ਪ੍ਰਧਾਨ ਮੰਤਰੀ ਦਫਤਰ
ਸਕਾਈਰੂਟ ਦੇ ਇਨਫਿਨਿਟੀ ਕੈਂਪਸ ਦੇ ਉਦਘਾਟਨ ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
27 NOV 2025 1:30PM by PIB Chandigarh
ਕੈਬਨਿਟ ਵਿੱਚ ਮੇਰੇ ਸਾਥੀ ਮਿਸ਼ਰਾ ਜੀ, ਕਿਸ਼ਨ ਰੈੱਡੀ ਜੀ, ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਸ਼੍ਰੀ ਟੀ. ਜੀ. ਭਰਤ ਜੀ, ਇਨ-ਸਪੇਸ ਦੇ ਚੇਅਰਮੈਨ ਸ਼੍ਰੀ ਪਵਨ ਗੋਇਨਕਾ ਜੀ, ਟੀਮ ਸਕਾਈਰੂਟ, ਹੋਰ ਮਹਾਮਹਿਮ, ਦੇਵੀਓ ਅਤੇ ਸੱਜਣੋ!
ਸਾਥੀਓ,
ਅੱਜ ਦੇਸ਼ ਪੁਲਾੜ ਖੇਤਰ ਵਿੱਚ ਇੱਕ ਬੇਮਿਸਾਲ ਮੌਕੇ ਦਾ ਗਵਾਹ ਬਣ ਰਿਹਾ ਹੈ। ਅੱਜ ਭਾਰਤ ਦੇ ਪੁਲਾੜ ਈਕੋਸਿਸਟਮ ਵਿੱਚ ਨਿੱਜੀ ਖੇਤਰ ਵੱਡੀ ਉਡਾਨ ਭਰ ਰਿਹਾ ਹੈ। ਸਕਾਈਰੂਟ ਦਾ ਇਨਫਿਨੀਟ ਕੈਂਪਸ, ਭਾਰਤ ਦੀ ਨਵੀਂ ਸੋਚ, ਨਵੀਨਤਾ ਅਤੇ ਸਭ ਤੋਂ ਵੱਡੀ ਗੱਲ ਨੌਜਵਾਨਾਂ ਦੀ ਸ਼ਕਤੀ ਦਾ ਪ੍ਰਤੀਬਿੰਬ ਹੈ। ਸਾਡੀ ਨੌਜਵਾਨ ਸ਼ਕਤੀ ਦੀ ਨਵੀਨਤਾ, ਜੋਖ਼ਮ ਲੈਣ ਦੀ ਸਮਰੱਥਾ ਅਤੇ ਉੱਦਮਤਾ, ਅੱਜ ਨਵੀਂਆਂ ਉਚਾਈਆਂ ਨੂੰ ਛੂਹ ਰਹੀ ਹੈ। ਅਤੇ ਅੱਜ ਇਹ ਪ੍ਰੋਗਰਾਮ, ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ ਗਲੋਬਲ ਸੈਟੇਲਾਈਟ ਲਾਂਚ ਈਕੋਸਿਸਟਮ ਵਿੱਚ ਇੱਕ ਆਗੂ ਵਜੋਂ ਉੱਭਰੇਗਾ। ਮੈਂ ਪਵਨ ਕੁਮਾਰ ਚੰਦਨਾ ਅਤੇ ਨਾਗਾ ਭਰਤ ਢਾਕਾ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਦੋਵੇਂ ਨੌਜਵਾਨ ਦੇਸ਼ ਦੇ ਕਈ ਨੌਜਵਾਨ ਪੁਲਾੜ ਉੱਦਮੀਆਂ, ਹਰ ਨੌਜਵਾਨ ਦੇ ਲਈ ਬਹੁਤ ਵੱਡੀ ਪ੍ਰੇਰਨਾ ਹੋ। ਤੁਸੀਂ ਦੋਵੇਂ ਨੌਜਵਾਨਾਂ ਨੇ ਖ਼ੁਦ ‘ਤੇ ਭਰੋਸਾ ਕੀਤਾ, ਤੁਸੀਂ ਜੋਖ਼ਮ ਲੈਣ ਵਿੱਚ ਪਿੱਛੇ ਨਾ ਰਹੇ। ਅਤੇ ਇਸ ਦਾ ਨਤੀਜਾ ਅੱਜ ਪੂਰਾ ਦੇਸ਼ ਦੇਖ ਰਿਹਾ ਹੈ, ਦੇਸ ਤੁਹਾਡੇ ‘ਤੇ ਮਾਣ ਕਰ ਰਿਹਾ ਹੈ।
ਸਾਥੀਓ,
ਭਾਰਤ ਦੀ ਪੁਲਾੜ ਯਾਤਰਾ ਬਹੁਤ ਸੀਮਤ ਸਾਧਨਾ ਨਾਲ ਸ਼ੁਰੂ ਹੋਈ ਸੀ। ਪਰ ਸਾਡੀਆਂ ਇੱਛਾਵਾਂ ਕਦੇ ਵੀ ਸੀਮਤ ਨਹੀਂ ਰਹੀਆਂ। ਉਹ ਵੀ ਇੱਕ ਜ਼ਮਾਨਾ ਸੀ, ਇੱਕ ਸਾਈਕਲ ‘ਤੇ ਰੌਕੇਟ ਦਾ ਹਿੱਸਾ ਲੈ ਜਾਣ ਤੋਂ ਲੈ ਕੇ, ਦੁਨੀਆ ਦੇ ਸਭ ਤੋਂ ਭਰੋਸੇਮੰਦ ਲਾਂਚ ਵਾਹਨ ਤੱਕ ਭਾਰਤ ਨੇ ਸਿੱਧ ਕੀਤਾ ਹੈ ਕਿ ਸੁਪਨਿਆਂ ਦੀ ਉਚਾਈ ਸਾਧਨ ਨਾਲ ਨਹੀਂ, ਸੰਕਲਪ ਨਾਲ ਤੈਅ ਹੁੰਦੀ ਹੈ। ਇਸਰੋ ਨੇ ਦਹਾਕਿਆਂ ਤੱਕ ਭਾਰਤ ਦੀ ਪੁਲਾੜ ਯਾਤਰਾ ਨੂੰ ਨਵੀਂ ਉਡਾਨ ਦਿੱਤੀ ਹੈ। ਭਰੋਸੇਯੋਗਤਾ, ਸਮਰੱਥਾ ਅਤੇ ਕਦਰਾਂ-ਕੀਮਤਾਂ, ਹਰ ਤਰ੍ਹਾਂ ਭਾਰਤ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ ਕਿ ਬਦਲਦੇ ਹੋਏ ਇਸ ਸਮੇਂ ਵਿੱਚ ਪੁਲਾੜ ਖੇਤਰ ਦਾ ਕਿੰਨਾ ਵਿਸਥਾਰ ਹੋ ਰਿਹਾ ਹੈ। ਇਹ ਸੰਚਾਰ, ਖੇਤੀਬਾੜੀ, ਸਮੁੰਦਰੀ ਨਿਗਰਾਨੀ, ਸ਼ਹਿਰੀ ਯੋਜਨਾਬੰਦੀ, ਮੌਸਮ ਦੀ ਭਵਿੱਖਬਾਣੀ ਅਤੇ ਰਾਸ਼ਟਰੀ ਸੁਰੱਖਿਆ ਦਾ ਅਧਾਰ ਬਣ ਗਿਆ ਹੈ ਅਤੇ ਇਸ ਲਈ ਹੀ ਅਸੀਂ ਭਾਰਤ ਦੇ ਪੁਲਾੜ ਖੇਤਰ ਵਿੱਚ ਇਤਿਹਾਸਕ ਸੁਧਾਰ ਕੀਤੇ। ਸਰਕਾਰ ਨੇ ਪੁਲਾੜ ਖੇਤਰ ਨੂੰ ਨਿੱਜੀ ਨਵੀਨਤਾ ਲਈ ਖੋਲ੍ਹਿਆ, ਨਵੀਂ ਪੁਲਾੜ ਨੀਤੀ ਤਿਆਰ ਕੀਤੀ ਗਈ। ਅਸੀਂ ਸਟਾਰਟਅੱਪਸ ਨੂੰ, ਇੰਡਸਟਰੀ ਨੂੰ, ਨਵੀਨਤਾ ਨਾਲ ਜੋੜਨ ਦਾ ਯਤਨ ਕੀਤਾ। ਅਸੀਂ ਇਨ-ਸਪੇਸ ਦੀ ਸਥਾਪਨਾ ਕੀਤੀ, ਆਪਣੇ ਸਟਾਰਟਅੱਪਸ ਦੇ ਲਈ ਇਸਰੋ ਦੀਆਂ ਸੁਵਿਧਾਵਾਂ ਅਤੇ ਤਕਨਾਲੋਜੀ ਨੂੰ ਉਪਲਬਧ ਕਰਵਾਇਆ। ਭਾਵ, ਭਾਰਤ ਨੇ ਬੀਤੇ 6-7 ਵਰ੍ਹਿਆਂ ਵਿੱਚ ਹੀ ਆਪਣੇ ਪੁਲਾੜ ਖੇਤਰ ਨੂੰ ਇੱਕ ਖੁੱਲ੍ਹੇ, ਸਹਿਯੋਗੀ ਅਤੇ ਨਵੀਨਤਾ-ਸੰਚਾਲਿਤ ਈਕੋਸਿਸਟਮ ਵਿੱਚ ਬਦਲ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਨੂੰ ਇਸੇ ਦੀ ਝਲਕ ਦਿਖਾਈ ਦੇ ਰਹੀ ਹੈ, ਅਤੇ ਮਾਣ ਮਹਿਸੂਸ ਹੋ ਰਿਹਾ ਹੈ।
ਸਾਥੀਓ,
ਭਾਰਤ ਦਾ ਨੌਜਵਾਨ ਦੇਸ਼ ਹਿਤ ਨੂੰ ਸਰਵਉੱਚ ਰੱਖ ਕੇ ਚਲਦਾ ਹੈ। ਉਹ ਹਰ ਮੌਕੇ ਦਾ ਸਹੀ ਉਪਯੋਗ ਕਰਦਾ ਹੈ। ਜਦੋਂ ਸਰਕਾਰ ਨੇ ਪੁਲਾੜ ਖੇਤਰ ਨੂੰ ਖੋਲ੍ਹਿਆ, ਤਾਂ ਦੇਸ਼ ਦੇ ਨੌਜਵਾਨ ਅਤੇ ਖ਼ਾਸ ਤੌਰ ‘ਤੇ ਸਾਡੇ ਜੇਨ-ਜੀ ਨੌਜਵਾਨ ਇਸ ਦਾ ਪੂਰਾ ਲਾਭ ਲੈਣ ਲਈ ਅੱਗੇ ਆ ਗਏ। ਅੱਜ ਭਾਰਤ ਦੇ 300 ਤੋਂ ਵੱਧ ਪੁਲਾੜ ਸਟਾਰਟਅੱਪਸ, ਭਾਰਤ ਦੇ ਪੁਲਾੜ ਫਿਊਚਰ ਨੂੰ ਨਵੀਂਆਂ ਉਮੀਦਾਂ ਦੇ ਰਹੇ ਹਨ। ਅਤੇ ਇਸ ਵਿੱਚ ਵੀ ਖ਼ਾਸ ਇਹ ਹੈ ਕਿ ਸਾਡੇ ਅਧਿਕਾਰ, ਅਤੇ ਸਾਡੇ ਵੱਧ ਤੋਂ ਵੱਧ ਪੁਲਾੜ ਸਟਾਰਟਅੱਪ, ਇਸ ਦੀ ਸ਼ੁਰੂਆਤ ਬਹੁਤ ਛੋਟੀ ਟੀਮ ਨਾਲ ਹੋਈ ਹੈ। ਅਤੇ ਮੈਨੂੰ ਇਨ੍ਹਾਂ ਸਭ ਨੂੰ ਪਿਛਲੇ 5-6 ਸਾਲ ਵਿੱਚ ਲਗਾਤਾਰ ਮਿਲਣ ਦਾ ਮੌਕਾ ਮਿਲਿਆ ਹੈ।
ਕਦੇ ਦੋ ਲੋਕ, ਕਦੇ ਪੰਜ ਸਾਥੀ, ਕਦੇ ਇੱਕ ਛੋਟਾ-ਜਿਹਾ ਕਿਰਾਏ ਦਾ ਕਮਰਾ। ਟੀਮ ਛੋਟੀ ਸੀ, ਸਾਧਨ ਸੀਮਤ ਸਨ, ਪਰ ਇਰਾਦੇ ਨਵੀਂ ਬੁਲੰਦੀ ਛੂਹਣ ਦੇ ਹਨ। ਇਹ ਉਹ ਭਾਵਨਾ ਹੈ, ਜਿਸ ਨੇ ਭਾਰਤ ਵਿੱਚ ਨਿੱਜੀ ਪੁਲਾੜ ਕ੍ਰਾਂਤੀ ਨੂੰ ਜਨਮ ਦਿੱਤਾ ਹੈ। ਅੱਜ, ਇਹ ਜੇਨ-ਜੀ ਇੰਜੀਨੀਅਰਸ, ਜੇਨ-ਜੀ ਡਿਜ਼ਾਈਨਰਸ, ਜੇਨ-ਜੀ ਕੋਡਰਸ, ਅਤੇ ਜੇਨ-ਜੀ ਵਿਗਿਆਨੀ, ਨਵੀਂਆਂ-ਨਵੀਂਆਂ ਤਕਨਾਲੋਜੀਆਂ ਬਣਾ ਰਹੇ ਹਨ। ਪ੍ਰੋਪਲਸ਼ਨ ਸਿਸਟਮ ਹੋਣ, ਕੰਪੋਜ਼ਿਟ ਸਮੱਗਰੀ ਹੋਵੇ, ਰੌਕੇਟ ਸਟੇਜ ਹੋਣ, ਸੈਟੇਲਾਈਟ ਪਲੇਟਫ਼ਾਰਮ ਹੋਣ, ਭਾਰਤ ਦਾ ਨੌਜਵਾਨ ਅੱਜ ਉਨ੍ਹਾਂ ਖੇਤਰਾਂ ਵਿੱਚ ਕੰਮ ਕਰ ਰਿਹਾ ਹੈ, ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਕਲਪਨਾ ਵੀ ਸੰਭਵ ਨਹੀਂ ਸੀ। ਭਾਰਤ ਦੀ ਨਿੱਜੀ ਪੁਲਾੜ ਪ੍ਰਤਿਭਾ ਪੂਰੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਅੱਜ ਗਲੋਬਲ ਨਿਵੇਸ਼ਕਾਂ ਲਈ ਭਾਰਤ ਦਾ ਪੁਲਾੜ ਖੇਤਰ ਇੱਕ ਆਕਰਸ਼ਕ ਮੰਜ਼ਿਲ ਬਣ ਰਿਹਾ ਹੈ।
ਸਾਥੀਓ,
ਅੱਜ ਦੁਨੀਆ ਵਿੱਚ ਛੋਟੇ ਸੈਟੇਲਾਈਟਾਂ ਦੀ ਡਿਮਾਂਡ ਲਗਾਤਾਰ ਵਧ ਰਹੀ ਹੈ। ਲਾਂਚ ਫ੍ਰੀਕੁਐਂਸੀ ਵੀ ਵਧ ਰਹੀ ਹੈ। ਨਵੀਂਆਂ-ਨਵੀਂਆਂ ਕੰਪਨੀਆਂ ਸੈਟੇਲਾਈਟ ਸੇਵਾਵਾਂ ਦੇਣ ਲੱਗੀਆਂ ਹਨ। ਅਤੇ ਪੁਲਾੜ ਹੁਣ ਇੱਕ ਰਣਨੀਤਕ ਸੰਪਤੀ ਵਜੋਂ ਥਾਂ ਬਣਾ ਚੁੱਕਿਆ ਹੈ। ਇਸ ਲਈ, ਆਉਣ ਵਾਲੇ ਸਾਲਾਂ ਵਿੱਚ ਵਿਸ਼ਵ-ਵਿਆਪੀ ਪੁਲਾੜ ਅਰਥਵਿਵਸਥਾ ਕਈ ਗੁਣਾ ਵਧਣ ਵਾਲੀ ਹੈ। ਇਹ ਭਾਰਤ ਦੇ ਨੌਜਵਾਨਾਂ ਲਈ ਬਹੁਤ ਵੱਡਾ ਮੌਕਾ ਹੈ।
ਸਾਥੀਓ,
ਭਾਰਤ ਦੇ ਕੋਲ ਪੁਲਾੜ ਖੇਤਰ ਵਿੱਚ ਜੋ ਸਮਰੱਥਾ ਹੈ, ਅਜਿਹੀ ਸਮਰੱਥਾ ਦੁਨੀਆ ਵਿੱਚ ਸਿਰਫ਼ ਕੁਝ ਹੀ ਦੇਸ਼ਾਂ ਦੇ ਕੋਲ ਹੈ। ਸਾਡੇ ਕੋਲ ਮਾਹਰ ਇੰਜੀਨੀਅਰ ਹਨ, ਉੱਚ-ਗੁਣਵੱਤਾ ਵਾਲਾ ਨਿਰਮਾਣ ਈਕੋਸਿਸਟਮ ਹੈ, ਵਿਸ਼ਵ ਪੱਧਰੀ ਲਾਂਚ ਸਾਈਟਾਂ ਹਨ, ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਾਲੀ ਮਾਨਸਿਕਤਾ ਹੈ। ਭਾਰਤ ਦੀ ਪੁਲਾੜ ਸਮਰੱਥਾ ਲਾਗਤ-ਪ੍ਰਭਾਵਸ਼ਾਲੀ ਵੀ ਹੈ, ਅਤੇ ਭਰੋਸੇਯੋਗ ਵੀ ਹੈ। ਇਸੇ ਵਜ੍ਹਾ ਨਾਲ ਦੁਨੀਆ ਦੀ ਭਾਰਤ ਤੋਂ ਬਹੁਤ ਵੱਧ ਉਮੀਦਾਂ ਹਨ। ਗਲੋਬਲ ਕੰਪਨੀਆਂ ਭਾਰਤ ਵਿੱਚ ਸੈਟੇਲਾਈਟ ਬਣਾਉਣਾ ਚਾਹੁੰਦੀਆਂ ਹਨ, ਭਾਰਤ ਤੋਂ ਲਾਂਚ ਸੇਵਾਵਾਂ ਲੈਣਾ ਚਾਹੁੰਦੀਆਂ ਹਨ, ਭਾਰਤ ਨਾਲ ਤਕਨਾਲੋਜੀ ਭਾਈਵਾਲੀ ਚਾਹੁੰਦੀਆਂ ਹਨ। ਅਤੇ ਇਸ ਲਈ ਸਾਨੂੰ ਇਸ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਸਾਥੀਓ,
ਅੱਜ ਜੋ ਬਦਲਾਅ ਅਸੀਂ ਪੁਲਾੜ ਖੇਤਰ ਵਿੱਚ ਦੇਖ ਰਹੇ ਹਾਂ, ਉਹ ਭਾਰਤ ਵਿੱਚ ਹੋ ਰਹੇ ਸਟਾਰਟਅੱਪ ਕ੍ਰਾਂਤੀ ਦਾ ਹਿੱਸਾ ਹੈ। ਬੀਤੇ ਇੱਕ ਦਹਾਕੇ ਵਿੱਚ, ਵੱਖ-ਵੱਖ ਸੈਕਟਰਸ ਵਿੱਚ ਸਟਾਰਟਅੱਪ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਫਿਨ ਟੈੱਕ ਹੋਵੇ, ਐਗ੍ਰੀ ਟੈੱਕ ਹੋਵੇ, ਹੈਲਥ ਟੈੱਕ ਹੋਵੇ, ਕਲਾਈਮੇਟ ਟੈੱਕ ਹੋਵੇ, ਐਜੂ ਟੈੱਕ ਹੋਵੇ, ਡਿਫੈਂਸ ਟੈੱਕ ਹੋਵੇ, ਹਰ ਖੇਤਰ ਵਿੱਚ ਭਾਰਤ ਦੇ ਨੌਜਵਾਨ, ਸਾਡੇ ਜੇਨ ਜੀ ਨਵੇਂ ਹੱਲ ਦੇ ਰਹੇ ਹਨ। ਅਤੇ ਅੱਜ, ਮੈਂ ਦੁਨੀਆ ਦੇ ਜੇਨ ਜੀ ਨੂੰ ਵੀ ਵੱਡੇ ਆਤਮਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਜੇਕਰ ਜੇਨ ਜੀ ਦੇ ਲਈ ਸੱਚੇ ਅਰਥ ਵਿੱਚ ਕਿਤੋਂ ਪ੍ਰੇਰਨਾ ਮਿਲ ਸਕਦੀ ਹੈ, ਤਾਂ ਭਾਰਤ ਦੇ ਜੇਨ ਜੀ ਤੋਂ ਮਿਲ ਸਕਦੀ ਹੈ।
ਭਾਰਤ ਦੇ ਜੇਨ ਜੀ ਦੀ ਜੋ ਕ੍ਰਿਏਟੀਵਿਟੀ ਹੈ, ਭਾਰਤ ਦੇ ਜੇਨ ਜੀ ਦੀ ਜੋ ਪੌਜ਼ੀਟਿਵ ਮਾਨਸਿਕਤਾ ਹੈ, ਭਾਰਤ ਦੇ ਜੇਨ ਜੀ ਦੀ ਜੋ ਸਮਰੱਥਾ ਬਿਲਡਿੰਗ ਹੈ, ਇਹ ਆਪਣੇ ਆਪ ਵਿੱਚ ਪੂਰੀ ਦੁਨੀਆ ਦੀ ਜੇਨ ਜੀ ਦੇ ਲਈ ਆਦਰਸ਼ ਬਣ ਸਕਦੀ ਹੈ। ਅੱਜ ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਿਆ ਹੈ। ਇੱਕ ਸਮਾਂ ਸੀ, ਜਦੋਂ ਸਟਾਰਟਅੱਪ ਦਾ ਮਤਲਬ ਸਿਰਫ਼, ਸਿਰਫ਼ ਕੁਝ ਵੱਡੇ ਸ਼ਹਿਰਾਂ ਤੱਕ ਸੀਮਤ ਸੀ। ਪਰ ਅੱਜ ਭਾਰਤ ਦੇ ਛੋਟੇ-ਛੋਟੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਸਟਾਰਟਅੱਪ ਨਿਕਲ ਰਹੇ ਹਨ। ਅੱਜ ਦੇਸ਼ ਵਿੱਚ ਡੇਢ ਲੱਖ ਤੋਂ ਵੱਧ ਰਜਿਸਟਰਡ ਸਟਾਰਟਅੱਪਸ ਹਨ। ਕਈ ਸਟਾਰਟਅੱਪਸ ਯੂਨੀਕੌਰਨ ਬਣ ਚੁੱਕੇ ਹਨ।
ਸਾਥੀਓ,
ਅੱਜ ਭਾਰਤ ਸਿਰਫ਼ ਐਪਸ ਅਤੇ ਸਰਵਿਸਿਜ਼ ਤੱਕ ਸੀਮਤ ਨਹੀਂ ਹੈ। ਅਸੀਂ ਹੁਣ ਡੀਪ-ਟੈੱਕ, ਨਿਰਮਾਣ ਅਤੇ ਹਾਰਡਵੇਅਰ ਨਵੀਨਤਾ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਧੰਨਵਾਦ ਜੇਨ ਜੀ। ਤੁਸੀਂ ਸੈਮੀਕੰਡਕਟਰ ਸੈਕਟਰ ਦਾ ਹੀ ਉਦਾਹਰਣ ਲਵੋ, ਸਰਕਾਰ ਨੇ ਜੋ ਇਤਿਹਾਸਿਕ ਕਦਮ ਉਠਾਏ ਹਨ, ਉਹ ਭਾਰਤ ਦੇ ਟੈੱਕ ਫਿਊਚਰ ਦੀ ਨੀਂਹ ਨੂੰ ਮਜ਼ਬੂਤੀ ਦੇ ਰਹੇ ਹਨ। ਅੱਜ ਦੇਸ਼ ਵਿੱਚ ਸੈਮੀਕੰਡਕਟਰ ਫੈਬ੍ਰਿਕੇਸ਼ਨ ਯੂਨੀਟਸ, ਚਿਪ ਨਿਰਮਾਣ ਅਤੇ ਡਿਜ਼ਾਈਨ ਹੱਬ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ। ਚਿਪ ਤੋਂ ਲੈ ਕੇ ਸਿਸਟਮ ਤੱਕ, ਭਾਰਤ ਹੁਣ ਇੱਕ ਮਜ਼ਬੂਤ ਇਲੈਕਟ੍ਰੌਨਿਕਸ ਵੈਲਿਊ ਲੜੀ ਤਿਆਰ ਕਰ ਰਿਹਾ ਹੈ। ਇਹ ਆਤਮਨਿਰਭਰਤਾ ਦੇ ਸੰਕਲਪ ਦਾ ਹਿੱਸਾ ਤਾਂ ਹੈ ਹੀ, ਇਸ ਨਾਲ ਭਾਰਤ ਗਲੋਬਲ ਸਪਲਾਈ ਲੜੀ ਦਾ ਇੱਕ ਮਜ਼ਬੂਤ ਅਤੇ ਭਰੋਸੇਮੰਦ ਥੰਮ੍ਹ ਵੀ ਬਣੇਗਾ।
ਸਾਥੀਓ,
ਸੁਧਾਰ ਦਾ ਸਾਡਾ ਦਾਇਰਾ ਵੀ ਲਗਾਤਾਰ ਵਧ ਰਿਹਾ ਹੈ। ਜਿਵੇਂ ਅਸੀਂ ਪੁਲਾੜ ਨਵੀਨਤਾ ਨੂੰ ਨਿੱਜੀ ਖੇਤਰ ਦੇ ਲਈ ਖੋਲ੍ਹਿਆ, ਓਵੇਂ ਹੀ ਅਸੀਂ ਇੱਕ ਬਹੁਤ ਮਹੱਤਵਪੂਰਨ ਖੇਤਰ ਵਿੱਚ ਵੀ ਕਦਮ ਉਠਾਉਣ ਜਾ ਰਹੇ ਹਾਂ। ਅਸੀਂ ਨਿਊਕਲੀਅਰ ਖੇਤਰ ਨੂੰ ਵੀ ਖੋਲ੍ਹਣ ਵੱਲ ਅੱਗੇ ਵਧ ਰਹੇ ਹਾਂ। ਇਸ ਖੇਤਰ ਵਿੱਚ ਵੀ ਅਸੀਂ ਨਿੱਜੀ ਖੇਤਰ ਦੀ ਸਸ਼ਕਤ ਭੂਮਿਕਾ ਦੀ ਨੀਂਹ ਰੱਖਣ ਜਾ ਰਹੇ ਹਾਂ। ਇਸ ਨਾਲ ਛੋਟੇ ਮੌਡਿਊਲਰ ਰਿਐਕਟਰ, ਐਡਵਾਂਸਡ ਰਿਐਕਟਰਸ ਅਤੇ ਨਿਊਕਲੀਅਰ ਨਵੀਨਤਾ ਵਿੱਚ ਮੌਕੇ ਬਣਨਗੇ। ਇਹ ਸੁਧਾਰ, ਸਾਡੀ ਐਨਰਜੀ ਸਕਿਉਰਿਟੀ ਅਤੇ ਟੈਕਨੋਲੋਜੀਕਲ ਲੀਡਰਸ਼ਿਪ ਨੂੰ ਨਵੀਂ ਸ਼ਕਤੀ ਦੇਵੇਗਾ।
ਸਾਥੀਓ,
ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ, ਇਹ ਬਹੁਤ ਕੁਝ ਅੱਜ ਹੋ ਰਹੀ ਖੋਜ ‘ਤੇ ਵੀ ਨਿਰਭਰ ਕਰਦਾ ਹੈ। ਇਸ ਲਈ ਸਾਡੀ ਸਰਕਾਰ ਦਾ ਬਹੁਤ ਜ਼ੋਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੋਜ ਦੇ ਮੌਕੇ ਦੇਣ ‘ਤੇ ਵੀ ਹੈ। ਅਸੀਂ ਰਾਸ਼ਟਰੀ ਖੋਜ ਫਾਊਂਡੇਸ਼ਨ ਦਾ ਗਠਨ ਕੀਤਾ ਹੈ, ਜੋ ਆਧੁਨਿਕ ਖੋਜ ਦੇ ਲਈ ਨੌਜਵਾਨਾਂ ਦਾ ਸਮਰਥਨ ਕਰਦਾ ਹੈ। “ਵਨ ਨੇਸ਼ਨ, ਵਨ ਸਬਸਕ੍ਰਿਪਸ਼ਨ” ਇਸ ਨਾਲ ਸਾਰੇ ਵਿਦਿਆਰਥੀਆਂ ਦੀ ਇੰਟਰਨੈਸ਼ਨਲ ਜਰਨਲਸ ਤੱਕ ਪਹੁੰਚ ਅਸਾਨ ਹੋਈ ਹੈ। ਇੱਕ ਲੱਖ ਕਰੋੜ ਦੇ ਖੋਜ, ਵਿਕਾਸ ਅਤੇ ਨਵੀਨਤਾ ਫੰਡ ਨਾਲ ਦੇਸ਼ ਭਰ ਵਿੱਚ ਨੌਜਵਾਨਾਂ ਨੂੰ ਬਹੁਤ ਮਦਦ ਮਿਲਣ ਵਾਲੀ ਹੈ। ਅਸੀਂ 10,000 ਤੋਂ ਵੱਧ ਅਟਲ ਟਿੰਕਰਿੰਗ ਲੈਬਸ ਵੀ ਖੋਲ੍ਹੀਆਂ ਹਨ, ਜੋ ਸਟੂਡੈਂਟਸ ਵਿੱਚ ਖੋਜ ਅਤੇ ਨਵੀਨਤਾ ਦੀ ਭਾਵਨਾ ਜਗ੍ਹਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਅਜਿਹੀਆਂ 50,000 ਨਵੀਂ ਅਟਲ ਟਿੰਕਰਿੰਗ ਲੈਬਸ ਬਣਾਉਣ ‘ਤੇ ਕੰਮ ਕਰ ਰਹੇ ਹਾਂ। ਸਰਕਾਰ ਦੇ ਇਹ ਯਤਨ ਭਾਰਤ ਵਿੱਚ ਨਵੀਨਤਾ ਦੀ ਬੁਨਿਆਦ ਬਣਾ ਰਹੇ ਹਨ।
ਸਾਥੀਓ,
ਆਉਣ ਵਾਲਾ ਸਮਾਂ ਭਾਰਤ ਦਾ ਹੈ, ਭਾਰਤ ਦੇ ਨੌਜਵਾਨਾਂ ਦਾ ਹੈ, ਭਾਰਤ ਦੀਆਂ ਨਵੀਨਤਾਵਾਂ ਦਾ ਹੈ। ਕੁਝ ਮਹੀਨੇ ਪਹਿਲਾਂ, ਪੁਲਾੜ ਦਿਵਸ ਦੇ ਮੌਕੇ 'ਤੇ ਮੈਂ, ਸਾਡੀਆਂ ਪੁਲਾੜ ਇੱਛਾਵਾਂ 'ਤੇ ਚਰਚਾ ਕੀਤੀ ਸੀ। ਅਸੀਂ ਤੈਅ ਕੀਤਾ ਸੀ ਕਿ ਆਉਣ ਵਾਲੇ ਪੰਜ ਸਾਲਾਂ ਵਿੱਚ ਭਾਰਤ ਆਪਣੀ ਲਾਂਚ ਸਮਰੱਥਾਵਾਂ ਨੂੰ ਨਵੀਂਆਂ ਉਚਾਈਆਂ ਤੱਕ ਲੈ ਜਾਵੇਗਾ। ਅਸੀਂ ਇਹ ਵੀ ਤੈਅ ਕੀਤਾ ਸੀ ਕਿ ਭਾਰਤ ਦੇ ਪੁਲਾੜ ਖੇਤਰ ਵਿੱਚ ਪੰਜ ਨਵੇਂ ਯੂਨੀਕੋਰਨ ਤਿਆਰ ਹੋਣਗੇ। ਸਕਾਈਰੂਟ ਦੀ ਟੀਮ ਜਿਸ ਤਰ੍ਹਾਂ ਅੱਗੇ ਵਧ ਰਹੀ ਹੈ, ਉਸ ਨਾਲ ਇਹ ਤੈਅ ਹੈ ਕਿ ਭਾਰਤ ਆਪਣੇ ਹਰ ਟੀਚਿਆਂ ਨੂੰ ਪ੍ਰਾਪਤ ਕਰਕੇ ਰਹੇਗਾ।
ਸਾਥੀਓ,
ਮੈਂ ਭਾਰਤ ਦੇ ਹਰ ਨੌਜਵਾਨ, ਹਰ ਸਟਾਰਟਅੱਪ, ਵਿਗਿਆਨੀ, ਇੰਜੀਨੀਅਰ, ਅਤੇ ਉੱਦਮੀ ਨੂੰ ਭਰੋਸਾ ਦਿਵਾਉਂਦਾ ਹਾਂ ਅਤੇ ਮੇਰੇ ਨੌਜਵਾਨ ਸਾਥੀਓ, ਇਹ ਮੇਰੀ ਗਰੰਟੀ ਹੈ, ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ। ਮੈਂ ਇੱਕ ਵਾਰ ਫਿਰ ਸਕਾਈਰੂਟ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਉਨ੍ਹਾਂ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਭਾਰਤ ਦੀ ਪੁਲਾੜ ਯਾਤਰਾ ਨੂੰ ਨਵੀਂ ਗਤੀ ਦੇ ਰਹੇ ਹਨ। ਆਓ, ਧਰਤੀ ਹੋਵੇ ਜਾਂ ਫਿਰ ਪੁਲਾੜ 21ਵੀਂ ਸਦੀ ਨੂੰ ਭਾਰਤ ਦੀ ਸਦੀ ਬਣਾਈਏ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ!
****
ਐੱਮਜੇਪੀਐੱਸ/ਵੀਜੇ/ਵੀਕੇ/ਏਕੇ
(रिलीज़ आईडी: 2196444)
आगंतुक पटल : 27
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Telugu
,
Kannada
,
Malayalam