ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਮੌਕੇ ਰਾਸ਼ਟਰੀ ਏਕਤਾ ਦਿਵਸ ਸਮਾਗਮਾਂ ਵਿੱਚ ਹਿੱਸਾ ਲੈਣਗੇ

ਏਕਤਾ ਦਿਵਸ ਪਰੇਡ ਵਿੱਚ ‘ਅਨੇਕਤਾ ਵਿੱਚ ਏਕਤਾ’ ਵਿਸ਼ੇ ’ਤੇ ਝਾਕੀ ਪੇਸ਼ ਕੀਤੀ ਜਾਵੇਗੀ

ਪਰੇਡ ਦੇ ਮੁੱਖ ਖਿੱਚ ਕੇਂਦਰਾਂ ਵਿੱਚ ਸ਼ਾਮਲ ਹਨ: ਬੀਐੱਸਐੱਫ਼ ਮਾਰਚਿੰਗ ਟੁਕੜੀ ਜਿਸ ਵਿੱਚ ਰਾਮਪੁਰ ਹਾਉਂਡ ਅਤੇ ਮੁਧੋਲ ਹਾਉਂਡਜ਼ ਵਰਗੇ ਭਾਰਤੀ ਨਸਲ ਦੇ ਕੁੱਤੇ ਸ਼ਾਮਲ ਹਨ

ਪ੍ਰਧਾਨ ਮੰਤਰੀ ਏਕਤਾ ਨਗਰ ਵਿੱਚ 1,140 ਕਰੋੜ ਰੁਪਏ ਤੋਂ ਵੱਧ ਦੇ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ

ਪ੍ਰੋਜੈਕਟਾਂ ਦਾ ਮੁੱਖ ਮੰਤਵ ਸੈਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣਾ, ਪਹੁੰਚਯੋਗਤਾ ਵਿੱਚ ਸੁਧਾਰ ਕਰਨਾ ਅਤੇ ਟਿਕਾਊ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੈ

ਪ੍ਰਧਾਨ ਮੰਤਰੀ ਆਰੰਭ 7.0 ਦੀ ਸਮਾਪਤੀ ਮੌਕੇ 100ਵੇਂ ਫਾਊਂਡੇਸ਼ਨ ਕੋਰਸ ਦੇ ਅਧਿਕਾਰੀ ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ

Posted On: 29 OCT 2025 10:58AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। 30 ਅਕਤੂਬਰ ਨੂੰ ਪ੍ਰਧਾਨ ਮੰਤਰੀ ਏਕਤਾ ਨਗਰ, ਕੇਵੜੀਆ ਜਾਣਗੇ ਅਤੇ ਸ਼ਾਮ ਲਗਭਗ 5:15 ਵਜੇ ਉੱਥੇ ਈ-ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਸ਼ਾਮ ਲਗਭਗ 6:30 ਵਜੇ ਉਹ ਏਕਤਾ ਨਗਰ ਵਿੱਚ 1,140 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

31 ਅਕਤੂਬਰ ਨੂੰ ਸਵੇਰੇ ਲਗਭਗ 8 ਵਜੇ ਪ੍ਰਧਾਨ ਮੰਤਰੀ ਸਟੈਚੂ ਆਫ ਯੂਨਿਟੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ, ਜਿਸ ਤੋਂ ਬਾਅਦ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਮੌਕੇ ਰਾਸ਼ਟਰੀ ਏਕਤਾ ਦਿਵਸ ਸਮਾਗਮ ਹੋਣਗੇ। ਇਸ ਤੋਂ ਬਾਅਦ ਸਵੇਰੇ ਲਗਭਗ 10:45 ਵਜੇ ਉਹ ਆਰੰਭ 7.0 ਵਿੱਚ 100ਵੇਂ ਸਾਂਝੇ ਫਾਊਂਡੇਸ਼ਨ ਕੋਰਸ ਦੇ ਅਧਿਕਾਰੀ ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ।

ਪਹਿਲਾ ਦਿਨ - 30 ਅਕਤੂਬਰ

ਪ੍ਰਧਾਨ ਮੰਤਰੀ ਏਕਤਾ ਨਗਰ ਵਿੱਚ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਖੇਤਰ ਵਿੱਚ ਸੈਲਾਨੀਆਂ ਦੇ ਤਜਰਬੇ ਨੂੰ ਬਿਹਤਰ ਬਣਾਉਣਾ, ਪਹੁੰਚ ਵਿੱਚ ਸੁਧਾਰ ਕਰਨਾ ਅਤੇ ਟਿਕਾਊਪਨ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨਾ ਹੈ। 1,140 ਕਰੋੜ ਰੁਪਏ ਤੋਂ ਵੱਧ ਦੇ ਕੁੱਲ ਨਿਵੇਸ਼ ਨਾਲ ਇਹ ਪ੍ਰੋਜੈਕਟ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਈਕੋ-ਟੂਰਿਜ਼ਮ, ਗ੍ਰੀਨ ਮੋਬਿਲਿਟੀ, ਸਮਾਰਟ ਬੁਨਿਆਦੀ ਢਾਂਚੇ ਅਤੇ ਕਬਾਇਲੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।

ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ, ਉਨ੍ਹਾਂ ਵਿੱਚ ਰਾਜਪੀਪਲਾ ਵਿੱਚ ਬਿਰਸਾ ਮੁੰਡਾ ਕਬਾਇਲੀ ਯੂਨੀਵਰਸਿਟੀ; ਗਰੁੜੇਸ਼ਵਰ ਵਿੱਚ ਹੋਸਪਿਟੈਲਿਟੀ ਡਿਸਟ੍ਰਿਕਟ (ਪੜਾਅ-1); ਵਾਮਨ ਵ੍ਰਿਕਸ਼ ਵਾਟਿਕਾ; ਸਤਪੁੜਾ ਸੁਰੱਖਿਆ ਕੰਧ; ਈ-ਬੱਸ ਚਾਰਜਿੰਗ ਡਿਪੂ ਅਤੇ 25 ਇਲੈਕਟ੍ਰਿਕ ਬੱਸਾਂ; ਨਰਮਦਾ ਘਾਟ ਦਾ ਵਿਸਤਾਰ; ਕੌਸ਼ਲਿਆ ਪੱਥ; ਏਕਤਾ ਦੁਆਰ ਤੋਂ ਸ਼੍ਰੇਸ਼ਠ ਭਾਰਤ ਭਵਨ ਤੱਕ ਵਾਕਵੇਅ (ਪੜਾਅ-2); ਸਮਾਰਟ ਬੱਸ ਸਟਾਪ (ਪੜਾਅ-2); ਡੈਮ ਰੈਪਲਿਕਾ ਫਾਊਂਟੇਨ; ਜੀਐੱਸਈਸੀ ਕੁਆਰਟਰਜ਼ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤ ਦੀਆਂ ਸ਼ਾਹੀ ਰਿਆਸਤਾਂ ਦੇ ਅਜਾਇਬ ਘਰ; ਵੀਰ ਬਾਲਕ ਉਦਿਆਨ; ਸਪੋਰਟਸ ਕੰਪਲੈਕਸ; ਰੇਨ ਫਾਰੈਸਟ ਪ੍ਰੋਜੈਕਟ; ਸ਼ੂਲਪਨੇਸ਼ਵਰ ਘਾਟ ਨੇੜੇ ਜੈੱਟੀ ਦਾ ਵਿਕਾਸ; ਸਟੈਚੂ ਆਫ ਯੂਨਿਟੀ 'ਤੇ ਟ੍ਰੈਵਲੇਟਰਜ਼ ਆਦਿ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।

ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਸਰਦਾਰ ਪਟੇਲ ਦੀ 150ਵੀਂ ਜਨਮ ਜਯੰਤੀ ਮੌਕੇ 150 ਰੁਪਏ ਦਾ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕਰਨਗੇ।

ਦੂਜਾ ਦਿਨ - 31 ਅਕਤੂਬਰ

ਪ੍ਰਧਾਨ ਮੰਤਰੀ ਰਾਸ਼ਟਰੀ ਏਕਤਾ ਦਿਵਸ ਸਮਾਗਮਾਂ ਵਿੱਚ ਹਿੱਸਾ ਲੈਣਗੇ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਹ ਏਕਤਾ ਦਿਵਸ ਦੀ ਸਹੁੰ ਚੁਕਾਉਣਗੇ ਅਤੇ ਏਕਤਾ ਦਿਵਸ ਪਰੇਡ ਦਾ ਨਿਰੀਖਣ ਕਰਨਗੇ।

ਪਰੇਡ ਵਿੱਚ ਬੀਐੱਸਐੱਫ, ਸੀਆਰਪੀਐੱਫ, ਸੀਆਈਐੱਸਐੱਫ, ਆਈਟੀਬੀਪੀ ਅਤੇ ਐੱਸਐੱਸਬੀ ਦੀਆਂ ਟੁਕੜੀਆਂ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੀਆਂ ਪੁਲਿਸ ਬਲਾਂ ਦੀਆਂ ਟੁਕੜੀਆਂ ਵੀ ਸ਼ਾਮਲ ਹੋਣਗੀਆਂ। ਇਸ ਸਾਲ ਬੀਐੱਸਐੱਫ ਦੀ ਉਹ ਮਾਰਚਿੰਗ ਟੁਕੜੀ ਮੁੱਖ ਖਿੱਚ ਦਾ ਕੇਂਦਰ ਹੋਵੇਗੀ, ਜਿਸ ਵਿੱਚ ਸਿਰਫ਼ ਭਾਰਤੀ ਨਸਲ ਦੇ ਕੁੱਤੇ ਜਿਵੇਂ ਕਿ ਰਾਮਪੁਰ ਹਾਊਂਡਜ਼ ਅਤੇ ਮੁਧੋਲ ਹਾਊਂਡਜ਼ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੁਜਰਾਤ ਪੁਲਿਸ ਦਾ ਘੋੜਸਵਾਰ ਦਸਤਾ, ਅਸਾਮ ਪੁਲਿਸ ਦਾ ਮੋਟਰਸਾਈਕਲ 'ਤੇ ਹੈਰਤਅੰਗੇਜ਼ ਕਰਤੱਬ ਅਤੇ ਬੀਐੱਸਐੱਫ ਦਾ ਊਠਾਂ ਦਾ ਦਸਤਾ ਅਤੇ ਊਠਾਂ 'ਤੇ ਸਵਾਰ ਬੈਂਡ ਸ਼ਾਮਲ ਹੋਵੇਗਾ।

ਪਰੇਡ ਵਿੱਚ ਸੀਆਰਪੀਐੱਫ ਦੇ ਪੰਜ ਸ਼ੌਰਿਆ ਚੱਕਰ ਪੁਰਸਕਾਰ ਜੇਤੂਆਂ ਅਤੇ ਬੀਐੱਸਐੱਫ ਦੇ 16 ਬਹਾਦਰੀ ਦੇ ਤਗਮੇ ਜਿੱਤਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਝਾਰਖੰਡ ਵਿੱਚ ਨਕਸਲ ਵਿਰੋਧੀ ਕਾਰਵਾਈਆਂ ਅਤੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਬੇਮਿਸਾਲ ਹਿੰਮਤ ਦਾ ਪ੍ਰਦਰਸ਼ਨ ਕੀਤਾ। 'ਆਪ੍ਰੇਸ਼ਨ ਸਿੰਧੂਰ' ਦੌਰਾਨ ਬਹਾਦਰੀ ਦਿਖਾਉਣ ਲਈ ਬੀਐੱਸਐੱਫ ਦੇ ਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਇਸ ਸਾਲ ਦੀ ਰਾਸ਼ਟਰੀ ਏਕਤਾ ਦਿਵਸ ਪਰੇਡ ਵਿੱਚ ਐੱਨਐੱਸਜੀ, ਐੱਨਡੀਆਰਐੱਫ, ਗੁਜਰਾਤ, ਜੰਮੂ-ਕਸ਼ਮੀਰ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਮਨੀਪੁਰ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰਾਖੰਡ ਅਤੇ ਪੁਡੂਚੇਰੀ ਦੀਆਂ ਦਸ ਝਾਕੀਆਂ ਸ਼ਾਮਲ ਹੋਣਗੀਆਂ, ਜੋ ‘ਅਨੇਕਤਾ ਵਿੱਚ ਏਕਤਾ’ ਵਿਸ਼ੇ ਨੂੰ ਦਰਸਾਉਂਦੀਆਂ ਹਨ। 900 ਕਲਾਕਾਰਾਂ ਵਾਲਾ ਇੱਕ ਸਭਿਆਚਾਰਕ ਪ੍ਰੋਗਰਾਮ ਭਾਰਤ ਦੇ ਸ਼ਾਸਤਰੀ ਨਾਚਾਂ ਨੂੰ ਪੇਸ਼ ਕਰੇਗਾ, ਜੋ ਭਾਰਤੀ ਸਭਿਆਚਾਰ ਦੀ ਅਮੀਰੀ ਅਤੇ ਵਿਭਿੰਨਤਾ ਨੂੰ ਦਰਸਾਉਂਦਾ ਹੈ। ਇਸ ਸਾਲ ਰਾਸ਼ਟਰੀ ਏਕਤਾ ਦਿਵਸ ਦੇ ਸਮਾਗਮਾਂ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਦੇਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜਨਮ ਜਯੰਤੀ ਮਨਾ ਰਿਹਾ ਹੈ।

ਪ੍ਰਧਾਨ ਮੰਤਰੀ ਆਰੰਭ 7.0 ਦੀ ਸਮਾਪਤੀ ਮੌਕੇ 100ਵੇਂ ਫਾਊਂਡੇਸ਼ਨ ਕੋਰਸ ਦੇ ਅਧਿਕਾਰੀ ਸਿਖਿਆਰਥੀਆਂ ਨਾਲ ਗੱਲਬਾਤ ਕਰਨਗੇ। ਆਰੰਭ ਦਾ 7ਵਾਂ ਐਡੀਸ਼ਨ "ਰੀਇਮੈਜਿਨਿੰਗ ਗਵਰਨੈਂਸ” ਵਿਸ਼ੇ 'ਤੇ ਕਰਵਾਇਆ ਜਾ ਰਿਹਾ ਹੈ। 100ਵੇਂ ਫਾਊਂਡੇਸ਼ਨ ਕੋਰਸ ਵਿੱਚ ਭਾਰਤ ਦੀਆਂ 16 ਸਿਵਲ ਸੇਵਾਵਾਂ ਅਤੇ ਭੂਟਾਨ ਦੀਆਂ 3 ਸਿਵਲ ਸੇਵਾਵਾਂ ਦੇ 660 ਅਧਿਕਾਰੀ ਸਿਖਿਆਰਥੀ ਸ਼ਾਮਲ ਹਨ।

************

ਐੱਮਜੇਪੀਐੱਸ/ਐੱਸਟੀ


(Release ID: 2183745) Visitor Counter : 7