ਪ੍ਰਧਾਨ ਮੰਤਰੀ ਦਫਤਰ
ਸਟਾਰਟਅੱਪ ਇੰਡੀਆ ਦੇ ਇੱਕ ਦਹਾਕਾ ਪੂਰੇ ਹੋਣ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
16 JAN 2026 4:11PM by PIB Chandigarh
ਕੈਬਨਿਟ ਦੇ ਮੇਰੇ ਸਾਥੀ ਪੀਯੂਸ਼ ਗੋਇਲ ਜੀ, ਦੇਸ਼ ਭਰ ਤੋਂ ਆਏ ਸਟਾਰਟਅੱਪ ਈਕੋਸਿਸਟਮ ਦੇ ਮੇਰੇ ਦੋਸਤੋ, ਹੋਰ ਸਤਿਕਾਰਯੋਗ, ਦੇਵੀਓ ਅਤੇ ਸੱਜਣੋ!
ਅੱਜ ਅਸੀਂ ਸਾਰੇ ਇੱਕ ਬਹੁਤ ਖ਼ਾਸ ਮੌਕੇ ’ਤੇ ਇੱਥੇ ਇਕੱਠੇ ਹੋਏ ਹਾਂ। ‘ਨੈਸ਼ਨਲ ਸਟਾਰਟਅੱਪ ਡੇਅ’ ਦਾ ਇਹ ਮੌਕਾ ਸਟਾਰਟਅੱਪ ਫਾਊਂਡਰਜ਼ ਅਤੇ ਇਨੋਵੇਟਰਜ਼ ਦਾ ਇਹ ਸਮੂਹ, ਮੈਂ ਆਪਣੇ ਸਾਹਮਣੇ ਨਵੇਂ ਅਤੇ ਵਿਕਸਿਤ ਹੁੰਦੇ ਭਾਰਤ ਦਾ ਭਵਿੱਖ ਦੇਖ ਰਿਹਾ ਹਾਂ। ਹਾਲੇ ਮੈਨੂੰ ਕੁਝ ਸਟਾਰਟਅੱਪ ਦੀ ਦੁਨੀਆਂ ਦੇ ਲੋਕਾਂ ਨਾਲ, ਉਨ੍ਹਾਂ ਦੀਆਂ ਕੁਝ ਪ੍ਰਾਪਤੀਆਂ ਸੀ, ਉਨ੍ਹਾਂ ਦੇ ਜੋ ਪ੍ਰਯੋਗ ਸੀ, ਉਸਨੂੰ ਦੇਖਣ ਦਾ ਮੌਕਾ ਮਿਲਿਆ, ਕੁਝ ਸਾਥੀਆਂ ਨੂੰ ਸੁਣਨ ਦਾ ਮੌਕਾ ਮਿਲਿਆ। ਖੇਤੀਬਾੜੀ ਵਿੱਚ ਕੰਮ ਕਰ ਰਹੇ ਸਟਾਰਟਅੱਪ, ਫਿਨਟੈੱਕ, ਮੋਬਿਲਿਟੀ ਦਾ ਸੈਕਟਰ, ਹੈਲਥ ਅਤੇ ਸਸਟੇਨੇਬਿਲਿਟੀ ਦਾ ਫੀਲਡ, ਤੁਹਾਡੇ ਜੋ ਵਿਚਾਰ ਹਨ, ਉਹ ਸਿਰਫ਼ ਮੈਨੂੰ ਨਹੀਂ, ਹਰ ਕਿਸੇ ਨੂੰ ਪ੍ਰਭਾਵਿਤ ਕਰਨ ਵਾਲੇ ਹਨ। ਪਰ ਮੇਰੇ ਲਈ ਮਹੱਤਵ ਦੀ ਜੋ ਗੱਲ ਹੈ, ਉਹ ਤੁਹਾਡਾ ਆਤਮ-ਵਿਸ਼ਵਾਸ ਅਤੇ ਤੁਹਾਡੇ ਐਂਬੀਸ਼ੰਸ, ਇਹ ਮੈਨੂੰ ਜ਼ਿਆਦਾ ਪ੍ਰਭਾਵਿਤ ਲੱਗੇ। ਅੱਜ ਤੋਂ 10 ਸਾਲ ਪਹਿਲਾਂ, ਵਿਗਿਆਨ ਭਵਨ ਵਿੱਚ, ਇੱਕ 500-700 ਨੌਜਵਾਨਾਂ ਦੇ ਵਿੱਚ ਮੈਂ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਸੀ, ਰਿਤੇਸ਼ ਇੱਥੇ ਬੈਠੇ ਹਨ, ਓਦੋਂ ਉਨ੍ਹਾਂ ਦੀ ਸ਼ੁਰੂਆਤ ਸੀ। ਅਤੇ ਉਸ ਸਮੇਂ ਸਟਾਰਟਅੱਪ ਦੀ ਦੁਨੀਆਂ ਵਿੱਚ ਜੋ ਨਵੇਂ-ਨਵੇਂ ਲੋਕ ਆ ਰਹੇ ਸੀ, ਉਨ੍ਹਾਂ ਦੇ ਤਜਰਬੇ ਮੈਂ ਸੁਣ ਰਿਹਾ ਸੀ, ਅਤੇ ਮੈਨੂੰ ਯਾਦ ਹੈ ਕਿ ਇੱਕ ਧੀ ਜੋ ਕਾਰਪੋਰੇਟ ਦੁਨੀਆ ਵਿੱਚ ਆਪਣੀ ਨੌਕਰੀ ਛੱਡ ਕੇ, ਸਟਾਰਟਅੱਪ ਵੱਲ ਜਾ ਰਹੀ ਸੀ। ਤਾਂ ਨੌਕਰੀ ਛੱਡ ਕੇ ਉਹ ਕੋਲਕਾਤਾ ਆਪਣੀ ਮਾਂ ਨੂੰ ਮਿਲਣ ਗਈ ਅਤੇ ਮਾਂ ਨੂੰ ਕਿਹਾ ਕਿ ਮੈਂ ਨੌਕਰੀ ਛੱਡ ਦਿੱਤੀ ਹੈ, ਤਾਂ ਮਾਂ ਨੇ ਕਿਹਾ, ਕਿਉਂ? ਇਹ ਸਭ ਉਸਨੇ ਉਸ ਦਿਨ ਸੁਣਾਇਆ ਸੀ ਵਿਗਿਆਨ ਭਵਨ ਵਿੱਚ, ਤਾਂ ਉਸਨੇ ਕਿਹਾ ਨਹੀਂ ਬਸ ਹੁਣ ਤਾਂ ਮੈਂ ਸਟਾਰਟਅੱਪ ਕਰਨਾ ਚਾਹੁੰਦੀ ਹਾਂ, ਤਾਂ ਉਸਦੀ ਮਾਂ ਨੇ ਜੋ ਉਸਨੂੰ ਕਿਹਾ, ਉਹ ਉਸਨੇ ਸੁਣਾਇਆ ਸੀ, ਉਸਨੇ ਕਿਹਾ – ਸੱਤਿਆਨਾਸ, ਇਹ ਤੂੰ ਬਰਬਾਦੀ ਦੇ ਰਾਹ ’ਤੇ ਕਿਉਂ ਜਾ ਰਹੀ ਹੈ। ਸਟਾਰਟਅੱਪ ਦੇ ਸਬੰਧ ਵਿੱਚ ਇਹ ਸੋਚ ਸਾਡੇ ਦੇਸ਼ ਵਿੱਚ ਸੀ ਅਤੇ ਅੱਜ ਅਸੀਂ ਕਿਤੇ ਤੋਂ ਕਿਤੇ ਪਹੁੰਚ ਗਏ, ਵਿਗਿਆਨ ਭਵਨ ਤੋਂ ਅੱਜ ਭਾਰਤ ਮੰਡਪਮ ਵਿੱਚ ਜਗ੍ਹਾ ਨਹੀਂ ਹੈ, ਅਤੇ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਇਸ ਇੱਕ ਹਫ਼ਤੇ ਵਿੱਚ ਹੀ ਦੇਸ਼ ਦੇ ਨੌਜਵਾਨਾਂ ਨੂੰ ਦੂਸਰੀ ਵਾਰ ਮਿਲਣ ਦਾ ਮੌਕਾ ਮਿਲ ਰਿਹਾ ਹੈ। ਹਾਲੇ 12 ਜਨਵਰੀ ਨੂੰ ਨੌਜਵਾਨ ਦਿਵਸ ’ਤੇ ਮੈਂ ਦੇਸ਼ ਭਰ ਤੋਂ ਆਏ ਹੋਏ ਤਕਰੀਬਨ 3000 ਨੌਜਵਾਨਾਂ ਤੋਂ ਦੋ-ਢਾਈ ਘੰਟੇ ਤੱਕ ਉਨ੍ਹਾਂ ਨੂੰ ਸੁਣਦਾ ਰਿਹਾ ਸੀ ਅਤੇ ਉਨ੍ਹਾਂ ਦੇ ਨਾਲ ਬੈਠਾ ਸੀ। ਅਤੇ ਅੱਜ ਮੈਨੂੰ ਤੁਹਾਨੂੰ ਸਾਰਿਆਂ ਨੂੰ ਸੁਣਨ ਦਾ ਅਤੇ ਮੇਰੇ ਦੇਸ਼ ਦੇ ਨੌਜਵਾਨਾਂ ਨੂੰ, ਉਨ੍ਹਾਂ ਦੀ ਤਾਕਤ ਦੇ ਦਰਸ਼ਨ ਕਰਨ ਦਾ ਮੈਨੂੰ ਸੁਭਾਗ ਮਿਲਿਆ ਹੈ।
ਸਾਥੀਓ,
ਸਭ ਤੋਂ ਅਹਿਮ ਗੱਲ ਇਹ ਹੈ ਕਿ ਭਾਰਤ ਦੇ ਨੌਜਵਾਨਾਂ ਦਾ ਫੋਕਸ ਅਸਲੀ ਸਮੱਸਿਆਵਾਂ ਦੇ ਹੱਲ ਕਰਨ ’ਤੇ ਹੈ। ਸਾਡੇ ਉਹ ਨੌਜਵਾਨ ਇਨੋਵੇਟਰਸ, ਜਿਨ੍ਹਾਂ ਨੇ ਨਵੇਂ ਸੁਪਨੇ ਦੇਖਣ ਦੀ ਹਿੰਮਤ ਦਿਖਾਈ, ਮੈਂ ਉਨ੍ਹਾਂ ਸਾਰਿਆਂ ਦੀ ਬਹੁਤ ਕਦਰ ਕਰਦਾ ਹਾਂ।
ਸਾਥੀਓ,
ਅੱਜ ਅਸੀਂ ਸਟਾਰਟਅੱਪ ਇੰਡੀਆ ਦੇ 10 ਸਾਲ ਪੂਰੇ ਹੋਣ ਦਾ ਮੀਲ-ਪੱਥਰ ਸੈਲੀਬ੍ਰੇਟ ਕਰ ਰਹੇ ਹਾਂ। 10 ਸਾਲ ਦੀ ਇਹ ਯਾਤਰਾ, ਸਿਰਫ਼ ਇੱਕ ਸਰਕਾਰੀ ਸਕੀਮ ਦੀ ਸਕਸੈਸ ਸਟੋਰੀ ਨਹੀਂ ਹੈ। ਇਹ ਤੁਹਾਡੇ ਜਿਹੇ ਹਜ਼ਾਰਾਂ-ਲੱਖਾਂ ਸੁਪਨਿਆਂ ਦੀ ਯਾਤਰਾ ਹੈ। ਇਹ ਕਿੰਨੀਆਂ ਹੀ ਕਲਪਨਾਵਾਂ ਦੇ ਸਾਕਾਰ ਹੋਣ ਦੀ ਯਾਤਰਾ ਹੈ। ਤੁਸੀਂ ਯਾਦ ਕਰੋ, 10 ਸਾਲ ਪਹਿਲਾਂ ਹਾਲਾਤ ਕੀ ਸੀ? ਵਿਅਕਤੀਗਤ ਕੋਸ਼ਿਸ਼ਾਂ ਅਤੇ ਇਨੋਵੇਸ਼ਨ ਲਈ ਬਹੁਤੀ ਗੁੰਜਾਇਸ਼ ਹੀ ਨਹੀਂ ਸੀ। ਅਸੀਂ ਉਨ੍ਹਾਂ ਹਾਲਤਾਂ ਨੂੰ ਚੈਲੇਂਜ ਕੀਤਾ, ਅਸੀਂ ਸਟਾਰਟਅੱਪ ਇੰਡੀਆ ਪ੍ਰੋਗਰਾਮ ਲਾਂਚ ਕੀਤਾ। ਅਸੀਂ ਨੌਜਵਾਨਾਂ ਨੂੰ ਇੱਕ ਖੁੱਲ੍ਹਾ ਅਸਮਾਨ ਦਿੱਤਾ, ਅਤੇ ਅੱਜ ਨਤੀਜਾ ਸਾਡੇ ਸਾਹਮਣੇ ਹੈ। ਸਿਰਫ਼ 10 ਸਾਲ ਵਿੱਚ ਸਟਾਰਟਅੱਪ ਇੰਡੀਆ ਮਿਸ਼ਨ ਇੱਕ ਕ੍ਰਾਂਤੀ ਬਣ ਚੁੱਕਿਆ ਹੈ। ਭਾਰਤ ਅੱਜ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ। 10 ਸਾਲ ਪਹਿਲਾਂ ਦੇਸ਼ ਵਿੱਚ 500 ਤੋਂ ਵੀ ਘੱਟ ਸਟਾਰਟ-ਅੱਪਸ ਸੀ, ਅੱਜ ਇਹ ਗਿਣਤੀ ਵਧ ਕੇ 2 ਲੱਖ ਤੋਂ ਜ਼ਿਆਦਾ ਹੈ। 2014 ਵਿੱਚ ਭਾਰਤ ਵਿੱਚ ਸਿਰਫ਼ ਚਾਰ ਯੂਨੀਕੌਰਨ ਸੀ, ਅੱਜ ਭਾਰਤ ਵਿੱਚ ਤਕਰੀਬਨ ਸਵਾ ਸੌ ਐਕਟਿਵ ਯੂਨੀਕੌਰਨ ਹਨ। ਦੁਨੀਆ ਵੀ ਅੱਜ ਇਸ ਸਕਸੈਸ ਸਟੋਰੀ ਨੂੰ ਹੈਰਾਨੀ ਨਾਲ ਦੇਖ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਜਦੋਂ ਭਾਰਤ ਦੀ ਸਟਾਰਟਅੱਪ ਯਾਤਰਾ ਦੀ ਗੱਲ ਹੋਵੇਗੀ, ਤਾਂ ਇੱਥੇ ਇਸ ਹਾਲ ਵਿੱਚ ਬੈਠੇ ਕਿੰਨੇ ਹੀ ਨੌਜਵਾਨ ਖ਼ੁਦ ਵਿੱਚ ਇੱਕ ਬ੍ਰਾਈਟ ਕੇਸ ਸਟੱਡੀ ਬਣਨ ਵਾਲੇ ਹਨ।
ਅਤੇ ਸਾਥੀਓ,
ਮੈਨੂੰ ਇਹ ਦੇਖ ਕੇ ਹੋਰ ਵੀ ਚੰਗਾ ਲਗਦਾ ਹੈ ਕਿ ਸਟਾਰਟਅੱਪ ਇੰਡੀਆ ਦੀ ਗਤੀ ਲਗਾਤਾਰ ਤੇਜ਼ ਹੋ ਰਹੀ ਹੈ। ਅੱਜ ਦੇ ਸਟਾਰਟਅੱਪਸ ਯੂਨੀਕੌਰਨ ਬਣ ਰਹੇ ਹਨ, ਯੂਨੀਕੌਰਨ ਆਪਣੇ ਆਈਪੀਓ ਲਾਂਚ ਕਰ ਰਹੇ ਹਨ। ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਦੀ ਸਿਰਜਣਾ ਕਰ ਰਹੇ ਹਨ। ਪਿਛਲੇ ਹੀ ਸਾਲ, ਯਾਨੀ 2025 ਵਿੱਚ ਤਕਰੀਬਨ 44000 ਹੋਰ ਨਵੇਂ ਸਟਾਰਟਅੱਪਸ ਰਜਿਸਟਰ ਹੋਏ ਹਨ। ਇਹ ਸਟਾਰਟਅੱਪ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਕਿਸੇ ਇੱਕ ਸਾਲ ਦੀ ਸਭ ਤੋਂ ਵੱਡੀ ਛਲਾਂਗ ਹੈ। ਇਹ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਸਾਡੇ ਸਟਾਰਟਅੱਪਸ ਈਕੋਸਿਸਟਮ, ਇਨੋਵੇਸ਼ਨ ਅਤੇ ਗ੍ਰੋਥ ਨੂੰ ਕਿਸ ਤਰ੍ਹਾਂ ਡ੍ਰਾਈਵ ਕਰ ਰਹੇ ਹਨ।
ਸਾਥੀਓ,
ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਟਾਰਟਅੱਪ ਇੰਡੀਆ ਨੇ ਦੇਸ਼ ਵਿੱਚ ਇੱਕ ਨਵੇਂ ਕਲਚਰ ਨੂੰ ਜਨਮ ਦਿੱਤਾ ਹੈ। ਪਹਿਲਾਂ ਨਵਾਂ ਬਿਜ਼ਨੇਸ ਅਤੇ ਨਵਾਂ ਵੈਂਚਰ ਸਿਰਫ਼ ਵੱਡੇ-ਵੱਡੇ ਘਰਾਣਿਆਂ ਦੇ ਬੱਚੇ ਹੀ ਲੈ ਕੇ ਆਉਂਦੇ ਸੀ। ਕਿਉਂਕਿ, ਉਨ੍ਹਾਂ ਨੂੰ ਹੀ ਆਸਾਨੀ ਨਾਲ ਫੰਡਿੰਗ ਮਿਲਦੀ ਸੀ, ਸਮਰਥਨ ਮਿਲਦਾ ਸੀ। ਮਿਡਲ ਕਲਾਸ ਅਤੇ ਗ਼ਰੀਬ ਦੇ ਜ਼ਿਆਦਾਤਰ ਬੱਚੇ ਸਿਰਫ਼ ਨੌਕਰੀ ਦਾ ਸੁਪਨਾ ਦੇਖ ਪਾਉਂਦੇ ਸੀ। ਪਰ ਸਟਾਰਟਅੱਪ ਇੰਡੀਆ ਪ੍ਰੋਗਰਾਮ ਨੇ ਇਸ ਸੋਚ ਨੂੰ ਬਦਲ ਦਿੱਤਾ ਹੈ। ਹੁਣ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੇ, ਇੱਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਆਪਣੇ ਸਟਾਰਟਅੱਪ ਖੋਲ੍ਹ ਰਹੇ ਹਨ। ਅਤੇ ਇਹੀ ਨੌਜਵਾਨ ਅੱਜ ਸਭ ਤੋਂ ਜ਼ਿਆਦਾ ਜ਼ਮੀਨੀ ਸਮੱਸਿਆਵਾਂ ਦਾ ਹੱਲ ਦੇਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸਮਾਜ ਅਤੇ ਦੇਸ਼ ਲਈ ਕੁਝ ਕਰਨ ਦਾ ਇਹ ਜਜ਼ਬਾ ਮੇਰੇ ਲਈ ਇਸ ਭਾਵਨਾ ਦਾ, ਇਸ ਸਪਿਰਿਟ ਦਾ ਬਹੁਤ ਮਹੱਤਵ ਹੈ।
ਸਾਥੀਓ,
ਇਸ ਬਦਲਾਅ ਵਿੱਚ ਇੱਕ ਵੱਡੀ ਭੂਮਿਕਾ ਦੇਸ਼ ਦੀਆਂ ਧੀਆਂ ਦੀ ਰਹੀ ਹੈ। ਅੱਜ 45 ਫ਼ੀਸਦੀ ਤੋਂ ਜ਼ਿਆਦਾ ਮਾਨਤਾ ਪ੍ਰਾਪਤ ਸਟਾਰਟਅੱਪਸ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਡਾਇਰੈਕਟਰ ਜਾਂ ਹਿੱਸੇਦਾਰ ਹੈ। ਮਹਿਲਾਵਾਂ ਦੀ ਅਗਵਾਈ ਵਿੱਚ ਸਟਾਰਟਅੱਪ ਫੰਡਿੰਗ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਈਕੋਸਿਸਟਮ ਬਣ ਚੁੱਕਿਆ ਹੈ। ਸਟਾਰਟਅੱਪਸ ਦੀ ਇਹ ਸਮਾਵੇਸ਼ੀ ਲੈਅ ਭਾਰਤ ਦੀ ਤਾਕਤ ਨੂੰ ਹੋਰ ਵਧਾ ਰਹੀ ਹੈ।
ਸਾਥੀਓ,
ਅੱਜ ਦੇਸ਼ ਸਟਾਰਟਅੱਪ ਕ੍ਰਾਂਤੀ ਵਿੱਚ ਆਪਣਾ ਭਵਿੱਖ ਦੇਖ ਰਿਹਾ ਹੈ। ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਸਟਾਰਟਅੱਪ ਇੰਨੇ ਮਾਅਨੇ ਕਿਉਂ ਰੱਖਦੇ ਹਨ? ਤਾਂ ਸ਼ਾਇਦ ਤੁਹਾਡੇ ਸਭ ਦੇ ਵੱਖ-ਵੱਖ ਜਵਾਬ ਹੋਣਗੇ। ਕੋਈ ਕਹੇਗਾ ਭਾਰਤ ਦੁਨੀਆਂ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਇਸ ਲਈ ਸਟਾਰਟਅੱਪਸ ਲਈ ਮੌਕੇ ਹਨ, ਕਿਸੇ ਦਾ ਜਵਾਬ ਹੋਵੇਗਾ, ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਤਰੱਕੀ ਕਰ ਰਹੀ ਮੁੱਖ ਅਰਥਵਿਵਸਥਾ ਹੈ, ਇਸ ਲਈ ਸਟਾਰਟਅੱਪਸ ਲਈ ਨਵੇਂ ਮੌਕੇ ਹਨ। ਕੋਈ ਕਹੇਗਾ, ਅੱਜ ਦੇਸ਼ ਵਰਲਡ ਕਲਾਸ ਇਨਫ੍ਰਾਸਟ੍ਰਕਚਰ ਬਣਾ ਰਿਹਾ ਹੈ, ਭਾਰਤ ਵਿੱਚ ਨਵੇਂ-ਨਵੇਂ ਖੇਤਰ ਉੱਭਰ ਰਹੇ ਹਨ, ਇਸ ਲਈ ਸਟਾਰਟਅੱਪ ਸਿਸਟਮ ਵੀ ਅੱਗੇ ਵਧ ਰਿਹਾ ਹੈ। ਇਹ ਸਾਰੇ ਜਵਾਬ, ਇਹ ਸਾਰੇ ਤੱਥ ਸਹੀ ਹਨ। ਪਰ ਇੱਕ ਗੱਲ ਜੋ ਮੇਰੇ ਦਿਲ ਨੂੰ ਛੂੰਹਦੀ ਹੈ, ਉਹ ਹੈ - ਸਟਾਰਟਅੱਪ ਸਪਿਰਿਟ। ਮੇਰੇ ਦੇਸ਼ ਦਾ ਨੌਜਵਾਨ ਅੱਜ ਆਰਾਮਦਾਇਕ ਜ਼ੋਨ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ ਲਈ ਤਿਆਰ ਨਹੀਂ ਹੈ, ਉਸ ਨੂੰ ਪੁਰਾਣੀ ਲਕੀਰ ’ਤੇ ਚੱਲਣਾ ਮਨਜ਼ੂਰ ਨਹੀਂ ਹੈ। ਉਹ ਆਪਣੇ ਲਈ ਨਵੇਂ ਰਸਤੇ ਖ਼ੁਦ ਬਣਾਉਣਾ ਚਾਹੁੰਦਾ ਹੈ, ਕਿਉਂਕਿ ਉਸਨੂੰ ਨਵੀਆਂ ਮੰਜ਼ਿਲਾਂ ਚਾਹੀਦੀਆਂ ਹਨ, ਨਵੇਂ ਮੁਕਾਮ ਚਾਹੀਦੇ ਹਨ।
ਅਤੇ ਸਾਥੀਓ,
ਨਵੀਆਂ ਮੰਜ਼ਿਲਾਂ ਮਿਲਦੀਆਂ ਕਿਵੇਂ ਹਨ? ਇਸਦੇ ਲਈ ਸਾਨੂੰ ਮਿਹਨਤ ਦੀ ਹੱਦ ਕਰਕੇ ਦਿਖਾਉਣੀ ਹੁੰਦੀ ਹੈ। ਅਤੇ ਇਸ ਲਈ, ਸਾਡੇ ਇੱਥੇ ਕਿਹਾ ਜਾਂਦਾ ਹੈ – ਉਦਯਮੇਨ ਹਿ ਸਿੱਦਧਯਨਤਿ, ਕਾਰਿਆਣਿ ਨ ਮਨੋਰਥੈ:। (उद्यमेन हि सिद्ध्यन्ति, कार्याणि न मनोरथैः।) ਮਤਲਬ, ਕਾਰਜ ਉੱਦਮ ਨਾਲ ਸਿੱਧ ਹੁੰਦੇ ਹਨ, ਸਿਰਫ਼ ਇੱਛਾ ਕਰਨ ਨਾਲ ਨਹੀਂ ਹੁੰਦਾ। ਅਤੇ ਉੱਦਮ ਲਈ ਪਹਿਲੀ ਸ਼ਰਤ ਹੈ – ਹਿੰਮਤ। ਤੁਸੀਂ ਸਭ ਨੇ ਇੱਥੇ ਤੱਕ ਪਹੁੰਚਣ ਲਈ ਕਿੰਨੀ ਹਿੰਮਤ ਕੀਤੀ ਹੋਵੇਗੀ, ਕਿੰਨਾ ਕੁਝ ਦਾਅ ’ਤੇ ਲਗਾਇਆ ਹੋਵੇਗਾ। ਪਹਿਲਾਂ ਦੇਸ਼ ਵਿੱਚ ਜੋਖ਼ਮ ਲੈਣ ਨੂੰ ਵਰਜਿਆ ਜਾਂਦਾ ਸੀ, ਪਰ ਅੱਜ ਜੋਖ਼ਮ ਲੈਣਾ, ਮੁੱਖ ਧਾਰਾ ਬਣ ਗਿਆ ਹੈ। ਮਹੀਨੇ ਦੀ ਤਨਖਾਹ ਤੋਂ ਅੱਗੇ ਸੋਚਣ ਵਾਲੇ ਨੂੰ ਹੁਣ ਸਿਰਫ਼ ਮਾਨਤਾ ਹੀ ਨਹੀਂ, ਪਰ ਹੁਣ ਉਸ ਦੀ ਇੱਜ਼ਤ ਕੀਤੀ ਜਾਂਦੀ ਹੈ। ਜਿਨ੍ਹਾਂ ਜੋਖ਼ਮ ਲੈਣ ਵਾਲੇ ਵਿਚਾਰਾਂ ਤੋਂ ਪਹਿਲਾਂ ਲੋਕ ਕਿਨਾਰਾ ਕਰਦੇ ਸੀ, ਹੁਣ ਉਹ ਫੈਸ਼ਨ ਬਣ ਰਿਹਾ ਹੈ।
ਸਾਥੀਓ,
ਜੋਖ਼ਮ ਲੈਣ ’ਤੇ ਮੈਂ ਖ਼ਾਸ ਤੌਰ ’ਤੇ ਜ਼ੋਰ ਦਿੰਦਾ ਰਿਹਾ ਹਾਂ, ਕਿਉਂਕਿ ਇਹ ਮੇਰੀ ਵੀ ਪੁਰਾਣੀ ਆਦਤ ਹੈ, ਜੋ ਕੰਮ ਕੋਈ ਕਰਨ ਲਈ ਤਿਆਰ ਨਹੀਂ ਹੁੰਦਾ, ਅਜਿਹੇ ਕੰਮ ਜੋ ਦਹਾਕਿਆਂ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਨਹੀਂ ਛੂਹੇ, ਕਿਉਂਕਿ ਉਨ੍ਹਾਂ ਵਿੱਚ ਚੋਣਾਂ ਹਾਰਨ ਦਾ, ਕੁਰਸੀ ਜਾਣ ਦਾ ਡਰ ਸੀ। ਜਿਨ੍ਹਾਂ ਕੰਮਾਂ ਲਈ ਲੋਕ ਆ ਕੇ ਕਹਿੰਦੇ ਸੀ, ਇਹ ਬਹੁਤ ਸਿਆਸੀ ਜੋਖ਼ਮ ਹੈ, ਮੈਂ ਉਨ੍ਹਾਂ ਕੰਮਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਜ਼ਰੂਰ ਕਰਦਾ ਹਾਂ। ਤੁਹਾਡੇ ਵਾਂਗ ਹੀ ਮੇਰਾ ਵੀ ਮੰਨਣਾ ਹੈ, ਜੋ ਕੰਮ ਦੇਸ਼ ਦੇ ਲਈ ਜ਼ਰੂਰੀ ਹੈ, ਉਹ ਕਿਸੇ ਨਾ ਕਿਸੇ ਨੂੰ ਤਾਂ ਕਰਨਾ ਹੀ ਹੋਵੇਗਾ, ਕਿਸੇ ਨੂੰ ਤਾਂ ਰਿਸਕ ਲੈਣਾ ਹੀ ਹੋਵੇਗਾ। ਨੁਕਸਾਨ ਹੋਵੇਗਾ ਤਾਂ ਮੇਰਾ ਹੋਵੇਗਾ, ਪਰ ਜੇਕਰ ਫ਼ਾਇਦਾ ਹੋਵੇਗਾ, ਤਾਂ ਮੇਰੇ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ।
ਸਾਥੀਓ,
ਪਿਛਲੇ 10 ਸਾਲਾਂ ਵਿੱਚ ਦੇਸ਼ ਵਿੱਚ ਇੱਕ ਅਜਿਹਾ ਈਕੋਸਿਸਟਮ ਤਿਆਰ ਹੋਇਆ ਹੈ, ਜੋ ਇਨੋਵੇਸ਼ਨ ਨੂੰ ਹੁਲਾਰਾ ਦਿੰਦਾ ਹੈ। ਅਸੀਂ ਸਕੂਲਾਂ ਵਿੱਚ ਅਟਲ ਟਿੰਕਰਿੰਗ ਲੈਬਸ ਬਣਾਈਆਂ, ਤਾਂ ਕਿ ਉੱਥੇ ਬੱਚਿਆਂ ਵਿੱਚ ਇਨੋਵੇਸ਼ਨ ਦੀ ਪ੍ਰਵਿਰਤੀ ਬਣੇ। ਅਸੀਂ ਹੈਕੇਥੋਨਸ ਸ਼ੁਰੂ ਕੀਤੇ, ਤਾਂ ਕਿ ਸਾਡੇ ਨੌਜਵਾਨ ਦੇਸ਼ ਦੀਆਂ ਸਮੱਸਿਆਵਾਂ ਦੇ ਹੱਲ ਦੇ ਸਕਣ। ਅਸੀਂ ਇਨਕਿਊਬੇਸ਼ਨ ਸੈਂਟਰ ਬਣਾਏ, ਤਾਂ ਕਿ ਸਰੋਤਾਂ ਦੀ ਕਮੀ ਕਾਰਨ ਵਿਚਾਰਾਂ ਦੀ ਮੌਤ ਨਾ ਹੋਵੇ।
ਸਾਥੀਓ,
ਇੱਕ ਸਮੇਂ ਵਿੱਚ ਗੁੰਝਲਦਾਰ ਪਾਲਣਾ, ਲੰਬੇ ਪ੍ਰਵਾਨਗੀ ਚੱਕਰ ਅਤੇ ਇੰਸਪੈਕਟਰ ਰਾਜ ਦਾ ਡਰ, ਇਹ ਇਨੋਵੇਸ਼ਨ ਦੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਸਨ। ਇਸ ਲਈ ਅਸੀਂ ਭਰੋਸੇ ਅਤੇ ਪਾਰਦਰਸ਼ਤਾ ਦਾ ਮਾਹੌਲ ਬਣਾਇਆ। ਜਨ ਵਿਸ਼ਵਾਸ ਐਕਟ ਦੇ ਤਹਿਤ 180 ਤੋਂ ਵੱਧ provisions ਦਾ ਗ਼ੈਰ-ਅਪਰਾਧੀਕਰਨ ਕੀਤਾ ਗਿਆ ਹੈ। ਅਸੀਂ ਤੁਹਾਡਾ ਸਮਾਂ ਬਚਾਇਆ, ਤਾਂ ਕਿ ਤੁਸੀਂ ਇਨੋਵੇਸ਼ਨ ’ਤੇ ਫੋਕਸ ਕਰ ਸਕੋਂ। ਤੁਹਾਡਾ ਸਮਾਂ ਮੁਕੱਦਮੇਬਾਜ਼ੀ ਵਿੱਚ ਬਰਬਾਦ ਨਾ ਹੋਵੇ। ਖ਼ਾਸ ਤੌਰ ’ਤੇ, ਸਟਾਰਟਅੱਪਸ ਦੇ ਲਈ ਕਈ ਕਾਨੂੰਨਾਂ ਵਿੱਚ ਸਵੈ-ਪ੍ਰਮਾਣੀਕਰਨ ਦੀ ਸਹੂਲਤ ਦਿੱਤੀ ਗਈ। ਮਰਜਰਸ ਅਤੇ ਐਗਜਿਟਸ ਨੂੰ ਆਸਾਨ ਬਣਾਇਆ ਗਿਆ।
ਸਾਥੀਓ,
ਸਟਾਰਟਅੱਪ ਇੰਡੀਆ ਸਿਰਫ਼ ਇੱਕ ਸਕੀਮ ਨਹੀਂ, ਸਗੋਂ ਇੱਕ ‘ਰੈਨਬੋ ਵਿਜ਼ਨ’ ਹੈ। ਇਹ ਵੱਖ-ਵੱਖ ਸੈਕਟਰਾਂ ਨੂੰ ਨਵੇਂ ਮੌਕਿਆਂ ਨਾਲ ਜੋੜਨ ਦਾ ਜ਼ਰੀਆ ਹੈ। ਤੁਸੀਂ ਦੇਖੋ ਡਿਫੈਂਸ ਮੈਨੁਫੈਕਚਰਿੰਗ, ਪਹਿਲਾਂ ਕੀ ਸਟਾਰਟਅੱਪਸ ਸਥਾਪਤ ਕੰਪਨੀਆਂ ਦੇ ਨਾਲ ਮੁਕਾਬਲੇ ਦੀ ਕਲਪਨਾ ਵੀ ਕਰ ਸਕਦੇ ਸੀ ਕੀ? ਆਈਡੈਕਸ ਦੇ ਜ਼ਰੀਏ ਅਸੀਂ ਰਣਨੀਤਿਕ ਖੇਤਰਾਂ ਵਿੱਚ ਸਟਾਰਟਅੱਪਸ ਦੇ ਲਈ ਖ਼ਰੀਦ ਦੇ ਨਵੇਂ ਰਸਤੇ ਖੋਲ੍ਹੇ। ਪੁਲਾੜ ਖੇਤਰ, ਜੋ ਪਹਿਲਾਂ ਪੂਰੀ ਤਰ੍ਹਾਂ ਨਿੱਜੀ ਭਾਗੀਦਾਰੀ ਲਈ ਬੰਦ ਸੀ, ਉਸਨੂੰ ਵੀ ਹੁਣ ਖੋਲ੍ਹ ਦਿੱਤਾ ਗਿਆ ਹੈ। ਅੱਜ ਲਗਭਗ 200 ਸਟਾਰਟਅੱਪ ਪੁਲਾੜ ਖੇਤਰ ਵਿੱਚ ਕੰਮ ਕਰ ਰਹੇ ਹਨ। ਇਨ੍ਹਾਂ ਨੂੰ ਗਲੋਬਲ ਪੱਧਰ ’ਤੇ ਮਾਨਤਾ ਵੀ ਮਿਲ ਰਹੀ ਹੈ। ਇਸ ਤਰ੍ਹਾਂ, ਡ੍ਰੋਨ ਖੇਤਰ ਨੂੰ ਦੇਖੋ, ਸਾਲਾਂ ਤੱਕ ਸਮਰੱਥ ਢਾਂਚੇ ਦੀ ਘਾਟ ਕਾਰਨ ਭਾਰਤ ਕਾਫੀ ਪਿੱਛੇ ਰਹਿ ਗਿਆ। ਅਸੀਂ ਪੁਰਾਣੇ ਨਿਯਮ ਹਟਾਏ, ਇਨੋਵੇਟਰਾਂ ‘ਤੇ ਭਰੋਸਾ ਕੀਤਾ।
ਸਾਥੀਓ,
ਪਬਲਿਕ ਖ਼ਰੀਦ ਵਿੱਚ ਅਸੀਂ ਜੀਈਐੱਮ ਯਾਨੀ ਗਵਰਮੈਂਟ ਈ-ਮਾਰਕਿਟ ਪਲੇਸ ਦੇ ਜ਼ਰੀਏ ਮਾਰਕੀਟ ਪਹੁੰਚ ਨੂੰ ਵਧਾਇਆ ਹੈ। ਅੱਜ ਤਕਰੀਬਨ 35,000 ਸਟਾਰਟਅੱਪਸ ਅਤੇ ਛੋਟੇ ਕਾਰੋਬਾਰ ਜੀਈਐੱਮ ’ਤੇ ਔਨਬੋਡੇਡ ਹਨ। ਇਨ੍ਹਾਂ ਨੂੰ ਤਕਰੀਬਨ 50 ਹਜ਼ਾਰ ਕਰੋੜ ਦੇ ਲਗਭਗ 5 ਲੱਖ ਆਰਡਰ ਮਿਲੇ ਹਨ। ਇੱਕ ਤਰ੍ਹਾਂ ਨਾਲ, ਸਟਾਰਟਅੱਪਸ ਆਪਣੀ ਸਫ਼ਲਤਾ ਨਾਲ ਹਰ ਖੇਤਰ ਲਈ ਨਵੇਂ ਗ੍ਰੋਥ ਰਸਤੇ ਖੋਲ੍ਹ ਰਹੇ ਹਨ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਪੂੰਜੀ ਦੇ ਬਿਨਾਂ, ਸਭ ਤੋਂ ਚੰਗੇ ਵਿਚਾਰ ਵੀ ਮਾਰਕਿਟ ਤੱਕ ਨਹੀਂ ਪਹੁੰਚ ਪਾਉਂਦੇ। ਇਸ ਲਈ, ਅਸੀਂ ਇਨੋਵੇਟਰਾਂ ਲਈ ਫਾਈਨਾਂਸ ਤੱਕ ਪਹੁੰਚ ਯਕੀਨ ਕਰਕੇ, ਉਸ ’ਤੇ ਵੀ ਫੋਕਸ ਕੀਤਾ ਹੈ। ਸਟਾਰਟਅੱਪਸ ਲਈ ਫੰਡ ਆਫ ਫੰਡਸ ਜ਼ਰੀਏ 25,000 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਗਿਆ ਹੈ। ਸਟਾਰਟਅੱਪ ਇੰਡੀਆ ਸੀਡ ਫੰਡ, ਆਈਐੱਨ- ਸਪੇਸ ਸੀਡ ਫੰਡ, ਨਿਧੀ ਸੀਡ ਸਪੋਰਟ ਪ੍ਰੋਗਰਾਮ, ਅਜਿਹੀਆਂ ਯੋਜਨਾਵਾਂ ਦੇ ਜ਼ਰੀਏ ਸਟਾਰਟਅੱਪਸ ਨੂੰ ਸੀਡ ਫੰਡਿੰਗ ਦਿੱਤੀ ਜਾ ਰਹੀ ਹੈ। ਕ੍ਰੈਡਿਟ ਪਹੁੰਚ ਬਿਹਤਰ ਬਣੇ, ਇਸ ਲਈ ਅਸੀਂ ਕ੍ਰੈਡਿਟ ਗਰੰਟੀ ਸਕੀਮ ਵੀ ਸ਼ੁਰੂ ਕੀਤੀ। ਤਾਂ ਕਿ, ਵਿੱਤ ਦੀ ਕਮੀ ਕ੍ਰਿਏਟਿਵਿਟੀ ਦੇ ਰਸਤੇ ਵਿੱਚ ਰੁਕਾਵਟ ਨਾ ਬਣੇ।
ਸਾਥੀਓ,
ਅੱਜ ਦੀ ਰਿਸਰਚ ਹੀ ਕੱਲ੍ਹ ਦੀ ਬੌਧਿਕ ਸੰਪੱਤੀ ਬਣਦੀ ਹੈ। ਇਸ ਨੂੰ ਉਤਸ਼ਾਹਿਤ ਕਰਨ ਲਈ ਅਸੀਂ 1 ਲੱਖ ਕਰੋੜ ਰੁਪਏ ਦੀ ਖੋਜ, ਵਿਕਾਸ ਅਤੇ ਨਵੀਨਤਾ ਯੋਜਨਾ ਸ਼ੁਰੂ ਕੀਤੀ ਹੈ। ਜੋ ਉੱਭਰ ਰਹੇ ਖੇਤਰ ਹਨ, ਉਨ੍ਹਾਂ ਵਿੱਚ ਲੰਬੇ ਸਮੇਂ ਦੇ ਨਿਵੇਸ਼ ਨੂੰ ਸਮਰਥਨ ਕਰਨ ਲਈ ਡੀਪ ਟੈਕ ਫੰਡ ਆਫ ਫੰਡਸ ਵੀ ਬਣਾਇਆ ਗਿਆ ਹੈ।
ਸਾਥੀਓ,
ਹੁਣ ਸਾਨੂੰ ਭਵਿੱਖ ਦੇ ਲਈ ਤਿਆਰ ਹੋਣਾ ਹੋਵੇਗਾ। ਸਾਨੂੰ ਨਵੇਂ ਵਿਚਾਰਾਂ ’ਤੇ ਕੰਮ ਕਰਨ ਦੀ ਜ਼ਰੂਰਤ ਹੈ। ਅੱਜ ਕਈ ਅਜਿਹੇ ਕਾਰਜ ਖੇਤਰ ਉੱਭਰ ਰਹੇ ਹਨ, ਜੋ ਕੱਲ੍ਹ ਦੇਸ਼ ਵਿੱਚ ਆਰਥਿਕ ਸੁਰੱਖਿਆ ਅਤੇ ਰਣਨੀਤੀਕ ਖ਼ੁਦਮੁਖ਼ਤਿਆਰੀ ਵਿੱਚ ਅਹਿਮ ਰੋਲ ਨਿਭਾਉਣਗੇ। ਏਆਈ ਦਾ ਉਦਾਹਰਣ ਸਾਡੇ ਸਾਹਮਣੇ ਹੈ। ਜੋ ਰਾਸ਼ਟਰ ਏਆਈ ਕ੍ਰਾਂਤੀ ਵਿੱਚ ਜਿੰਨਾ ਅੱਗੇ ਹੋਵੇਗਾ, ਉਸਨੂੰ ਓਨਾਂ ਹੀ ਫ਼ਾਇਦਾ ਹੋਵੇਗਾ। ਭਾਰਤ ਲਈ ਇਹ ਕੰਮ ਸਾਡੇ ਸਟਾਰਟਅੱਪਸ ਨੂੰ ਕਰਨਾ ਹੋਵੇਗਾ। ਅਤੇ ਤੁਹਾਨੂੰ ਸਭ ਨੂੰ ਪਤਾ ਹੋਵੇਗਾ, ਫਰਵਰੀ ਵਿੱਚ ਏਆਈ ਦਾ ਗਲੋਬਲ ਸੰਮੇਲਨ ਸਾਡੇ ਇੱਥੇ ਹੋ ਰਿਹਾ ਹੈ, ਏਆਈ ਇੰਪੈਕਟ ਸਮਿਟ ਹੋ ਰਹੀ ਹੈ, ਉਹ ਤੁਹਾਡੇ ਸਾਰਿਆਂ ਲਈ ਵੀ ਵੱਡਾ ਮੌਕਾ ਹੈ। ਅਤੇ ਮੈਂ ਜਾਣਦਾ ਹਾਂ, ਇਸ ਕੰਮ ਵਿੱਚ ਉੱਚ ਕੰਪਿਊਟਿੰਗ ਲਾਗਤ ਜਿਹੀਆਂ ਕਿੰਨੀਆਂ ਚੁਣੌਤੀਆਂ ਹਨ। ਇੰਡੀਆ ਏਆਈ ਮਿਸ਼ਨ ਦੇ ਜ਼ਰੀਏ ਅਸੀਂ ਇਨ੍ਹਾਂ ਦੇ ਹੱਲ ਦੇ ਰਹੇ ਹਾਂ। ਅਸੀਂ 38,000 ਤੋਂ ਵੱਧ ਜੀਪੀਯੂ ਔਨ-ਬੋਰਡ ਕੀਤੇ ਹਨ। ਸਾਡਾ ਯਤਨ ਹੈ ਕਿ ਵੱਡੀ ਟੈਕਨਾਲੋਜੀ, ਛੋਟੇ ਸਟਾਰਟਅੱਪਸ ਲਈ ਵੀ ਆਸਾਨੀ ਨਾਲ ਉਪਲਬਧ ਹੋਵੇ। ਅਸੀਂ ਇਹ ਵੀ ਯਕੀਨੀ ਕਰ ਰਹੇ ਹਾਂ ਕਿ ਸਵਦੇਸ਼ੀ ਏਆਈ, ਭਾਰਤੀ ਪ੍ਰਤਿਭਾਵਾਂ ਵੱਲੋਂ, ਭਾਰਤੀ ਸਰਵਰਾਂ ’ਤੇ ਹੀ ਤਿਆਰ ਹੋਵੇ। ਇਸ ਤਰ੍ਹਾਂ ਦੇ ਯਤਨ ਸੈਮੀਕੰਡਕਟਰਸ, ਡੇਟਾ ਸੈਂਟਰ, ਗ੍ਰੀਨ ਹਾਈਡ੍ਰੋਜਨ ਅਤੇ ਕਈ ਹੋਰ ਖੇਤਰਾਂ ਵਿੱਚ ਵੀ ਕੀਤੇ ਜਾ ਰਹੇ ਹਨ।
ਸਾਥੀਓ,
ਜਿਵੇਂ ਜਿਵੇਂ ਅਸੀਂ ਅੱਗੇ ਵਧ ਰਹੇ ਹਾਂ, ਸਾਡੀਆਂ ਇੱਛਾਵਾਂ ਸਿਰਫ਼ ਸਾਂਝੇਦਾਰੀ ਦੀਆਂ ਨਹੀਂ ਰਹਿਣੀਆਂ ਚਾਹੀਦੀਆਂ। ਸਾਨੂੰ ਗਲੋਬਲ ਲੀਡਰਸ਼ਿਪ ਦਾ ਟੀਚਾ ਰੱਖਣਾ ਹੋਵੇਗਾ। ਤੁਸੀਂ ਨਵੇਂ ਵਿਚਾਰਾਂ ’ਤੇ ਕੰਮ ਕਰੋ, ਸਮੱਸਿਆਵਾਂ ਨੂੰ ਹੱਲ ਕਰੋ। ਬੀਤੇ ਦਹਾਕਿਆਂ ਵਿੱਚ ਅਸੀਂ ਡਿਜੀਟਲ ਸਟਾਰਟਅੱਪਸ ਵਿੱਚ, ਸੇਵਾ ਖੇਤਰ ਵਿੱਚ ਕਾਫੀ ਸ਼ਾਨਦਾਰ ਕੰਮ ਕੀਤਾ ਹੈ। ਹੁਣ ਸਮਾਂ ਹੈ ਕਿ ਸਾਡੇ ਸਟਾਰਟਅੱਪਸ ਮੈਨੁਫੈਕਚਰਿੰਗ ਵੱਲ ਜ਼ਿਆਦਾ ਧਿਆਨ ਦੇਣ। ਸਾਨੂੰ ਨਵੇਂ ਪ੍ਰੋਡਕਟਸ ਬਣਾਉਣੇ ਹੋਣਗੇ। ਸਾਨੂੰ ਦੁਨੀਆਂ ਦੀ ਬਿਹਤਰੀਨ ਗੁਣਵੱਤਾ ਦੇ ਪ੍ਰੋਡਕਟਸ ਬਣਾਉਣੇ ਹੋਣਗੇ। ਟੈਕਨਾਲੋਜੀ ਵਿੱਚ ਵੀ ਵਿਲੱਖਣ ਵਿਚਾਰਾਂ ’ਤੇ ਕੰਮ ਕਰਕੇ ਲੀਡ ਲੈਣੀ ਹੋਵੇਗੀ। ਭਵਿੱਖ ਇਸੇ ਦਾ ਹੈ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ, ਤੁਹਾਡੇ ਹਰ ਯਤਨ ਵਿੱਚ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ। ਮੈਨੂੰ ਤੁਹਾਡੀ ਸਮਰੱਥਾ ’ਤੇ ਡੂੰਘਾ ਭਰੋਸਾ ਹੈ, ਤੁਹਾਡੇ ਹੌਸਲੇ, ਵਿਸ਼ਵਾਸ ਅਤੇ ਇਨੋਵੇਸ਼ਨ ਨਾਲ ਭਾਰਤ ਦਾ ਭਵਿੱਖ ਆਕਾਰ ਲੈ ਰਿਹਾ ਹੈ। ਪਿਛਲੇ 10 ਸਾਲਾਂ ਨੇ ਦੇਸ਼ ਦੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ ਹੈ। ਸਾਡਾ ਟੀਚਾ ਹੋਣਾ ਚਾਹੀਦਾ ਹੈ, ਆਉਣ ਵਾਲੇ 10 ਸਾਲਾਂ ਵਿੱਚ ਭਾਰਤ ਨਵੇਂ ਸਟਾਰਟਅੱਪ ਟਰੇਂਡਸ ਅਤੇ ਟੈਕਨਾਲੋਜੀਆਂ ਵਿੱਚ ਦੁਨੀਆਂ ਦੀ ਅਗਵਾਈ ਕਰੇ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।
****
ਐੱਮਜੇਪੀਐੱਸ/ ਐੱਸਐੱਸ/ ਆਰਕੇ
(रिलीज़ आईडी: 2215521)
आगंतुक पटल : 4