ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਓਲੰਪਿਕ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਿਤ ਕੀਤਾ


ਬਸਤਰ ਸਮੇਤ ਪੂਰੇ ਭਾਰਤ ਵਿੱਚੋਂ ਨਕਸਲਵਾਦ 31 ਮਾਰਚ, 2026 ਤੱਕ ਖਤਮ ਹੋ ਜਾਵੇਗਾ

ਅਗਲੇ 5 ਸਾਲਾਂ ਵਿੱਚ, ਬਸਤਰ ਡਿਵੀਜ਼ਨ ਦੇਸ਼ ਦਾ ਸਭ ਤੋਂ ਵਿਕਸਿਤ ਕਬਾਇਲੀ ਡਿਵੀਜ਼ਨ ਬਣ ਜਾਵੇਗਾ

2026 ਦੀਆਂ ਬਸਤਰ ਓਲੰਪਿਕਸ ਨਕਸਲ ਮੁਕਤ ਬਸਤਰ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ

ਇਹ ਸਾਡੇ ਸਾਰਿਆਂ ਲਈ ਮਾਣ ਦੀ ਗੱਲ ਹੈ ਕਿ ਨਕਸਲਵਾਦ ਨੂੰ ਛੱਡ ਕੇ 700 ਤੋਂ ਵੱਧ ਨੌਜਵਾਨ ਬਸਤਰ ਓਲੰਪਿਕ 2025 ਵਿੱਚ ਸ਼ਾਮਲ ਹੋਏ ਹਨ

ਜਿਨ੍ਹਾਂ ਨੇ ਆਤਮ ਸਮਰਪਣ ਕੀਤਾ ਉਨ੍ਹਾਂ ਨੇ ਡਰ ਉੱਤੇ ਉਮੀਦ ਅਤੇ ਤਬਾਹੀ ਉੱਤੇ ਵਿਕਾਸ ਨੂੰ ਚੁਣਿਆ। ਇਹ ਮੋਦੀ ਜੀ ਦੀ ਵਿਕਸਿਤ ਬਸਤਰ ਦੀ ਕਲਪਨਾ ਹੈ

ਜਿਸ ਬਸਤਰ ਵਿੱਚ ਕਦੇ 'ਲਾਲ ਸਲਾਮ' ਦੇ ਨਾਅਰੇ ਲਗਦੇ ਸਨ, ਹੁਣ ਇਥੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਗੂੰਜ ਰਹੇ ਹਨ

ਸਿਰਫ਼ ਸ਼ਾਂਤੀ ਹੀ ਵਿਕਾਸ ਦਾ ਰਾਹ ਪੱਧਰਾ ਕਰ ਸਕਦੀ ਹੈ, ਇਸ ਲਈ, ਨਕਸਲੀਆਂ ਨੂੰ ਆਪਣੇ ਹਥਿਆਰ ਛੱਡ ਕੇ, ਮੁੱਖ ਧਾਰਾ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਅਤੇ ਪੁਨਰਵਾਸ ਨੀਤੀ ਦਾ ਲਾਭ ਉਠਾਉਣਾ ਚਾਹੀਦਾ ਹੈ

ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਵਿੱਚ ਬਸਤਰ ਦੇ ਖਿਡਾਰੀ ਦੇਸ਼ ਦਾ ਮਾਣ ਵਧਾ ਸਕਣ, ਇਸਦੇ ਪ੍ਰਬੰਧ ਕੀਤੇ ਜਾ ਰਹੇ ਹਨ

ਬਸਤਰ ਓਲੰਪਿਕ 2025 ਵਿੱਚ 3,91,000 ਖਿਡਾਰੀਆਂ ਨੇ ਹਿੱਸਾ ਲਿਆ, ਜੋ ਕਿ ਢਾਈ ਗੁਣਾ ਵਾਧਾ ਹੈ, ਖਿਡਾਰੀਆਂ ਦੀ ਵਧੀ ਹੋਈ ਭਾਗੀਦਾਰੀ ਦਰ ਦੇ ਮਾਮਲੇ ਵਿੱਚ, ਭੈਣਾਂ ਭਰਾਵਾਂ ਨੇ ਬਾਜ਼ੀ ਮਾਰੀ।

ਜਿਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਜੋ ਨਕਸਲੀ ਹਿੰਸਾ ਦਾ ਸ਼ਿਕਾਰ ਹੋਏ ਹਨ, ਅਸੀਂ ਉਨ੍ਹਾਂ ਲੋਕਾਂ ਲਈ ਬਹੁਤ ਆਕਰਸ਼ਕ ਪੁਨਰਵਾਸ ਯੋਜਨਾਵਾਂ ਲਿਆਵਾਂਗੇ

ਕੇਂਦਰ ਅਤੇ ਛੱਤੀਸਗੜ੍ਹ ਸਰਕਾਰਾਂ ਇੱਕ ਵਿਕਸਿਤ ਬਸਤਰ ਬਣਾਉਣ ਲਈ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ

ਕੇਂਦਰੀ ਗ੍ਰਹਿ ਮੰਤਰੀ ਨੇ ਸਮੁਦਾਇਕ ਨੇਤਾਵਾਂ ਅਤੇ ਸਮਾਜ ਸੇਵਕਾਂ ਨੂੰ ਹਥਿਆਰਬੰਦ ਨਕਸਲੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ

प्रविष्टि तिथि: 13 DEC 2025 5:35PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਜਗਦਲਪੁਰ ਵਿੱਚ ਬਸਤਰ ਓਲੰਪਿਕ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂੰ ਦਿਓ ਸਾਈ ਅਤੇ ਉਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਮੌਜੂਦ ਸਨ।

ਇਸ ਮੌਕੇ 'ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ 31 ਮਾਰਚ, 2026 ਤੋਂ ਪਹਿਲਾਂ ਪੂਰੇ ਦੇਸ਼ ਵਿੱਚੋਂ ਖੱਬੇ ਪੱਖੀ ਅਤਿਵਾਦ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ, ਅਤੇ ਅੱਜ ਬਸਤਰ ਓਲੰਪਿਕ-2025 ਵਿੱਚ, ਅਸੀਂ ਇਸ ਪ੍ਰਾਪਤੀ ਦੇ ਸਿਖਰ 'ਤੇ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਗਲੇ ਸਾਲ, ਨਵੰਬਰ-ਦਸੰਬਰ ਵਿੱਚ ਬਸਤਰ ਓਲੰਪਿਕ-2026 ਤੱਕ, ਛੱਤੀਸਗੜ੍ਹ ਸਮੇਤ ਦੇਸ਼ ਵਿੱਚੋਂ ਲਾਲ ਆਤੰਕ ਨੂੰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੋਵੇਗਾ, ਅਤੇ ਇੱਕ ਨਕਸਲ ਮੁਕਤ ਬਸਤਰ ਅੱਗੇ ਵਧ ਰਿਹਾ ਹੋਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਅਸੀਂ ਪੂਰੇ ਬਸਤਰ ਅਤੇ ਭਾਰਤ ਨੂੰ ਨਕਸਲਵਾਦ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇੱਥੇ ਹੀ ਨਹੀਂ ਰੁਕਣਾ ਚਾਹੀਦਾ, ਸਗੋਂ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬਸਤਰ ਡਿਵੀਜ਼ਨ ਜਿਸ ਵਿੱਚ ਸੱਤ ਜ਼ਿਲ੍ਹੇ ਕਾਂਕੇਰ, ਕੋਂਡਾਗਾਓਂ, ਬਸਤਰ, ਸੁਕਮਾ, ਬੀਜਾਪੁਰ, ਨਾਰਾਇਣਪੁਰ ਅਤੇ ਦਾਂਤੇਵਾੜਾ ਸ਼ਾਮਲ ਹਨ, ਦਸੰਬਰ 2030 ਤੱਕ ਦੇਸ਼ ਦੇ ਸਭ ਤੋਂ ਵਿਕਸਿਤ ਕਬਾਇਲੀ ਡਿਵੀਜ਼ਨ ਬਣ ਜਾਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਸੰਕਲਪ ਹੈ ਕਿ ਬਸਤਰ ਦੇ ਹਰ ਵਿਅਕਤੀ ਨੂੰ ਘਰ, ਬਿਜਲੀ, ਟਾਇਲਟ, ਟੂਟੀ ਰਾਹੀਂ ਪੀਣ ਵਾਲਾ ਪਾਣੀ, ਗੈਸ ਸਿਲੰਡਰ, 5 ਕਿਲੋਗ੍ਰਾਮ ਅਨਾਜ ਅਤੇ 5 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਜਾਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਅਸੀਂ ਅਗਲੇ ਪੰਜ ਸਾਲਾਂ ਵਿੱਚ ਬਸਤਰ ਨੂੰ ਦੇਸ਼ ਦਾ ਸਭ ਤੋਂ ਵਿਕਸਿਤ ਕਬਾਇਲੀ ਡਿਵੀਜ਼ਨ ਬਣਾਉਣ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਯਤਨ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਅਤੇ ਸ਼੍ਰੀ ਵਿਸ਼ਨੂੰ ਦਿਓ ਸਾਈ ਦੀ ਅਗਵਾਈ ਹੇਠ, ਛੱਤੀਸਗੜ੍ਹ ਸਰਕਾਰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ ਤਾਂ ਜੋ ਇੱਕ ਵਿਕਸਿਤ ਬਸਤਰ ਬਣਾਇਆ ਜਾ ਸਕੇ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਸਤਰ ਦੇ ਹਰ ਪਿੰਡ ਨੂੰ ਸੜਕਾਂ ਨਾਲ ਜੋੜਿਆ ਜਾਵੇਗਾ, ਉੱਥੇ ਬਿਜਲੀ ਹੋਵੇਗੀ, 5 ਕਿਲੋਮੀਟਰ ਦੇ ਘੇਰੇ ਵਿੱਚ ਬੈਂਕਿੰਗ ਸਹੂਲਤਾਂ ਉਪਲਬਧ ਹੋਣਗੀਆਂ, ਅਤੇ ਸਾਡੀ ਸਰਕਾਰ ਪੀਐੱਚਸੀ/ਸੀਐੱਚਸੀ ਦਾ ਇੱਕ ਸੰਘਣਾ ਨੈੱਟਵਰਕ ਬਣਾਉਣ ਲਈ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਿੱਚ ਜੰਗਲੀ ਉਤਪਾਦਾਂ ਦੀ ਪ੍ਰੋਸੈੱਸਿੰਗ ਲਈ ਸਹਿਕਾਰੀ ਸਭਾਵਾਂ 'ਤੇ ਅਧਾਰਿਤ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਸਤਰ ਦੇ ਸਾਰੇ ਸੱਤ ਜ਼ਿਲ੍ਹੇ ਉਹ ਜ਼ਿਲ੍ਹੇ ਬਣ ਜਾਣਗੇ ਜੋ ਸਾਰੇ ਕਬਾਇਲੀ ਜ਼ਿਲ੍ਹਿਆਂ ਵਿੱਚੋਂ ਸਭ ਤੋਂ ਵੱਧ ਦੁੱਧ ਪੈਦਾ ਕਰਨਗੇ ਅਤੇ ਡੇਅਰੀ ਰਾਹੀਂ ਆਪਣੀ ਆਮਦਨ ਵਧਾਉਣਗੇ। ਉਨ੍ਹਾਂ ਕਿਹਾ ਕਿ ਅਸੀਂ ਬਸਤਰ ਵਿੱਚ ਨਵੇਂ ਉਦਯੋਗ ਵੀ ਸਥਾਪਿਤ ਕਰਾਂਗੇ, ਉੱਚ ਸਿੱਖਿਆ ਲਈ ਪ੍ਰਬੰਧ ਕੀਤੇ ਜਾਣਗੇ, ਭਾਰਤ ਵਿੱਚ ਸਭ ਤੋਂ ਵਧੀਆ ਖੇਡ ਕੰਪਲੈਕਸ ਅਤੇ ਅਤਿ-ਆਧੁਨਿਕ ਹਸਪਤਾਲ ਸਥਾਪਿਤ ਕੀਤੇ ਜਾਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਕੁਪੋਸ਼ਣ ਨੂੰ ਦੂਰ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਵੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਲਈ ਇੱਕ ਬਹੁਤ ਹੀ ਆਕਰਸ਼ਕ ਪੁਨਰਵਾਸ ਨੀਤੀ ਲਿਆਵਾਂਗੇ ਜਿਨ੍ਹਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ ਅਤੇ ਜੋ ਨਕਸਲਵਾਦ ਕਾਰਨ ਜ਼ਖਮੀ ਹੋਏ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਨਕਸਲਵਾਦ ਨੂੰ ਖਤਮ ਕਰਨਾ ਹੈ ਕਿਉਂਕਿ ਨਕਸਲੀ ਇਸ ਖੇਤਰ ਦੇ ਵਿਕਾਸ 'ਤੇ ਆਪਣਾ ਫਨ ਫੈਲਾ ਕੇ ਸੱਪ ਵਾਂਗ ਬੈਠੇ ਹਨ। ਉਨ੍ਹਾਂ ਕਿਹਾ ਕਿ ਨਕਸਲਵਾਦ ਦੇ ਖਾਤਮੇ ਦੇ ਨਾਲ, ਇਸ ਖੇਤਰ ਵਿੱਚ ਵਿਕਾਸ ਦੀ ਇੱਕ ਨਵੀਂ ਸ਼ੁਰੂਆਤ ਹੋਵੇਗੀ, ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਸ਼੍ਰੀ ਵਿਸ਼ਨੂੰ ਦਿਓ ਜੀ ਦੀ ਅਗਵਾਈ ਵਿੱਚ, ਇਹ ਸਭ ਤੋਂ ਵਿਕਸਿਤ ਖੇਤਰ ਬਣ ਜਾਵੇਗਾ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਸਤਰ ਓਲੰਪਿਕ-2025 ਵਿੱਚ ਸੱਤ ਜ਼ਿਲ੍ਹਿਆਂ ਦੀਆਂ ਸੱਤ ਟੀਮਾਂ ਸਨ ਅਤੇ ਇੱਕ ਟੀਮ ਵਿੱਚ ਆਤਮ ਸਮਰਪਣ ਕਰਨ ਵਾਲੇ ਨਕਸਲੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ 700 ਤੋਂ ਵੱਧ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ ਹਿੱਸਾ ਲੈਂਦੇ ਦੇਖ ਕੇ ਬਹੁਤ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਨਕਸਲਵਾਦ ਦੇ ਧੋਖੇ ਵਿੱਚ ਫਸ ਕੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰਨ ਵਾਲੇ ਅਤੇ 700 ਤੋਂ ਵੱਧ ਅਜਿਹੇ ਨੌਜਵਾਨ ਜੋ ਹਥਿਆਰ ਰੱਖ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋਏ ਹਨ, ਅੱਜ ਖੇਡਾਂ ਦੇ ਰਾਹ 'ਤੇ ਆ ਗਏ ਹਨ। ਸ਼੍ਰੀ ਸ਼ਾਹ ਨੇ ਦੁਹਰਾਇਆ ਕਿ 31 ਮਾਰਚ, 2026 ਤੱਕ, ਇਹ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ। ਉਨ੍ਹਾਂ ਨੇ ਹਿੰਸਾ ਵਿੱਚ ਸ਼ਾਮਲ ਨਕਸਲਵਾਦੀਆਂ ਨੂੰ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਹੁਣ ਵੀ, ਜੋ ਲੋਕ ਗੁੰਮਰਾਹ ਹੋ ਕੇ ਹੱਥਾਂ ਵਿੱਚ ਹਥਿਆਰ ਲੈ ਕੇ ਬੈਠੇ ਹਨ , ਉਨ੍ਹਾਂ ਨੂੰ ਹਥਿਆਰ ਛੱਡ ਦੇਣੇ ਚਾਹੀਦੇ ਹਨ ਅਤੇ ਪੁਨਰਵਾਸ ਨੀਤੀ ਦਾ ਲਾਭ ਲੈਣਾ ਚਾਹੀਦਾ ਹੈ, ਆਪਣੇ ਅਤੇ ਆਪਣੇ ਪਰਿਵਾਰਾਂ ਦੇ ਕਲਿਆਣ ਬਾਰੇ ਸੋਚਣਾ ਚਾਹੀਦਾ ਹੈ, ਅਤੇ ਇੱਕ ਵਿਕਸਿਤ ਬਸਤਰ ਦੇ ਸੰਕਲਪ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਕਸਲਵਾਦ ਕਿਸੇ ਨੂੰ ਵੀ ਲਾਭ ਨਹੀਂ ਪਹੁੰਚਾਉਂਦਾ – ਨਾ ਹੀ ਹਥਿਆਰ ਚੁੱਕਣ ਵਾਲਿਆਂ ਨੂੰ, ਨਾ ਹੀ ਆਦਿਵਾਸੀਆਂ ਨੂੰ, ਅਤੇ ਨਾ ਹੀ ਸੁਰੱਖਿਆ ਬਲਾਂ ਨੂੰ। ਉਨ੍ਹਾਂ ਕਿਹਾ ਕਿ ਸਿਰਫ਼ ਸ਼ਾਂਤੀ ਹੀ ਵਿਕਾਸ ਦਾ ਰਾਹ ਪੱਧਰਾ ਕਰ ਸਕਦੀ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 700 ਆਤਮ ਸਮਰਪਣ ਕਰਨ ਵਾਲੇ ਨਕਸਲੀ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਵਜੋਂ ਅੱਗੇ ਆਏ ਹਨ ਅਤੇ ਪੂਰੇ ਦੇਸ਼ ਦੇ ਸਾਹਮਣੇ ਇੱਕ ਬਹੁਤ ਵੱਡੀ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਡਰ ਉੱਤੇ ਉਮੀਦ, ਵੰਡ ਉੱਤੇ ਏਕਤਾ ਦਾ ਰਸਤਾ ਅਤੇ ਤਬਾਹੀ ਉੱਤੇ ਵਿਕਾਸ ਦਾ ਰਸਤਾ ਚੁਣਿਆ ਹੈ, ਅਤੇ ਇਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਵੇਂ ਭਾਰਤ ਅਤੇ ਵਿਕਸਿਤ ਬਸਤਰ ਦਾ ਦ੍ਰਿਸ਼ਟੀਕੋਣ ਹੈ। ਉਨ੍ਹਾਂ ਕਿਹਾ ਕਿ ਸਾਡੇ ਬਸਤਰ ਦਾ ਸੱਭਿਆਚਾਰ

ਦੁਨੀਆ ਦੇ ਸਭ ਤੋਂ ਸਮ੍ਰਿੱਧ ਸੱਭਿਆਚਾਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸਾਰੇ ਕਬੀਲਿਆਂ ਦਾ ਖਾਣ-ਪਾਣ, ਵਾਤਾਵਰਣ, ਕਲਾ, ਸੰਗੀਤ ਯੰਤਰ, ਨਾਚ ਅਤੇ ਰਵਾਇਤੀ ਖੇਡਾਂ ਨਾ ਸਿਰਫ਼ ਛੱਤੀਸਗੜ੍ਹ ਦੀ ਸਗੋਂ ਪੂਰੇ ਭਾਰਤ ਦੀ ਸਭ ਤੋਂ ਸਮ੍ਰਿੱਧ ਵਿਰਾਸਤ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਛੱਤੀਸਗੜ੍ਹ ਸਰਕਾਰ ਨੇ ਇੱਕ ਆਧੁਨਿਕ ਰਿਕਾਰਡਿੰਗ ਸਟੂਡੀਓ ਬਣਾ ਕੇ ਰਵਾਇਤੀ ਗੀਤਾਂ ਨੂੰ ਸੁਰੱਖਿਅਤ ਰੱਖਣਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਨਕਸਲਵਾਦ ਦੇ ਲਾਲ ਆਤੰਕ ਦੇ ਪਰਛਾਵੇਂ ਹੇਠ ਬਹੁਤ ਸਾਰੇ ਪਰੰਪਰਾਗਤ ਤਿਉਹਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖੇਡ ਅਥਾਰਟੀ ਦੇ ਅਧਿਕਾਰੀਆਂ ਦੀ ਇੱਕ ਟੀਮ ਬਸਤਰ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਪ੍ਰਤਿਭਾ ਨੂੰ ਵੇਖਣ ਲਈ ਇੱਥੇ ਆਈ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀ ਪ੍ਰਤਿਭਾ ਨੂੰ ਪਛਾਣ ਕੇ, ਸਾਡੀ ਸਰਕਾਰ ਨੇ ਬਸਤਰ ਦੇ ਖਿਡਾਰੀਆਂ ਨੂੰ ਉਸ ਪੱਧਰ 'ਤੇ ਲਿਜਾਣ ਦਾ ਪ੍ਰਬੰਧ ਕੀਤਾ ਹੈ ਜਿੱਥੇ ਉਹ ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਸਕਣ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ ਸਾਲ ਬਸਤਰ ਓਲੰਪਿਕ ਵਿੱਚ 1 ਲੱਖ 65 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਸੀ, ਜਦੋਂ ਕਿ ਇਸ ਸਾਲ 3 ਲੱਖ 91 ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ ਹੈ, ਜੋ ਕਿ ਲਗਭਗ 2.5 ਗੁਣਾ ਜ਼ਿਆਦਾ ਹੈ, ਅਤੇ ਮਹਿਲਾਵਾਂ ਦੀ ਭਾਗੀਦਾਰੀ ਲਗਭਗ ਤਿੰਨ ਗੁਣਾ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਉਤਸ਼ਾਹ ਨੂੰ ਦੇਖਦੇ ਹੋਏ, ਆਉਣ ਵਾਲੇ ਦਿਨਾਂ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਖੇਲੋ ਇੰਡੀਆ ਕਬਾਇਲੀ ਖੇਡਾਂ ਲਈ ਛੱਤੀਸਗੜ੍ਹ ਨੂੰ ਚੁਣਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬਸਤਰ ਹੁਣ ਬਦਲ ਰਿਹਾ ਹੈ, ਅਤੇ ਬਸਤਰ ਹੁਣ ਡਰ ਦੀ ਬਜਾਏ ਭਵਿੱਖ ਦਾ ਸਮਾਨਾਰਥੀ ਬਣ ਗਿਆ ਹੈ। ਜਿੱਥੇ ਪਹਿਲਾਂ ਗੋਲੀਆਂ ਦੀ ਗੂੰਜ ਸੁਣਾਈ ਦਿੰਦੀ ਸੀ, ਅੱਜ ਸਕੂਲ ਦੀਆਂ ਘੰਟੀਆਂ ਵੱਜ ਰਹੀਆਂ ਹਨ। ਜਿੱਥੇ ਸੜਕਾਂ ਬਣਾਉਣਾ ਕਦੇ ਇੱਕ ਸੁਪਨਾ ਸੀ, ਅੱਜ ਰੇਲਵੇ ਟਰੈਕ ਅਤੇ ਹਾਈਵੇਅ ਲਗਾਏ ਜਾ ਰਹੇ ਹਨ। ਜਿੱਥੇ "ਲਾਲ ਸਲਾਮ" ਦੇ ਨਾਅਰੇ ਲਗਾਏ ਜਾਂਦੇ ਸਨ, ਅੱਜ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਸੁਣਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਵਿਕਸਿਤ ਬਸਤਰ ਲਈ ਦ੍ਰਿੜ ਹਾਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਛੱਤੀਸਗੜ੍ਹ ਸਰਕਾਰ ਦਾ ਕਦੇ ਵੀ ਨਕਸਲੀਆਂ ਨੂੰ ਮੁਕਾਬਲਿਆਂ ਵਿੱਚ ਮਾਰਨ ਦਾ ਉਦੇਸ਼ ਨਹੀਂ ਸੀ, ਕਿਉਂਕਿ 2000 ਤੋਂ ਵੱਧ ਨਕਸਲੀ ਨੌਜਵਾਨਾਂ ਨੇ ਵੀ ਆਤਮ ਸਮਰਪਣ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਆਦਿਵਾਸੀ ਸਮਾਜ ਦੇ ਆਗੂਆਂ ਨੇ ਇਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੈ; ਉਨ੍ਹਾਂ ਦੇ ਮਾਰਗਦਰਸ਼ਨ ਨੇ ਨਕਸਲੀ ਨੌਜਵਾਨਾਂ ਵਿੱਚ ਵਿਸ਼ਵਾਸ ਅਤੇ ਹਿੰਮਤ ਪੈਦਾ ਕੀਤੀ ਹੈ। ਗ੍ਰਹਿ ਮੰਤਰੀ ਨੇ ਆਦਿਵਾਸੀ ਆਗੂਆਂ ਅਤੇ ਸਮਾਜ ਸੇਵਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੋ ਲੋਕ ਅਜੇ ਵੀ ਹੱਥਾਂ ਵਿੱਚ ਹਥਿਆਰ ਲੈ ਕੇ ਘੁੰਮ ਰਹੇ ਹਨ, ਉਨ੍ਹਾਂ ਨੂੰ ਸਮਝਦਾਰ ਸਮਾਜ ਦੀ ਮੁੱਖਧਾਰਾ ਵਿੱਚ ਵਾਪਸ ਆਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ।

****

ਆਰਆਰ/ਪੀਆਰ/ਪੀਐੱਸ/ਏਕੇ


(रिलीज़ आईडी: 2204651) आगंतुक पटल : 30
इस विज्ञप्ति को इन भाषाओं में पढ़ें: English , Urdu , Assamese , Gujarati , Odia , Tamil , Telugu , Kannada