ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਂਧਰਾ ਪ੍ਰਦੇਸ਼ ਦੇ ਪੁੱਟਾਪਰਥੀ ਵਿੱਚ ਸ੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 19 NOV 2025 2:30PM by PIB Chandigarh

ਸਾਈਂ ਰਾਮ!

ਇੰਦਰੋ ਮਹਾਨੁਭਾਵੁਲੁ, ਅੰਦਰਿਕਿ ਵੰਦਨਮੁਲੁ।

ਮੁੱਖ ਮੰਤਰੀ ਸ੍ਰੀ ਚੰਦਰਬਾਬੂ ਨਾਇਡੂ, ਕੇਂਦਰ ਵਿੱਚ ਮੇਰੇ ਸਹਿਯੋਗੀ ਰਾਮਮੋਹਨ ਨਾਇਡੂ, ਜੀ. ਕਿਸ਼ਨ ਰੈੱਡੀ, ਭੂਪਤੀ ਰਾਜੂ ਸ੍ਰੀਨਿਵਾਸ ਵਰਮਾ, ਸਚਿਨ ਤੇਂਦੁਲਕਰ ਜੀ, ਡਿਪਟੀ ਸੀਐੱਮ ਪਵਨ ਕਲਿਆਣ ਜੀ, ਸੂਬਾ ਸਰਕਾਰ ਵਿੱਚ ਮੰਤਰੀ ਨਾਰਾ ਲੋਕੇਸ਼ ਜੀ, ਸ੍ਰੀ ਸੱਤਿਆ ਸਾਈਂ ਸੈਂਟਰਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਆਰ. ਜੇ. ਰਤਨਾਕਰ ਜੀ, ਵਾਈਸ ਚਾਂਸਲਰ ਕੇ. ਚੱਕਰਵਰਤੀ ਜੀ, ਐਸ਼ਵਰਿਆ ਜੀ, ਹੋਰ ਸਾਰੇ ਪਤਵੰਤੇ ਦੇਵੀਓ ਅਤੇ ਸੱਜਣੋ, ਸਾਈਂ ਰਾਮ!

ਸਾਥੀਓ,

ਅੱਜ ਇਸ ਪਵਿੱਤਰ ਧਰਤੀ ਪੁੱਟਾਪਰਥੀ ਵਿੱਚ, ਤੁਹਾਡੇ ਸਾਰਿਆਂ ਵਿੱਚ ਮੌਜੂਦ ਹੋਣਾ ਮੇਰੇ ਲਈ ਇੱਕ ਭਾਵਨਾਤਮਕ ਅਤੇ ਅਧਿਆਤਮਕ ਅਹਿਸਾਸ ਹੈ। ਮੈਨੂੰ ਕੁਝ ਦੇਰ ਪਹਿਲਾਂ ਬਾਬਾ ਦੀ ਸਮਾਧੀ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਚਰਨਾਂ ਵਿੱਚ ਨਮਨ ਕਰਨਾ, ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕਰਨਾ, ਇਹ ਅਹਿਸਾਸ ਹਮੇਸ਼ਾ ਦਿਲ ਨੂੰ ਭਾਵਨਾਵਾਂ ਨਾਲ ਭਰ ਦਿੰਦਾ ਹੈ।

ਸਾਥੀਓ,

ਸ੍ਰੀ ਸੱਤਿਆ ਸਾਈਂ ਬਾਬਾ ਦਾ ਇਹ ਜਨਮ ਸ਼ਤਾਬਦੀ ਵਰ੍ਹਾ, ਸਾਡੀ ਪੀੜ੍ਹੀ ਲਈ ਸਿਰਫ਼ ਇੱਕ ਤਿਉਹਾਰ ਨਹੀਂ, ਇਹ ਇੱਕ ਵੱਡਾ ਵਰਦਾਨ ਹੈ। ਅੱਜ ਭਲੇ ਹੀ ਉਹ ਸਾਡੇ ਵਿੱਚ ਸਰੀਰਕ ਤੌਰ ’ਤੇ ਨਹੀਂ ਹਨ, ਪਰ ਉਨ੍ਹਾਂ ਦੀ ਸਿੱਖਿਆ, ਉਨ੍ਹਾਂ ਦਾ ਪ੍ਰੇਮ, ਉਨ੍ਹਾਂ ਦੀ ਸੇਵਾ ਭਾਵਨਾ, ਅੱਜ ਵੀ ਕਰੋੜਾਂ ਲੋਕਾਂ ਦਾ ਮਾਰਗ-ਦਰਸ਼ਨ ਕਰ ਰਹੀ ਹੈ। 140 ਤੋਂ ਜ਼ਿਆਦਾ ਦੇਸ਼ਾਂ ਵਿੱਚ ਲੱਖਾਂ ਜੀਵਨ, ਨਵੇਂ ਪ੍ਰਕਾਸ਼, ਨਵੀਂ ਦਿਸ਼ਾ, ਅਤੇ ਨਵੇਂ ਸੰਕਲਪ ਦੇ ਨਾਲ ਅੱਗੇ ਵੱਧ ਰਹੇ ਹਨ।

ਸਾਥੀਓ,

ਸ੍ਰੀ ਸੱਤਿਆ ਸਾਈਂ ਬਾਬਾ ਦਾ ਜੀਵਨ ‘ਵਸੂਧੈਵ ਕੁਟੁੰਬਕਮ’ ਦਾ ਜਿਊਂਦਾ ਜਾਗਦਾ ਸਰੂਪ ਸੀ। ਇਸ ਲਈ ਉਨ੍ਹਾਂ ਦਾ ਇਹ ਜਨਮ ਸ਼ਤਾਬਦੀ ਵਰ੍ਹਾ ਸਾਡੇ ਲਈ ਵਿਸ਼ਵ-ਵਿਆਪੀ ਪਿਆਰ, ਸ਼ਾਂਤੀ ਅਤੇ ਸੇਵਾ ਦਾ ਮਹਾਪੁਰਬ ਬਣ ਗਿਆ ਹੈ। ਸਾਡੀ ਸਰਕਾਰ ਦਾ ਸੁਭਾਗ ਹੈ ਕਿ ਅੱਜ ਇਸ ਮੌਕੇ ’ਤੇ 100 ਰੁਪਏ ਦਾ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤਾ ਗਿਆ ਹੈ। ਇਸ ਸਿੱਕੇ ਅਤੇ ਡਾਕ ਟਿਕਟ ਵਿੱਚ ਉਨ੍ਹਾਂ ਦੇ ਸੇਵਾ ਕੰਮਾਂ ਦਾ ਪ੍ਰਤੀਬਿੰਬ ਹੈ। ਮੈਂ ਇਸ ਸ਼ੁਭ ਮੌਕੇ ’ਤੇ ਦੁਨੀਆਂ ਭਰ ਵਿੱਚ ਫੈਲੇ ਸਾਰੇ ਸ਼ਰਧਾਲੂਆਂ, ਸਾਥੀ-ਸੇਵਕਾਂ, ਅਤੇ ਬਾਬਾ ਦੇ ਭਗਤਾਂ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਭਾਰਤੀ ਸਭਿਅਤਾ ਦਾ ਕੇਂਦਰੀ ਮੁੱਲ ਸੇਵਾ ਹੈ। ਸਾਡੀਆਂ ਸਾਰੀਆਂ ਵੱਖ-ਵੱਖ ਅਧਿਆਤਮਿਕ ਅਤੇ ਦਾਰਸ਼ਨਿਕ ਰਵਾਇਤਾਂ, ਅਖ਼ੀਰ ਨੂੰ ਇਸ ਇੱਕ ਆਦਰਸ਼ ਵੱਲ ਲੈ ਜਾਂਦੀਆਂ ਹਨ। ਭਾਵੇਂ ਕੋਈ ਭਗਤੀ, ਗਿਆਨ ਜਾਂ ਕਰਮ ਦੇ ਰਾਹ 'ਤੇ ਚਲਦਾ ਹੈ, ਹਰ ਇੱਕ ਸੇਵਾ ਨਾਲ ਜੁੜਿਆ ਹੋਇਆ ਹੈ। ਸਾਰੇ ਜੀਵਾਂ ਵਿੱਚ ਮੌਜੂਦ ਬ੍ਰਹਮ ਦੀ ਸੇਵਾ ਤੋਂ ਬਿਨਾਂ ਭਗਤੀ ਕੀ ਹੈ? ਗਿਆਨ ਕੀ ਹੈ, ਜੇਕਰ ਇਹ ਦੂਜਿਆਂ ਪ੍ਰਤੀ ਦਇਆ ਪੈਦਾ ਨਹੀਂ ਕਰਦਾ? ਜੇਕਰ ਸਮਾਜ ਦੀ ਸੇਵਾ ਵਜੋਂ ਆਪਣੇ ਕੰਮ ਨੂੰ ਸਮਰਪਿਤ ਕਰਨ ਦੀ ਭਾਵਨਾ ਨਹੀਂ ਤਾਂ ਕਰਮ ਕੀ ਹੈ? ਸੇਵਾ ਪਰਮੋ ਧਰਮ: ਉਹ ਸਿਧਾਂਤ ਹੈ, ਜਿਸ ਨੇ ਸਦੀਆਂ ਦੇ ਬਦਲਾਅ ਅਤੇ ਚੁਣੌਤੀਆਂ ਵਿੱਚੋਂ ਭਾਰਤ ਨੂੰ ਕਾਇਮ ਰੱਖਿਆ ਹੈ। ਇਸ ਨੇ ਸਾਡੀ ਸਭਿਅਤਾ ਨੂੰ ਅੰਦਰੂਨੀ ਤਾਕਤ ਦਿੱਤੀ ਹੈ। ਸਾਡੇ ਬਹੁਤ ਸਾਰੇ ਮਹਾਨ ਸੰਤਾਂ ਅਤੇ ਸੁਧਾਰਕਾਂ ਨੇ ਇਸ ਸਦੀਵੀ ਸੁਨੇਹੇ ਨੂੰ ਆਪਣੇ ਸਮੇਂ ਦੇ ਅਨੁਕੂਲ ਤਰੀਕਿਆਂ ਨਾਲ ਅੱਗੇ ਵਧਾਇਆ ਹੈ। ਸ੍ਰੀ ਸੱਤਿਆ ਸਾਈਂ ਬਾਬਾ ਨੇ ਸੇਵਾ ਨੂੰ ਮਨੁੱਖੀ ਜੀਵਨ ਦੇ ਕੇਂਦਰ ਵਿੱਚ ਰੱਖਿਆ। ਉਹ ਅਕਸਰ ਕਹਿੰਦੇ ਸਨ, "ਸਭ ਨੂੰ ਪਿਆਰ ਕਰੋ, ਸਭ ਦੀ ਸੇਵਾ ਕਰੋ"। ਉਨ੍ਹਾਂ ਲਈ, ਸੇਵਾ ਕਾਰਜ ਵਿੱਚ ਪਿਆਰ ਸੀ। ਸਿੱਖਿਆ, ਸਿਹਤ ਸੰਭਾਲ, ਪੇਂਡੂ ਵਿਕਾਸ ਅਤੇ ਅਜਿਹੇ ਬਹੁਤ ਸਾਰੇ ਖੇਤਰਾਂ ਵਿੱਚ ਉਨ੍ਹਾਂ ਦੇ ਅਦਾਰੇ ਇਸ ਫ਼ਲਸਫ਼ੇ ਦੇ ਜਿਊਂਦੇ ਜਾਗਦੇ ਸਬੂਤ ਵਜੋਂ ਖੜ੍ਹੇ ਹਨ। ਉਹ ਦਰਸਾਉਂਦੇ ਹਨ ਕਿ ਅਧਿਆਤਮਿਕਤਾ ਅਤੇ ਸੇਵਾ ਵੱਖ-ਵੱਖ ਨਹੀਂ ਹਨ, ਸਗੋਂ ਇੱਕੋ ਸੱਚ ਦੇ ਵੱਖ-ਵੱਖ ਪ੍ਰਗਟਾਵੇ ਹਨ।

ਇਸ ਤੋਂ ਇਲਾਵਾ, ਕਿਸੇ ਵਿਅਕਤੀ ਦਾ ਸਰੀਰਕ ਤੌਰ 'ਤੇ ਮੌਜੂਦ ਨਾ ਰਹਿ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਅਸਧਾਰਨ ਹੈ। ਭਾਵੇਂ ਬਾਬਾ ਜੀ ਸਰੀਰਕ ਤੌਰ 'ਤੇ ਸਾਡੇ ਨਾਲ ਨਹੀਂ ਹਨ, ਪਰ ਉਨ੍ਹਾਂ ਵੱਲੋਂ ਬਣਾਏ ਗਏ ਅਦਾਰਿਆਂ ਦੀਆਂ ਸੇਵਾ ਗਤੀਵਿਧੀਆਂ ਦਿਨੋ-ਦਿਨ ਵਧ ਰਹੀਆਂ ਹਨ। ਇਹ ਦਰਸਾਉਂਦਾ ਹੈ ਕਿ ਸੱਚਮੁੱਚ ਮਹਾਨ ਆਤਮਾਵਾਂ ਦਾ ਪ੍ਰਭਾਵ ਸਮੇਂ ਦੇ ਨਾਲ ਘੱਟਦਾ ਨਹੀਂ ਹੈ, ਬਲਕਿ ਅਸਲ ਵਿੱਚ ਇਹ ਵਧਦਾ ਹੈ।

ਸਾਥੀਓ,

ਸ੍ਰੀ ਸੱਤਿਆ ਸਾਈਂ ਬਾਬਾ ਦਾ ਸੁਨੇਹਾ ਸਿਰਫ਼ ਕਿਤਾਬਾਂ ਅਤੇ ਪ੍ਰਵਚਨਾ ਅਤੇ ਆਸ਼ਰਮਾਂ ਦੀਆਂ ਹੱਦਾਂ ਵਿੱਚ ਨਹੀਂ ਰਿਹਾ ਹੈ। ਉਨ੍ਹਾਂ ਦੀ ਸਿੱਖਿਆ ਦਾ ਅਸਰ ਲੋਕਾਂ ਦੇ ਵਿੱਚ ਦਿਖਦਾ ਹੈ। ਅੱਜ ਭਾਰਤ ਦੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ, ਸਕੂਲਾਂ ਤੋਂ ਲੈ ਕੇ ਆਦਿਵਾਸੀ ਬਸਤੀਆਂ ਤੱਕ, ਸੱਭਿਆਚਾਰ, ਸਿੱਖਿਆ ਅਤੇ ਮੈਡੀਕਲ ਸੇਵਾ ਦਾ ਇੱਕ ਅਨੋਖਾ ਵਹਿਣ ਦਿਖਾਈ ਦਿੰਦਾ ਹੈ। ਬਾਬਾ ਦੇ ਕਰੋੜਾਂ ਪੈਰੋਕਾਰ ਬਿਨਾਂ ਕਿਸੇ ਹਿੱਤ ਦੇ ਇਸ ਕੰਮ ਵਿੱਚ ਲੱਗੇ ਹਨ। ਮਨੁੱਖਤਾ ਦੀ ਸੇਵਾ ਮਾਧਵ ਸੇਵਾ ਹੈ। ਇਹ ਬਾਬਾ ਦੇ ਪੈਰੋਕਾਰਾਂ ਦਾ ਸਭ ਤੋਂ ਵੱਡਾ ਆਦਰਸ਼ ਹੈ। ਉਨ੍ਹਾਂ ਨੇ ਅਜਿਹੇ ਕਈ ਵਿਚਾਰ ਸਾਨੂੰ ਸੌਂਪੇ, ਜਿਨ੍ਹਾਂ ਵਿੱਚ ਸੰਵੇਦਨਾ, ਫ਼ਰਜ਼, ਅਨੁਸ਼ਾਸਨ ਅਤੇ ਜੀਵਨ-ਦਰਸ਼ਨ ਦਾ ਸਾਰ ਮਿਲਦਾ ਹੈ। ਉਹ ਕਹਿੰਦੇ ਸੀ – ਹਮੇਸ਼ਾ ਮਦਦ ਕਰੋ, ਕਦੇ ਦੁੱਖ ਨਾ ਦਿਓ, ਘੱਟ ਗੱਲਬਾਤ ਕਰੋ, ਜ਼ਿਆਦਾ ਕੰਮ ਕਰੋ। ਸਾਡੇ ਸਾਰਿਆਂ ਦੇ ਮਨ ਵਿੱਚ ਅੱਜ ਵੀ ਸ੍ਰੀ ਸੱਤਿਆ ਸਾਈਂ ਬਾਬਾ ਦੇ ਅਜਿਹੇ ਜੀਵਨ ਸਿਧਾਂਤ ਗੂੰਜਦੇ ਰਹਿੰਦੇ ਹਨ।

ਸਾਥੀਓ,

ਸਾਈਂ ਬਾਬਾ ਨੇ ਅਧਿਆਤਮ ਦੀ ਵਰਤੋਂ ਸਮਾਜ ਅਤੇ ਲੋਕ ਭਲਾਈ ਲਈ ਕੀਤੀ। ਉਨ੍ਹਾਂ ਨੇ ਇਸ ਨੂੰ ਨਿਰਸਵਾਰਥ ਸੇਵਾ, ਚਰਿੱਤਰ ਨਿਰਮਾਣ ਅਤੇ ਕਦਰਾਂ ਕੀਮਤਾਂ ਅਧਾਰਿਤ ਸਿੱਖਿਆ ਨਾਲ ਜੋੜਿਆ। ਉਨ੍ਹਾਂ ਨੇ ਕਿਸੇ ਮੱਤ ਜਾਂ ਸਿਧਾਂਤ ’ਤੇ ਆਪਣੀ ਤਾਕਤ ਨਹੀਂ ਲਗਾਈ। ਉਨ੍ਹਾਂ ਨੇ ਗ਼ਰੀਬਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੰਮ ਕੀਤੇ। ਮੈਨੂੰ ਯਾਦ ਹੈ, ਗੁਜਰਾਤ ਦੇ ਭੁਚਾਲ ਤੋਂ ਬਾਅਦ ਪੀੜਤਾਂ ਨੂੰ ਰਾਹਤ ਪਹੁੰਚਾਉਣ ਵਿੱਚ ਬਾਬਾ ਦਾ ਸੇਵਾ ਦਲ ਅਤੇ ਸਾਰੇ ਸੇਵਾ ਸਮੂਹ ਅੱਗੇ ਦੀ ਕਤਾਰ ਵਿੱਚ ਆ ਕੇ ਖੜ੍ਹੇ ਹੋ ਗਏ ਸਨ। ਉਨ੍ਹਾਂ ਦੇ ਪੈਰੋਕਾਰ ਕਈ ਦਿਨਾਂ ਤੱਕ ਪੂਰੀ ਸ਼ਰਧਾ ਨਾਲ ਸੇਵਾ ਵਿੱਚ ਲੱਗੇ ਰਹੇ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਉਣ, ਜ਼ਰੂਰੀ ਸਮਗਰੀ ਮੁਹੱਈਆ ਕਰਾਉਣ ਅਤੇ ਮਾਨਸਿਕ-ਸਮਾਜਿਕ ਸਹਿਯੋਗ ਦੇਣ ਵਿੱਚ ਅਹਿਮ ਯੋਗਦਾਨ ਦਿੱਤਾ।

ਸਾਥੀਓ,

ਇੱਕ ਮੁਲਾਕਾਤ ਵਿੱਚ ਜੇਕਰ ਕਿਸੇ ਦਾ ਦਿਲ ਪਿਘਲ ਜਾਵੇ, ਕਿਸੇ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਵੇ ਤਾਂ ਇਸ ਨਾਲ ਉਸ ਵਿਅਕਤੀ ਦੀ ਮਹਾਨਤਾ ਦਾ ਪਤਾ ਲਗਦਾ ਹੈ। ਅੱਜ ਇੱਥੇ ਇਸ ਸਮਾਗਮ ਵਿੱਚ ਵੀ ਸਾਡੇ ਵਿੱਚ ਅਜਿਹੇ ਕਈ ਲੋਕ ਹਨ, ਜਿਨ੍ਹਾਂ ’ਤੇ ਸੱਤਿਆ ਸਾਈਂ ਬਾਬਾ ਦੇ ਸੰਦੇਸ਼ਾਂ ਦਾ ਡੂੰਘਾ ਅਸਰ ਹੋਇਆ ਅਤੇ ਉਨ੍ਹਾਂ ਦੀ ਪੂਰੀ ਜ਼ਿੰਦਗੀ ਬਦਲ ਗਈ।

ਸਾਥੀਓ,

ਮੈਨੂੰ ਸੰਤੁਸ਼ਟੀ ਹੈ ਕਿ ਸ੍ਰੀ ਸੱਤਿਆ ਸਾਈਂ ਬਾਬਾ ਦੀ ਪ੍ਰੇਰਨਾ ਨਾਲ ਸਾਈਂ ਸੈਂਟਰਲ ਟਰੱਸਟ ਅਤੇ ਉਸ ਨਾਲ ਜੁੜੇ ਅਦਾਰੇ, ਸੇਵਾ ਨੂੰ ਸੰਗਠਿਤ, ਸੰਸਥਾਗਤ ਅਤੇ ਲੰਬੇ ਸਮੇਂ ਦੀ ਪ੍ਰਣਾਲੀ ਵਜੋਂ ਅੱਗੇ ਵਧਾ ਰਹੇ ਹਨ। ਅੱਜ ਇਹ ਇੱਕ ਵਿਵਹਾਰਕ ਮਾਡਲ ਵਜੋਂ ਸਾਡੇ ਸਾਹਮਣੇ ਹੈ। ਤੁਸੀਂ ਸਾਰੇ ਪਾਣੀ, ਹਾਊਸਿੰਗ, ਹੈਲਥਕੇਅਰ, ਨਿਊਟ੍ਰੀਸ਼ਨ, ਡਿਜ਼ਾਸਟਰ-ਸਪੋਰਟ ਅਤੇ ਕਲੀਨ ਐਨਰਜੀ ਜਿਹੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰ ਰਹੇ ਹੋ। ਮੈਂ ਕੁਝ ਸੇਵਾ ਕਾਰਜਾਂ ਦਾ ਖ਼ਾਸ ਤੌਰ ’ਤੇ ਜ਼ਿਕਰ ਕਰਨਾ ਚਾਹਾਂਗਾ। ਜਿਵੇਂ ਰਾਇਲਸੀਮਾ ਵਿੱਚ ਪੀਣ ਦੇ ਪਾਣੀ ਦੀ ਗੰਭੀਰ ਸਮੱਸਿਆ ਸੀ, ਓਦੋਂ ਟਰੱਸਟ ਨੇ 3000 ਕਿੱਲੋਮੀਟਰ ਤੋਂ ਜ਼ਿਆਦਾ ਲੰਬੀ ਪਾਈਪਲਾਈਨ ਵਿਛਾਈ। ਓਡੀਸ਼ਾ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ 1000 ਮਕਾਨ ਬਣਾਏ। ਜੋ ਗ਼ਰੀਬ ਪਰਿਵਾਰ ਪਹਿਲੀ ਵਾਰ ਸ੍ਰੀ ਸੱਤਿਆ ਸਾਈਂ ਹਸਪਤਾਲਾਂ ਵਿੱਚ ਆਉਂਦਾ ਹੈ, ਉਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਹਸਪਤਾਲ ਵਿੱਚ ਬਿਲਿੰਗ ਦਾ ਕੋਈ ਕਾਊਂਟਰ ਹੀ ਨਹੀਂ ਹੈ। ਜਿੱਥੇ ਇਲਾਜ ਭਾਵੇਂ ਮੁਫ਼ਤ ਹੈ, ਪਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਸਾਥੀਓ,

ਅੱਜ ਹੀ ਇੱਥੇ 20 ਹਜ਼ਾਰ ਤੋਂ ਜ਼ਿਆਦਾ ਧੀਆਂ ਦੇ ਨਾਮ ’ਤੇ ਸੁਕੰਨਿਆ ਸਮਰਿੱਧੀ ਯੋਜਨਾ ਦੇ ਖਾਤੇ ਖੋਲ੍ਹੇ ਗਏ ਹਨ। ਇਸ ਨਾਲ ਉਨ੍ਹਾਂ ਧੀਆਂ ਦੀ ਸਿੱਖਿਆ ਅਤੇ ਸੁਰੱਖਿਅਤ ਭਵਿੱਖ ਯਕੀਨੀ ਹੋਇਆ ਹੈ।

ਸਾਥੀਓ,

ਭਾਰਤ ਸਰਕਾਰ ਨੇ 10 ਸਾਲ ਪਹਿਲਾਂ ਧੀਆਂ ਦੀ ਸਿੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਇਹ ਸੁਕੰਨਿਆ ਸਮਰਿੱਧੀ ਯੋਜਨਾ ਸ਼ੁਰੂ ਕੀਤੀ ਸੀ। ਇਹ ਦੇਸ਼ ਦੀਆਂ ਉਨ੍ਹਾਂ ਯੋਜਨਾਵਾਂ ਵਿੱਚੋਂ ਇੱਕ ਹੈ, ਜਿਸ ਵਿੱਚ 8.2 ਫ਼ੀਸਦੀ ਦੀ ਸਭ ਤੋਂ ਜ਼ਿਆਦਾ ਵਿਆਜ ਦਰ ਸਾਡੀਆਂ ਧੀਆਂ ਨੂੰ ਮਿਲਦੀ ਹੈ। ਹੁਣ ਤੱਕ ਦੇਸ਼ ਦੀਆਂ 4 ਕਰੋੜ ਤੋਂ ਜ਼ਿਆਦਾ ਧੀਆਂ ਦੇ ਖਾਤੇ ਸੁਕੰਨਿਆ ਸਮਰਿੱਧੀ ਯੋਜਨਾ ਦੇ ਤਹਿਤ ਖੋਲ੍ਹੇ ਜਾ ਚੁੱਕੇ ਹਨ। ਅਤੇ ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਹੁਣ ਤੱਕ ਇਨ੍ਹਾਂ ਬੈਂਕ ਖਾਤਿਆਂ ਵਿੱਚ ਸਵਾ ਤਿੰਨ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਜਮ੍ਹਾਂ ਕਰਾਈ ਜਾ ਚੁੱਕੀ ਹੈ। ਇਹ ਯਤਨ ਬਹੁਤ ਚੰਗਾ ਹੈ ਕਿ ਸ੍ਰੀ ਸੱਤਿਆ ਸਾਈਂ ਪਰਿਵਾਰ ਨੇ ਇੱਥੇ 20 ਹਜ਼ਾਰ ਸੁਕੰਨਿਆ ਸਮਰਿੱਧੀ ਖਾਤੇ ਖੁਲ੍ਹਵਾਉਣ ਦਾ ਨੇਕ ਕੰਮ ਕੀਤਾ ਹੈ। ਵੈਸੇ ਮੈਂ ਕਾਸ਼ੀ ਦਾ ਸਾਂਸਦ ਹਾਂ ਤਾਂ ਇੱਕ ਮਿਸਾਲ ਉਥੋਂ ਦੀ ਵੀ ਦੇਵਾਂਗਾ। ਪਿਛਲੇ ਸਾਲ ਫ਼ਰਵਰੀ ਵਿੱਚ ਅਸੀਂ ਉੱਥੇ 27 ਹਜ਼ਾਰ ਸੁਕੰਨਿਆ ਸਮਰਿੱਧੀ ਖਾਤੇ ਖੁਲ੍ਹਵਾਏ ਸਨ। ਅਤੇ ਹਰ ਧੀ ਦੇ ਬੈਂਕ ਖਾਤੇ ਵਿੱਚ 300 ਰੁਪਏ ਵੀ ਟ੍ਰਾਂਸਫਰ ਕੀਤੇ ਸਨ। ਧੀਆਂ ਦੀ ਸਿੱਖਿਆ ਅਤੇ ਬਿਹਤਰ ਭਵਿੱਖ ਵਿੱਚ ਸੁਕੰਨਿਆ ਸਮਰਿੱਧੀ ਯੋਜਨਾ ਵੱਡੀ ਭੂਮਿਕਾ ਨਿਭਾ ਰਹੀ ਹੈ।

ਸਾਥੀਓ,

ਦੇਸ਼ ਵਿੱਚ ਪਿਛਲੇ 11 ਸਾਲਾਂ ਵਿੱਚ ਅਜਿਹੀਆਂ ਅਨੇਕਾਂ ਯੋਜਨਾਵਾਂ ਸ਼ੁਰੂ ਹੋਈਆਂ ਹਨ, ਜਿਨ੍ਹਾਂ ਨੇ ਨਾਗਰਿਕਾਂ ਦੀ ਸਮਾਜਿਕ ਸੁਰੱਖਿਆ ਨੂੰ, ਸੋਸ਼ਲ ਸਕਿਊਰਟੀ ਕਵਚ ਨੂੰ ਬਹੁਤ ਮਜ਼ਬੂਤ ਕਰ ਦਿੱਤਾ ਹੈ। ਅਤੇ ਦੇਸ਼ ਦੇ ਗ਼ਰੀਬ-ਪਛੜੇ ਲਗਾਤਾਰ ਸੋਸ਼ਲ ਸਕਿਊਰਟੀ ਦੇ ਦਾਇਰੇ ਵਿੱਚ ਆ ਰਹੇ ਹਨ। 2014 ਵਿੱਚ ਦੇਸ਼ ਵਿੱਚ 25 ਕਰੋੜ ਲੋਕ ਹੀ ਸੋਸ਼ਲ ਸਕਿਊਰਟੀ ਦੇ ਦਾਇਰੇ ਵਿੱਚ ਸੀ। ਅੱਜ ਮੈਂ ਬਹੁਤ ਸੰਤੁਸ਼ਟੀ ਨਾਲ ਕਹਿੰਦਾ ਹਾਂ ਅਤੇ ਬਾਬਾ ਦੇ ਚਰਨਾਂ ਵਿੱਚ ਬੈਠ ਕੇ ਕਹਿੰਦਾ ਹਾਂ, ਅੱਜ ਇਹ ਗਿਣਤੀ ਤਕਰੀਬਨ 100 ਕਰੋੜ ਤੱਕ ਪਹੁੰਚ ਚੁੱਕੀ ਹੈ। ਭਾਰਤ ਦੀਆਂ ਗ਼ਰੀਬ ਭਲਾਈ ਦੀਆਂ ਯੋਜਨਾਵਾਂ ਦੀ, ਸੋਸ਼ਲ ਸਕਿਊਰਟੀ ਦੇਣ ਵਾਲੀਆਂ ਯੋਜਨਾਵਾਂ ਦੀ ਵਿਦੇਸ਼ਾਂ ਤੱਕ, ਸਾਰੇ ਇੰਟਰਨੈਸ਼ਨਲ ਫੋਰਮਾਂ ਵਿੱਚ ਚਰਚਾ ਹੋ ਰਹੀ ਹੈ।

ਸਾਥੀਓ,

ਅੱਜ ਹੀ ਇੱਥੇ ਮੈਨੂੰ ਗੋਦਾਨ ਦੇ ਸਮਾਗਮ ਵਿੱਚ ਭਾਈਵਾਲ ਹੋਣ ਦਾ ਵੀ ਮੌਕਾ ਮਿਲਿਆ ਹੈ। ਟਰੱਸਟ ਵੱਲੋਂ 100 ਗਊਆਂ ਗ਼ਰੀਬ ਕਿਸਾਨ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਸਾਡੀ ਰਵਾਇਤ ਵਿੱਚ ਗਊ-ਮਾਤਾ ਨੂੰ ਜੀਵਨ, ਖ਼ੁਸ਼ਹਾਲੀ ਅਤੇ ਹਮਦਰਦੀ ਦਾ ਪ੍ਰਤੀਕ ਮੰਨਿਆ ਗਿਆ ਹੈ। ਇਹ ਗਊਆਂ ਇਨ੍ਹਾਂ ਪਰਿਵਾਰਾਂ ਦੀ ਆਰਥਿਕ, ਪੋਸ਼ਣ-ਸਬੰਧੀ ਅਤੇ ਸਮਾਜਿਕ ਸਥਿਰਤਾ ਵਿੱਚ ਸਹਾਇਕ ਹੋਣਗੀਆਂ।

ਸਾਥੀਓ,

ਗਊ-ਮਾਤਾ ਦੀ ਸੰਭਾਲ ਨਾਲ ਖ਼ੁਸ਼ਹਾਲੀ ਦਾ ਸੁਨੇਹਾ, ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਵਿੱਚ ਦਿਖਦਾ ਹੈ। ਕੁਝ ਸਾਲ ਪਹਿਲਾਂ ਰਾਸ਼ਟਰੀ ਗੋਕੁਲ ਮਿਸ਼ਨ ਤਹਿਤ ਵਾਰਾਣਸੀ ਵਿੱਚ 480 ਤੋਂ ਜ਼ਿਆਦਾ ਗਿਰ ਗਊਆਂ ਵੰਡੀਆਂ ਗਈਆਂ ਸਨ। ਅਤੇ ਮੇਰਾ ਇੱਕ ਨਿਯਮ ਸੀ ਕਿ ਜੋ ਪਹਿਲੀ ਵੱਛੀ ਹੁੰਦੀ ਸੀ, ਉਹ ਮੈਂ ਵਾਪਸ ਲੈਂਦਾ ਸੀ ਅਤੇ ਦੂਸਰੇ ਪਰਿਵਾਰ ਨੂੰ ਦਿੰਦਾ ਸੀ। ਅੱਜ ਵਾਰਾਣਸੀ ਵਿੱਚ ਗਿਰ ਗਊਆਂ ਅਤੇ ਵੱਛਿਆਂ ਦੀ ਗਿਣਤੀ ਲਗਭਗ 1700 ਹੋ ਗਈ ਹੈ। ਅਤੇ ਉੱਥੇ ਅਸੀਂ ਜੋ ਇੱਕ ਰਵਾਇਤ ਸ਼ੁਰੂ ਕੀਤੀ ਹੈ, ਜੋ ਗਊ ਉੱਥੇ ਵੰਡੀ ਗਈ ਹੈ, ਉਨ੍ਹਾਂ ਤੋਂ ਪੈਦਾ ਹੋਏ ਮਾਦਾ ਵੱਛੀਆਂ ਨੂੰ ਦੂਸਰੇ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਂਦਾ ਹੈ। ਇਸ ਲਈ ਇਨ੍ਹਾਂ ਗਊਆਂ ਦੀ ਗਿਣਤੀ ਵੀ ਵਧ ਰਹੀ ਹੈ। ਮੈਨੂੰ ਯਾਦ ਹੈ, 7-8 ਸਾਲ ਪਹਿਲਾਂ ਅਫ਼ਰੀਕਾ ਵਿੱਚ ਰਵਾਂਡਾ ਦੀ ਯਾਤਰਾ ਦੌਰਾਨ, ਮੈਂ ਉੱਥੇ ਇੱਕ ਪਿੰਡ ਵਿੱਚ ਗਿਆ ਸੀ ਅਤੇ ਉੱਥੇ ਭਾਰਤ ਦੀਆਂ 200 ਗਿਰ ਗਊਆਂ ਭੇਂਟ ਕੀਤੀਆਂ ਸਨ। ਅਤੇ ਇਹ ਦਾਨ ਦੇਣ ਵਾਲੀ ਰਵਾਇਤ ਉੱਥੇ ਵੀ ਹੈ। ਉੱਥੇ ਗਿਰਿਨਕਾ ਨਾਮ ਦੀ ਪ੍ਰਥਾ ਹੈ, ਜਿਸ ਦਾ ਮਤਲਬ ਹੈ “ਕੀ ਤੁਹਾਡੇ ਕੋਲ ਇੱਕ ਗਊ ਹੈ", ਇਸ ਵਿੱਚ ਗਊ ਤੋਂ ਪੈਦਾ ਹੋਣ ਵਾਲੀ ਪਹਿਲੀ ਮਾਦਾ ਵੱਛੀ ਨੂੰ ਗੁਆਂਢੀ ਪਰਿਵਾਰ ਨੂੰ ਦਾਨ ਦੇਣਾ ਹੁੰਦਾ ਹੈ। ਇਸ ਰਵਾਇਤ ਨਾਲ ਉੱਥੇ ਨਿਊਟ੍ਰੀਸ਼ਨ, ਮਿਲਕ ਪ੍ਰੋਡਕਟਸ, ਇਨਕਮ ਅਤੇ ਸੋਸ਼ਲ ਯੂਨਿਟੀ ਵਧੀ ਹੈ।

ਸਾਥੀਓ,

ਬ੍ਰਾਜ਼ੀਲ ਨੇ ਵੀ ਭਾਰਤ ਦੀਆਂ ਗਿਰ ਅਤੇ ਕਾਂਕਰੇਜ ਨਸਲਾਂ ਨੂੰ ਅਪਣਾ ਕੇ ਉਨ੍ਹਾਂ ਨੂੰ ਆਧੁਨਿਕ ਤਕਨੀਕ ਅਤੇ ਵਿਗਿਆਨਿਕ ਪ੍ਰਬੰਧਾਂ ਨਾਲ ਅੱਗੇ ਵਧਾਇਆ ਹੈ। ਅਤੇ ਅੱਜ ਉਹ ਬਿਹਤਰ ਡੇਅਰੀ ਪਰਫੋਰਮੈਂਸ ਦਾ ਸਰੋਤ ਬਣ ਗਈਆਂ ਹਨ। ਇਹ ਸਾਰੀਆਂ ਉਦਾਹਰਨਾਂ ਦਸਦੀਆਂ ਹਨ ਕਿ ਜਦੋਂ ਰਵਾਇਤ, ਹਮਦਰਦੀ ਅਤੇ ਵਿਗਿਆਨਿਕ ਸੋਚ ਇਕੱਠੀ ਚਲਦੀ ਹੈ, ਤਾਂ ਗਊ ਆਸਥਾ ਦੇ ਨਾਲ ਹੀ ਸਸ਼ਕਤੀਕਰਨ, ਪੋਸ਼ਣ ਅਤੇ ਆਰਥਿਕ ਤਰੱਕੀ ਦਾ ਸਾਧਨ ਬਣ ਜਾਂਦੀ ਹੈ। ਅਤੇ ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਇਸ ਰਵਾਇਤ ਨੂੰ ਇੱਥੇ ਬਹੁਤ ਨੇਕ ਨੀਅਤ ਨਾਲ ਅੱਗੇ ਵਧਾ ਰਹੇ ਹੋ।

ਸਾਥੀਓ,

ਅੱਜ ਦੇਸ਼ ਕਰਤਵਯ-ਕਾਲ ਦੀ ਭਾਵਨਾ ਨਾਲ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਨਾਗਰਿਕ ਭਾਗੀਦਾਰੀ ਲਾਜ਼ਮੀ ਹੈ। ਅਤੇ ਇਸ ਵਿੱਚ ਸੱਤਿਆ ਸਾਈਂ ਬਾਬਾ ਜੀ ਦਾ ਇਹ ਜਨਮ ਸ਼ਤਾਬਦੀ ਵਰ੍ਹਾ ਸਾਡੀ ਵੱਡੀ ਪ੍ਰੇਰਨਾ ਹੈ। ਮੇਰੀ ਬੇਨਤੀ ਹੈ ਕਿ ਇਸ ਸਾਲ ਅਸੀਂ ਖ਼ਾਸ ਤੌਰ ’ਤੇ ਵੋਕਲ ਫਾਰ ਲੋਕਲ ਦੇ ਮੰਤਰ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਈਏ। ਵਿਕਸਿਤ ਭਾਰਤ ਬਣਾਉਣ ਲਈ ਸਾਨੂੰ ਲੋਕਲ ਇਕੋਨਮੀ ਨੂੰ ਹੁਲਾਰਾ ਦੇਣਾ ਹੀ ਹੋਵੇਗਾ। ਅਸੀਂ ਯਾਦ ਰੱਖਣਾ ਹੈ, ਜਦੋਂ ਅਸੀਂ ਸਥਾਨਕ ਉਤਪਾਦ ਖਰੀਦਦੇ ਹਾਂ, ਤਾਂ ਅਸੀਂ ਇੱਕ ਪਰਿਵਾਰ, ਇੱਕ ਛੋਟੇ ਉੱਦਮ ਅਤੇ ਸਥਾਨਕ ਸਪਲਾਈ-ਚੇਨ ਨੂੰ ਸਿੱਧੇ ਸਸ਼ਕਤ ਬਣਾਉਂਦੇ ਹਾਂ। ਇਸੇ ਨਾਲ ਆਤਮ-ਨਿਰਭਰ ਭਾਰਤ ਦਾ ਰਾਹ ਵੀ ਤਿਆਰ ਹੁੰਦਾ ਹੈ।

ਸਾਥੀਓ,

ਤੁਸੀਂ ਸਾਰੇ ਸ੍ਰੀ ਸੱਤਿਆ ਸਾਈਂ ਬਾਬਾ ਦੀ ਪ੍ਰੇਰਨਾ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਲਗਾਤਾਰ ਯੋਗਦਾਨ ਦੇ ਰਹੇ ਹੋ। ਇਸ ਪਵਿੱਤਰ ਧਰਤੀ ਵਿੱਚ ਸੱਚੀ ਇੱਕ ਸ਼ਾਨਦਾਰ ਤਾਕਤ ਹੈ, ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਵਾਣੀ ਵਿੱਚ ਹਮਦਰਦੀ, ਵਿਚਾਰਾਂ ਵਿੱਚ ਸ਼ਾਂਤੀ ਅਤੇ ਕਰਮ ਵਿੱਚ ਸੇਵਾ ਦੀ ਭਾਵਨਾ ਦਿੱਖਣ ਲਗਦੀ ਹੈ। ਮੈਨੂੰ ਭਰੋਸਾ ਹੈ, ਜਿੱਥੇ ਵੀ ਕਮੀ ਜਾਂ ਦੁੱਖ ਦਿਖਾਈ ਦੇਵੇਗਾ, ਉੱਥੇ ਤੁਸੀਂ ਇਸੇ ਤਰ੍ਹਾਂ ਇੱਕ ਉਮੀਦ, ਇੱਕ ਚਾਨਣ ਬਣ ਕੇ ਖੜ੍ਹੇ ਹੋਵੋਂਗੇ। ਇਸ ਭਾਵਨਾ ਦੇ ਨਾਲ ਮੈਂ ਸੱਤਿਆ ਸਾਈਂ ਪਰਿਵਾਰ, ਸਾਰੇ ਅਦਾਰਿਆਂ, ਸਾਰੇ ਸੇਵਾ ਦਲ ਦੇ ਸੇਵਾ ਸਮੂਹਾਂ ਅਤੇ ਦੇਸ਼-ਦੁਨੀਆ ਨਾਲ ਜੁੜੇ ਸਾਰੇ ਸ਼ਰਧਾਲੂਆਂ ਨੂੰ ਪ੍ਰੇਮ, ਸ਼ਾਂਤੀ ਅਤੇ ਸੇਵਾ ਦੇ ਇਸ ਯੱਗ ਨੂੰ ਅੱਗੇ ਵਧਾਉਣ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ। ਸਾਈਂ-ਰਾਮ!

***************

ਐੱਮਜੇਪੀਐੱਸ/ ਐੱਸਟੀ/ ਆਰਕੇ


(Release ID: 2192835) Visitor Counter : 4