ਪ੍ਰਧਾਨ ਮੰਤਰੀ ਦਫਤਰ
ਜੀ20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦਾ ਪੰਜਾਬੀ ਅਨੁਵਾਦ: ਸੈਸ਼ਨ 2
Posted On:
22 NOV 2025 9:57PM by PIB Chandigarh
ਮਹਾਮਹਿਮ,
ਕੁਦਰਤੀ ਆਫ਼ਤਾਂ ਮਨੁੱਖਤਾ ਲਈ ਲਗਾਤਾਰ ਇੱਕ ਵੱਡੀ ਚੁਨੌਤੀ ਬਣੀਆਂ ਹੋਈਆਂ ਹਨ। ਇਸ ਸਾਲ ਵੀ, ਇਨ੍ਹਾਂ ਨੇ ਵਿਸ਼ਵ ਦੀ ਇੱਕ ਵੱਡੀ ਅਬਾਦੀ ਨੂੰ ਪ੍ਰਭਾਵਿਤ ਕੀਤਾ ਹੈ। ਇਹ ਘਟਨਾਵਾਂ ਸਪਸ਼ਟ ਤੌਰ ’ਤੇ ਅੰਤਰਰਾਸ਼ਟਰੀ ਸਹਿਯੋਗ ਮਜ਼ਬੂਤ ਕਰਨ ਦੀ ਲੋੜ ਨੂੰ ਦਰਸਾਉਂਦੀਆਂ ਹਨ ਤਾਂ ਕਿ ਆਫ਼ਤਾਂ ਨਾਲ ਨਜਿੱਠਣ ਅਤੇ ਉਨ੍ਹਾਂ ਲਈ ਤਿਆਰੀ ਅਸਰਦਾਰ ਬਣ ਸਕੇ।
ਇਸ ਵਿਚਾਰ ਨੂੰ ਮਜ਼ਬੂਤ ਕਰਨ ਲਈ, ਭਾਰਤ ਨੇ ਆਪਣੀ ਜੀ20 ਪ੍ਰਧਾਨਗੀ ਦੌਰਾਨ ਆਫ਼ਤ ਜੋਖ਼ਮ ਘਟਾਉਣ ਲਈ ਕਾਰਜ ਸਮੂਹ ਦੀ ਸਥਾਪਨਾ ਕੀਤੀ। ਮੈਂ ਦੱਖਣੀ ਅਫ਼ਰੀਕਾ ਨੂੰ ਵੀ ਇਸ ਮਹੱਤਵਪੂਰਨ ਏਜੰਡੇ ਨੂੰ ਤਰਜੀਹ ਦੇਣ ਲਈ ਵਧਾਈ ਦਿੰਦਾ ਹਾਂ।
ਮਿੱਤਰੋ,
ਆਫ਼ਤਾਂ ਦੇ ਮਾਮਲੇ ਵਿੱਚ ਸਾਡੀ ਪਹੁੰਚ ਨੂੰ ‘ਪ੍ਰਤੀਕਿਰਿਆ-ਕੇਂਦ੍ਰਿਤ’ ਤੋਂ ‘ਵਿਕਾਸ-ਕੇਂਦ੍ਰਿਤ’ ਹੋਣਾ ਚਾਹੀਦਾ ਹੈ। ਇਹੀ ਸੋਚ ਭਾਰਤ ਵੱਲੋਂ ਆਫ਼ਤ ਰੋਧੀ ਬੁਨਿਆਦੀ ਢਾਂਚੇ ਲਈ ਗਠਜੋੜ (ਸੀਡੀਆਰਆਈ) ਦੀ ਸਥਾਪਨਾ ਦੇ ਪਿੱਛੇ ਸੀ। ਸੀਡੀਆਰਆਈ ਨਾਲ ਰਲ਼-ਮਿਲ ਕੇ, ਜੀ20 ਦੇਸ਼ ਫੰਡਿੰਗ, ਤਕਨੀਕ ਅਤੇ ਹੁਨਰ ਨੂੰ ਇਕਜੁੱਟ ਕਰਕੇ ਇੱਕ ਮਜ਼ਬੂਤ ਭਵਿੱਖ ਯਕੀਨੀ ਬਣਾ ਸਕਦੇ ਹਨ।
ਮਿੱਤਰੋ,
ਭਾਰਤ ਦਾ ਮੰਨਣਾ ਹੈ ਕਿ ਪੁਲਾੜ ਤਕਨਾਲੋਜੀ ਦਾ ਲਾਭ ਸਮੁੱਚੀ ਮਨੁੱਖਤਾ ਨੂੰ ਮਿਲਣਾ ਚਾਹੀਦਾ ਹੈ। ਇਸੀ ਲਈ ਅਸੀਂ ਜੀ20 ਓਪਨ ਸੈਟੇਲਾਈਟ ਡੇਟਾ ਪਾਰਟਨਰਸ਼ਿਪ ਦਾ ਪ੍ਰਸਤਾਵ ਰੱਖ ਰਹੇ ਹਾਂ। ਇਹ ਪਹਿਲ ਕਈ ਜੀ20 ਪੁਲਾੜ ਏਜੰਸੀਆਂ ਵੱਲੋਂ ਉਪਲਬਧ ਡੇਟਾ ਅਤੇ ਵਿਸ਼ਲੇਸ਼ਣ ਨੂੰ ਹੋਰ ਸੌਖਾ, ਅਨੁਕੂਲ ਅਤੇ ਪ੍ਰਭਾਵਸ਼ਾਲੀ ਬਣਾਏਗੀ—ਖ਼ਾਸ ਤੌਰ ‘ਤੇ ਗਲੋਬਲ ਸਾਊਥ ਦੇ ਦੇਸ਼ਾਂ ਲਈ।
ਮਿੱਤਰੋ,
ਟਿਕਾਊਪਣ ਅਤੇ ਸਾਫ਼ ਊਰਜਾ ਆਲਮੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਅਹਿਮ ਖਣਿਜ ਇਸ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਮਨੁੱਖਤਾ ਦਾ ਸਾਂਝਾ ਸਰੋਤ ਮੰਨਿਆ ਜਾਣਾ ਚਾਹੀਦਾ ਹੈ। ਇਸੇ ਲਈ ਭਾਰਤ ਜੀ20 ਕ੍ਰਿਟਿਕਲ ਮਿਨਰਲਜ਼ ਸਰਕੂਲੈਰਿਟੀ ਇਨਿਸ਼ੀਏਟਿਵ ਦਾ ਪ੍ਰਸਤਾਵ ਰੱਖਦਾ ਹੈ, ਜੋ ਰੀਸਾਇਕਲਿੰਗ, ਅਰਬਨ ਮਾਈਨਿੰਗ ਅਤੇ ਸੈਕਿੰਡ ਲਾਈਫ਼ ਬੈਟਰੀਆਂ ਵਰਗੀਆਂ ਨਵੀਨਤਾਵਾਂ ਨੂੰ ਹੱਲਾਸ਼ੇਰੀ ਦੇਵੇਗੀ।
ਇਸ ਚੱਕਰਤਾ ਵਿੱਚ ਨਿਵੇਸ਼ ਕਰਨ ਨਾਲ ਮੁੱਢਲੀ ਮਾਈਨਿੰਗ 'ਤੇ ਨਿਰਭਰਤਾ ਘਟੇਗੀ, ਸਪਲਾਈ ਲੜੀ ‘ਤੇ ਦਬਾਅ ਘਟੇਗਾ ਅਤੇ ਵਾਤਾਵਰਨ ਨੂੰ ਲਾਭ ਹੋਵੇਗਾ। ਇਹ ਪਹਿਲ ਸਾਂਝੀ ਖੋਜ, ਸਾਂਝੇ ਤਕਨੀਕੀ ਮਿਆਰ ਅਤੇ ਗਲੋਬਲ ਸਾਊਥ ਵਿੱਚ ਰੀਸਾਇਕਲਿੰਗ ਸਬੰਧੀ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ।
ਮਿੱਤਰੋ,
ਨਵੀਂ ਦਿੱਲੀ ਜੀ20 ਸੰਮੇਲਨ ਦੌਰਾਨ, ਅਸੀਂ 2030 ਤੱਕ ਅਖੁੱਟ ਊਰਜਾ ਤਿੰਨ ਗੁਣਾ ਕਰਨ ਅਤੇ ਊਰਜਾ ਕੁਸ਼ਲਤਾ ਦੀ ਦਰ ਦੋ ਗੁਣਾ ਕਰਨ ਦਾ ਟੀਚਾ ਤੈਅ ਕੀਤਾ ਸੀ। ਇਹ ਹਾਸਲ ਕਰਨ ਲਈ ਵਿਕਸਤ ਦੇਸ਼ਾਂ ਨੂੰ ਕਿਫ਼ਾਇਤੀ ਜਲਵਾਯੂ ਵਿੱਤ ਅਤੇ ਤਕਨੀਕ ਮੁਹੱਈਆ ਕਰਨ ਦੀਆਂ ਆਪਣੀਆਂ ਵਚਨਬੱਧਤਾਵਾਂ ਸਮਾਂਬੱਧ ਢੰਗ ਨਾਲ ਪੂਰੀਆਂ ਕਰਨੀਆਂ ਪੈਣਗੀਆਂ।
ਮਿੱਤਰੋ,
ਜਲਵਾਯੂ ਤਬਦੀਲੀ ਅਤੇ ਹੋਰ ਚੁਨੌਤੀਆਂ ਕਾਰਨ ਸਾਡਾ ਖੇਤੀਬਾੜੀ ਖੇਤਰ ਅਤੇ ਖੁਰਾਕ ਸੁਰੱਖਿਆ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਕਈ ਦੇਸ਼ਾਂ ਵਿੱਚ, ਕਿਸਾਨਾਂ ਲਈ ਖਾਦ, ਤਕਨੀਕ, ਕਰਜ਼ਾ, ਬੀਮਾ ਅਤੇ ਬਾਜ਼ਾਰਾਂ ਤੱਕ ਪਹੁੰਚ ਇੱਕ ਵੱਡੀ ਮੁਸ਼ਕਲ ਬਣਦੀ ਜਾ ਰਹੀ ਹੈ। ਭਾਰਤ ਇਸ ਮਾਮਲੇ ਵਿੱਚ ਆਪਣੇ ਤੌਰ ‘ਤੇ ਯਤਨ ਕਰ ਰਿਹਾ ਹੈ।
ਭਾਰਤ ਦੁਨੀਆ ਦਾ ਸਭ ਤੋਂ ਵੱਡਾ ਖੁਰਾਕ ਸੁਰੱਖਿਆ ਅਤੇ ਪੋਸ਼ਣ ਸਹਾਇਤਾ ਪ੍ਰੋਗਰਾਮ ਚਲਾ ਰਿਹਾ ਹੈ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸਿਹਤ ਬੀਮਾ ਪ੍ਰੋਗਰਾਮ ਅਤੇ ਸਭ ਤੋਂ ਵੱਡੀ ਫ਼ਸਲ ਬੀਮਾ ਯੋਜਨਾ ਵੀ ਚਲਾ ਰਹੇ ਹਾਂ। ਅਸੀਂ ਸ਼੍ਰੀ ਅੰਨ (ਮੋਟਾ ਅਨਾਜ) ‘ਤੇ ਜ਼ੋਰ ਦੇ ਰਹੇ ਹਾਂ, ਜੋ ਪੋਸ਼ਣ ਅਤੇ ਵਾਤਾਵਰਨ ਦੋਵਾਂ ਲਈ ਸੁਪਰਫੂਡ ਹੈ।
ਦਿੱਲੀ ਜੀ20 ਦੌਰਾਨ, ਅਸੀਂ ਇਨ੍ਹਾਂ ਮਾਮਲਿਆਂ ਸਬੰਧੀ ਡੈੱਕਨ ਸਿਧਾਂਤਾਂ ‘ਤੇ ਸਹਿਮਤੀ ਬਣਾਈ ਸੀ। ਹੁਣ, ਇਨ੍ਹਾਂ ਸਿਧਾਂਤਾਂ ਦੇ ਆਧਾਰ ‘ਤੇ ਸਾਨੂੰ ਇੱਕ ਜੀ20 ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
ਮਿੱਤਰੋ,
ਲਚਕੀਲਾਪਣ ਇਕੱਲੇ ਨਹੀਂ ਬਣਾਇਆ ਜਾ ਸਕਦਾ।
ਜੀ20 ਨੂੰ ਇੱਕ ਅਜਿਹੀ ਵੱਡੀ ਰਣਨੀਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜੋ ਪੋਸ਼ਣ, ਜਨਤਕ ਸਿਹਤ, ਟਿਕਾਊ ਖੇਤੀਬਾੜੀ ਅਤੇ ਆਫ਼ਤ ਤਿਆਰੀ ਨੂੰ ਜੋੜ ਕੇ ਆਲਮੀ ਸੁਰੱਖਿਆ ਨੂੰ ਮਜ਼ਬੂਤ ਬਣਾਏ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ਐੱਸਆਰ/ਏਕੇ
(Release ID: 2193376)
Visitor Counter : 5
Read this release in:
English
,
हिन्दी
,
Gujarati
,
Urdu
,
Marathi
,
Bengali
,
Assamese
,
Manipuri
,
Odia
,
Kannada
,
Malayalam