍ਰਿਤ ਕਾਰਜ ਸ਼ੁਰੂ ਕੀਤੇ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 4 ਕਰੋੜ ਤੋਂ ਵੱਧ ਮਕਾਨ ਬਣਾ ਕੇ ਗ਼ਰੀਬਾਂ ਨੂੰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 1 ਕਰੋੜ ਤੋਂ ਵੱਧ ਪੱਕੇ ਮਕਾਨ ਸ਼ਹਿਰੀ ਗ਼ਰੀਬਾਂ ਨੂੰ ਮਿਲੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕੱਲੇ ਕੇਰਲ ਵਿੱਚ ਲਗਭਗ 1.25 ਲੱਖ ਸ਼ਹਿਰੀ ਗ਼ਰੀਬ ਪਰਿਵਾਰਾਂ ਨੂੰ ਪੱਕੇ ਮਕਾਨ ਪ੍ਰਾਪਤ ਹੋਏ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਲਈ ਬਿਜਲੀ ਦਾ ਖਰਚ ਘਟਾਉਣ ਦੇ ਉਦੇਸ਼ ਨਾਲ ਪੀਐੱਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਦੇ ਤਹਿਤ ਗ਼ਰੀਬ ਨਾਗਰਿਕਾਂ ਨੂੰ 5 ਲੱਖ ਰੁਪਏ ਦਾ ਇਲਾਜ ਮੁਫ਼ਤ ਮਿਲ ਰਿਹਾ ਹੈ। ਔਰਤਾਂ ਲਈ ਸਿਹਤ ਸੁਰੱਖਿਆ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਾਤ੍ਰ ਵੰਦਨਾ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ ਤੋਂ ਮੁਕਤ ਕੀਤਾ ਹੈ, ਜਿਸ ਦਾ ਕਾਫੀ ਲਾਭ ਕੇਰਲ ਦੇ ਮੱਧ ਵਰਗੀ ਅਤੇ ਤਨਖਾਹਦਾਰ ਲੋਕਾਂ ਨੂੰ ਵੀ ਮਿਲਿਆ ਹੈ।
ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਕਰੋੜਾਂ ਨਾਗਰਿਕਾਂ ਨੂੰ ਬੈਂਕਿੰਗ ਪ੍ਰਣਾਲੀ ਨਾਲ ਜੋੜਨ ਲਈ ਵੱਡੇ ਪੱਧਰ ’ਤੇ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਗ਼ਰੀਬ, ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਹੋਰ ਪੱਛੜਾ ਵਰਗ ਭਾਈਚਾਰਿਆਂ, ਔਰਤਾਂ ਅਤੇ ਮਛੇਰਿਆਂ ਨੂੰ ਬੈਂਕ ਤੋਂ ਕਰਜ਼ਾ ਆਸਾਨੀ ਨਾਲ ਮਿਲ ਸਕਦਾ ਹੈ। ਉਨ੍ਹਾਂ ਕੋਲ ਗਿਰਵੀ ਰੱਖਣ ਲਈ ਕੁਝ ਨਹੀਂ ਹੋਣ ਦੀ ਸਥਿਤੀ ਵਿੱਚ ਕੇਂਦਰ ਸਰਕਾਰ ਆਪਣੇ ਵੱਲੋਂ ਗਾਰੰਟੀ ਦਿੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੇਹੜੀ-ਪਟਰੀ ਵਾਲਿਆਂ ਨੂੰ ਪਹਿਲਾਂ ਕੁਝ ਸੌ ਰੁਪਏ ਦਾ ਕਰਜ਼ਾ ਵੀ ਉੱਚੀ ਵਿਆਜ ਦਰ ’ਤੇ ਲੈਣਾ ਪੈਂਦਾ ਸੀ। ਪਰ ਪੀਐੱਮ ਸਵਨਿਧੀ ਯੋਜਨਾ ਨਾਲ ਉਨ੍ਹਾਂ ਦੀ ਸਥਿਤੀ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਭਰ ਦੇ ਲੱਖਾਂ ਰੇਹੜੀ-ਪਟਰੀ ਵਾਲਿਆਂ ਨੂੰ ਬੈਂਕਾਂ ਤੋਂ ਕਰਜ਼ੇ ਪ੍ਰਾਪਤ ਹੋਏ ਹਨ। ਇਸ ਨਾਲ ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਵਿੱਚ ਸੁਧਾਰ ਲਈ ਮਹੱਤਵਪੂਰਨ ਮਦਦ ਅਤੇ ਮੌਕੇ ਮਿਲੇ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਰੇਹੜੀ-ਪਟਰੀ ਵਾਲਿਆਂ ਨੂੰ ਕ੍ਰੈਡਿਟ ਕਾਰਡ ਪ੍ਰਦਾਨ ਕਰਕੇ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕੇਰਲ ਵਿੱਚ 10000 ਅਤੇ ਤਿਰੂਵਨੰਤਪੁਰਮ ਵਿੱਚ 600 ਤੋਂ ਵੱਧ ਵਿਅਕਤੀਆਂ ਸਮੇਤ ਲਾਭਪਾਤਰੀਆਂ ਨੂੰ ਪੀਐੱਮ ਸਵਨਿਧੀ ਕ੍ਰੈਡਿਟ ਕਾਰਡ ਹੁਣੇ ਇੱਥੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਫ਼ ਅਮੀਰ ਕ੍ਰੈਡਿਟ ਕਾਰਡ ਰੱਖਦੇ ਸਨ ਪਰ ਹੁਣ ਪੀਐੱਮ ਸਵਨਿਧੀ ਕ੍ਰੈਡਿਟ ਕਾਰਡ ਰੇਹੜੀ-ਪਟਰੀ ਵਾਲਿਆਂ ਕੋਲ ਵੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਕਨੈਕਟੀਵਿਟੀ, ਵਿਗਿਆਨ, ਨਵੀਨਤਾ ਅਤੇ ਸਿਹਤ ਸੇਵਾਵਾਂ ਵਿੱਚ ਜ਼ਿਕਰਯੋਗ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਕੇਰਲ ਵਿੱਚ ਸੀਐੱਸਆਈਆਰ ਨਵੀਨਤਾ ਕੇਂਦਰ ਅਤੇ ਮੈਡੀਕਲ ਕਾਲਜ ਵਿੱਚ ਰੇਡੀਓ ਸਰਜਰੀ ਕੇਂਦਰ ਦੇ ਉਦਘਾਟਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਰਾਜ ਨੂੰ ਵਿਗਿਆਨ, ਨਵੀਨਤਾ ਅਤੇ ਸਿਹਤ ਸੇਵਾਵਾਂ ਦੇ ਧੁਰੇ ਵਜੋਂ ਸਥਾਪਿਤ ਕਰਨ ਵਿੱਚ ਮਦਦ ਮਿਲੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਏ ਜਾਣ ਨਾਲ ਕੇਰਲ ਵਿੱਚ ਰੇਲ ਸੰਪਰਕ ਮਜ਼ਬੂਤ ਹੋਇਆ ਹੈ ਜਿਸ ਨਾਲ ਯਾਤਰਾ ਦੀ ਸੌਖ ਵਧੇਗੀ ਅਤੇ ਸੈਰ-ਸਪਾਟਾ ਖੇਤਰ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਗੁਰੂਵਾਯੂਰ ਅਤੇ ਤ੍ਰਿਸ਼ੂਰ ਦੇ ਵਿਚਕਾਰ ਨਵੀਂ ਯਾਤਰੀ ਟ੍ਰੇਨ ਨਾਲ ਸ਼ਰਧਾਲੂਆਂ ਲਈ ਯਾਤਰਾ ਆਸਾਨ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਪ੍ਰੋਜੈਕਟਾਂ ਨਾਲ ਕੇਰਲ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ।
ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ ਕਿ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕ ਵਿਕਸਿਤ ਕੇਰਲ ਲਾਜ਼ਮੀ ਹੈ। ਉਨ੍ਹਾਂ ਨੇ ਕੇਰਲ ਵਾਸੀਆਂ ਨੂੰ ਇੱਕ ਵਾਰ ਫਿਰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕੇਰਲ ਦੀ ਜਨਤਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਕੇਰਲ ਦੇ ਰਾਜਪਾਲ ਸ਼੍ਰੀ ਰਾਜਿੰਦਰ ਅਰਲੇਕਰ ਅਤੇ ਮੁੱਖ ਮੰਤਰੀ ਸ਼੍ਰੀ ਪਿਨਾਰਾਈ ਵਿਜਯਨ, ਕੇਂਦਰੀ ਮੰਤਰੀ ਸ਼੍ਰੀ ਵੀ ਸੋਮੰਨਾ ਅਤੇ ਸ਼੍ਰੀ ਜੌਰਜ ਕੂਰੀਅਨ ਅਤੇ ਤਿਰੂਵਨੰਤਪੁਰਮ ਦੇ ਮੇਅਰ ਸ਼੍ਰੀ ਵੀਵੀ ਰਾਜੇਸ਼ ਸਮਾਗਮ ਵਿੱਚ ਮੌਜੂਦ ਪਤਵੰਤੇ ਵਿਅਕਤੀਆਂ ਵਿੱਚ ਸ਼ਾਮਲ ਸਨ।
ਪਿਛੋਕੜ
ਇਹ ਪ੍ਰੋਜੈਕਟ ਰੇਲ ਕਨੈਕਟੀਵਿਟੀ, ਸ਼ਹਿਰੀ ਰੋਜ਼ੀ-ਰੋਟੀ, ਵਿਗਿਆਨ ਅਤੇ ਨਵੀਨਤਾ, ਨਾਗਰਿਕ-ਕੇਂਦ੍ਰਿਤ ਸੇਵਾਵਾਂ ਅਤੇ ਉੱਨਤ ਸਿਹਤ ਦੇਖਭਾਲ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਫੈਲੇ ਹੋਏ ਹਨ। ਇਹ ਸਮਾਵੇਸ਼ੀ ਵਿਕਾਸ, ਤਕਨੀਕੀ ਤਰੱਕੀ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ’ਤੇ ਪ੍ਰਧਾਨ ਮੰਤਰੀ ਦੇ ਫੋਕਸ ਨੂੰ ਦਰਸਾਉਂਦੇ ਹਨ।
ਰੇਲ ਕਨੈਕਟੀਵਿਟੀ ਨੂੰ ਵੱਡਾ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਚਾਰ ਨਵੀਆਂ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾਈ, ਜਿਸ ਵਿੱਚ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਅਤੇ ਇੱਕ ਪੈਸੰਜਰ ਟ੍ਰੇਨ ਸ਼ਾਮਲ ਹੈ। ਇਨ੍ਹਾਂ ਵਿੱਚ ਨਾਗਰਕੋਇਲ-ਮੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ, ਤਿਰੂਵਨੰਤਪੁਰਮ-ਤਾਂਬਰਮ ਅੰਮ੍ਰਿਤ ਭਾਰਤ ਐਕਸਪ੍ਰੈੱਸ, ਤਿਰੂਵਨੰਤਪੁਰਮ-ਚੇਰਲਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਤ੍ਰਿਸ਼ੂਰ ਤੇ ਗੁਰੂਵਾਯੂਰ ਦਰਮਿਆਨ ਇੱਕ ਨਵੀਂ ਪੈਸੰਜਰ ਟ੍ਰੇਨ ਸ਼ਾਮਲ ਹੈ। ਇਨ੍ਹਾਂ ਸੇਵਾਵਾਂ ਦੇ ਸ਼ੁਰੂ ਹੋਣ ਨਾਲ ਕੇਰਲ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦਰਮਿਆਨ ਲੰਬੀ ਦੂਰੀ ਅਤੇ ਖੇਤਰੀ ਕਨੈਕਟੀਵਿਟੀ ਵਿੱਚ ਕਾਫੀ ਸੁਧਾਰ ਹੋਵੇਗਾ, ਜਿਸ ਨਾਲ ਯਾਤਰੀਆਂ ਲਈ ਯਾਤਰਾ ਵਧੇਰੇ ਕਿਫਾਇਤੀ, ਸੁਰੱਖਿਅਤ ਅਤੇ ਸਮਾਂਬੱਧ ਹੋ ਜਾਵੇਗੀ। ਬਿਹਤਰ ਕਨੈਕਟੀਵਿਟੀ ਨਾਲ ਇਸ ਪੂਰੇ ਖੇਤਰ ਵਿੱਚ ਸੈਰ-ਸਪਾਟਾ, ਵਪਾਰ, ਸਿੱਖਿਆ, ਰੁਜ਼ਗਾਰ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹ ਮਿਲੇਗਾ।
ਸ਼ਹਿਰੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੇ ਤਹਿਤ, ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਕ੍ਰੈਡਿਟ ਕਾਰਡ ਦੀ ਸ਼ੁਰੂਆਤ ਕੀਤੀ, ਜੋ ਰੇਹੜੀ-ਪਟਰੀ ਵਾਲਿਆਂ ਲਈ ਵਿੱਤੀ ਸਮਾਵੇਸ਼ ਦੇ ਅਗਲੇ ਪੜਾਅ ਦਾ ਪ੍ਰਤੀਕ ਹੈ। ਯੂਪੀਆਈ ਨਾਲ ਜੁੜੀ ਇਹ ਵਿਆਜ-ਮੁਕਤ ਰਿਵੌਲਵਿੰਗ ਕਰਜ਼ੇ ਦੀ ਸਹੂਲਤ ਤਤਕਾਲ ਨਕਦੀ ਪ੍ਰਵਾਹ ਪ੍ਰਦਾਨ ਕਰੇਗੀ, ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ ਅਤੇ ਲਾਭਪਾਤਰੀਆਂ ਨੂੰ ਰਸਮੀ ਕਰਜ਼ਾ ਇਤਿਹਾਸ ਬਣਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਨੇ ਕੇਰਲ ਦੇ ਰੇਹੜੀ-ਪਟਰੀ ਵਾਲਿਆਂ ਸਮੇਤ ਇੱਕ ਲੱਖ ਲਾਭਪਾਤਰੀਆਂ ਨੂੰ ਪੀਐੱਮ ਸਵਨਿਧੀ ਕਰਜ਼ੇ ਵੀ ਵੰਡੇ। 2020 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ, ਪੀਐੱਮ ਸਵਨਿਧੀ ਯੋਜਨਾ ਨਾਲ ਜ਼ਿਆਦਾਤਰ ਲਾਭਪਾਤਰੀਆਂ ਨੂੰ ਪਹਿਲੀ ਵਾਰ ਰਸਮੀ ਕਰਜ਼ਾ ਉਪਲਬਧ ਕਰਾਉਣ ਵਿੱਚ ਮਦਦ ਮਿਲੀ ਹੈ ਅਤੇ ਇਸ ਨੇ ਸ਼ਹਿਰੀ ਗੈਰ-ਰਸਮੀ ਕਾਮਿਆਂ ਦਰਮਿਆਨ ਗਰੀਬੀ ਹਟਾਉਣ ਅਤੇ ਰੋਜ਼ੀ-ਰੋਟੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿੱਚ, ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਵਿੱਚ ਸੀਐੱਸਆਈਆਰ-ਐੱਨਆਈਆਈਐੱਸਟੀ ਇਨੋਵੇਸ਼ਨ, ਟੈਕਨਾਲੋਜੀ ਅਤੇ ਉੱਦਮਤਾ ਕੇਂਦਰ (ਹੱਬ) ਦਾ ਨੀਂਹ ਪੱਥਰ ਰੱਖਿਆ। ਇਹ ਹੱਬ ਜੀਵਨ ਵਿਗਿਆਨ ਅਤੇ ਜੈਵ-ਅਰਥਵਿਵਸਥਾ ’ਤੇ ਧਿਆਨ ਕੇਂਦਰਿਤ ਕਰੇਗਾ, ਆਯੁਰਵੇਦ ਵਰਗੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਆਧੁਨਿਕ ਬਾਇਓਟੈਕਨਾਲੋਜੀ, ਟਿਕਾਊ ਪੈਕੇਜਿੰਗ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਏਕੀਕ੍ਰਿਤ ਕਰੇਗਾ ਅਤੇ ਸਟਾਰਟਅੱਪ ਨਿਰਮਾਣ, ਟੈਕਨਾਲੋਜੀ ਟ੍ਰਾਂਸਫਰ ਅਤੇ ਗਲੋਬਲ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਹ ਖੋਜ ਨੂੰ ਬਾਜ਼ਾਰ ਦੇ ਅਨੁਕੂਲ ਹੱਲਾਂ ਅਤੇ ਉੱਦਮਾਂ ਵਿੱਚ ਬਦਲਣ ਲਈ ਇੱਕ ਮੰਚ ਵਜੋਂ ਕੰਮ ਕਰੇਗਾ।
ਇਸ ਯਾਤਰਾ ਦਾ ਇੱਕ ਹੋਰ ਪ੍ਰਮੁੱਖ ਫੋਕਸ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਵਿੱਚ ਸ਼੍ਰੀ ਚਿਤ੍ਰਾ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨਾਲੋਜੀ ਵਿੱਚ ਇੱਕ ਅਤਿ-ਆਧੁਨਿਕ ਰੇਡੀਓ ਸਰਜਰੀ ਕੇਂਦਰ ਦਾ ਨੀਂਹ ਪੱਥਰ ਰੱਖਿਆ। ਇਹ ਸਹੂਲਤ ਗੁੰਝਲਦਾਰ ਦਿਮਾਗੀ ਵਿਕਾਰਾਂ ਲਈ ਬਹੁਤ ਸਟੀਕ ਅਤੇ ਘੱਟ ਚੀਰ-ਫਾੜ ਵਾਲਾ ਇਲਾਜ ਪ੍ਰਦਾਨ ਕਰੇਗੀ, ਜਿਸ ਨਾਲ ਖੇਤਰ ਦੀ ਤੀਜੇ ਦਰਜੇ ਦੀ ਸਿਹਤ ਸੰਭਾਲ ਸਮਰੱਥਾਵਾਂ ਵਿੱਚ ਵਾਧਾ ਹੋਵੇਗਾ। ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਵਿੱਚ ਨਵੇਂ ਪੂਜਾਪੁਰਾ ਪ੍ਰਧਾਨ ਡਾਕਘਰ ਦਾ ਵੀ ਉਦਘਾਟਨ ਕੀਤਾ। ਇਹ ਆਧੁਨਿਕ ਅਤੇ ਟੈਕਨਾਲੋਜੀ-ਯੋਗ ਸਹੂਲਤ ਡਾਕ, ਬੈਂਕਿੰਗ, ਬੀਮਾ ਅਤੇ ਡਿਜੀਟਲ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰੇਗੀ, ਜੋ ਨਾਗਰਿਕ-ਕੇਂਦ੍ਰਿਤ ਸੇਵਾ ਵੰਡ ਨੂੰ ਹੋਰ ਮਜ਼ਬੂਤ ਕਰੇਗੀ।
************
ਐੱਮਜੇਪੀਐੱਸ/ਐੱਸਆਰ
(रिलीज़ आईडी: 2217997)
आगंतुक पटल : 6
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam