ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 8 ਨਵੰਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ ਅਤੇ 4 ਨਵੀਆਂ ਵੰਦੇ ਭਾਰਤ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ
ਨਵੀਆਂ ਵੰਦੇ ਭਾਰਤ ਰੇਲਾਂ ਯਾਤਰਾ ਦਾ ਸਮਾਂ ਘਟਾਉਣਗੀਆਂ, ਖੇਤਰੀ ਗਤੀਸ਼ੀਲਤਾ ਵਧਾਉਣਗੀਆਂ ਅਤੇ ਕਈ ਰਾਜਾਂ ਵਿੱਚ ਸੈਰ-ਸਪਾਟਾ ਅਤੇ ਵਪਾਰ ਨੂੰ ਹੱਲਾਸ਼ੇਰੀ ਦੇਣਗੀਆਂ
Posted On:
06 NOV 2025 2:48PM by PIB Chandigarh
ਭਾਰਤ ਦੇ ਆਧੁਨਿਕ ਰੇਲ ਬੁਨਿਆਦੀ ਢਾਂਚੇ ਦੇ ਵਿਸਥਾਰ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 8 ਨਵੰਬਰ ਨੂੰ ਸਵੇਰੇ 8:15 ਵਜੇ ਵਾਰਾਣਸੀ ਦਾ ਦੌਰਾ ਕਰਨਗੇ ਅਤੇ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ।
ਇਹ ਪ੍ਰਧਾਨ ਮੰਤਰੀ ਦੇ ਨਾਗਰਿਕਾਂ ਨੂੰ ਵਿਸ਼ਵ ਪੱਧਰੀ ਰੇਲਵੇ ਸੇਵਾਵਾਂ ਰਾਹੀਂ ਆਸਾਨ, ਤੇਜ਼ ਅਤੇ ਵਧੇਰੇ ਆਰਾਮਦਾਇਕ ਯਾਤਰਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵੱਲ ਇੱਕ ਹੋਰ ਮੀਲ ਪੱਥਰ ਹੈ। ਨਵੀਆਂ ਵੰਦੇ ਭਾਰਤ ਐਕਸਪ੍ਰੈੱਸ ਰੇਲਾਂ ਬਨਾਰਸ-ਖਜੂਰਾਹੋ, ਲਖਨਊ-ਸਹਾਰਨਪੁਰ, ਫਿਰੋਜ਼ਪੁਰ-ਦਿੱਲੀ ਅਤੇ ਏਰਨਾਕੁਲਮ-ਬੈਂਗਲੁਰੂ ਰੂਟਾਂ 'ਤੇ ਚੱਲਣਗੀਆਂ। ਇਨ੍ਹਾਂ ਪ੍ਰਮੁੱਖ ਸਥਾਨਾਂ ਦਰਮਿਆਨ ਯਾਤਰਾ ਦੇ ਸਮੇਂ ਨੂੰ ਮਹੱਤਵਪੂਰਨ ਤੌਰ 'ਤੇ ਘਟਾ ਕੇ, ਇਹ ਟ੍ਰੇਨਾਂ ਖੇਤਰੀ ਗਤੀਸ਼ੀਲਤਾ ਨੂੰ ਵਧਾਉਣਗੀਆਂ, ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਗੀਆਂ ਅਤੇ ਦੇਸ਼ ਭਰ ਵਿੱਚ ਆਰਥਿਕ ਗਤੀਵਿਧੀਆਂ ਦਾ ਸਮਰਥਨ ਕਰਨਗੀਆਂ।
ਬਨਾਰਸ-ਖਜੂਰਾਹੋ ਵੰਦੇ ਭਾਰਤ ਰੇਲ ਇਸ ਰੂਟ 'ਤੇ ਸਿੱਧਾ ਸੰਪਰਕ ਸਥਾਪਤ ਕਰੇਗੀ ਅਤੇ ਮੌਜੂਦਾ ਸਮੇਂ ਚੱਲ ਰਹੀਆਂ ਵਿਸ਼ੇਸ਼ ਰੇਲਗੱਡੀਆਂ ਦੇ ਮੁਕਾਬਲੇ ਲਗਭਗ 2 ਘੰਟੇ 40 ਮਿੰਟ ਦੀ ਬੱਚਤ ਕਰੇਗੀ। ਬਨਾਰਸ-ਖਜੂਰਾਹੋ ਵੰਦੇ ਭਾਰਤ ਐਕਸਪ੍ਰੈੱਸ ਭਾਰਤ ਦੇ ਕੁਝ ਸਭ ਤੋਂ ਸਤਿਕਾਰਤ ਧਾਰਮਿਕ ਅਤੇ ਸਭਿਆਚਾਰਕ ਸਥਾਨਾਂ ਨੂੰ ਜੋੜੇਗੀ, ਜਿਨ੍ਹਾਂ ਵਿੱਚ ਵਾਰਾਣਸੀ, ਪ੍ਰਯਾਗਰਾਜ, ਚਿੱਤਰਕੂਟ ਅਤੇ ਖਜੂਰਾਹੋ ਸ਼ਾਮਲ ਹਨ। ਇਹ ਰੇਲ ਸੰਪਰਕ ਨਾ ਸਿਰਫ਼ ਧਾਰਮਿਕ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਮਜ਼ਬੂਤ ਕਰੇਗਾ ਬਲਕਿ ਸ਼ਰਧਾਲੂਆਂ ਅਤੇ ਯਾਤਰੀਆਂ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਖਜੂਰਾਹੋ ਤੱਕ ਇੱਕ ਤੇਜ਼, ਆਧੁਨਿਕ ਅਤੇ ਆਰਾਮਦਾਇਕ ਯਾਤਰਾ ਵੀ ਪ੍ਰਦਾਨ ਕਰੇਗਾ।
ਲਖਨਊ-ਸਹਾਰਨਪੁਰ ਵੰਦੇ ਭਾਰਤ ਯਾਤਰਾ ਨੂੰ ਲਗਭਗ 7 ਘੰਟੇ 45 ਮਿੰਟ ਵਿੱਚ ਪੂਰਾ ਕਰੇਗੀ, ਜਿਸ ਨਾਲ ਲਗਭਗ 1 ਘੰਟੇ ਦਾ ਯਾਤਰਾ ਸਮਾਂ ਬਚੇਗਾ। ਲਖਨਊ-ਸਹਾਰਨਪੁਰ ਵੰਦੇ ਭਾਰਤ ਐਕਸਪ੍ਰੈੱਸ ਲਖਨਊ, ਸੀਤਾਪੁਰ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਬਿਜਨੌਰ ਅਤੇ ਸਹਾਰਨਪੁਰ ਦੇ ਯਾਤਰੀਆਂ ਨੂੰ ਬਹੁਤ ਲਾਭ ਪਹੁੰਚਾਏਗੀ, ਜਦਕਿ ਰੁੜਕੀ ਰਾਹੀਂ ਪਵਿੱਤਰ ਸ਼ਹਿਰ ਹਰਿਦੁਆਰ ਤੱਕ ਪਹੁੰਚ ਵਿੱਚ ਵੀ ਸੁਧਾਰ ਕਰੇਗਾ। ਮੱਧ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੁਚਾਰੂ ਅਤੇ ਤੇਜ਼ ਇੰਟਰਸਿਟੀ ਯਾਤਰਾ ਨੂੰ ਯਕੀਨੀ ਬਣਾ ਕੇ, ਇਹ ਸੇਵਾ ਸੰਪਰਕ ਅਤੇ ਖੇਤਰੀ ਵਿਕਾਸ ਨੂੰ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਏਗੀ।
ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਇਸ ਰੂਟ 'ਤੇ ਸਭ ਤੋਂ ਤੇਜ਼ ਰੇਲਗੱਡੀ ਹੋਵੇਗੀ, ਜੋ ਸਿਰਫ 6 ਘੰਟੇ 40 ਮਿੰਟਾਂ ਵਿੱਚ ਯਾਤਰਾ ਪੂਰੀ ਕਰੇਗੀ। ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਰਾਸ਼ਟਰੀ ਰਾਜਧਾਨੀ ਅਤੇ ਪੰਜਾਬ ਦੇ ਮੁੱਖ ਸ਼ਹਿਰਾਂ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ, ਜਿਨ੍ਹਾਂ ਵਿੱਚ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਸ਼ਾਮਲ ਹਨ। ਇਸ ਰੇਲਗੱਡੀ ਨਾਲ ਵਪਾਰ, ਸੈਰ-ਸਪਾਟਾ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਵਧਣ ਦੀ ਉਮੀਦ ਹੈ, ਜਿਸ ਨਾਲ ਸਰਹੱਦੀ ਖੇਤਰਾਂ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇਗਾ ਅਤੇ ਰਾਸ਼ਟਰੀ ਬਜ਼ਾਰਾਂ ਨਾਲ ਵਧੇਰੇ ਏਕੀਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਦੱਖਣੀ ਭਾਰਤ ਵਿੱਚ, ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਯਾਤਰਾ ਦੇ ਸਮੇਂ ਨੂੰ 2 ਘੰਟਿਆਂ ਤੋਂ ਵੱਧ ਘਟਾ ਕੇ ਯਾਤਰਾ ਨੂੰ 8 ਘੰਟੇ 40 ਮਿੰਟਾਂ ਵਿੱਚ ਪੂਰਾ ਕਰੇਗੀ। ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਪ੍ਰਮੁੱਖ ਆਈਟੀ ਅਤੇ ਵਪਾਰਕ ਧੁਰਿਆਂ ਨੂੰ ਜੋੜੇਗੀ, ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਇੱਕ ਤੇਜ਼ ਅਤੇ ਵਧੇਰੇ ਆਰਾਮਦਾਇਕ ਯਾਤਰਾ ਬਦਲ ਪ੍ਰਦਾਨ ਕਰੇਗੀ। ਇਹ ਰੂਟ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ ਦਰਮਿਆਨ ਵਧੇਰੇ ਆਰਥਿਕ ਗਤੀਵਿਧੀ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰੇਗਾ, ਖੇਤਰੀ ਵਿਕਾਸ ਅਤੇ ਸਹਿਯੋਗ ਦਾ ਸਮਰਥਨ ਕਰੇਗਾ।
************
ਐੱਮਜੇਪੀਐੱਸ/ਵੀਜੇ
(Release ID: 2186991)
Visitor Counter : 4