ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਭਾਰਤ–ਓਮਾਨ ਬਿਜ਼ਨਸ ਫੋਰਮ ਮੌਕੇ ਮਾਣਯੋਗ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ


प्रविष्टि तिथि: 18 DEC 2025 4:08PM by PIB Chandigarh

ਮਹਾਮਾਹਿਮ ਕ਼ੈਸ ਅਲ ਯੂਸੁਫ਼, ਵਣਜ, ਉਦਯੋਗ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ,

ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ,

ਕਾਰੋਬਾਰੀ ਜਗਤ ਦੇ ਆਗੂ,

ਦੇਵੀਓ ਅਤੇ ਸੱਜਣੋ!

ਨਮਸਕਾਰ।

ਮੈਨੂੰ ਸੱਤ ਸਾਲ ਬਾਅਦ ਓਮਾਨ ਆਉਣ ਦਾ ਸੁਭਾਗ ਮਿਲਿਆ ਹੈ। ਅਤੇ ਅੱਜ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਰਿਹਾ ਹੈ।

ਇਸ ਕਾਰੋਬਾਰੀ ਸੰਮੇਲਨ ਲਈ ਤੁਹਾਡੀ ਗਰਮਜੋਸ਼ੀ ਮੇਰਾ ਵੀ ਉਤਸ਼ਾਹ ਵਧਾ ਰਹੀ ਹੈ। ਅੱਜ ਦੀ ਇਹ ਸੰਮੇਲਨ, ਭਾਰਤ - ਓਮਾਨ ਭਾਈਵਾਲੀ ਨੂੰ ਨਵੀਂ ਦਿਸ਼ਾ ਦੇਵੇਗਾ, ਨਵੀਂ ਗਤੀ ਦੇਵੇਗਾ ਅਤੇ ਨਵੀਂਆਂ ਬੁਲੰਦੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰੇਗਾ। ਅਤੇ ਇਸ ਵਿੱਚ ਤੁਹਾਡਾ ਸਭ ਦਾ ਬਹੁਤ ਵੱਡਾ ਰੋਲ ਹੈ।

ਦੋਸਤੋ,

ਤੁਸੀਂ ਭਾਰਤ ਅਤੇ ਓਮਾਨ ਦੇ ਬਿਜ਼ਨਸ, ਸਾਡੇ ਟਰੇਡ ਨੂੰ ਰਿਪ੍ਰੇਜ਼ੈਂਟ ਕਰਦੇ ਹੋ। ਤੁਸੀਂ ਉਸ ਵਿਰਾਸਤ ਦੇ ਵਾਰਿਸ ਹੋ, ਜਿਸਦਾ ਸਦੀਆਂ ਦਾ ਇੱਕ ਅਮੀਰ ਇਤਿਹਾਸ ਰਿਹਾ ਹੈ। ਸਭਿਆਚਾਰ ਦੇ ਆਰੰਭ ਤੋਂ ਹੀ, ਸਾਡੇ ਪੁਰਖੇ ਇੱਕ -ਦੂਜੇ ਨਾਲ ਸਮੁੰਦਰੀ ਵਪਾਰ ਕਰਦੇ ਆ ਰਹੇ ਸਨ।

ਅਕਸਰ ਕਿਹਾ ਜਾਂਦਾ ਹੈ ਕਿ ਸਮੁੰਦਰ ਦੇ ਦੋ ਕਿਨਾਰੇ ਬਹੁਤ ਦੂਰ ਹੁੰਦੇ ਹਨ, ਪਰ ਮਾਂਡਵੀ ਅਤੇ ਮਸਕਟ ਦੇ ਵਿਚਕਾਰ, ਅਰਬ ਸਾਗਰ ਇੱਕ ਮਜ਼ਬੂਤ ਪੁਲ਼ ਬਣਿਆ ਹੈ। ਇੱਕ ਅਜਿਹਾ ਪੁਲ਼, ਜਿਸਨੇ ਸਾਡੇ ਰਿਸ਼ਤਿਆਂ ਨੂੰ ਮਜ਼ਬੂਤ ਕੀਤਾ, ਸਭਿਆਚਾਰ ਅਤੇ ਅਰਥਚਾਰੇ ਨੂੰ ਤਾਕਤ ਦਿੱਤੀ। ਅੱਜ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਕਿ ਸਮੁੰਦਰ ਦੀਆਂ ਲਹਿਰਾਂ ਬਦਲਦੀਆਂ ਹਨ, ਮੌਸਮ ਬਦਲਦੇ ਹਨ, ਪਰ ਭਾਰਤ –ਓਮਾਨ ਦੀ ਦੋਸਤੀ ਹਰ ਮੌਸਮ ਵਿੱਚ ਹੋਰ ਮਜ਼ਬੂਤ ਹੁੰਦੀ ਹੈ ਅਤੇ ਹਰ ਲਹਿਰ ਨਾਲ ਨਵੀਂਆਂ ਉਚਾਈਆਂ ਨੂੰ ਛੂੰਹਦੀ ਹੈ।

ਦੋਸਤੋ,

ਸਾਡਾ ਰਿਸ਼ਤਾ ਭਰੋਸੇ ਦੀ ਨੀਂਹ ’ਤੇ ਬਣਿਆ, ਦੋਸਤੀ ਦੀ ਤਾਕਤ ਨਾਲ ਅੱਗੇ ਵਧਿਆ ਅਤੇ ਸਮੇਂ ਦੇ ਨਾਲ ਹੋਰ ਡੂੰਘਾ ਹੁੰਦਾ ਗਿਆ।

ਅੱਜ ਸਾਡੇ ਕੂਟਨੀਤਕ ਸਬੰਧ ਵੀ 70 ਸਾਲਾਂ ਦੇ ਹੋ ਗਏ ਹਨ। ਇਹ ਸਿਰਫ਼ ਸੱਤਰ ਸਾਲਾਂ ਦਾ ਜਸ਼ਨ ਨਹੀਂ ਹੈ, ਇਹ ਉਹ ਪੜਾਅ ਹੈ ਜਿਥੋਂ ਸਾਨੂੰ ਆਪਣੀ ਸਦੀਆਂ ਦੀ ਵਿਰਾਸਤ ਨੂੰ ਇੱਕ ਖੁਸ਼ਹਾਲ ਭਵਿੱਖ ਵੱਲ ਲੈ ਕੇ ਜਾਣਾ ਹੈ।

ਦੋਸਤੋ,

ਅੱਜ ਅਸੀਂ ਇੱਕ ਅਜਿਹਾ ਇਤਿਹਾਸਕ ਫ਼ੈਸਲਾ ਲੈ ਰਹੇ ਹਾਂ, ਜਿਸਦੀ ਗੂੰਜ ਆਉਣ ਵਾਲੇ ਕਈ ਦਹਾਕਿਆਂ ਤੱਕ ਸੁਣਾਈ ਦੇਵੇਗੀ। ਵਿਆਪਕ ਆਰਥਿਕ ਭਾਈਵਾਲੀ ਸਮਝੌਤਾ ਯਾਨੀ ਸੀਪਾ, ਸਾਡੀ ਭਾਈਵਾਲੀ ਨੂੰ 21ਵੀਂ ਸਦੀ ਵਿੱਚ ਨਵਾਂ ਭਰੋਸਾ, ਨਵੀਂ ਊਰਜਾ ਨਾਲ ਭਰ ਦੇਵੇਗਾ। ਇਹ ਸਾਡੇ ਸਾਂਝੇ ਭਵਿੱਖ ਦਾ ਖਰੜਾ ਹੈ। ਇਹ ਸਾਡੇ ਵਪਾਰ ਨੂੰ ਨਵੀਂ ਗਤੀ ਦੇਵੇਗਾ, ਨਿਵੇਸ਼ ਨੂੰ ਨਵਾਂ ਭਰੋਸਾ ਦੇਵੇਗਾ ਅਤੇ ਹਰ ਸੈਕਟਰ ਵਿੱਚ ਮੌਕਿਆਂ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ।

ਸੀਪਾ, ਸਾਡੇ ਨੌਜਵਾਨਾਂ ਲਈ ਵਿਕਾਸ, ਨਵੀਨਤਾ ਅਤੇ ਰੋਜ਼ਗਾਰ ਦੇ ਅਨੇਕ ਨਵੇਂ ਮੌਕੇ ਪੈਦਾ ਕਰੇਗਾ। ਇਹ ਸਮਝੌਤਾ ਪੱਤਰ ਤੋਂ ਨਿਕਲ ਕੇ ਕਾਰਗੁਜ਼ਾਰੀ ਵਿੱਚ ਬਦਲੇ—ਇਸ ਵਿੱਚ ਤੁਹਾਡੀ ਸਾਰਿਆਂ ਦੀ ਭੂਮਿਕਾ ਬਹੁਤ ਵੱਡੀ ਹੈ। ਕਿਉਂਕਿ ਜਦੋਂ ਨੀਤੀ ਅਤੇ ਉੱਦਮ ਇਕੱਠੇ ਚੱਲਦੇ ਹਨ, ਓਦੋਂ ਹੀ ਭਾਈਵਾਲੀ ਨਵਾਂ ਇਤਿਹਾਸ ਸਿਰਜਦੀ ਹੈ।

ਦੋਸਤੋ,

ਭਾਰਤ ਦੀ ਤਰੱਕੀ ਹਮੇਸ਼ਾ ਸਾਂਝੀ ਪ੍ਰਗਤੀ ਦੀ ਕਹਾਣੀ ਰਹੀ ਹੈ। ਭਾਰਤ ਜਦੋਂ ਵਿਕਾਸ ਕਰਦਾ ਹੈ ਤਾਂ ਆਪਣੇ ਦੋਸਤਾਂ ਨੂੰ ਆਪਣੀ ਤਰੱਕੀ ਦਾ ਭਾਈਵਾਲ ਬਣਾਉਂਦਾ ਹੈ। ਅੱਜ ਵੀ ਅਸੀਂ ਇਹੀ ਕਰ ਰਹੇ ਹਾਂ।

ਅੱਜ ਭਾਰਤ, ਤੀਜਾ ਵੱਡਾ ਅਰਥਚਾਰਾ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਵਿੱਚ ਪੂਰੀ ਦੁਨੀਆ ਲਈ ਮੌਕੇ ਹਨ, ਪਰ ਓਮਾਨ ਲਈ ਲਾਭ ਹੋਰ ਵੀ ਵੱਡਾ ਹੈ।

ਕਿਉਂਕਿ ਅਸੀਂ ਪੱਕੇ ਦੋਸਤ ਤਾਂ ਹਾਂ ਹੀ, ਸਮੁੰਦਰੀ ਗੁਆਂਢੀ ਵੀ ਹਾਂ। ਸਾਡੇ ਲੋਕ ਇੱਕ-ਦੂਜੇ ਨੂੰ ਜਾਣਦੇ ਹਨ, ਸਾਡੇ ਕਾਰੋਬਾਰੀ ਜਗਤ ਵਿੱਚ ਪੀੜ੍ਹੀਆਂ ਦਾ ਭਰੋਸਾ ਹੈ ਅਤੇ ਅਸੀਂ ਇੱਕ-ਦੂਜੇ ਦੇ ਬਾਜ਼ਾਰ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝਦੇ ਹਾਂ। ਅਜਿਹੇ ਵਿੱਚ ਭਾਰਤ ਦੀ ਵਿਕਾਸ ਯਾਤਰਾ ਵਿੱਚ, ਓਮਾਨ ਲਈ ਮੌਕੇ ਹੀ ਮੌਕੇ ਹਨ।

ਦੋਸਤੋ,

ਅੱਜ ਕਾਰੋਬਾਰੀ ਜਗਤ ਵਿੱਚ ਭਾਰਤ ਦੀ ਆਰਥਿਕਤਾ ਦੀ ਪ੍ਰਤੀਰੋਧਕਤਾ ਦੀ ਚਰਚਾ ਹੁੰਦੀ ਹੈ। ਲੋਕ ਅਕਸਰ ਪੁੱਛਦੇ ਹਨ ਕਿ ਦੁਨੀਆ ਵਿੱਚ ਇੰਨੀ ਅਨਿਸ਼ਚਿਤਤਾ ਹੈ, ਆਲਮੀ ਅਰਥਚਾਰਾ ਵੀ ਮੁਸ਼ਕਲਾਂ ਵਿੱਚ ਹੈ, ਤਾਂ ਅਜਿਹੇ ਵਿੱਚ ਭਾਰਤ 8 ਪ੍ਰਤੀਸ਼ਤ ਤੋਂ ਵੱਧ ਦੀ ਵਿਕਾਸ ਦਰ ਕਿਵੇਂ ਹਾਸਲ ਕਰ ਰਿਹਾ ਹੈ? ਮੈਂ ਤੁਹਾਨੂੰ ਇਸਦਾ ਵੱਡਾ ਕਾਰਨ ਦੱਸਦਾ ਹਾਂ।

ਅਸਲ ਵਿੱਚ ਪਿਛਲੇ 11 ਸਾਲਾਂ ਦੌਰਾਨ ਭਾਰਤ ਨੇ ਸਿਰਫ਼ ਨੀਤੀਆਂ ਨਹੀਂ ਬਦਲੀਆਂ, ਭਾਰਤ ਨੇ ਆਪਣਾ ਆਰਥਿਕ ਡੀਐੱਨਏ ਬਦਲਿਆ ਹੈ।

ਮੈਂ ਤੁਹਾਨੂੰ ਕੁਝ ਉਦਾਹਰਣ ਦਿੰਦਾ ਹਾਂ—ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ ਜੀਐੱਸਟੀ—ਨੇ ਪੂਰੇ ਭਾਰਤ ਨੂੰ ਇੱਕ ਏਕੀਕ੍ਰਿਤ, ਸੰਗਠਿਤ ਬਾਜ਼ਾਰ ਵਿੱਚ ਬਦਲ ਦਿੱਤਾ ਹੈ। ਦਿਵਾਲੀਆ ਅਤੇ ਦਿਵਾਲੀਆਪਨ ਸੰਹਿਤਾ ਨਾਲ ਵਿੱਤੀ ਅਨੁਸਾਸ਼ਨ ਆਇਆ, ਪਾਰਦਰਸ਼ਤਾ ਨੂੰ ਹੱਲਾਸ਼ੇਰੀ ਮਿਲੀ ਅਤੇ ਨਿਵੇਸ਼ਕ ਭਰੋਸਾ ਮਜ਼ਬੂਤ ਹੋਇਆ। ਇਸੇ ਤਰ੍ਹਾਂ ਅਸੀਂ ਕਾਰਪੋਰੇਟ ਟੈਕਸ ਸੁਧਾਰ ਕੀਤੇ। ਇਸ ਨਾਲ ਭਾਰਤ, ਦੁਨੀਆ ਦੇ ਸਭ ਤੋਂ ਮੁਕਾਬਲੇਯੋਗ ਨਿਵੇਸ਼ ਥਾਵਾਂ ਵਿੱਚੋਂ ਇੱਕ ਬਣ ਗਿਆ ਹੈ।

ਸਾਥੀਓ,

ਤੁਸੀਂ ਕਿਰਤ ਸੁਧਾਰਾਂ ਦੀ ਵੀ ਚਰਚਾ ਸੁਣੀ ਹੋਵੇਗੀ। ਅਸੀਂ ਦਰਜਨਾਂ ਕਿਰਤ ਕੋਡਜ਼ ਨੂੰ ਸਿਰਫ਼ ਚਾਰ ਕੋਡਜ਼ ਵਿੱਚ ਸਮੇਟਿਆ ਗਿਆ ਹੈ। ਇਹ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਕਿਰਤ ਸੁਧਾਰਾਂ ਵਿੱਚੋਂ ਇੱਕ ਹਨ।

ਦੋਸਤੋ,

ਜਦੋਂ ਨੀਤੀ ਵਿੱਚ ਸਪੱਸ਼ਟਤਾ ਆਉਂਦੀ ਹੈ ਤਾਂ ਉਤਪਾਦਨ ਨੂੰ ਵੀ ਨਵਾਂ ਵਿਸ਼ਵਾਸ ਮਿਲਦਾ ਹੈ। ਇੱਕ ਪਾਸੇ ਅਸੀਂ ਨੀਤੀ ਅਤੇ ਪ੍ਰਕਿਰਿਆ ਸੁਧਾਰ ਕਰ ਰਹੇ ਹਾਂ, ਦੂਜੇ ਪਾਸੇ ਭਾਰਤ ਵਿੱਚ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਲਈ ਉਤਪਾਦਨ ਸਬੰਧੀ ਪ੍ਰੋਤਸਾਹਨ ਵੀ ਦੇ ਰਹੇ ਹਾਂ। ਇਨ੍ਹਾਂ ਯਤਨਾਂ ਨਾਲ ਹੀ ਅੱਜ ਮੇਕ ਇਨ ਇੰਡੀਆ ਨੂੰ ਲੈ ਕੇ ਦੁਨੀਆ ਵਿੱਚ ਕਾਫ਼ੀ ਉਤਸ਼ਾਹ ਹੈ।

ਦੋਸਤੋ,

ਸੁਧਾਰਾਂ ਨੂੰ ਭਾਰਤ ਦੇ ਡਿਜੀਟਲ ਜਨਤਕ ਢਾਂਚੇ ਨੇ ਹੋਰ ਤਾਕਤ ਦਿੱਤੀ ਹੈ। ਸ਼ਾਸਨ ਕਾਗਜ਼ ਰਹਿਤ ਹੋਇਆ ਹੈ, ਅਰਥਚਾਰਾ ਨਗਦੀ ਰਹਿਤ ਹੋਇਆ ਹੈ ਅਤੇ ਵਿਵਸਥਾ ਕਾਫ਼ੀ ਜ਼ਿਆਦਾ ਕੁਸ਼ਲ, ਪਾਰਦਰਸ਼ੀ ਅਤੇ ਅਨੁਮਾਨਯੋਗ ਬਣੀ ਹੈ।

ਡਿਜੀਟਲ ਇੰਡੀਆ ਸਿਰਫ਼ ਇੱਕ ਪ੍ਰੋਜੈਕਟ ਨਹੀਂ ਹੈ, ਇਹ ਦੁਨੀਆ ਦੀ ਸਭ ਤੋਂ ਵੱਡੀ “ਸਮਾਵੇਸ਼ ਕ੍ਰਾਂਤੀ”ਵੀ ਹੈ। ਇਸ ਨਾਲ ਜੀਵਨ ਦੀ ਸੌਖ ਵਧੀ ਹੈ, ਅਤੇ ਕਾਰੋਬਾਰ ਕਰਨ ਦੀ ਸੌਖ ਨਵੇਂ ਪੱਧਰ ਤੱਕ ਪਹੁੰਚ ਚੁੱਕੀ ਹੈ। ਅਤੇ ਭਾਰਤ ਵਿੱਚ ਬਣ ਰਿਹਾ ਆਧੁਨਿਕ ਭੌਤਿਕ ਢਾਂਚਾ ਇਸ ਨੂੰ ਹੋਰ ਬਿਹਤਰ ਬਣਾ ਰਿਹਾ ਹੈ। ਸੁਧਰਦੀ ਹੋਈ ਕਨੈਕਟਿਵਿਟੀ ਸਦਕਾ ਭਾਰਤ ਵਿੱਚ ਢੋਆ ਢੁਆਈ ਦੀ ਲਾਗਤ ਨੂੰ ਲਗਾਤਾਰ ਘਟ ਰਹੀ ਹੈ।

ਦੋਸਤੋ,

ਭਾਰਤ ਨਿਵੇਸ਼ ਲਈ ਇੱਕ ਆਕਰਸ਼ਕ ਟਿਕਾਣਾ ਹੈ—ਇਹ ਗੱਲ ਦੁਨੀਆ ਮੰਨਦੀ ਹੈ। ਨਾਲ ਹੀ, ਭਾਰਤ ਇੱਕ ਭਰੋਸੇਮੰਦ, ਭਵਿੱਖ ਲਈ ਤਿਆਰ ਭਾਈਵਾਲ ਹੈ। ਅਤੇ ਓਮਾਨ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਵੀ ਹੈ ਅਤੇ ਸ਼ਲਾਘਾ ਵੀ ਕਰਦਾ ਹੈ।

ਸਾਡਾ ਸੰਯੁਕਤ ਨਿਵੇਸ਼ ਫੰਡ ਕਈ ਸਾਲਾਂ ਤੋਂ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਐਨਰਜੀ ਹੋਵੇ, ਤੇਲ ਅਤੇ ਗੈਸ ਹੋਵੇ, ਖਾਦਾਂ, ਸਿਹਤ, ਪੈਟ੍ਰੋਕੈਮੀਕਲਜ਼ ਅਤੇ ਗ੍ਰੀਨ ਐਨਰਜੀ —ਹਰ ਸੈਕਟਰ ਵਿੱਚ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਪਰ ਸਾਥੀਓ, ਭਾਰਤ ਅਤੇ ਓਮਾਨ ਸਿਰਫ਼ ਏਨੇ ਨਾਲ ਸੰਤੁਸ਼ਟ ਨਹੀਂ ਹਨ। ਅਸੀਂ ਅਰਾਮ ਦੇ ਦਾਇਰੇ ਵਿੱਚ ਨਹੀਂ ਰਹਿੰਦੇ। ਅਸੀਂ ਭਾਰਤ –ਓਮਾਨ ਭਾਈਵਾਲੀ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਣਾ ਹੈ। ਇਸ ਲਈ ਦੋਵਾਂ ਦੇਸ਼ਾਂ ਦੇ ਕਾਰੋਬਾਰੀ ਜਗਤ ਨੂੰ ਆਪਣੇ ਲਈ ਵੱਡੇ ਟੀਚੇ ਤੈਅ ਕਰਨੇ ਹੋਣਗੇ।

ਤੁਹਾਡਾ ਇਹ ਕੰਮ ਮੈਂ ਕੁਝ ਹਲਕਾ ਕਰ ਦਿੰਦਾ ਹਾਂ। ਮੈਂ ਤੁਹਾਨੂੰ ਕੁਝ ਚੁਣੌਤੀਆਂ ਦਿੰਦਾ ਹਾਂ। ਕੀ ਅਸੀਂ ਗ੍ਰੀਨ ਐਨਰਜੀ ਵਿੱਚ ਰਲਮਿਲ ਕੇ ਕੁਝ ਵੱਡਾ ਕਰ ਸਕਦੇ ਹਾਂ? ਕੀ ਅਸੀਂ ਅਗਲੇ ਪੰਜ ਸਾਲਾਂ ਵਿੱਚ ਪੰਜ ਵੱਡੇ ਗ੍ਰੀਨ ਪ੍ਰੋਜੈਕਟਸ ਸ਼ੁਰੂ ਕਰ ਸਕਦੇ ਹਾਂ? ਸਾਨੂੰ ਗ੍ਰੀਨ ਹਾਈਡ੍ਰੋਜਨ, ਗ੍ਰੀਨ ਅਮੋਨੀਆ, ਸੋਲਰ ਪਾਰਕ, ਊਰਜਾ ਭੰਡਾਰਣ ਅਤੇ ਸਮਾਰਟ ਗਰਿੱਡ ਵਿੱਚ ਨਵੇਂ ਮਿਆਰ ਸਥਾਪਤ ਕਰਨੇ ਹਨ।

ਦੋਸਤੋ,

ਊਰਜਾ ਸੁਰੱਖਿਆ ਜਿੰਨੀ ਅਹਿਮ ਹੈ, ਓਨੀ ਹੀ ਖੁਰਾਕ ਸੁਰੱਖਿਆ ਵੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਇੱਕ ਵੱਡਾ ਆਲਮੀ ਚੁਣੌਤੀ ਬਣਨ ਵਾਲੀ ਹੈ। ਕੀ ਅਸੀਂ ਮਿਲ ਕੇ ਭਾਰਤ-ਓਮਾਨ ਖੇਤੀ ਨਵੀਨਤਾ ਹੱਬ ਬਣਾ ਸਕਦੇ ਹਾਂ? ਇਸ ਨਾਲ ਓਮਾਨ ਦੀ ਖੁਰਾਕ ਸੁਰੱਖਿਆ ਮਜ਼ਬੂਤ ਹੋਵੇਗੀ, ਅਤੇ ਭਾਰਤ ਦੇ ਐਗਰੀ-ਟੈੱਕ ਨੂੰ ਆਲਮੀ ਬਾਜ਼ਾਰ ਤੱਕ ਪਹੁੰਚ ਕਰਨ ਵਿੱਚ ਮਦਦ ਮਿਲੇਗੀ।

ਦੋਸਤੋ,

ਖੇਤੀ ਤਾਂ ਇੱਕ ਸੈਕਟਰ ਹੈ। ਇਸੇ ਤਰ੍ਹਾਂ, ਹਰ ਸੈਕਟਰ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਕੀ ਅਸੀਂ “ਓਮਾਨ–ਭਾਰਤ ਇਨੋਵੇਸ਼ਨ ਬ੍ਰਿਜ” ਸਥਾਪਤ ਕਰ ਸਕਦੇ ਹਾਂ? ਸਾਨੂੰ ਇਹ ਤੈਅ ਕਰਨਾ ਪਵੇਗਾ ਕਿ ਅਗਲੇ ਦੋ ਸਾਲਾਂ ਵਿੱਚ 200 ਭਾਰਤੀ ਅਤੇ ਓਮਾਨੀ ਸਟਾਰਟ ਅਪਸ ਨੂੰ ਜੋੜਿਆ ਜਾਵੇ।

ਸਾਨੂੰ ਸਾਂਝੇ ਇਨਕਿਊਬੇਟਰਸ ਬਣਾਉਣੇ ਪੈਣਗੇ, ਫਿਨਟੈੱਕ ਸੈਂਡਬੌਕਸਜ਼, ਏਆਈ ਅਤੇ ਸਾਈਬਰ ਸੁਰੱਖਿਆ ਲੈਬਾਂ ਦਾ ਨਿਰਮਾਣ ਕਰਨਾ ਪਵੇਗਾ ਅਤੇ ਸਰਹੱਦ ਪਾਰ ਉੱਦਮ ਫੰਡਿੰਗ ਨੂੰ ਉਤਸ਼ਾਹਿਤ ਕਰਨਾ ਹੋਵੇਗਾ।

ਦੋਸਤੋ,

ਇਹ ਸਿਰਫ਼ ਵਿਚਾਰ ਨਹੀਂ ਹਨ—ਇਹ ਸੱਦੇ ਹਨ।

ਸੱਦਾ—ਨਿਵੇਸ਼ ਦਾ। 

ਸੱਦਾ —ਨਵੀਨਤਾ ਦਾ। 

ਸੱਦਾ — ਇਕੱਠਿਆਂ ਭਵਿੱਖ ਨਿਰਮਾਣ ਦਾ। 

ਆਓ, ਇਸ ਪੁਰਾਣੀ ਦੋਸਤੀ ਨੂੰ ਨਵੀਂ ਤਕਨਾਲੋਜੀ, ਨਵੀਂ ਊਰਜਾ ਅਤੇ ਨਵੇਂ ਸੁਪਨਿਆਂ ਦੀ ਤਾਕਤ ਨਾਲ ਅੱਗੇ ਵਧਾਈਏ।

“ਸ਼ੁਕਰਨ ਜਜ਼ੀਲਨ!”

ਧੰਨਵਾਦ!

*********

ਐੱਮਜੇਪੀਐੱਸ/ਐੱਸਟੀ


(रिलीज़ आईडी: 2206653) आगंतुक पटल : 3
इस विज्ञप्ति को इन भाषाओं में पढ़ें: English , हिन्दी , Urdu , Marathi , Manipuri , Bengali , Assamese , Gujarati , Telugu , Kannada , Malayalam , Malayalam