ਪ੍ਰਧਾਨ ਮੰਤਰੀ ਦਫਤਰ
ਨਵਾ ਰਾਏਪੁਰ ਵਿੱਚ ਸ਼ਾਂਤੀ ਸਿਖਰ- ਬ੍ਰਹਮ ਕੁਮਾਰੀਜ਼ ਮੈਡੀਟੇਸ਼ਨ ਸੈਂਟਰ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
01 NOV 2025 1:23PM by PIB Chandigarh
ਓਮ ਸ਼ਾਂਤੀ!
ਛੱਤੀਸਗੜ੍ਹ ਦੇ ਰਾਜਪਾਲ ਰਮਨ ਡੇਕਾ ਜੀ, ਸੂਬੇ ਦੇ ਪ੍ਰਸਿੱਧ ਅਤੇ ਊਰਜਾਵਾਨ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਜੀ, ਰਾਜਯੋਗਿਨੀ ਭੈਣ ਜਯੰਤੀ ਜੀ, ਰਾਜਯੋਗੀ ਮ੍ਰਿਤੁੰਜੇ ਜੀ, ਸਾਰੀਆਂ ਬ੍ਰਹਮ ਕੁਮਾਰੀ ਭੈਣਾਂ, ਇੱਥੇ ਮੌਜੂਦ ਹੋਰ ਪਤਵੰਤੇ ਮਹਿਮਾਨੋ, ਦੇਵੀਓ ਅਤੇ ਸੱਜਣੋ!
ਅੱਜ ਦਾ ਦਿਨ ਬਹੁਤ ਖ਼ਾਸ ਹੈ। ਅੱਜ ਸਾਡਾ ਛੱਤੀਸਗੜ੍ਹ ਆਪਣੀ ਸਥਾਪਨਾ ਦੇ 25 ਸਾਲ ਪੂਰੇ ਕਰ ਰਿਹਾ ਹੈ। ਛੱਤੀਸਗੜ੍ਹ ਦੇ ਨਾਲ ਹੀ ਝਾਰਖੰਡ ਅਤੇ ਉੱਤਰਾਖੰਡ ਦੀ ਸਥਾਪਨਾ ਦੇ ਵੀ 25 ਸਾਲ ਪੂਰੇ ਹੋਏ ਹਨ। ਅੱਜ ਦੇਸ਼ ਭਰ ਦੇ ਹੋਰ ਵੀ ਕਈ ਸੂਬੇ ਆਪਣਾ ਸਥਾਪਨਾ ਦਿਵਸ ਮਨਾ ਰਹੇ ਹਨ। ਮੈਂ ਇਨ੍ਹਾਂ ਸਾਰੇ ਸੂਬਿਆਂ ਦੇ ਨਿਵਾਸੀਆਂ ਨੂੰ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਸੂਬੇ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ, ਇਸ ਹੀ ਮੰਤਰ ‘ਤੇ ਚਲਦੇ ਹੋਏ ਅਸੀਂ ਭਾਰਤ ਨੂੰ ਵਿਕਸਿਤ ਬਣਾਉਣ ਦੇ ਅਭਿਆਨ ਵਿੱਚ ਲੱਗੇ ਹੋਏ ਹਾਂ।
ਸਾਥੀਓ,
ਵਿਕਸਿਤ ਭਾਰਤ ਦੀ ਇਸ ਮਹੱਤਵਪੂਰਨ ਯਾਤਰਾ ਵਿੱਚ ਬ੍ਰਹਮ-ਕੁਮਾਰੀਜ਼ ਵਰਗੀ ਸੰਸਥਾ ਦੀ ਬਹੁਤ ਵੱਡੀ ਭੂਮਿਕਾ ਹੈ। ਮੇਰੀ ਤਾਂ ਖ਼ੁਸ਼ਕਿਸਮਤੀ ਰਹੀ ਹੈ ਕਿ, ਮੈਂ ਦਹਾਕਿਆਂ ਤੋਂ ਤੁਹਾਡੇ ਸਾਰਿਆਂ ਨਾਲ ਜੁੜਿਆ ਹੋਇਆ ਹਾਂ। ਮੈਂ ਇੱਥੇ ਮਹਿਮਾਨ ਨਹੀਂ ਹਾਂ; ਮੈਂ ਤੁਹਾਡਾ ਹੀ ਹਾਂ। ਮੈਂ ਇਸ ਅਧਿਆਤਮਿਕ ਅੰਦੋਲਨ ਨੂੰ ਬੋਹੜ ਦੇ ਰੁੱਖ ਵਾਂਗ ਫੈਲਦੇ ਦੇਖਿਆ ਹੈ। 2011 ਵਿੱਚ ਅਹਿਮਦਾਬਾਦ ਵਿੱਚ "ਫਿਊਚਰ ਆਫ਼ ਪਾਵਰ", ਉਹ ਪ੍ਰੋਗਰਾਮ, 2012 ਵਿੱਚ ਸੰਸਥਾ ਦੀ ਸਥਾਪਨਾ ਦੇ 75ਵੀਂ ਵਰ੍ਹੇਗੰਢ, 2013 ਵਿੱਚ ਪ੍ਰਯਾਗਰਾਜ ਦਾ ਪ੍ਰੋਗਰਾਮ, ਆਬੂ ਜਾਣਾ ਹੋਵੇ ਜਾਂ ਗੁਜਰਾਤ ਵਿੱਚ ਪ੍ਰੋਗਰਾਮ ਵਿੱਚ ਜਾਣਾ ਹੋਵੇ, ਇਹ ਤਾਂ ਮੇਰੇ ਲਈ ਬਹੁਤ ਰੁਟੀਨ ਜਿਹਾ ਬਣ ਗਿਆ ਸੀ।
ਦਿੱਲੀ ਆਉਣ ਤੋਂ ਬਾਅਦ ਵੀ, ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨਾਲ ਜੁੜਿਆਂ ਅਭਿਆਨ ਹੋਵੇ, ਸਵੱਛ ਭਾਰਤ ਅਭਿਆਨ ਹੋਵੇ ਜਾਂ "ਜਲ ਜਨ ਅਭਿਆਨ" ਇਨ੍ਹਾਂ ਸਾਰੀਆਂ ਨਾਲ ਜੁੜਨ ਦਾ ਮੌਕਾ ਹੋਵੇ, ਮੈਂ ਜਦੋਂ ਵੀ ਤੁਹਾਡੇ ਦਰਮਿਆਨ ਆਇਆ ਹਾਂ, ਮੈਂ ਤੁਹਾਡੇ ਯਤਨਾਂ ਨੂੰ ਬਹੁਤ ਗੰਭੀਰਤਾ ਨਾਲ ਦੇਖਿਆ ਹੈ। ਮੈਂ ਹਮੇਸ਼ਾ ਮਹਿਸੂਸ ਕੀਤਾ ਹੈ, ਇੱਥੇ ਸ਼ਬਦ ਘੱਟ, ਸੇਵਾ ਜ਼ਿਆਦਾ ਹੈ।
ਸਾਥੀਓ,
ਇਸ ਸੰਸਥਾ ਨਾਲ ਮੇਰਾ ਆਪਣਾਪਨ, ਖ਼ਾਸ ਕਰਕੇ, ਜਾਨਕੀ ਦਾਦੀ ਦਾ ਸਨੇਹ, ਰਾਜਯੋਗਿਨੀ ਦਾਦੀ ਹਿਰਦੇ ਮੋਹਿਨੀ ਜੀ ਦਾ ਮਾਰਗ-ਦਰਸ਼ਨ, ਇਹ ਮੇਰੇ ਜੀਵਨ ਦੀਆਂ ਖ਼ਾਸ ਯਾਦਾਂ ਦਾ ਹਿੱਸਾ ਹਨ, ਮੈਂ ਬਹੁਤ ਖ਼ੁਸ਼ਕਿਸਮਤ ਰਿਹਾ। ਮੈਂ ਸ਼ਾਂਤੀ ਸਿਖਰ ਦੀ ਇਸ ਸੰਕਲਪਨਾ ਵਿੱਚ ਉਨ੍ਹਾਂ ਦੇ ਵਿਚਾਰਾਂ ਨੂੰ ਪੂਰਾ ਹੁੰਦੇ ਹੋਏ, ਸ਼ਾਮਲ ਹੁੰਦੇ ਹੋਏ ਦੇਖ ਰਿਹਾ ਹਾਂ। "ਸ਼ਾਂਤੀ ਸਿਖਰ -academy for a peaceful world. ਮੈਂ ਕਹਿ ਸਕਦਾ ਹਾਂ, ਆਉਣ ਵਾਲੇ ਸਮੇਂ ਵਿੱਚ, ਇਹ ਸੰਸਥਾ ਵਿਸ਼ਵ ਸ਼ਾਂਤੀ ਲਈ ਸਾਰਥਕ ਯਤਨਾਂ ਦਾ ਪ੍ਰਮੁੱਖ ਕੇਂਦਰ ਹੋਵੇਗੀ। ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਦੇਸ਼-ਵਿਦੇਸ਼ ਵਿੱਚ ਬ੍ਰਹਮ-ਕੁਮਾਰੀ ਪਰਿਵਾਰ ਨਾਲ ਜੁੜੇ ਸਾਰੇ ਲੋਕਾਂ ਨੂੰ ਇਸ ਸ਼ਲਾਘਾਯੋਗ ਕੰਮ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਸਾਡੇ ਇੱਥੇ ਕਿਹਾ ਜਾਂਦਾ ਹੈ- आचारः परमो धर्म, आचारः परमं तपः। आचारः परमं ज्ञानम्, आचारात् किं न साध्यते॥ ਭਾਵ, ਆਚਰਨ ਹੀ ਸਭ ਤੋਂ ਵੱਡਾ ਧਰਮ ਹੈ, ਆਚਰਨ ਹੀ ਸਭ ਤੋਂ ਵੱਡੀ ਤਪੱਸਿਆ ਹੈ ਅਤੇ ਆਚਰਨ ਹੀ ਸਭ ਤੋਂ ਵੱਡਾ ਗਿਆਨ ਹੈ। ਆਚਰਨ ਨਾਲ ਕੀ ਕੁੱਝ ਸਿੱਧ ਨਹੀਂ ਹੋ ਸਕਦਾ? ਭਾਵ, ਬਦਲਾਅ ਉਦੋਂ ਆਉਂਦਾ ਹੈ, ਜਦੋਂ ਆਪਣੇ ਬੋਲਾਂ ਨੂੰ ਆਚਰਨ ਵਿੱਚ ਵੀ ਲਿਆਂਦਾ ਜਾਵੇ। ਅਤੇ ਇਹ ਹੀ ਬ੍ਰਹਮ-ਕੁਮਾਰੀ ਸੰਸਥਾ ਦੀ ਅਧਿਆਤਮਿਕ ਸ਼ਕਤੀ ਦਾ ਸੋਮਾ ਹੈ। ਇੱਥੇ, ਹਰ ਭੈਣ ਪਹਿਲਾਂ ਸਖ਼ਤ ਤਪੱਸਿਆ ਅਤੇ ਸਾਧਨਾ ਨਾਲ ਖ਼ੁਦ ਨੂੰ ਤਪਾਉਂਦੀ ਹੈ। ਤੁਹਾਡੀ ਤਾਂ ਜਾਣ-ਪਛਾਣ ਹੀ ਸੰਸਾਰ ਅਤੇ ਬ੍ਰਹਿਮੰਡ ਵਿੱਚ ਸ਼ਾਂਤੀ ਦੇ ਯਤਨਾਂ ਨਾਲ ਜੁੜਿਆ ਹੈ। ਤੁਹਾਡਾ ਪਹਿਲਾ ਸੰਬੋਧਨ ਹੀ ਹੈ: ਓਮ ਸ਼ਾਂਤੀ! ਓਮ ਅਰਥਾਤ, ਬ੍ਰਹਮ ਅਤੇ ਸੰਪੂਰਨ ਬ੍ਰਹਿਮੰਡ! ਸ਼ਾਂਤੀ ਅਰਥਾਤ, ਸ਼ਾਂਤੀ ਦੀ ਇੱਛਾ! ਅਤੇ ਇਸੇ ਲਈ ਬ੍ਰਹਮ ਕੁਮਾਰੀਆਂ ਦੇ ਵਿਚਾਰਾਂ ਦਾ ਹਰ ਕਿਸੇ ਦੇ ਅੰਤਰ ਮਨ 'ਤੇ ਇੰਨਾ ਪ੍ਰਭਾਵ ਪੈਂਦਾ ਹੈ।
ਸਾਥੀਓ,
ਵਿਸ਼ਵ ਸ਼ਾਂਤੀ ਦੀ ਧਾਰਨਾ, ਇਹ ਭਾਰਤ ਦੇ ਮੂਲ ਵਿਚਾਰ ਦੀ ਨੀਂਹ ਹੈ, ਹਿੱਸਾ ਹੈ। ਇਹ ਭਾਰਤ ਦੀ ਅਧਿਆਤਮਿਕ ਚੇਤਨਾ ਦਾ ਪ੍ਰਤੱਖ ਰੂਪ ਹੈ। ਕਿਉਂਕਿ, ਅਸੀਂ ਉਹ ਹਾਂ, ਜੋ ਜੀਵ ਵਿੱਚ ਸ਼ਿਵ ਨੂੰ ਵੇਖਦੇ ਹਾਂ। ਅਸੀਂ ਉਹ ਹਾਂ, ਜੋ ਸਵੈ ਦਾ ਸਮੁੱਚਤਾ ਤੱਕ ਵਿਸਥਾਰ ਕਰਦੇ ਰਹਿੰਦੇ ਹਾਂ। ਸਾਡੇ ਇੱਥੇ ਹਰ ਧਾਰਮਿਕ ਰਸਮ ਇਸ ਪ੍ਰਾਰਥਨਾ ਨਾਲ ਪੂਰੀ ਹੁੰਦੀ ਹੈ, -ਵਿਸ਼ਵ ਦੀ ਭਲਾਈ ਹੋਵੇ! ਸਾਰੇ ਜੀਵਾਂ ਵਿੱਚ ਸਦਭਾਵਨਾ ਹੋਵੇ! ਅਜਿਹੀ ਉਦਾਰ ਸੋਚ, ਅਜਿਹਾ ਉਦਾਰ ਚਿੰਤਨ, ਵਿਸ਼ਵ ਭਲਾਈ ਦੀ ਭਾਵਨਾ ਦੀ ਆਸਥਾ ਨਾਲ ਅਜਿਹਾ ਸਹਿਜ ਸੰਗਮ, ਇਹ ਸਾਡੀ ਸਭਿਅਤਾ, ਸਾਡੀ ਪਰੰਪਰਾ ਦਾ ਸਹਿਜ ਸੁਭਾਅ ਹੈ। ਸਾਡਾ ਅਧਿਆਤਮ ਸਾਨੂੰ ਸਿਰਫ਼ ਸ਼ਾਂਤੀ ਦਾ ਪਾਠ ਹੀ ਨਹੀਂ ਸਿਖਾਉਂਦਾ, ਉਹ ਸਾਨੂੰ ਹਰ ਕਦਮ ‘ਤੇ ਸ਼ਾਂਤੀ ਦੀ ਰਾਹ ਵੀ ਦਿਖਾਉਂਦਾ ਹੈ। ਆਤਮ ਸੰਜਮ ਨਾਲ ਆਤਮ ਗਿਆਨ, ਆਤਮ ਗਿਆਨ ਨਾਲ ਆਤਮ-ਅਨੁਭਵ ਅਤੇ ਆਤਮ ਅਨੁਭਵ ਨਾਲ ਆਤਮ ਸ਼ਾਂਤੀ। ਇਸ ਹੀ ਮਾਰਗ 'ਤੇ ਚੱਲਦੇ ਹੋਏ ਸ਼ਾਂਤੀ ਸਿਖਰ ਅਕੈਡਮੀ ਦੇ ਖੋਜੀ ਵਿਸ਼ਵ ਸ਼ਾਂਤੀ ਦਾ ਮਾਧਿਅਮ ਬਣਨਗੇ।
ਸਾਥੀਓ,
ਗਲੋਬਲ ਪੀਸ ਦੇ ਮਿਸ਼ਨ ਵਿੱਚ ਜਿੰਨੀ ਮਹੱਤਤਾ ਵਿਚਾਰਾਂ ਦੀ ਹੁੰਦੀ ਹੈ, ਓਨੀ ਹੀ ਵੱਡੀ ਭੂਮਿਕਾ ਵਿਹਾਰਕ ਨੀਤੀਆਂ ਅਤੇ ਯਤਨਾਂ ਦੀ ਵੀ ਹੁੰਦੀ ਹੈ। ਭਾਰਤ ਇਸ ਦਿਸ਼ਾ ਵਿੱਚ ਅੱਜ ਆਪਣੀ ਭੂਮਿਕਾ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕਰ ਰਿਹਾ ਹੈ। ਅੱਜ ਦੁਨੀਆ ਵਿੱਚ ਕਿਤੇ ਵੀ ਕੋਈ ਸੰਕਟ ਆਉਂਦਾ ਹੈ, ਕੋਈ ਆਫ਼ਤ ਆਉਂਦੀ ਹੈ, ਤਾਂ ਭਾਰਤ ਇੱਕ ਭਰੋਸੇਮੰਦ ਸਾਥੀ ਵਾਂਗ ਮਦਦ ਲਈ ਅੱਗੇ ਆਉਂਦਾ ਹੈ, ਤੁਰੰਤ ਪਹੁੰਚਦਾ ਹੈ। ਭਾਰਤ First Responder ਹੁੰਦਾ ਹੈ।
ਸਾਥੀਓ,
ਅੱਜ ਵਾਤਾਵਰਨ ਸਬੰਧੀ ਚੁਣੌਤੀਆਂ ਦੇ ਵਿਚਕਾਰ ਭਾਰਤ ਦੁਨੀਆ ਭਰ ਵਿੱਚ ਕੁਦਰਤ ਸੰਭਾਲ ਦੀ ਪ੍ਰਮੁੱਖ ਆਵਾਜ਼ ਬਣਿਆ ਹੋਇਆ ਹੈ। ਬਹੁਤ ਜ਼ਰੂਰੀ ਹੈ ਕਿ ਸਾਨੂੰ ਕੁਦਰਤ ਨੇ ਜੋ ਦਿੱਤਾ ਹੈ, ਅਸੀਂ ਉਸ ਨੂੰ ਸੰਭਾਲੀਏ ਅਤੇ ਅਸੀਂ ਉਸ ਦਾ ਪੋਸਣ ਕਰੀਏ। ਅਤੇ ਇਹ ਉਦੋਂ ਹੀ ਹੋਵੇਗਾ, ਜਦੋਂ ਅਸੀਂ ਕੁਦਰਤ ਨਾਲ ਇਕਸੁਰਤਾ ਵਿੱਚ ਜਿਊਂਣਾ ਸਿੱਖਾਂਗੇ। ਸਾਡੇ ਸ਼ਾਸਤਰਾਂ ਨੇ, ਪ੍ਰਜਾਪਿਤਾ ਨੇ ਸਾਨੂੰ ਇਹ ਹੀ ਸਿਖਾਇਆ ਹੈ। ਅਸੀਂ ਨਦੀਆਂ ਨੂੰ ਮਾਂ ਮੰਨਦੇ ਹਾਂ। ਅਸੀਂ ਪਾਣੀ ਨੂੰ ਦੇਵਤਾ ਮੰਨਦੇ ਹਾਂ। ਅਸੀਂ ਪੌਦਿਆਂ ਵਿੱਚ ਪਰਮਾਤਮਾ ਦੇ ਦਰਸ਼ਨ ਕਰਦੇ ਹਾਂ। ਇਸ ਹੀ ਭਾਵ ਨਾਲ ਕੁਦਰਤ ਅਤੇ ਉਸ ਦੇ ਸਰੋਤਾਂ ਦੀ ਵਰਤੋਂ, ਕੁਦਰਤ ਤੋਂ ਸਿਰਫ਼ ਲੈਣ ਦਾ ਭਾਵ ਨਹੀਂ, ਸਗੋਂ ਉਸ ਨੂੰ ਵਾਪਸ ਦੇਣ ਦੀ ਸੋਚ, ਅੱਜ ਇਹ ਹੀ way of life ਦੁਨੀਆ ਨੂੰ ਸੈਫ਼ ਫਿਊਚਰ ਦਾ ਭਰੋਸਾ ਦਿੰਦਾ ਹੈ।
ਸਾਥੀਓ,
ਭਾਰਤ ਹੁਣ ਤੋਂ ਹੀ ਭਵਿੱਖ ਪ੍ਰਤੀ ਆਪਣੀਆਂ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਮਝ ਵੀ ਰਿਹਾ ਹੈ ਅਤੇ ਉਨ੍ਹਾਂ ਨੂੰ ਨਿਭਾ ਵੀ ਰਿਹਾ ਹੈ। ਇੱਕ ਸੂਰਜ, ਇੱਕ ਸੰਸਾਰ, ਇੱਕ ਗਰਿੱਡ ਵਰਗੇ ਭਾਰਤ ਦੀਆਂ ਪਹਿਲਕਦਮੀਆਂ, ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦਾ ਭਾਰਤ ਦਾ ਵਿਜ਼ਨ, ਅੱਜ ਦੁਨੀਆ ਇਸ ਦੇ ਨਾਲ ਜੁੜ ਰਹੀ ਹੈ। ਭਾਰਤ ਨੇ ਭੂ-ਰਾਜਨੀਤਿਕ ਸੀਮਾਵਾਂ ਤੋਂ ਪਰੇ, ਮਨੁੱਖਤਾ ਲਈ ਮਿਸ਼ਨ ਲਾਈਫ਼ (LiFE) ਵੀ ਸ਼ੁਰੂ ਕੀਤਾ ਹੈ।
ਸਾਥੀਓ,
ਸਮਾਜ ਨੂੰ ਨਿਰੰਤਰ ਸਸ਼ਕਤ ਕਰਨ ਵਿੱਚ ਬ੍ਰਹਮ-ਕੁਮਾਰੀਆਂ ਵਰਗੀਆਂ ਸੰਸਥਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮੈਨੂੰ ਵਿਸ਼ਵਾਸ ਹੈ, ਸ਼ਾਂਤੀ ਸਿਖਰ ਵਰਗੇ ਸੰਸਥਾਨ ਭਾਰਤ ਦੇ ਯਤਨਾਂ ਨੂੰ ਊਰਜਾ ਪ੍ਰਦਾਨ ਕਰਨਗੇ। ਅਤੇ ਇਸ ਸੰਸਥਾ ਤੋਂ ਨਿਕਲੀ ਊਰਜਾ, ਦੇਸ਼ ਅਤੇ ਦੁਨੀਆ ਦੇ ਲੱਖਾਂ ਕਰੋੜਾਂ ਲੋਕਾਂ ਨੂੰ ਵਿਸ਼ਵ ਸ਼ਾਂਤੀ ਦੇ ਇਸ ਵਿਚਾਰ ਨਾਲ ਜੋੜੇਗੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੁਨੀਆ ਵਿੱਚ ਮੈਂ ਜਿੱਥੇ-ਜਿੱਥੇ ਗਿਆ ਹਾਂ, ਇੱਕ ਵੀ ਦੇਸ਼ ਅਜਿਹਾ ਨਹੀਂ ਹੋਵੇਗਾ, ਜਿੱਥੇ ਏਅਰਪੋਰਟ ਹੋਵੇ ਜਾਂ ਪ੍ਰੋਗਰਾਮ ਸਥਾਨ ਹੋਵੇ, ਬ੍ਰਹਮ-ਕੁਮਾਰੀਆਂ ਦੇ ਲੋਕ ਮੈਨੂੰ ਮਿਲੇ ਨਾ ਹੋਣ, ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਮੇਰੇ ਨਾਲ ਨਾ ਰਹੀਆਂ ਹੋਣ। ਸ਼ਾਇਦ ਅਜਿਹੀ ਇੱਕ ਵੀ ਘਟਨਾ ਨਹੀਂ ਹੋਵੇਗੀ ਅਤੇ ਇਸ ਵਿੱਚ ਮੈਨੂੰ ਆਪਣੇਪਣ ਦਾ ਤਾਂ ਅਹਿਸਾਸ ਹੁੰਦਾ ਹੈ, ਸਗੋਂ ਤੁਹਾਡੀ ਸ਼ਕਤੀ ਦਾ ਵੀ ਅੰਦਾਜ਼ਾ ਆਉਂਦਾ ਹੈ, ਅਤੇ ਮੈਂ ਤਾਂ ਸ਼ਕਤੀ ਦਾ ਪੁਜਾਰੀ ਹਾਂ। ਤੁਸੀਂ ਮੈਨੂੰ ਇਸ ਪਵਿੱਤਰ ਸ਼ੁਭ ਮੌਕੇ 'ਤੇ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਦਿੱਤਾ।
ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪਰ ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਤੁਸੀਂ ਚੱਲੇ ਹੋ, ਉਹ ਸੁਪਨੇ ਨਹੀਂ ਹਨ। ਮੈਂ ਹਮੇਸ਼ਾ ਅਨੁਭਵ ਕੀਤਾ ਹੈ, ਤੁਹਾਡੇ ਉਹ ਸੰਕਲਪ ਹੁੰਦੇ ਹਨ, ਅਤੇ ਮੈਨੂੰ ਪੂਰੀ ਸ਼ਰਧਾ ਹੈ ਕਿ ਤੁਹਾਡੇ ਸੰਕਲਪ ਪੂਰੇ ਹੀ ਹੋਣਗੇ। ਇਸ ਹੀ ਭਾਵਨਾ ਦੇ ਨਾਲ, ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸ਼ਾਂਤੀ ਸਿਖਰ - ਅਕੈਡਮੀ ਫ਼ਾਰ ਏ ਪੀਸਫੁੱਲ ਵਰਲਡ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ! ਓਮ ਸ਼ਾਂਤੀ!
************
ਐੱਮਜੇਪੀਐੱਸ/ਵੀਜੇ/ਆਈਜੀ
(रिलीज़ आईडी: 2185844)
आगंतुक पटल : 15
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Telugu
,
Kannada
,
Malayalam