ਪ੍ਰਧਾਨ ਮੰਤਰੀ ਦਫਤਰ
ਵੀਡੀਓ ਕਾਨਫ਼ਰੰਸਿੰਗ ਰਾਹੀਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਰਾਕ੍ਰਮ ਦਿਵਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
23 JAN 2026 6:33PM by PIB Chandigarh
ਨਮਸਕਾਰ!
ਅੰਡੇਮਾਨ-ਨਿਕੋਬਾਰ ਦੇ ਉਪ ਰਾਜਪਾਲ ਐਡਮਿਰਲ ਡੀ. ਕੇ. ਜੋਸ਼ੀ ਜੀ, ਨੇਤਾਜੀ ਸੁਭਾਸ਼ ਚੰਦਰ ਬੋਸ ਆਈਐੱਨਏ ਟਰੱਸਟ ਦੇ ਚੇਅਰਮੈਨ ਬ੍ਰਿਗੇਡੀਅਰ ਆਰ. ਐੱਸ. ਛਿਕਾਰਾ ਜੀ, ਭਾਰਤੀ ਆਜ਼ਾਦੀ ਅੰਦੋਲਨ ਦੇ ਸਹਿਭਾਗੀ ਅਤੇ ਆਈਐੱਨਏ ਦੇ ਸ਼ਾਸ਼ਵਤ ਪੁਰਸ਼ ਲੈਫਟੀਨੈਂਟ ਆਰ. ਮਾਧਵਨ ਜੀ,
23 ਜਨਵਰੀ ਦੀ ਇਹ ਗੌਰਵਮਈ ਤਰੀਕ, ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ, ਨੇਤਾਜੀ ਦਾ ਪਰਾਕ੍ਰਮ, ਉਨ੍ਹਾਂ ਦੀ ਬਹਾਦਰੀ, ਅੱਜ ਦੀ ਇਹ ਤਰੀਕ ਸਾਨੂੰ ਪ੍ਰੇਰਨਾ ਵੀ ਦਿੰਦੀ ਹੈ, ਸਾਨੂੰ ਨੇਤਾਜੀ ਪ੍ਰਤੀ ਸ਼ਰਧਾ ਭਾਵਨਾ ਨਾਲ ਵੀ ਭਰਦੀ ਹੈ।
ਸਾਥੀਓ, ਪਿਛਲੇ ਸਾਲਾਂ ਵਿੱਚ ਪਰਾਕ੍ਰਮ ਦਿਵਸ, ਦੇਸ਼ ਦੀ ਰਾਸ਼ਟਰੀ ਭਾਵਨਾ ਦਾ, ਨੈਸ਼ਨਲ ਸਪਿਰਿਟ ਦਾ ਅਨਿੱਖੜਵਾਂ ਹਿੱਸਾ ਬਣ ਗਿਆ ਹੈ। ਇਹ ਇੱਕ ਸੁਖਦ ਸੰਯੋਗ ਹੈ ਕਿ 23 ਜਨਵਰੀ ਨੂੰ ਪਰਾਕ੍ਰਮ ਦਿਵਸ, 25 ਜਨਵਰੀ ਨੂੰ ਵੋਟਰ ਦਿਵਸ, 26 ਜਨਵਰੀ ਨੂੰ ਗਣਤੰਤਰ ਦਿਵਸ, 29 ਜਨਵਰੀ ਨੂੰ ਬੀਟਿੰਗ ਰਿਟ੍ਰੀਟ ਅਤੇ ਫਿਰ 30 ਜਨਵਰੀ ਨੂੰ ਪੂਜਨੀਕ ਬਾਪੂ ਦੀ ਬਰਸੀ ਤੱਕ, ਗਣਤੰਤਰ ਦਾ ਮਹਾਪੁਰਬ ਮਨਾਏ ਜਾਣ ਦੀ ਇੱਕ ਨਵੀਂ ਪਰੰਪਰਾ ਬਣ ਗਈ ਹੈ। ਮੈਂ ਇਸ ਮੌਕੇ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਪਰਾਕ੍ਰਮ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਭਰਾਵੋ ਅਤੇ ਭੈਣੋ, ਸਾਲ 2026 ਵਿੱਚ ਪਰਾਕ੍ਰਮ ਦਿਵਸ ਦਾ ਮੁੱਖ ਸਮਾਗਮ ਅੰਡੇਮਾਨ ਨਿਕੋਬਾਰ ਵਿੱਚ ਹੋ ਰਿਹਾ ਹੈ। ਬਹਾਦਰੀ, ਪਰਾਕ੍ਰਮ ਅਤੇ ਕੁਰਬਾਨੀਆਂ ਨਾਲ ਭਰਪੂਰ ਅੰਡੇਮਾਨ ਨਿਕੋਬਾਰ ਦਾ ਇਤਿਹਾਸ, ਇੱਥੋਂ ਦੀ ਸੈਲੂਲਰ ਜੇਲ੍ਹ ਵਿੱਚ ਵੀਰ ਸਾਵਰਕਰ ਵਰਗੇ ਅਣਗਿਣਤ ਦੇਸ਼ ਭਗਤਾਂ ਦੀਆਂ ਗਾਥਾਵਾਂ, ਨੇਤਾਜੀ ਸੁਭਾਸ਼ ਚੰਦਰ ਬੋਸ ਨਾਲ ਇਸ ਦਾ ਸਬੰਧ, ਇਹ ਗੱਲਾਂ ਪਰਾਕ੍ਰਮ ਦਿਵਸ ਦੇ ਇਸ ਸਮਾਗਮ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ।
ਅੰਡੇਮਾਨ ਦੀ ਧਰਤੀ ਇਸ ਵਿਸ਼ਵਾਸ ਦਾ ਪ੍ਰਤੀਕ ਹੈ ਕਿ ਆਜ਼ਾਦੀ ਦਾ ਵਿਚਾਰ ਕਦੇ ਵੀ ਖ਼ਤਮ ਨਹੀਂ ਹੁੰਦਾ। ਇੱਥੇ ਕਿੰਨੇ ਹੀ ਕ੍ਰਾਂਤੀਕਾਰੀਆਂ ਨੂੰ ਤਸੀਹੇ ਦਿੱਤੇ ਗਏ, ਇੱਥੇ ਕਿੰਨੇ ਹੀ ਸੈਨਾਨੀਆਂ ਦੀ ਜਾਨ ਕੁਰਬਾਨ ਹੋਈ, ਪਰ, ਆਜ਼ਾਦੀ ਸੰਗਰਾਮ ਦੀ ਚੰਗਿਆੜੀ ਬੁਝਣ ਦੀ ਬਜਾਏ ਹੋਰ ਤੇਜ਼ ਹੁੰਦੀ ਗਈ। ਅਤੇ ਉਸ ਦਾ ਨਤੀਜਾ ਇਹ ਹੋਇਆ ਕਿ, ਅੰਡੇਮਾਨ ਨਿਕੋਬਾਰ ਦੀ ਇਹੀ ਧਰਤੀ ਆਜ਼ਾਦ ਭਾਰਤ ਦੇ ਪਹਿਲੇ ਸੂਰਜ ਚੜ੍ਹਨ ਦੀ ਗਵਾਹ ਬਣੀ। 1947 ਤੋਂ ਵੀ ਪਹਿਲਾਂ 30 ਦਸੰਬਰ, 1943 ਉਸ ਦਿਨ ਇੱਥੇ ਸਮੁੰਦਰ ਦੀਆਂ ਲਹਿਰਾਂ ਨੂੰ ਗਵਾਹ ਰੱਖਦੇ ਹੋਏ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।
ਮੈਨੂੰ ਯਾਦ ਹੈ, ਸਾਲ 2018 ਵਿੱਚ, ਜਦੋਂ ਇਸ ਮਹਾਨ ਘਟਨਾ ਦੇ 75 ਸਾਲ ਹੋਏ ਸਨ, ਉਦੋਂ 30 ਦਸੰਬਰ ਦੇ ਹੀ ਦਿਨ, ਮੈਨੂੰ ਅੰਡੇਮਾਨ ਵਿੱਚ ਉਸੇ ਥਾਂ ’ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਮਿਲਿਆ ਸੀ। ਰਾਸ਼ਟਰੀ ਗੀਤ ਦੀ ਧੁਨ ’ਤੇ ਸਮੁੰਦਰ ਕੰਢੇ, ਤੇਜ਼ ਹਵਾਵਾਂ ਵਿੱਚ ਲਹਿਰਾਉਂਦਾ ਉਹ ਤਿਰੰਗਾ ਜਿਵੇਂ ਸੱਦਾ ਦੇ ਰਿਹਾ ਸੀ ਕਿ ਦੇਖੋ, ਅੱਜ ਕਿੰਨੇ ਅਣਗਿਣਤ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਪੂਰੇ ਹੋਏ ਹਨ।
ਭਰਾਵੋ ਅਤੇ ਭੈਣੋ, ਆਜ਼ਾਦੀ ਤੋਂ ਬਾਅਦ ਅੰਡੇਮਾਨ ਨਿਕੋਬਾਰ ਦੀਪ ਸਮੂਹਾਂ ਦੇ ਇਸ ਗੌਰਵਮਈ ਇਤਿਹਾਸ ਨੂੰ ਸੰਭਾਲਿਆ ਜਾਣਾ ਚਾਹੀਦਾ ਸੀ। ਪਰ, ਉਸ ਦੌਰ ਵਿੱਚ ਸੱਤਾ ਵਿੱਚ ਪਹੁੰਚੇ ਲੋਕਾਂ ਦੇ ਅੰਦਰ ਇੱਕ ਅਸੁਰੱਖਿਆ ਦੀ ਭਾਵਨਾ ਸੀ। ਉਹ ਆਜ਼ਾਦੀ ਦਾ ਸਿਹਰਾ ਸਿਰਫ਼, ਸਿਰਫ਼ ਇੱਕ ਪਰਿਵਾਰ ਤੱਕ ਸੀਮਤ ਰੱਖਣਾ ਚਾਹੁੰਦੇ ਸਨ। ਇਸ ਰਾਜਨੀਤਿਕ ਸਵਾਰਥ ਵਿੱਚ ਦੇਸ਼ ਦੇ ਇਤਿਹਾਸ ਦੀ ਅਣਦੇਖੀ ਕਰ ਦਿੱਤੀ ਗਈ! ਅੰਡੇਮਾਨ ਨਿਕੋਬਾਰ ਨੂੰ ਵੀ ਗ਼ੁਲਾਮੀ ਦੀ ਪਛਾਣ ਨਾਲ ਜੁੜਿਆ ਰਹਿਣ ਦਿੱਤਾ ਗਿਆ! ਇਸ ਦੇ ਟਾਪੂ ਆਜ਼ਾਦੀ ਦੇ 70 ਸਾਲ ਬਾਅਦ ਵੀ ਅੰਗਰੇਜ਼ ਅਫਸਰਾਂ ਦੇ ਨਾਮ ਨਾਲ ਜਾਣੇ ਜਾਂਦੇ ਸਨ।
ਅਸੀਂ ਇਤਿਹਾਸ ਦੀ ਇਸ ਬੇਇਨਸਾਫ਼ੀ ਨੂੰ ਖ਼ਤਮ ਕੀਤਾ। ਇਸ ਲਈ ਪੋਰਟ ਬਲੇਅਰ ਅੱਜ ਸ਼੍ਰੀਵਿਜੈਪੁਰਮ ਬਣ ਚੁੱਕਾ ਹੈ। ਸ਼੍ਰੀਵਿਜੈਪੁਰਮ, ਇਹ ਨਵਾਂ ਨਾਮ, ਇਹ ਪਛਾਣ ਨੇਤਾਜੀ ਦੀ ਜਿੱਤ ਦੀ ਯਾਦ ਦਿਵਾਉਂਦੀ ਹੈ। ਇਸੇ ਤਰ੍ਹਾਂ, ਦੂਜੇ ਹੋਰ ਟਾਪੂਆਂ ਦੇ ਨਾਮ ਵੀ ਸਵਰਾਜ ਟਾਪੂ, ਸ਼ਹੀਦ ਟਾਪੂ ਅਤੇ ਸੁਭਾਸ਼ ਟਾਪੂ ਰੱਖੇ ਗਏ। ਸਾਲ 2023 ਵਿੱਚ ਅੰਡੇਮਾਨ ਦੇ 21 ਟਾਪੂਆਂ ਦੇ ਨਾਮ ਵੀ ਭਾਰਤੀ ਫ਼ੌਜ ਦੇ ਜਾਂਬਾਜ਼ ਵੀਰ ਪੁਰਸ਼ 21 ਪਰਮਵੀਰ ਚੱਕਰ ਜੇਤੂਆਂ ਦੇ ਨਾਮ ’ਤੇ ਰੱਖੇ ਗਏ। ਅੱਜ ਅੰਡੇਮਾਨ-ਨਿਕੋਬਾਰ ਵਿੱਚ ਗ਼ੁਲਾਮੀ ਦੇ ਨਾਮ ਮਿਟ ਰਹੇ ਹਨ, ਆਜ਼ਾਦ ਭਾਰਤ ਦੇ ਨਵੇਂ ਨਾਮ ਆਪਣੀ ਪਛਾਣ ਬਣਾ ਰਹੇ ਹਨ।
ਸਾਥੀਓ, ਨੇਤਾਜੀ ਸੁਭਾਸ਼ ਚੰਦਰ ਬੋਸ ਆਜ਼ਾਦੀ ਦੀ ਲੜਾਈ ਦੇ ਮਹਾਨਾਇਕ ਦੇ ਨਾਲ ਹੀ, ਆਜ਼ਾਦ ਭਾਰਤ ਦੇ ਮਹਾਨ ਸੁਪਨਸਾਜ਼ ਸਨ। ਉਨ੍ਹਾਂ ਨੇ ਇੱਕ ਅਜਿਹੇ ਭਾਰਤ ਦੀ ਕਲਪਨਾ ਕੀਤੀ ਸੀ, ਜਿਸ ਦਾ ਸਰੂਪ ਆਧੁਨਿਕ ਹੋਵੇ ਅਤੇ, ਉਸ ਦੀ ਆਤਮਾ ਭਾਰਤ ਦੀ ਪੁਰਾਤਨ ਚੇਤਨਾ ਨਾਲ ਜੁੜੀ ਹੋਵੇ! ਨੇਤਾਜੀ ਦੇ ਇਸ ਵਿਜ਼ਨ ਤੋਂ ਅੱਜ ਦੀ ਪੀੜ੍ਹੀ ਨੂੰ ਜਾਣੂ ਕਰਵਾਉਣਾ, ਸਾਡਾ ਸਾਰਿਆਂ ਦਾ ਫ਼ਰਜ਼ ਹੈ।
ਅਤੇ ਮੈਨੂੰ ਖ਼ੁਸ਼ੀ ਹੈ ਕਿ ਸਾਡੀ ਸਰਕਾਰ ਇਸ ਫ਼ਰਜ਼ ਨੂੰ ਬਾਖੂਬੀ ਨਿਭਾ ਰਹੀ ਹੈ। ਅਸੀਂ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਨੇਤਾਜੀ ਸੁਭਾਸ਼ ਨੂੰ ਸਮਰਪਿਤ ਮਿਊਜ਼ੀਅਮ ਦਾ ਨਿਰਮਾਣ ਕੀਤਾ ਹੈ। ਇੰਡੀਆ ਗੇਟ ਦੇ ਨੇੜੇ ਨੇਤਾਜੀ ਦੀ ਵਿਸ਼ਾਲ ਮੂਰਤੀ ਲਗਾਈ ਗਈ ਹੈ। ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੰਦ ਫ਼ੌਜ ਦੇ ਯੋਗਦਾਨ ਨੂੰ ਵੀ ਦੇਸ਼ ਨੇ ਯਾਦ ਕੀਤਾ ਹੈ। ਅਸੀਂ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਵੀ ਸ਼ੁਰੂ ਕੀਤੇ ਹਨ। ਇਹ ਵੱਖ-ਵੱਖ ਕਾਰਜ ਕੇਵਲ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਸਨਮਾਨ ਹੀ ਨਹੀਂ ਹਨ। ਇਹ ਸਾਡੀ ਨੌਜਵਾਨ ਪੀੜ੍ਹੀ ਲਈ, ਅਤੇ ਭਵਿੱਖ ਦੇ ਵੀ ਅਮਰ ਪ੍ਰੇਰਨਾ ਦੇ ਸਰੋਤ ਹਨ। ਆਪਣੇ ਆਦਰਸ਼ਾਂ ਦਾ ਇਹ ਸਨਮਾਨ, ਉਨ੍ਹਾਂ ਤੋਂ ਪ੍ਰੇਰਨਾ, ਇਹੀ ਵਿਕਸਿਤ ਭਾਰਤ ਦੇ ਸਾਡੇ ਸੰਕਲਪ ਨੂੰ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰ ਰਿਹਾ ਹੈ।
ਸਾਥੀਓ, ਇੱਕ ਕਮਜ਼ੋਰ ਰਾਸ਼ਟਰ ਦਾ ਆਪਣੇ ਟੀਚਿਆਂ ਤੱਕ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਨੇਤਾਜੀ ਸੁਭਾਸ਼ ਨੇ ਹਮੇਸ਼ਾ ਮਜ਼ਬੂਤ ਰਾਸ਼ਟਰ ਦਾ ਸੁਪਨਾ ਦੇਖਿਆ। ਅੱਜ 21ਵੀਂ ਸਦੀ ਦਾ ਭਾਰਤ ਵੀ ਇੱਕ ਮਜ਼ਬੂਤ ਅਤੇ ਦ੍ਰਿੜ੍ਹ ਇਰਾਦੇ ਵਾਲੇ ਰਾਸ਼ਟਰ ਦੇ ਤੌਰ 'ਤੇ ਆਪਣੀ ਪਛਾਣ ਬਣਾ ਰਿਹਾ ਹੈ। ਹੁਣੇ-ਹੁਣੇ ਤੁਸੀਂ ਦੇਖਿਆ ਹੈ, ਅਪਰੇਸ਼ਨ ਸਿੰਧੂਰ, ਭਾਰਤ ਨੂੰ ਜ਼ਖ਼ਮ ਦੇਣ ਵਾਲਿਆਂ ਦੇ ਘਰ ਵਿੱਚ ਵੜ ਕੇ ਅਸੀਂ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਭਾਰਤ ਅੱਜ ਸ਼ਕਤੀ ਵਧਾਉਣਾ ਵੀ ਜਾਣਦਾ ਹੈ, ਸ਼ਕਤੀ ਸੰਭਾਲਣਾ ਵੀ ਜਾਣਦਾ ਹੈ ਅਤੇ ਉਸ ਦਾ ਇਸਤੇਮਾਲ ਕਰਨਾ ਵੀ ਜਾਣਦਾ ਹੈ।
ਨੇਤਾਜੀ ਸੁਭਾਸ਼ ਦੇ ਸਮਰੱਥ ਭਾਰਤ ਦੇ ਵਿਜ਼ਨ 'ਤੇ ਚੱਲਦੇ ਹੋਏ, ਅੱਜ ਅਸੀਂ ਰੱਖਿਆ ਖੇਤਰ ਨੂੰ ਆਤਮ-ਨਿਰਭਰ ਬਣਾਉਣ ਵਿੱਚ ਜੁਟੇ ਹਾਂ। ਪਹਿਲਾਂ ਭਾਰਤ ਸਿਰਫ਼ ਵਿਦੇਸ਼ਾਂ ਤੋਂ ਹਥਿਆਰ ਮੰਗਾਉਣ 'ਤੇ ਨਿਰਭਰ ਰਹਿੰਦਾ ਸੀ। ਅੱਜ ਸਾਡਾ ਰੱਖਿਆ ਨਿਰਯਾਤ 23 ਹਜ਼ਾਰ ਕਰੋੜ ਨੂੰ ਪਾਰ ਕਰ ਚੁੱਕਾ ਹੈ। ਭਾਰਤ ਵਿੱਚ ਬਣੀ ਬ੍ਰਹਮੋਸ ਅਤੇ ਦੂਜੀਆਂ ਮਿਜ਼ਾਈਲਾਂ, ਕਿੰਨੇ ਹੀ ਦੇਸ਼ਾਂ ਦਾ ਧਿਆਨ ਖਿੱਚ ਰਹੀਆਂ ਹਨ। ਅਸੀਂ ਸਵਦੇਸ਼ੀ ਦੀ ਤਾਕਤ ਨਾਲ ਭਾਰਤ ਦੀਆਂ ਫ਼ੌਜਾਂ ਦਾ ਆਧੁਨਿਕੀਕਰਨ ਕਰ ਰਹੇ ਹਾਂ।
ਭਰਾਵੋ ਅਤੇ ਭੈਣੋ, ਅੱਜ ਅਸੀਂ 140 ਕਰੋੜ ਦੇਸ਼ ਵਾਸੀ, ਵਿਕਸਿਤ ਭਾਰਤ ਦੇ ਸੰਕਲਪ ਲਈ ਇਕਜੁੱਟ ਹੋ ਕੇ ਕੰਮ ਕਰ ਰਹੇ ਹਾਂ। ਵਿਕਸਿਤ ਭਾਰਤ ਦਾ ਇਹ ਰਸਤਾ ਆਤਮ-ਨਿਰਭਰ ਭਾਰਤ ਮੁਹਿੰਮ ਨਾਲ ਮਜ਼ਬੂਤ ਹੁੰਦਾ ਹੈ, ਇਸ ਨੂੰ ਸਵਦੇਸ਼ੀ ਦੇ ਮੰਤਰ ਤੋਂ ਤਾਕਤ ਮਿਲਦੀ ਹੈ। ਮੈਨੂੰ ਵਿਸ਼ਵਾਸ ਹੈ, ਵਿਕਸਿਤ ਭਾਰਤ ਦੀ ਇਸ ਯਾਤਰਾ ਵਿੱਚ ਪਰਾਕ੍ਰਮ ਦਿਵਸ ਦੀ ਪ੍ਰੇਰਨਾ ਸਾਨੂੰ ਨਿਰੰਤਰ ਇਸੇ ਤਰ੍ਹਾਂ ਬਲ ਦਿੰਦੀ ਰਹੇਗੀ।
ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨੇਤਾਜੀ ਸੁਭਾਸ਼ ਦੀ ਜਨਮ ਵਰ੍ਹੇਗੰਢ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਭਾਰਤ ਮਾਤਾ ਦੀ ਜੈ!
ਵੰਦੇ ਮਾਤਰਮ!
ਵੰਦੇ ਮਾਤਰਮ!
ਵੰਦੇ ਮਾਤਰਮ!
************
ਐੱਮਜੇਪੀਐੱਸ/ਵੀਜੇ
(रिलीज़ आईडी: 2217993)
आगंतुक पटल : 6