ਪ੍ਰਧਾਨ ਮੰਤਰੀ ਦਫਤਰ
ਭੂਟਾਨ ਦੇ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
Posted On:
11 NOV 2025 1:53PM by PIB Chandigarh
Your Majesty ਭੂਟਾਨ ਦੇ ਰਾਜਾ
Your Majesty ਚੌਥੇ ਰਾਜਾ
ਰਾਇਲ ਫੈਮਲੀ ਦੇ ਸਤਿਕਾਰਯੋਗ ਮੈਂਬਰ
ਭੂਟਾਨ ਦੇ ਪ੍ਰਧਾਨ ਮੰਤਰੀ ਜੀ
ਹੋਰ ਪਤਵੰਤੇ ਸੱਜਣ
ਅਤੇ ਭੂਟਾਨ ਦੇ ਮੇਰੇ ਭਾਈਓ ਅਤੇ ਭੈਣੋ!
ਕੁਜੂਜਾਂਗਪੋ ਲਾ!
ਅੱਜ ਦਾ ਦਿਨ ਭੂਟਾਨ ਦੇ ਲਈ, ਭੂਟਾਨ ਦੇ ਰਾਜ ਪਰਿਵਾਰ ਲਈ ਅਤੇ ਵਿਸ਼ਵ ਸ਼ਾਂਤੀ ਵਿੱਚ ਭਰੋਸਾ ਰੱਖਣ ਵਾਲੇ ਸਾਰੇ ਲੋਕਾਂ ਦੇ ਲਈ ਬਹੁਤ ਅਹਿਮ ਹੈ।
ਸਦੀਆਂ ਤੋਂ ਭਾਰਤ ਅਤੇ ਭੂਟਾਨ ਦਾ ਬਹੁਤ ਹੀ ਡੂੰਘਾ ਅਧਿਆਤਮਿਕ ਅਤੇ ਸਭਿਆਚਾਰਕ ਰਿਸ਼ਤਾ ਹੈ। ਅਤੇ ਇਸ ਲਈ ਇਸ ਅਹਿਮ ਮੌਕੇ ’ਤੇ ਸ਼ਾਮਿਲ ਹੋਣਾ ਭਾਰਤ ਦੀ ਅਤੇ ਮੇਰੀ ਕਮਿਟਮੈਂਟ ਸੀ।
ਪਰ ਅੱਜ ਮੈਂ ਇੱਥੇ ਬਹੁਤ ਭਾਰੀ ਮਨ ਨਾਲ ਆਇਆ ਹਾਂ। ਕੱਲ੍ਹ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਦੇ ਮਨ ਨੂੰ ਪਰੇਸ਼ਾਨ ਕਰ ਦਿੱਤਾ ਹੈ। ਮੈਂ ਪੀੜਤ ਪਰਿਵਾਰਾਂ ਦਾ ਦੁੱਖ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਮੈਂ ਕੱਲ੍ਹ ਰਾਤ ਭਰ ਇਸ ਘਟਨਾ ਦੀ ਜਾਂਚ ਵਿੱਚ ਜੁੜੀਆਂ ਸਾਰੀਆਂ ਏਜੰਸੀਆਂ ਦੇ ਨਾਲ, ਸਾਰੇ ਅਹਿਮ ਲੋਕਾਂ ਦੇ ਨਾਲ ਸੰਪਰਕ ਵਿੱਚ ਸੀ। ਵਿਚਾਰ-ਵਟਾਂਦਰੇ ਜਾਰੀ ਸਨ। ਜਾਣਕਾਰੀ ਦੇ ਤਾਰ ਜੋੜੇ ਜਾ ਰਹੇ ਸਨ।
ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਜਾਣਗੀਆਂ। ਇਸ ਦੇ ਪਿੱਛੇ ਦੇ ਸਾਜ਼ਿਸ਼ ਕਰਨ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸਾਰੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।
ਸਾਥੀਓ,
ਅੱਜ ਇੱਥੇ ਇੱਕ ਪਾਸੇ ਗੁਰੂ ਪਦਮਸੰਭਵ ਦੇ ਅਸ਼ੀਰਵਾਦ ਨਾਲ ਵਿਸ਼ਵ ਸ਼ਾਂਤੀ ਪ੍ਰਾਰਥਨਾ ਉਤਸਵ ਦਾ ਆਯੋਜਨ ਹੋ ਰਿਹਾ ਹੈ, ਦੂਸਰੇ ਪਾਸੇ ਭਗਵਾਨ ਬੁੱਧ ਦੇ ਪਿਪਰਾਹਵਾ ਅਵਸ਼ੇਸ਼ਾਂ ਦੇ ਦਰਸ਼ਨ ਹੋ ਰਹੇ ਹਨ। ਅਤੇ ਇਨ੍ਹਾਂ ਸਭ ਦੇ ਨਾਲ ਅਸੀਂ ਸਾਰੇ His Majesty The Fourth King ਦੇ 70ਵੇਂ ਜਨਮ ਦਿਨ ਸਮਾਗਮ ਦਾ ਗਵਾਹ ਬਣ ਰਹੇ ਹਾਂ।
ਇਹ ਆਯੋਜਨ, ਇੰਨੇ ਸਾਰੇ ਲੋਕਾਂ ਦੀ ਮਾਣਮੱਤੀ ਮੌਜੂਦਗੀ, ਇਸ ਵਿੱਚ ਭਾਰਤ ਅਤੇ ਭੂਟਾਨ ਦੇ ਰਿਸ਼ਤਿਆਂ ਦੀ ਮਜ਼ਬੂਤੀ ਨਜ਼ਰ ਆਉਂਦੀ ਹੈ।
ਸਾਥੀਓ,
ਭਾਰਤ ਵਿੱਚ ਸਾਡੇ ਪੁਰਖਿਆਂ ਦੀ ਪ੍ਰੇਰਨਾ ਹੈ – ਵਸੁਧੈਵ ਕੁਟੁੰਬਕਮ, ਯਾਨੀ ਪੂਰੀ ਦੁਨੀਆ ਇੱਕ ਪਰਿਵਾਰ ਹੈ।
ਅਸੀਂ ਕਹਿੰਦੇ ਹਾਂ - ਸਰਵੋ ਭਵੰਤੁ ਸੁਖਿਨ: ਮਤਲਬ ਇਸ ਧਰਤੀ ’ਤੇ ਸਾਰੇ ਸੁਖੀ ਰਹਿਣ…
ਅਸੀਂ ਕਹਿੰਦੇ ਹਾਂ –
ਦਯੋ: ਸ਼ਾਂਤੀ: (द्यौः शान्तिः)
ਅੰਤਰਿਕਸ਼ਮ ਸ਼ਾਂਤੀ: (अन्तरिक्षम् शान्तिः)
ਪ੍ਰਿਥਵੀ ਸ਼ਾਂਤੀ: (पृथिवी शान्तिः)
ਆਪ: ਸ਼ਾਂਤੀ: (आपः शान्तिः)
ਔਸ਼ਧਯ: ਸ਼ਾਂਤੀ: (ओषधयः शान्तिः)
ਮਤਲਬ ਸੰਪੂਰਨ ਬ੍ਰਹਿਮੰਡ, ਆਕਾਸ਼, ਪੁਲਾੜ, ਧਰਤੀ, ਪਾਣੀ, ਔਸ਼ਦੀਆਂ, ਬਨਸਪਤੀਆਂ, ਅਤੇ ਸਾਰੇ ਜਿਊਂਦੇ ਪ੍ਰਾਣੀਆਂ ਵਿੱਚ ਸ਼ਾਂਤੀ ਬਣੀ ਰਹੇ। ਆਪਣੀਆਂ ਇਨ੍ਹਾਂ ਭਾਵਨਾਵਾਂ ਦੇ ਨਾਲ ਭਾਰਤ ਵੀ ਅੱਜ ਭੂਟਾਨ ਦੇ ਇਸ ਵਿਸ਼ਵ ਸ਼ਾਂਤੀ ਪ੍ਰਾਰਥਨਾ ਉਤਸਵ ਵਿੱਚ ਸ਼ਾਮਿਲ ਹੋਇਆ ਹੈ।
ਅੱਜ ਦੁਨੀਆ ਭਰ ਤੋਂ ਆਏ ਸੰਤ, ਇਕੱਠੇ, ਸੰਸਾਰਕ ਸ਼ਾਂਤੀ ਦੀ ਪ੍ਰਾਰਥਨਾ ਕਰ ਰਹੇ ਹਨ। ਅਤੇ ਇਸ ਵਿੱਚ 140 ਕਰੋੜ ਭਾਰਤੀਆਂ ਦੀਆਂ ਪ੍ਰਾਰਥਨਾਵਾਂ ਵੀ ਸ਼ਾਮਿਲ ਹਨ।
ਵੈਸੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ, ਵਡਨਗਰ ਜਿੱਥੇ ਮੇਰਾ ਜਨਮ ਹੋਇਆ, ਬੋਧੀ ਰਵਾਇਤ ਨਾਲ ਜੁੜੀ ਇੱਕ ਪਵਿੱਤਰ ਧਰਤੀ ਰਹੀ ਹੈ ਅਤੇ ਵਾਰਾਣਸੀ, ਜੋ ਮੇਰੀ ਕਰਮਭੂਮੀ ਹੈ, ਉਹ ਵੀ ਬੋਧੀ ਸ਼ਰਧਾ ਦਾ ਇੱਕ ਸਤਿਕਾਰਯੋਗ ਸਥਾਨ ਹੈ। ਇਸ ਲਈ ਇਸ ਸਮਾਗਮ ਵਿੱਚ ਆਉਣਾ ਖ਼ਾਸ ਹੈ। ਮੇਰੀ ਪ੍ਰਾਰਥਨਾ ਹੈ ਕਿ ਸ਼ਾਂਤੀ ਦਾ ਇਹ ਦੀਵਾ, ਭੂਟਾਨ ਦੇ, ਦੁਨੀਆਂ ਦੇ ਹਰ ਘਰ ਨੂੰ ਰੋਸ਼ਨ ਕਰੇ।
ਸਾਥੀਓ,
ਭੂਟਾਨ ਦੇ ਮਹਾਮਹਿਮ ਚੌਥੇ ਰਾਜਾ ਦਾ, ਉਨ੍ਹਾਂ ਦਾ ਜੀਵਨ, ਸਿਆਣਪ, ਸਾਦਗੀ, ਹਿੰਮਤ, ਅਤੇ ਰਾਸ਼ਟਰ ਦੇ ਪ੍ਰਤੀ ਸੈਲਫਲੈਸ ਸਰਵਿਸ ਦਾ ਸੁਮੇਲ ਹੈ।
ਉਨ੍ਹਾਂ ਨੇ 16 ਸਾਲ ਦੀ ਬਹੁਤ ਛੋਟੀ ਉਮਰ ਵਿੱਚ ਹੀ ਵੱਡੀ ਜ਼ਿੰਮੇਵਾਰੀ ਸੰਭਾਲੀ। ਆਪਣੇ ਦੇਸ਼ ਨੂੰ ਇੱਕ ਪਿਤਾ ਜਿਹਾ ਪਿਆਰ ਦਿੱਤਾ। ਅਤੇ ਆਪਣੇ ਦੇਸ਼ ਨੂੰ ਇੱਕ ਵਿਜ਼ਨ ਦੇ ਨਾਲ ਅੱਗੇ ਵਧਾਇਆ। 34 ਸਾਲਾਂ ਦੇ ਆਪਣੇ ਸ਼ਾਸਨ ਕਾਲ ਵਿੱਚ, ਉਨ੍ਹਾਂ ਨੇ ਭੂਟਾਨ ਦੀ ਵਿਰਾਸਤ ਅਤੇ ਵਿਕਾਸ ਦੋਵਾਂ ਨੂੰ ਨਾਲ ਲੈ ਕੇ ਚੱਲੇ।
ਭੂਟਾਨ ਵਿੱਚ ਲੋਕਤੰਤਰਿਕ ਵਿਵਸਥਾਵਾਂ ਦੀ ਸਥਾਪਨਾ ਤੋਂ ਲੈ ਕੇ, ਬਾਰਡਰ ਏਰੀਏ ਵਿੱਚ ਸ਼ਾਂਤੀ ਸਥਾਪਨਾ ਕਰਾਉਣ ਤੱਕ ਮਹਾਮਹਿਮ ਨੇ ਇੱਕ ਨਿਰਨਾਇਕ ਭੂਮਿਕਾ ਨਿਭਾਈ।
ਤੁਸੀਂ, “ਗਰੌਸ ਨੈਸ਼ਨਲ ਹੈਪੀਨੈੱਸ” ਦਾ ਜੋ ਵਿਚਾਰ ਦਿੱਤਾ ਹੈ ਉਹ ਅੱਜ ਪੂਰੀ ਦੁਨੀਆਂ ਵਿੱਚ ਗ੍ਰੋਥ ਨੂੰ ਪਰਿਭਾਸ਼ਿਤ ਕਰਨ ਦਾ ਇੱਕ ਅਹਿਮ ਪੈਰਾਮੀਟਰ ਬਣ ਚੁੱਕਿਆ ਹੈ। ਤੁਸੀਂ ਦਿਖਾਇਆ ਹੈ ਕਿ ਨੇਸ਼ਨ ਬਿਲਡਿੰਗ ਸਿਰਫ਼ ਜੀਡੀਪੀ ਨਾਲ ਨਹੀਂ, ਬਲਕਿ ਮਨੁੱਖਤਾ ਦੀ ਭਲਾਈ ਨਾਲ ਹੁੰਦੀ ਹੈ।
ਸਾਥੀਓ,
ਭਾਰਤ ਅਤੇ ਭੂਟਾਨ ਦੀ ਦੋਸਤੀ ਨੂੰ ਮਜ਼ਬੂਤੀ ਦੇਣ ਵਿੱਚ ਵੀ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਤੁਸੀਂ ਜੋ ਨੀਂਹ ਰੱਖੀ ਹੈ, ਉਸ ’ਤੇ ਸਾਡੇ ਦੋਵੇਂ ਦੇਸ਼ਾਂ ਦੀ ਦੋਸਤੀ ਲਗਾਤਾਰ ਵਧ-ਫੁਲ ਰਹੀ ਹੈ।
ਮੈਂ ਸਾਰੇ ਭਾਰਤੀਆਂ ਵੱਲੋਂ ਮਹਾਮਹਿਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਨ੍ਹਾਂ ਦੀ ਬਿਹਤਰ ਸਿਹਤ ਅਤੇ ਲੰਬੀ ਉਮਰ ਹੋਣ ਦੀ ਕਾਮਨਾ ਕਰਦਾ ਹਾਂ।
ਸਾਥੀਓ,
ਭਾਰਤ ਅਤੇ ਭੂਟਾਨ, ਸਿਰਫ਼ ਸਰਹੱਦਾਂ ਨਾਲ ਨਹੀਂ, ਸਭਿਆਚਾਰ ਨਾਲ ਵੀ ਜੁੜੇ ਹਨ। ਸਾਡਾ ਰਿਸ਼ਤਾ ਵੈਲਿਊਜ਼ ਦਾ ਹੈ, ਇਮੋਸ਼ਨਸ ਦਾ ਹੈ, ਸ਼ਾਂਤੀ ਦਾ ਹੈ, ਤਰੱਕੀ ਦਾ ਹੈ।
2014 ਵਿੱਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ, ਮੈਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਵਿੱਚ ਭੂਟਾਨ ਆਉਣ ਦਾ ਮੌਕਾ ਮਿਲਿਆ ਸੀ। ਮੈਂ ਅੱਜ ਵੀ, ਉਸ ਯਾਤਰਾ ਨੂੰ ਯਾਦ ਕਰਦਾ ਹਾਂ ਤਾਂ ਮਨ ਭਾਵਨਾਵਾਂ ਨਾਲ ਭਰ ਜਾਂਦਾ ਹੈ। ਭਾਰਤ ਅਤੇ ਭੂਟਾਨ ਦੇ ਸਬੰਧ ਇੰਨੇ ਮਜ਼ਬੂਤ ਤੇ ਖ਼ੁਸ਼ਹਾਲ ਹਨ। ਅਸੀਂ ਮੁਸ਼ਕਿਲਾਂ ਵਿੱਚ ਵੀ ਇਕੱਠੇ ਸੀ, ਅਸੀਂ ਚੁਣੌਤੀਆਂ ਦਾ ਸਾਹਮਣਾ ਵੀ ਮਿਲ ਕੇ ਕੀਤਾ ਅਤੇ ਅੱਜ ਜਦੋਂ ਅਸੀਂ ਤਰੱਕੀ ਕੀਤੀ, ਖ਼ੁਸ਼ਹਾਲੀ ਵੱਲ ਚੱਲ ਪਏ ਹਾਂ, ਓਦੋਂ ਵੀ ਸਾਡਾ ਸਾਥ ਹੋਰ ਮਜ਼ਬੂਤ ਹੋ ਰਿਹਾ ਹੈ।
ਮਹਾਮਹਿਮ, ਰਾਜਾ ਜੀ ਭੂਟਾਨ ਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾ ਰਹੇ ਹਨ। ਭਾਰਤ ਅਤੇ ਭੂਟਾਨ ਦੇ ਵਿੱਚ ਭਰੋਸੇ ਅਤੇ ਵਿਕਾਸ ਦੀ ਜੋ ਸਾਂਝੇਦਾਰੀ ਹੈ, ਉਹ ਇਸ ਪੂਰੇ ਖੇਤਰ ਦੇ ਲਈ ਬਹੁਤ ਵੱਡਾ ਮਾਡਲ ਹੈ।
ਸਾਥੀਓ,
ਅੱਜ ਜਦੋਂ ਅਸੀਂ ਦੋਵੇਂ ਦੇਸ਼ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ, ਤਾਂ ਇਸ ਗ੍ਰੋਥ ਨੂੰ, ਸਾਡੀ ਊਰਜਾ ਭਾਈਵਾਲ ਹੋਰ ਗਤੀ ਦੇ ਰਹੀ ਹੈ। ਭਾਰਤ-ਭੂਟਾਨ ਹਾਈਡ੍ਰੋ-ਪਾਵਰ ਸਾਂਝੇਦਾਰੀ ਦੀ ਨੀਂਹ ਵੀ ਮਹਾਮਹਿਮ ਚੌਥੇ ਰਾਜਾ ਦੀ ਅਗਵਾਈ ਵਿੱਚ ਰੱਖੀ ਗਈ ਸੀ।
ਮਹਾਮਹਿਮ ਚੌਥੇ ਰਾਜਾ ਅਤੇ ਮਹਾਮਹਿਮ ਪੰਜਵੇਂ ਰਾਜਾ ਦੋਵਾਂ ਨੇ ਹੀ ਭੂਟਾਨ ਵਿੱਚ ਟਿਕਾਊ ਵਿਕਾਸ ਅਤੇ ਵਾਤਾਵਰਨ ਪਹਿਲਾਂ ਦਾ ਵਿਜ਼ਨ ਅੱਗੇ ਵਧਾਇਆ ਹੈ। ਤੁਹਾਡੇ ਇਸ ਵਿਜ਼ਨ ਦੀ ਨੀਂਹ ’ਤੇ, ਅੱਜ ਭੂਟਾਨ ਦੁਨੀਆਂ ਦਾ ਪਹਿਲਾ ਕਾਰਬਨ ਨੈਗਟਿਵ ਦੇਸ਼ ਬਣ ਗਿਆ ਹੈ। ਇਹ ਇੱਕ ਅਸਧਾਰਨ ਪ੍ਰਾਪਤੀ ਹੈ। ਅੱਜ ਪ੍ਰਤੀ-ਵਿਅਕਤੀ ਰੀ-ਨਿਊਏਬਲ ਐਨਰਜੀ ਜਨਰੇਸ਼ਨ ਵਿੱਚ ਵੀ ਭੂਟਾਨ ਦੁਨੀਆਂ ਦੇ ਸਰਬਉੱਚ ਦੇਸ਼ਾਂ ਵਿੱਚੋਂ ਇੱਕ ਹੈ।
ਸਾਥੀਓ,
ਭੂਟਾਨ ਅੱਜ ਆਪਣੀ ਇਲੈਕਟ੍ਰੀਸਿਟੀ 100 ਫ਼ੀਸਦੀ ਰੀ-ਨਿਊਏਬਲ ਸਰੋਤਾਂ ਤੋਂ ਪੈਦਾ ਕਰਦਾ ਹੈ। ਇਸ ਸਮਰੱਥਾ ਦਾ ਵਿਸਥਾਰ ਕਰਦੇ ਹੋਏ, ਅੱਜ ਇੱਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਅੱਜ ਭੂਟਾਨ ਵਿੱਚ 1000 ਮੈਗਾਵਾਟ ਤੋਂ ਵੱਧ ਦਾ ਇੱਕ ਨਵਾਂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਲਾਂਚ ਕਰ ਰਹੇ ਹਾਂ। ਜਿਸ ਨਾਲ ਭੂਟਾਨ ਦੀ ਹਾਈਡ੍ਰੋਪਾਵਰ ਸਮਰੱਥਾ ਵਿੱਚ 40 ਫ਼ੀਸਦੀ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਲੰਬੇ ਸਮੇਂ ਤੋਂ ਰੁਕੇ ਹੋਏ ਇੱਕ ਹੋਰ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ’ਤੇ ਵੀ ਫਿਰ ਤੋਂ ਕੰਮ ਸ਼ੁਰੂ ਹੋਣ ਜਾ ਰਿਹਾ ਹੈ।
ਅਤੇ ਸਾਡੀ ਇਹ ਭਾਈਵਾਲੀ ਹਾਈਡ੍ਰੋਇਲੈਕਟ੍ਰਿਕ ਤੱਕ ਸੀਮਤ ਨਹੀਂ ਹੈ।
ਹੁਣ ਅਸੀਂ ਸੋਲਰ ਐਨਰਜੀ ਵਿੱਚ ਵੀ ਇਕੱਠੇ ਵੱਡੇ ਕਦਮ ਚੁੱਕ ਰਹੇ ਹਾਂ। ਅੱਜ ਇਸ ਨਾਲ ਜੁੜੇ ਅਹਿਮ ਸਮਝੌਤੇ ਵੀ ਹੋਏ ਹਨ।
ਸਾਥੀਓ,
ਅੱਜ ਐਨਰਜੀ ਕੋ-ਆਪਰੇਸ਼ਨ ਦੇ ਨਾਲ-ਨਾਲ, ਭਾਰਤ ਅਤੇ ਭੂਟਾਨ ਦੀ ਕਨੈਕਟੀਵਿਟੀ ਵਧਾਉਣ ’ਤੇ ਵੀ ਸਾਡਾ ਫੋਕਸ ਹੈ।
ਅਸੀਂ ਸਾਰੇ ਜਾਣਦੇ ਹਾਂ
ਕਨੈਕਟੀਵਿਟੀ ਮੌਕੇ ਪੈਦਾ ਕਰਦੀ ਹੈ
ਅਤੇ ਮੌਕੇ ਖ਼ੁਸ਼ਹਾਲੀ ਪੈਦਾ ਕਰਦੇ ਹਨ।
ਇਸ ਟੀਚੇ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਗੇਲੇਫੁ ਅਤੇ ਸਾਮਤਸੇ ਸ਼ਹਿਰਾਂ ਨੂੰ ਭਾਰਤ ਦੇ ਵੱਡੇ ਰੇਲ ਨੈੱਟਵਰਕ ਨਾਲ ਜੋੜਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਇੱਥੇ ਦੀ ਇੰਡਸਟਰੀ ਦਾ ਭੂਟਾਨ ਦੇ ਕਿਸਾਨਾਂ ਦਾ ਭਾਰਤ ਦੀ ਵੱਡੀ ਮਾਰਕਿਟ ਤੱਕ ਅਕਸੈਸ ਹੋਰ ਸੌਖਾ ਹੋ ਜਾਵੇਗਾ।
ਸਾਥੀਓ,
ਰੇਲ ਅਤੇ ਰੋਡ ਕਨੈਕਟੀਵਿਟੀ ਦੇ ਨਾਲ-ਨਾਲ, ਅਸੀਂ ਬਾਰਡਰ ਇਨਫ੍ਰਾਸਟ੍ਰਕਚਰ ’ਤੇ ਵੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।
ਮਹਾਮਹਿਮ ਨੇ ਜਿਸ ਗੇਲੇਫੁ ਮਾਇੰਡਫੁਲਨੈਸ ਸਿਟੀ ਦੇ ਵਿਜ਼ਨ ’ਤੇ ਕੰਮ ਸ਼ੁਰੂ ਕੀਤਾ ਹੈ, ਭਾਰਤ ਉਸ ਦੇ ਲਈ ਵੀ, ਹਰ ਸੰਭਵ ਸਹਿਯੋਗ ਕਰ ਰਿਹਾ ਹੈ। ਮੈਂ ਅੱਜ ਇਸ ਮੰਚ ਤੋਂ ਇੱਕ ਹੋਰ ਅਹਿਮ ਐਲਾਨ ਕਰ ਰਿਹਾ ਹਾਂ। ਆਉਣ ਵਾਲੇ ਸਮੇਂ ਵਿੱਚ, ਭਾਰਤ ਗੇਲੇਫੁ ਦੇ ਕੋਲ ਇਮੀਗ੍ਰੇਸ਼ਨ ਚੈੱਕਪੁਆਇੰਟ ਵੀ ਬਣਾਉਣ ਜਾ ਰਿਹਾ ਹੈ, ਤਾਂ ਕਿ ਇੱਥੇ ਆਉਣ ਵਾਲੇ ਵਿਜ਼ਿਟਰਸ ਅਤੇ ਇਨਵੈਸਟਰਸ ਨੂੰ ਇਸ ਨਾਲ ਹੋਰ ਸਹੂਲਤ ਮਿਲ ਸਕੇ।
ਸਾਥੀਓ,
ਭਾਰਤ ਅਤੇ ਭੂਟਾਨ ਦੀ ਤਰੱਕੀ ਅਤੇ ਖ਼ੁਸ਼ਹਾਲੀ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਅਤੇ ਇਸ ਭਾਵਨਾ ਨਾਲ ਭਾਰਤ ਸਰਕਾਰ ਨੇ ਪਿਛਲੇ ਸਾਲ ਭੂਟਾਨ ਦੀ ਪੰਜ ਸਾਲਾਂ ਯੋਜਨਾ ਲਈ, 10 ਹਜ਼ਾਰ ਕਰੋੜ ਰੁਪਏ ਦੇ ਸਹਿਯੋਗ ਦਾ ਐਲਾਨ ਕੀਤਾ ਸੀ। ਇਹ ਫੰਡ, ਸੜਕਾਂ ਤੋਂ ਲੈ ਕੇ ਖੇਤੀਬਾੜੀ ਤੱਕ, ਫਾਈਨਾਂਸਿੰਗ ਤੋਂ ਲੈ ਕੇ ਹੈਲਥਕੇਅਰ ਤੱਕ, ਅਜਿਹੇ ਹਰ ਸੈਕਟਰ ਵਿੱਚ ਇਸਤੇਮਾਲ ਹੋ ਰਿਹਾ ਹੈ, ਜਿਸ ਨਾਲ ਭੂਟਾਨ ਦੇ ਨਾਗਰਿਕਾਂ ਦੀ ਈਜ਼ ਆਫ਼ ਲਿਵਿੰਗ ਵਧ ਰਹੀ ਹੈ।
ਬੀਤੇ ਸਮੇਂ ਵਿੱਚ ਭਾਰਤ ਨੇ ਅਜਿਹੇ ਕਈ ਉਪਾਅ ਕੀਤੇ ਹਨ, ਜਿਸ ਨਾਲ ਭੂਟਾਨ ਦੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਦੀ ਲਗਾਤਾਰ ਸਪਲਾਈ ਮਿਲਦੀ ਰਹੇ।
ਅਤੇ ਹੁਣ ਤਾਂ ਇੱਥੇ ਯੂਪੀਆਈ ਪੇਮੈਂਟਸ ਦੀ ਸਹੂਲਤ ਦਾ ਵੀ ਵਿਸਥਾਰ ਹੋ ਰਿਹਾ ਹੈ। ਅਸੀਂ ਇਸ ਦਿਸ਼ਾ ਵਿੱਚ ਵੀ ਕੰਮ ਕਰ ਰਹੇ ਹਾਂ ਕਿ ਭੂਟਾਨ ਦੇ ਨਾਗਰਿਕਾਂ ਨੂੰ ਵੀ ਭਾਰਤ ਆਉਣ ’ਤੇ ਯੂਪੀਆਈ ਸਹੂਲਤ ਮਿਲੇ।
ਸਾਥੀਓ,
ਭਾਰਤ ਅਤੇ ਭੂਟਾਨ ਦੇ ਵਿੱਚ ਦੀ ਇਸ ਮਜ਼ਬੂਤ ਭਾਈਵਾਲੀ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਸਾਡੇ ਨੌਜਵਾਨਾਂ ਨੂੰ ਹੋ ਰਿਹਾ ਹੈ। ਮਹਾਮਹਿਮ ਨੈਸ਼ਨਲ ਸਰਵਿਸ, ਵਲੰਟਰੀ ਸਰਵਿਸ ਅਤੇ ਇਨੋਵੇਸ਼ਨ ਤੋਂ ਲੈ ਕੇ ਬਿਹਤਰੀਨ ਕੰਮ ਕਰ ਰਹੇ ਹਨ। ਅਤੇ ਮਹਾਮਹਿਮ ਦਾ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦਾ ਜੋ ਵਿਜ਼ਨ ਹੈ, ਉਨ੍ਹਾਂ ਨੂੰ ਤਕਨੀਕੀ ਸਮਰੱਥ ਬਣਾਉਣ ਦੀ ਜੋ ਸੋਚ ਹੈ, ਉਸ ਨਾਲ ਭੂਟਾਨ ਦਾ ਨੌਜਵਾਨ ਬਹੁਤ ਵੱਡੇ ਪੱਧਰ ’ਤੇ ਪ੍ਰੇਰਿਤ ਹੋ ਰਿਹਾ ਹੈ।
ਐਜੂਕੇਸ਼ਨ, ਇਨੋਵੇਸ਼ਨ, ਸਕਿੱਲ ਡਿਵੈਲਪਮੈਂਟ, ਸਪੋਰਟਸ, ਸਪੇਸ, ਕਲਚਰ, ਅਜਿਹੇ ਅਨੇਕਾਂ ਸੈਕਟਰਾਂ ਵਿੱਚ ਭਾਰਤ-ਭੂਟਾਨ ਦੇ ਨੌਜਵਾਨਾਂ ਵਿੱਚ ਸਹਿਯੋਗ ਵਧ ਰਿਹਾ ਹੈ। ਅੱਜ ਸਾਡੇ ਨੌਜਵਾਨ, ਇਕੱਠੇ ਮਿਲ ਕੇ, ਇੱਕ ਸੈਟੇਲਾਈਟ ਵੀ ਬਣਾ ਰਹੇ ਹਨ। ਭਾਰਤ ਅਤੇ ਭੂਟਾਨ ਦੋਵਾਂ ਦੇ ਲਈ ਇਹ ਬਹੁਤ ਅਹਿਮ ਪ੍ਰਾਪਤੀ ਹੈ।
ਸਾਥੀਓ,
ਭਾਰਤ ਅਤੇ ਭੂਟਾਨ ਦੇ ਸਬੰਧਾਂ ਦੀ ਇੱਕ ਵੱਡੀ ਤਾਕਤ ਸਾਡੇ ਲੋਕਾਂ ਦੇ ਵਿੱਚ ਅਧਿਆਤਮਿਕ ਸਬੰਧ ਹੈ। ਦੋ ਮਹੀਨੇ ਪਹਿਲਾਂ ਭਾਰਤ ਦੇ ਰਾਜਗੀਰ ਵਿੱਚ ਸ਼ਾਹੀ ਭੂਟਾਨੀ ਮੰਦਿਰ ਦਾ ਉਦਘਾਟਨ ਹੋਇਆ ਹੈ। ਹੁਣ ਇਸ ਯਤਨ ਦਾ ਭਾਰਤ ਦੇ ਹੋਰ ਹਿੱਸਿਆਂ ਵਿੱਚ ਵੀ ਵਿਸਥਾਰ ਹੋ ਰਿਹਾ ਹੈ।
ਭੂਟਾਨ ਦੇ ਲੋਕਾਂ ਦੀ ਇੱਛਾ ਸੀ ਕਿ ਵਾਰਾਣਸੀ ਵਿੱਚ ਭੂਟਾਨੀਜ਼ ਟੈਂਪਲ ਅਤੇ ਗੈਸਟ ਹਾਊਸ ਬਣੇ। ਇਸ ਦੇ ਲਈ ਭਾਰਤ ਸਰਕਾਰ ਜ਼ਰੂਰੀ ਜ਼ਮੀਨ ਮੁਹੱਈਆ ਕਰਾ ਰਹੀ ਹੈ। ਇਨ੍ਹਾਂ ਮੰਦਿਰਾਂ ਜ਼ਰੀਏ ਅਸੀਂ ਆਪਣੇ ਬਹੁ-ਕੀਮਤੀ ਅਤੇ ਇਤਿਹਾਸਿਕ ਸਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੇ ਹਾਂ।
ਸਾਥੀਓ,
ਮੇਰੀ ਕਾਮਨਾ ਹੈ, ਭਾਰਤ ਅਤੇ ਭੂਟਾਨ ਸ਼ਾਂਤੀ, ਖ਼ੁਸ਼ਹਾਲੀ ਅਤੇ ਸਾਂਝੀ ਤਰੱਕੀ ਦੇ ਰਾਹ ‘ਤੇ ਐਵੇਂ ਹੀ ਚਲਦੇ ਰਹਿਣ। ਭਗਵਾਨ ਬੁੱਧ ਅਤੇ ਗੁਰੂ ਰਿਨਪੋਛੇ ਦਾ ਅਸ਼ੀਰਵਾਦ ਸਾਡੇ ਦੋਵਾਂ ਦੇਸ਼ਾਂ ’ਤੇ ਬਣਿਆ ਰਹੇ।
ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ।
ਧੰਨਵਾਦ !!!
DISCLAIMER: ਇਹ ਪ੍ਰਧਾਨ ਮੰਤਰੀ ਦੇ ਬਿਆਨ ਦਾ ਅੰਦਾਜ਼ਨ ਅਨੁਵਾਦ ਹੈ। ਅਸਲ ਬਿਆਨ ਹਿੰਦੀ ਵਿੱਚ ਦਿੱਤਾ ਗਿਆ ਸੀ।
*************
ਐੱਮਜੇਪੀਐੱਸ/ ਐੱਸਆਰ
(Release ID: 2189604)
Visitor Counter : 6
Read this release in:
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Telugu
,
Kannada
,
Malayalam