ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਮੁੰਬਈ ਦੇ ਮਜ਼ਗਾਓਂ (Mazagaon) ਡੌਕ ਵਿਖੇ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਇਹ ਭਾਰਤ ਦੇ ਸਮੁੰਦਰੀ ਮੱਛੀ ਪਾਲਣ ਖੇਤਰ ਨੂੰ ਆਧੁਨਿਕ ਬਣਾਉਣ ਅਤੇ ਤੱਟਵਰਤੀ ਖੇਤਰਾਂ ਵਿੱਚ ਸਹਿਕਾਰਤਾ-ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ
ਮੋਦੀ ਸਰਕਾਰ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਨੀਲੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਹਿਕਾਰੀ ਖੇਤਰ ਦੀ ਸਮਰੱਥਾ ਦੀ ਵਰਤੋਂ ਕਰਨ ਲਈ ਵਚਨਬੱਧ ਹੈ
ਇਹ ਸਮਾਗਮ ਸਹਿਕਾਰੀ-ਅਗਵਾਈ ਵਾਲੇ ਡੂੰਘੇ ਸਮੁੰਦਰੀ ਮੱਛੀ ਪਾਲਣ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਦੀ ਨਿਸ਼ਾਨਦੇਹੀ ਕਰੇਗਾ ਜੋ ਮੱਛੀ ਪਾਲਣ ਖੇਤਰ ਵਿੱਚ ਸਵੈ-ਨਿਰਭਰਤਾ, ਸਥਿਰਤਾ ਅਤੇ ਸਹਿਕਾਰੀ ਸੰਸਥਾਵਾਂ ਨੂੰ ਸਸ਼ਕਤ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੈ
ਮਹਾਰਾਸ਼ਟਰ ਸਰਕਾਰ, ਐੱਨਸੀਡੀਸੀ (NCDC) ਅਤੇ ਮੱਛੀ ਪਾਲਣ ਵਿਭਾਗ ਤੋਂ ਵਿੱਤੀ ਸਹਾਇਤਾ ਨਾਲ 1.2 ਕਰੋੜ ਰੁਪਏ ਦੀ ਯੂਨਿਟ ਲਾਗਤ ਨਾਲ ਪੀਐੱਮਐੱਮਐੱਸਵਾਈ (PMMSY) ਅਧੀਨ ਡੂੰਘੇ ਸਮੁੰਦਰੀ ਮੱਛੀ ਪਾਲਣ ਦੇ ਜਹਾਜ਼ ਦਿੱਤੇ ਜਾ ਰਹੇ ਹਨ
ਪੀਐੱਮਐੱਮਐੱਸਵਾਈ ਅਤੇ ਮੱਛੀ ਪਾਲਣ ਅਤੇ ਐਕੁਆਕਲਚਰ ਬੁਨਿਆਦੀ ਢਾਂਚਾ ਵਿਕਾਸ ਫੰਡ (FIDF) ਸਮੁੰਦਰੀ ਉਤਪਾਦਾਂ ਲਈ ਕੋਲਡ-ਚੇਨ ਅਤੇ ਮੁੱਲ-ਚੇਨ ਬੁਨਿਆਦੀ ਢਾਂਚਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ
प्रविष्टि तिथि:
26 OCT 2025 5:25PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਕੱਲ੍ਹ ਮੁੰਬਈ ਦੇ ਮਜ਼ਗਾਓਂ ਡੌਕ ਵਿਖੇ ਅਤਿ-ਆਧੁਨਿਕ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦੀ ਵੰਡ ਕਰਨਗੇ । ਇਸ ਮੌਕੇ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ; ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀ ਅਜੀਤ ਪਵਾਰ ਅਤੇ ਕੇਂਦਰੀ ਰਾਜ ਮੰਤਰੀ (ਸਹਿਕਾਰਤਾ) ਸ਼੍ਰੀ ਮੁਰਲੀਧਰ ਮੋਹੋਲ ਵੀ ਮੌਜੂਦ ਰਹਿਣਗੇ।
ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੱਲੋਂ ਡੂੰਘੇ ਸਮੁੰਦਰੀ ਮੱਛੀ ਫੜਨ ਵਾਲੇ ਜਹਾਜ਼ਾਂ ਦੀਆਂ ਚਾਬੀਆਂ ਲਾਭਪਾਤਰੀਆਂ ਨੂੰ ਸੌਂਪਣਾ ਸਹਿਕਾਰਤਾ ਦੀ ਅਗਵਾਈ ਵਾਲੀ ਡੂੰਘੇ ਸਮੁੰਦਰੀ ਮੱਛੀ ਫੜਨ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਹੋਵੇਗਾ ਜੋ ਮੱਛੀ ਪਾਲਣ ਖੇਤਰ ਵਿੱਚ ਸਵੈ-ਨਿਰਭਰਤਾ, ਸਥਿਰਤਾ ਅਤੇ ਸਹਿਕਾਰੀ ਸਭਾਵਾਂ ਨੂੰ ਸਸ਼ਕਤ ਬਣਾਉਣ ਪ੍ਰਤੀ ਭਾਰਤ ਦੀ ਵਚਨਬੱਧਤਾ ਦਾ ਪ੍ਰਤੀਕ ਹੋਵੇਗਾ।
ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 1.2 ਕਰੋੜ ਰੁਪਏ ਦੀ ਯੂਨਿਟ ਲਾਗਤ ਨਾਲ ਮਹਾਰਾਸ਼ਟਰ ਸਰਕਾਰ, ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (NCDC) ਅਤੇ ਭਾਰਤ ਸਰਕਾਰ ਦੇ ਮੱਛੀ ਪਾਲਣ ਵਿਭਾਗ ਦੀ ਵਿੱਤੀ ਸਹਾਇਤਾ ਨਾਲ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ ਦਿੱਤੇ ਜਾ ਰਹੇ ਹਨ। ਇਹ ਪਹਿਲਕਦਮੀ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਅਤੇ ਨੀਲੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਇਹ ਭਾਰਤ ਦੇ ਸਮੁੰਦਰੀ ਮੱਛੀ ਪਾਲਣ ਖੇਤਰ ਨੂੰ ਆਧੁਨਿਕ ਬਣਾਉਣ, ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਦੀ ਸਮਰੱਥਾ ਨੂੰ ਵਧਾਉਣ ਅਤੇ ਤੱਟਵਰਤੀ ਖੇਤਰਾਂ ਵਿੱਚ ਸਹਿਕਾਰਤਾ-ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸਦਾ ਉਦੇਸ਼ ਭਾਰਤੀ ਦੇ ਵਿਸ਼ੇਸ਼ ਆਰਥਿਕ ਜ਼ੋਨ (EEZ) ਅਤੇ ਹਾਈ ਸੀਜ਼ (High Seas) ਵਿੱਚ ਮੱਛੀ ਪਾਲਣ ਸਰੋਤਾਂ ਦੀ ਪੜਚੋਲ ਕਰਨਾ ਹੈ।
ਸਹਿਕਾਰੀ ਸਭਾਵਾਂ ਅਤੇ FFPOs ਰਾਹੀਂ ਸਹਿਕਾਰੀ-ਅਗਵਾਈ ਵਾਲੇ ਡੂੰਘੇ ਸਮੁੰਦਰੀ ਮੱਛੀ ਫੜਨ ਦੇ ਉਪਰਾਲਿਆਂ ਨੂੰ ਤੇਜ਼ ਕਰਨ ਦੇ ਮੱਦੇਨਜ਼ਰ, ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਅਤੇ ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਸਹਿਕਾਰਤਾ ਵਿਭਾਗ ਦੁਆਰਾ ਇੱਕ ਸਾਂਝੇ ਕਾਰਜ ਸਮੂਹ (JWG) ਦਾ ਗਠਨ ਕੀਤਾ ਗਿਆ ਹੈ।
ਭਾਰਤ ਦਾ ਸਮੁੰਦਰੀ ਮੱਛੀ ਪਾਲਣ ਖੇਤਰ ਰਵਾਇਤੀ ਤੌਰ 'ਤੇ ਇੱਕ ਮਾਮੂਲੀ ਪੈਮਾਨੇ 'ਤੇ ਕੰਮ ਕਰਦਾ ਰਿਹਾ ਹੈ, ਮਛੇਰੇ ਰਵਾਇਤੀ ਜਹਾਜ਼ਾਂ ਅਤੇ ਤਕਨੀਕਾਂ 'ਤੇ ਨਿਰਭਰ ਕਰਦੇ ਹਨ, ਆਮ ਤੌਰ 'ਤੇ ਤੱਟਰੇਖਾ ਤੋਂ ਸਿਰਫ 40-60 ਸਮੁੰਦਰੀ ਮੀਲ ਤੱਕ ਹੀ ਜਾਂਦੇ ਹਨ। ਇਸ ਸੀਮਤ ਸੰਚਾਲਨ ਸੀਮਾ ਨੇ ਮੱਛੀਆਂ ਫੜਨ ਦੀ ਮਾਤਰਾ ਅਤੇ ਆਰਥਿਕ ਲਾਭ ਨੂੰ ਸੀਮਿਤ ਕਰ ਦਿੱਤਾ ਹੈ।
ਇਹ ਪਹਿਲ ਮੱਛੀ ਪਾਲਣ ਸਹਿਕਾਰੀ ਸਭਾਵਾਂ ਅਤੇ ਮੱਛੀ ਪਾਲਣ ਉਤਪਾਦਕ ਸੰਗਠਨਾਂ (FFPOs) ਨੂੰ ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ (EEZ) ਅਤੇ ਉੱਚ ਸਮੁੰਦਰਾਂ ਦੀ ਵਿਸ਼ਾਲ ਸੰਭਾਵਨਾ ਨੂੰ ਸਥਾਈ ਤੌਰ 'ਤੇ ਵਰਤਣ ਲਈ ਸਸ਼ਕਤ ਬਣਾਏਗੀ, ਖਾਸ ਕਰਕੇ ਲਕਸ਼ਦ੍ਵੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਵਰਗੇ ਖੇਤਰਾਂ ਵਿੱਚ। ਇਸ ਨਾਲ ਟੁਨਾ (Tuna) ਵਰਗੀਆਂ ਉੱਚ-ਮੁੱਲ ਵਾਲੀ ਮੱਛੀ ਨਸਲਾਂ ਪਾਲਣ ਵਿੱਚ ਨਵੇਂ ਮੌਕੇ ਮਿਲਣ ਦੀ ਉਮੀਦ ਹੈ, ਜਿਸ ਨਾਲ ਭਾਰਤ ਦੇ ਸਮੁੰਦਰੀ ਭੋਜਨ (Sea Food) ਨਿਰਯਾਤ ਵਿੱਚ ਵਾਧਾ ਹੋਵੇਗਾ ਅਤੇ ਤੱਟਵਰਤੀ ਆਜੀਵਿਕਾ ਮਜ਼ਬੂਤ ਹੋਵੇਗੀ।
ਪਿਛੋਕੜ - ਘਟਨਾ ਦੀ ਮਹੱਤਤਾ
ਮਜ਼ਗਾਓਂ ਡੌਕ ਵਿਖੇ ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਵਾਲੇ ਜਹਾਜ਼ਾਂ ਦਾ ਉਦਘਾਟਨ ਭਾਰਤ ਦੇ ਸਮੁੰਦਰੀ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਵਿੱਚ ਇੱਕ ਮਹੱਤਵਪੂਰਨ ਪਲ ਨੂੰ ਦਰਸਾਉਂਦਾ ਹੈ। ਇਹ ਨਵੇਂ ਬਣੇ ਜਹਾਜ਼ ਉੱਨਤ ਤਕਨਾਲੋਜੀਆਂ ਨਾਲ ਲੈਸ ਹਨ ਜੋ ਸਮੁੰਦਰੀ ਸਰੋਤਾਂ ਦੀ ਟਿਕਾਊ ਕਟਾਈ ਨੂੰ ਸਮਰੱਥ ਬਣਾਉਂਦੇ ਹਨ, ਘੱਟੋ-ਘੱਟ ਵਾਤਾਵਰਣਿਕ ਵਿਘਨ ਨੂੰ ਯਕੀਨੀ ਬਣਾਉਂਦੇ ਹੋਏ ਆਰਥਿਕ ਰਿਟਰਨ ਨੂੰ ਵੱਧ ਤੋਂ ਵੱਧ ਕਰਦੇ ਹਨ। ਔਨਬੋਰਡ ਡਿਜੀਟਲ ਪ੍ਰਣਾਲੀਆਂ ਦਾ ਏਕੀਕਰਣ ਟਰੇਸੇਬਿਲਟੀ, ਸੁਰੱਖਿਆ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਏਗਾ, ਭਾਰਤ ਦੇ ਸਮੁੰਦਰੀ ਅਭਿਆਸਾਂ ਨੂੰ ਜ਼ਿੰਮੇਵਾਰ ਮੱਛੀ ਫੜਨ ਦੇ ਵਿਸ਼ਵਵਿਆਪੀ ਮਿਆਰਾਂ ਨਾਲ ਜੋੜੇਗਾ।
ਇਸ ਸਮਾਗਮ ਦਾ ਮੁੱਖ ਉਦੇਸ਼ ਮੱਛੀ ਪਾਲਣ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਕਰਨਾ ਹੈ , ਜੋ ਕਿ ਤੱਟਵਰਤੀ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਪਹਿਲ ਮੱਛੀ ਪਾਲਣ ਉਤਪਾਦਕ ਸੰਗਠਨਾਂ (FFPOs) ਅਤੇ ਸਹਿਕਾਰੀ ਸਭਾਵਾਂ ਦੇ ਵਿਕਾਸ ਅਤੇ ਸਕੇਲਿੰਗ ਦਾ ਸਮਰਥਨ ਕਰਦੀ ਹੈ, ਜਿਸ ਨਾਲ ਉਹ ਸਵੈ-ਨਿਰਭਰ ਸੰਸਥਾਵਾਂ ਵਜੋਂ ਕੰਮ ਕਰ ਸਕਣ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਪਹਿਲ ਔਰਤਾਂ ਦੀ ਅਗਵਾਈ ਵਾਲੇ ਸਹਿਕਾਰੀ ਉੱਦਮਾਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੀ ਹੈ , ਜੋ ਕਿ ਤੱਟਵਰਤੀ ਭਾਈਚਾਰਿਆਂ ਵਿੱਚ ਸਮਾਵੇਸ਼ੀ ਵਿਕਾਸ, ਲੀਡਰਸ਼ਿਪ ਅਤੇ ਸਮਾਜਿਕ-ਆਰਥਿਕ ਤਬਦੀਲੀ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੀ ਹੈ।
ਇਹ ਸਮਾਗਮ ਮੱਛੀ ਪਾਲਣ ਦੇ ਦ੍ਰਿਸ਼ ਨੂੰ ਬਦਲਣ ਦੇ ਉਦੇਸ਼ ਨਾਲ ਸਰਕਾਰੀ ਯੋਜਨਾਵਾਂ ਅਤੇ ਸੰਸਥਾਗਤ ਸਹਾਇਤਾ ਵਿਧੀਆਂ ਦੇ ਸੰਗਮ ਨੂੰ ਵੀ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (PMMSY) ਅਤੇ ਮੱਛੀ ਪਾਲਣ ਅਤੇ ਜਲ-ਖੇਤੀ ਬੁਨਿਆਦੀ ਢਾਂਚਾ ਵਿਕਾਸ ਫੰਡ (FIDF) ਵਰਗੀਆਂ ਯੋਜਨਾਵਾਂ ਸਮੁੰਦਰੀ ਉਤਪਾਦਾਂ ਲਈ ਕੋਲਡ-ਚੇਨ ਅਤੇ ਮੁੱਲ-ਚੇਨ ਬੁਨਿਆਦੀ ਢਾਂਚਾ ਵਿਕਸਿਤ ਕਰਨ, ਮੱਛੀ ਪਾਲਣ ਉਤਪਾਦਾਂ ਦੀ ਗੁਣਵੱਤਾ, ਸ਼ੈਲਫ-ਲਾਈਫ ਅਤੇ ਮਾਰਕੀਟਯੋਗਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਸ ਤੋਂ ਇਲਾਵਾ, ਬਜ਼ਾਰ ਪਹੁੰਚ ਨੂੰ ਬਿਹਤਰ ਬਣਾਉਣ, ਬਿਹਤਰ ਕੀਮਤ ਪ੍ਰਾਪਤੀ ਅਤੇ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਅੰਤ ਵਿੱਚ, ਭਾਰਤ ਦੀ ਨੀਲੀ ਅਰਥਵਿਵਸਥਾ ਨੂੰ ਅੱਗੇ ਵਧਾਉਣ ਅਤੇ ਤੱਟਵਰਤੀ ਆਜੀਵਿਕਾ ਨੂੰ ਸੁਰੱਖਿਅਤ ਕਰਨ ਵਿੱਚ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਰਣਨੀਤਕ ਭੂਮਿਕਾ ਨੂੰ ਉਜਾਗਰ ਕੀਤਾ ਜਾਵੇਗਾ। ਡੂੰਘੇ ਸਮੁੰਦਰ ਵਿੱਚ ਮੱਛੀ ਫੜਨ ਦੀ ਪਹਿਲਕਦਮੀ ਤੋਂ ਤੱਟਵਰਤੀ ਪੱਟੀਆਂ ਵਿੱਚ ਰੁਜ਼ਗਾਰ ਦੇ ਕਾਫ਼ੀ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਸਮਾਜਿਕ-ਆਰਥਿਕ ਉੱਨਤੀ ਵਿੱਚ ਯੋਗਦਾਨ ਪਵੇਗਾ। ਇਹ ਭਾਰਤ ਦੇ ਸਮੁੰਦਰੀ ਭੋਜਨ ਨਿਰਯਾਤ ਨੂੰ ਵੀ ਮਜ਼ਬੂਤ ਕਰੇਗਾ, ਜਿਸ ਨਾਲ ਵਿਸ਼ਵ ਸਮੁੰਦਰੀ ਵਪਾਰ ਵਿੱਚ ਦੇਸ਼ ਦੀ ਸਥਿਤੀ ਮਜ਼ਬੂਤ ਹੋਵੇਗੀ। ਟਿਕਾਊ ਮੱਛੀ ਫੜਨ ਦੇ ਅਭਿਆਸਾਂ ਅਤੇ ਜ਼ਿੰਮੇਵਾਰ ਸਰੋਤ ਪ੍ਰਬੰਧਨ ਨੂੰ ਉਤਸ਼ਾਹਿਤ ਕਰਕੇ, ਇਹ ਪਹਿਲ ਸਮੁੰਦਰੀ ਵਾਤਾਵਰਣ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਸਿਹਤ ਦੀ ਰੱਖਿਆ ਕਰਦੇ ਹੋਏ, ਭੋਜਨ ਅਤੇ ਪੋਸ਼ਣ ਸੁਰੱਖਿਆ ਦੇ ਰਾਸ਼ਟਰੀ ਟੀਚਿਆਂ ਦਾ ਸਮਰਥਨ ਕਰਦੀ ਹੈ।
*****
ਏਕੇ/ਆਰਆਰ/ਪੀਐੱਸ
(रिलीज़ आईडी: 2184669)
आगंतुक पटल : 11