ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਦਾ ਇਥੋਪੀਆ ਦੇ ਸਰਬ-ਉੱਚ ਸਨਮਾਨ ਤੋਂ ਬਾਅਦ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

प्रविष्टि तिथि: 16 DEC 2025 11:10PM by PIB Chandigarh

ਮਹਾਮਹਿਮ,

ਦੇਵੀਓ ਅਤੇ ਸੱਜਣੋ,

ਟੇਨਾ ਯਿਸਟੀਲਿਨ,

ਅੱਜ ਇਥੋਪੀਆ ਦੀ ਮਹਾਨ ਧਰਤੀ 'ਤੇ ਤੁਹਾਡੇ ਸਾਰਿਆਂ ਦੇ ਦਰਮਿਆਨ ਹੋਣਾ ਮੇਰੇ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਮੈਂ ਅੱਜ ਦੁਪਹਿਰ ਹੀ ਇਥੋਪੀਆ ਵਿੱਚ ਕਦਮ ਰੱਖਿਆ ਹੈ ਅਤੇ ਆਉਂਦੇ ਹੀ ਮੈਨੂੰ ਇੱਥੋਂ ਦੇ ਲੋਕਾਂ ਤੋਂ ਇੱਕ ਸ਼ਾਨਦਾਰ ਸਨੇਹ ਅਤੇ ਨੇੜਤਾ ਮਿਲੀ ਹੈ, ਪ੍ਰਧਾਨ ਮੰਤਰੀ ਜੀ ਖ਼ੁਦ ਮੈਨੂੰ ਹਵਾਈ ਅੱਡੇ 'ਤੇ ਲੈਣ ਆਏ, ਫ੍ਰੈਂਡਸ਼ਿਪ ਪਾਰਕ ਅਤੇ ਸਾਇੰਸ ਮਿਊਜ਼ੀਅਮ ਲੈ ਕੇ ਗਏ।

ਅੱਜ ਸ਼ਾਮ ਇੱਥੋਂ ਦੀ ਲੀਡਰਸ਼ਿਪ ਨਾਲ ਮੇਰੀ ਅਹਿਮ ਵਿਸ਼ਿਆਂ 'ਤੇ ਚਰਚਾ ਹੋਈ ਹੈ, ਇਹ ਸਭ ਆਪਣੇ ਆਪ ਵਿੱਚ ਇੱਕ ਅਭੁੱਲ ਅਹਿਸਾਸ ਸੀ।

ਦੋਸਤੋ,

ਹੁਣੇ-ਹੁਣੇ ਮੈਨੂੰ ‘Great Honour Nishan of Ethiopia’ ਵਜੋਂ, ਇਸ ਦੇਸ਼ ਦਾ ਸਰਬ-ਉੱਚ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਦੁਨੀਆ ਦੀਆਂ ਸਭ ਤੋਂ ਪ੍ਰਾਚੀਨ ਅਤੇ ਖ਼ੁਸ਼ਹਾਲ ਸਭਿਅਤਾ ਵੱਲੋਂ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ। ਮੈਂ ਸਾਰੇ ਭਾਰਤੀਆਂ ਵੱਲੋਂ ਇਸ ਸਨਮਾਨ ਨੂੰ ਪੂਰੀ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਨਾਲ ਸਵੀਕਾਰ ਕਰਦਾ ਹਾਂ।

ਇਹ ਸਨਮਾਨ ਉਨ੍ਹਾਂ ਅਣਗਿਣਤ ਭਾਰਤੀਆਂ ਦਾ ਹੈ, ਜਿਨ੍ਹਾਂ ਨੇ ਸਾਡੀ ਸਾਂਝੇਦਾਰੀ ਨੂੰ ਆਕਾਰ ਦਿੱਤਾ - 1896 ਦੇ ਸੰਘਰਸ਼ ਵਿੱਚ ਸਹਿਯੋਗ ਦੇਣ ਵਾਲੇ ਗੁਜਰਾਤੀ ਵਪਾਰੀ ਹੋਣ, ਇਥੋਪੀਅਨ ਮੁਕਤੀ ਲਈ ਲੜਨ ਵਾਲੇ ਭਾਰਤੀ ਸੈਨਿਕ ਹੋਣ ਜਾਂ ਸਿੱਖਿਆ ਅਤੇ ਨਿਵੇਸ਼ ਦੇ ਜ਼ਰੀਏ ਭਵਿੱਖ ਸੰਵਾਰਨ ਵਾਲੇ ਭਾਰਤੀ ਅਧਿਆਪਕ ਅਤੇ ਉਦਯੋਗਪਤੀ। ਅਤੇ ਇਹ ਸਨਮਾਨ ਓਨਾ ਹੀ ਇਥੋਪੀਆ ਦੇ ਹਰ ਨਾਗਰਿਕ ਦਾ ਵੀ ਹੈ, ਜਿਸਨੇ ਭਾਰਤ ’ਤੇ ਭਰੋਸਾ ਰੱਖਿਆ ਅਤੇ ਇਸ ਸਬੰਧ ਨੂੰ ਦਿਲੋਂ ਖ਼ੁਸ਼ਹਾਲ ਬਣਾਇਆ।

ਦੋਸਤੋ,

ਅੱਜ ਇਸ ਮੌਕੇ 'ਤੇ ਮੈਂ ਆਪਣੇ ਦੋਸਤ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ।

ਮਾਣਯੋਗ,

ਪਿਛਲੇ ਮਹੀਨੇ, ਜਦੋਂ ਅਸੀਂ ਦੱਖਣੀ ਅਫ਼ਰੀਕਾ ਵਿੱਚ ਜੀ20 ਸੰਮੇਲਨ ਦੌਰਾਨ ਮਿਲੇ ਸੀ ਤਾਂ ਤੁਸੀਂ ਬਹੁਤ ਪਿਆਰ ਅਤੇ ਅਧਿਕਾਰ ਨਾਲ ਮੈਨੂੰ ਇਥੋਪੀਆ ਦੀ ਯਾਤਰਾ ਕਰਨ ਦੀ ਬੇਨਤੀ ਕੀਤੀ ਸੀ। ਮੈਂ ਆਪਣੇ ਦੋਸਤ, ਆਪਣੇ ਭਰਾ ਦਾ ਇਹ ਪਿਆਰ ਭਰਿਆ ਸੱਦਾ ਭਲਾ ਕਿਵੇਂ ਟਾਲ ਸਕਦਾ ਸੀ। ਇਸੇ ਲਈ ਪਹਿਲਾ ਮੌਕਾ ਮਿਲਦੇ ਹੀ, ਮੈਂ ਇਥੋਪੀਆ ਆਉਣ ਦਾ ਫ਼ੈਸਲਾ ਕੀਤਾ।

ਦੋਸਤੋ,

ਇਹ ਦੌਰਾ ਜੇਕਰ ਆਮ ਕੂਟਨੀਤਕ ਤੌਰ ਤਰੀਕੇ ਨਾਲ ਹੁੰਦਾ ਤਾਂ ਸ਼ਾਇਦ ਬਹੁਤ ਸਮਾਂ ਲੱਗ ਜਾਂਦਾ। ਪਰ ਤੁਹਾਡੇ ਲੋਕਾਂ ਦਾ ਇਹ ਸਨੇਹ ਅਤੇ ਅਪਣੱਤ ਮੈਨੂੰ ਸਿਰਫ਼ 24 ਦਿਨਾਂ ਵਿੱਚ ਇੱਥੇ ਖਿੱਚ ਲਿਆਈ।

ਦੋਸਤੋ,

ਅੱਜ ਜਦੋਂ ਪੂਰੀ ਦੁਨੀਆ ਦੀ ਨਿਗ੍ਹਾ ਗਲੋਬਲ ਸਾਊਥ 'ਤੇ ਹੈ, ਅਜਿਹੇ ਵਿੱਚ ਇਥੋਪੀਆ ਦੀ ਸਵੈ-ਮਾਣ ਅਤੇ ਆਜ਼ਾਦੀ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਸਾਡੇ ਸਾਰਿਆਂ ਲਈ ਇੱਕ ਸਸ਼ਕਤ ਪ੍ਰੇਰਨਾ ਹੈ। ਇਹ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਅਹਿਮ ਸਮੇਂ ਦੌਰਾਨ ਇਥੋਪੀਆ ਦੀ ਕਮਾਨ ਡਾ. ਅਬੀ ਦੇ ਸਮਰੱਥ ਹੱਥਾਂ ਵਿੱਚ ਹੈ।

ਆਪਣੇ "ਮੇਡੇਮਰ" ਦੀ ਸੋਚ ਅਤੇ ਵਿਕਾਸ ਦੇ ਸੰਕਲਪ ਨਾਲ, ਉਹ ਜਿਸ ਤਰ੍ਹਾਂ ਨਾਲ ਇਥੋਪੀਆ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਲੈ ਕੇ ਜਾ ਰਹੇ ਹਨ, ਉਹ ਪੂਰੀ ਦੁਨੀਆ ਲਈ ਇੱਕ ਚਮਕਦਾਰ ਮਿਸਾਲ ਹੈ। ਵਾਤਾਵਰਨ ਸੰਭਾਲ ਹੋਵੇ, ਸਮਾਵੇਸ਼ੀ ਵਿਕਾਸ ਹੋਵੇ ਜਾਂ ਫਿਰ ਵਖਰੇਵਿਆਂ ਨਾਲ ਭਰੇ ਸਮਾਜ ਵਿੱਚ ਏਕਤਾ ਵਧਾਉਣਾ, ਉਨ੍ਹਾਂ ਦੇ ਯਤਨ, ਯਤਨਾਂ ਅਤੇ ਵਚਨਬੱਧਤਾ ਦੀ ਮੈਂ ਦਿਲੋਂ ਸ਼ਲਾਘਾ ਕਰਦਾ ਹਾਂ।

ਦੋਸਤੋ,

ਭਾਰਤ ਵਿੱਚ ਸਾਡਾ ਮੰਨਣਾ ਹੈ ਕਿ "ਸਾ ਵਿੱਦਿਆ, ਯਾ ਵਿਮੁਕਤਯੇ"( सा विद्या, या विमुक्तये)। ਯਾਨੀ ਗਿਆਨ ਮੁਕਤ ਕਰਦਾ ਹੈ।

ਸਿੱਖਿਆ ਕਿਸੇ ਵੀ ਰਾਸ਼ਟਰ ਦੀ ਨੀਂਹ ਹੈ ਅਤੇ ਮੈਨੂੰ ਮਾਣ ਹੈ ਕਿ ਇਥੋਪੀਆ ਅਤੇ ਭਾਰਤ ਦੇ ਸਬੰਧਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਅਧਿਆਪਕਾਂ ਦਾ ਰਿਹਾ ਹੈ। ਇਥੋਪੀਆ ਦੇ ਮਹਾਨ ਸਭਿਆਚਾਰ ਨੇ ਇਨ੍ਹਾਂ ਨੂੰ ਇੱਥੇ ਆਕਰਸ਼ਿਤ ਕੀਤਾ ਅਤੇ ਉਨ੍ਹਾਂ ਨੂੰ ਇੱਥੇ ਦੀਆਂ ਕਈ ਪੀੜ੍ਹੀਆਂ ਨੂੰ ਤਿਆਰ ਕਰਨ ਦਾ ਸੁਭਾਗ ਮਿਲਿਆ। ਅੱਜ ਵੀ ਕਈ ਭਾਰਤੀ ਫੈਕਲਟੀ ਮੈਂਬਰ ਇਥੋਪੀਆ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਅਦਾਰਿਆਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

ਦੋਸਤੋ,

ਭਵਿੱਖ ਉਨ੍ਹਾਂ ਸਾਂਝੇਦਾਰੀਆਂ ਦਾ ਹੁੰਦਾ ਹੈ, ਜੋ ਵਿਜ਼ਨ ਅਤੇ ਭਰੋਸੇ 'ਤੇ ਅਧਾਰਿਤ ਹੋਣ। ਅਸੀਂ ਇਥੋਪੀਆ ਨਾਲ ਮਿਲ ਕੇ ਅਜਿਹੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਾਂ ਜੋ ਬਦਲਦੀਆਂ ਵਿਸ਼ਵ-ਵਿਆਪੀ ਚੁਣੌਤੀਆਂ ਨੂੰ ਹੱਲ ਵੀ ਕਰਨ ਅਤੇ ਨਵੀਂਆਂ ਸੰਭਾਵਨਾਵਾਂ ਦਾ ਨਿਰਮਾਣ ਵੀ ਕਰਨ।

ਇੱਕ ਵਾਰ ਫਿਰ, ਇਥੋਪੀਆ ਦੇ ਸਾਰੇ ਸਤਿਕਾਰਯੋਗ ਲੋਕਾਂ ਨੂੰ 140 ਕਰੋੜ ਭਾਰਤੀ ਨਾਗਰਿਕਾਂ ਵੱਲੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

ਧੰਨਵਾਦ

***

ਐੱਮਜੇਪੀਐੱਸ/ ਐੱਸਟੀ


(रिलीज़ आईडी: 2205227) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Manipuri , Gujarati , Telugu , Kannada , Malayalam