ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ
ਭਾਰਤ ਦੇ ਵਿਕਾਸ ਦੀ ਕਹਾਣੀ ਅਤੇ ਵਾਲੀਬਾਲ ਦੀ ਖੇਡ ਵਿੱਚ ਕਈ ਸਮਾਨਤਾਵਾਂ ਹਨ; ਵਾਲੀਬਾਲ ਸਾਨੂੰ ਸਿਖਾਉਂਦਾ ਹੈ ਕਿ ਕੋਈ ਵੀ ਜਿੱਤ ਇਕੱਲੇ ਹਾਸਲ ਨਹੀਂ ਕੀਤੀ ਜਾ ਸਕਦੀ ਅਤੇ ਸਾਡੀ ਸਫ਼ਲਤਾ ਸਾਡੇ ਤਾਲਮੇਲ, ਸਾਡੇ ਭਰੋਸੇ ਅਤੇ ਸਾਡੀ ਟੀਮ ਦੀ ਤਿਆਰੀ 'ਤੇ ਨਿਰਭਰ ਕਰਦੀ ਹੈ: ਪ੍ਰਧਾਨ ਮੰਤਰੀ
ਹਰ ਕਿਸੇ ਦੀ ਆਪਣੀ ਭੂਮਿਕਾ, ਆਪਣੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਅਸੀਂ ਓਦੋਂ ਸਫ਼ਲ ਹੁੰਦੇ ਹਾਂ ਜਦੋਂ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਂਦਾ ਹੈ; ਸਾਡਾ ਰਾਸ਼ਟਰ ਵੀ ਬਿਲਕੁਲ ਇਸੇ ਤਰ੍ਹਾਂ ਤਰੱਕੀ ਕਰ ਰਿਹਾ ਹੈ: ਪ੍ਰਧਾਨ ਮੰਤਰੀ
2014 ਤੋਂ ਵੱਖ-ਵੱਖ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋਇਆ ਹੈ ਅਤੇ ਜਦੋਂ ਅਸੀਂ ਜੇਨ-ਜ਼ੈੱਡ (Gen-Z) ਨੂੰ ਖੇਡ ਦੇ ਮੈਦਾਨ 'ਤੇ ਤਿਰੰਗਾ ਲਹਿਰਾਉਂਦੇ ਹੋਏ ਦੇਖਦੇ ਹਾਂ ਤਾਂ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ: ਪ੍ਰਧਾਨ ਮੰਤਰੀ
2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਆਯੋਜਿਤ ਹੋਣ ਵਾਲੀਆਂ ਹਨ ਅਤੇ ਦੇਸ਼ 2036 ਦੇ ਓਲੰਪਿਕ ਦੀ ਮੇਜ਼ਬਾਨੀ ਲਈ ਵੀ ਪੂਰੇ ਯਤਨ ਕਰ ਰਿਹਾ ਹੈ: ਪ੍ਰਧਾਨ ਮੰਤਰੀ
प्रविष्टि तिथि:
04 JAN 2026 1:12PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਾਰਾਣਸੀ ਤੋਂ ਸਾਂਸਦ ਹੋਣ ਦੇ ਨਾਤੇ ਸਾਰੇ ਖਿਡਾਰੀਆਂ ਦਾ ਸਵਾਗਤ ਅਤੇ ਵਧਾਈ ਦਿੰਦੇ ਹੋਏ ਖ਼ੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਅੱਜ ਤੋਂ ਵਾਰਾਣਸੀ ਵਿੱਚ ਸ਼ੁਰੂ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿਡਾਰੀ ਅਣਥੱਕ ਮਿਹਨਤ ਤੋਂ ਬਾਅਦ ਇਸ ਰਾਸ਼ਟਰੀ ਟੂਰਨਾਮੈਂਟ ਤੱਕ ਪਹੁੰਚੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵਾਰਾਣਸੀ ਦੇ ਮੈਦਾਨ 'ਤੇ ਉਨ੍ਹਾਂ ਦੀ ਮਿਹਨਤ ਦੀ ਪ੍ਰੀਖਿਆ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 28 ਸੂਬਿਆਂ ਦੀਆਂ ਟੀਮਾਂ ਇਕੱਠੀਆਂ ਹੋਈਆਂ ਹਨ, ਜੋ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਸੁੰਦਰ ਤਸਵੀਰ ਪੇਸ਼ ਕਰਦੀਆਂ ਹਨ। ਪ੍ਰਧਾਨ ਮੰਤਰੀ ਨੇ ਚੈਂਪੀਅਨਸ਼ਿਪ ਦੇ ਸਾਰੇ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਬਨਾਰਸੀ ਦੀ ਇੱਕ ਸਥਾਨਕ ਕਹਾਵਤ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਖਿਡਾਰੀ ਹੁਣ ਵਾਰਾਣਸੀ ਪਹੁੰਚ ਚੁੱਕੇ ਹਨ ਅਤੇ ਸ਼ਹਿਰ ਨੂੰ ਚੰਗੀ ਤਰ੍ਹਾਂ ਜਾਣ ਲੈਣਗੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਰਾਣਸੀ ਖੇਡ ਪ੍ਰੇਮੀਆਂ ਦਾ ਸ਼ਹਿਰ ਹੈ, ਜਿੱਥੇ ਕੁਸ਼ਤੀ, ਕੁਸ਼ਤੀ ਦੇ ਅਖਾੜੇ, ਮੁੱਕੇਬਾਜ਼ੀ, ਕਿਸ਼ਤੀ ਦੌੜ ਅਤੇ ਕਬੱਡੀ ਬਹੁਤ ਮਸ਼ਹੂਰ ਹਨ। ਉਨ੍ਹਾਂ ਨੇ ਕਿਹਾ ਕਿ ਵਾਰਾਣਸੀ ਨੇ ਕਈ ਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ, ਯੂਪੀ ਕਾਲਜ ਅਤੇ ਕਾਸ਼ੀ ਵਿਦਿਆਪੀਠ ਵਰਗੇ ਅਦਾਰਿਆਂ ਦੇ ਖਿਡਾਰੀਆਂ ਨੇ ਸੂਬੇ ਅਤੇ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਵਾਰਾਣਸੀ ਗਿਆਨ ਅਤੇ ਕਲਾ ਦੀ ਖੋਜ ਵਿੱਚ ਆਉਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਆਇਆ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਕਿ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਦੌਰਾਨ ਵਾਰਾਣਸੀ ਦਾ ਉਤਸ਼ਾਹ ਬਰਕਰਾਰ ਰਹੇਗਾ, ਖਿਡਾਰੀਆਂ ਨੂੰ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਦਰਸ਼ਕ ਮਿਲਣਗੇ ਅਤੇ ਉਹ ਵਾਰਾਣਸੀ ਦੀ ਖ਼ੁਸ਼ਹਾਲ ਮਹਿਮਾਨ ਨਿਵਾਜ਼ੀ ਦੀ ਰਵਾਇਤ ਦਾ ਅਹਿਸਾਸ ਵੀ ਕਰਨਗੇ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਲੀਬਾਲ ਕੋਈ ਸਧਾਰਨ ਖੇਡ ਨਹੀਂ ਹੈ, ਸਗੋਂ ਇਹ ਸੰਤੁਲਨ ਅਤੇ ਸਹਿਯੋਗ ਦੀ ਖੇਡ ਹੈ, ਜਿੱਥੇ ਗੇਂਦ ਨੂੰ ਹਮੇਸ਼ਾ ਹਵਾ ਵਿੱਚ ਰੱਖਣ ਦੇ ਯਤਨ ਵਿੱਚ ਦ੍ਰਿੜ੍ਹ ਸੰਕਲਪ ਝਲਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਵਾਲੀਬਾਲ ਖਿਡਾਰੀਆਂ ਨੂੰ ਟੀਮ ਭਾਵਨਾ ਨਾਲ ਜੋੜਦੀ ਹੈ, ਜਿੱਥੇ ਹਰ ਖਿਡਾਰੀ "ਟੀਮ ਪਹਿਲਾਂ" ਦੇ ਮੰਤਰ ਤੋਂ ਪ੍ਰੇਰਿਤ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਵੇਂ ਹਰੇਕ ਖਿਡਾਰੀ ਕੋਲ ਵੱਖੋ-ਵੱਖਰੇ ਹੁਨਰ ਹੋਣ, ਪਰ ਸਾਰੇ ਆਪਣੀ ਟੀਮ ਦੀ ਜਿੱਤ ਲਈ ਖੇਡਦੇ ਹਨ। ਸ਼੍ਰੀ ਮੋਦੀ ਨੇ ਭਾਰਤ ਦੇ ਵਿਕਾਸ ਦੀ ਕਹਾਣੀ ਅਤੇ ਵਾਲੀਬਾਲ ਦੇ ਵਿੱਚ ਸਮਾਨਤਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਖੇਡ ਸਿਖਾਉਂਦੀ ਹੈ ਕਿ ਕੋਈ ਵੀ ਜਿੱਤ ਇਕੱਲੇ ਹਾਸਲ ਨਹੀਂ ਹੁੰਦੀ ਬਲਕਿ ਜਿੱਤ ਤਾਲਮੇਲ, ਭਰੋਸੇ ਅਤੇ ਟੀਮ ਦੀ ਤਿਆਰੀ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਰ ਕਿਸੇ ਦੀ ਆਪਣੀ ਭੂਮਿਕਾ ਅਤੇ ਜ਼ਿੰਮੇਵਾਰੀ ਹੁੰਦੀ ਹੈ ਅਤੇ ਸਫ਼ਲਤਾ ਓਦੋਂ ਮਿਲਦੀ ਹੈ ਜਦੋਂ ਹਰ ਕੋਈ ਗੰਭੀਰਤਾ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵੀ ਇਸੇ ਤਰ੍ਹਾਂ ਤਰੱਕੀ ਕਰ ਰਿਹਾ ਹੈ, ਸਫ਼ਾਈ ਤੋਂ ਲੈ ਕੇ ਡਿਜੀਟਲ ਭੁਗਤਾਨ ਤੱਕ, 'ਏਕ ਪੇਡ ਮਾਂ ਕੇ ਨਾਮ' ਤੋਂ ਲੈ ਕੇ ਵਿਕਸਿਤ ਭਾਰਤ ਦੀ ਮੁਹਿੰਮ ਤੱਕ, ਹਰ ਨਾਗਰਿਕ, ਹਰ ਵਰਗ ਅਤੇ ਹਰ ਸੂਬਾ ਸਮੂਹਿਕ ਚੇਤਨਾ ਅਤੇ 'ਭਾਰਤ ਪਹਿਲਾਂ' ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ।
ਸ਼੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਪੂਰੀ ਦੁਨੀਆ ਭਾਰਤ ਦੇ ਵਿਕਾਸ ਅਤੇ ਅਰਥ-ਵਿਵਸਥਾ ਦੀ ਸ਼ਲਾਘਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਰੱਕੀ ਆਰਥਿਕ ਮੋਰਚੇ ਤੱਕ ਹੀ ਸੀਮਤ ਨਹੀਂ ਹੈ, ਸਗੋਂ ਖੇਡ ਜਗਤ ਵਿੱਚ ਦਿਖ ਰਹੇ ਆਤਮ-ਵਿਸ਼ਵਾਸ ਵਿੱਚ ਵੀ ਝਲਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ, 2014 ਤੋਂ ਵੱਖ-ਵੱਖ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਲਗਾਤਾਰ ਬਿਹਤਰ ਹੋਇਆ ਹੈ ਅਤੇ ਉਨ੍ਹਾਂ ਨੂੰ ਜੈਨ-ਜ਼ੈੱਡ ਖਿਡਾਰੀਆਂ ਨੂੰ ਮੈਦਾਨ 'ਤੇ ਤਿਰੰਗਾ ਲਹਿਰਾਉਂਦੇ ਦੇਖ ਕੇ ਮਾਣ ਮਹਿਸੂਸ ਹੁੰਦਾ ਹੈ।
ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਸਰਕਾਰ ਅਤੇ ਸਮਾਜ ਦੋਵੇਂ ਹੀ ਖੇਡਾਂ ਪ੍ਰਤੀ ਉਦਾਸੀਨ ਸਨ, ਜਿਸ ਕਾਰਨ ਖਿਡਾਰੀਆਂ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਰਹਿੰਦੀ ਸੀ ਅਤੇ ਬਹੁਤ ਘੱਟ ਨੌਜਵਾਨ ਖੇਡਾਂ ਨੂੰ ਆਪਣਾ ਕਰੀਅਰ ਬਣਾਉਂਦੇ ਸਨ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਿਛਲੇ ਇੱਕ ਦਹਾਕੇ ਵਿੱਚ ਖੇਡਾਂ ਦੇ ਪ੍ਰਤੀ ਸਰਕਾਰ ਅਤੇ ਸਮਾਜ ਦੋਵਾਂ ਦੀ ਸੋਚ ਵਿੱਚ ਤਬਦੀਲੀ ਆਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਨੇ ਖੇਡ ਬਜਟ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ ਅਤੇ ਅੱਜ ਭਾਰਤ ਦਾ ਖੇਡ ਮਾਡਲ "ਖਿਡਾਰੀ-ਕੇਂਦ੍ਰਿਤ" ਹੋ ਗਿਆ ਹੈ, ਜਿਸ ਵਿੱਚ ਪ੍ਰਤਿਭਾ ਦੀ ਪਹਿਚਾਣ, ਵਿਗਿਆਨਕ ਸਿਖਲਾਈ, ਪੋਸ਼ਣ ਅਤੇ ਪਾਰਦਰਸ਼ੀ ਚੋਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਖਿਡਾਰੀਆਂ ਦੇ ਹਿਤਾਂ ਨੂੰ ਹਰ ਪੱਧਰ 'ਤੇ ਤਰਜੀਹ ਦਿੱਤੀ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ, "ਅੱਜ, ਦੇਸ਼ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਹੇ ਹਨ, ਹਰ ਖੇਤਰ ਅਤੇ ਹਰ ਵਿਕਾਸ ਟੀਚਾ ਇਸ ਨਾਲ ਜੁੜਿਆ ਹੋਇਆ ਹੈ ਅਤੇ ਖੇਡਾਂ ਉਨ੍ਹਾਂ ਵਿੱਚੋਂ ਇੱਕ ਹੈ।" ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਖੇਡਾਂ ਦੇ ਖੇਤਰ ਵਿੱਚ ਕਈ ਵੱਡੇ ਸੁਧਾਰ ਕੀਤੇ ਹਨ, ਜਿਨ੍ਹਾਂ ਵਿੱਚ ਰਾਸ਼ਟਰੀ ਖੇਡ ਪ੍ਰਸ਼ਾਸਨ ਐਕਟ ਅਤੇ ਖੇਲੋ ਭਾਰਤ ਨੀਤੀ 2025 ਸ਼ਾਮਲ ਹਨ। ਇਨ੍ਹਾਂ ਨਾਲ ਪ੍ਰਤਿਭਾਵਾਂ ਨੂੰ ਮੌਕੇ ਮਿਲਣਗੇ ਅਤੇ ਖੇਡ ਸੰਗਠਨਾਂ ਵਿੱਚ ਪਾਰਦਰਸ਼ਤਾ ਵਧੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਨਾਲ ਨੌਜਵਾਨਾਂ ਨੂੰ ਖੇਡਾਂ ਅਤੇ ਸਿੱਖਿਆ ਦੋਵਾਂ ਖੇਤਰਾਂ ਵਿੱਚ ਇਕੱਠੇ ਅੱਗੇ ਵਧਣ ਦਾ ਮੌਕਾ ਮਿਲੇਗਾ।
ਸ਼੍ਰੀ ਮੋਦੀ ਨੇ ਕਿਹਾ ਕਿ ਟੀਓਪੀ ਵਰਗੀਆਂ ਪਹਿਲਕਦਮੀਆਂ ਭਾਰਤ ਵਿੱਚ ਖੇਡ ਜਗਤ ਨੂੰ ਬਦਲ ਰਹੀਆਂ ਹਨ, ਜਿਨ੍ਹਾਂ ਵਿੱਚ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨ, ਫੰਡਿੰਗ ਵਿਧੀਆਂ ਵਿਕਸਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਪਹਿਚਾਣ ਦਵਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਨੇ ਕਈ ਸ਼ਹਿਰਾਂ ਵਿੱਚ 20 ਤੋਂ ਵੱਧ ਪ੍ਰਮੁੱਖ ਕੌਮਾਂਤਰੀ ਆਯੋਜਨਾਂ ਦੀ ਮੇਜ਼ਬਾਨੀ ਕੀਤੀ ਹੈ, ਜਿਨ੍ਹਾਂ ਵਿੱਚ ਫੀਫਾ ਅੰਡਰ-17 ਵਿਸ਼ਵ ਕੱਪ, ਹਾਕੀ ਵਿਸ਼ਵ ਕੱਪ ਅਤੇ ਪ੍ਰਮੁੱਖ ਸ਼ਤਰੰਜ ਟੂਰਨਾਮੈਂਟ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "2030 ਦੀਆਂ ਰਾਸ਼ਟਰਮੰਡਲ ਖੇਡਾਂ ਭਾਰਤ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਦੇਸ਼ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਵੀ ਯਤਨਸ਼ੀਲ ਹੈ, ਜਿਸਦਾ ਮੰਤਵ ਵੱਧ ਤੋਂ ਵੱਧ ਖਿਡਾਰੀਆਂ ਨੂੰ ਮੁਕਾਬਲਾ ਕਰਨ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ।"
ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਕੂਲ ਪੱਧਰ 'ਤੇ ਵੀ ਨੌਜਵਾਨ ਖਿਡਾਰੀਆਂ ਨੂੰ ਓਲੰਪਿਕ ਖੇਡਾਂ ਨਾਲ ਜਾਣੂ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ‘ਖੇਲੋ ਇੰਡੀਆ’ ਮੁਹਿੰਮ ਜ਼ਰੀਏ ਸੈਂਕੜੇ ਨੌਜਵਾਨਾਂ ਨੂੰ ਰਾਸ਼ਟਰੀ ਪੱਧਰ 'ਤੇ ਅੱਗੇ ਵਧਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਹੀ ਦਿਨ ਪਹਿਲਾਂ ਸਾਂਸਦ ਖੇਲ ਮਹੋਤਸਵ ਦੀ ਸਮਾਪਤੀ ਹੋਈ, ਜਿਸ ਵਿੱਚ ਲਗਭਗ 1 ਕਰੋੜ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਾਰਾਣਸੀ ਤੋਂ ਸਾਂਸਦ ਹੋਣ ਦੇ ਨਾਤੇ ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ ਸਾਂਸਦ ਖੇਲ ਮਹੋਤਸਵ ਦੇ ਦੌਰਾਨ ਵਾਰਾਣਸੀ ਦੇ ਲਗਭਗ ਤਿੰਨ ਲੱਖ ਨੌਜਵਾਨਾਂ ਨੇ ਮੈਦਾਨ ਵਿੱਚ ਆਪਣੀ ਤਾਕਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਖੇਡਾਂ ਲਈ ਬੁਨਿਆਦੀ ਢਾਂਚੇ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਵਾਰਾਣਸੀ ਨੂੰ ਵੀ ਲਾਭ ਮਿਲ ਰਿਹਾ ਹੈ, ਇਸ ਗੱਲ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਆਧੁਨਿਕ ਖੇਡ ਸਹੂਲਤਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਖੇਡਾਂ ਲਈ ਸਟੇਡੀਅਮ ਬਣ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨਵੇਂ ਖੇਡ ਕੰਪਲੈਕਸ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਖਿਡਾਰੀਆਂ ਨੂੰ ਸਿਖਲਾਈ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿਗਰਾ ਸਟੇਡੀਅਮ, ਜਿੱਥੇ ਇਹ ਆਯੋਜਨ ਹੋ ਰਿਹਾ ਹੈ, ਹੁਣ ਕਈ ਆਧੁਨਿਕ ਸਹੂਲਤਾਂ ਨਾਲ ਲੈਸ ਹੈ।
ਪ੍ਰਧਾਨ ਮੰਤਰੀ ਨੇ ਵਾਰਾਣਸੀ ਦੀਆਂ ਵੱਡੇ ਆਯੋਜਨਾਂ ਲਈ ਤਿਆਰੀਆਂ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਵਾਲੀਬਾਲ ਚੈਂਪੀਅਨਸ਼ਿਪ ਜ਼ਰੀਏ ਦੇਸ਼ ਦੇ ਖੇਡ ਨਕਸ਼ੇ 'ਤੇ ਸਥਾਨ ਬਣਾਉਣਾ ਸ਼ਹਿਰ ਲਈ ਬੇਹੱਦ ਅਹਿਮ ਹੈ। ਉਨ੍ਹਾਂ ਨੇ ਯਾਦ ਕਰਵਾਇਆ ਕਿ ਇਸ ਚੈਂਪੀਅਨਸ਼ਿਪ ਤੋਂ ਪਹਿਲਾਂ, ਵਾਰਾਣਸੀ ਨੇ ਕਈ ਅਹਿਮ ਆਯੋਜਨਾਂ ਦੀ ਮੇਜ਼ਬਾਨੀ ਕੀਤੀ ਹੈ ਜਿਨ੍ਹਾਂ ਤੋਂ ਸਥਾਨਕ ਲੋਕਾਂ ਨੂੰ ਮੌਕੇ ਮਿਲੇ ਅਤੇ ਸਥਾਨਕ ਅਰਥ-ਵਿਵਸਥਾ ਨੂੰ ਹੁਲਾਰਾ ਮਿਲਿਆ ਹੈ, ਜਿਨ੍ਹਾਂ ਵਿੱਚ ਜੀ-20 ਦੀਆਂ ਬੈਠਕਾਂ, ਕਾਸ਼ੀ ਤਾਮਿਲ ਸੰਗਮਮ ਅਤੇ ਕਾਸ਼ੀ ਤੇਲਗੁ ਸੰਗਮਮ ਵਰਗੇ ਸਭਿਆਚਾਰਕ ਤਿਉਹਾਰ, ਪ੍ਰਵਾਸੀ ਭਾਰਤੀਯ ਸੰਮੇਲਨ ਅਤੇ ਸ਼ੰਘਾਈ ਸਹਿਯੋਗ ਸੰਗਠਨ ਦੀ ਸਭਿਆਚਾਰਕ ਰਾਜਧਾਨੀ ਵਜੋਂ ਵਾਰਾਣਸੀ ਦਾ ਨਾਮ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਨ੍ਹਾਂ ਉਪਲਬਧੀਆਂ ਵਿੱਚ ਇਹ ਚੈਂਪੀਅਨਸ਼ਿਪ ਹੋਰ ਜੁੜ ਰਹੀ ਹੈ ਅਤੇ ਅਜਿਹੇ ਆਯੋਜਨ ਵਾਰਾਣਸੀ ਨੂੰ ਵੱਡੇ ਮੰਚਾਂ ਲਈ ਇੱਕ ਪ੍ਰਮੁੱਖ ਸਥਾਨ ਵਜੋਂ ਸਥਾਪਤ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਵਾਰਾਣਸੀ ਵਿੱਚ ਇਸ ਸਮੇਂ ਸੁਹਾਵਣਾ ਠੰਡਾ ਮੌਸਮ ਰਹਿੰਦਾ ਹੈ, ਨਾਲ ਹੀ ਸੁਆਦੀ ਮੌਸਮੀ ਪਕਵਾਨ ਵੀ ਉਪਲਬਧ ਹੁੰਦੇ ਹਨ, ਅਤੇ ਉਨ੍ਹਾਂ ਨੇ ਮਲਾਈਓ ਦਾ ਆਨੰਦ ਲੈਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ, ਗੰਗਾ ਵਿੱਚ ਕਿਸ਼ਤੀ ਚਲਾਉਣ ਅਤੇ ਸ਼ਹਿਰ ਦੀ ਵਿਰਾਸਤ ਦਾ ਅਨੁਭਵ ਕਰਨ ਦੀ ਵੀ ਤਾਕੀਦ ਕੀਤੀ। ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਵਾਰਾਣਸੀ ਦੀ ਧਰਤੀ ਤੋਂ ਲਗਾਇਆ ਗਿਆ ਹਰ ਸਪਾਈਕ, ਬਲੌਕ ਅਤੇ ਪੁਆਇੰਟ ਭਾਰਤ ਦੀਆਂ ਖੇਡ ਇੱਛਾਵਾਂ ਨੂੰ ਹੋਰ ਉੱਚਾ ਕਰੇਗਾ ਅਤੇ ਇੱਕ ਵਾਰ ਫਿਰ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮਾਗਮ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਹੋਰ ਪਤਵੰਤੇ ਵਿਅਕਤੀਆਂ ਦੇ ਨਾਲ ਮੌਜੂਦ ਸਨ।
ਪਿਛੋਕੜ
4 ਤੋਂ 11 ਜਨਵਰੀ ਤੱਕ ਆਯੋਜਿਤ ਹੋਣ ਵਾਲੇ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਵਿੱਚ ਪੂਰੇ ਭਾਰਤ ਤੋਂ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਵਿੱਚ ਵੱਖ-ਵੱਖ ਸੂਬਿਆਂ ਅਤੇ ਅਦਾਰਿਆਂ ਦੀ ਨੁਮਾਇੰਦਗੀ ਕਰਨ ਵਾਲੀਆਂ 58 ਟੀਮਾਂ ਦੇ ਹਿੱਸੇ ਵਜੋਂ 1,000 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਇਸ ਟੂਰਨਾਮੈਂਟ ਵਿੱਚ ਭਾਰਤੀ ਵਾਲੀਬਾਲ ਵਿੱਚ ਉੱਚ ਪੱਧਰ ਦੇ ਮੁਕਾਬਲੇ, ਖੇਡ ਭਾਵਨਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਹੋਣ ਦੀ ਉਮੀਦ ਹੈ।
ਵਾਰਾਣਸੀ ਵਿੱਚ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਸ਼ਹਿਰ ਵਿੱਚ ਖੇਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਡ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਵਧਦੇ ਜ਼ੋਰ ਨੂੰ ਦਰਸਾਉਂਦੀ ਹੈ। ਇਹ ਅਹਿਮ ਸਭਿਆਚਾਰਕ ਅਤੇ ਖੇਡ ਪਹਿਲਕਦਮੀਆਂ ਦੀ ਮੇਜ਼ਬਾਨੀ ਵਿੱਚ ਸ਼ਹਿਰ ਦੀ ਵਧਦੀ ਭੂਮਿਕਾ ਦੇ ਅਨੁਸਾਰ, ਪ੍ਰਮੁੱਖ ਰਾਸ਼ਟਰੀ ਆਯੋਜਨਾਂ ਦੇ ਕੇਂਦਰ ਵਜੋਂ ਸ਼ਹਿਰ ਦੀ ਸਾਖ ਨੂੰ ਵੀ ਹੋਰ ਵਧਾਉਂਦੀ ਹੈ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2211545)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam