ਪ੍ਰਧਾਨ ਮੰਤਰੀ ਦਫਤਰ
ਸਾਂਝਾ ਬਿਆਨ: ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਭਾਰਤ ਫੇਰੀ
प्रविष्टि तिथि:
19 JAN 2026 8:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ, ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ 19 ਜਨਵਰੀ, 2026 ਨੂੰ ਭਾਰਤ ਦੀ ਅਧਿਕਾਰਤ ਫੇਰੀ ਕੀਤੀ। ਪਿਛਲੇ ਦਸ ਸਾਲਾਂ ਵਿੱਚ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਇਹ ਪੰਜਵੀਂ ਭਾਰਤ ਫੇਰੀ ਸੀ ਅਤੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਤੀਜੀ ਅਧਿਕਾਰਤ ਭਾਰਤ ਫੇਰੀ ਸੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਦੇ ਪੂਰੇ ਘੇਰੇ ਦਾ ਜਾਇਜ਼ਾ ਲਿਆ। ਦੋਵਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਪਿਛਲੇ ਦਹਾਕੇ ਵਿੱਚ ਲਗਾਤਾਰ ਮਜ਼ਬੂਤ ਹੋਈ ਹੈ।
ਦੋਵਾਂ ਆਗੂਆਂ ਨੇ ਪਿਛਲੇ ਦੋ ਸਾਲਾਂ ਦੌਰਾਨ ਆਬੂ-ਧਾਬੀ ਦੇ ਕ੍ਰਾਊਨ ਪ੍ਰਿੰਸ, ਮਹਾਮਹਿਮ ਸ਼ੇਖ਼ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਦੁਬਈ ਦੇ ਕ੍ਰਾਊਨ ਪ੍ਰਿੰਸ, ਸੰਯੁਕਤ ਅਰਬ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ, ਮਹਾਮਹਿਮ ਸ਼ੇਖ਼ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀਆਂ ਭਾਰਤ ਫੇਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਹ ਫੇਰੀਆਂ ਦੁਵੱਲੇ ਸਬੰਧਾਂ ਦੀ ਪੀੜ੍ਹੀ-ਦਰ-ਪੀੜ੍ਹੀ ਨਿਰੰਤਰਤਾ ਦਾ ਪ੍ਰਤੀਕ ਹਨ।
ਦੋਵਾਂ ਆਗੂਆਂ ਨੇ ਸਤੰਬਰ, 2025 ਵਿੱਚ ਨਿਵੇਸ਼ 'ਤੇ ਆਯੋਜਿਤ 13ਵੀਂ ਉੱਚ-ਪੱਧਰੀ ਟਾਸਕ ਫੋਰਸ ਦੇ ਨਤੀਜਿਆਂ ਅਤੇ ਦਸੰਬਰ 2025 ਵਿੱਚ ਹੋਈ 16ਵੀਂ ਭਾਰਤ-ਯੂਏਈ ਸਾਂਝੇ ਕਮਿਸ਼ਨ ਦੀ ਮੀਟਿੰਗ ਅਤੇ 5ਵੇਂ ਰਣਨੀਤਕ ਸੰਵਾਦ ਦੇ ਨਤੀਜਿਆਂ ਦਾ ਸਮਰਥਨ ਕੀਤਾ।
ਦੋਵਾਂ ਆਗੂਆਂ ਨੇ 2022 ਵਿੱਚ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) 'ਤੇ ਦਸਤਖ਼ਤ ਤੋਂ ਬਾਅਦ ਵਪਾਰ ਅਤੇ ਆਰਥਿਕ ਸਹਿਯੋਗ ਵਿੱਚ ਹੋਏ ਮਜ਼ਬੂਤ ਵਾਧੇ ਦਾ ਸਵਾਗਤ ਕੀਤਾ ਅਤੇ ਦੁਵੱਲੇ ਵਪਾਰ ਵਿੱਚ ਹੋਈ ਤੇਜ਼ ਤਰੱਕੀ ਨੂੰ ਉਜਾਗਰ ਕੀਤਾ, ਜੋ ਵਿੱਤੀ ਸਾਲ 2024-25 ਵਿੱਚ 100 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ। ਦੋਵਾਂ ਪੱਖਾਂ ਦੇ ਵਪਾਰਕ ਭਾਈਚਾਰਿਆਂ ਦੇ ਉਤਸ਼ਾਹ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ 2032 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 200 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ।
ਉਨ੍ਹਾਂ ਨੇ ਆਪਣੀਆਂ ਟੀਮਾਂ ਨੂੰ ਦੋਵਾਂ ਪੱਖਾਂ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਇੱਕ-ਦੂਜੇ ਨਾਲ ਜੋੜਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਮੱਧ ਪੂਰਬ, ਪੱਛਮੀ ਏਸ਼ੀਆ, ਅਫ਼ਰੀਕਾ ਅਤੇ ਯੂਰੇਸ਼ੀਆ ਖੇਤਰ ਵਿੱਚ ਐੱਮਐੱਸਐੱਮਈ ਉਤਪਾਦਾਂ ਨੂੰ ਹੁਲਾਰਾ ਦੇਣ ਲਈ ਭਾਰਤ ਮਾਰਟ, ਵਰਚੂਅਲ ਟ੍ਰੇਡ ਕੌਰੀਡੋਰ ਅਤੇ ਭਾਰਤ-ਅਫ਼ਰੀਕਾ ਸੇਤੂ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ।
ਦੋਵਾਂ ਆਗੂਆਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਕਿ 2024 ਵਿੱਚ ਦਸਤਖ਼ਤ ਕੀਤੀ ਦੁਵੱਲੀ ਨਿਵੇਸ਼ ਸੰਧੀ (ਬੀਆਈਟੀ) ਨੇ ਦੋਵਾਂ ਦੇਸ਼ਾਂ ਦੇ ਕਈ ਖੇਤਰਾਂ ਵਿੱਚ ਨਿਵੇਸ਼ ਦੇ ਪ੍ਰਵਾਹ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਗੁਜਰਾਤ ਦੇ ਧੋਲੇਰਾ ਵਿੱਚ ਸਪੈਸ਼ਲ ਇਨਵੈਸਟਮੈਂਟ ਰੀਜਨ ਦੇ ਵਿਕਾਸ ਲਈ ਯੂਏਈ ਦੀ ਸੰਭਾਵਿਤ ਭਾਈਵਾਲੀ 'ਤੇ ਚਰਚਾ ਦਾ ਸਵਾਗਤ ਕੀਤਾ। ਇਸ ਕਲਪਿਤ ਭਾਈਵਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ, ਇੱਕ ਪਾਇਲਟ ਸਿਖਲਾਈ ਸਕੂਲ, ਇੱਕ ਮੇਨਟੇਨੈਂਸ, ਰਿਪੇਅਰ ਅਤੇ ਓਵਰਹਾਲ (ਐੱਮਆਰਓ) ਸਹੂਲਤ, ਇੱਕ ਗ੍ਰੀਨਫੀਲਡ ਬੰਦਰਗਾਹ, ਇੱਕ ਸਮਾਰਟ ਅਰਬਨ ਟਾਊਨਸ਼ਿਪ, ਰੇਲਵੇ ਕਨੈਕਟੀਵਿਟੀ ਅਤੇ ਐਨਰਜੀ ਇਨਫ੍ਰਾਸਟ੍ਰਕਚਰ ਸਮੇਤ ਪ੍ਰਮੁੱਖ ਰਣਨੀਤਕ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੋਵੇਗਾ। ਪਹਿਲੇ ਐੱਨਆਈਆਈਐੱਫ ਇਨਫ੍ਰਾਸਟ੍ਰਕਚਰ ਫ਼ੰਡ ਦੀ ਸਫਲਤਾ 'ਤੇ ਚਾਨਣਾ ਪਾਉਂਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨੇ ਯੂਏਈ ਦੇ ਸੌਵਰੇਨ ਵੈਲਥ ਫੰਡਸ ਨੂੰ 2026 ਵਿੱਚ ਲਾਂਚ ਹੋਣ ਵਾਲੇ ਦੂਜੇ ਇਨਫ੍ਰਾਸਟ੍ਰਕਚਰ ਫੰਡ ਵਿੱਚ ਭਾਈਵਾਲੀ 'ਤੇ ਵਿਚਾਰ ਕਰਨ ਲਈ ਸੱਦਾ ਦਿੱਤਾ। ਦੋਵਾਂ ਆਗੂਆਂ ਨੇ ਗਿਫ਼ਟ ਸਿਟੀ ਵਿੱਚ ਡੀਪੀ ਵਰਲਡ ਅਤੇ ਫਸਟ ਆਬੂ-ਧਾਬੀ ਬੈਂਕ (ਐੱਫਏਬੀ) ਦੀਆਂ ਸ਼ਾਖਾਵਾਂ ਦੀ ਸਥਾਪਨਾ ਦਾ ਸਵਾਗਤ ਕੀਤਾ, ਜੋ ਪ੍ਰਮੁੱਖ ਅੰਤਰਰਾਸ਼ਟਰੀ ਵਿੱਤੀ ਕੇਂਦਰ ਵਜੋਂ ਇਸ ਦੇ ਉਭਾਰ ਨੂੰ ਮਜ਼ਬੂਤ ਕਰਦਾ ਹੈ। ਐੱਫਏਬੀ ਦੀ ਗਿਫ਼ਟ ਸਿਟੀ ਸ਼ਾਖਾ ਇੱਕ ਮਹੱਤਵਪੂਰਨ ਪੁਲ ਵਜੋਂ ਕੰਮ ਕਰੇਗੀ, ਜੋ ਭਾਰਤੀ ਕਾਰਪੋਰੇਟਾਂ ਅਤੇ ਨਿਵੇਸ਼ਕਾਂ ਨੂੰ ਜੀਸੀਸੀ ਅਤੇ ਐੱਮਈਐੱਨਏ ਬਾਜ਼ਾਰਾਂ ਵਿੱਚ ਆਪਣੀ ਮੁਹਾਰਤ ਅਤੇ ਗਲੋਬਲ ਨੈੱਟਵਰਕ ਨਾਲ ਜੋੜੇਗੀ।
ਦੋਵਾਂ ਪੱਖਾਂ ਨੇ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਭਾਰਤ-ਯੂਏਈ ਸਹਿਯੋਗ ਨੂੰ ਵਧਾਉਣ ਲਈ ਆਪਣੀ ਪੱਕੀ ਵਚਨਬੱਧਤਾ ਦੁਹਰਾਈ ਅਤੇ ਟਿਕਾਊ ਸਪਲਾਈ ਚੇਨ ਤੇ ਲੰਬੇ ਸਮੇਂ ਦੀ ਮਜ਼ਬੂਤੀ ਯਕੀਨੀ ਬਣਾਉਣ ਵਿੱਚ ਇਸ ਦੇ ਰਣਨੀਤਕ ਮਹੱਤਵ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਰਾਸ਼ਟਰੀ ਪਹਿਲਕਦਮੀਆਂ ਮੁਤਾਬਕ ਟਿਕਾਊ ਖੇਤੀਬਾੜੀ ਨੂੰ ਅੱਗੇ ਵਧਾਉਣ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ ਜਨਤਕ-ਨਿੱਜੀ ਭਾਈਵਾਲੀ, ਨਵੀਨਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
ਦੋਵਾਂ ਆਗੂਆਂ ਨੇ ਪੁਲਾੜ ਖੇਤਰ ਵਿੱਚ ਸਹਿਯੋਗ ਨੂੰ ਹੋਰ ਡੂੰਘਾ ਕਰਨ 'ਤੇ ਸਹਿਮਤੀ ਜਤਾਈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਪੁਲਾੜ ਵਿਗਿਆਨ ਅਤੇ ਤਕਨਾਲੋਜੀਆਂ ਦੀ ਤਰੱਕੀ ਰਾਹੀਂ ਇਸ ਖੇਤਰ ਦੇ ਵਪਾਰੀਕਰਨ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਸਾਂਝੀ ਪਹਿਲ 'ਤੇ ਬਣੀ ਸਹਿਮਤੀ ਦਾ ਸਵਾਗਤ ਕੀਤਾ। ਇਸ ਪਹਿਲ ਦਾ ਟੀਚਾ ਐਂਡ-ਟੂ-ਐਂਡ ਬੁਨਿਆਦੀ ਢਾਂਚੇ ਅਤੇ ਇੱਕ ਮਜ਼ਬੂਤ ਉਦਯੋਗਿਕ ਆਧਾਰ ਦੇ ਨਾਲ ਇੱਕ ਏਕੀਕ੍ਰਿਤ ਪੁਲਾੜ ਈਕੋਸਿਸਟਮ ਤਿਆਰ ਕਰਨਾ ਹੈ। ਇਸ ਦਾ ਉਦੇਸ਼ ਭਾਰਤ-ਯੂਏਈ ਸਾਂਝੇ ਮਿਸ਼ਨਾਂ ਨੂੰ ਸਮਰੱਥ ਬਣਾਉਣਾ, ਗਲੋਬਲ ਕਮਰਸ਼ੀਅਲ ਸੇਵਾਵਾਂ ਦਾ ਵਿਸਥਾਰ ਕਰਨਾ, ਉੱਚ-ਹੁਨਰਮੰਦ ਰੁਜ਼ਗਾਰ ਅਤੇ ਸਟਾਰਟਅੱਪ ਦੇ ਮੌਕੇ ਪੈਦਾ ਕਰਨਾ ਅਤੇ ਟਿਕਾਊ ਵਪਾਰਕ ਮਾਡਲ ਰਾਹੀਂ ਦੁਵੱਲੇ ਨਿਵੇਸ਼ ਨੂੰ ਮਜ਼ਬੂਤ ਕਰਨਾ ਹੈ।
ਦੋਵਾਂ ਆਗੂਆਂ ਨੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ, ਖ਼ਾਸ ਤੌਰ 'ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ। ਭਾਰਤ ਵਿੱਚ ਇੱਕ ਸੁਪਰਕੰਪਿਊਟਿੰਗ ਕਲੱਸਟਰ ਦੀ ਸਥਾਪਨਾ 'ਤੇ ਸਹਿਯੋਗ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ, ਉਨ੍ਹਾਂ ਨੇ ਭਾਰਤ ਵਿੱਚ ਡਾਟਾ ਸੈਂਟਰ ਸਥਾਪਿਤ ਕਰਨ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ਣ 'ਤੇ ਵੀ ਸਹਿਮਤੀ ਪ੍ਰਗਟਾਈ। ਦੋਵਾਂ ਆਗੂਆਂ ਨੇ ਆਪਣੀਆਂ ਟੀਮਾਂ ਨੂੰ ਆਪਸੀ ਪ੍ਰਭੂਸੱਤਾ ਪ੍ਰਬੰਧਾਂ ਤਹਿਤ ਯੂਏਈ ਅਤੇ ਭਾਰਤ ਵਿਚਕਾਰ ਡਿਜੀਟਲ ਦੂਤਘਰ ਸਥਾਪਿਤ ਕਰਨ ਦੀ ਸੰਭਾਵਨਾ ਤਲਾਸ਼ਣ ਦਾ ਨਿਰਦੇਸ਼ ਦਿੱਤਾ। ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਫਰਵਰੀ, 2026 ਵਿੱਚ ਭਾਰਤ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਏਆਈ ਇੰਪੈਕਟ ਸਮਿਟ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ।
ਦੋਵਾਂ ਆਗੂਆਂ ਨੇ ਦੁਵੱਲੀ ਊਰਜਾ ਭਾਈਵਾਲੀ ਦੀ ਮਜ਼ਬੂਤੀ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਐਡਨੋਕ ਗੈਸ ਵਿਚਕਾਰ 2028 ਤੋਂ ਸ਼ੁਰੂ ਹੋਣ ਵਾਲੇ 0.5 ਮਿਲੀਅਨ ਟਨ ਸਾਲਾਨਾ ਤਰਲ ਕੁਦਰਤੀ ਗੈਸ ਦੀ ਸਪਲਾਈ ਲਈ 10-ਸਾਲਾ ਸਮਝੌਤੇ 'ਤੇ ਦਸਤਖ਼ਤ ਕੀਤੇ ਜਾਣ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਸਸਟੇਨੇਬਲ ਹਾਰਨੈਸਿੰਗ ਐਂਡ ਐਡਵਾਂਸਮੈਂਟ ਆਫ ਨਿਊਕਲੀਅਰ ਐਨਰਜੀ ਫ਼ਾਰ ਟ੍ਰਾਂਸਫਾਰਮਿੰਗ ਇੰਡੀਆ (ਸ਼ਾਂਤੀ) ਕਾਨੂੰਨ ਦੇ ਬਣਨ ਦਾ ਵੀ ਸਵਾਗਤ ਕੀਤਾ ਅਤੇ ਜ਼ਿਕਰ ਕੀਤਾ ਕਿ ਇਹ ਉੱਨਤ ਨਾਗਰਿਕ ਪਰਮਾਣੂ ਸਹਿਯੋਗ ਲਈ ਨਵੇਂ ਮੌਕੇ ਪੈਦਾ ਕਰਦਾ ਹੈ। ਦੋਵੇਂ ਪੱਖ ਉੱਨਤ ਪਰਮਾਣੂ ਤਕਨਾਲੋਜੀਆਂ ਵਿੱਚ ਭਾਈਵਾਲੀ ਦੀਆਂ ਸੰਭਾਵਨਾਵਾਂ ਤਲਾਸ਼ਣ 'ਤੇ ਸਹਿਮਤ ਹੋਏ, ਜਿਸ ਵਿੱਚ ਵੱਡੇ ਪਰਮਾਣੂ ਰਿਐਕਟਰਾਂ ਅਤੇ ਛੋਟੇ ਮਾਡਿਊਲਰ ਰਿਐਕਟਰਾਂ (ਐੱਸਐੱਮਆਰ) ਦਾ ਵਿਕਾਸ ਅਤੇ ਤਾਇਨਾਤੀ, ਨਾਲ ਹੀ ਉੱਨਤ ਰਿਐਕਟਰ ਪ੍ਰਣਾਲੀਆਂ, ਪਰਮਾਣੂ ਊਰਜਾ ਪਲਾਂਟ ਸੰਚਾਲਨ ਅਤੇ ਰੱਖ-ਰਖਾਅ ਅਤੇ ਪਰਮਾਣੂ ਸੁਰੱਖਿਆ ਵਿੱਚ ਸਹਿਯੋਗ ਸ਼ਾਮਲ ਹੈ।
ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਵਿੱਤੀ ਖੇਤਰ ਵਿੱਚ ਡੂੰਘੇ ਹੁੰਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੀਆਂ ਟੀਮਾਂ ਨੂੰ ਨੈਸ਼ਨਲ ਪੇਮੈਂਟ ਪਲੇਟਫ਼ਾਰਮ ਨੂੰ ਆਪਸ ਵਿੱਚ ਜੋੜਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਨਿਰਦੇਸ਼ ਦਿੱਤਾ, ਤਾਂ ਜੋ ਕੁਸ਼ਲ, ਤੇਜ਼ ਅਤੇ ਕਿਫ਼ਾਇਤੀ ਕਰਾਸ-ਬਾਰਡਰ ਪੇਮੈਂਟ ਨੂੰ ਸਮਰੱਥ ਬਣਾਇਆ ਜਾ ਸਕੇ।
ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਸਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲੋਥਲ ਸਥਿਤ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਲਈ ਕਲਾਕ੍ਰਿਤੀਆਂ ਪ੍ਰਦਾਨ ਕਰਨ ਦੇ ਸੰਯੁਕਤ ਅਰਬ ਅਮੀਰਾਤ ਦੇ ਫ਼ੈਸਲੇ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਭਾਰਤ-ਯੂਏਈ ਦੋਸਤੀ ਦੇ ਸਥਾਈ ਪ੍ਰਤੀਕ ਵਜੋਂ ਆਬੂ-ਧਾਬੀ ਵਿੱਚ ਇੱਕ ਹਾਊਸ ਆਫ ਇੰਡੀਆ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ। ਉਹ ਸਭਿਆਚਾਰਕ ਸਮਝ ਨੂੰ ਹੋਰ ਡੂੰਘਾ ਕਰਨ ਦੇ ਉਦੇਸ਼ ਨਾਲ ਯੂਥ ਐਕਸਚੇਂਜ ਪ੍ਰੋਗਰਾਮਾਂ ਰਾਹੀਂ ਜੀਵਿਤ ਲੋਕ-ਕੇਂਦਰਿਤ ਸਬੰਧਾਂ ਨੂੰ ਪਾਲਣਾ ਜਾਰੀ ਰੱਖਣ 'ਤੇ ਵੀ ਸਹਿਮਤ ਹੋਏ।
ਦੋਵਾਂ ਆਗੂਆਂ ਨੇ ਸਿੱਖਿਆ ਨੂੰ ਭਾਰਤ-ਯੂਏਈ ਭਾਈਵਾਲੀ ਦੇ ਆਧਾਰ ਵਜੋਂ ਪਛਾਣਿਆ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਤਕਨਾਲੋਜੀ ਸੰਸਥਾਨ ਦਿੱਲੀ ਅਤੇ ਭਾਰਤੀ ਪ੍ਰਬੰਧਨ ਸੰਸਥਾਨ-ਅਹਿਮਦਾਬਾਦ ਦੇ ਆਫਸ਼ੋਰ ਕੈਂਪਸ ਦੇ ਖੁੱਲ੍ਹਣ ਦੀ ਸਫਲਤਾ ਨੂੰ ਅੱਗੇ ਵਧਾਉਂਦੇ ਹੋਏ, ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿਚਕਾਰ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਵਿਸਥਾਰ ਲਈ ਵਧੇਰੇ ਯਤਨਾਂ ਨੂੰ ਉਤਸ਼ਾਹਿਤ ਕੀਤਾ, ਜੋ ਦੋਵਾਂ ਦੇਸ਼ਾਂ ਦਰਮਿਆਨ ਇੱਕ ਗਿਆਨ ਪੁਲ ਵਜੋਂ ਕੰਮ ਕਰੇਗਾ। ਇਸ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਨਵੀਨਤਾ ਅਤੇ ਟਿੰਕਰਿੰਗ ਲੈਬ ਦੇ ਵਿਸਥਾਰ ਵਿੱਚ ਸਹਿਯੋਗ ਵੀ ਸ਼ਾਮਲ ਹੋਵੇਗਾ। ਦੋਵਾਂ ਆਗੂਆਂ ਨੇ ਭਾਰਤੀ ਵਿੱਦਿਅਕ ਡਿਗਰੀਆਂ/ਦਸਤਾਵੇਜ਼ਾਂ ਦੇ ਨਿਰਵਿਘਨ ਪ੍ਰਮਾਣੀਕਰਨ ਲਈ ਭਾਰਤ ਦੇ ਡਿਜੀਲੌਕਰ ਨੂੰ ਯੂਏਈ ਦੇ ਪਲੇਟਫ਼ਾਰਮਾਂ ਨਾਲ ਜੋੜਨ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਸਹਿਮਤੀ ਦਾ ਸਵਾਗਤ ਕੀਤਾ, ਜਿਸ ਨਾਲ ਵਧੇਰੇ ਆਰਥਿਕ ਅਤੇ ਵਿੱਦਿਅਕ ਮੌਕਿਆਂ ਅਤੇ ਜੀਵਨ ਦੀ ਸੌਖ ਨੂੰ ਹੁਲਾਰਾ ਮਿਲੇਗਾ।
ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਡੂੰਘੇ ਸਤਿਕਾਰ ਅਤੇ ਰਣਨੀਤਕ ਖ਼ੁਦਮੁਖ਼ਤਿਆਰੀ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਿਰੰਤਰ ਅਤੇ ਮਜ਼ਬੂਤ ਦੁਵੱਲੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਇੱਕ ਮੁੱਖ ਥੰਮ੍ਹ ਵਜੋਂ ਸਵੀਕਾਰ ਕੀਤਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀ ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਸਬੰਧਤ ਸੇਵਾ ਮੁਖੀਆਂ ਅਤੇ ਕਮਾਂਡਰਾਂ ਦੀਆਂ ਹਾਲੀਆ ਫੇਰੀਆਂ ਅਤੇ ਦੁਵੱਲੇ ਫ਼ੌਜੀ ਅਭਿਆਸਾਂ ਦੇ ਸਫਲ ਆਯੋਜਨ ਤੋਂ ਪੈਦਾ ਹੋਈ ਗਤੀਸ਼ੀਲਤਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇੱਕ ਰਣਨੀਤਕ ਰੱਖਿਆ ਭਾਈਵਾਲੀ ਨੂੰ ਸਿੱਟੇ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇਰਾਦਾ ਪੱਤਰ 'ਤੇ ਦਸਤਖ਼ਤ ਕੀਤੇ ਜਾਣ ਦਾ ਵੀ ਸਵਾਗਤ ਕੀਤਾ।
ਦੋਵਾਂ ਆਗੂਆਂ ਨੇ ਸਰਹੱਦ ਪਾਰਲੇ ਅੱਤਵਾਦ ਸਮੇਤ ਹਰ ਤਰ੍ਹਾਂ ਦੇ ਅੱਤਵਾਦ ਦੀ ਸਪਸ਼ਟ ਨਿੰਦਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਪਨਾਹ ਨਹੀਂ ਦੇਣੀ ਚਾਹੀਦੀ ਜੋ ਅੱਤਵਾਦੀ ਕਾਰਵਾਈਆਂ ਨੂੰ ਫੰਡ ਦਿੰਦੇ ਹਨ, ਯੋਜਨਾ ਬਣਾਉਂਦੇ ਹਨ, ਸਮਰਥਨ ਕਰਦੇ ਹਨ ਜਾਂ ਉਨ੍ਹਾਂ ਨੂੰ ਅੰਜਾਮ ਦਿੰਦੇ ਹਨ। ਉਹ ਅੱਤਵਾਦੀ ਫੰਡਿੰਗ ਦਾ ਮੁਕਾਬਲਾ ਕਰਨ ਅਤੇ ਮਨੀ ਲਾਂਡਰਿੰਗ ਵਿਰੋਧੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਵਿੱਤੀ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਢਾਂਚੇ ਤਹਿਤ ਸਹਿਯੋਗ ਜਾਰੀ ਰੱਖਣ 'ਤੇ ਸਹਿਮਤ ਹੋਏ।
ਦੋਵਾਂ ਆਗੂਆਂ ਨੇ ਸਤੰਬਰ, 2023 ਵਿੱਚ ਦਿੱਲੀ ਵਿੱਚ ਜੀ-20 ਸੰਮੇਲਨ ਦੌਰਾਨ ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰੇ (ਆਈਐੱਮਈਸੀ) ਦੀ ਸ਼ੁਰੂਆਤ ਨੂੰ ਯਾਦ ਕੀਤਾ।
ਦੋਵਾਂ ਆਗੂਆਂ ਨੇ ਆਪਸੀ ਹਿੱਤ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਉਨ੍ਹਾਂ ਨੇ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਵਿੱਚ ਆਪਣੇ ਸਾਂਝੇ ਹਿੱਤ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਬਹੁ-ਪੱਖੀ ਮੰਚਾਂ 'ਤੇ ਬਿਹਤਰੀਨ ਸਹਿਯੋਗ ਅਤੇ ਆਪਸੀ ਸਮਰਥਨ ਦੀ ਸ਼ਲਾਘਾ ਕੀਤੀ। ਯੂਏਈ ਪੱਖ ਨੇ 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੀ ਸਫਲਤਾ ਲਈ ਆਪਣਾ ਪੂਰਾ ਸਮਰਥਨ ਪ੍ਰਗਟ ਕੀਤਾ। ਭਾਰਤੀ ਪੱਖ ਨੇ 2026 ਸੰਯੁਕਤ ਰਾਸ਼ਟਰ ਜਲ ਸੰਮੇਲਨ ਲਈ ਆਪਣਾ ਸਮਰਥਨ ਦਿੱਤਾ, ਜਿਸ ਦੀ ਸਹਿ-ਮੇਜ਼ਬਾਨੀ 2026 ਦੇ ਅਖੀਰ ਵਿੱਚ ਯੂਏਈ ਵੱਲੋਂ ਕੀਤੀ ਜਾਵੇਗੀ। ਇਹ ਸੰਮੇਲਨ ਐੱਸਡੀਜੀ 6 ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ, ਸਾਰਿਆਂ ਲਈ ਪਾਣੀ ਦੀ ਉਪਲਬਧਤਾ, ਸਵੱਛਤਾ ਅਤੇ ਟਿਕਾਊ ਪ੍ਰਬੰਧਨ ਯਕੀਨੀ ਬਣਾਉਣ 'ਤੇ ਕੇਂਦਰਿਤ ਹੋਵੇਗਾ।
ਦੋਵਾਂ ਪੱਖਾਂ ਨੇ ਪੋਲਰ ਸਾਇੰਸ (ਧਰੁਵੀ ਵਿਗਿਆਨ) ਵਿੱਚ ਆਪਣੇ ਸਹਿਯੋਗ 'ਤੇ ਚਾਨਣਾ ਪਾਇਆ ਅਤੇ ਸਾਂਝੀਆਂ ਮੁਹਿੰਮਾਂ ਅਤੇ ਸੰਸਥਾਗਤ ਸਹਿਯੋਗ ਦੇ ਸਕਾਰਾਤਮਕ ਨਤੀਜਿਆਂ ਨੂੰ ਉਜਾਗਰ ਕੀਤਾ। ਦੋਵੇਂ ਪੱਖ ਟੀਚਾਬੱਧ ਵਿਗਿਆਨਕ ਪਹਿਲਕਦਮੀਆਂ, ਤਾਲਮੇਲ ਵਾਲੀ ਖੋਜ ਯੋਜਨਾਬੰਦੀ ਅਤੇ ਰਾਸ਼ਟਰੀ ਧਰੁਵੀ ਖੋਜ ਸੰਸਥਾਵਾਂ ਵਿਚਕਾਰ ਮਜ਼ਬੂਤ ਸਹਿਯੋਗ ਰਾਹੀਂ ਇਸ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ 'ਤੇ ਸਹਿਮਤ ਹੋਏ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਰੁਵੀ ਖੇਤਰਾਂ ਵਿੱਚ ਨਿਰੰਤਰ ਸਹਿਯੋਗ ਸਬੂਤ-ਅਧਾਰਿਤ ਜਲਵਾਯੂ ਕਾਰਵਾਈ ਦਾ ਸਮਰਥਨ ਕਰੇਗਾ ਅਤੇ ਗਲੋਬਲ ਵਿਗਿਆਨਕ ਯਤਨਾਂ ਵਿੱਚ ਯੋਗਦਾਨ ਪਾਵੇਗਾ।
ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੇ ਗਰਮਜੋਸ਼ੀ ਭਰੇ ਸਵਾਗਤ ਅਤੇ ਖੁੱਲ੍ਹਦਿਲੀ ਨਾਲ ਕੀਤੀ ਆਓ-ਭਗਤ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ।
************
ਐੱਮਜੇਪੀਐੱਸ/ਐੱਸਆਰ
(रिलीज़ आईडी: 2216365)
आगंतुक पटल : 8