ਪ੍ਰਧਾਨ ਮੰਤਰੀ ਦਫਤਰ
ਅਸਾਮ ਦੇ ਨਾਮਰੂਪ ਵਿੱਚ ਯੂਰੀਆ ਪਲਾਂਟ ਦੇ ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
21 DEC 2025 4:25PM by PIB Chandigarh
उज्जनिर रायज केने आसे? आपुनालुकोलोई मुर अंतोरिक मोरोम आरु स्रद्धा जासिसु।
ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ ਜੀ, ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਜੀ, ਕੇਂਦਰ ਵਿੱਚ ਮੇਰੇ ਸਹਿਯੋਗੀ ਅਤੇ ਇੱਥੋਂ ਦੇ ਤੁਹਾਡੇ ਪ੍ਰਤੀਨਿਧੀ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਜੀ, ਅਸਾਮ ਸਰਕਾਰ ਦੇ ਮੰਤਰੀ, ਸੰਸਦ ਮੈਂਬਰ, ਵਿਧਾਇਕ, ਹੋਰ ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ, ਸਾਨੂੰ ਸਾਰਿਆਂ ਨੂੰ ਅਸ਼ੀਰਵਾਦ ਦੇਣ ਲਈ ਆਏ ਹੋਏ, ਮੇਰੇ ਸਾਰੇ ਭਾਈਓ ਅਤੇ ਭੈਣੋ, ਜਿੰਨੇ ਲੋਕ ਪੰਡਾਲ ਵਿੱਚ ਹਨ, ਉਸ ਤੋਂ ਜ਼ਿਆਦਾ ਲੋਕ ਮੈਨੂੰ ਉੱਥੇ ਬਾਹਰ ਦਿਖ ਰਹੇ ਹਨ।
ਸੌਲੁੰਗ ਸੁਕਾਫਾ ਅਤੇ ਮਹਾਵੀਰ ਲਸਿਤ ਬੋਰਫੁਕਨ ਜਿਹੇ ਨਾਇਕਾਂ ਦੀ ਇਹ ਧਰਤੀ, ਭੀਮਬਰ ਦੇਉਰੀ, ਸ਼ਹੀਦ ਕੁਸਲ ਕੁਵਰ, ਮੋਰਾਨ ਰਾਜਾ ਬੋਡੋਸਾ, ਮਾਲਤੀ ਮੇਮ, ਇੰਦਰਾ ਮੀਰੀ, ਸਵਰਗਦੇਵ ਸਰਬਾਨੰਦ ਸਿੰਘ ਅਤੇ ਵੀਰਾਂਗਨਾ ਸਤੀ ਸਾਧਨੀ ਦੀ ਇਹ ਧਰਤੀ, ਮੈਂ ਉਜਨੀ ਅਸਾਮ ਦੀ ਇਸ ਮਹਾਨ ਮਿੱਟੀ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਮੈਂ ਦੇਖ ਰਿਹਾ ਹਾਂ, ਸਾਹਮਣੇ ਦੂਰ-ਦੂਰ ਤੱਕ ਤੁਸੀਂ ਸਾਰੇ ਇੰਨੀ ਵੱਡੀ ਗਿਣਤੀ ਵਿੱਚ ਆਪਣਾ ਉਤਸ਼ਾਹ, ਆਪਣਾ ਜੋਸ਼, ਆਪਣਾ ਪਿਆਰ ਬਰਸਾ ਰਹੇ ਹੋ ਅਤੇ ਖ਼ਾਸ ਕਰਕੇ, ਮੇਰੀਆਂ ਮਾਵਾਂ ਭੈਣਾਂ, ਇੰਨੀ ਵੱਡੀ ਗਿਣਤੀ ਵਿੱਚ ਤੁਸੀਂ ਜੋ ਪਿਆਰ ਅਤੇ ਅਸ਼ੀਰਵਾਦ ਲੈ ਕੇ ਆਏ ਹੋ, ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ, ਸਭ ਤੋਂ ਵੱਡੀ ਊਰਜਾ ਹੈ, ਇੱਕ ਸ਼ਾਨਦਾਰ ਭਾਵਨਾ ਹੈ। ਮੇਰੀਆਂ ਬਹੁਤ ਸਾਰੀਆਂ ਭੈਣਾਂ ਅਸਾਮ ਦੇ ਚਾਹ ਦੇ ਬਾਗ਼ਾਂ ਦੀ ਖ਼ੁਸ਼ਬੂ ਲੈ ਕੇ ਇੱਥੇ ਮੌਜੂਦ ਹਨ। ਚਾਹ ਦੀ ਇਹ ਖ਼ੁਸ਼ਬੂ ਮੇਰੇ ਅਤੇ ਅਸਾਮ ਦੇ ਰਿਸ਼ਤੇ ਵਿੱਚ ਇੱਕ ਅਲੱਗ ਹੀ ਅਹਿਸਾਸ ਪੈਦਾ ਕਰਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਣਾਮ ਕਰਦਾ ਹਾਂ। ਇਸ ਲਗਾਵ ਅਤੇ ਪਿਆਰ ਲਈ ਮੈਂ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
ਸਾਥੀਓ,
ਅੱਜ ਅਸਾਮ ਅਤੇ ਪੂਰੇ ਉੱਤਰ-ਪੂਰਬ ਲਈ ਇੱਕ ਵੱਡਾ ਦਿਨ ਹੈ। ਨਾਮਰੂਪ ਅਤੇ ਡਿਬਰੂਗੜ੍ਹ ਨੂੰ ਲੰਬੇ ਸਮੇਂ ਤੋਂ ਜਿਸਦਾ ਇੰਤਜ਼ਾਰ ਸੀ, ਉਹ ਸੁਪਨਾ ਵੀ ਅੱਜ ਪੂਰਾ ਹੋ ਰਿਹਾ ਹੈ, ਅੱਜ ਇਸ ਪੂਰੇ ਇਲਾਕੇ ਵਿੱਚ ਉਦਯੋਗਿਕ ਤਰੱਕੀ ਦਾ ਨਵਾਂ ਅਧਿਆਇ ਸ਼ੁਰੂ ਹੋ ਰਿਹਾ ਹੈ। ਹਾਲੇ ਥੋੜ੍ਹੀ ਦੇਰ ਪਹਿਲਾਂ ਮੈਂ ਇੱਥੇ ਅਮੋਨੀਆ-ਯੂਰੀਆ ਖਾਦ ਪਲਾਂਟ ਦਾ ਭੂਮੀ ਪੂਜਨ ਕੀਤਾ ਹੈ। ਡਿਬਰੂਗੜ੍ਹ ਆਉਣ ਤੋਂ ਪਹਿਲਾਂ ਗੁਹਾਟੀ ਵਿੱਚ ਹਵਾਈ ਅੱਡੇ ਦੇ ਇੱਕ ਟਰਮੀਨਲ ਦਾ ਉਦਘਾਟਨ ਵੀ ਹੋਇਆ ਹੈ। ਅੱਜ, ਹਰ ਕੋਈ ਕਹਿ ਰਿਹਾ ਹੈ, ਅਸਾਮ ਵਿਕਾਸ ਦੀ ਇੱਕ ਨਵੀਂ ਰਫ਼ਤਾਰ ਫੜ ਚੁੱਕਾ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਹੁਣ ਤੁਸੀਂ ਜੋ ਦੇਖ ਰਹੇ ਹੋ, ਜੋ ਮਹਿਸੂਸ ਕਰ ਰਹੇ ਹੋ, ਇਹ ਤਾਂ ਇੱਕ ਸ਼ੁਰੂਆਤ ਹੈ। ਅਸੀਂ ਤਾਂ ਅਸਾਮ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ, ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ। ਅਸਾਮ ਦੀ ਜੋ ਤਾਕਤ ਅਤੇ ਅਸਾਮ ਦੀ ਭੂਮਿਕਾ ਓਹੋਮ ਸਾਮਰਾਜ ਦੇ ਦੌਰ ਵਿੱਚ ਸੀ, ਅਸੀਂ ਵਿਕਸਿਤ ਭਾਰਤ ਵਿੱਚ ਅਸਾਮ ਨੂੰ ਓਵੇਂ ਦੀ ਹੀ ਤਾਕਤਵਰ ਧਰਤੀ ਬਣਾਵਾਂਗੇ। ਨਵੇਂ ਉਦਯੋਗਾਂ ਦੀ ਸ਼ੁਰੂਆਤ, ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ, ਸੈਮੀਕੰਡਕਟਰਾਂ ਦੀ ਮੈਨੁਫੈਕਚਰਿੰਗ, ਖੇਤੀਬਾੜੀ ਦੇ ਖੇਤਰ ਵਿੱਚ ਨਵੇਂ ਮੌਕੇ, ਚਾਹ ਦੇ ਬਾਗ਼ਾਂ ਅਤੇ ਉਨ੍ਹਾਂ ਦੇ ਕਾਮਿਆਂ ਦੀ ਤਰੱਕੀ, ਸੈਰ-ਸਪਾਟੇ ਵਿੱਚ ਵਧਦੀਆਂ ਸੰਭਾਵਨਾਵਾਂ, ਅਸਾਮ ਹਰ ਖੇਤਰ ਵਿੱਚ ਅੱਗੇ ਵਧ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਦੇਸ਼ ਦੇ ਸਾਰੇ ਕਿਸਾਨ ਭਾਈਆਂ-ਭੈਣਾਂ ਨੂੰ ਇਸ ਆਧੁਨਿਕ ਖਾਦ ਪਲਾਂਟ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਤੁਹਾਨੂੰ ਗੁਹਾਟੀ ਹਵਾਈ ਅੱਡੇ 'ਤੇ ਨਵੇਂ ਟਰਮੀਨਲ ਲਈ ਵੀ ਵਧਾਈ ਦਿੰਦਾ ਹਾਂ। ਭਾਜਪਾ ਦੀ ਡਬਲ-ਇੰਜਣ ਸਰਕਾਰ ਵਿੱਚ, ਉਦਯੋਗ ਅਤੇ ਕਨੈਕਟੀਵਿਟੀ ਦੀ ਇਹ ਜੁਗਲਬੰਦੀ, ਅਸਾਮ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ ਅਤੇ ਨਾਲ ਹੀ ਸਾਡੇ ਨੌਜਵਾਨਾਂ ਨੂੰ ਨਵੇਂ ਸੁਪਨੇ ਦੇਖਣ ਦਾ ਹੌਸਲਾ ਵੀ ਦੇ ਰਹੀ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਦੇਸ਼ ਦੇ ਕਿਸਾਨਾਂ ਦੀ, ਇੱਥੋਂ ਦੇ ਅੰਨਦਾਤਾਵਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇਸ ਲਈ ਸਾਡੀ ਸਰਕਾਰ ਕਿਸਾਨਾਂ ਦੇ ਹਿਤਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਦਿਨ-ਰਾਤ ਕੰਮ ਕਰ ਰਹੀ ਹੈ। ਇੱਥੇ ਤੁਹਾਨੂੰ ਸਾਰਿਆਂ ਨੂੰ ਕਿਸਾਨ-ਪੱਖੀ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਭਲਾਈ ਦੀਆਂ ਯੋਜਨਾਵਾਂ ਦੇ ਦਰਮਿਆਨ, ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਕਿਸਾਨਾਂ ਨੂੰ ਖਾਦ ਦੀ ਲਗਾਤਾਰ ਸਪਲਾਈ ਮਿਲਦੀ ਰਹੇ। ਆਉਣ ਵਾਲੇ ਸਮੇਂ ਵਿੱਚ ਇਹ ਯੂਰੀਆ ਕਾਰਖ਼ਾਨਾ ਇਸਨੂੰ ਯਕੀਨੀ ਬਣਾਏਗਾ। ਇਸ ਖਾਦ ਪ੍ਰਾਜੈਕਟ 'ਤੇ ਲਗਭਗ ₹11,000 ਕਰੋੜ ਖ਼ਰਚ ਕੀਤੇ ਜਾਣਗੇ। ਇੱਥੇ ਹਰ ਸਾਲ 12 ਲੱਖ ਮੀਟ੍ਰਿਕ ਟਨ ਤੋਂ ਵੱਧ ਖਾਦ ਬਣੇਗੀ। ਜਦੋਂ ਉਤਪਾਦਨ ਇੱਥੇ ਹੋਵੇਗਾ, ਤਾਂ ਸਪਲਾਈ ਤੇਜ਼ ਹੋਵੇਗੀ। ਲੌਜਿਸਟਿਕਸ ਖ਼ਰਚ ਘਟੇਗਾ।
ਸਾਥੀਓ,
ਨਾਮਰੂਪ ਦੀ ਇਹ ਯੂਨਿਟ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਹਜ਼ਾਰਾਂ ਨਵੇਂ ਮੌਕੇ ਵੀ ਬਣਾਵੇਗੀ। ਪਲਾਂਟ ਦੇ ਸ਼ੁਰੂ ਹੁੰਦੇ ਹੀ ਅਨੇਕਾਂ ਲੋਕਾਂ ਨੂੰ ਇੱਥੇ ਸਥਾਈ ਨੌਕਰੀਆਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਜੋ ਕੰਮ ਪਲਾਂਟ ਦੇ ਨਾਲ ਜੁੜਿਆ ਹੁੰਦਾ ਹੈ, ਭਾਵੇਂ ਮੁਰੰਮਤ ਹੋਵੇ, ਸਪਲਾਈ ਹੋਵੇ, ਉਸਾਰੀ ਦਾ ਬਹੁਤ ਵੱਡੀ ਮਾਤਰਾ ਵਿੱਚ ਕੰਮ ਹੋਵੇਗਾ, ਭਾਵ ਅਨੇਕਾਂ ਕੰਮ ਹੁੰਦੇ ਹਨ, ਇਨ੍ਹਾਂ ਸਾਰਿਆਂ ਵਿੱਚ ਵੀ ਇੱਥੋਂ ਦੇ ਸਥਾਨਕ ਲੋਕਾਂ ਨੂੰ ਅਤੇ ਖ਼ਾਸ ਕਰਕੇ ਮੇਰੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਪਰ ਭਾਈਓ ਭੈਣੋ,
ਤੁਸੀਂ ਸੋਚੋ, ਕਿਸਾਨਾਂ ਦੀ ਭਲਾਈ ਲਈ ਕੰਮ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਕਿਉਂ ਹੋ ਰਿਹਾ ਹੈ? ਸਾਡਾ ਨਾਮਰੂਪ ਤਾਂ ਦਹਾਕਿਆਂ ਤੋਂ ਖਾਦ ਉਤਪਾਦਨ ਦਾ ਕੇਂਦਰ ਸੀ। ਇੱਕ ਸਮਾਂ ਸੀ, ਜਦੋਂ ਇੱਥੇ ਬਣੀ ਖਾਦ ਨਾਲ ਉੱਤਰ-ਪੂਰਬ ਦੇ ਖੇਤਾਂ ਨੂੰ ਤਾਕਤ ਮਿਲਦੀ ਸੀ। ਕਿਸਾਨਾਂ ਦੀਆਂ ਫ਼ਸਲਾਂ ਨੂੰ ਸਹਾਰਾ ਮਿਲਦਾ ਸੀ। ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਖਾਦ ਦੀ ਸਪਲਾਈ ਚੁਣੌਤੀ ਬਣੀ, ਓਦੋਂ ਵੀ ਨਾਮਰੂਪ ਕਿਸਾਨਾਂ ਲਈ ਉਮੀਦ ਬਣਿਆ ਰਿਹਾ, ਪਰ ਪੁਰਾਣੇ ਕਾਰਖਾਨਿਆਂ ਦੀ ਟੈਕਨੋਲੋਜੀ ਸਮੇਂ ਦੇ ਨਾਲ ਪੁਰਾਣੀ ਹੁੰਦੀ ਗਈ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੋਇਆ, ਨਾਮਰੂਪ ਪਲਾਂਟ ਦੀਆਂ ਕਈ ਇਕਾਈਆਂ ਇਸੇ ਵਜ੍ਹਾ ਕਾਰਨ ਬੰਦ ਹੋ ਗਈਆਂ। ਪੂਰੇ ਉੱਤਰ-ਪੂਰਬ ਦੇ ਕਿਸਾਨ ਪਰੇਸ਼ਾਨ ਹੁੰਦੇ ਰਹੇ, ਦੇਸ਼ ਦੇ ਕਿਸਾਨਾਂ ਨੂੰ ਵੀ ਤਕਲੀਫ਼ ਹੋਈ, ਉਨ੍ਹਾਂ ਦੀ ਆਮਦਨ ’ਤੇ ਬੋਝ ਪੈਂਦਾ ਰਿਹਾ, ਖੇਤੀ ਵਿੱਚ ਤਕਲੀਫ਼ਾਂ ਵਧਦੀਆਂ ਗਈਆਂ, ਪਰ ਕਾਂਗਰਸ ਵਾਲਿਆਂ ਨੇ ਇਸ ਸਮੱਸਿਆ ਦਾ ਕੋਈ ਹੱਲ ਹੀ ਨਹੀਂ ਕੱਢਿਆ, ਉਹ ਆਪਣੀ ਮਸਤੀ ਵਿੱਚ ਹੀ ਰਹੇ। ਅੱਜ ਸਾਡੀ ਡਬਲ-ਇੰਜਣ ਸਰਕਾਰ, ਕਾਂਗਰਸ ਵੱਲੋਂ ਪੈਦਾ ਕੀਤੀਆਂ ਗਈਆਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਕਰ ਰਹੀ ਹੈ।
ਸਾਥੀਓ,
ਅਸਾਮ ਦੀ ਤਰ੍ਹਾਂ ਹੀ, ਦੇਸ਼ ਦੇ ਦੂਸਰੇ ਸੂਬਿਆਂ ਵਿੱਚ ਵੀ ਖਾਦ ਦੀਆਂ ਕਿੰਨੀਆਂ ਹੀ ਫੈਕਟਰੀਆਂ ਬੰਦ ਹੋ ਗਈਆਂ ਸਨ। ਤੁਸੀਂ ਯਾਦ ਕਰੋ, ਓਦੋਂ ਕਿਸਾਨਾਂ ਦੇ ਕੀ ਹਾਲਾਤ ਸੀ? ਯੂਰੀਆ ਦੇ ਲਈ ਕਿਸਾਨਾਂ ਨੂੰ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ। ਯੂਰੀਆ ਦੀਆਂ ਦੁਕਾਨਾਂ 'ਤੇ ਪੁਲਿਸ ਤਾਇਨਾਤ ਕਰਨੀ ਪੈਂਦੀ ਸੀ। ਪੁਲਿਸ ਕਿਸਾਨਾਂ 'ਤੇ ਲਾਠੀਆਂ ਵਰਸਾਉਂਦੀ ਸੀ।
ਭਾਈਓ ਭੈਣੋ,
ਕਾਂਗਰਸ ਨੇ ਜਿਨ੍ਹਾਂ ਹਾਲਾਤ ਨੂੰ ਵਿਗਾੜਿਆ ਸੀ, ਸਾਡੀ ਸਰਕਾਰ ਉਨ੍ਹਾਂ ਨੂੰ ਸੁਧਾਰਨ ਲਈ ਅੱਡੀ-ਚੋਟੀ ਦੀ ਤਾਕਤ ਲਗਾ ਰਹੀ ਹੈ ਅਤੇ ਉਨ੍ਹਾਂ ਨੇ ਇੰਨਾ ਬੁਰਾ ਕੀਤਾ, ਇੰਨਾ ਬੁਰਾ ਕੀਤਾ ਕਿ 11 ਸਾਲਾਂ ਤੋਂ ਮਿਹਨਤ ਕਰਨ ਤੋਂ ਬਾਅਦ ਵੀ, ਹਾਲੇ ਮੈਨੂੰ ਹੋਰ ਬਹੁਤ ਕੁਝ ਕਰਨਾ ਬਾਕੀ ਹੈ। ਕਾਂਗਰਸ ਦੇ ਦੌਰ ਵਿੱਚ ਖਾਦ ਫੈਕਟਰੀਆਂ ਬੰਦ ਹੁੰਦੀਆਂ ਸੀ। ਜਦੋਂਕਿ ਸਾਡੀ ਸਰਕਾਰ ਨੇ ਗੋਰਖਪੁਰ, ਸਿੰਦਰੀ, ਬਰੌਨੀ ਅਤੇ ਰਾਮਾਗੁੰਡਮ ਜਿਹੇ ਅਨੇਕਾਂ ਪਲਾਂਟ ਸ਼ੁਰੂ ਕੀਤੇ ਹਨ। ਇਸ ਖੇਤਰ ਵਿੱਚ ਨਿੱਜੀ ਖੇਤਰ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੱਜ ਇਸੇ ਦਾ ਨਤੀਜਾ ਹੈ, ਅਸੀਂ ਯੂਰੀਆ ਦੇ ਖੇਤਰ ਵਿੱਚ ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਆਤਮ-ਨਿਰਭਰ ਹੋ ਸਕੀਏ, ਉਸ ਦਿਸ਼ਾ ਵਿੱਚ ਮਜ਼ਬੂਤੀ ਨਾਲ ਕਦਮ ਰੱਖ ਰਹੇ ਹਾਂ।
ਸਾਥੀਓ,
2014 ਵਿੱਚ, ਦੇਸ਼ ਵਿੱਚ ਸਿਰਫ਼ 225 ਲੱਖ ਮੀਟ੍ਰਿਕ ਟਨ ਯੂਰੀਆ ਦਾ ਹੀ ਉਤਪਾਦਨ ਹੁੰਦਾ ਸੀ। ਤੁਹਾਨੂੰ ਅੰਕੜਾ ਯਾਦ ਰਹੇਗਾ? ਅੰਕੜਾ ਯਾਦ ਰਹੇਗਾ? ਤੁਸੀਂ ਮੈਨੂੰ 10-11 ਸਾਲ ਪਹਿਲਾਂ ਕੰਮ ਦਿੱਤਾ, ਓਦੋਂ ਉਤਪਾਦਨ ਹੁੰਦਾ ਸੀ 225 ਲੱਖ ਮੀਟ੍ਰਿਕ ਟਨ। ਇਹ ਅੰਕੜਾ ਯਾਦ ਰੱਖੋ। ਪਿਛਲੇ 10-11 ਸਾਲਾਂ ਦੀ ਸਖ਼ਤ ਮਿਹਨਤ ਦੌਰਾਨ ਅਸੀਂ ਉਤਪਾਦਨ ਨੂੰ ਵਧਾ ਕੇ ਲਗਭਗ 306 ਲੱਖ ਮੀਟ੍ਰਿਕ ਟਨ ਤੱਕ ਪਹੁੰਚਾ ਦਿੱਤਾ ਹੈ। ਪਰ ਅਸੀਂ ਇੱਥੇ ਰੁਕਣਾ ਨਹੀਂ ਹੈ, ਕਿਉਂਕਿ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਜੋ ਕੰਮ ਉਨ੍ਹਾਂ ਨੇ ਉਸ ਸਮੇਂ ਕਰਨਾ ਸੀ, ਨਹੀਂ ਕੀਤਾ ਅਤੇ ਇਸ ਲਈ ਮੈਨੂੰ ਥੋੜ੍ਹਾ ਵਾਧੂ ਮਿਹਨਤ ਕਰਨੀ ਪੈ ਰਹੀ ਹੈ ਅਤੇ ਹਾਲੇ ਸਾਨੂੰ ਹਰ ਸਾਲ ਲਗਭਗ 380 ਲੱਖ ਮੀਟ੍ਰਿਕ ਟਨ ਯੂਰੀਆ ਦੀ ਲੋੜ ਪੈਂਦੀ ਹੈ। ਅਸੀਂ 306 ’ਤੇ ਪਹੁੰਚੇ ਹਾਂ, 70-80 ਹੋਰ ਕਰਨਾ ਹੈ। ਪਰ ਮੈਂ ਦੇਸ਼-ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਜਿਸ ਤਰ੍ਹਾਂ ਨਾਲ ਸਖ਼ਤ ਮਿਹਨਤ ਕਰ ਰਹੇ ਹਾਂ, ਜਿਸ ਤਰ੍ਹਾਂ ਯੋਜਨਾ ਬਣਾ ਰਹੇ ਹਾਂ ਅਤੇ ਜਿਸ ਤਰ੍ਹਾਂ ਨਾਲ ਮੇਰੇ ਕਿਸਾਨ ਭਾਈ-ਭੈਣ ਸਾਨੂੰ ਅਸ਼ੀਰਵਾਦ ਦੇ ਰਹੇ ਹਨ, ਅਸੀਂ ਹੋ ਸਕਦਾ ਹੈ ਉਨ੍ਹਾਂ ਜਲਦੀ ਇਸ ਪਾੜੇ ਨੂੰ ਭਰਨ ਵਿੱਚ ਕੋਈ ਕਮੀ ਨਹੀਂ ਛੱਡਾਂਗੇ।
ਅਤੇ ਭਾਈਓ ਅਤੇ ਭੈਣੋ,
ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ, ਤੁਹਾਡੇ ਹਿਤਾਂ ਨੂੰ ਲੈ ਕੇ ਸਾਡੀ ਸਰਕਾਰ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੈ। ਜੋ ਯੂਰੀਆ ਸਾਨੂੰ ਮਹਿੰਗੀਆਂ ਕੀਮਤਾਂ ’ਤੇ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ, ਅਸੀਂ ਉਸਦਾ ਬੋਝ ਵੀ ਆਪਣੇ ਕਿਸਾਨਾਂ ’ਤੇ ਨਹੀਂ ਪੈਣ ਦਿੰਦੇ। ਭਾਜਪਾ ਸਰਕਾਰ ਸਬਸਿਡੀਆਂ ਦੇ ਕੇ ਉਹ ਬੋਝ ਖ਼ੁਦ ਚੁੱਕਦੀ ਹੈ। ਭਾਰਤ ਦੇ ਕਿਸਾਨਾਂ ਨੂੰ ਸਿਰਫ਼ 300 ਰੁਪਏ ਵਿੱਚ ਯੂਰੀਆ ਦੀ ਬੋਰੀ ਮਿਲਦੀ ਹੈ, ਉਸ ਇੱਕ ਬੋਰੀ ਦੇ ਬਦਲੇ ਭਾਰਤ ਸਰਕਾਰ ਨੂੰ ਦੂਜੇ ਦੇਸ਼ਾਂ ਨੂੰ, ਜਿੱਥੋਂ ਅਸੀਂ ਬੋਰੀ ਲਿਆਉਂਦੇ ਹਾਂ, ਲਗਭਗ 3,000 ਰੁਪਏ ਦੇਣੇ ਪੈਂਦੇ ਹਨ। ਹੁਣ ਤੁਸੀਂ ਸੋਚੋ, ਅਸੀਂ ਲਿਆਉਂਦੇ ਹਾਂ 3,000 ਰੁਪਏ ਵਿੱਚ ਅਤੇ ਦਿੰਦੇ ਹਾਂ 300 ਰੁਪਏ ਵਿੱਚ। ਇਹ ਸਾਰਾ ਬੋਝ ਦੇਸ਼ ਦੇ ਕਿਸਾਨਾਂ 'ਤੇ ਅਸੀਂ ਨਹੀਂ ਪੈਣ ਦਿੰਦੇ। ਇਹ ਸਾਰਾ ਬੋਝ ਸਰਕਾਰ ਖ਼ੁਦ ਭਰਦੀ ਹੈ। ਤਾਂਕਿ ਮੇਰੇ ਦੇਸ਼ ਦੇ ਕਿਸਾਨ ਭਾਈਆਂ ਭੈਣਾਂ ’ਤੇ ਕੋਈ ਬੋਝ ਨਾ ਪਵੇ। ਪਰ ਮੈਂ ਕਿਸਾਨ ਭਾਈਆਂ-ਭੈਣਾਂ ਨੂੰ ਵੀ ਕਹੂੰਗਾ, ਕਿ ਤੁਹਾਨੂੰ ਵੀ ਮੇਰੀ ਮਦਦ ਕਰਨੀ ਹੋਵੇਗੀ ਅਤੇ ਉਹ ਮੇਰੀ ਮਦਦ ਹੈ ਇੰਨਾ ਹੀ ਨਹੀਂ, ਮੇਰੇ ਕਿਸਾਨ ਭਾਈਓ-ਭੈਣੋ ਇਹ ਤੁਹਾਡੀ ਵੀ ਮਦਦ ਹੈ ਅਤੇ ਉਹ ਹੈ ਇਹ ਧਰਤੀ ਮਾਂ ਨੂੰ ਬਚਾਉਣਾ। ਅਸੀਂ ਧਰਤੀ ਮਾਂ ਨੂੰ ਜੇਕਰ ਨਹੀਂ ਬਚਾਵਾਂਗੇ ਤਾਂ ਭਾਵੇਂ ਯੂਰੀਆ ਦੇ ਕਿੰਨੇ ਮਰਜ਼ੀ ਥੈਲੇ ਪਾ ਦਿਉ, ਇਹ ਧਰਤੀ ਮਾਂ ਸਾਨੂੰ ਕੁਝ ਨਹੀਂ ਦੇਵੇਗੀ ਅਤੇ ਇਸ ਲਈ ਜਿਵੇਂ ਸਰੀਰ ਵਿੱਚ ਬਿਮਾਰੀ ਹੋ ਜਾਵੇ, ਤਾਂ ਦਵਾਈ ਵੀ ਹਿਸਾਬ ਨਾਲ ਲੈਣੀ ਪੈਂਦੀ ਹੈ, ਜੇਕਰ ਦੋ ਗੋਲੀਆਂ ਦੀ ਜ਼ਰੂਰਤ ਹੈ, ਤੇ ਅਸੀਂ ਚਾਰ ਖਾ ਲਈਏ, ਤਾਂ ਸਰੀਰ ਨੂੰ ਫ਼ਾਇਦਾ ਨਹੀਂ ਨੁਕਸਾਨ ਹੋ ਜਾਂਦਾ ਹੈ। ਓਵੇਂ ਹੀ ਇਸ ਧਰਤੀ ਮਾਂ ਨੂੰ ਵੀ ਜੇਕਰ ਅਸੀਂ ਜ਼ਰੂਰਤ ਤੋਂ ਜ਼ਿਆਦਾ, ਸਾਡਾ ਗੁਆਂਢੀ ਜ਼ਿਆਦਾ ਬੋਰੀਆਂ ਪਾਉਂਦਾ ਹੈ, ਇਸ ਲਈ ਮੈਂ ਵੀ ਜ਼ਿਆਦਾ ਬੋਰੀਆਂ ਪਾ ਦੇਵਾਂ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਰਹਾਂਗੇ ਤਾਂ ਇਹ ਧਰਤੀ ਮਾਂ ਸਾਡੇ ਨਾਲ ਰੁੱਸ ਜਾਵੇਗੀ। ਯੂਰੀਆ ਖੁਆ-ਖੁਆ ਕੇ ਸਾਨੂੰ ਧਰਤੀ ਮਾਂ ਨੂੰ ਮਾਰਨ ਦਾ ਕੋਈ ਹੱਕ ਨਹੀਂ ਹੈ। ਇਹ ਸਾਡੀ ਮਾਂ ਹੈ, ਅਸੀਂ ਉਸ ਮਾਂ ਨੂੰ ਵੀ ਬਚਾਉਣਾ ਹੈ।
ਸਾਥੀਓ,
ਅੱਜ ਬੀਜ ਤੋਂ ਲੈ ਕੇ ਮੰਡੀ ਤੱਕ, ਭਾਜਪਾ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ। ਖੇਤ ਦੇ ਕੰਮ ਲਈ ਸਿੱਧੇ ਖਾਤਿਆਂ ਵਿੱਚ ਪੈਸੇ ਪਹੁੰਚਾਏ ਜਾ ਰਹੇ ਹਨ, ਤਾਂਕਿ ਕਿਸਾਨਾਂ ਨੂੰ ਕਰਜ਼ਿਆਂ ਲਈ ਭਟਕਣਾ ਨਾ ਪਵੇ। ਹੁਣ ਤੱਕ, ਪੀਐੱਮ ਕਿਸਾਨ ਸਨਮਾਨ ਨਿਧੀ ਦੇ ਲਗਭਗ ₹4 ਲੱਖ ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਅੰਕੜਾ ਯਾਦ ਰਹੇਗਾ? ਭੁੱਲ ਜਾਓਂਗੇ? ₹4 ਲੱਖ ਕਰੋੜ ਮੇਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਜਮ੍ਹਾ ਕੀਤੇ ਹਨ। ਇਸੇ ਸਾਲ, ਕਿਸਾਨਾਂ ਦੀ ਮਦਦ ਲਈ ₹35,000 ਕਰੋੜ ਦੀਆਂ ਦੋ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ - ₹35,000 ਕਰੋੜ। ਪੀਐੱਮ ਧਨ ਧਾਨਿਆ ਕ੍ਰਿਸ਼ੀ ਯੋਜਨਾ ਅਤੇ ਦਲਹਨ ਆਤਮ-ਨਿਰਭਰਤਾ ਮਿਸ਼ਨ, ਇਸ ਨਾਲ ਖੇਤੀ ਨੂੰ ਹੁਲਾਰਾ ਮਿਲੇਗਾ।
ਸਾਥੀਓ,
ਅਸੀਂ ਕਿਸਾਨਾਂ ਦੀ ਹਰ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਹੇ ਹਾਂ। ਖ਼ਰਾਬ ਮੌਸਮ ਕਾਰਨ ਫ਼ਸਲਾਂ ਦੇ ਨੁਕਸਾਨ ਹੋਣ ’ਤੇ ਕਿਸਾਨਾਂ ਨੂੰ ਫ਼ਸਲ ਬੀਮਾ ਯੋਜਨਾ ਦਾ ਸਹਾਰਾ ਮਿਲ ਰਿਹਾ ਹੈ। ਫ਼ਸਲਾਂ ਦਾ ਵਾਜਬ ਭਾਅ ਮਿਲੇ, ਇਸ ਲਈ ਖ਼ਰੀਦ ਦੀ ਵਿਵਸਥਾ ਸੁਧਾਰੀ ਗਈ ਹੈ। ਸਾਡੀ ਸਰਕਾਰ ਦਾ ਸਾਫ਼ ਮੰਨਣਾ ਹੈ ਕਿ ਦੇਸ਼ ਓਦੋਂ ਹੀ ਅੱਗੇ ਵਧੇਗਾ, ਜਦੋਂ ਮੇਰਾ ਕਿਸਾਨ ਮਜ਼ਬੂਤ ਹੋਵੇਗਾ ਅਤੇ ਇਸਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਸਾਥੀਓ,
ਕੇਂਦਰੀ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਨਾਲ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਵੀ ਜੋੜ ਦਿੱਤਾ ਸੀ। ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ), ਇਹ ਕੇਸੀਸੀ ਦੀ ਸਹੂਲਤ ਮਿਲਣ ਤੋਂ ਬਾਅਦ ਸਾਡੇ ਪਸ਼ੂ ਪਾਲਕਾਂ ਅਤੇ ਮੱਛੀ ਪਾਲਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਕੇਸੀਸੀ ਤੋਂ ਇਸ ਸਾਲ ਕਿਸਾਨਾਂ ਨੂੰ, ਇਹ ਅੰਕੜਾ ਵੀ ਯਾਦ ਰੱਖੋ, ਕੇਸੀਸੀ ਤੋਂ ਇਸ ਸਾਲ ਕਿਸਾਨਾਂ ਨੂੰ ₹10 ਲੱਖ ਕਰੋੜ ਤੋਂ ਜ਼ਿਆਦਾ ਦੀ ਮਦਦ ਦਿੱਤੀ ਗਈ ਹੈ। ₹10 ਲੱਖ ਕਰੋੜ। ਜੈਵਿਕ ਖਾਦਾਂ 'ਤੇ ਜੀਐੱਸਟੀ ਘੱਟ ਹੋਣ ਨਾਲ ਵੀ ਕਿਸਾਨਾਂ ਨੂੰ ਬਹੁਤ ਫ਼ਾਇਦਾ ਹੋਇਆ ਹੈ। ਭਾਜਪਾ ਸਰਕਾਰ ਭਾਰਤੀ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਲਈ ਵੀ ਬਹੁਤ ਉਤਸ਼ਾਹਿਤ ਕਰ ਰਹੀ ਹੈ ਅਤੇ ਮੈਂ ਤਾਂ ਚਾਹਾਂਗਾ ਅਸਾਮ ਦੇ ਅੰਦਰ ਕੁਝ ਤਹਿਸੀਲਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜੋ 100 ਫ਼ੀਸਦੀ ਕੁਦਰਤੀ ਖੇਤੀ ਕਰਦੀਆਂ ਹੋਣ। ਤੁਸੀਂ ਦੇਖੋ, ਹਿੰਦੁਸਤਾਨ ਨੂੰ ਅਸਾਮ ਦਿਸ਼ਾ ਦਿਖਾ ਸਕਦਾ ਹੈ। ਅਸਾਮ ਦਾ ਕਿਸਾਨ ਦੇਸ਼ ਨੂੰ ਦਿਸ਼ਾ ਦਿਖਾ ਸਕਦਾ ਹੈ। ਅਸੀਂ ਕੁਦਰਤੀ ਖੇਤੀ 'ਤੇ ਰਾਸ਼ਟਰੀ ਮਿਸ਼ਨ ਸ਼ੁਰੂ ਕੀਤਾ, ਅੱਜ ਲੱਖਾਂ ਕਿਸਾਨ ਇਸ ਨਾਲ ਜੁੜ ਚੁੱਕੇ ਹਨ। ਬੀਤੇ ਕੁਝ ਸਾਲਾਂ ਵਿੱਚ ਦੇਸ਼ ਵਿੱਚ 10,000 ਕਿਸਾਨ ਉਤਪਾਦਕ ਸੰਘ (ਐੱਫਪੀਓ) ਬਣੇ ਹਨ। ਉੱਤਰ-ਪੂਰਬ ਨੂੰ ਖ਼ਾਸ ਧਿਆਨ ਵਿੱਚ ਰੱਖਦੇ ਹੋਏ ਸਾਡੀ ਸਰਕਾਰ ਨੇ ਖਾਣ ਵਾਲੇ ਤੇਲਾਂ - ਪਾਮ ਆਇਲ ਨਾਲ ਜੁੜਿਆ ਮਿਸ਼ਨ ਵੀ ਸ਼ੁਰੂ ਕੀਤਾ। ਇਹ ਮਿਸ਼ਨ ਭਾਰਤ ਨੂੰ ਖਾਣ ਵਾਲੇ ਤੇਲਾਂ ਦੇ ਮਾਮਲੇ ਵਿੱਚ ਆਤਮਨਿਰਭਰ ਤਾਂ ਬਣਾਏਗਾ ਹੀ, ਇੱਥੋਂ ਦੇ ਕਿਸਾਨਾਂ ਦੀ ਆਮਦਨ ਵੀ ਵਧਾਏਗਾ।
ਸਾਥੀਓ,
ਇੱਥੇ ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਟੀ-ਗਾਰਡਨ ਵਰਕਰਸ (ਮਜ਼ਦੂਰਾਂ) ਵੀ ਹਨ। ਇਹ ਭਾਜਪਾ ਦੀ ਹੀ ਸਰਕਾਰ ਹੈ ਜਿਸਨੇ ਅਸਾਮ ਦੇ ਸਾਢੇ ਸੱਤ ਲੱਖ ਟੀ-ਗਾਰਡਨ ਵਰਕਰਸ ਦੇ ਜਨਧਨ ਬੈਂਕ ਖਾਤੇ ਖੁੱਲ੍ਹਵਾਏ। ਹੁਣ ਬੈਂਕਿੰਗ ਪ੍ਰਣਾਲੀ ਨਾਲ ਜੁੜਨ ਦੀ ਵਜ੍ਹਾ ਕਰਕੇ ਇਨ੍ਹਾਂ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਭੇਜਣ ਦੀ ਸਹੂਲਤ ਮਿਲੀ ਹੈ। ਸਾਡੀ ਸਰਕਾਰ ਟੀ-ਗਾਰਡਨ ਵਾਲੇ ਖੇਤਰਾਂ ਵਿੱਚ ਸਕੂਲ, ਸੜਕ, ਬਿਜਲੀ, ਪਾਣੀ ਅਤੇ ਹਸਪਤਾਲ ਦੀਆਂ ਸਹੂਲਤਾਂ ਵਧਾ ਰਹੀ ਹੈ।
ਸਾਥੀਓ,
ਸਾਡੀ ਸਰਕਾਰ "ਸਬਕਾ ਸਾਥ ਸਬਕਾ ਵਿਕਾਸ" ਦੇ ਮੰਤਰ ਨਾਲ ਅੱਗੇ ਵਧ ਰਹੀ ਹੈ। ਸਾਡੇ ਇਹ ਵਿਜ਼ਨ ਦੇਸ਼ ਦੇ ਗ਼ਰੀਬ ਵਰਗ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਲੈ ਕੇ ਆਇਆ ਹੈ। ਪਿਛਲੇ 11 ਸਾਲਾਂ ਵਿੱਚ ਸਾਡੇ ਯਤਨਾਂ ਨਾਲ, ਯੋਜਨਾਵਾਂ ਨਾਲ, ਯੋਜਨਾਵਾਂ ਨੂੰ ਧਰਤੀ ’ਤੇ ਲਾਗੂ ਕਰਨ ਨਾਲ 25 ਕਰੋੜ ਲੋਕ, ਇਹ ਅੰਕੜਾ ਵੀ ਯਾਦ ਰੱਖਣਾ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਦੇਸ਼ ਵਿੱਚ ਇੱਕ ਨਿਓ ਮਿਡਲ ਕਲਾਸ ਤਿਆਰ ਹੋਈ ਹੈ। ਇਹ ਇਸ ਲਈ ਹੋਇਆ ਹੈ, ਕਿਉਂਕਿ ਬੀਤੇ ਸਾਲਾਂ ਵਿੱਚ ਭਾਰਤ ਦੇ ਗ਼ਰੀਬ ਪਰਿਵਾਰਾਂ ਦੇ ਜੀਵਨ ਪੱਧਰ ਵਿੱਚ ਲਗਾਤਾਰ ਸੁਧਾਰ ਹੋਇਆ ਹੈ। ਕੁਝ ਤਾਜ਼ਾ ਅੰਕੜੇ ਆਏ ਹਨ, ਜੋ ਭਾਰਤ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਪ੍ਰਤੀਕ ਹਨ।
ਸਾਥੀਓ,
ਅਤੇ ਮੇਨ ਮੀਡੀਆ ਵਿੱਚ ਇਹ ਸਾਰੀਆਂ ਚੀਜ਼ਾਂ ਬਹੁਤ ਕੰਮ ਆਉਂਦੀਆਂ ਹਨ ਅਤੇ ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਮੈਂ ਜੋ ਗੱਲਾਂ ਦੱਸਦਾ ਹਾਂ ਉਨ੍ਹਾਂ ਨੂੰ ਯਾਦ ਰੱਖ ਕੇ ਦੂਜਿਆਂ ਨੂੰ ਵੀ ਦੱਸਣਾ।
ਸਾਥੀਓ,
ਪਹਿਲਾਂ, ਪਿੰਡਾਂ ਦੇ ਸਭ ਤੋਂ ਗ਼ਰੀਬ ਪਰਿਵਾਰਾਂ ਵਿੱਚ, 10 ਪਰਿਵਾਰਾਂ ਵਿੱਚੋਂ 1 ਕੋਲ ਵੀ ਬਾਈਕ ਤੱਕ ਨਹੀਂ ਹੁੰਦੀ ਸੀ। 10 ਵਿੱਚੋਂ 1 ਕੋਲ ਵੀ ਨਹੀਂ ਹੁੰਦੀ ਸੀ। ਹਾਲ ਹੀ ਜੋ ਸਰਵੇਖਣ ਆਏ ਹਨ, ਹੁਣ ਪਿੰਡ ਵਿੱਚ ਰਹਿਣ ਵਾਲੇ ਤਕਰੀਬਨ ਅੱਧੇ ਪਰਿਵਾਰਾਂ ਕੋਲ ਬਾਈਕ ਜਾਂ ਕਾਰ ਹੁੰਦੀ ਹੈ। ਇੰਨਾ ਹੀ ਨਹੀਂ, ਮੋਬਾਈਲ ਫੋਨ ਤਾਂ ਲਗਭਗ ਹਰ ਘਰ ਵਿੱਚ ਪਹੁੰਚ ਚੁੱਕੇ ਹਨ। ਫਰਿੱਜ ਵਰਗੀਆਂ ਚੀਜ਼ਾਂ, ਜੋ ਪਹਿਲਾਂ "ਲਗਜ਼ਰੀ" ਮੰਨੀਆਂ ਜਾਂਦੀਆਂ ਸੀ, ਹੁਣ ਇਹ ਸਾਡੇ ਨਿਓ ਮਿਡਲ ਕਲਾਸ ਦੇ ਘਰਾਂ ਵਿੱਚ ਵੀ ਨਜ਼ਰ ਆਉਣ ਲੱਗੀਆਂ ਹਨ। ਅੱਜ ਪਿੰਡਾਂ ਦੀ ਰਸੋਈ ਵਿੱਚ ਵੀ ਉਹ ਜਗ੍ਹਾ ਬਣਾ ਚੁੱਕਾ ਹੈ। ਨਵੇਂ ਅੰਕੜੇ ਦੱਸ ਰਹੇ ਹਨ ਕਿ ਸਮਾਰਟਫੋਨ ਦੇ ਬਾਵਜੂਦ, ਪਿੰਡਾਂ ਵਿੱਚ ਟੈਲੀਵਿਜ਼ਨ ਰੱਖਣ ਦਾ ਰੁਝਾਨ ਵੀ ਵਧ ਰਿਹਾ ਹੈ। ਇਹ ਬਦਲਾਅ ਆਪਣੇ ਆਪ ਨਹੀਂ ਹੋਇਆ। ਇਹ ਬਦਲਾਅ ਇਸ ਲਈ ਹੋਇਆ ਹੈ ਕਿਉਂਕਿ ਅੱਜ ਦੇਸ਼ ਦੇ ਗ਼ਰੀਬ ਸਸ਼ਕਤ ਹੋ ਰਿਹਾ ਹੈ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਗ਼ਰੀਬ ਤੱਕ ਵੀ ਵਿਕਾਸ ਦਾ ਲਾਭ ਪਹੁੰਚਣ ਲੱਗਿਆ ਹੈ।
ਸਾਥੀਓ,
ਭਾਜਪਾ ਦੀ ਡਬਲ-ਇੰਜਣ ਸਰਕਾਰ ਗ਼ਰੀਬਾਂ, ਆਦਿਵਾਸੀਆਂ, ਨੌਜਵਾਨਾਂ ਅਤੇ ਮਹਿਲਾਵਾਂ ਦੀ ਸਰਕਾਰ ਹੈ। ਇਸ ਲਈ, ਸਾਡੀ ਸਰਕਾਰ ਅਸਾਮ ਅਤੇ ਉੱਤਰ-ਪੂਰਬ ਵਿੱਚ ਦਹਾਕਿਆਂ ਦੀ ਹਿੰਸਾ ਖ਼ਤਮ ਕਰਨ ਵਿੱਚ ਜੁੜੀ ਹੈ। ਸਾਡੀ ਸਰਕਾਰ ਨੇ ਹਮੇਸ਼ਾ ਅਸਾਮ ਦੀ ਪਹਿਚਾਣ ਅਤੇ ਅਸਾਮ ਦੇ ਸਭਿਆਚਾਰ ਨੂੰ ਸਭ ਤੋਂ ਉੱਪਰ ਰੱਖਿਆ ਹੈ। ਭਾਜਪਾ ਸਰਕਾਰ ਅਸਾਮੀ ਮਾਣ ਦੇ ਪ੍ਰਤੀਕਾਂ ਨੂੰ ਹਰ ਮੰਚ 'ਤੇ ਉਜਾਗਰ ਕਰਦੀ ਹੈ। ਇਸ ਲਈ, ਅਸੀਂ ਮਾਣ ਨਾਲ ਮਹਾਂਵੀਰ ਲਸਿਤ ਬੋਰਫੁਕਨ ਦੀ 125 ਫੁੱਟ ਦੀ ਮੂਰਤੀ ਬਣਾਉਂਦੇ ਹਾਂ, ਅਸੀਂ ਅਸਾਮ ਦੇ ਮਾਣ ਭੂਪੇਨ ਹਜ਼ਾਰਿਕਾ ਦੀ ਜਨਮ ਸ਼ਤਾਬਦੀ ਦਾ ਵਰ੍ਹਾ ਮਨਾਉਂਦੇ ਹਾਂ। ਅਸੀਂ ਅਸਾਮ ਦੀ ਕਲਾ ਅਤੇ ਸ਼ਿਲਪਕਾਰੀ ਨੂੰ, ਅਸਾਮ ਦੇ ਗੋਮੋਸ਼ਾ ਨੂੰ ਦੁਨੀਆ ਵਿੱਚ ਪਹਿਚਾਣ ਦਿਵਾਉਂਦੇ ਹਾਂ, ਹਾਲੇ ਕੁਝ ਦਿਨ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਸ਼੍ਰੀਮਾਨ ਪੁਤਿਨ ਇੱਥੇ ਆਏ ਸਨ, ਜਦੋਂ ਦਿੱਲੀ ਵਿੱਚ ਆਏ, ਤਾਂ ਮੈਂ ਬੜੇ ਮਾਣ ਨਾਲ ਉਨ੍ਹਾਂ ਨੂੰ ਅਸਾਮ ਦੀ ਬਲੈਕ-ਟੀ ਗਿਫ਼ਟ ਕੀਤੀ ਸੀ। ਅਸੀਂ ਅਸਾਮ ਦੀ ਮਾਣ-ਮਰਿਆਦਾ ਵਧਾਉਣ ਵਾਲੇ ਹਰ ਕੰਮ ਨੂੰ ਤਰਜੀਹ ਦਿੰਦੇ ਹਾਂ।
ਪਰ ਭਾਈਓ ਭੈਣੋ,
ਭਾਜਪਾ ਜਦੋਂ ਇਹ ਕੰਮ ਕਰਦੀ ਹੈ ਤਾਂ ਸਭ ਤੋਂ ਜ਼ਿਆਦਾ ਤਕਲੀਫ਼ ਕਾਂਗਰਸ ਨੂੰ ਹੁੰਦੀ ਹੈ। ਤੁਹਾਨੂੰ ਯਾਦ ਹੋਵੇਗਾ, ਜਦੋਂ ਸਾਡੀ ਸਰਕਾਰ ਨੇ ਭੂਪੇਨ ਦਾ ਨੂੰ ਭਾਰਤ ਰਤਨ ਦਿੱਤਾ ਸੀ, ਤਾਂ ਕਾਂਗਰਸ ਨੇ ਖੁੱਲ੍ਹ ਕੇ ਇਸਦਾ ਵਿਰੋਧ ਕੀਤਾ ਸੀ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ ਸੀ ਕਿ, ਮੋਦੀ ਨੱਚਣ-ਗਾਉਣ ਵਾਲਿਆਂ ਨੂੰ ਭਾਰਤ ਰਤਨ ਦੇ ਰਿਹਾ ਹੈ। ਮੈਨੂੰ ਦੱਸੋ, ਇਹ ਭੂਪੇਨ ਦਾ ਜੀ ਦਾ ਅਪਮਾਨ ਹੈ ਕੀ ਨਹੀਂ ਹੈ? ਕਲਾ ਅਤੇ ਸਭਿਆਚਾਰ ਦਾ ਅਪਮਾਨ ਹੈ ਕੀ ਨਹੀਂ ਹੈ? ਅਸਾਮ ਦਾ ਅਪਮਾਨ ਹੈ ਕੀ ਨਹੀਂ ਹੈ? ਇਹ ਕਾਂਗਰਸ ਦਿਨ-ਰਾਤ ਕਰਦੀ ਹੈ, ਅਪਮਾਨ ਕਰਨਾ। ਅਸੀਂ ਅਸਾਮ ਵਿੱਚ ਸੈਮੀਕੰਡਕਟਰ ਯੂਨਿਟ ਲਗਵਾਈ, ਤਾਂ ਵੀ ਕਾਂਗਰਸ ਨੇ ਇਸਦਾ ਵਿਰੋਧ ਕੀਤਾ। ਤੁਸੀਂ ਨਾ ਭੁੱਲੋ, ਇਹ ਕਾਂਗਰਸ ਸਰਕਾਰ ਹੀ ਸੀ, ਜਿਸਨੇ ਇੰਨੇ ਦਹਾਕਿਆਂ ਤੱਕ ਟੀ ਕਮਿਊਨਿਟੀ ਦੇ ਭਾਈਆਂ-ਭੈਣਾਂ ਨੂੰ ਜ਼ਮੀਨ ਦੇ ਅਧਿਕਾਰ ਨਹੀਂ ਮਿਲਣ ਦਿੱਤੇ! ਭਾਜਪਾ ਦੀ ਸਰਕਾਰ ਨੇ ਉਨ੍ਹਾਂ ਨੂੰ ਜ਼ਮੀਨ ਦੇ ਅਧਿਕਾਰ ਵੀ ਦਿੱਤੇ ਅਤੇ ਸਨਮਾਨਜਨਕ ਜੀਵਨ ਵੀ ਦਿੱਤਾ ਅਤੇ ਮੈਂ ਤਾਂ ਚਾਹ ਵਾਲਾ ਹਾਂ, ਜੇ ਮੈਂ ਨਹੀਂ ਕਰੂੰਗਾ ਤਾਂ ਕੌਣ ਕਰੇਗਾ? ਇਹ ਕਾਂਗਰਸ ਹੁਣ ਵੀ ਦੇਸ਼ ਵਿਰੋਧੀ ਸੋਚ ਨੂੰ ਅੱਗੇ ਵਧਾ ਰਹੀ ਹੈ। ਇਹ ਲੋਕ ਅਸਾਮ ਦੀਆਂ ਜੰਗਲੀ ਜ਼ਮੀਨਾਂ 'ਤੇ ਉਨ੍ਹਾਂ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਸਾਉਣਾ ਚਾਹੁੰਦੇ ਹਨ। ਜਿਨ੍ਹਾਂ ਨਾਲ ਉਨ੍ਹਾਂ ਦਾ ਵੋਟ ਬੈਂਕ ਮਜ਼ਬੂਤ ਹੁੰਦਾ ਹੈ, ਤੁਸੀਂ ਬਰਬਾਦ ਹੋ ਜਾਓ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ, ਉਨ੍ਹਾਂ ਨੇ ਸਿਰਫ਼ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਹੈ।
ਭਾਈਓ ਭੈਣੋ,
ਕਾਂਗਰਸ ਨੂੰ ਅਸਾਮ ਅਤੇ ਅਸਾਮ ਦੇ ਲੋਕਾਂ ਨਾਲ, ਤੁਹਾਡੇ ਲੋਕਾਂ ਦੀ ਪਹਿਚਾਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੂੰ ਸਿਰਫ਼ ਸੱਤਾ, ਸਰਕਾਰ ਅਤੇ ਫਿਰ ਜੋ ਕੰਮ ਉਹ ਪਹਿਲਾਂ ਕਰਦੇ ਸੀ, ਉਹ ਕਰਨ ਵਿੱਚ ਦਿਲਚਸਪੀ ਹੈ। ਇਸ ਲਈ, ਉਨ੍ਹਾਂ ਨੂੰ ਬੰਗਲਾਦੇਸ਼ੀ ਘੁਸਪੈਠੀਆਂ ਜ਼ਿਆਦਾ ਚੰਗੇ ਲੱਗਦੇ ਹਨ। ਘੁਸਪੈਠੀਆਂ ਨੂੰ ਕਾਂਗਰਸ ਨੇ ਹੀ ਵਸਾਇਆ ਅਤੇ ਕਾਂਗਰਸ ਹੀ ਉਨ੍ਹਾਂ ਨੂੰ ਬਚਾਅ ਰਹੀ ਹੈ। ਇਸ ਲਈ, ਕਾਂਗਰਸ ਪਾਰਟੀ ਵੋਟਰ ਲਿਸਟ ਦੇ ਸ਼ੁੱਧੀਕਰਨ ਦਾ ਵਿਰੋਧ ਕਰ ਰਹੀ ਹੈ। ਤੁਸ਼ਟੀਕਰਨ ਅਤੇ ਵੋਟ ਬੈਂਕ ਦੇ ਇਸ ਕਾਂਗਰਸੀ ਜ਼ਹਿਰ ਤੋਂ ਅਸੀਂ ਅਸਾਮ ਨੂੰ ਬਚਾ ਕੇ ਰੱਖਣਾ ਹੈ। ਮੈਂ ਅੱਜ ਤੁਹਾਨੂੰ ਇੱਕ ਗਰੰਟੀ ਦਿੰਦਾ ਹਾਂ, ਅਸਾਮ ਦੀ ਪਹਿਚਾਣ ਅਤੇ ਅਸਾਮ ਦੇ ਸਨਮਾਨ ਦੀ ਰੱਖਿਆ ਲਈ ਭਾਜਪਾ, ਬੀਜੇਪੀ ਲੋਹੇ ਵਾਂਗ ਤੁਹਾਡੇ ਨਾਲ ਖੜ੍ਹੀ ਹੈ।
ਸਾਥੀਓ,
ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ, ਤੁਹਾਡੇ ਇਹ ਅਸ਼ੀਰਵਾਦ ਇਹੀ ਮੇਰੀ ਤਾਕਤ ਹਨ। ਤੁਹਾਡਾ ਇਹ ਪਿਆਰ ਮੇਰੀ ਦੌਲਤ ਹੈ ਅਤੇ ਇਸੇ ਲਈ ਮੈਨੂੰ ਹਰ ਪਲ ਤੁਹਾਡੇ ਲਈ ਜਿਊਣ ਦਾ ਆਨੰਦ ਆਉਂਦਾ ਹੈ। ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪੂਰਬੀ ਭਾਰਤ ਦੀ, ਸਾਡੇ ਉੱਤਰ-ਪੂਰਬ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਪੂਰਬੀ ਭਾਰਤ, ਭਾਰਤ ਦੇ ਵਿਕਾਸ ਦਾ ਗ੍ਰੋਥ ਇੰਜਣ ਬਣੇਗਾ। ਨਾਮਰੂਪ ਦੀ ਇਹ ਨਵੀਂ ਇਕਾਈ ਇਸ ਬਦਲਾਅ ਦੀ ਮਿਸਾਲ ਹੈ। ਇੱਥੇ ਜੋ ਖਾਦ ਬਣੇਗੀ, ਉਹ ਸਿਰਫ਼ ਅਸਾਮ ਦੇ ਖੇਤਾਂ ਤੱਕ ਨਹੀਂ ਰੁਕੇਗੀ। ਇਹ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਪੂਰਬੀ ਉੱਤਰ ਪ੍ਰਦੇਸ਼ ਤੱਕ ਪਹੁੰਚੇਗੀ। ਇਹ ਕੋਈ ਛੋਟੀ ਗੱਲ ਨਹੀਂ ਹੈ। ਇਹ ਦੇਸ਼ ਦੀਆਂ ਖਾਦ ਜ਼ਰੂਰਤਾਂ ਵਿੱਚ ਉੱਤਰ-ਪੂਰਬ ਦੀ ਭਾਗੀਦਾਰੀ ਹੈ। ਨਾਮਰੂਪ ਵਰਗੇ ਪ੍ਰਾਜੈਕਟ, ਇਹ ਦਿਖਾਉਂਦੇ ਹਨ ਕਿ ਭਵਿੱਖ ਵਿੱਚ ਉੱਤਰ-ਪੂਰਬ, ਆਤਮ-ਨਿਰਭਰ ਭਾਰਤ ਦਾ ਬਹੁਤ ਵੱਡਾ ਕੇਂਦਰ ਬਣ ਕੇ ਉਭਰੇਗਾ। ਸੱਚੇ ਅਰਥਾਂ ਵਿੱਚ ਅਸ਼ਟਲਕਸ਼ਮੀ ਬਣ ਕੇ ਰਹੇਗਾ। ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਖਾਦ ਪਲਾਂਟ ਦੀ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ -
ਭਾਰਤ ਮਾਤਾ ਦੀ ਜੈ।
ਭਾਰਤ ਮਾਤਾ ਦੀ ਜੈ।
ਅਤੇ ਇਸ ਸਾਲ ਤਾਂ ਵੰਦੇ ਮਾਤਰਮ ਦੇ 150 ਸਾਲ ਪੂਰੇ ਹੋ ਰਹੇ ਹਨ, ਸਾਡਾ ਮਾਣਮੱਤਾ ਪਲ। ਆਓ ਅਸੀਂ ਸਾਰੇ ਬੋਲੀਏ -
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
ਵੰਦੇ ਮਾਤਰਮ।
************
ਐੱਮਜੇਪੀਐੱਸ/ ਵੀਕੇ/ ਏਕੇ/ ਐੱਸਐੱਸ
(रिलीज़ आईडी: 2207320)
आगंतुक पटल : 3