ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਨੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਰਸਮੀ ਚਿੰਨ੍ਹ ਭੇਟ ਕੀਤਾ


ਲੈਫਟੀਨੈਂਟ ਕਰਨਲ (ਆਨਰੇਰੀ) ਨੀਰਜ ਚੋਪੜਾ ਦ੍ਰਿੜ੍ਹਤਾ, ਦੇਸ਼ ਭਗਤੀ ਅਤੇ ਉੱਤਮਤਾ ਲਈ ਯਤਨਸ਼ੀਲ ਰਹਿਣ ਦੀ ਭਾਰਤੀ ਭਾਵਨਾ ਦੀ ਆਦਰਸ਼ ਉਦਾਹਰਣ ਹਨ: ਸ਼੍ਰੀ ਰਾਜਨਾਥ ਸਿੰਘ

Posted On: 22 OCT 2025 1:22PM by PIB Chandigarh

ਰਕਸ਼ਾ ਮੰਤਰੀ  ਸ਼੍ਰੀ ਰਾਜਨਾਥ ਸਿੰਘ ਨੇ 22 ਅਕਤੂਬਰ, 2025 ਨੂੰ ਸਾਊਥ ਬਲਾਕ, ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਪੀਪਿੰਗ ਸਮਾਰੋਹ ਦੌਰਾਨ ਸਟਾਰ ਜੈਵਲਿਨ ਥ੍ਰੋਅਰ ਅਤੇ ਦੋ ਵਾਰ ਦੇ ਓਲੰਪਿਕ ਮੈਡਲ ਜੇਤੂ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦੇ ਆਨਰੇਰੀ ਰੈਂਕ ਦਾ ਚਮਕਦਾਰ ਚਿੰਨ੍ਹ ਰਸਮੀ ਤੌਰ 'ਤੇ ਭੇਟ ਕੀਤਾ। ਲੈਫਟੀਨੈਂਟ ਕਰਨਲ (ਆਨਰੇਰੀ) ਨੀਰਜ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਰਕਸ਼ਾ ਮੰਤਰੀ ਨੇ ਉਨ੍ਹਾਂ ਨੂੰ ਦ੍ਰਿੜ੍ਹਤਾ, ਦੇਸ਼ ਭਗਤੀ ਅਤੇ ਉੱਤਮਤਾ ਲਈ ਯਤਨਸ਼ੀਲ ਰਹਿਣ ਦੀ ਭਾਰਤੀ ਭਾਵਨਾ ਦੀ ਇੱਕ ਆਦਰਸ਼ ਉਦਾਹਰਣ ਦੱਸਿਆ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਲੈਫਟੀਨੈਂਟ ਕਰਨਲ (ਆਨਰੇਰੀ) ਨੀਰਜ ਚੋਪੜਾ ਅਨੁਸ਼ਾਸਨ, ਸਮਰਪਣ ਅਤੇ ਰਾਸ਼ਟਰੀ ਮਾਣ ਦੇ ਉੱਚਤਮ ਆਦਰਸ਼ਾਂ ਦੇ ਪ੍ਰਤੀਕ ਹਨ ਅਤੇ ਖੇਡ ਜਗਤ ਅਤੇ ਹਥਿਆਰਬੰਦ ਸੈਨਾਵਾਂ ਦੋਵਾਂ ਲਈ - ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਸਰੋਤ ਹਨ।” ਇਸ ਮੌਕੇ 'ਤੇ ਸੈਨਾ ਮੁਖੀ ਜਨਰਲ ਉਪੇਂਦਰ ਦ੍ਵਿਵੇਦੀ ਅਤੇ ਇੰਡੀਅਨ ਆਰਮੀ ਤੇ ਟੈਰੀਟੋਰੀਅਲ ਆਰਮੀ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

2016 ਵਿੱਚ ਸੈਨਾ ਵਿੱਚ ਸ਼ਾਮਲ ਹੋਏ ਲੈਫਟੀਨੈਂਟ ਕਰਨਲ (ਆਨਰੇਰੀ) ਨੀਰਜ ਚੋਪੜਾ ਨੇ ਸੈਨਾ ਦੀ ਰਾਜਪੂਤਾਨਾ ਰਾਈਫਲਜ਼ ਵਿੱਚ ਸੇਵਾ ਨਿਭਾਈ ਹੈ। 24 ਦਸੰਬਰ, 1997 ਨੂੰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਖੰਡਰਾ ਪਿੰਡ ਵਿੱਚ ਜਨਮੇ ਨੀਰਜ ਚੋਪੜਾ ਨੇ ਅੰਤਰਰਾਸ਼ਟਰੀ ਐਥਲੈਟਿਕਸ ਮੁਕਾਬਲਿਆਂ ਵਿੱਚ ਆਪਣੀਆਂ ਸ਼ਾਨਦਾਰ ਉਪਲਬਧੀਆਂ ਨਾਲ ਦੇਸ਼ ਅਤੇ ਹਥਿਆਰਬੰਦ ਸੈਨਾਵਾਂ ਦਾ ਮਾਣ ਵਧਾਇਆ ਹੈ।

ਸਟਾਰ ਜੈਵਲਿਨ ਥ੍ਰੋਅਰ ਨੇ 2020 ਦੇ ਟੋਕੀਓ ਓਲੰਪਿਕ ਵਿੱਚ ਟ੍ਰੈਕ ਐਂਡ ਫੀਲਡ ਵਿੱਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਬਣ ਕੇ ਇਤਿਹਾਸ ਰਚ ਦਿੱਤਾ। ਉਸ ਨੇ 2024 ਪੈਰਿਸ ਓਲੰਪਿਕ ਵਿੱਚ ਸਿਲਵਰ ਮੈਡਲ ਅਤੇ 2023 ਦੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਿਆ। ਇਸ ਤੋਂ ਇਲਾਵਾ, ਉਸ ਨੇ ਏਸ਼ੀਅਨ ਗੇਮਜ਼, ਕੌਮਨਵੈਲਥ ਗੇਮਜ਼ ਅਤੇ ਡਾਇਮੰਡ ਲੀਗ ਈਵੈਂਟਸ ਵਿੱਚ ਵੀ ਕਈ ਗੋਲਡ ਮੈਡਲ ਜਿੱਤੇ ਹਨ। ਉਨ੍ਹਾਂ ਦਾ 90.23 ਮੀਟਰ (2025) ਦਾ ਨਿਜੀ ਸਰਵੋਤਮ ਥ੍ਰੋਅ ਭਾਰਤੀ ਖੇਡ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਉਪਲਬਧੀ ਦੇ ਰੂਪ ਵਿੱਚ ਦਰਜ ਹੈ।

ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਰਾਸ਼ਟਰ ਲਈ ਮਿਸਾਲੀ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ, ਲੈਫਟੀਨੈਂਟ ਕਰਨਲ (ਆਨਰੇਰੀ) ਨੀਰਜ ਚੋਪੜਾ ਨੂੰ 16 ਅਪ੍ਰੈਲ, 2025 ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੁਆਰਾ ਟੈਰੀਟੋਰੀਅਲ ਆਰਮੀ ਵਿੱਚ ਇੱਕ ਆਨਰੇਰੀ ਕਮਿਸ਼ਨ ਪ੍ਰਦਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ, ਉਨ੍ਹਾਂ ਨੂੰ ਪਦਮ ਸ਼੍ਰੀ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਅਰਜੁਨ ਅਵਾਰਡ, ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

****

ਐੱਸਆਰ/ਸੇਵੀ/ਏਕੇ


(Release ID: 2181571) Visitor Counter : 12