ਪ੍ਰਧਾਨ ਮੰਤਰੀ ਦਫਤਰ
ਸ਼੍ਰੀਮਦ ਵਿਜੇਰਤਨ ਸੁੰਦਰ ਸੂਰੀਸ਼ਵਰਜੀ ਮਹਾਰਾਜ ਦੀ 500ਵੀਂ ਕਿਤਾਬ ਦੇ ਰਿਲੀਜ਼ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ
ਮਹਾਰਾਜ ਦੀਆਂ ਰਚਨਾਵਾਂ ਮਨੁੱਖਤਾ ਦੇ ਸਾਹਮਣੇ ਚੁਣੌਤੀਆਂ ਦਾ ਅਧਿਆਤਮਿਕ ਹੱਲ ਪੇਸ਼ ਕਰਦੀਆਂ ਹਨ: ਪ੍ਰਧਾਨ ਮੰਤਰੀ
ਨੌਜਵਾਨ ਤਾਕਤ ਵਿਕਸਿਤ ਭਾਰਤ ਨੂੰ ਅੱਗੇ ਵਧਾ ਰਹੀ ਹੈ ਅਤੇ ਨਾਲ ਹੀ ਸਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰ ਰਹੀ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਮੋਦੀ ਨੇ ਸਮਾਜ ਅਤੇ ਰਾਸ਼ਟਰ ਲਈ ਨੌਂ ਸੰਕਲਪਾਂ ਨੂੰ ਦੁਹਰਾਇਆ
प्रविष्टि तिथि:
11 JAN 2026 1:44PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੁਨੇਹੇ ਜ਼ਰੀਏ ਸ਼੍ਰੀਮਦ ਵਿਜੇਰਤਨ ਸੁੰਦਰ ਸੂਰੀਸ਼ਵਰਜੀ ਮਹਾਰਾਜ ਦੀ 500ਵੀਂ ਕਿਤਾਬ ਦੇ ਰਿਲੀਜ਼ ਦੌਰਾਨ ਆਪਣੀਆਂ ਟਿੱਪਣੀਆਂ ਦਿੱਤੀਆਂ। ਸਭਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਉਹ ਸਤਿਕਾਰਯੋਗ ਭੁਵਨਭਾਨੁਸੂਰੀਸ਼ਵਰ ਜੀ ਮਹਾਰਾਜ ਦੇ ਚਰਨਾਂ ਵਿੱਚ ਨਮਨ ਕਰਦੇ ਹਨ ਅਤੇ ਪ੍ਰਸਾਂਤਮੂਰਤੀ ਸੁਵਿਸ਼ਾਲ ਗੱਛਾਧਿਪਤੀ ਪੂਜਨੀਕ ਸ਼੍ਰੀਮਦ ਵਿਜੇ ਰਾਜੇਂਦ੍ਰਸੂਰੀਸ਼ਵਰ ਜੀ ਮਹਾਰਾਜ, ਪੂਜਯ ਗੱਛਾਧਿਪਤੀ ਸ਼੍ਰੀ ਕਲਪਤਰੂਸੂਰੀਸ਼ਵਰ ਜੀ ਮਹਾਰਾਜ, ਸਰਸਵਤੀ ਕ੍ਰਿਪਾਪਾਤਰ ਪਰਮ ਪੂਜਨੀਕ ਆਚਾਰਿਆ ਭਗਵੰਤ ਸ਼੍ਰੀਮਦ ਵਿਜੇਰਤਨਸੁੰਦਰਸੂਰੀਸ਼ਵਰ ਜੀ ਮਹਾਰਾਜ ਅਤੇ ਮੌਜੂਦ ਸਾਰੇ ਸਾਧੂਆਂ ਅਤੇ ਸਾਧਵੀਆਂ ਨੂੰ ਨਮਨ ਕਰਦੇ ਹਨ। ਉਨ੍ਹਾਂ ਨੇ ਇਸ ਸਮਾਗਮ ਵਿੱਚ ਊਰਜਾ ਮਹੋਤਸਵ ਕਮੇਟੀ ਦੇ ਸਾਰੇ ਮੈਂਬਰਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਸ਼੍ਰੀਮਦ ਵਿਜੇਰਤਨ ਸੁੰਦਰ ਸੂਰੀਸ਼ਵਰ ਜੀ ਮਹਾਰਾਜ ਦੀ 500ਵੀਂ ਕਿਤਾਬ ਦੇ ਰਿਲੀਜ਼ ਦਾ ਹਿੱਸਾ ਬਣੇ ਹਨ। ਉਨ੍ਹਾਂ ਨੇ ਗਿਆਨ ਨੂੰ ਸਿਰਫ਼ ਗ੍ਰੰਥਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਜ਼ਿੰਦਗੀ ਵਿੱਚ ਉਤਾਰ ਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਜ ਦੀ ਸ਼ਖ਼ਸੀਅਤ ਸੰਜਮ, ਸਾਦਗੀ ਅਤੇ ਸਪਸ਼ਟਤਾ ਦਾ ਅਦਭੁੱਤ ਸੁਮੇਲ ਹੈ; ਜਦੋਂ ਉਹ ਲਿਖਦੇ ਹਨ, ਤਾਂ ਸ਼ਬਦਾਂ ਵਿੱਚ ਤਜਰਬੇ ਦੀ ਡੂੰਘਾਈ ਹੁੰਦੀ ਹੈ। ਜਦੋਂ ਉਹ ਬੋਲਦੇ ਹਨ ਤਾਂ ਬਾਣੀ ਵਿੱਚ ਦਇਆ ਦੀ ਤਾਕਤ ਹੁੰਦੀ ਹੈ ਅਤੇ ਜਦੋਂ ਉਹ ਚੁੱਪ ਹੁੰਦੇ ਹਨ, ਤਾਂ ਵੀ ਮਾਰਗ-ਦਰਸ਼ਨ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਜ ਦੀ 500ਵੀਂ ਕਿਤਾਬ ਦਾ ਵਿਸ਼ਾ, "ਪ੍ਰੇਮਨੂ ਵਿਸ਼ਵ, ਵਿਸ਼ਵਨੋ ਪ੍ਰੇਮ," ਇਹ ਵਿਸ਼ਾ ਆਪਣੇ ਆਪ ਵਿੱਚ ਹੀ ਬਹੁਤ ਕੁਝ ਕਹਿੰਦਾ ਹੈ ਅਤੇ ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਸਮਾਜ, ਨੌਜਵਾਨ ਅਤੇ ਮਨੁੱਖਤਾ ਇਸ ਰਚਨਾ ਦਾ ਲਾਭ ਲੈਣਗੇ। ਉਨ੍ਹਾਂ ਨੇ ਕਿਹਾ ਕਿ ਇਹ ਖ਼ਾਸ ਮੌਕਾ ਅਤੇ ਊਰਜਾ ਮਹੋਤਸਵ ਲੋਕਾਂ ਵਿੱਚ ਇੱਕ ਨਵੀਂ ਵਿਚਾਰ ਊਰਜਾ ਦਾ ਸੰਚਾਰ ਕਰੇਗਾ ਅਤੇ ਸਾਰਿਆਂ ਨੂੰ ਦਿਲੋਂ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਰਾਜ ਦੀਆਂ 500 ਰਚਨਾਵਾਂ ਇੱਕ ਅਜਿਹਾ ਵੱਡਾ ਸਮੁੰਦਰ ਹਨ, ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਰਤਨ ਸ਼ਾਮਲ ਹਨ। ਇਹ ਰਚਨਾਵਾਂ ਮਨੁੱਖਤਾ ਦੇ ਸਾਹਮਣੇ ਚੁਣੌਤੀਆਂ ਦੇ ਸਰਲ ਅਤੇ ਅਧਿਆਤਮਿਕ ਹੱਲ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਮੇਂ ਅਤੇ ਹਾਲਾਤ ਦੇ ਅਨੁਸਾਰ ਇਹ ਵੱਖ-ਵੱਖ ਗ੍ਰੰਥ ਮਾਰਗ-ਦਰਸ਼ਕ ਚਾਨਣ ਦਾ ਕੰਮ ਕਰਨਗੇ। ਉਨ੍ਹਾਂ ਨੇ ਕਿਹਾ ਕਿ ਤੀਰਥੰਕਰਾਂ ਅਤੇ ਪਿਛਲੇ ਆਚਾਰਿਆ ਵੱਲੋਂ ਪੇਸ਼ ਕੀਤੇ ਗਏ ਅਹਿੰਸਾ, ਗ਼ੈਰ-ਮਾਲਕੀਅਤ ਅਤੇ ਬਹੁਲਵਾਦੀ ਪਿਆਰ, ਸਹਿਣਸ਼ੀਲਤਾ ਅਤੇ ਸਦਭਾਵਨਾ ਦੇ ਨਾਲ ਇਨ੍ਹਾਂ ਰਚਨਾਵਾਂ ਵਿੱਚ ਆਧੁਨਿਕ ਅਤੇ ਸਮਕਾਲੀ ਸਿੱਖਿਆਵਾਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਖ਼ਾਸ ਤੌਰ ’ਤੇ ਅੱਜ ਜਦੋਂ ਦੁਨੀਆ ਵੰਡ ਅਤੇ ਸੰਘਰਸ਼ ਨਾਲ ਜੂਝ ਰਹੀ ਹੈ, ਤਾਂ "ਪ੍ਰੇਮਨੂ ਵਿਸ਼ਵ, ਵਿਸ਼ਵਨੋ ਪ੍ਰੇਮ" ਦੀ ਜ਼ਰੂਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸਿਰਫ਼ ਇੱਕ ਕਿਤਾਬ ਨਹੀਂ ਸਗੋਂ ਇੱਕ ਮੰਤਰ ਹੈ, ਜੋ ਪਿਆਰ ਦੀ ਤਾਕਤ ਨੂੰ ਦਰਸਾਉਂਦਾ ਹੈ ਅਤੇ ਉਸ ਸ਼ਾਂਤੀ ਅਤੇ ਸਦਭਾਵਨਾ ਦਾ ਰਸਤਾ ਦਿਖਾਉਂਦਾ ਹੈ, ਜਿਸਦੀ ਦੁਨੀਆ ਨੂੰ ਭਾਲ ਹੈ।
ਸ਼੍ਰੀ ਮੋਦੀ ਨੇ ਜੈਨ ਦਰਸ਼ਨ ਦੇ ਮਾਰਗ-ਦਰਸ਼ਕ ਸਿਧਾਂਤ "ਪਰਸਪਰੋਪਗ੍ਰਹੋ ਜੀਵਾਨਾਮ" ਦਾ ਜ਼ਿਕਰ ਕੀਤਾ, ਜਿਸਦਾ ਮਤਲਬ ਹੈ ਕਿ ਹਰੇਕ ਜੀਵਨ ਦੂਸਰੇ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਅਸੀਂ ਇਸ ਸਿਧਾਂਤ ਨੂੰ ਸਮਝਦੇ ਹਾਂ, ਤਾਂ ਸਾਡਾ ਨਜ਼ਰੀਆ ਵਿਅਕਤੀ ਤੋਂ ਹਟ ਕੇ ਸਮੂਹਿਕ ਹਿਤ ਵੱਲ ਮੁੜ ਜਾਂਦਾ ਹੈ, ਅਤੇ ਅਸੀਂ ਵਿਅਕਤੀਗਤ ਇੱਛਾਵਾਂ ਤੋਂ ਉੱਪਰ ਉੱਠ ਕੇ ਸਮਾਜ, ਰਾਸ਼ਟਰ ਅਤੇ ਮਨੁੱਖਤਾ ਦੇ ਟੀਚਿਆਂ ਬਾਰੇ ਸੋਚਣ ਲਗਦੇ ਹਾਂ। ਉਨ੍ਹਾਂ ਨੇ ਯਾਦ ਕਰਵਾਇਆ ਕਿ ਇਸੇ ਭਾਵਨਾ ਨਾਲ ਉਹ ਨਵਕਾਰ ਮੰਤਰ ਦਿਵਸ ਵਿੱਚ ਸ਼ਾਮਲ ਹੋਏ ਸੀ, ਜਿੱਥੇ ਚਾਰੇ ਸੰਪਰਦਾ ਇਕੱਠੇ ਆਏ ਸੀ ਅਤੇ ਉਸ ਇਤਿਹਾਸਕ ਮੌਕੇ 'ਤੇ ਉਨ੍ਹਾਂ ਨੇ ਨੌਂ ਬੇਨਤੀਆਂ ਕੀਤੀਆਂ ਸੀ ਅਤੇ ਨੌਂ ਸੰਕਲਪ ਲਏ ਸੀ। ਉਨ੍ਹਾਂ ਨੇ ਅੱਜ ਉਨ੍ਹਾਂ ਨੂੰ ਦੁਹਰਾਇਆ: ਪਹਿਲਾ ਸੰਕਲਪ ਪਾਣੀ ਦੀ ਸੰਭਾਲ ਦਾ, ਦੂਜਾ "ਏਕ ਪੇਡ ਮਾਂ ਕੇ ਨਾਮ" ਦਾ, ਤੀਜਾ ਸਫ਼ਾਈ ਮੁਹਿੰਮ ਨੂੰ ਅੱਗੇ ਵਧਾਉਣ ਦਾ, ਚੌਥਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦਾ, ਪੰਜਵਾਂ ਭਾਰਤ ਦਰਸ਼ਨ ਨੂੰ ਅਪਣਾਉਣ ਦਾ, ਛੇਵਾਂ ਕੁਦਰਤੀ ਖੇਤੀ ਨੂੰ ਅਪਣਾਉਣ ਦਾ, ਸੱਤਵਾਂ ਸਿਹਤਮੰਦ ਜੀਵਨ-ਸ਼ੈਲੀ ਦੀ ਪਾਲਣਾ ਕਰਨ ਦਾ, ਅੱਠਵਾਂ ਯੋਗ ਅਤੇ ਖੇਡਾਂ ਨੂੰ ਜੀਵਨ ਵਿੱਚ ਸ਼ਾਮਲ ਕਰਨ ਦਾ ਅਤੇ ਨੌਵਾਂ ਗ਼ਰੀਬਾਂ ਦੀ ਮਦਦ ਕਰਨ ਦਾ ਸੰਕਲਪ।
ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਭਾਰਤ ਅੱਜ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੋਂ ਦੇ ਨੌਜਵਾਨ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰ ਰਹੇ ਹਨ ਅਤੇ ਨਾਲ ਹੀ ਆਪਣੀਆਂ ਸਭਿਆਚਾਰਕ ਜੜ੍ਹਾਂ ਨੂੰ ਵੀ ਮਜ਼ਬੂਤ ਕਰ ਰਹੇ ਹਨ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਤਬਦੀਲੀ ਵਿੱਚ ਮਹਾਰਾਜ ਸਾਹਿਬ ਜਿਹੇ ਸੰਤਾਂ ਦਾ ਮਾਰਗ-ਦਰਸ਼ਨ, ਉਨ੍ਹਾਂ ਦਾ ਸਾਹਿਤ ਅਤੇ ਉਨ੍ਹਾਂ ਦੇ ਵਚਨ ਅਹਿਮ ਭੂਮਿਕਾ ਨਿਭਾਉਂਦੇ ਹਨ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਧੰਨਵਾਦ ਪ੍ਰਗਟ ਕਰਦੇ ਹੋਏ ਮਹਾਰਾਜ ਸਾਹਿਬ ਨੂੰ 500ਵੀਂ ਕਿਤਾਬ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਪ੍ਰਗਟ ਕੀਤਾ ਕਿ ਮਹਾਰਾਜ ਦੇ ਵਿਚਾਰ ਭਾਰਤ ਦੀ ਬੌਧਿਕ, ਨੈਤਿਕ ਅਤੇ ਮਨੁੱਖੀ ਯਾਤਰਾ ਨੂੰ ਰੋਸ਼ਨ ਕਰਦੇ ਰਹਿਣਗੇ।
*********
ਐੱਮਜੇਪੀਐੱਸ/ ਐੱਸਆਰ
(रिलीज़ आईडी: 2213641)
आगंतुक पटल : 3
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam