ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ - ਆਧੁਨਿਕ ਹਵਾਈ ਅੱਡੇ ਅਤੇ ਆਧੁਨਿਕ ਸੰਪਰਕ ਬੁਨਿਆਦੀ ਢਾਂਚਾ ਕਿਸੇ ਵੀ ਸੂਬੇ ਲਈ ਨਵੀਆਂ ਸੰਭਾਵਨਾਵਾਂ ਅਤੇ ਨਵੇਂ ਮੌਕਿਆਂ ਦੇ ਰਸਤੇ ਹਨ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ - ਅੱਜ ਅਸਾਮ ਅਤੇ ਪੂਰਾ ਉੱਤਰ-ਪੂਰਬੀ ਖੇਤਰ ਭਾਰਤ ਦੇ ਵਿਕਾਸ ਦਾ ਨਵਾਂ ਗੇਟਵੇਅ ਬਣ ਰਿਹਾ ਹੈ
ਪ੍ਰਧਾਨ ਮੰਤਰੀ ਨੇ ਕਿਹਾ - ਉੱਤਰ-ਪੂਰਬੀ ਖੇਤਰ ਭਾਰਤ ਦੇ ਭਵਿੱਖ ਦੇ ਵਿਕਾਸ ਦੀ ਅਗਵਾਈ ਕਰੇਗਾ
प्रविष्टि तिथि:
20 DEC 2025 5:50PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਹਾਟੀ ਵਿੱਚ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕੀਤਾ। ਅਸਾਮ ਦੀ ਸੰਪਰਕ ਵਿਵਸਥਾ, ਆਰਥਿਕ ਵਿਸਥਾਰ ਅਤੇ ਵਿਸ਼ਵ-ਵਿਆਪੀ ਭਾਗੀਦਾਰੀ ਵਿੱਚ ਇਹ ਇੱਕ ਅਹਿਮ ਪ੍ਰਾਪਤੀ ਹੈ। ਇਸ ਮੌਕੇ 'ਤੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਅਤੇ ਤਰੱਕੀ ਦਾ ਤਿਉਹਾਰ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਤਰੱਕੀ ਦਾ ਚਾਨਣ ਲੋਕਾਂ ਤੱਕ ਪਹੁੰਚਦਾ ਹੈ, ਤਾਂ ਜੀਵਨ ਦੇ ਹਰ ਰਾਹ ’ਤੇ ਨਵੀਆਂ ਉਚਾਈਆਂ ਨੂੰ ਛੂਹਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੀ ਧਰਤੀ ਨਾਲ ਉਨ੍ਹਾਂ ਦਾ ਡੂੰਘਾ ਲਗਾਅ, ਇੱਥੋਂ ਦੇ ਲੋਕਾਂ ਦਾ ਪਿਆਰ ਅਤੇ ਸਨੇਹ ਅਤੇ ਖ਼ਾਸ ਕਰਕੇ ਅਸਾਮ ਅਤੇ ਉੱਤਰ-ਪੂਰਬ ਦੀਆਂ ਮਾਵਾਂ ਅਤੇ ਭੈਣਾਂ ਦਾ ਪਿਆਰ ਅਤੇ ਅਪਣੱਤ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਕਰਦੀ ਹੈ ਅਤੇ ਇਸ ਖੇਤਰ ਦੇ ਵਿਕਾਸ ਲਈ ਸਮੂਹਿਕ ਸੰਕਲਪ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਅਸਾਮ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਭਾਰਤ ਰਤਨ ਭੂਪੇਨ ਹਜ਼ਾਰਿਕਾ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸਦਾ ਅਰਥ ਹੈ ਕਿ ਤਾਕਤਵਰ ਬ੍ਰਹਮਪੁੱਤਰ ਨਦੀ ਦੇ ਕੰਢੇ ਚਮਕਣਗੇ, ਹਨੇਰੇ ਦੀ ਹਰ ਕੰਧ ਟੁੱਟ ਜਾਵੇਗੀ ਅਤੇ ਇਹ ਯਕੀਨੀ ਤੌਰ 'ਤੇ ਹੋ ਸਕੇਗਾ ਕਿਉਂਕਿ ਇਹ ਰਾਸ਼ਟਰ ਦਾ ਸੰਕਲਪ ਅਤੇ ਦ੍ਰਿੜ੍ਹ ਵਚਨਬੱਧਤਾ ਹੈ।
ਸ਼੍ਰੀ ਮੋਦੀ ਨੇ ਭੂਪੇਨ ਹਜ਼ਾਰਿਕਾ ਦੀਆਂ ਸਤਰਾਂ ਨੂੰ ਸਿਰਫ਼ ਇੱਕ ਗੀਤ ਨਹੀਂ ਸਗੋਂ ਅਸਾਮ ਨਾਲ ਪਿਆਰ ਕਰਨ ਵਾਲੀ ਹਰ ਮਹਾਨ ਸ਼ਖ਼ਸੀਅਤ ਦਾ ਦ੍ਰਿੜ੍ਹ ਸੰਕਲਪ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੱਜ ਇਹ ਸੰਕਲਪ ਪੂਰਾ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਿਸ ਤਰ੍ਹਾਂ ਬ੍ਰਹਮਪੁੱਤਰ ਦਰਿਆ ਦਾ ਤਾਕਤਵਰ ਵਹਾਅ ਕਦੇ ਨਹੀਂ ਰੁਕਦਾ, ਉਸੇ ਤਰ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਦੀ ਅਗਵਾਈ ਵਿੱਚ ਅਸਾਮ ਵਿੱਚ ਵਿਕਾਸ ਦੀ ਧਾਰਾ ਲਗਾਤਾਰ ਵਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਇਸ ਵਚਨਬੱਧਤਾ ਦਾ ਸਬੂਤ ਹੈ। ਪ੍ਰਧਾਨ ਮੰਤਰੀ ਨੇ ਇਸ ਨਵੀਂ ਟਰਮੀਨਲ ਇਮਾਰਤ ਲਈ ਅਸਾਮ ਦੇ ਲੋਕਾਂ ਅਤੇ ਦੇਸ਼ ਨੂੰ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਅਸਾਮ ਦੇ ਪਹਿਲੇ ਮੁੱਖ ਮੰਤਰੀ ਅਤੇ ਸੂਬੇ ਦੇ ਮਾਣ ਦਾ ਸਰੋਤ ਗੋਪੀਨਾਥ ਬਾਰਦੋਲੋਈ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸ਼੍ਰੀ ਬਾਰਦੋਲੋਈ ਨੇ ਅਸਾਮ ਦੀ ਪਛਾਣ, ਭਵਿੱਖ ਅਤੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਬਾਰਦੋਲੋਈ ਦੀ ਮੂਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ ਅਤੇ ਉਨ੍ਹਾਂ ਵਿੱਚ ਅਸਾਮ ਦੇ ਲਈ ਡੂੰਘਾ ਮਾਣ ਪੈਦਾ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ, "ਆਧੁਨਿਕ ਹਵਾਈ ਅੱਡੇ ਅਤੇ ਉੱਨਤ ਕਨੈਕਟੀਵਿਟੀ ਬੁਨਿਆਦੀ ਢਾਂਚਾ ਕਿਸੇ ਵੀ ਸੂਬੇ ਲਈ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦੇ ਰਸਤੇ ਖੋਲ੍ਹਦੇ ਹਨ ਅਤੇ ਲੋਕਾਂ ਵਿੱਚ ਵਧਦੇ ਵਿਸ਼ਵਾਸ ਅਤੇ ਭਰੋਸੇ ਦੇ ਥੰਮ੍ਹਾਂ ਵਜੋਂ ਖੜ੍ਹੇ ਹਨ।" ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਅਸਾਮ ਵਿੱਚ ਸ਼ਾਨਦਾਰ ਰਾਜਮਾਰਗਾਂ ਅਤੇ ਹਵਾਈ ਅੱਡਿਆਂ ਦਾ ਨਿਰਮਾਣ ਦੇਖਦੇ ਹਨ, ਤਾਂ ਉਹ ਖ਼ੁਦ ਮੰਨਦੇ ਹਨ ਕਿ ਅਸਾਮ ਲਈ ਸਹੀ ਮਾਅਨੇ ਵਿੱਚ ਨਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਇਸਦੀ ਤੁਲਨਾ ਅਤੀਤ ਨਾਲ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਏਜੰਡੇ ਵਿੱਚ ਅਸਾਮ ਅਤੇ ਉੱਤਰ-ਪੂਰਬ ਦਾ ਵਿਕਾਸ ਕਦੇ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਕਹਿੰਦੇ ਸਨ, "ਅਸਾਮ ਅਤੇ ਉੱਤਰ-ਪੂਰਬ ਨੂੰ ਕੌਣ ਜਾਂਦਾ ਹੈ?" ਅਤੇ ਇਸ ਖੇਤਰ ਵਿੱਚ ਆਧੁਨਿਕ ਹਵਾਈ ਅੱਡਿਆਂ, ਰਾਜਮਾਰਗਾਂ ਅਤੇ ਬਿਹਤਰ ਰੇਲਵੇ ਦੀ ਜ਼ਰੂਰਤ 'ਤੇ ਸਵਾਲ ਚੁੱਕਦੇ ਸਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਨਸਿਕਤਾ ਦੇ ਕਾਰਨ ਵਿਰੋਧੀ ਧਿਰ ਨੇ ਦਹਾਕਿਆਂ ਤੱਕ ਪੂਰੇ ਖੇਤਰ ਨੂੰ ਨਜ਼ਰਅੰਦਾਜ਼ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਪਿਛਲੇ ਛੇ ਤੋਂ ਸੱਤ ਦਹਾਕਿਆਂ ਵਿੱਚ ਕੀਤੀਆਂ ਗਈਆਂ ਗ਼ਲਤੀਆਂ ਨੂੰ ਉਨ੍ਹਾਂ ਦੀ ਅਗਵਾਈ ਹੇਠ ਹੌਲੀ-ਹੌਲੀ ਸੁਧਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਉੱਤਰ-ਪੂਰਬ ਦਾ ਦੌਰਾ ਕਰਨ ਜਾਂ ਨਾ ਕਰਨ, ਅਸਾਮ ਅਤੇ ਇਸ ਖੇਤਰ ਵਿੱਚ ਆਉਣ ’ਤੇ ਉਨ੍ਹਾਂ ਨੂੰ ਖ਼ੁਦ ਆਪਣੇ ਲੋਕਾਂ ਦੇ ਵਿੱਚ ਹੋਣ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਲਈ ਅਸਾਮ ਦਾ ਵਿਕਾਸ ਨਾ ਸਿਰਫ਼ ਇੱਕ ਜ਼ਰੂਰਤ ਹੈ, ਸਗੋਂ ਇੱਕ ਜ਼ਿੰਮੇਵਾਰੀ ਅਤੇ ਜਵਾਬਦੇਹੀ ਵੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਅਸਾਮ ਅਤੇ ਉੱਤਰ-ਪੂਰਬ ਲਈ ਲੱਖਾਂ-ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸਾਮ ਤਰੱਕੀ ਕਰ ਰਿਹਾ ਹੈ ਅਤੇ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਸਾਮ ਭਾਰਤੀਯ ਨਿਆਯ ਸੰਹਿਤਾ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਨੰਬਰ ਇੱਕ ਸੂਬਾ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਨੇ 50 ਲੱਖ ਤੋਂ ਵੱਧ ਸਮਾਰਟ ਪ੍ਰੀਪੇਡ ਮੀਟਰ ਲਗਾ ਕੇ ਇੱਕ ਰਿਕਾਰਡ ਵੀ ਬਣਾਇਆ ਹੈ। ਸ਼੍ਰੀ ਮੋਦੀ ਨੇ ਇਸਦੀ ਤੁਲਨਾ ਪਿਛਲੀ ਸਰਕਾਰ ਦੇ ਦੌਰ ਨਾਲ ਕੀਤੀ, ਜਦੋਂ ਰਿਸ਼ਵਤ ਜਾਂ ਸਿਫਾਰਸ਼ਾਂ ਤੋਂ ਬਿਨਾਂ ਸਰਕਾਰੀ ਨੌਕਰੀ ਹਾਸਲ ਕਰਨਾ ਅਸੰਭਵ ਸੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਜ ਹਜ਼ਾਰਾਂ ਨੌਜਵਾਨਾਂ ਨੂੰ ਅਜਿਹੇ ਅਭਿਆਸਾਂ ਤੋਂ ਬਿਨਾਂ ਨੌਕਰੀਆਂ ਮਿਲ ਰਹੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਅਗਵਾਈ ਵਿੱਚ ਅਸਾਮ ਦੇ ਸਭਿਆਚਾਰ ਨੂੰ ਹਰ ਮੰਚ ਤੱਕ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ 13 ਅਪ੍ਰੈਲ, 2023 ਦੀ ਇਤਿਹਾਸਕ ਘਟਨਾ ਨੂੰ ਯਾਦ ਕੀਤਾ, ਜਦੋਂ ਗੁਹਾਟੀ ਸਟੇਡੀਅਮ ਵਿੱਚ 11,000 ਤੋਂ ਵੱਧ ਕਲਾਕਾਰਾਂ ਨੇ ਇਕੱਠੇ ਬਿਹੂ ਨਾਚ ਪੇਸ਼ ਕੀਤਾ ਸੀ, ਜਿਸ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨਵੇਂ ਰਿਕਾਰਡ ਬਣਾ ਕੇ ਅਸਾਮ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਵੀਂ ਟਰਮੀਨਲ ਇਮਾਰਤ ਨਾਲ ਗੁਹਾਟੀ ਅਤੇ ਅਸਾਮ ਦੀ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜਿਸ ਨਾਲ ਸਲਾਨਾ 12 ਲੱਖ ਤੋਂ ਵੱਧ ਲੋਕ ਯਾਤਰਾ ਕਰ ਸਕਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨਾਲ ਅਸਾਮ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਸ਼ਰਧਾਲੂਆਂ ਲਈ ਮਾਂ ਕਾਮਾਖਿਆ ਦੇ ਦਰਸ਼ਨ ਕਰਨਾ ਆਸਾਨ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਵੇਂ ਹਵਾਈ ਅੱਡੇ ਦੇ ਟਰਮੀਨਲ ਵਿੱਚ ਕਦਮ ਰੱਖਣਾ ਵਿਕਾਸ ਅਤੇ ਵਿਰਾਸਤ ਦੇ ਮੰਤਰ ਦਾ ਸਹੀ ਅਰਥ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹਵਾਈ ਅੱਡੇ ਨੂੰ ਅਸਾਮ ਦੀ ਕੁਦਰਤ ਅਤੇ ਸਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਹਰਿਆਲੀ ਅਤੇ ਪ੍ਰਬੰਧ ਇੱਕ ਇਨਡੋਰ ਜੰਗਲ ਦਾ ਅਹਿਸਾਸ ਕਰਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸਦਾ ਡਿਜ਼ਾਈਨ ਚਾਰੇ ਪਾਸਿਓਂ ਕੁਦਰਤ ਨਾਲ ਜੁੜਿਆ ਹੋਇਆ ਹੈ ਤਾਂ ਕਿ ਹਰੇਕ ਯਾਤਰੀ ਨੂੰ ਸ਼ਾਂਤੀ ਅਤੇ ਆਰਾਮ ਮਹਿਸੂਸ ਹੋਵੇ। ਉਨ੍ਹਾਂ ਨੇ ਨਿਰਮਾਣ ਵਿੱਚ ਬਾਂਸ ਦੀ ਖ਼ਾਸ ਵਰਤੋਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਂਸ ਅਸਾਮ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ, ਜੋ ਤਾਕਤ ਅਤੇ ਸੁੰਦਰਤਾ ਦੋਵਾਂ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਇਹ ਵੀ ਯਾਦ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਨੇ 2017 ਵਿੱਚ ਇੱਕ ਇਤਿਹਾਸਕ ਕਦਮ ਚੁੱਕਦੇ ਹੋਏ ਭਾਰਤੀ ਜੰਗਲਾਤ ਐਕਟ, 1927 ਵਿੱਚ ਸੋਧ ਕੀਤਾ ਸੀ, ਜਿਸਦੇ ਤਹਿਤ ਗ਼ੈਰ-ਜੰਗਲੀ ਖੇਤਰਾਂ ਵਿੱਚ ਉੱਗਣ ਵਾਲੇ ਬਾਂਸ ਨੂੰ ਕਾਨੂੰਨੀ ਤੌਰ ‘ਤੇ "ਰੁੱਖ" ਦੀ ਬਜਾਏ "ਪੌਦੇ" ਵਜੋਂ ਮੁੜ ਵਰਗੀਕ੍ਰਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦੇ ਨਤੀਜੇ ਵਜੋਂ ਅੱਜ ਇੱਕ ਨਵੇਂ ਟਰਮੀਨਲ ਦੇ ਰੂਪ ਵਿੱਚ ਇੱਕ ਸ਼ਾਨਦਾਰ ਢਾਂਚੇ ਦਾ ਨਿਰਮਾਣ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਇੱਕ ਅਹਿਮ ਸੁਨੇਹਾ ਦਿੰਦਾ ਹੈ, ਜਿਸ ਨਾਲ ਉਦਯੋਗਾਂ ਨੂੰ ਹੁਲਾਰਾ ਮਿਲਦਾ ਹੈ, ਨਿਵੇਸ਼ਕਾਂ ਨੂੰ ਕਨੈਕਟੀਵਿਟੀ ਵਿੱਚ ਵਿਸ਼ਵਾਸ ਮਿਲਦਾ ਹੈ ਅਤੇ ਸਥਾਨਕ ਉਤਪਾਦਾਂ ਲਈ ਵਿਸ਼ਵ ਬਾਜ਼ਾਰਾਂ ਤੱਕ ਪਹੁੰਚਣ ਦੇ ਰਸਤੇ ਖੁੱਲ੍ਹਦੇ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਨਾਲ ਨੌਜਵਾਨਾਂ ਨੂੰ ਸਭ ਤੋਂ ਵੱਧ ਭਰੋਸਾ ਮਿਲਦਾ ਹੈ, ਜਿਨ੍ਹਾਂ ਲਈ ਨਵੇਂ ਮੌਕੇ ਪੈਦਾ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਅਸਾਮ ਅਸੀਮਤ ਸੰਭਾਵਨਾਵਾਂ ਦੀ ਇਸ ਉਡਾਨ 'ਤੇ ਅੱਗੇ ਵਧ ਰਿਹਾ ਹੈ।"
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਪ੍ਰਤੀ ਦੁਨੀਆ ਦਾ ਨਜ਼ਰੀਆ ਬਦਲ ਗਿਆ ਹੈ ਅਤੇ ਭਾਰਤ ਦੀ ਭੂਮਿਕਾ ਵਿੱਚ ਵੀ ਬਦਲਾਅ ਆਇਆ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਹੁਣ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ-ਵਿਵਸਥਾ ਬਣਨ ਦੇ ਰਾਹ 'ਤੇ ਹੈ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਇਹ ਪ੍ਰਾਪਤੀ ਸਿਰਫ਼ 11 ਸਾਲਾਂ ਵਿੱਚ ਕਿਵੇਂ ਹਾਸਲ ਹੋਈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਾਲ 2047 ਲਈ ਤਿਆਰੀ ਕਰ ਰਿਹਾ ਹੈ ਅਤੇ ਵਿਕਸਿਤ ਰਾਸ਼ਟਰ ਬਣਨ ਦੇ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚੇ ਵੱਲ ਖ਼ਾਸ ਧਿਆਨ ਦੇ ਰਿਹਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਇਸ ਵਿਆਪਕ ਵਿਕਾਸ ਮੁਹਿੰਮ ਦਾ ਸਭ ਤੋਂ ਅਹਿਮ ਪਹਿਲੂ ਹਰੇਕ ਸੂਬੇ ਅਤੇ ਹਰੇਕ ਖੇਤਰ ਦੀ ਭਾਗੀਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੱਛੜਿਆਂ ਨੂੰ ਤਰਜੀਹ ਦੇ ਰਹੀ ਹੈ ਅਤੇ ਇਹ ਯਕੀਨੀ ਬਣਾ ਰਹੀ ਹੈ ਕਿ ਹਰੇਕ ਸੂਬਾ ਮਿਲ ਕੇ ਤਰੱਕੀ ਕਰੇ ਅਤੇ ਵਿਕਸਿਤ ਭਾਰਤ ਦੀ ਮੁਹਿੰਮ ਵਿੱਚ ਯੋਗਦਾਨ ਪਾਵੇ। ਉਨ੍ਹਾਂ ਨੇ ਇਸ ਗੱਲ ’ਤੇ ਖ਼ੁਸ਼ੀ ਪ੍ਰਗਟ ਕੀਤੀ ਕਿ ਅਸਾਮ ਅਤੇ ਉੱਤਰ-ਪੂਰਬ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਐਕਟ ਈਸਟ ਪਾਲਿਸੀ ਰਾਹੀਂ ਉੱਤਰ-ਪੂਰਬ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਅੱਜ ਅਸਾਮ ਭਾਰਤ ਦੇ ਪੂਰਬੀ ਗੇਟਵੇਅ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਭਾਰਤ ਨੂੰ ਆਸੀਆਨ ਦੇਸ਼ਾਂ ਨਾਲ ਜੋੜਨ ਵਾਲੇ ਪੁਲ਼ ਦੀ ਭੂਮਿਕਾ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਸ਼ੁਰੂਆਤ ਬਹੁਤ ਤੱਕ ਜਾਵੇਗੀ ਅਤੇ ਅਸਾਮ ਕਈ ਖੇਤਰਾਂ ਵਿੱਚ ਇੱਕ ਵਿਕਸਿਤ ਭਾਰਤ ਦਾ ਇੰਜਣ ਬਣੇਗਾ।
ਸ਼੍ਰੀ ਮੋਦੀ ਨੇ ਜ਼ੋਰ ਦਿੰਦੇ ਹੋਏ ਕਿਹਾ, "ਅਸਾਮ ਅਤੇ ਪੂਰਾ ਉੱਤਰ-ਪੂਰਬੀ ਖੇਤਰ ਭਾਰਤ ਦੇ ਵਿਕਾਸ ਦਾ ਨਵਾਂ ਰਸਤਾ ਬਣ ਰਿਹਾ ਹੈ।" ਉਨ੍ਹਾਂ ਨੇ ਦੱਸਿਆ ਕਿ ਮਲਟੀ ਮਾਡਲ ਕਨੈਕਟੀਵਿਟੀ ਦੇ ਨਜ਼ਰੀਏ ਨੇ ਇਸ ਖੇਤਰ ਦੀ ਸਥਿਤੀ ਅਤੇ ਦਿਸ਼ਾ ਦੋਵਾਂ ਨੂੰ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸਾਮ ਵਿੱਚ ਨਵੇਂ ਪੁਲਾਂ ਦੇ ਨਿਰਮਾਣ ਦੀ ਗਤੀ, ਨਵੇਂ ਮੋਬਾਈਲ ਟਾਵਰਾਂ ਦੀ ਸਥਾਪਨਾ ਦੀ ਰਫ਼ਤਾਰ ਅਤੇ ਹਰ ਵਿਕਾਸ ਪ੍ਰਾਜੈੱਕਟ ਦੀ ਗਤੀ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬ੍ਰਹਮਪੁੱਤਰ ਦਰਿਆ 'ਤੇ ਬਣੇ ਪੁਲਾਂ ਨੇ ਅਸਾਮ ਨੂੰ ਕਨੈਕਟੀਵਿਟੀ ਦੇ ਮਾਮਲੇ ਵਿੱਚ ਨਵੀਂ ਤਾਕਤ ਅਤੇ ਵਿਸ਼ਵਾਸ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਦੇ ਛੇ ਤੋਂ ਸੱਤ ਦਹਾਕਿਆਂ ਵਿੱਚ ਇੱਥੇ ਸਿਰਫ਼ ਤਿੰਨ ਵੱਡੇ ਪੁਲ਼ ਬਣੇ ਸੀ, ਪਰ ਪਿਛਲੇ ਦਹਾਕੇ ਵਿੱਚ ਚਾਰ ਨਵੇਂ ਵੱਡੇ ਪੁਲਾਂ ਦਾ ਨਿਰਮਾਣ ਹੋ ਚੁੱਕਿਆ ਹੈ, ਨਾਲ ਹੀ ਕਈ ਇਤਿਹਾਸਕ ਪ੍ਰਾਜੈਕਟ ਵੀ ਆਕਾਰ ਲੈ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੋਗੀਬੀਲ ਅਤੇ ਧੋਲਾ-ਸਾਦੀਆ ਵਰਗੇ ਸਭ ਤੋਂ ਲੰਬੇ ਪੁਲਾਂ ਨੇ ਅਸਾਮ ਨੂੰ ਰਣਨੀਤਕ ਤੌਰ 'ਤੇ ਹੋਰ ਮਜ਼ਬੂਤ ਬਣਾਇਆ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੇਲ ਸੰਪਰਕ ਵਿੱਚ ਵੀ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਬੋਗੀਬੀਲ ਪੁਲ਼ ਦੇ ਨਿਰਮਾਣ ਨਾਲ ਉੱਪਰੀ ਅਸਾਮ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਦੂਰੀ ਕਾਫ਼ੀ ਘੱਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਗੁਹਾਟੀ ਤੋਂ ਨਿਊ ਜਲਪਾਈਗੁੜੀ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਨੇ ਯਾਤਰਾ ਦਾ ਸਮਾਂ ਕਾਫ਼ੀ ਘੱਟ ਕਰ ਦਿੱਤਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ ਜਲ ਮਾਰਗਾਂ ਦੇ ਵਿਕਾਸ ਨਾਲ ਅਸਾਮ ਨੂੰ ਵੀ ਕਾਫ਼ੀ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਲ ਢੋਆ-ਢੁਆਈ ਵਿੱਚ 140 ਫ਼ੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਬ੍ਰਹਮਪੁੱਤਰ ਸਿਰਫ਼ ਇੱਕ ਦਰਿਆ ਨਹੀਂ, ਸਗੋਂ ਆਰਥਿਕ ਤਾਕਤ ਦਾ ਸਰੋਤ ਹੈ। ਉਨ੍ਹਾਂ ਨੇ ਕਿਹਾ ਕਿ ਪਾਂਡੂ ਵਿੱਚ ਪਹਿਲਾ ਜਹਾਜ਼ ਮੁਰੰਮਤ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਵਾਰਾਣਸੀ ਤੋਂ ਡਿਬਰੂਗੜ੍ਹ ਤੱਕ ਚੱਲਣ ਵਾਲੀ ਗੰਗਾ ਵਿਲਾਸ ਕ੍ਰੂਜ਼ ਨੂੰ ਲੈ ਕੇ ਲੋਕਾਂ ਦੇ ਉਤਸ਼ਾਹ ਨੇ ਉੱਤਰ-ਪੂਰਬ ਨੂੰ ਵਿਸ਼ਵ ਕ੍ਰੂਜ਼ ਟੂਰਿਜ਼ਮ ਨਕਸ਼ੇ 'ਤੇ ਮਜ਼ਬੂਤੀ ਨਾਲ ਸਥਾਪਤ ਕਰ ਦਿੱਤਾ ਹੈ।
ਸ਼੍ਰੀ ਮੋਦੀ ਨੇ ਅਸਾਮ ਅਤੇ ਉੱਤਰ-ਪੂਰਬ ਨੂੰ ਵਿਕਾਸ ਤੋਂ ਵਾਂਝਾ ਰੱਖਣ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਸੁਰੱਖਿਆ, ਏਕਤਾ ਅਤੇ ਅਖੰਡਤਾ ਦੇ ਮਾਮਲੇ ਵਿੱਚ ਭਾਰੀ ਕੀਮਤ ਚੁਕਾਉਣੀ ਪਈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵਿਰੋਧੀ ਧਿਰ ਦੇ ਸ਼ਾਸਨ ਵਿੱਚ ਉੱਤਰ-ਪੂਰਬ ਖੇਤਰ ਵਿੱਚ ਦਹਾਕਿਆਂ ਤੱਕ ਹਿੰਸਾ ਜਾਰੀ ਰਹੀ, ਜਦੋਂਕਿ ਪਿਛਲੇ 10-11 ਸਾਲਾਂ ਵਿੱਚ ਇਸ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਦੇ ਉੱਤਰ-ਪੂਰਬ ਵਿੱਚ ਹਿੰਸਾ ਅਤੇ ਖ਼ੂਨ-ਖ਼ਰਾਬੇ ਦਾ ਬੋਲਬਾਲਾ ਸੀ, ਉੱਥੇ ਹੀ ਅੱਜ 4ਜੀ ਅਤੇ 5ਜੀ ਤਕਨੀਕ ਦੇ ਜ਼ਰੀਏ ਡਿਜੀਟਲ ਕਨੈਕਟੀਵਿਟੀ ਇਨ੍ਹਾਂ ਖੇਤਰਾਂ ਤੱਕ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਦੇ ਹਿੰਸਾ ਨਾਲ ਪ੍ਰਭਾਵਿਤ ਮੰਨੇ ਜਾਣ ਵਾਲੇ ਜ਼ਿਲ੍ਹੇ ਹੁਣ ਵਿਕਾਸ ਲਈ ਖ਼ਾਹਿਸ਼ੀ ਜ਼ਿਲ੍ਹਿਆਂ ਵਜੋਂ ਉੱਭਰ ਰਹੇ ਹਨ ਅਤੇ ਭਵਿੱਖ ਵਿੱਚ ਇਹੀ ਖੇਤਰ ਉਦਯੋਗਿਕ ਗਲਿਆਰੇ ਬਣਨਗੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉੱਤਰ-ਪੂਰਬ ਪ੍ਰਤੀ ਇੱਕ ਨਵਾਂ ਆਤਮ-ਵਿਸ਼ਵਾਸ ਜਾਗਿਆ ਹੈ। ਸ਼੍ਰੀ ਮੋਦੀ ਨੇ ਇਸਨੂੰ ਵਧੇਰੇ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਅਤੇ ਉੱਤਰ-ਪੂਰਬ ਦੇ ਵਿਕਾਸ ਵਿੱਚ ਸਫ਼ਲਤਾ ਇਸ ਲਈ ਵੀ ਮਿਲ ਰਹੀ ਹੈ ਕਿਉਂਕਿ ਸਰਕਾਰ ਇਸ ਖੇਤਰ ਦੀ ਪਹਿਚਾਣ ਅਤੇ ਸਭਿਆਚਾਰ ਦੀ ਰਾਖੀ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਨੇ ਇਸ ਪਹਿਚਾਣ ਨੂੰ ਮਿਟਾਉਣ ਦੀ ਸਾਜ਼ਿਸ਼ ਰਚੀ ਅਤੇ ਇਹ ਸਾਜ਼ਿਸ਼ ਕੁਝ ਸਾਲਾਂ ਤੱਕ ਹੀ ਸੀਮਤ ਨਹੀਂ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਬੁਰਾਈ ਦੀਆਂ ਜੜ੍ਹਾਂ ਆਜ਼ਾਦੀ ਤੋਂ ਪਹਿਲਾਂ ਦੇ ਯੁੱਗ ਤੱਕ ਜਾਂਦੀਆਂ ਹਨ, ਜਦੋਂ ਮੁਸਲਿਮ ਲੀਗ ਅਤੇ ਬ੍ਰਿਟਿਸ਼ ਸਰਕਾਰ ਭਾਰਤ ਦੀ ਵੰਡ ਦੀ ਤਿਆਰੀ ਕਰ ਰਹੀਆਂ ਸਨ ਅਤੇ ਉਸ ਸਮੇਂ ਅਸਾਮ ਨੂੰ ਅਣਵੰਡੇ ਬੰਗਾਲ ਯਾਨੀ ਪੂਰਬੀ ਪਾਕਿਸਤਾਨ ਦਾ ਹਿੱਸਾ ਬਣਾਉਣ ਦੀ ਵੀ ਯੋਜਨਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਇਸ ਸਾਜ਼ਿਸ਼ ਦਾ ਹਿੱਸਾ ਬਣਨ ਜਾ ਰਹੀ ਸੀ, ਪਰ ਸ਼੍ਰੀ ਬਾਰਦੋਲੋਈ ਜੀ ਨੇ ਆਪਣੀ ਹੀ ਪਾਰਟੀ ਦੇ ਖ਼ਿਲਾਫ਼ ਖੜ੍ਹੇ ਹੋ ਕੇ ਅਸਾਮ ਦੀ ਪਹਿਚਾਣ ਨੂੰ ਤਬਾਹ ਕਰਨ ਦੀ ਇਸ ਸਾਜ਼ਿਸ਼ ਦਾ ਵਿਰੋਧ ਕੀਤਾ ਅਤੇ ਅਸਾਮ ਨੂੰ ਦੇਸ਼ ਤੋਂ ਅਲੱਗ ਹੋਣ ਤੋਂ ਬਚਾਇਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਹਰ ਦੇਸ਼ ਭਗਤ ਦਾ ਸਨਮਾਨ ਕਰਨ ਲਈ ਪਾਰਟੀ ਦੀਆਂ ਸੀਮਾਵਾਂ ਤੋਂ ਉੱਪਰ ਉੱਠਦੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਅਗਵਾਈ ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ, ਤਾਂ ਬਾਰਦੋਲੋਈ ਜੀ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਸ਼੍ਰੀ ਬਾਰਦੋਲੋਈ ਜੀ ਨੇ ਅਸਾਮ ਨੂੰ ਬਚਾਇਆ ਸੀ, ਪਰ ਆਜ਼ਾਦੀ ਤੋਂ ਬਾਅਦ ਦੀ ਪਹਿਲੀ ਸੱਤਾ ਨੇ ਇੱਕ ਵਾਰ ਫਿਰ ਅਸਾਮ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਧਾਰਮਿਕ ਤੁਸ਼ਟੀਕਰਨ ਦੇ ਜ਼ਰੀਏ ਆਪਣਾ ਵੋਟ ਬੈਂਕ ਵਧਾਉਣ ਦੀ ਸਾਜ਼ਿਸ਼ ਰਚੀ ਅਤੇ ਬੰਗਾਲ ਅਤੇ ਅਸਾਮ ਵਿੱਚ ਘੁਸਪੈਠੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਦੀ ਜਨਸੰਖਿਆ ਬਦਲ ਗਈ ਅਤੇ ਇਨ੍ਹਾਂ ਘੁਸਪੈਠੀਆਂ ਨੇ ਜੰਗਲਾਂ ਅਤੇ ਜ਼ਮੀਨਾਂ 'ਤੇ ਕਬਜ਼ਾ ਕਰ ਲਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸਦੇ ਨਤੀਜੇ ਵਜੋਂ ਪੂਰੇ ਅਸਾਮ ਸੂਬੇ ਦੀ ਸੁਰੱਖਿਆ ਅਤੇ ਪਹਿਚਾਣ ਖ਼ਤਰੇ ਵਿੱਚ ਪੈ ਗਈ।
ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਹਿਮੰਤ ਬਿਸਵ ਸਰਮਾ ਦੀ ਅਗਵਾਈ ਵਾਲੀ ਸਰਕਾਰ ਅਸਾਮ ਦੇ ਸਰੋਤਾਂ ਨੂੰ ਗ਼ੈਰ-ਕਾਨੂੰਨੀ ਅਤੇ ਰਾਸ਼ਟਰ ਵਿਰੋਧੀ ਕਬਜ਼ੇ ਤੋਂ ਮੁਕਤ ਕਰਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਸਾਮ ਦੇ ਸਰੋਤਾਂ ਦਾ ਲਾਭ ਅਸਾਮ ਦੇ ਲੋਕਾਂ ਨੂੰ ਮਿਲੇ, ਇਹ ਯਕੀਨੀ ਬਣਾਉਣ ਲਈ ਹਰ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਘੁਸਪੈਠ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ ਅਤੇ ਘੁਸਪੈਠੀਆਂ ਨੂੰ ਹਟਾਉਣ ਲੈ ਦੀ ਪਹਿਚਾਣ ਪ੍ਰਕਿਰਿਆ ਜਾਰੀ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਰੋਧੀ ਧਿਰ ਅਤੇ ਉਸਦੇ ਗਠਜੋੜ ਨੇ ਖੁੱਲ੍ਹ ਕੇ ਰਾਸ਼ਟਰ ਵਿਰੋਧੀ ਏਜੰਡਾ ਅਪਣਾਇਆ ਹੈ, ਜਦੋਂਕਿ ਸਰਬ-ਉੱਚ ਅਦਾਲਤ ਘੁਸਪੈਠੀਆਂ ਨੂੰ ਹਟਾਉਣ ਦੀ ਗੱਲ ਕਹਿ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਾਰਟੀਆਂ ਘੁਸਪੈਠੀਆਂ ਦੇ ਬਚਾਅ ਵਿੱਚ ਬਿਆਨ ਜਾਰੀ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਵਕੀਲ ਅਦਾਲਤ ਵਿੱਚ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਗੁਹਾਰ ਲਗਾ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਐੱਸਆਈਆਰ ਪ੍ਰਕਿਰਿਆ ਚਲਾ ਰਿਹਾ ਹੈ, ਤਾਂ ਇਹ ਸਮੂਹ ਇਸਦਾ ਵਿਰੋਧ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਅਜਿਹੇ ਲੋਕ ਅਸਾਮ ਦੇ ਭਾਈਆਂ ਅਤੇ ਭੈਣਾਂ ਦੇ ਹਿਤਾਂ ਦੀ ਰੱਖਿਆ ਨਹੀਂ ਕਰਨਗੇ ਅਤੇ ਦੂਜਿਆਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਜੰਗਲਾਂ 'ਤੇ ਕਬਜ਼ਾ ਕਰਨ ਦੇਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਉਨ੍ਹਾਂ ਦੀ ਰਾਸ਼ਟਰ ਵਿਰੋਧੀ ਮਾਨਸਿਕਤਾ ਅਤੀਤ ਦੀ ਹਿੰਸਾ ਅਤੇ ਅਸ਼ਾਂਤੀ ਨੂੰ ਦੁਬਾਰਾ ਜਨਮ ਦੇ ਸਕਦੀ ਹੈ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਲਈ ਚੌਕਸ ਰਹਿਣਾ, ਅਸਾਮ ਦੇ ਲੋਕਾਂ ਦਾ ਇੱਕਜੁੱਟ ਰਹਿਣਾ ਅਤੇ ਅਸਾਮ ਦੇ ਵਿਕਾਸ ਨੂੰ ਪਟੜੀ ਤੋਂ ਉਤਾਰਨ ਤੋਂ ਰੋਕਣ ਲਈ ਵਿਰੋਧੀ ਧਿਰ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨਾ ਜ਼ਰੂਰੀ ਹੈ।
ਸ਼੍ਰੀ ਮੋਦੀ ਨੇ ਕਿਹਾ, "ਅੱਜ ਪੂਰੀ ਦੁਨੀਆ ਉਮੀਦ ਭਰੀਆਂ ਨਿਗਾਹਾਂ ਨਾਲ ਭਾਰਤ ਵੱਲ ਦੇਖ ਰਹੀ ਹੈ ਅਤੇ ਭਾਰਤ ਦੇ ਭਵਿੱਖ ਦਾ ਨਵਾਂ ਸੂਰਜ ਉੱਤਰ-ਪੂਰਬ ਤੋਂ ਸ਼ੁਰੂ ਹੋਵੇਗਾ।" ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਲਈ ਸਾਂਝੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ਹੈ, ਜਿਸ ਵਿੱਚ ਅਸਾਮ ਦਾ ਵਿਕਾਸ ਸਭ ਤੋਂ ਉੱਪਰ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟ ਕੀਤਾ ਕਿ ਇਹ ਸਾਂਝੇ ਯਤਨ ਅਸਾਮ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣਗੇ ਅਤੇ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨਗੇ। ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਨਵੇਂ ਟਰਮੀਨਲ ਦੇ ਉਦਘਾਟਨ 'ਤੇ ਇੱਕ ਵਾਰ ਫਿਰ ਦਿਲੋਂ ਵਧਾਈ ਦਿੱਤੀ।
ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰੀਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵ ਸਰਮਾ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ, ਸ਼੍ਰੀ ਕੇ. ਰਾਮਮੋਹਨ ਨਾਇਡੂ, ਸ਼੍ਰੀ ਮੁਰਲੀਧਰ ਮੋਹੋਲ ਅਤੇ ਸ਼੍ਰੀ ਪਵਿੱਤਰ ਮਾਰਗੇਰੀਟਾ ਸਮੇਤ ਹੋਰ ਪਤਵੰਤੇ ਵਿਅਕਤੀ ਇਸ ਮੌਕੇ ’ਤੇ ਮੌਜੂਦ ਸਨ।
ਪਿਛੋਕੜ
ਗੁਹਾਟੀ ਵਿੱਚ ਹਾਲ ਹੀ ਵਿੱਚ ਬਣ ਕੇ ਤਿਆਰ ਹੋਈ ਲੋਕਪ੍ਰਿਆ ਗੋਪੀਨਾਥ ਬਾਰਦੋਲੋਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਏਕੀਕ੍ਰਿਤ ਨਵੀਂ ਟਰਮੀਨਲ ਇਮਾਰਤ ਲਗਭਗ 1.4 ਲੱਖ ਵਰਗ ਮੀਟਰ ਵਿੱਚ ਫੈਲੀ ਹੋਈ ਹੈ ਅਤੇ ਇਸ ਨੂੰ ਸਲਾਨਾ 1.3 ਕਰੋੜ ਯਾਤਰੀਆਂ ਦੀ ਸਹੂਲਤ ਲਈ ਡਿਜ਼ਾਈਨ ਕੀਤਾ ਗਿਆ ਹੈ। ਰਨਵੇਅ, ਏਅਰਫੀਲਡ ਸਿਸਟਮ, ਐਪ੍ਰਨ ਅਤੇ ਟੈਕਸੀਵੇਅ ਵਿੱਚ ਕੀਤੇ ਗਏ ਵਿਆਪਕ ਅਪਗ੍ਰੇਡ ਨਾਲ ਇਹ ਹੋਰ ਵੀ ਬਿਹਤਰ ਹੋ ਗਿਆ ਹੈ।
ਭਾਰਤ ਦਾ ਪਹਿਲਾ ਕੁਦਰਤੀ-ਥੀਮ ਵਾਲਾ ਹਵਾਈ ਅੱਡਾ ਟਰਮੀਨਲ, "ਬਾਂਸ ਦੇ ਬਾਗ਼" ਦੀ ਥੀਮ ’ਤੇ ਅਧਾਰਿਤ ਹੈ। ਇਸਦਾ ਡਿਜ਼ਾਈਨ ਅਸਾਮ ਦੀ ਜੀਵ ਵਿਭਿੰਨਤਾ ਅਤੇ ਸਭਿਆਚਾਰਕ ਵਿਰਾਸਤ ਤੋਂ ਪ੍ਰੇਰਿਤ ਹੈ। ਟਰਮੀਨਲ ਵਿੱਚ ਉੱਤਰ-ਪੂਰਬ ਤੋਂ ਪ੍ਰਾਪਤ ਲਗਭਗ 140 ਮੀਟ੍ਰਿਕ ਟਨ ਬਾਂਸ ਦੀ ਬੇਮਿਸਾਲ ਵਰਤੋਂ ਕੀਤੀ ਗਈ ਹੈ, ਜੋ ਕਾਜ਼ੀਰੰਗਾ ਤੋਂ ਪ੍ਰੇਰਿਤ ਹਰੇ ਭੂ-ਦ੍ਰਿਸ਼ਾਂ, ਜਾਪੀ ਮੋਟਿਫ, ਪ੍ਰਤੀਕ ਗੈਂਡੇ ਦੇ ਪ੍ਰਤੀਕ ਅਤੇ ਕੋਪੋ ਫੁੱਲ ਨੂੰ ਦਰਸਾਉਣ ਵਾਲੇ 57 ਆਰਕਿਡ-ਪ੍ਰੇਰਿਤ ਕਾਲਮਾਂ ਵੱਲੋਂ ਪੂਰਕ ਹੈ। ਇੱਕ ਵਿਲੱਖਣ "ਸਕਾਈ ਫੋਰੈਸਟ" ਆਉਣ ਵਾਲੇ ਯਾਤਰੀਆਂ ਨੂੰ ਇੱਕ ਇਮਰਸਿਵ, ਜੰਗਲ ਵਰਗਾ ਅਹਿਸਾਸ ਪ੍ਰਦਾਨ ਕਰਦਾ ਹੈ। ਇਸ ਜੰਗਲ ਵਿੱਚ ਲਗਭਗ ਇੱਕ ਲੱਖ ਸਵਦੇਸ਼ੀ ਪ੍ਰਜਾਤੀਆਂ ਦੇ ਪੌਦੇ ਹਨ।
ਇਹ ਟਰਮੀਨਲ ਯਾਤਰੀਆਂ ਦੀ ਸਹੂਲਤ ਅਤੇ ਡਿਜੀਟਲ ਨਵੀਨਤਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰਦਾ ਹੈ। ਤੇਜ਼ ਅਤੇ ਸਹਿਜ ਸੁਰੱਖਿਆ ਜਾਂਚ ਲਈ ਫੁੱਲ-ਬਾਡੀ ਸਕੈਨਰ, ਡਿਜੀਯਾਤਰਾ-ਸਮਰੱਥ ਸੰਪਰਕ ਰਹਿਤ ਯਾਤਰਾ, ਆਟੋਮੇਟਿਡ ਬੈਗੇਜ ਹੈਂਡਲਿੰਗ, ਫਾਸਟ-ਟ੍ਰੈਕ ਇਮੀਗ੍ਰੇਸ਼ਨ ਅਤੇ ਏਆਈ-ਸੰਚਾਲਿਤ ਹਵਾਈ ਅੱਡੇ ਦੇ ਸੰਚਾਲਨ ਵਰਗੀਆਂ ਵਿਸ਼ੇਸ਼ਤਾਵਾਂ ਸਹਿਜ, ਸੁਰੱਖਿਅਤ ਅਤੇ ਕੁਸ਼ਲ ਯਾਤਰਾ ਨੂੰ ਯਕੀਨੀ ਬਣਾਉਂਦੀਆਂ ਹਨ।
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2207331)
आगंतुक पटल : 16
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam