ਪ੍ਰਧਾਨ ਮੰਤਰੀ ਦਫਤਰ
ਭਗਵਾਨ ਬੁੱਧ ਨਾਲ ਸਬੰਧਤ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ ਦੀ ਸ਼ਾਨਦਾਰ ਅੰਤਰਰਾਸ਼ਟਰੀ ਪ੍ਰਦਰਸ਼ਨੀ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
03 JAN 2026 2:59PM by PIB Chandigarh
ਨਮੋ ਬੁੱਧਾਯ।
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਗਜੇਂਦਰ ਸਿੰਘ ਸ਼ੇਖਾਵਤ ਜੀ, ਕਿਰਨ ਰਿਜਿਜੂ ਜੀ, ਰਾਮਦਾਸ ਅਠਾਵਲੇ ਜੀ, ਰਾਓ ਇੰਦਰਜੀਤ ਜੀ, ਦਿੱਲੀ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਸੀ, ਉਨ੍ਹਾਂ ਨੂੰ ਨਿਕਲਣਾ ਪਿਆ ਅਤੇ ਸਾਰੇ ਮੰਤਰੀ ਸਾਥੀ ਦਿੱਲੀ ਦੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਸਕਸੈਨਾ ਜੀ, ਕੂਟਨੀਤਕ ਭਾਈਚਾਰੇ ਦੇ ਸਾਰੇ ਮਾਣਯੋਗ ਮੈਂਬਰ, ਬੋਧੀ ਵਿਦਵਾਨ, ਧੰਮ ਦੇ ਪੈਰੋਕਾਰ, ਦੇਵੀਓ ਅਤੇ ਸੱਜਣੋ।
ਸਵਾ ਸੌ ਸਾਲ ਦੀ ਉਡੀਕ ਤੋਂ ਬਾਅਦ, ਭਾਰਤ ਦੀ ਵਿਰਾਸਤ ਪਰਤੀ ਹੈ, ਭਾਰਤ ਦੀ ਅਮਾਨਤ ਪਰਤੀ ਹੈ। ਅੱਜ ਤੋਂ ਭਾਰਤੀ ਜਨਤਾ, ਭਗਵਾਨ ਬੁੱਧ ਦੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕਰ ਸਕੇਗੀ, ਭਗਵਾਨ ਬੁੱਧ ਦਾ ਅਸ਼ੀਰਵਾਦ ਲੈ ਸਕੇਗੀ। ਮੈਂ ਇਸ ਸ਼ੁਭ ਮੌਕੇ 'ਤੇ ਇੱਥੇ ਹਾਜ਼ਰ, ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ। ਇਸ ਪਵਿੱਤਰ ਮੌਕੇ 'ਤੇ, ਬੋਧੀ ਪਰੰਪਰਾ ਨਾਲ ਜੁੜੇ ਭਿਕਸ਼ੂ ਅਤੇ ਧਰਮਾਚਾਰੀਆ ਵੀ ਸਾਨੂੰ ਅਸ਼ੀਰਵਾਦ ਦੇਣ ਲਈ ਇੱਥੇ ਮੌਜੂਦ ਹਨ। ਮੈਂ ਤੁਹਾਡੇ ਸਾਰਿਆਂ ਅੱਗੇ ਸੀਸ ਝੁਕਾਉਂਦਾ ਹਾਂ। ਤੁਹਾਡੇ ਸਾਰਿਆਂ ਦੀ ਹਾਜ਼ਰੀ, ਇਸ ਆਯੋਜਨ ਨੂੰ ਨਵੀਂ ਉਚਾਈ, ਨਵੀਂ ਊਰਜਾ ਦੇ ਰਹੀ ਹੈ। 2026 ਦੀ ਸ਼ੁਰੂਆਤ ਵਿੱਚ ਹੀ ਇਹ ਸ਼ੁਭ ਉਤਸਵ, ਬਹੁਤ ਪ੍ਰੇਰਣਾਦਾਇਕ ਹੈ। ਅਤੇ ਮੇਰੇ ਲਈ ਵੀ ਸੁਭਾਗ ਹੈ ਕਿ 2026 ਦਾ ਮੇਰਾ ਇਹ ਪਹਿਲਾ ਜਨਤਕ ਪ੍ਰੋਗਰਾਮ ਹੈ, ਜੋ ਭਗਵਾਨ ਬੁੱਧ ਦੇ ਚਰਨਾਂ ਤੋਂ ਸ਼ੁਰੂ ਹੋ ਰਿਹਾ ਹੈ। ਮੇਰੀ ਕਾਮਨਾ ਹੈ, ਭਗਵਾਨ ਬੁੱਧ ਦੇ ਅਸ਼ੀਰਵਾਦ ਨਾਲ, 2026, ਦੁਨੀਆ ਲਈ ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦਾ ਨਵਾਂ ਦੌਰ ਲੈ ਕੇ ਆਵੇ।
ਸਾਥੀਓ,
ਜਿਸ ਥਾਂ 'ਤੇ ਇਹ ਪ੍ਰਦਰਸ਼ਨੀ ਲੱਗੀ ਹੈ, ਉਹ ਵੀ ਆਪਣੇ ਆਪ ਵਿੱਚ ਖਾਸ ਹੈ। ਕਿਲਾ ਰਾਏ ਪਿਥੌਰਾ ਦੀ ਇਹ ਥਾਂ, ਭਾਰਤ ਦੇ ਸ਼ਾਨਦਾਰ ਇਤਿਹਾਸ ਦੀ ਜੱਸ ਭੂਮੀ ਹੈ, ਇਸ ਇਤਿਹਾਸਕ ਕਿਲੇ ਦੇ ਆਲੇ-ਦੁਆਲੇ, ਤਕਰੀਬਨ ਹਜ਼ਾਰ ਸਾਲ ਪਹਿਲਾਂ, ਉਸ ਸਮੇਂ ਦੇ ਪੁਰਾਣੇ ਹਾਕਮਾਂ ਨੇ, ਇੱਕ ਪੱਕੀਆਂ ਅਤੇ ਮਜ਼ਬੂਤ ਸੁਰੱਖਿਅਤ ਕੰਧਾਂ ਨਾਲ ਘਿਰੇ ਨਗਰ ਦੀ ਸਥਾਪਨਾ ਕੀਤੀ ਸੀ। ਅੱਜ ਉਸੇ ਇਤਿਹਾਸਕ ਨਗਰ ਕੰਪਲੈਕਸ ਵਿੱਚ, ਅਸੀਂ ਆਪਣੇ ਇਤਿਹਾਸ ਦੀ ਇੱਕ ਅਧਿਆਤਮਕ ਅਤੇ ਪੁੰਨ ਗਾਥਾ ਨੂੰ ਜੋੜ ਰਹੇ ਹਾਂ।
ਸਾਥੀਓ,
ਇੱਥੇ ਆਉਣ ਤੋਂ ਪਹਿਲਾਂ ਮੈਂ ਵਿਸਥਾਰ ਨਾਲ ਇਸ ਇਤਿਹਾਸਕ ਪ੍ਰਦਰਸ਼ਨੀ ਨੂੰ ਦੇਖਿਆ। ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨੂੰ ਆਪਣੇ ਵਿਚਕਾਰ ਪਾ ਕੇ ਅਸੀਂ ਸਾਰੇ ਧੰਨ ਹੋ ਗਏ ਹਾਂ। ਇਨ੍ਹਾਂ ਦਾ ਭਾਰਤ ਤੋਂ ਬਾਹਰ ਜਾਣਾ ਅਤੇ ਪਰਤ ਕੇ ਫਿਰ ਭਾਰਤ ਆਉਣਾ, ਇਹ ਦੋਵੇਂ ਹੀ ਪੜਾਅ ਆਪਣੇ ਆਪ ਵਿੱਚ ਬਹੁਤ ਵੱਡਾ ਸਬਕ ਹਨ। ਸਬਕ ਇਹ ਹੈ ਕਿ ਗ਼ੁਲਾਮੀ ਸਿਰਫ ਰਾਜਨੀਤਕ ਅਤੇ ਆਰਥਿਕ ਨਹੀਂ ਹੁੰਦੀ, ਗ਼ੁਲਾਮੀ, ਸਾਡੀ ਵਿਰਾਸਤ ਨੂੰ ਵੀ ਤਬਾਹ ਕਰ ਦਿੰਦੀ ਹੈ। ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਨਾਲ ਵੀ ਇਹੀ ਹੋਇਆ। ਗ਼ੁਲਾਮੀ ਦੇ ਕਾਲਖੰਡ ਵਿੱਚ ਇਨ੍ਹਾਂ ਨੂੰ ਭਾਰਤ ਤੋਂ ਖੋਹਿਆ ਗਿਆ, ਅਤੇ ਉਦੋਂ ਤੋਂ ਕਰੀਬ ਸਵਾ ਸੌ ਸਾਲ ਤੱਕ, ਇਹ ਦੇਸ਼ ਤੋਂ ਬਾਹਰ ਹੀ ਰਹੇ। ਜੋ ਲੋਕ ਇਨ੍ਹਾਂ ਨੂੰ ਭਾਰਤ ਤੋਂ ਲੈ ਕੇ ਗਏ ਸਨ, ਉਨ੍ਹਾਂ ਦੇ ਵੰਸ਼ਜਾਂ ਲਈ ਤਾਂ ਇਹ ਸਿਰਫ ਬੇਜਾਨ ਪੁਰਾਤਨ ਚੀਜ਼ ਹੀ ਸਨ। ਇਸ ਲਈ ਉਨ੍ਹਾਂ ਨੇ ਇਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਨਿਲਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤ ਲਈ ਤਾਂ, ਇਹ ਪਵਿੱਤਰ ਅਵਸ਼ੇਸ਼ ਸਾਡੇ ਆਰਾਧਿਆ ਦਾ ਹੀ ਇੱਕ ਅੰਸ਼ ਹਨ, ਸਾਡੀ ਸੱਭਿਅਤਾ ਦਾ ਅਟੁੱਟ ਅੰਗ ਹਨ। ਇਸ ਲਈ ਭਾਰਤ ਨੇ ਤੈਅ ਕੀਤਾ ਕਿ ਅਸੀਂ ਇਨ੍ਹਾਂ ਦੀ ਜਨਤਕ ਨਿਲਾਮੀ ਨਹੀਂ ਹੋਣ ਦੇਵਾਂਗੇ। ਅਤੇ ਮੈਂ ਅੱਜ ਗੋਦਰੇਜ ਸਮੂਹ ਦਾ ਵੀ ਧੰਨਵਾਦ ਕਰਦਾ ਹਾਂ, ਉਨ੍ਹਾਂ ਦੇ ਸਹਿਯੋਗ ਨਾਲ ਭਗਵਾਨ ਬੁੱਧ ਨਾਲ ਜੁੜੇ ਇਹ ਪਵਿੱਤਰ ਅਵਸ਼ੇਸ਼, ਭਗਵਾਨ ਬੁੱਧ ਦੀ ਕਰਮਭੂਮੀ, ਉਨ੍ਹਾਂ ਦੀ ਚਿੰਤਨ ਭੂਮੀ ਅਤੇ ਉਨ੍ਹਾਂ ਦੀ ਮਹਾਬੋਧੀ ਭੂਮੀ ਅਤੇ ਉਨ੍ਹਾਂ ਦੀ ਮਹਾ-ਪਰਿਨਿਰਵਾਣ ਭੂਮੀ 'ਤੇ ਵਾਪਸ ਪਰਤੇ ਹਨ।
ਸਾਥੀਓ,
ਭਗਵਾਨ ਬੁੱਧ ਦਾ ਗਿਆਨ, ਉਨ੍ਹਾਂ ਦਾ ਦਿਖਾਇਆ ਰਾਹ, ਪੂਰੀ ਇਨਸਾਨੀਅਤ ਦਾ ਹੈ ਅਤੇ ਸਮੇਂ ਤੋਂ ਪਰੇ ਹੈ, ਇਹ ਸਮੇਂ ਵਿੱਚ ਬਦਲਿਆ ਹੋਇਆ ਨਹੀਂ ਹੈ। ਇਹ ਭਾਵ ਅਸੀਂ ਬੀਤੇ ਕੁਝ ਮਹੀਨਿਆਂ ਵਿੱਚ ਵਾਰ-ਵਾਰ ਮਹਿਸੂਸ ਕੀਤਾ। ਬੀਤੇ ਕੁਝ ਮਹੀਨਿਆਂ ਵਿੱਚ, ਭਗਵਾਨ ਬੁੱਧ ਨਾਲ ਜੁੜੇ ਪਵਿੱਤਰ ਅਵਸ਼ੇਸ਼ ਜਿਸ ਵੀ ਦੇਸ਼ ਵਿੱਚ ਗਏ, ਉੱਥੇ ਆਸਥਾ ਅਤੇ ਸ਼ਰਧਾ ਦਾ ਹੜ੍ਹ ਆ ਗਿਆ। ਥਾਈਲੈਂਡ ਵਿੱਚ ਵੱਖ-ਵੱਖ ਥਾਵਾਂ 'ਤੇ ਅਜਿਹੇ ਹੀ ਪਵਿੱਤਰ ਅਵਸ਼ੇਸ਼ ਰੱਖੇ ਗਏ ਸਨ। ਮਹੀਨੇ ਭਰ ਤੋਂ ਵੀ ਘੱਟ ਸਮੇਂ ਵਿੱਚ, ਉੱਥੇ 40 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਉਨ੍ਹਾਂ ਦੇ ਦਰਸ਼ਨ ਕੀਤੇ। ਵੀਅਤਨਾਮ ਵਿੱਚ ਲੋਕ-ਭਾਵਨਾ ਇੰਨੀ ਪ੍ਰਬਲ ਸੀ ਕਿ ਪ੍ਰਦਰਸ਼ਨੀ ਦਾ ਸਮਾਂ ਵਧਾਉਣਾ ਪਿਆ। ਉੱਥੋਂ ਦੇ ਨੌਂ ਸ਼ਹਿਰਾਂ ਵਿੱਚ ਕਰੀਬ ਪੌਣੇ ਦੋ ਕਰੋੜ ਲੋਕਾਂ ਨੇ ਬੁੱਧ ਅਵਸ਼ੇਸ਼ਾਂ ਨੂੰ ਨਮਨ ਕੀਤਾ। ਮੰਗੋਲੀਆ ਵਿੱਚ ਗੰਦਨ ਮੱਠ ਦੇ ਬਾਹਰ, ਹਜ਼ਾਰਾਂ ਲੋਕ ਘੰਟਿਆਂ-ਬੱਧੀ ਉਡੀਕ ਕਰਦੇ ਰਹੇ। ਕਈ ਲੋਕਾਂ ਨੇ ਸਿਰਫ ਇਸ ਲਈ ਭਾਰਤੀ ਨੁਮਾਇੰਦਿਆਂ ਨੂੰ ਛੂਹਣਾ ਚਾਹਿਆ, ਕਿਉਂਕਿ ਉਹ ਬੁੱਧ ਦੀ ਧਰਤੀ ਤੋਂ ਆਏ ਸਨ। ਰੂਸ ਦੇ ਕਾਲਮਿਕੀਆ ਖੇਤਰ ਵਿੱਚ, ਸਿਰਫ ਇੱਕ ਹਫ਼ਤੇ ਵਿੱਚ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਅਵਸ਼ੇਸ਼ਾਂ ਦੇ ਦਰਸ਼ਨ ਕੀਤੇ। ਇਹ ਉੱਥੋਂ ਦੀ ਅੱਧੀ ਤੋਂ ਵੀ ਵੱਧ ਆਬਾਦੀ ਦੇ ਬਰਾਬਰ ਹੈ। ਵੱਖ-ਵੱਖ ਦੇਸ਼ਾਂ ਵਿੱਚ, ਹੋਏ ਇਸ ਆਯੋਜਨ ਵਿੱਚ, ਕੀ ਆਮ ਲੋਕ, ਕੀ ਸਰਕਾਰ ਦੇ ਮੁਖੀ, ਸਾਰੇ ਇੱਕੋ ਜਿਹੀ ਸ਼ਰਧਾ ਨਾਲ ਜੁੜੇ। ਭਗਵਾਨ ਬੁੱਧ ਸਭ ਦੇ ਹਨ, ਭਗਵਾਨ ਬੁੱਧ ਸਭ ਨੂੰ ਜੋੜਦੇ ਹਨ।
ਸਾਥੀਓ,
ਮੈਂ ਖ਼ੁਦ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਹਾਂ, ਕਿਉਂਕਿ ਭਗਵਾਨ ਬੁੱਧ ਦਾ ਮੇਰੇ ਜੀਵਨ ਵਿੱਚ ਬਹੁਤ ਹੀ ਡੂੰਘਾ ਸਥਾਨ ਰਿਹਾ ਹੈ। ਮੇਰਾ ਜਨਮ ਜਿਸ ਵਡਨਗਰ ਵਿੱਚ ਹੋਇਆ, ਉਹ ਬੋਧੀ ਸਿੱਖਿਆ ਦਾ ਬਹੁਤ ਵੱਡਾ ਕੇਂਦਰ ਸੀ। ਜਿਸ ਧਰਤੀ 'ਤੇ ਭਗਵਾਨ ਬੁੱਧ ਨੇ ਆਪਣੇ ਪਹਿਲੇ ਉਪਦੇਸ਼ ਦਿੱਤੇ, ਉਹ ਸਾਰਨਾਥ ਅੱਜ ਮੇਰੀ ਕਰਮ-ਭੂਮੀ ਹੈ। ਜਦੋਂ ਮੈਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਸੀ, ਉਦੋਂ ਵੀ ਮੈਂ ਇੱਕ ਤੀਰਥ ਯਾਤਰੀ ਵਜੋਂ ਬੋਧੀ ਤੀਰਥ ਸਥਾਨਾਂ ਦੀ ਯਾਤਰਾ ਕਰਦਾ ਰਹਿੰਦਾ ਸੀ। ਪ੍ਰਧਾਨ ਮੰਤਰੀ ਵਜੋਂ ਤਾਂ ਮੈਨੂੰ ਦੁਨੀਆ ਭਰ ਵਿੱਚ ਬੋਧੀ ਤੀਰਥਾਂ 'ਤੇ ਜਾਣ ਦਾ ਸੁਭਾਗ ਮਿਲਿਆ ਹੈ। ਨੇਪਾਲ ਦੇ ਲੁੰਬਿਨੀ ਵਿੱਚ, ਪਵਿੱਤਰ ਮਾਇਆਦੇਵੀ ਮੰਦਿਰ ਵਿੱਚ ਮੱਥਾ ਟੇਕਣਾ, ਆਪਣੇ ਆਪ ਵਿੱਚ ਸ਼ਾਨਦਾਰ ਤਜਰਬਾ ਸੀ। ਜਾਪਾਨ ਵਿੱਚ ਤੋ-ਜੀ ਮੰਦਿਰ ਅਤੇ ਕਿੰਕਾਕੂ-ਜੀ ਵਿੱਚ, ਮੈਂ ਮਹਿਸੂਸ ਕੀਤਾ ਕਿ ਬੁੱਧ ਦਾ ਸੁਨੇਹਾ ਸਮੇਂ ਦੀਆਂ ਹੱਦਾਂ ਤੋਂ ਅੱਗੇ ਹੈ। ਮੈਂ ਚੀਨ ਵਿੱਚ ਸ਼ੀਆਨ ਦੀ ਬਿਗ ਵਾਈਲਡ ਗੂਜ਼ ਪੈਗੋਡਾ ਵਿੱਚ, ਉੱਥੇ ਵੀ ਗਿਆ, ਜਿੱਥੋਂ ਬੋਧੀ ਗ੍ਰੰਥ ਪੂਰੇ ਏਸ਼ੀਆ ਵਿੱਚ ਪਹੁੰਚੇ, ਉੱਥੇ ਭਾਰਤ ਦੀ ਭੂਮਿਕਾ ਅੱਜ ਵੀ ਯਾਦ ਕੀਤੀ ਜਾਂਦੀ ਹੈ। ਮੈਂ ਮੰਗੋਲੀਆ ਦੇ ਗੰਦਨ ਮੱਠ ਵਿੱਚ ਗਿਆ, ਤਾਂ ਮੈਂ ਦੇਖਿਆ ਕਿ ਲੋਕਾਂ ਦੀਆਂ ਅੱਖਾਂ ਵਿੱਚ ਬੁੱਧ ਦੀ ਵਿਰਾਸਤ ਨਾਲ ਕਿੰਨਾ ਜੁੜਾਅ ਹੈ। ਸ਼੍ਰੀਲੰਕਾ ਦੇ ਅਨੁਰਾਧਾਪੁਰਾ ਵਿੱਚ ਜਯਾ ਸ਼੍ਰੀ ਮਹਾਬੋਧੀ ਦੇ ਦਰਸ਼ਨ ਕਰਨਾ, ਉਸ ਪਰੰਪਰਾ ਨਾਲ ਜੁੜਨ ਦਾ ਅਹਿਸਾਸ ਸੀ, ਜਿਸ ਦੇ ਬੀਜ ਸਮਰਾਟ ਅਸ਼ੋਕ, ਭਿੱਖੂ ਮਹਿੰਦਾ ਅਤੇ ਸੰਘਮਿੱਤਰਾ ਜੀ ਨੇ ਬੀਜੇ ਸਨ। ਥਾਈਲੈਂਡ ਦੇ ਵਾਟ ਫੋ ਅਤੇ ਸਿੰਗਾਪੁਰ ਦੇ ਬੁੱਧ ਟੂਥ ਰੈਲਿਕ ਮੰਦਿਰ ਦੀਆਂ ਯਾਤਰਾਵਾਂ ਨੇ, ਭਗਵਾਨ ਬੁੱਧ ਦੇ ਸੰਦੇਸ਼ਾਂ ਦੇ ਅਸਰ ਨੂੰ ਲੈ ਕੇ ਮੇਰੀ ਸਮਝ ਨੂੰ ਹੋਰ ਡੂੰਘਾਈ ਦਿੱਤੀ।
ਸਾਥੀਓ,
ਮੈਂ ਜਿੱਥੇ-ਜਿੱਥੇ ਗਿਆ, ਮੇਰੀ ਕੋਸ਼ਿਸ਼ ਰਹੀ ਕਿ ਮੈਂ ਭਗਵਾਨ ਬੁੱਧ ਦੀ ਵਿਰਾਸਤ ਦਾ ਇੱਕ ਪ੍ਰਤੀਕ ਉੱਥੋਂ ਦੇ ਲੋਕਾਂ ਵਿਚਕਾਰ ਜੋੜ ਕੇ ਪਰਤਾਂ। ਅਤੇ ਇਸ ਲਈ ਚੀਨ, ਜਾਪਾਨ, ਕੋਰੀਆ, ਮੰਗੋਲੀਆ, ਮੈਂ ਜਿੱਥੇ ਵੀ ਗਿਆ, ਬੋਧੀ ਰੁੱਖ ਦੇ ਬੂਟੇ ਲੈ ਕੇ ਗਿਆ ਸੀ। ਤੁਸੀਂ ਕਲਪਨਾ ਕਰ ਸਕਦੇ ਹੋ, ਜਿਸ ਹੀਰੋਸ਼ੀਮਾ 'ਤੇ, ਉਸ ਹੀਰੋਸ਼ੀਮਾ ਸ਼ਹਿਰ ਨੂੰ ਐਟਮ ਬੰਬ ਨੇ ਤਬਾਹ ਕਰ ਦਿੱਤਾ ਸੀ, ਉੱਥੋਂ ਦੇ ਬੋਟੈਨੀਕਲ ਗਾਰਡਨ ਵਿੱਚ ਬੋਧੀ ਰੁੱਖ ਦਾ ਹੋਣਾ, ਇਨਸਾਨੀਅਤ ਲਈ ਕਿੰਨਾ ਵੱਡਾ ਸੁਨੇਹਾ ਬਣਿਆ ਹੈ।
ਸਾਥੀਓ,
ਭਗਵਾਨ ਬੁੱਧ ਦੀ ਸਾਡੀ ਇਹ ਸਾਂਝੀ ਵਿਰਾਸਤ, ਇਸ ਗੱਲ ਦਾ ਵੀ ਸਬੂਤ ਹੈ, ਕਿ ਭਾਰਤ ਸਿਰਫ ਰਾਜਨੀਤੀ, ਕੂਟਨੀਤੀ ਅਤੇ ਆਰਥਿਕਤਾ ਨਾਲ ਹੀ ਨਹੀਂ ਜੁੜਦਾ, ਸਗੋਂ ਸਾਡਾ ਜੁੜਾਅ ਕਿਤੇ ਡੂੰਘਾ ਹੈ। ਅਸੀਂ ਮਨ ਅਤੇ ਭਾਵਨਾਵਾਂ ਨਾਲ ਜੁੜੇ ਹਾਂ, ਅਸੀਂ ਆਸਥਾ ਅਤੇ ਅਧਿਆਤਮ ਨਾਲ ਵੀ ਜੁੜੇ ਹਾਂ।
ਸਾਥੀਓ,
ਭਾਰਤ ਸਿਰਫ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦਾ ਰਖਵਾਲਾ ਨਹੀਂ ਹੈ, ਸਗੋਂ ਉਨ੍ਹਾਂ ਦੀ ਪਰੰਪਰਾ ਦਾ ਜਿਉਂਦਾ ਜਾਗਦਾ ਵਾਹਕ ਵੀ ਹੈ। ਪਿਪਰਾਹਵਾ, ਵੈਸ਼ਾਲੀ, ਦੇਵਨੀ ਮੋਰੀ ਅਤੇ ਨਾਗਾਰਜੁਨਕੋਂਡਾ ਤੋਂ ਮਿਲੇ ਭਗਵਾਨ ਬੁੱਧ ਨਾਲ ਜੁੜੇ ਅਵਸ਼ੇਸ਼, ਬੁੱਧ ਦੇ ਸੁਨੇਹੇ ਦੀ ਜਿਉਂਦੀ ਹਾਜ਼ਰੀ ਹਨ। ਭਾਰਤ ਨੇ ਇਨ੍ਹਾਂ ਅਵਸ਼ੇਸ਼ਾਂ ਨੂੰ, ਵਿਗਿਆਨ ਅਤੇ ਅਧਿਆਤਮ, ਹਰ ਰੂਪ ਵਿੱਚ ਸਾਂਭਿਆ ਹੈ, ਸੰਭਾਲਿਆ ਹੈ।
ਸਾਥੀਓ,
ਭਾਰਤ ਦੀ ਇਹ ਵੀ ਲਗਾਤਾਰ ਕੋਸ਼ਿਸ਼ ਰਹੀ ਹੈ, ਕਿ ਦੁਨੀਆ ਵਿੱਚ ਬੋਧੀ ਵਿਰਾਸਤ ਨਾਲ ਜੁੜੇ ਜੋ ਵੀ ਸਥਾਨ ਹੋਣ, ਜੋ ਵੀ ਥਾਵਾਂ ਹੋਣ, ਉਨ੍ਹਾਂ ਦੇ ਵਿਕਾਸ ਲਈ ਅਸੀਂ ਜਿੰਨਾ ਹੋ ਸਕੇ ਯੋਗਦਾਨ ਦੇ ਸਕੀਏ। ਜਦੋਂ ਨੇਪਾਲ ਵਿੱਚ ਆਏ ਭਿਆਨਕ ਭੂਚਾਲ ਨੇ ਪ੍ਰਾਚੀਨ ਸਤੂਪਾਂ ਨੂੰ ਨੁਕਸਾਨ ਪਹੁੰਚਾਇਆ, ਤਾਂ ਭਾਰਤ ਨੇ ਇਸ ਦੀ ਮੁੜ-ਉਸਾਰੀ ਵਿੱਚ ਸਹਿਯੋਗ ਦਿੱਤਾ। ਮਿਆਂਮਾਰ ਦੇ ਬਾਗਾਨ ਵਿੱਚ ਆਏ ਭੂਚਾਲ ਤੋਂ ਬਾਅਦ, ਅਸੀਂ 11 ਤੋਂ ਵੱਧ ਪੈਗੋਡਿਆਂ ਦੀ ਸੰਭਾਲ ਕੀਤੀ। ਅਜਿਹੀਆਂ ਕਈ ਉਦਾਹਰਣਾਂ ਹਨ। ਭਾਰਤ ਵਿੱਚ ਵੀ ਬੋਧੀ ਪਰੰਪਰਾ ਨਾਲ ਜੁੜੀਆਂ ਥਾਵਾਂ ਅਤੇ ਅਵਸ਼ੇਸ਼ਾਂ ਦੀ ਖੋਜ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਮੇਰਾ ਜਨਮ ਸਥਾਨ ਗੁਜਰਾਤ ਦਾ ਵਡਨਗਰ, ਬੋਧੀ ਪਰੰਪਰਾ ਦਾ ਇੱਕ ਬਹੁਤ ਵੱਡਾ ਕੇਂਦਰ ਰਿਹਾ ਹੈ। ਮੈਂ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਦੋਂ ਉੱਥੇ ਬੋਧੀ ਪਰੰਪਰਾ ਨਾਲ ਜੁੜੇ ਹਜ਼ਾਰਾਂ ਅਵਸ਼ੇਸ਼ ਮਿਲੇ ਸਨ। ਅੱਜ ਸਾਡੀ ਸਰਕਾਰ ਇਨ੍ਹਾਂ ਦੀ ਸੰਭਾਲ 'ਤੇ ਵੀ ਜ਼ੋਰ ਦੇ ਰਹੀ ਹੈ, ਅਤੇ ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਨਾਲ ਜੋੜ ਵੀ ਰਹੀ ਹੈ। ਉੱਥੇ ਇੱਕ ਸ਼ਾਨਦਾਰ ਐਕਸਪੀਰੀਐਂਸ਼ਲ ਮਿਊਜ਼ੀਅਮ ਵੀ ਬਣਾਇਆ ਗਿਆ ਹੈ, ਜੋ ਕਰੀਬ 2500 ਸਾਲ ਦੇ ਇਤਿਹਾਸ ਦਾ ਤਜਰਬਾ ਦਿੰਦਾ ਹੈ। ਅਜੇ ਕੁਝ ਮਹੀਨੇ ਪਹਿਲਾਂ ਹੀ, ਜੰਮੂ-ਕਸ਼ਮੀਰ ਦੇ ਬਾਰਾਮੂਲਾ ਵਿੱਚ ਬੋਧੀ ਕਾਲ ਦੀ ਪ੍ਰਮੁੱਖ ਬੋਧੀ ਸਾਈਟ ਦਾ ਪਤਾ ਲੱਗਿਆ ਹੈ। ਹੁਣ ਇਸ ਦੀ ਸਾਂਭ-ਸੰਭਾਲ ਦਾ ਕੰਮ ਤੇਜ਼ ਕੀਤਾ ਜਾ ਰਿਹਾ ਹੈ।
ਸਾਥੀਓ,
ਪਿਛਲੇ 10–11 ਸਾਲਾਂ ਵਿੱਚ ਭਾਰਤ ਨੇ ਬੋਧੀ ਸਥਾਨਾਂ ਨੂੰ ਆਧੁਨਿਕਤਾ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਹੈ। ਬੋਧਗਯਾ ਵਿੱਚ ਕਨਵੈਨਸ਼ਨ ਸੈਂਟਰ ਅਤੇ ਮੈਡੀਟੇਸ਼ਨ ਤੇ ਐਕਸਪੀਰੀਅੰਸ ਸੈਂਟਰ ਬਣਾਇਆ ਗਿਆ ਹੈ। ਸਾਰਨਾਥ ਵਿੱਚ ਧਮੇਖ ਸਤੂਪ 'ਤੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਬੁੱਧ ਥੀਮ ਪਾਰਕ ਬਣਾਇਆ ਗਿਆ ਹੈ। ਸ਼ਰਾਵਸਤੀ, ਕਪਿਲਵਸਤੂ ਅਤੇ ਕੁਸ਼ੀਨਗਰ ਵਿੱਚ, ਆਧੁਨਿਕ ਸਹੂਲਤਾਂ ਦਾ ਨਿਰਮਾਣ ਕੀਤਾ ਗਿਆ ਹੈ। ਤੇਲੰਗਾਨਾ ਦੇ ਨਾਲਗੋਂਡਾ ਵਿੱਚ ਇੱਕ ਡਿਜੀਟਲ ਐਕਸਪੀਰੀਅੰਸ ਸੈਂਟਰ ਬਣਾਇਆ ਗਿਆ ਹੈ। ਸਾਂਚੀ, ਨਾਗਾਰਜੁਨ ਸਾਗਰ, ਅਮਰਾਵਤੀ, ਇਨ੍ਹਾਂ ਸਾਰੀਆਂ ਥਾਵਾਂ 'ਤੇ ਤੀਰਥ ਯਾਤਰੀਆਂ ਲਈ ਨਵੀਆਂ ਸਹੂਲਤਾਂ ਵਿਕਸਤ ਕੀਤੀਆਂ ਗਈਆਂ ਹਨ। ਅੱਜ ਦੇਸ਼ ਵਿੱਚ ਇੱਕ ਬੋਧੀ ਸਰਕਟ ਬਣਾਇਆ ਜਾ ਰਿਹਾ ਹੈ, ਤਾਂ ਜੋ ਭਾਰਤ ਦੇ ਸਾਰੇ ਬੋਧੀ ਤੀਰਥ ਸਥਾਨਾਂ ਦੀ ਆਪਸ ਵਿੱਚ ਬਿਹਤਰ ਕੁਨੈਕਟੀਵਿਟੀ ਹੋਵੇ, ਅਤੇ ਦੁਨੀਆ ਭਰ ਦੇ ਤੀਰਥ ਯਾਤਰੀਆਂ ਨੂੰ ਆਸਥਾ ਅਤੇ ਅਧਿਆਤਮ ਦਾ ਇੱਕ ਬਿਹਤਰੀਨ ਅਨੁਭਵ ਮਿਲ ਸਕੇ।
ਸਾਥੀਓ,
ਸਾਡੀ ਕੋਸ਼ਿਸ਼ ਹੈ ਕਿ ਬੋਧੀ ਵਿਰਾਸਤ, ਸਹਿਜ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚੇ। ਵਿਸ਼ਵ ਬੋਧੀ ਸੰਮੇਲਨ, ਵਿਸਾਖ ਅਤੇ ਹਾੜ੍ਹ ਪੂਰਨਮਾਸ਼ੀ ਵਰਗੇ ਅੰਤਰਰਾਸ਼ਟਰੀ ਆਯੋਜਨਾਂ ਦੇ ਪਿੱਛੇ ਇਹੀ ਸੋਚ ਹੈ। ਤੁਸੀਂ ਸਾਰੇ ਜਾਣਦੇ ਹੋ, ਕਿ ਭਗਵਾਨ ਬੁੱਧ ਦੇ ਅਭਿਧੰਮ, ਉਨ੍ਹਾਂ ਦੀ ਬਾਣੀ, ਉਨ੍ਹਾਂ ਦੀਆਂ ਸਿੱਖਿਆਵਾਂ ਮੂਲ ਰੂਪ ਵਿੱਚ ਪਾਲੀ ਭਾਸ਼ਾ ਵਿੱਚ ਹਨ। ਸਾਡੀ ਕੋਸ਼ਿਸ਼ ਹੈ ਕਿ ਪਾਲੀ ਭਾਸ਼ਾ ਆਮ ਲੋਕਾਂ ਤੱਕ ਪਹੁੰਚੇ। ਇਸ ਲਈ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਇਸ ਨਾਲ ਧੰਮ ਨੂੰ, ਉਸ ਦੇ ਮੂਲ ਭਾਵ ਨੂੰ ਸਮਝਣਾ ਅਤੇ ਸਮਝਾਉਣਾ ਹੋਰ ਵੀ ਸੌਖਾ ਹੋ ਜਾਵੇਗਾ। ਇਸ ਨਾਲ ਬੋਧੀ ਪਰੰਪਰਾ ਨਾਲ ਜੁੜੀ ਖੋਜ ਨੂੰ ਵੀ ਬਲ ਮਿਲੇਗਾ।
ਸਾਥੀਓ,
ਭਗਵਾਨ ਬੁੱਧ ਦੇ ਜੀਵਨ ਦਰਸ਼ਨ ਨੇ ਸਰਹੱਦਾਂ ਅਤੇ ਭੂਗੋਲਿਕ ਖੇਤਰਾਂ ਤੋਂ ਅੱਗੇ ਵਧ ਕੇ, ਦੁਨੀਆ ਨੂੰ ਇੱਕ ਨਵਾਂ ਰਾਹ ਦਿਖਾਇਆ ਹੈ। भवतु सब्ब मंगलम्] रक्खन्तु सब्ब देवता, सब्ब बुद्धानुभावेन"सदा सुत्ति भवन्तु ते। ਇਸ ਵਿੱਚ ਪੂਰੇ ਵਿਸ਼ਵ ਦੇ ਭਲੇ ਦੀ ਹੀ ਤਾਂ ਕਾਮਨਾ ਹੈ। ਭਗਵਾਨ ਬੁੱਧ ਨੇ ਪੂਰੀ ਮਨੁੱਖਤਾ ਨੂੰ ਅਤਿਵਾਦ ਤੋਂ ਬਚਾਉਣ ਦੀ ਕੋਸ਼ਿਸ਼ ਕਰਦਿਆਂ, ਆਪਣੇ ਪੈਰੋਕਾਰਾਂ ਨੂੰ ਕਿਹਾ- " अत्त दीपो भव भिक्खवे! परीक्ष्य भिक्षवो ग्राह्यम्, मद्वचो न तु गौरवात्।" ਭਾਵ ਭਿਕਸ਼ੂਓ, ਆਪਣਾ ਦੀਪਕ ਖ਼ੁਦ ਬਣੋ। ਮੇਰੇ ਵਚਨਾਂ ਦੀ ਵੀ ਪਰਖ ਕਰਕੇ ਉਨ੍ਹਾਂ ਨੂੰ ਗ੍ਰਹਿਣ ਕਰੋ, ਸਿਰਫ ਮੇਰੇ ਪ੍ਰਤੀ ਆਦਰ ਕਰਕੇ ਨਹੀਂ।
ਸਾਥੀਓ,
ਬੁੱਧ ਦਾ ਦਿੱਤਾ ਇਹ ਸੁਨੇਹਾ ਹਰ ਯੁੱਗ, ਹਰ ਕਾਲਖੰਡ ਲਈ ਢੁਕਵਾਂ ਹੈ। ਅਸੀਂ ਆਪਣਾ ਦੀਪਕ ਖ਼ੁਦ ਬਣੀਏ। ਇਹੀ ਭਾਵ ਤਾਂ ਸਵੈ-ਮਾਣ ਦਾ ਆਧਾਰ ਹੈ, ਇਹੀ ਭਾਵ ਤਾਂ ਆਤਮ-ਨਿਰਭਰਤਾ ਦਾ ਮੂਲ ਹੈ, अत्त दीपो भव।
ਸਾਥੀਓ,
ਭਗਵਾਨ ਬੁੱਧ ਨੇ ਦੁਨੀਆ ਨੂੰ ਸੰਘਰਸ਼ ਅਤੇ ਦਬਦਬੇ ਦੀ ਬਜਾਏ, ਨਾਲ ਚੱਲਣ ਦਾ ਰਾਹ ਦਿਖਾਇਆ। ਅਤੇ ਇਹੀ ਭਾਰਤ ਦੀ ਮੂਲ ਸੋਚ ਰਹੀ ਹੈ। ਅਸੀਂ ਵਿਚਾਰਾਂ ਦੇ ਬਲ 'ਤੇ, ਸੰਵੇਦਨਾਵਾਂ ਦੇ ਧਰਾਤਲ 'ਤੇ, ਇਨਸਾਨੀਅਤ ਦੇ ਹਿੱਤ ਵਿੱਚ ਹੀ ਵਿਸ਼ਵ ਕਲਿਆਣ ਦਾ ਰਾਹ ਅਪਣਾਇਆ ਹੈ। ਇਸੇ ਸੋਚ ਨਾਲ ਭਾਰਤ, 21ਵੀਂ ਸਦੀ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਦੇ ਰਿਹਾ ਹੈ। ਇਸ ਲਈ, ਅੱਜ ਜਦੋਂ ਅਸੀਂ ਕਹਿੰਦੇ ਹਾਂ, ਕਿ ਇਹ ਦੌਰ ਯੁੱਧ ਦਾ ਨਹੀਂ ਬੁੱਧ ਦਾ ਹੈ, ਤਾਂ ਭਾਰਤ ਦੀ ਭੂਮਿਕਾ ਬਿਲਕੁਲ ਸਪੱਸ਼ਟ ਹੈ, ਜੋ ਮਨੁੱਖਤਾ ਦੇ ਦੁਸ਼ਮਣ ਹਨ, ਉਨ੍ਹਾਂ ਦੇ ਖਿਲਾਫ਼ ਸ਼ਕਤੀ ਜ਼ਰੂਰੀ ਹੈ। ਪਰ ਜਿੱਥੇ ਸਿਰਫ ਵਿਵਾਦ ਹਨ, ਉੱਥੇ ਸੰਵਾਦ ਅਤੇ ਸ਼ਾਂਤੀ ਦਾ ਰਾਹ ਜ਼ਰੂਰੀ ਹੈ।
ਸਾਥੀਓ,
ਭਾਰਤ, ਸਰਵਜਨ ਹਿਤਾਇ, ਸਰਵਜਨ ਸੁਖਾਇ ਲਈ ਵਚਨਬੱਧ ਹੈ। ਇਹੀ ਭਗਵਾਨ ਬੁੱਧ ਨੇ ਸਾਨੂੰ ਸਿਖਾਇਆ ਹੈ। ਮੈਨੂੰ ਉਮੀਦ ਹੈ ਕਿ ਇਸ ਪ੍ਰਦਰਸ਼ਨੀ ਰਾਹੀਂ, ਇਸ ਦਾ ਹਰ ਦਰਸ਼ਕ ਵੀ, ਇਸੇ ਪ੍ਰੇਰਣਾ ਨਾਲ ਜੁੜੇਗਾ।
ਸਾਥੀਓ,
ਭਗਵਾਨ ਬੁੱਧ ਨਾਲ ਜੁੜੇ ਇਹ ਪਵਿੱਤਰ ਅਵਸ਼ੇਸ਼, ਭਾਰਤ ਦੀ ਵਿਰਾਸਤ ਹਨ, ਸਦੀ ਭਰ ਦੀ ਉਡੀਕ ਤੋਂ ਬਾਅਦ, ਇਹ ਵਿਰਾਸਤਾਂ ਫਿਰ ਤੋਂ ਭਾਰਤ ਪਰਤੀਆਂ ਹਨ, ਇਸ ਲਈ ਮੈਂ ਦੇਸ਼ ਭਰ ਦੇ ਲੋਕਾਂ ਨੂੰ ਵੀ ਕਹਾਂਗਾ, ਕਿ ਉਹ ਇਨ੍ਹਾਂ ਅਵਸ਼ੇਸ਼ਾਂ ਦੇ ਦਰਸ਼ਨਾਂ ਲਈ, ਭਗਵਾਨ ਬੁੱਧ ਦੇ ਵਿਚਾਰਾਂ ਨਾਲ ਜੁੜਨ ਲਈ, ਇੱਕ ਵਾਰ ਇੱਥੇ ਜ਼ਰੂਰ ਆਉਣ। ਸਾਡੇ ਜੋ ਸਕੂਲ ਦੇ ਵਿਦਿਆਰਥੀ ਹਨ, ਜੋ ਕਾਲਜ ਦੇ ਵਿਦਿਆਰਥੀ ਹਨ, ਜੋ ਨੌਜਵਾਨ ਸਾਥੀ ਹਨ, ਜੋ ਧੀਆਂ-ਪੁੱਤ ਹਨ, ਉਹ ਇਸ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣ। ਇਹ ਪ੍ਰਦਰਸ਼ਨੀ, ਸਾਡੇ ਅਤੀਤ ਦੇ ਗੌਰਵ ਨੂੰ, ਸਾਡੇ ਭਵਿੱਖ ਦੇ ਸੁਪਨਿਆਂ ਨਾਲ ਜੋੜਨ ਦਾ ਬਹੁਤ ਵੱਡਾ ਜ਼ਰੀਆ ਹੈ। ਮੈਂ ਦੇਸ਼ ਭਰ ਦੇ ਲੋਕਾਂ ਨੂੰ ਬੇਨਤੀ ਕਰਾਂਗਾ, ਕਿ ਉਹ ਇਸ ਪ੍ਰਦਰਸ਼ਨੀ ਵਿੱਚ ਜ਼ਰੂਰ ਸ਼ਾਮਲ ਹੋਣ। ਇਸੇ ਬੇਨਤੀ ਨਾਲ, ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ, ਇਸ ਪ੍ਰੋਗਰਾਮ ਲਈ ਮੇਰੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ!
ਨਮੋ ਬੁੱਧਾਯ!
***************
ਐੱਮਜੇਪੀਐੱਸ/ਵੀਜੇ/ਐੱਸਆਰ
(रिलीज़ आईडी: 2211281)
आगंतुक पटल : 7
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Telugu
,
Kannada
,
Malayalam