ਪ੍ਰਧਾਨ ਮੰਤਰੀ ਦਫਤਰ
ਪੱਛਮੀ ਬੰਗਾਲ ਦੇ ਮਾਲਦਾ ਤੋਂ ਵੱਖ-ਵੱਖ ਰੇਲ ਅਤੇ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਸੰਖੇਪ ਵੇਰਵਾ
प्रविष्टि तिथि:
17 JAN 2026 3:08PM by PIB Chandigarh
ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਸ਼ਾਂਤਨੂ ਠਾਕੁਰ ਜੀ, ਸੁਕਾਂਤਾ ਮਜੂਮਦਾਰ ਜੀ, ਪੱਛਮੀ ਬੰਗਾਲ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੁ ਅਧਿਕਾਰੀ ਜੀ, ਸੰਸਦ ਵਿੱਚ ਮੇਰੇ ਸਾਥੀ ਸ਼ੌਮਿਕ ਭੱਟਾਚਾਰੀਆ ਜੀ, ਖਗੇਨ ਮੁਰਮੂ ਜੀ, ਕਾਰਤਿਕ ਚੰਦਰਪਾਲ ਜੀ, ਹੋਰ ਜਨ-ਪ੍ਰਤੀਨਿਧੀ, ਦੇਵੀਓ ਅਤੇ ਸੱਜਣੋ।
ਅੱਜ ਮਾਲਦਾ ਤੋਂ ਪੱਛਮੀ ਬੰਗਾਲ ਦੀ ਤਰੱਕੀ ਨੂੰ ਰਫ਼ਤਾਰ ਦੇਣ ਦੀ ਮੁਹਿੰਮ ਹੋਰ ਤੇਜ਼ ਹੋਈ ਹੈ। ਥੋੜ੍ਹੀ ਦੇਰ ਪਹਿਲਾਂ ਪੱਛਮੀ ਬੰਗਾਲ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਉਦਘਾਟਨ ਹੋਇਆ ਹੈ। ਨਵੀਆਂ ਰੇਲ ਸੇਵਾਵਾਂ ਪੱਛਮੀ ਬੰਗਾਲ ਨੂੰ ਮਿਲੀਆਂ ਹਨ। ਇਨ੍ਹਾਂ ਪ੍ਰੋਜੈਕਟਾਂ ਨਾਲ ਇੱਥੋਂ ਦੇ ਲੋਕਾਂ ਲਈ ਸਫ਼ਰ ਆਸਾਨ ਹੋਵੇਗਾ ਅਤੇ ਵਪਾਰ-ਕਾਰੋਬਾਰ ਵੀ ਆਸਾਨ ਬਣੇਗਾ। ਇੱਥੇ ਜੋ ਟ੍ਰੇਨ ਮੁਰੰਮਤ ਨਾਲ ਜੁੜੀਆਂ ਸਹੂਲਤਾਂ ਬਣੀਆਂ ਹਨ, ਇਸ ਨਾਲ ਬੰਗਾਲ ਦੇ ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ।
ਸਾਥੀਓ,
ਬੰਗਾਲ ਦੀ ਇਸ ਪਵਿੱਤਰ ਧਰਤੀ ਤੋਂ ਅੱਜ ਭਾਰਤੀ ਰੇਲ ਦੇ ਆਧੁਨਿਕੀਕਰਨ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ। ਅੱਜ ਤੋਂ ਭਾਰਤ ਵਿੱਚ ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਸ਼ੁਰੂਆਤ ਹੋ ਰਹੀ ਹੈ। ਇਹ ਨਵੀਂ ਵੰਦੇ ਭਾਰਤ ਸਲੀਪਰ ਟ੍ਰੇਨ ਦੇਸ਼-ਵਾਸੀਆਂ ਦੇ ਲੰਮੇ ਸਫ਼ਰ ਨੂੰ ਹੋਰ ਆਰਾਮਦਾਇਕ ਬਣਾਏਗੀ, ਸ਼ਾਨਦਾਰ ਬਣਾਏਗੀ, ਯਾਦਗਾਰ ਬਣਾਏਗੀ। ਵਿਕਸਿਤ ਭਾਰਤ ਦੀਆਂ ਟ੍ਰੇਨਾਂ, ਇਹ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ? ਇਸ ਵੰਦੇ ਭਾਰਤ ਸਲੀਪਰ ਟ੍ਰੇਨ ਵਿੱਚ ਹੁਣ ਸਾਫ-ਸਾਫ ਨਜ਼ਰ ਆਉਂਦਾ ਹੈ। ਥੋੜ੍ਹੀ ਦੇਰ ਪਹਿਲਾਂ ਮਾਲਦਾ ਸਟੇਸ਼ਨ 'ਤੇ ਮੈਂ ਕੁਝ ਯਾਤਰੀਆਂ ਨਾਲ ਗੱਲਬਾਤ ਕਰ ਰਿਹਾ ਸੀ, ਹਰ ਕੋਈ ਕਹਿ ਰਿਹਾ ਸੀ ਕਿ ਇਸ ਟ੍ਰੇਨ ਵਿੱਚ ਬੈਠ ਕੇ ਉਨ੍ਹਾਂ ਨੂੰ ਆਨੰਦ ਮਿਲਿਆ। ਕਦੇ ਅਸੀਂ ਤਸਵੀਰਾਂ ਵਿੱਚ, ਵੀਡੀਓ ਵਿੱਚ, ਵਿਦੇਸ਼ਾਂ ਦੀਆਂ ਟ੍ਰੇਨਾਂ ਨੂੰ ਦੇਖ ਕੇ ਕਿਹਾ ਕਰਦੇ ਸੀ ਕਿ ਕਾਸ਼ ਅਜਿਹੀਆਂ ਟ੍ਰੇਨਾਂ ਭਾਰਤ ਵਿੱਚ ਹੁੰਦੀਆਂ। ਅੱਜ ਅਸੀਂ ਉਸੇ ਸੁਪਨੇ ਨੂੰ ਹਕੀਕਤ ਵਿੱਚ ਬਦਲਦੇ ਹੋਏ ਦੇਖ ਰਹੇ ਹਾਂ। ਅਤੇ ਮੈਂ ਦੇਖ ਰਿਹਾ ਹਾਂ ਪਿਛਲੇ ਦਿਨੀਂ ਵਿਦੇਸ਼ੀ ਲੋਕ ਭਾਰਤ ਦੀ ਮੈਟਰੋ ਦੀ, ਭਾਰਤ ਦੀਆਂ ਟ੍ਰੇਨਾਂ ਦੀ ਵੀਡੀਓ ਬਣਾ ਕੇ ਦੁਨੀਆ ਨੂੰ ਦੱਸਦੇ ਹਨ ਕਿ ਭਾਰਤ ਵਿੱਚ ਰੇਲਵੇ ਵਿੱਚ ਕਿਸ ਤਰ੍ਹਾਂ ਨਾਲ ਕ੍ਰਾਂਤੀ ਆ ਰਹੀ ਹੈ। ਇਹ ਵੰਦੇ ਭਾਰਤ ਟ੍ਰੇਨ ਮੇਡ ਇਨ ਇੰਡੀਆ ਹੈ, ਇਸ ਨੂੰ ਬਣਾਉਣ ਵਿੱਚ ਅਸੀਂ ਭਾਰਤੀਆਂ ਦਾ ਮੁੜ੍ਹਕਾ ਲੱਗਿਆ ਹੈ। ਦੇਸ਼ ਦੀ ਇਹ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ, ਮਾਂ ਕਾਲੀ ਦੀ ਧਰਤੀ ਨੂੰ, ਮਾਂ ਕਾਮਾਖਿਆ ਦੀ ਧਰਤੀ ਨਾਲ ਜੋੜ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਵਿੱਚ ਇਸ ਆਧੁਨਿਕ ਟ੍ਰੇਨ ਦਾ ਵਿਸਥਾਰ ਹੋਵੇਗਾ। ਮੈਂ ਬੰਗਾਲ ਨੂੰ, ਅਸਾਮ ਨੂੰ, ਪੂਰੇ ਦੇਸ਼ ਨੂੰ ਇਸ ਆਧੁਨਿਕ ਸਲੀਪਰ ਟ੍ਰੇਨ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਭਾਰਤੀ ਰੇਲ ਕਾਇਆ-ਕਲਪ ਦੇ ਦੌਰ ਵਿੱਚੋਂ ਲੰਘ ਰਹੀ ਹੈ। ਰੇਲਵੇ ਦਾ ਬਿਜਲੀਕਰਨ ਹੋ ਰਿਹਾ ਹੈ, ਰੇਲਵੇ ਸਟੇਸ਼ਨ ਆਧੁਨਿਕ ਹੋ ਰਹੇ ਹਨ। ਅੱਜ ਪੱਛਮੀ ਬੰਗਾਲ ਸਮੇਤ ਦੇਸ਼ ਵਿੱਚ 150 ਤੋਂ ਵੱਧ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਇਸ ਦੇ ਨਾਲ-ਨਾਲ ਆਧੁਨਿਕ ਅਤੇ ਤੇਜ਼ ਰਫ਼ਤਾਰ ਟ੍ਰੇਨਾਂ ਦਾ ਪੂਰਾ ਨੈੱਟਵਰਕ ਬਣ ਰਿਹਾ ਹੈ ਅਤੇ ਇਸ ਦਾ ਬਹੁਤ ਵੱਡਾ ਫਾਇਦਾ ਬੰਗਾਲ ਦੇ ਗ਼ਰੀਬ ਅਤੇ ਮੱਧ ਵਰਗ ਪਰਿਵਾਰਾਂ ਨੂੰ ਹੋ ਰਿਹਾ ਹੈ।
ਸਾਥੀਓ,
ਅੱਜ ਬੰਗਾਲ ਨੂੰ ਚਾਰ ਹੋਰ ਆਧੁਨਿਕ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਮਿਲੀਆਂ ਹਨ। ਨਿਊ ਜਲਪਾਈਗੁੜੀ, ਨਾਗਰਕੋਇਲ ਅੰਮ੍ਰਿਤ ਭਾਰਤ ਐਕਸਪ੍ਰੈੱਸ, ਨਿਊ ਜਲਪਾਈਗੁੜੀ ਤੋਂ ਤਿਰੂਚਿਰਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਲੀਪੁਰ ਦੁਆਰ ਬੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ, ਅਲੀਪੁਰ ਦੁਆਰ ਮੁੰਬਈ ਅੰਮ੍ਰਿਤ ਭਾਰਤ ਐਕਸਪ੍ਰੈੱਸ, ਇਸ ਨਾਲ ਬੰਗਾਲ ਅਤੇ ਖਾਸ ਤੌਰ 'ਤੇ ਉੱਤਰੀ ਬੰਗਾਲ ਦੀ ਦੱਖਣੀ ਅਤੇ ਪੱਛਮੀ ਭਾਰਤ ਨਾਲ ਕਨੈਕਟੀਵਿਟੀ ਹੋਰ ਮਜ਼ਬੂਤ ਹੋਵੇਗੀ। ਵਿਸ਼ੇਸ਼ ਤੌਰ 'ਤੇ ਜੋ ਯਾਤਰੀ ਬੰਗਾਲ ਅਤੇ ਪੂਰਬੀ ਭਾਰਤ ਦੀ ਯਾਤਰਾ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਂਦੇ ਹਨ। ਜੋ ਗੰਗਾ ਸਾਗਰ, ਦਕਸ਼ਿਣੇਸ਼ਵਰ ਅਤੇ ਕਾਲੀਘਾਟ ਦੇ ਦਰਸ਼ਨਾਂ ਨੂੰ ਆਉਂਦੇ ਹਨ। ਜੋ ਲੋਕ ਇੱਥੋਂ ਤਾਮਿਲਨਾਡੂ ਅਤੇ ਮਹਾਰਾਸ਼ਟਰ ਜਾਂਦੇ ਹਨ। ਇਹ ਅੰਮ੍ਰਿਤ ਭਾਰਤ ਐਕਸਪ੍ਰੈੱਸ ਟ੍ਰੇਨਾਂ ਉਨ੍ਹਾਂ ਦੇ ਸਫ਼ਰ ਨੂੰ ਹੋਰ ਆਸਾਨ ਬਣਾਉਣਗੀਆਂ।
ਸਾਥੀਓ,
ਅੱਜ ਭਾਰਤੀ ਰੇਲ ਆਧੁਨਿਕ ਹੋਣ ਦੇ ਨਾਲ-ਨਾਲ ਆਤਮ-ਨਿਰਭਰ ਵੀ ਹੋ ਰਹੀ ਹੈ। ਭਾਰਤ ਦੇ ਰੇਲ ਇੰਜਣ, ਭਾਰਤ ਦੇ ਰੇਲ ਡੱਬੇ, ਭਾਰਤ ਦੇ ਮੈਟਰੋ ਕੋਚ, ਇਹ ਸਭ ਭਾਰਤ ਦੀ ਟੈਕਨਾਲੋਜੀ ਦੀ ਪਛਾਣ ਬਣ ਰਹੇ ਹਨ। ਅੱਜ ਅਸੀਂ ਅਮਰੀਕਾ ਅਤੇ ਯੂਰਪ ਤੋਂ ਜ਼ਿਆਦਾ ਲੋਕੋਮੋਟਿਵ (ਰੇਲ ਇੰਜਣ) ਬਣਾ ਰਹੇ ਹਾਂ। ਦੁਨੀਆ ਦੇ ਕਈ ਦੇਸ਼ਾਂ ਨੂੰ ਪੈਸੰਜਰ ਟ੍ਰੇਨਾਂ ਅਤੇ ਮੈਟਰੋ ਟ੍ਰੇਨਾਂ ਦੇ ਕੋਚ ਨਿਰਯਾਤ ਕਰਦੇ ਹਾਂ। ਅਤੇ ਇਨ੍ਹਾਂ ਸਭ ਕਾਰਨ ਸਾਡੀ ਅਰਥ-ਵਿਵਸਥਾ ਨੂੰ ਬਹੁਤ ਲਾਭ ਮਿਲਦਾ ਹੈ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਦਾ ਹੈ।
ਸਾਥੀਓ,
ਭਾਰਤ ਨੂੰ ਜੋੜਨਾ ਸਾਡੀ ਪਹਿਲ ਹੈ, ਦੂਰੀਆਂ ਨੂੰ ਘੱਟ ਕਰਨਾ ਇਹ ਸਾਡਾ ਮਿਸ਼ਨ ਹੈ ਅਤੇ ਇਹ ਅੱਜ ਦੇ ਇਸ ਪ੍ਰੋਗਰਾਮ ਵਿੱਚ ਵੀ ਦਿਸਦਾ ਹੈ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਲਈ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਬਹੁਤ-ਬਹੁਤ ਧੰਨਵਾਦ। ਮੈਨੂੰ ਇੱਥੇ ਗੁਆਂਢ ਵਿੱਚ ਹੀ ਇੱਕ ਬਹੁਤ ਵੱਡੇ ਪ੍ਰੋਗਰਾਮ ਵਿੱਚ ਜਾਣਾ ਹੈ, ਉੱਥੇ ਬਹੁਤ ਲੋਕ ਉਡੀਕ ਕਰ ਰਹੇ ਹਨ, ਜੋ ਗੱਲਾਂ ਇੱਥੇ ਨਹੀਂ ਦੱਸੀਆਂ ਹਨ, ਉਹ ਵਿਸਥਾਰ ਨਾਲ ਉੱਥੇ ਦੱਸਾਂਗਾ ਅਤੇ ਮੀਡੀਆ ਦਾ ਧਿਆਨ ਵੀ ਉਸ ਵਾਲੇ ਭਾਸ਼ਣ ਵਿੱਚ ਜ਼ਿਆਦਾ ਹੋਵੇਗਾ। ਬਹੁਤ-ਬਹੁਤ ਧੰਨਵਾਦ।
***
ਐੱਮਜੇਪੀਐੱਸ/ਵੀਜੇ
(रिलीज़ आईडी: 2215931)
आगंतुक पटल : 4
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Telugu
,
Kannada