ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਸ਼ਟਰੀ ਬੀਜ ਨਿਗਮ ਦੇ ਅਤਿ-ਆਧੁਨਿਕ ਬੀਜ ਪ੍ਰੋਸੈੱਸਿੰਗ ਪਲਾਂਟ ਦਾ ਉਦਘਾਟਨ ਕੀਤਾ
ਸ਼੍ਰੀ ਸ਼ਿਵਰਾਜ ਸਿੰਘ ਨੇ ਬਰੇਲੀ, ਧਾਰਵਾੜ, ਹਸਨ, ਸੂਰਤਗੜ੍ਹ ਅਤੇ ਰਾਏਚੁਰ ਵਿੱਚ ਸਥਿਤ ਪੰਜ ਐੱਨਐੱਸਸੀ ਬੀਜ ਪ੍ਰੋਸੈੱਸਿੰਗ ਪਲਾਂਟਾਂ ਦਾ ਵਰਚੁਅਲੀ ਉਦਘਾਟਨ ਵੀ ਕੀਤਾ
ਸ਼੍ਰੀ ਚੌਹਾਨ ਨੇ ਕਿਸਾਨਾਂ ਲਈ 'ਬੀਜ ਪ੍ਰਬੰਧਨ 2.0' ਪ੍ਰਣਾਲੀ ਅਤੇ ਔਨਲਾਈਨ ਬੀਜ ਬੁਕਿੰਗ ਪਲੇਟਫਾਰਮ ਵੀ ਲਾਂਚ ਕੀਤਾ
ਅਤਿ-ਆਧੁਨਿਕ ਟੈਕਨੋਲੋਜੀ ਨਾਲ ਲੈਸ ਇਹ ਪਲਾਂਟ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਏਗਾ ਅਤੇ ਬੀਜ ਉਤਪਾਦਨ ਦੀ ਗੁਣਵੱਤਾ ਨੂੰ ਵਧਾਏਗਾ - ਸ਼੍ਰੀ ਸ਼ਿਵਰਾਜ ਸਿੰਘ
ਬੀਜ ਖੇਤੀ ਲਈ ਸਭ ਤੋਂ ਮਹੱਤਵਪੂਰਨ ਹਨ; ਉਤਪਾਦਨ ਵਧਾਉਣ ਲਈ ਗੁਣਵੱਤਾ ਵਾਲੇ ਬੀਜ ਜ਼ਰੂਰੀ ਹਨ - ਸ਼੍ਰੀ ਚੌਹਾਨ
ਰਾਸ਼ਟਰੀ ਬੀਜ ਨਿਗਮ ਦੀ ਭੂਮਿਕਾ ਸਿਰਫ਼ ਰੋਜ਼ੀ-ਰੋਟੀ ਨੂੰ ਕਾਇਮ ਰੱਖਣ ਲਈ ਨਹੀਂ ਹੈ, ਸਗੋਂ ਦੇਸ਼ ਦੇ ਭੋਜਨ ਭੰਡਾਰਾਂ ਨੂੰ ਭਰਨ ਲਈ ਹੈ - ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਚੰਗੀ ਗੁਣਵੱਤਾ ਵਾਲੇ ਬੀਜ ਛੋਟੇ ਕਿਸਾਨਾਂ ਤੱਕ ਪਹੁੰਚਣੇ ਚਾਹੀਦੇ ਹਨ; ਐੱਨਐੱਸਸੀ ਨੂੰ ਇਹ ਯਕੀਨੀ ਬਣਾਉਣ ਲਈ ਇੱਕ ਰੋਡਮੈਪ ਵਿਕਸਤ ਕਰਨਾ ਚਾਹੀਦਾ ਹੈ - ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ
Posted On:
27 OCT 2025 4:06PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਪੂਸਾ ਕੈਂਪਸ ਵਿਖੇ ਰਾਸ਼ਟਰੀ ਬੀਜ ਨਿਗਮ (ਐੱਨਐੱਸਸੀ) ਦੇ ਨਵੇਂ ਸਥਾਪਿਤ ਅਤਿ-ਆਧੁਨਿਕ ਸਬਜ਼ੀਆਂ ਅਤੇ ਫੁੱਲਾਂ ਦੇ ਬੀਜ ਪ੍ਰੋਸੈੱਸਿੰਗ ਪਲਾਂਟ ਅਤੇ ਪੈਕਿੰਗ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ, ਉਨ੍ਹਾਂ ਨੇ ਬਰੇਲੀ, ਧਾਰਵਾੜ, ਹਸਨ, ਸੂਰਤਗੜ੍ਹ ਅਤੇ ਰਾਏਚੁਰ ਵਿਖੇ ਸਥਿਤ ਐੱਨਐੱਸਸੀ ਦੇ ਪੰਜ ਬੀਜ ਪ੍ਰੋਸੈੱਸਿੰਗ ਪਲਾਂਟਾਂ ਦਾ ਵਰਚੁਅਲੀ ਉਦਘਾਟਨ ਵੀ ਕੀਤਾ।.

ਨਵੀਂ ਦਿੱਲੀ ਦੇ ਪੂਸਾ ਵਿੱਚ ਸੀਡ ਬਿਲਡਿੰਗ ਵਿਖੇ ਸਥਿਤ ਸਬਜ਼ੀਆਂ ਦੇ ਬੀਜ ਪ੍ਰੋਸੈੱਸਿੰਗ ਪਲਾਂਟ ਦੀ ਸਮਰੱਥਾ 1 ਟਨ ਪ੍ਰਤੀ ਘੰਟਾ ਹੈ, ਜਦੋਂ ਕਿ ਬਾਕੀ ਪੰਜ ਐੱਨਐੱਸਸੀ ਪਲਾਂਟਾਂ ਦੀ ਸਮਰੱਥਾ 4 ਟਨ ਪ੍ਰਤੀ ਘੰਟਾ ਹੈ। ਇਹ ਪਲਾਂਟ ਅਤਿ-ਆਧੁਨਿਕ ਟੈਕਨੋਲੋਜੀ ਨਾਲ ਲੈਸ ਹਨ, ਜੋ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਂਦੇ ਹਨ ਅਤੇ ਬੀਜ ਉਤਪਾਦਨ ਦੀ ਗੁਣਵੱਤਾ ਵਿੱਚ ਵਾਧਾ ਕਰਦੇ ਹਨ।
ਇਸ ਸਮਾਗਮ ਦੌਰਾਨ, ਸ਼੍ਰੀ ਚੌਹਾਨ ਨੇ "ਬੀਜ ਪ੍ਰਬੰਧਨ 2.0" ਪ੍ਰਣਾਲੀ ਅਤੇ ਕਿਸਾਨਾਂ ਲਈ ਇੱਕ ਔਨਲਾਈਨ ਬੀਜ ਬੁਕਿੰਗ ਪਲੇਟਫਾਰਮ ਵੀ ਲਾਂਚ ਕੀਤਾ। ਇਹ ਪ੍ਰਣਾਲੀ ਕਿਸਾਨਾਂ ਨੂੰ ਆਪਣੀਆਂ ਬੀਜ ਜ਼ਰੂਰਤਾਂ ਨੂੰ ਔਨਲਾਈਨ ਬੁੱਕ ਕਰਨ ਦੇ ਯੋਗ ਬਣਾਏਗੀ, ਜਿਸ ਨਾਲ ਪਾਰਦਰਸ਼ਤਾ ਅਤੇ ਉਪਲਬਧਤਾ ਦੋਵਾਂ ਵਿੱਚ ਸੁਧਾਰ ਹੋਵੇਗਾ। ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਗੁਣਵੱਤਾ ਵਾਲੇ ਬੀਜ ਛੋਟੇ ਕਿਸਾਨਾਂ ਤੱਕ ਪਹੁੰਚਣ।

ਇਸ ਮੌਕੇ ਬੋਲਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਨਵੀਆਂ ਸਹੂਲਤਾਂ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣਗੀਆਂ, ਜਿਸ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ ਮਹੱਤਵਪੂਰਨ ਸੁਧਾਰ ਹੋਵੇਗਾ। ਇਹ ਨਵੇਂ ਪਲਾਂਟ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ, ਜੋ ਕਿ ਬਹੁਤ ਮਹੱਤਵਪੂਰਨ ਹੈ। ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਵਿਕਾਸ ਕ੍ਰਿਸ਼ੀ ਸੰਕਲਪ ਅਭਿਆਨ ਦੌਰਾਨ, ਨਕਲੀ ਅਤੇ ਘਟੀਆ ਬੀਜਾਂ ਸੰਬੰਧੀ ਸਭ ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਇਸ ਲਈ, ਗੁਣਵੱਤਾ ਵਾਲੇ ਬੀਜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ, ਜਿਸ ਵਿੱਚ ਐੱਨਐੱਸਸੀ ਦੀ ਭੂਮਿਕਾ ਮਹੱਤਵਪੂਰਨ ਹੈ। ਸਰਕਾਰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਰਹੀ ਹੈ। ਰਾਸ਼ਟਰੀ ਬੀਜ ਨਿਗਮ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਇੱਕ ਸਵੈ-ਨਿਰਭਰ ਖੇਤੀਬਾੜੀ ਪ੍ਰਣਾਲੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਨਿਗਮ ਦਾ ਕੰਮ ਸਿਰਫ਼ ਆਜੀਵਿਕਾ ਚਲਾਉਣਾ ਹੀ ਨਹੀਂ, ਸਗੋਂ ਦੇਸ਼ ਦੇ ਭੋਜਨ ਭੰਡਾਰਾਂ ਨੂੰ ਭਰਨਾ ਵੀ ਹੈ।

ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਨਿਗਮ ਨੂੰ ਕਿਸਾਨਾਂ ਦੀ ਸਹੂਲਤ ਲਈ ਖੇਤਰੀ ਭਾਸ਼ਾਵਾਂ ਵਿੱਚ ਕੰਮ ਕਰਕੇ ਇਨੋਵੇਸ਼ਨ ਲਿਆਉਣੀ ਚਾਹੀਦੀ ਹੈ, ਤਾਂ ਜੋ ਲਾਭ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕਣ ਅਤੇ ਨਿੱਜੀ ਕੰਪਨੀਆਂ ਦੀ ਮਨਮਾਨੀ ਨੂੰ ਰੋਕਿਆ ਜਾ ਸਕੇ। ਨਿੱਜੀ ਨਿਗਮਾਂ ਦੀ ਆਪਣੀ ਜਗ੍ਹਾ ਹੈ, ਪਰ ਜਨਤਕ ਨਿਗਮਾਂ ਦੀ ਆਪਣੀ ਮਹੱਤਤਾ ਹੈ। ਰਾਜ ਬੀਜ ਵਿਕਾਸ ਨਿਗਮਾਂ ਦੇ ਕੰਮ ਨੂੰ ਹੋਰ ਬਿਹਤਰ ਬਣਾਉਣਾ ਵੀ ਜ਼ਰੂਰੀ ਹੈ। ਐੱਨਐੱਸਸੀ ਨੂੰ ਇਨ੍ਹਾਂ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਰੋਡਮੈਪ ਵਿਕਸਤ ਕਰਨਾ ਚਾਹੀਦਾ ਹੈ ਅਤੇ ਉਸ ਅਨੁਸਾਰ ਕੰਮ ਕਰਨਾ ਚਾਹੀਦਾ ਹੈ।
ਇਸ ਸਮਾਗਮ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ ਡਾ. ਦੇਵੇਸ਼ ਚਤੁਰਵੇਦੀ, ਸੀਐੱਮਡੀ, ਐੱਨਐਸਸੀ ਅਤੇ ਮੰਤਰਾਲੇ ਦੀ ਵਧੀਕ ਸਕੱਤਰ ਸ਼੍ਰੀਮਤੀ ਮਨਿੰਦਰ ਕੌਰ ਦਿਵੇਦੀ, ਸ਼੍ਰੀ ਅਜੀਤ ਕੁਮਾਰ ਸਾਹੂ, ਸੰਯੁਕਤ ਸਕੱਤਰ, ਐੱਨਐੱਸਸੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਾਮਲ ਸਨ।
ਨੈਸ਼ਨਲ ਸੀਡਜ਼ ਕਾਰਪੋਰੇਸ਼ਨ ਲਿਮਿਟੇਡ (ਐੱਨਐੱਸਸੀ) ਇੱਕ ਸ਼ਡਿਊਲ 'ਬੀ' - ਮਿਨੀਰਤਨ ਸ਼੍ਰੇਣੀ-1 ਕੰਪਨੀ ਹੈ, ਜੋ ਪੂਰੀ ਤਰ੍ਹਾਂ ਭਾਰਤ ਸਰਕਾਰ ਦੀ ਮਲਕੀਅਤ ਹੈ ਅਤੇ 1963 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ, ਐੱਨਐੱਸਸੀ ਦੇਸ਼ ਭਰ ਦੇ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਪੈਦਾ ਕਰਨ ਅਤੇ ਸਪਲਾਈ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
******
ਆਰਸੀ/ਏਆਰ/ਐੱਮਕੇ/ਬਲਜੀਤ
(Release ID: 2183740)
Visitor Counter : 3