ਪ੍ਰਧਾਨ ਮੰਤਰੀ ਦਫਤਰ
ਜਰਮਨ ਚਾਂਸਲਰ ਨਾਲ ਸਾਂਝੇ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦੇ ਪ੍ਰੈੱਸ ਬਿਆਨ ਦਾ ਪੰਜਾਬੀ ਅਨੁਵਾਦ
प्रविष्टि तिथि:
12 JAN 2026 1:25PM by PIB Chandigarh
ਮਹਾਮਹਿਮ,
ਮੇਰੇ ਦੋਸਤ,
ਚਾਂਸਲਰ ਫ੍ਰੇਡਰਿਕ ਮਰਜ਼, ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ, ਮੀਡੀਆ ਦੇ ਸਾਥੀਓ,
ਨਮਸਕਾਰ! ਗੂਟਨ ਟਾਗ!
ਅੱਜ ਸਵਾਮੀ ਵਿਵੇਕਾਨੰਦ ਜਯੰਤੀ ਦੇ ਦਿਨ ਚਾਂਸਲਰ ਮਰਜ਼ ਦਾ ਭਾਰਤ ਵਿੱਚ ਸਵਾਗਤ ਕਰਨਾ ਮੇਰੇ ਲਈ ਵਿਸ਼ੇਸ਼ ਪ੍ਰਸੰਨਤਾ ਦਾ ਵਿਸ਼ਾ ਹੈ। ਇਹ ਇੱਕ ਸੁਖਦ ਸੰਯੋਗ ਹੈ ਕਿ ਸਵਾਮੀ ਵਿਵੇਕਾਨੰਦ ਜੀ ਨੇ ਹੀ ਭਾਰਤ ਅਤੇ ਜਰਮਨੀ ਦੇ ਵਿਚ ਦਰਸ਼ਨ, ਗਿਆਨ ਅਤੇ ਆਤਮਾ ਦਾ ਸੇਤੁ ਬਣਾਇਆ ਸੀ। ਅੱਜ ਚਾਂਸਲਰ ਮਰਜ਼ ਦੀ ਇਹ ਯਾਤਰਾ ਉਸ ਸੇਤੁ ਨੂੰ ਨਵੀਂ ਊਰਜਾ, ਨਵਾਂ ਵਿਸ਼ਵਾਸ ਅਤੇ ਨਵਾਂ ਵਿਸਥਾਰ ਪ੍ਰਦਾਨ ਕਰ ਰਹੀ ਹੈ। ਚਾਂਸਲਰ ਦੇ ਰੂਪ ਵਿੱਚ ਇਹ ਉਨ੍ਹਾਂ ਦੀ ਭਾਰਤ ਹੀ ਨਹੀਂ, ਸਗੋਂ ਏਸ਼ੀਆ ਦੀ ਵੀ ਪਹਿਲੀ ਯਾਤਰਾ ਹੈ। ਇਹ ਇਸ ਗੱਲ ਦਾ ਸਸ਼ਕਤ ਪ੍ਰਮਾਣ ਹੈ ਕਿ ਉਹ ਭਾਰਤ ਨਾਲ ਸਬੰਧਾਂ ਨੂੰ ਕਿੰਨਾ ਡੂੰਘਾ ਮਹੱਤਵ ਦਿੰਦੇ ਹਨ। ਉਨ੍ਹਾਂ ਦਾ ਨਿੱਜੀ ਧਿਆਨ ਅਤੇ ਵਚਨਬੱਧਤਾ ਲਈ ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਭਾਰਤ, ਜਰਮਨੀ ਨਾਲ ਆਪਣੀ ਦੋਸਤੀ ਅਤੇ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਤਿਬੱਧ ਹੈ। ਗੁਜਰਾਤ ਵਿੱਚ ਅਸੀਂ ਕਹਿੰਦੇ ਹਾਂ — ‘ਆਵਕਾਰੋ ਮਿੱਠੋ ਆਪਜੇ ਰੇ’, ਭਾਵ ਸਨੇਹ ਅਤੇ ਆਤਮਿਯਤਾ ਨਾਲ ਸਵਾਗਤ ਕਰਨਾ। ਇਸੇ ਭਾਵਨਾ ਨਾਲ ਅਸੀਂ ਚਾਂਸਲਰ ਮਰਜ਼ ਦਾ ਭਾਰਤ ਵਿੱਚ ਹਾਰਦਿਕ ਸਵਾਗਤ ਕਰਦੇ ਹਾਂ।
ਦੋਸਤੋ,
ਚਾਂਸਲਰ ਮਰਜ਼ ਦੀ ਇਹ ਯਾਤਰਾ ਇੱਕ ਵਿਸ਼ੇਸ਼ ਸਮੇਂ ’ਤੇ ਹੋ ਰਹੀ ਹੈ। ਪਿਛਲੇ ਵਰ੍ਹੇ ਅਸੀਂ ਆਪਣੀ ਰਣਨੀਤਕ ਭਾਗੀਦਾਰੀ ਦੇ 25 ਵਰ੍ਹੇ ਪੂਰੇ ਕੀਤੇ ਅਤੇ ਇਸ ਵਰ੍ਹੇ ਅਸੀਂ ਆਪਣੇ ਕੂਟਨੀਤਕ ਸਬੰਧਾਂ ਦੇ 75 ਵਰ੍ਹੇ ਵੀ ਮਨਾ ਰਹੇ ਹਾਂ। ਇਹ ਮੀਲ ਪੱਥਰ ਸਿਰਫ਼ ਸਮੇਂ ਦੀਆਂ ਉਪਲਬਧੀਆਂ ਨਹੀਂ ਹਨ; ਇਹ ਸਾਡੀਆਂ ਸਾਂਝੀਆਂ ਅਭਿਲਾਸ਼ਾਵਾਂ, ਆਪਸੀ ਵਿਸ਼ਵਾਸ ਅਤੇ ਲਗਾਤਾਰ ਮਜ਼ਬੂਤ ਹੁੰਦੇ ਸਹਿਯੋਗ ਦੀਆਂ ਪ੍ਰਤੀਕ ਹਨ। ਭਾਰਤ ਅਤੇ ਜਰਮਨੀ ਵਰਗੇ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਵਿਚਾਲੇ ਨੇੜਲਾ ਸਹਿਯੋਗ ਪੂਰੀ ਮਨੁੱਖਤਾ ਲਈ ਮਹੱਤਵਪੂਰਨ ਹੈ। ਵਧਦੇ ਵਪਾਰ ਅਤੇ ਨਿਵੇਸ਼ ਸਬੰਧਾਂ ਨੇ ਸਾਡੀ ਰਣਨੀਤਕ ਭਾਈਵਾਲੀ ਨੂੰ ਨਵੀਂ ਊਰਜਾ ਦਿੱਤੀ ਹੈ। ਸਾਡਾ ਦੁਵੱਲਾ ਵਪਾਰ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕਾ ਹੈ ਅਤੇ 50 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਦੋ ਹਜ਼ਾਰ ਤੋਂ ਵੱਧ ਜਰਮਨ ਕੰਪਨੀਆਂ ਲੰਮੇ ਸਮੇਂ ਤੋਂ ਭਾਰਤ ਵਿੱਚ ਮੌਜੂਦ ਹਨ। ਇਹ ਭਾਰਤ ਪ੍ਰਤੀ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਇੱਥੇ ਮੌਜੂਦ ਅਨੰਤ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਅੱਜ ਸਵੇਰੇ ਭਾਰਤ–ਜਰਮਨੀ ਸੀਈਓ ਫੋਰਮ ਵਿੱਚ ਇਸ ਦੀ ਜੀਵੰਤ ਝਲਕ ਵੇਖਣ ਨੂੰ ਮਿਲੀ।
ਦੋਸਤੋ,
ਭਾਰਤ ਅਤੇ ਜਰਮਨੀ ਵਿਚਾਲੇ ਤਕਨਾਲੋਜੀ ਸਹਿਯੋਗ ਹਰ ਸਾਲ ਮਜ਼ਬੂਤ ਹੋਇਆ ਹੈ ਅਤੇ ਅੱਜ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ’ਤੇ ਸਪਸ਼ਟ ਤੌਰ ’ਤੇ ਦਿਖਦਾ ਹੈ। ਅਖੁੱਟ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਜਰਮਨੀ ਦੀਆਂ ਤਰਜੀਹਾਂ ਇੱਕੋ ਜਿਹੀਆਂ ਹਨ। ਇਸ ਵਿੱਚ ਸਹਿਯੋਗ ਨੂੰ ਵਧਾਉਣ ਲਈ ਅਸੀਂ ਭਾਰਤ–ਜਰਮਨੀ ਉੱਤਮਤਾ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਗਿਆਨ, ਤਕਨਾਲੋਜੀ ਅਤੇ ਨਵੀਨਤਾ ਦਾ ਸਾਂਝਾ ਮੰਚ ਬਣੇਗਾ। ਅਸੀਂ ਜਲਵਾਯੂ, ਊਰਜਾ, ਸ਼ਹਿਰੀ ਵਿਕਾਸ ਅਤੇ ਸ਼ਹਿਰੀ ਗਤੀਸ਼ੀਲਤਾ ਵਰਗੇ ਖੇਤਰਾਂ ਵਿੱਚ ਮਿਲ ਕੇ ਨਵੇਂ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਾਂ। ਗ੍ਰੀਨ ਹਾਈਡਰੋਜਨ ਵਿੱਚ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਦਾ ਨਵਾਂ ਮੈਗਾ ਪ੍ਰੋਜੈਕਟ, ਭਵਿੱਖ ਦੀ ਊਰਜਾ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗਾ। ਭਾਰਤ ਅਤੇ ਜਰਮਨੀ ਸੁਰੱਖਿਅਤ, ਭਰੋਸੇਮੰਦ ਅਤੇ ਅਨਕੂਲ ਸਪਲਾਈ ਲੜੀਆਂ ਦੇ ਨਿਰਮਾਣ ਲਈ ਮਿਲ ਕੇ ਕੰਮ ਕਰ ਰਹੇ ਹਨ। ਇਨ੍ਹਾਂ ਸਭ ਵਿਸ਼ਿਆਂ ’ਤੇ ਅੱਜ ਕੀਤੇ ਜਾ ਰਹੇ ਐੱਮਓਯੂਜ਼ ਨਾਲ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਮਜ਼ਬੂਤੀ ਮਿਲੇਗੀ।
ਦੋਸਤੋ,
ਰੱਖਿਆ ਅਤੇ ਸੁਰੱਖਿਆ ਵਿੱਚ ਵਧਦਾ ਸਹਿਯੋਗ ਸਾਡੇ ਆਪਸੀ ਭਰੋਸੇ ਅਤੇ ਸਾਂਝੀ ਸੋਚ ਦਾ ਪ੍ਰਤੀਕ ਹੈ। ਰੱਖਿਆ ਵਪਾਰ ਨਾਲ ਜੁੜੀਆਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਮੈਂ ਚਾਂਸਲਰ ਮਰਜ਼ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਅਸੀਂ ਰੱਖਿਆ ਉਦਯੋਗਾਂ 'ਚ ਸਹਿਯੋਗ ਵਧਾਉਣ ਲਈ ਇੱਕ ਰੋਡਮੈਪ ’ਤੇ ਵੀ ਕੰਮ ਕਰਾਂਗੇ, ਜਿਸ ਨਾਲ ਸਾਂਝੇ ਵਿਕਾਸ ਅਤੇ ਸਾਂਝੇ ਉਤਪਾਦਨ ਦੇ ਨਵੇਂ ਮੌਕੇ ਖੁੱਲ੍ਹਣਗੇ।
ਦੋਸਤੋ,
ਭਾਰਤ ਅਤੇ ਜਰਮਨੀ ਦੇ ਵਿਚਕਾਰ ਇਤਿਹਾਸਕ ਅਤੇ ਡੂੰਘੇ ਲੋਕ ਦਰ ਲੋਕ ਸਬੰਧ ਹਨ। ਰਵਿੰਦਰਨਾਥ ਟੈਗੋਰ ਦੀਆਂ ਰਚਨਾਵਾਂ ਨੇ ਜਰਮਨੀ ਦੇ ਬੌਧਿਕ ਜਗਤ ਨੂੰ ਨਵੀਂ ਦ੍ਰਿਸ਼ਟੀ ਦਿੱਤੀ। ਸਵਾਮੀ ਵਿਵੇਕਾਨੰਦ ਦੀ ਵਿਚਾਰਧਾਰਾ ਨੇ ਜਰਮਨੀ ਸਮੇਤ ਪੂਰੇ ਯੂਰਪ ਨੂੰ ਪ੍ਰੇਰਿਤ ਕੀਤਾ। ਅਤੇ ਮੈਡਮ ਕਾਮਾ ਨੇ ਜਰਮਨੀ ਵਿੱਚ ਪਹਿਲੀ ਵਾਰ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾ ਕੇ ਸਾਡੀ ਆਜ਼ਾਦੀ ਦੀ ਇੱਛਾ ਨੂੰ ਆਲਮੀ ਪਛਾਣ ਦਿੱਤੀ। ਅੱਜ ਅਸੀਂ ਇਸ ਇਤਿਹਾਸਕ ਜੁੜਾਅ ਨੂੰ ਆਧੁਨਿਕ ਭਾਗੀਦਾਰੀ ਦਾ ਰੂਪ ਦੇ ਰਹੇ ਹਾਂ। ਪ੍ਰਵਾਸ, ਗਤੀਸ਼ੀਲਤਾ ਅਤੇ ਹੁਨਰ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਭਾਰਤ ਦੀ ਹੁਨਰਮੰਦ ਨੌਜਵਾਨ ਸ਼ਕਤੀ ਜਰਮਨੀ ਦੀ ਅਰਥ-ਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਅੱਜ ਆਲਮੀ ਹੁਨਰ ਭਾਈਵਾਲੀ ’ਤੇ ਜਾਰੀ ਸਾਂਝਾ ਸਹਿਮਤੀ ਪੱਤਰ ਇਸੇ ਭਰੋਸੇ ਦਾ ਪ੍ਰਤੀਕ ਹੈ। ਇਸ ਨਾਲ ਖ਼ਾਸ ਤੌਰ ’ਤੇ ਸਿਹਤ ਸੰਭਾਲ ਪੇਸ਼ਾਵਰਾਂ ਦਾ ਆਉਣ-ਜਾਣ ਸੌਖਾ ਹੋਵੇਗਾ। ਅੱਜ ਅਸੀਂ ਖੇਡਾਂ ਦੇ ਖੇਤਰ ਵਿੱਚ ਵੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਚੁੱਕੇ ਹਨ। ਇਹ ਨੌਜਵਾਨਾਂ ਨੂੰ ਜੋੜਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਬਣੇਗਾ। ਅੱਜ ਉੱਚ ਸਿੱਖਿਆ ’ਤੇ ਬਣਿਆ ਵਿਆਪਕ ਰੋਡਮੈਪ ਸਿੱਖਿਆ ਦੇ ਖੇਤਰ ਵਿੱਚ ਸਾਡੀ ਭਾਗੀਦਾਰੀ ਨੂੰ ਨਵੀਂ ਦਿਸ਼ਾ ਦੇਵੇਗਾ। ਮੈਂ ਜਰਮਨ ਯੂਨੀਵਰਸਿਟੀਆਂ ਨੂੰ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣ ਦਾ ਸੱਦਾ ਦਿੰਦਾ ਹਾਂ। ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਟ੍ਰਾਂਜ਼ਿਟ ਦੇ ਐਲਾਨ ਲਈ ਮੈਂ ਚਾਂਸਲਰ ਮਰਜ਼ ਦਾ ਧੰਨਵਾਦ ਪ੍ਰਗਟ ਕਰਦਾ ਹਾਂ। ਇਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਨੇੜਤਾ ਹੋਰ ਵਧੇਗੀ। ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਲੋਥਲ ਵਿੱਚ ਬਣ ਰਹੇ ਰਾਸ਼ਟਰੀ ਸਮੁੰਦਰੀ ਵਿਰਾਸਤ ਕੰਪਲੈਕਸ ਨਾਲ ਜਰਮਨ ਮੇਰਿਟਾਈਮ ਮਿਊਜ਼ੀਅਮ ਜੁੜ ਰਿਹਾ ਹੈ। ਇਹ ਦੋਹਾਂ ਦੇਸ਼ਾਂ ਦੇ ਸਮੁੰਦਰੀ ਪਿਛੋਕੜ ਨੂੰ ਜੋੜਨ ਵਾਲਾ ਇਤਿਹਾਸਕ ਕਦਮ ਹੈ। ਰਵਾਇਤੀ ਦਵਾਈਆਂ ਦੇ ਖੇਤਰ ਵਿੱਚ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਦਾ ਜਰਮਨੀ ਨਾਲ ਨੇੜਲਾ ਸਹਿਯੋਗ ਰਿਹਾ ਹੈ। ਇਸ ਮਹੱਤਵਪੂਰਨ ਵਿਸ਼ੇ ’ਤੇ ਅੱਜ ਕੀਤੇ ਜਾ ਰਹੇ ਐੱਮਓਯੂ ਨਾਲ ਸਾਡੇ ਸਹਿਯੋਗ ਨੂੰ ਹੋਰ ਵਧੇਰੇ ਹੁਲਾਰਾ ਮਿਲੇਗਾ।
ਦੋਸਤੋ,
ਭਾਰਤ ਅਤੇ ਜਰਮਨੀ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਨ। ਸਾਡੀ ਦੋਸਤੀ ਦਾ ਪ੍ਰਭਾਵ ਆਲਮੀ ਮੰਚ ’ਤੇ ਵੀ ਦਿਖਦਾ ਹੈ। ਘਾਨਾ, ਕੈਮਰੂਨ ਅਤੇ ਮਲਾਵੀ ਵਰਗੇ ਦੇਸ਼ਾਂ ਵਿੱਚ ਸਾਂਝੇ ਪ੍ਰੋਜੈਕਟਾਂ ਨਾਲ ਸਾਡੀ ਤਿਕੋਣੀ ਵਿਕਾਸ ਭਾਗੀਦਾਰੀ ਦੁਨੀਆ ਲਈ ਇੱਕ ਸਫ਼ਲ ਮਾਡਲ ਹੈ। ਅਸੀਂ ਗਲੋਬਲ ਸਾਊਥ ਦੇ ਦੇਸ਼ਾਂ ਦੇ ਵਿਕਾਸ ਲਈ ਆਪਣੇ ਸਾਂਝੇ ਯਤਨਾਂ ਨੂੰ ਅੱਗੇ ਵੀ ਲਗਾਤਾਰ ਜਾਰੀ ਰੱਖਾਂਗੇ। ਹਿੰਦ-ਪ੍ਰਸ਼ਾਂਤ ਦੋਹਾਂ ਦੇਸ਼ਾਂ ਲਈ ਉੱਚ ਤਰਜੀਹ ਹੈ। ਇਸ ਖੇਤਰ ਵਿੱਚ ਆਪਣੇ ਤਾਲਮੇਲ ਨੂੰ ਵਧਾਉਣ ਲਈ ਅਸੀਂ ਇੱਕ ਸਲਾਹ-ਮਸ਼ਵਰਾ ਵਿਧੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਅਸੀਂ ਯੂਕਰੇਨ ਅਤੇ ਗਾਜ਼ਾ ਸਮੇਤ ਕਈ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਭਾਰਤ ਸਾਰੀਆਂ ਸਮੱਸਿਆਵਾਂ ਅਤੇ ਵਿਵਾਦਾਂ ਦੇ ਸ਼ਾਂਤਮਈ ਹੱਲ ਦਾ ਹਾਮੀ ਰਿਹਾ ਹੈ ਅਤੇ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਸਮਰਥਨ ਕਰਦਾ ਹੈ। ਅਸੀਂ ਇੱਕਮਤ ਹਾਂ ਕਿ ਅੱਤਵਾਦ ਪੂਰੀ ਮਨੁੱਖਤਾ ਲਈ ਇੱਕ ਗੰਭੀਰ ਖ਼ਤਰਾ ਹੈ। ਭਾਰਤ ਅਤੇ ਜਰਮਨੀ ਇਸ ਦੇ ਖ਼ਿਲਾਫ਼ ਇਕਜੁੱਟ ਹੋ ਕੇ ਪੂਰੀ ਦ੍ਰਿੜ੍ਹਤਾ ਨਾਲ ਲੜਾਈ ਜਾਰੀ ਰੱਖਣਗੇ। ਭਾਰਤ ਅਤੇ ਜਰਮਨੀ ਸਹਿਮਤ ਹਨ ਕਿ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਆਲਮੀ ਸੰਸਥਾਵਾਂ ਵਿੱਚ ਸੁਧਾਰ ਬਹੁਤ ਮਹੱਤਵਪੂਰਨ ਹੈ। ਯੂਐੱਨ ਸੁਰੱਖਿਆ ਪ੍ਰੀਸ਼ਦ ਵਿੱਚ ਸੁਧਾਰ ਲਈ ਜੀ-4 ਦੇ ਮਾਧਿਅਮ ਨਾਲ ਸਾਡਾ ਸਾਂਝਾ ਯਤਨ ਇਸੇ ਸੋਚ ਦਾ ਪ੍ਰਮਾਣ ਹੈ।
ਮਹਾਮਹਿਮ,
140 ਕਰੋੜ ਭਾਰਤ-ਵਾਸੀਆਂ ਵੱਲੋਂ ਮੈਂ ਇੱਕ ਵਾਰ ਫਿਰ ਤੁਹਾਡਾ ਭਾਰਤ ਵਿੱਚ ਦਿਲੀਂ ਸਵਾਗਤ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਚਰਚਾ ਭਾਰਤ–ਜਰਮਨੀ ਭਾਗੀਦਾਰੀ ਨੂੰ ਨਵੀਂ ਊਰਜਾ ਅਤੇ ਸਪਸ਼ਟ ਦਿਸ਼ਾ ਦੇਵੇਗੀ। ਤੁਹਾਡੀ ਯਾਤਰਾ, ਤੁਹਾਡੇ ਵਿਅਕਤੀਗਤ ਜੁੜਾਅ ਅਤੇ ਭਾਰਤ ਪ੍ਰਤੀ ਤੁਹਾਡੀ ਡੂੰਘੀ ਦੋਸਤੀ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।
ਡਾਂਕੇ ਸ਼ੋਨ।
****
ਐੱਮਜੇਪੀਐੱਸ/ਵੀਜੇ
(रिलीज़ आईडी: 2214057)
आगंतुक पटल : 5
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Manipuri
,
Bengali
,
Bengali-TR
,
Assamese
,
Gujarati
,
Kannada
,
Malayalam