ਪ੍ਰਧਾਨ ਮੰਤਰੀ ਦਫਤਰ
ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਿਸ਼ਵ ਸੰਮੇਲਨ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
प्रविष्टि तिथि:
17 OCT 2025 11:03PM by PIB Chandigarh
Her Excellency Prime Minister of Sri Lanka, ਹਰਿਨੀ ਅਮਰਸੂਰਿਆ ਜੀ, His Excellency Former Prime Minister of Australia, My Friend ਟੋਨੀ ਐਬੋਟ ਜੀ, His Excellency Former Prime Minister of UK ਰਿਸ਼ੀ ਸੁਨਕ ਜੀ, ਖ਼ਾਸ ਮਹਿਮਾਨੋਂ, ਦੇਵੀਓ ਅਤੇ ਸੱਜਣੋ, ਨਮਸਕਾਰ!
ਇਹ ਤਿਉਹਾਰਾਂ ਦਾ ਸਮਾਂ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਉਤਸ਼ਾਹ ਦੇ ਇਸ ਮਾਹੌਲ ਵਿੱਚ ਐੱਨਡੀਟੀਵੀ ਵਰਲਡ ਸਮਿਟ ਹੋ ਰਹੀ ਹੈ ਅਤੇ ਤੁਸੀਂ ਇਸ ਸੈਸ਼ਨ ਦੀ ਥੀਮ ਵੀ ਬਹੁਤ ਇੰਪੋਰਟੈਂਟ ਰੱਖੀ ਹੈ - Unstoppable Bharat, ਸੱਚਮੁੱਚ ਭਾਰਤ ਅੱਜ ਰੁਕਣ ਦੇ ਮੂਡ ਵਿੱਚ ਵੀ ਨਹੀਂ ਹੈ। ਅਸੀਂ ਨਾ ਰੁਕਾਂਗੇ, ਨਾ ਥੰਮ੍ਹਾਂਗੇ। ਅਸੀਂ 140 ਕਰੋੜ ਦੇਸ਼ਵਾਸੀ ਮਿਲ ਕੇ ਤੇਜ਼ੀ ਨਾਲ ਅੱਗੇ ਵਧਾਂਗੇ।
ਸਾਥੀਓ,
ਅੱਜ ਜਦੋਂ ਦੁਨੀਆਂ ਵਿੱਚ ਚੰਗੀ ਤਰ੍ਹਾਂ ਦੇ ਰੋਡ ਬਲੌਕਸ ਹਨ, ਸਪੀਡ ਬਰੇਕਰ ਹਨ, ਉਦੋਂ Unstoppable Bharat ਦੀ ਚਰਚਾ ਬਹੁਤ ਸੁਭਾਵਿਕ ਹੈ ਅਤੇ ਮੈਂ ਇਸ ਨੂੰ 11 ਸਾਲ ਪਹਿਲਾਂ ਦੀਆਂ ਹਾਲਤਾਂ ਅਤੇ ਵਰਤਮਾਨ ਦੇ ਸੰਦਰਭ ਵਿੱਚ ਰੱਖਣ ਦਾ ਯਤਨ ਕਰਦਾ ਹਾਂ। ਤੁਸੀਂ ਯਾਦ ਕਰੋ, 2014 ਤੋਂ ਪਹਿਲਾਂ ਇਸ ਤਰ੍ਹਾਂ ਦੀ ਸਮਿਟ ਵਿੱਚ ਕਿਨ੍ਹਾਂ ਮੁੱਦਿਆਂ ਨੂੰ ਲੈ ਕੇ ਚਰਚਾ ਹੁੰਦੀ ਸੀ। ਹੈੱਡਲਾਈਨ ਕੀ ਹੋਇਆ ਕਰਦੀਆਂ ਸੀ, ਗਲੀਆਂ-ਮੁਹੱਲਿਆਂ ਵਿੱਚ ਕਾਨਫਰੰਸਾਂ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਦੀ ਚਰਚਾ ਹੁੰਦੀ ਸੀ, ਤੁਸੀਂ ਸਾਰੇ ਜ਼ਰੂਰ ਯਾਦ ਕਰੋਗੇ, ਤਾਂ ਤੁਹਾਨੂੰ ਧਿਆਨ ਵਿੱਚ ਆਵੇਗਾ, ਚਰਚਾ ਹੁੰਦੀ ਸੀ Global Headwinds ਨੂੰ ਭਾਰਤ ਕਿਵੇਂ ਝੱਲੇਗਾ? Fragile Five ਤੋਂ ਭਾਰਤ ਕਿਵੇਂ ਬਾਹਰ ਆਵੇਗਾ? Policy Paralysis ਵਿੱਚ ਕਦੋਂ ਤੱਕ ਰਹੇਗਾ ਭਾਰਤ? ਭਾਰਤ ਵਿੱਚ ਵੱਡੇ-ਵੱਡੇ ਘੁਟਾਲੇ ਕਦੋਂ ਬੰਦ ਹੋਣਗੇ?
ਸਾਥੀਓ,
ਉਦੋਂ ਮਹਿਲਾ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਸਵਾਲ ਸਨ। ਅੱਤਵਾਦੀ ਸਲੀਪਰ ਸੈੱਲ ਕਿਸ ਤਰ੍ਹਾਂ ਬੇਕਾਬੂ ਸਨ, ਇਸ ਨੂੰ ਲੈ ਕੇ ਖੁਲਾਸੇ ਹੁੰਦੇ ਸੀ। ਮਹਿੰਗਾਈ ਡਾਇਣ ਖਾਏ ਜਾਤ ਹੈ, ਇਹ ਗੀਤ ਛਾਏ ਹੋਏ ਸੀ। ਹੁਣ ਤੁਹਾਨੂੰ ਬਰਾਬਰ ਪਿੰਨ ਫਿੱਟ ਹੋ ਗਿਆ ਕਿ 2014 ਤੋਂ ਪਹਿਲਾਂ ਕੀ ਸੀ। ਉਦੋਂ ਦੇਸ਼ ਦੇ ਲੋਕਾਂ ਨੂੰ ਲਗਦਾ ਸੀ ਅਤੇ ਦੁਨੀਆਂ ਨੂੰ ਵੀ ਲਗਦਾ ਸੀ ਕਿ ਇਨ੍ਹਾਂ ਸਾਰੇ ਸੰਕਟਾਂ ਦੇ ਜੰਜਾਲ ਵਿੱਚ ਫ਼ਸਿਆ ਹੋਇਆ ਭਾਰਤ ਇਨ੍ਹਾਂ ਸੰਕਟਾਂ ਤੋਂ ਬਾਹਰ ਨਿਕਲ ਹੀ ਨਹੀਂ ਸਕੇਗਾ। ਪਰ ਬੀਤੇ ਗਿਆਰਾਂ ਸਾਲਾਂ ਵਿੱਚ, ਭਾਰਤ ਨੇ ਹਰ ਖਦਸ਼ੇ ਨੂੰ ਤੋੜ ਦਿੱਤਾ ਹੈ। ਹਰ ਚੁਣੌਤੀ ਨੂੰ ਹਰਾਇਆ ਹੈ। ਅੱਜ ਭਾਰਤ ਜਦੋਂ Fragile Five ਤੋਂ ਬਾਹਰ ਨਿਕਲ ਕੇ ਟੌਪ ਫਾਈਵ ਇਕੋਨੋਮੀਜ਼ ਵਿੱਚੋਂ ਇੱਕ ਬਣ ਗਿਆ ਹੈ। ਅੱਜ ਇਨਫਲੇਸ਼ਨ 2 ਫ਼ੀਸਦੀ ਤੋਂ ਹੇਠਾਂ ਹੈ ਅਤੇ ਗ੍ਰੋਥ ਰੇਟ 7 ਫ਼ੀਸਦੀ ਤੋਂ ਜ਼ਿਆਦਾ ਹੈ। ਅੱਜ ਚਿੱਪ ਤੋਂ ਲੈ ਕੇ ਸ਼ਿਪ ਤੱਕ ਚਾਰੇ ਪਾਸੇ ਆਤਮ-ਨਿਰਭਰ ਭਾਰਤ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਭਾਰਤ ਹੈ। ਹੁਣ ਭਾਰਤ ਅੱਤਵਾਦੀ ਹਮਲਿਆਂ ਤੋਂ ਬਾਅਦ ਚੁੱਪ ਨਹੀਂ ਬੈਠਦਾ ਹੈ, ਸਰਜਿਕਲ ਸਟ੍ਰਾਈਕ ਕਰਕੇ, ਏਅਰ ਸਟ੍ਰਾਈਕ ਕਰਕੇ, ਆਪਰੇਸ਼ਨ ਸਿੰਧੂਰ ਕਰਕੇ ਭਾਰਤ ਮੂੰਹ ਤੋੜ ਜਵਾਬ ਦਿੰਦਾ ਹੈ।
ਸਾਥੀਓ,
ਤੁਸੀਂ ਕੋਵਿਡ ਦਾ ਸਮਾਂ ਯਾਦ ਕਰੋ, ਜਦੋਂ ਦੁਨੀਆਂ ਜ਼ਿੰਦਗੀ ਅਤੇ ਮੌਤ ਦੇ ਪਰਛਾਵੇਂ ਹੇਠ ਵਿਚਰ ਰਹੀ ਸੀ। ਜਦੋਂ ਦੁਨੀਆਂ ਇਹ ਸੋਚ ਰਹੀ ਸੀ ਕਿ ਇੰਨੀ ਵੱਡੀ ਆਬਾਦੀ ਵਾਲਾ ਦੇਸ਼, ਇੰਨੇ ਵੱਡੇ ਸੰਕਟ ਤੋਂ ਕਿਵੇਂ ਬਚੇਗਾ ਅਤੇ ਲੋਕਾਂ ਨੂੰ ਲਗਦਾ ਸੀ ਕਿ ਹਿੰਦੁਸਤਾਨ ਦੇ ਕਾਰਨ ਦੁਨੀਆਂ ਡੁੱਬ ਜਾਵੇਗੀ। ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਸੀ। ਪਰ ਭਾਰਤ ਨੇ ਹਰ ਅੰਦਾਜ਼ੇ ਨੂੰ ਗ਼ਲਤ ਸਾਬਿਤ ਕਰਕੇ ਦਿਖਾਇਆ। ਅਸੀਂ ਮੁਕਾਬਲਾ ਕੀਤਾ, ਅਸੀਂ ਤੇਜ਼ੀ ਨਾਲ ਆਪਣੀ ਵੈਕਸੀਨ ਬਣਾਈ। ਅਸੀਂ ਰਿਕਾਰਡ ਸਮੇਂ ਵਿੱਚ ਵੈਕਸੀਨ ਲਗਾਈ ਅਤੇ ਇੰਨੇ ਵੱਡੇ ਸੰਕਟ ਤੋਂ ਬਾਹਰ ਨਿਕਲ ਕੇ ਅਸੀਂ Fastest Growing Major Economy ਬਣ ਗਏ।
ਸਾਥੀਓ,
ਕੋਰੋਨਾ ਦਾ ਅਸਰ ਹਾਲੇ ਖ਼ਤਮ ਵੀ ਨਹੀਂ ਹੋਇਆ ਸੀ ਕਿ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਝਗੜੇ ਉੱਭਰਨ ਲੱਗੇ। ਹੈੱਡਲਾਇੰਸ ਵਿੱਚ ਜੰਗ ਦੀਆਂ ਖ਼ਬਰਾਂ ਛਾਉਣ ਲੱਗੀਆਂ। ਹੁਣ ਇੱਕ ਵਾਰ ਫਿਰ ਸਵਾਲ ਉੱਠਿਆ ਕਿ ਭਾਰਤ ਦੀ ਗ੍ਰੋਥ ਦਾ ਕੀ ਹੋਵੇਗਾ ਅਤੇ ਭਾਰਤ ਨੇ ਅਜਿਹੇ ਸੰਕਟ ਦੇ ਸਮੇਂ ਵਿੱਚ ਵੀ ਇੱਕ ਵਾਰ ਫਿਰ ਸਾਰੇ ਅੰਦਾਜ਼ਿਆਂ ਨੂੰ ਗ਼ਲਤ ਸਾਬਿਤ ਕਰ ਦਿੱਤਾ। ਭਾਰਤ Fastest Growing Major Economy ਬਣ ਕੇ ਅੱਗੇ ਵਧਦਾ ਰਿਹਾ। ਬੀਤੇ ਤਿੰਨ ਸਾਲਾਂ ਵਿੱਚ ਭਾਰਤ ਦੀ ਐਵਰੇਜ ਗ੍ਰੋਥ 7.8 ਫ਼ੀਸਦੀ ਰਹੀ ਹੈ। ਇਹ ਬੇਮਿਸਾਲ ਹੈ, ਅਚਾਨਕ ਹੈ। ਹਾਲੇ ਦੋ ਦਿਨ ਪਹਿਲਾਂ ਹੀ ਮਰਚੈਂਡਾਇਜ਼ ਐਕਸਪੋਰਟ ਦੇ ਅੰਕੜੇ ਆਏ ਹਨ, ਪਿਛਲੇ ਸਾਲ ਦੇ ਮੁਕਾਬਲੇ ਭਾਰਤ ਦਾ ਮਰਚੈਂਡਾਇਜ਼ ਐਕਸਪੋਰਟ ਕਰੀਬ 7 ਫ਼ੀਸਦੀ ਹੋਰ ਵਧ ਗਿਆ ਹੈ। ਪਿਛਲੇ ਸਾਲ ਭਾਰਤ ਨੇ ਕਰੀਬ ਸਾਢੇ ਚਾਰ ਲੱਖ ਕਰੋੜ ਰੁਪਏ ਦਾ ਐਗਰੀਕਲਚਰ ਐਕਸਪੋਰਟ ਕਰਕੇ ਦਿੱਤਾ ਹੈ। ਕਿੰਨੇ ਹੀ ਦੇਸ਼ਾਂ ਦੀ ਅਸਥਿਰ ਰੇਟਿੰਗ ਦੇ ਵਿੱਚ ਐੱਸਐਂਡਪੀ ਨੇ 17 ਸਾਲ ਬਾਅਦ, ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਅੱਪਗ੍ਰੇਡ ਕੀਤਾ ਹੈ। ਆਈਐੱਮਐੱਫ ਨੇ ਵੀ ਭਾਰਤ ਦੀ ਗ੍ਰੋਥ ਨੂੰ Upward Revise ਕੀਤਾ ਹੈ। ਕੁਝ ਦਿਨ ਪਹਿਲਾਂ ਹੀ ਗੂਗਲ ਨੇ ਭਾਰਤ ਦੇ ਏਆਈ ਸਪੇਸ ਵਿੱਚ 15 ਅਰਬ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਅੱਜ ਗ੍ਰੀਨ ਐਨਰਜੀ ਸੈਮੀਕੰਡਕਟਰ ਦੇ ਖੇਤਰ ਵਿੱਚ ਵੀ ਵੱਡੇ-ਵੱਡੇ ਨਿਵੇਸ਼ ਹੋ ਰਹੇ ਹਨ।
ਸਾਥੀਓ,
ਅੱਜ ਭਾਰਤ ਦੀ ਗ੍ਰੋਥ Global Opportunities ਨੂੰ Shape ਕਰ ਰਹੀ ਹੈ ਅਤੇ ਇਹ ਅਸਲ ਵਿੱਚ ਵੱਡੀ ਜ਼ੁੰਮੇਵਾਰੀ ਦੇ ਨਾਲ ਕਹਿ ਰਿਹਾ ਹਾਂ। ਹਾਲ ਵਿੱਚ ਹੋਇਆ ਈਐੱਫਟੀਏ ਵਪਾਰ ਸਮਝੌਤਾ ਇਸ ਦਾ ਬਹੁਤ ਵੱਡਾ ਉਦਾਹਰਨ ਹੈ। ਯੂਰਪ ਦੇ ਦੇਸ਼ਾਂ ਨੇ ਭਾਰਤ ਵਿੱਚ 100 ਅਰਬ ਡਾਲਰ ਦੇ ਨਿਵੇਸ਼ ਦਾ ਕਮਿਟਮੈਂਟ ਕੀਤਾ ਹੈ। ਇਸ ਨਾਲ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਜੌਬਸ ਕ੍ਰੀਏਟ ਹੋਣਗੀਆਂ। ਕੁਝ ਹੀ ਦਿਨ ਪਹਿਲਾਂ ਯੂਨਾਈਟਿਡ ਕਿੰਗਡਮ ਦੇ ਪੀਐੱਮ ਮੇਰੇ ਮਿੱਤਰ ਸਟਾਰਮਰ ਆਪਣੇ ਸਭ ਤੋਂ ਵੱਡੇ ਬਿਜ਼ਨੇਸ ਡੈਲਿਗੇਸ਼ਨ ਨਾਲ ਭਾਰਤ ਆਏ ਸੀ, ਇਹ ਦਿਖਾਉਂਦਾ ਹੈ ਕਿ ਦੁਨੀਆ ਅੱਜ ਭਾਰਤ ਵਿੱਚ ਆਪਣੇ ਲਈ ਕਿੰਨੇ ਵੱਡੇ ਮੌਕੇ ਦੇਖ ਰਹੀ ਹੈ, ਉਹ ਵੱਡੀ ਉਮੀਦ ਦੇ ਨਾਲ ਦੇਖ ਰਹੀ ਹੈ। ਅੱਜ ਜੀ 7 ਦੇਸ਼ਾਂ ਨਾਲ ਸਾਡਾ ਵਪਾਰ 60 ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕਿਆ ਹੈ। ਪੂਰੀ ਦੁਨੀਆ ਅੱਜ ਭਾਰਤ ਨੂੰ Reliable, Responsible ਅਤੇ Resilient ਹਿੱਸੇਦਾਰ ਦੇ ਰੂਪ ਵਿੱਚ ਦੇਖ ਰਹੀ ਹੈ। ਇਲੈਕਟ੍ਰੋਨਿਕਸ ਤੋਂ ਲੈ ਕੇ ਫਾਰਮਾਂ ਤੱਕ, ਆਟੋਮੋਬਾਇਲ ਤੋਂ ਲੈ ਕੇ ਮੋਬਾਈਲ ਮੈਨੁਫੈਕਚਰਿੰਗ ਤੱਕ ਨਿਵੇਸ਼ ਦੀ ਲਹਿਰ ਭਾਰਤ ਵਿੱਚ ਆ ਰਹੀ ਹੈ। ਇਹੀ ਨਿਵੇਸ਼ ਭਾਰਤ ਨੂੰ ਗਲੋਬਲ ਸਪਲਾਈ ਚੇਨ ਦਾ ਇੱਕ ਨਰਵ ਸੈਂਟਰ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਸਾਥੀਓ,
ਇਸ ਸਮਿਟ ਵਿੱਚ ਤੁਸੀਂ Edge of the Unknown, ਇਸ ਵਿਸ਼ੇ ’ਤੇ ਚਰਚਾ ਕਰ ਰਹੇ ਹੋ। ਦੁਨੀਆਂ ਦੇ ਲਈ Edge of the Unknown ਇੱਕ Uncertain ਚੀਜ਼ ਹੋ ਸਕਦੀ ਹੈ, ਪਰ ਭਾਰਤ ਦੇ ਲਈ ਇਹ ਮੌਕਿਆਂ ਦਾ Gateway ਹੈ। ਯੁੱਗਾਂ ਤੋਂ, ਭਾਰਤ ਨੇ ਅਣਜਾਣ ਰਸਤਿਆਂ 'ਤੇ ਚੱਲਣ ਦੀ ਹਿੰਮਤ ਦਿਖਾਈ ਹੈ। ਸਾਡੇ ਸੰਤਾਂ ਨੇ, ਸਾਡੇ ਵਿਗਿਆਨੀਆਂ ਨੇ, ਸਾਡੇ ਮਲਾਹਾਂ ਨੇ, ਹਮੇਸ਼ਾ ਇਹ ਦਿਖਾਇਆ ਕਿ "ਪਹਿਲਾ ਕਦਮ" ਹੀ ਤਬਦੀਲੀ ਦੀ ਸ਼ੁਰੂਆਤ ਹੁੰਦਾ ਹੈ। ਚਾਹੇ ਟੈਕਨੋਲੋਜੀ ਹੋਵੇ, ਕੋਰੋਨਾ ਵੈਕਸੀਨ ਦੀ ਜ਼ਰੂਰਤ ਹੋਵੇ, ਸਕਿੱਲਡ ਮੈਨਪਾਵਰ, ਫਿਨਟੈਕ ਜਾਂ ਗ੍ਰੀਨ ਐਨਰਜੀ ਸੈਕਟਰ ਹੋਵੇ, ਅਸੀਂ ਹਰੇਕ ਜੋਖ਼ਮ ਨੂੰ ਸੁਧਾਰ ਵਿੱਚ, ਹਰ ਸੁਧਾਰ ਨੂੰ ਰਿਜੀਲੀਐਂਸ ਵਿੱਚ ਅਤੇ ਹਰ ਰਿਜੀਲੀਐਂਸ ਨੂੰ Revolution ਵਿੱਚ ਬਦਲਿਆ ਹੈ। ਹਾਲ ਹੀ ਵਿੱਚ ਆਈਐੱਮਐੱਫ ਨੇ ਚੀਫ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਸੁਧਾਰ ਦੀ ਬੋਲਡਨੈਸ ਨਾਲ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਨੇ ਇੱਕ ਮਿਸਾਲ ਵੀ ਦਿੱਤੀ ਅਤੇ ਤੁਹਾਨੂੰ ਪਤਾ ਹੋਵੇਗਾ ਕਿ ਭਾਰਤ ਵਿੱਚ ਇੱਕ ਸਮੇਂ ਰਿਫੋਰਮ ਹੋਇਆ ਸੀ। ਇੱਕ ਈਕੋਸਿਸਟਮ ਉਸ ਦੇ ਗੀਤ ਬਹੁਤ ਗਾਉਂਦਾ ਰਹਿੰਦਾ ਹੈ। ਸਾਡੇ ਮਿੱਤਰ ਹੱਸ ਰਹੇ ਹਨ ਉੱਥੇ ਪਰ ਉਹ ਕੰਪਲਸ਼ਨ ਦੇ ਕਾਰਨ ਸੀ ਅਤੇ ਉਹ ਵੀ ਕੰਪਲਸ਼ਨ ਆਈਐੱਮਐੱਫ ਦਾ ਸੀ, ਅੱਜ ਰਿਫੋਰਮ ਹੋ ਰਿਹਾ ਹੈ ਕਨਵਿਕਸ਼ਨ ਦੇ ਕਾਰਨ ਅਤੇ ਉਹੀ ਆਈਐੱਮਐੱਫ ਕਹਿ ਰਿਹਾ ਹੈ ਕਿ ਰਿਫੋਰਮ ਦਾ ਭਾਰਤ ਦਾ ਜੋ ਬੋਲਡਨੈਸ ਹੈ, ਉਸ ਨੂੰ ਨੋਟਿਸ ਕਰ ਰਹੇ ਹਨ ਅਤੇ ਆਈਐੱਮਐੱਫ ਚੀਫ ਨੇ ਇੱਕ ਉਦਾਹਰਣ ਵੀ ਦਿੱਤੀ ਹੈ ਕਿ ਹਰ ਕੋਈ ਕਹਿ ਰਿਹਾ ਸੀ ਕਿ ਮਾਸ ਲੈਵਲ ‘ਤੇ ਡਿਜੀਟਲ ਆਈਡੈਂਟਿਟੀ ਦੇਣਾ ਸੰਭਵ ਨਹੀਂ ਹੈ। ਪਰ ਭਾਰਤ ਨੇ ਸਭ ਨੂੰ ਗ਼ਲਤ ਸਿੱਧ ਕਰਕੇ ਦਿਖਾਇਆ। ਅੱਜ ਦੁਨੀਆ ਦਾ 50 ਫ਼ੀਸਦੀ ਰੀਅਲ ਟਾਈਮ ਡਿਜੀਟਲ ਟ੍ਰਾਂਜੈਕਸ਼ਨ ਫਿਨ ਟੈਕ ਦੀ ਦੁਨੀਆ ਵਿੱਚ ਭਾਰਤ ਵਿੱਚ ਹੀ ਹੁੰਦਾ ਹੈ, 50 ਫ਼ੀਸਦੀ! ਭਾਰਤ ਦਾ ਯੂਪੀਆਈ, ਦੁਨੀਆ ਦੇ ਡਿਜੀਟਲ ਪੇਮੈਂਟਸ ਸਿਸਟਮ ਨੂੰ ਡੌਮਿਨੇਟ ਕਰ ਰਿਹਾ ਹੈ। ਯਾਨੀ, ਹਰ ਭਵਿੱਖਬਾਣੀ, ਹਰ ਮੁਲਾਂਕਣ ਨਾਲੋਂ ਬਿਹਤਰ ਕਰਨਾ, ਇਹ ਅੱਜ ਭਾਰਤ ਦਾ ਸੁਭਾਅ ਬਣ ਗਿਆ ਹੈ। ਯਾਨੀ ਹਰ ਪ੍ਰਿਡਿਕਸ਼ਨ, ਹਰ ਮੁਲਾਂਕਣ ਤੋਂ ਬਿਹਤਰ ਕਰਨਾ ਇਹ ਅੱਜ ਭਾਰਤ ਦਾ ਮਿਜ਼ਾਜ ਬਣ ਚੁੱਕਿਆ ਹੈ। ਮੈਂ ਸੁਭਾਅ ਸ਼ਬਦ ਦੀ ਵਰਤੋਂ ਨਹੀਂ ਕੀਤੀ, ਮੈਂ ਮਿਜ਼ਾਜ ਕਿਹਾ ਹੈ ਅਤੇ ਮੋਦੀ ਹੈ, ਤਾਂ ਮਿਜ਼ਾਜ ਦੀ ਹੀ ਗੱਲ ਕਰਦਾ ਹੈ। ਅਤੇ ਇਸ ਲਈ ਭਾਰਤ ਅਨਸਟੌਪੇਬਲ ਹੈ।
ਸਾਥੀਓ,
ਦੇਸ਼ ਦੀ ਪ੍ਰਾਪਤੀਆਂ ਨੂੰ ਅਸਲੀ ਤਾਕਤ ਦੇਸ਼ ਦੇ ਲੋਕਾਂ ਤੋਂ ਮਿਲਦੀ ਹੈ ਅਤੇ ਦੇਸ਼ ਦੇ ਲੋਕ ਆਪਣੀ ਸਮਰੱਥਾ ਦਾ ਸਹੀ ਇਸਤੇਮਾਲ ਓਦੋਂ ਕਰ ਪਾਉਂਦੇ ਹਨ, ਜਦੋਂ ਸਰਕਾਰ ਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਾ ਦਬਾਅ ਹੋਵੇ ਅਤੇ ਨਾ ਦਖ਼ਲ ਹੋਵੇ। ਜਿੱਥੇ ਜ਼ਿਆਦਾ ਸਰਕਾਰੀਕਰਨ ਹੋਵੇਗਾ, ਉੱਥੇ ਓਨੇ ਹੀ ਬ੍ਰੇਕ ਲੱਗਣਗੇ ਅਤੇ ਜਿੱਥੇ ਜ਼ਿਆਦਾ ਲੋਕਤੰਤਰੀਕਰਨ ਹੋਵੇਗਾ, ਉੱਥੇ ਓਨੀ ਹੀ ਜ਼ਿਆਦਾ ਸਪੀਡ ਆਵੇਗੀ। ਬਦਕਿਸਮਤੀ ਨਾਲ ਦੇਸ਼ ਵਿੱਚ 60 ਸਾਲ ਤੱਕ ਸਰਕਾਰ ਚਲਾਉਣ ਵਾਲੀ ਕਾਂਗਰਸ ਨੇ ਹਮੇਸ਼ਾ ਨੀਤੀ ਦੇ, ਪ੍ਰਕਿਰਿਆ ਦੇ ਸਰਕਾਰੀਕਰਨ ’ਤੇ ਜ਼ੋਰ ਦਿੱਤਾ। ਜਦੋਂ ਕਿ ਬੀਤੇ 11 ਸਾਲਾਂ ਵਿੱਚ ਅਸੀਂ ਨੀਤੀ ਅਤੇ ਪ੍ਰਕਿਰਿਆ ਦੇ ਲੋਕਤੰਤਰੀਕਰਨ ਦਾ ਕੰਮ ਕੀਤਾ ਹੈ। ਅਨਸਟੌਪੇਬਲ ਭਾਰਤ ਦੇ ਪਿੱਛੇ ਇਹ ਵੀ ਇੱਕ ਵੱਡੀ ਵਜ੍ਹਾ ਹੈ। ਤੁਸੀਂ ਬੈਂਕਿੰਗ ਦੀ ਹੀ ਮਿਸਾਲ ਲੈ ਲਓ। 60 ਦੇ ਦਹਾਕੇ ਵਿੱਚ ਇੰਦਰਾ ਗਾਂਧੀ ਜੀ ਵੱਲੋਂ ਬੈਂਕਾਂ ਦਾ ਕੀ ਕਹਿ ਕੇ ਸਰਕਾਰੀਕਰਨ ਕੀਤਾ ਗਿਆ? ਕਿਹਾ ਗਿਆ ਕਿ ਗ਼ਰੀਬਾਂ, ਕਿਸਾਨਾਂ, ਮਜ਼ਦੂਰਾਂ, ਯਾਨੀ ਦੇਸ਼ ਦੇ ਆਮ ਲੋਕਾਂ ਤੱਕ ਬੈਂਕਿੰਗ ਸਹੂਲਤਾਂ ਪਹੁੰਚਾਉਣੀਆਂ ਹਨ ਇਸ ਲਈ ਸਰਕਾਰੀਕਰਨ ਕੀਤਾ ਹੈ। ਇਹ ਤਰਕ ਦਿੱਤਾ ਗਿਆ ਸੀ। ਜਦੋਂ ਕਿ ਅਸਲੀਅਤ ਵਿੱਚ ਕਾਂਗਰਸ ਨੇ ਕੀ ਕੀਤਾ, ਸਰਕਾਰਾਂ ਨੇ ਕੀ ਕੀਤਾ? ਬੈਂਕਾਂ ਨੂੰ ਦੇਸ਼ ਦੀ ਜਨਤਾ ਤੋਂ ਹੋਰ ਦੂਰ ਕਰ ਦਿੱਤਾ ਗਿਆ, ਦੂਰੀ ਵਧਾ ਦਿੱਤੀ ਗਈ। ਗ਼ਰੀਬ ਤਾਂ ਬੈਂਕਾਂ ਦੇ ਦਰਵਾਜ਼ਿਆਂ ਤੱਕ ਵੀ ਜਾਣ ਤੋਂ ਡਰਦਾ ਸੀ। 2014 ਵਿੱਚ ਜਦੋਂ ਸਾਡੀ ਸਰਕਾਰ ਬਣੀ, ਓਦੋਂ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਦੇ ਕੋਲ ਆਪਣਾ ਇੱਕ ਬੈਂਕ ਖਾਤਾ ਤੱਕ ਨਹੀਂ ਸੀ। ਅਤੇ ਇਹ ਸਿਰਫ਼ ਬੈਂਕ ਖਾਤਾ ਨਾ ਹੋਣ ਦੀ ਸਮੱਸਿਆ ਨਹੀਂ ਸੀ। ਇਸ ਦਾ ਮਤਲਬ, ਦੇਸ਼ ਦੀ ਬਹੁਤ ਵੱਡੀ ਆਬਾਦੀ ਬੈਂਕਿੰਗ ਦੇ ਲਾਭਾਂ ਤੋਂ ਵਾਂਝੀ ਸੀ। ਇਹ ਉਹ ਜ਼ਰੂਰਤ ਪੈਣ ‘ਤੇ ਬਜ਼ਾਰ ਤੋਂ ਮਹਿੰਗਾ ਵਿਆਜ਼ ਲੈਣ-ਦੇਣ, ਆਪਣਾ ਘਰ-ਜ਼ਮੀਨ ਗਹਿਣੇ ਰੱਖਣ ਲਈ ਮਜਬੂਰ ਸੀ।
ਸਾਥੀਓ,
ਦੇਸ਼ ਨੂੰ ਇਸ ਸਰਕਾਰੀਕਰਨ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਸੀ ਅਤੇ ਇਹ ਅਸੀਂ ਕਰਕੇ ਦਿਖਾਇਆ ਹੈ। ਅਸੀਂ ਬੈਂਕਿੰਗ ਸੈਕਟਰ ਦਾ ਲੋਕਤੰਤਰੀਕਰਨ ਕੀਤਾ, ਉਸ ਵਿੱਚ ਰਿਫੋਰਮ ਕੀਤੇ। ਅਸੀਂ ਮਿਸ਼ਨ ਮੋਡ ‘ਤੇ 50 ਕਰੋੜ ਤੋਂ ਜ਼ਿਆਦਾ ਜਨਧਨ ਖ਼ਾਤੇ ਖੋਲ੍ਹੇ, ਯਾਨੀ ਪੂਰੀ ਦੁਨੀਆਂ ਵਿੱਚ ਜਿੰਨੇ ਖ਼ਾਤੇ ਖੁੱਲਦੇ ਹੋਣਗੇ, ਉਸ ਦਾ ਟੋਟਲ ਇੱਕ ਪਾਸੇ ਅਤੇ ਇੱਕ ਇਕੱਲੇ ਭਾਰਤ ਦਾ ਟੋਟਲ ਇੱਕ ਪਾਸੇ, ਇੰਨਾ ਕੰਮ ਕੀਤਾ। ਅੱਜ ਦੇਸ਼ ਦੇ ਪਿੰਡ-ਪਿੰਡ ਵਿੱਚ ਕੋਈ ਨਾ ਕੋਈ ਬੈਂਕਿੰਗ ਟੱਚ ਪੁਆਇੰਟ ਹੈ। ਡਿਜੀਟਲ ਟ੍ਰਾਂਜੈਕਸ਼ਨ ਨੇ ਭਾਰਤ ਨੂੰ ਵਿੱਤੀ ਰੂਪ ਨਾਲ ਦੁਨੀਆਂ ਦੇ ਸਭ ਤੋਂ ਵੱਡੇ ਇਨਕਲੂਸਿਵ ਦੇਸ਼ਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਕਾਂਗਰਸ ਦੇ ਸਰਕਾਰੀਕਰਨ ਨੇ ਬੈਂਕਾਂ ਵਿੱਚ ਐੱਨਪੀਏ ਦਾ ਪਹਾੜ ਖੜ੍ਹਾ ਕਰ ਦਿੱਤਾ ਸੀ। ਭਾਜਪਾ ਦੇ ਲੋਕਤੰਤਰੀਕਰਨ ਨੇ ਬੈਂਕਾਂ ਨੂੰ ਰਿਕਾਰਡ ਪ੍ਰੋਫਿਟ ਵਿੱਚ ਲਿਆ ਦਿੱਤਾ ਹੈ। ਬੀਤੇ 11 ਸਾਲਾਂ ਵਿੱਚ, ਵੁਮੇਨ ਸੈਲਫ ਹੈਲਪ ਗਰੁੱਪਸ ਨੂੰ, ਛੋਟੇ ਕਿਸਾਨਾਂ-ਪਸ਼ੂ ਪਾਲਕਾਂ-ਮਛੇਰਿਆਂ ਨੂੰ, ਰੇਹੜੀ-ਫੜੀ-ਠੇਲ੍ਹੇ ਵਾਲਿਆਂ ਨੂੰ, ਵਿਸ਼ਵਕਰਮਾ ਸਾਥੀਆਂ ਨੂੰ, ਬਿਨਾਂ ਬੈਂਕ ਗਰੰਟੀ ਦੇ ਲੱਖਾਂ ਕਰੋੜ ਰੁਪਏ ਦੇ ਲੋਨ ਦਿੱਤੇ ਗਏ ਹਨ।
ਸਾਥੀਓ,
ਮੈਂ ਤੁਹਾਨੂੰ ਪੈਟਰੋਲ ਅਤੇ ਗੈਸ ਸੈਕਟਰ ਦੀ ਵੀ ਉਦਾਹਰਣ ਦੇਵਾਂਗਾ। 2014 ਤੋਂ ਪਹਿਲਾਂ ਜਦੋਂ ਸਰਕਾਰੀਕਰਨ ਦੀ ਸੋਚ ਹਾਵੀ ਸੀ, ਓਦੋਂ ਕੀ ਹਾਲਾਤ ਸੀ? ਪੈਟਰੋਲ-ਡੀਜ਼ਲ ‘ਤੇ ਸਬਸਿਡੀ ਨਾ ਵਧਾਉਣੀ ਪਵੇ, ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ, ਸਰਕਾਰੀ ਖਜ਼ਾਨੇ ਤੋਂ ਸਬਸਿਡੀ ਨਾ ਦੇਣੀ ਪਵੇ, ਇਸ ਦੇ ਲਈ ਕਾਂਗਰਸ ਸਰਕਾਰ ਰਾਤ 8 ਵਜੇ ਤੋਂ ਸਵੇਰੇ 8 ਵਜੇ ਦੇ ਵਿੱਚ ਪੈਟਰੋਲ ਪੰਪ ਬੰਦ ਕਰਨ ਦੀ ਤਿਆਰੀ ਕਰ ਰਹੀ ਸੀ, ਦੱਸੋ! ਉਹ 7 ਵਜੇ ਭਰ ਲਊਗਾ ਭਾਈ! ਹੁਣ ਅੱਜ ਕੀ ਹਾਲਾਤ ਹਨ? ਅੱਜ 24 ਘੰਟੇ ਬੇ-ਰੋਕਟੋਕ ਪੈਟਰੋਲ ਪੰਪ ਖੁੱਲ੍ਹੇ ਰਹਿੰਦੇ ਹਨ ਅਤੇ ਅਸੀਂ ਅਲਟਰਨੇਟਿਵ ਫਿਊਲ ‘ਤੇ, ਇਲੈਕਟ੍ਰਿਕ ਮੋਬਿਲਿਟੀ ‘ਤੇ ਬੇਮਿਸਾਲ ਨਿਵੇਸ਼ ਕਰ ਰਹੇ ਹਾਂ।
ਸਾਥੀਓ,
ਕਾਂਗਰਸ ਦੇ ਸਮੇਂ ਵਿੱਚ ਗੈਸ ਦਾ ਇੱਕ ਕਨੈਕਸ਼ਨ ਪਾਉਣ ਲਈ ਵੀ ਸਾਂਸਦਾਂ ਤੋਂ ਚਿੱਠੀਆਂ ਲਿਖਵਾਉਣੀਆਂ ਹੁੰਦੀਆਂ ਸੀ, ਪਾਰਲੀਮੈਂਟ ਦੇ ਮੈਂਬਰ ਨੂੰ ਸਾਲ ਵਿੱਚ 25 ਕੂਪਨ ਮਿਲਦੇ ਸੀ ਅਤੇ 25 ਕੂਪਨ ਉਹ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਗੈਸ ਕਨੈਕਸ਼ਨ ਲਈ ਦਿੰਦਾ ਸੀ, ਤਾਂ ਉਨ੍ਹਾਂ ਦੇ ਘਰ ਵਿੱਚ ਲੋਕ ਲਾਈਨ ਲਾ ਕੇ ਖੜ੍ਹੇ ਰਹਿੰਦੇ ਸੀ, ਮੈਨੂੰ ਇੱਕ ਗੈਸ ਦਾ ਕੂਪਨ ਦੇ ਦਿਉ, ਇਹ ਹਾਲ ਸੀ। ਅਤੇ ਤੁਹਾਨੂੰ ਹੈਰਾਨੀ ਹੋਵੇਗੀ, 2013 ਦੇ ਅਖ਼ਬਾਰ ਕੱਢ ਦਿਓ, 2014 ਵਿੱਚ ਮੋਦੀ ਨਾਲ ਮੁਕਾਬਲਾ ਕਰਨ ਲਈ ਕਾਂਗਰਸ ਰਣਨੀਤੀ ਬਣਾ ਰਹੀ ਸੀ। ਉਹ ਮੈਨੂੰ ਜ਼ਿਆਦਾ ਜਾਣਦੇ ਨਹੀਂ ਸੀ ਉਸ ਸਮੇਂ, ਹੁਣ ਵੀ ਸ਼ਾਇਦ ਨਹੀਂ ਜਾਣਦੇ ਹਨ। ਤਾਂ ਉਨ੍ਹਾਂ ਦੀ ਚਰਚਾ ਇਹ ਸੀ ਕਿ ਜਨਤਾ ਨੂੰ ਕੀ ਵਾਅਦਾ ਕਰੀਏ, ਤਾਂ ਚਰਚਾ ਇਹ ਸੀ ਕਿ ਕੀ ਸਾਲ ਦੇ 6 ਸਿਲੰਡਰ ਦੇਈਏ ਕਿ 9 ਸਿਲੰਡਰ ਦੇਈਏ, ਇਸ ਦੀ ਚਰਚਾ ਹੋ ਰਹੀ ਸੀ। ਯਾਨੀ ਵਿਵਸਥਾ ‘ਤੇ ਇਸ ਹੱਦ ਤੱਕ ਸਰਕਾਰੀਕਰਨ ਹਾਵੀ ਸੀ। ਹੁਣ ਅਸੀਂ ਆ ਕੇ ਕੀ ਕੀਤਾ? ਅਸੀਂ 10 ਕਰੋੜ ਤੋਂ ਵਧੇਰੇ ਅਜਿਹੇ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇ ਦਿੱਤੇ, ਜਿਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਇਸ ਸਹੂਲਤ ਬਾਰੇ ਨਹੀਂ ਸੋਚਿਆ ਸੀ। ਪਿੰਡ ਵਿੱਚ ਜਦੋਂ ਗੈਸ ਸਿਲੰਡਰ ਆਉਂਦਾ ਸੀ, ਤਾਂ ਆਮ ਮਨੁੱਖ ਮੰਨਦਾ ਸੀ ਕਿ ਅਮੀਰਾਂ ਦੇ ਲਈ ਹਨ, ਵੱਡੇ ਲੋਕਾਂ ਦੇ ਲਈ ਹਨ, ਉਨ੍ਹਾਂ ਦੇ ਘਰ ਵਿੱਚ ਗੈਸ ਹੋ ਸਕਦਾ ਹੈ, ਗ਼ਰੀਬ ਦੇ ਘਰ ਵਿੱਚ ਨਹੀਂ ਹੋ ਸਕਦਾ ਹੈ। ਅਸੀਂ ਇਹ ਹਾਲਾਤ ਬਦਲੀ, ਹੁਣ 10 ਕਰੋੜ ਘਰਾਂ ਵਿੱਚ ਗੈਸ ਦਾ ਚੁੱਲ੍ਹਾ ਬਲੇਗਾ। ਇਹ ਹੁੰਦਾ ਹੈ ਵਿਵਸਥਾ ਦਾ ਲੋਕਤੰਤਰੀਕਰਨ ਅਤੇ ਇਹੀ ਸੱਚੇ ਸੰਵਿਧਾਨ ਦੀ ਸਪਿਰਿਟ ਹੁੰਦੀ ਹੈ।
ਸਾਥੀਓ,
ਸਰਕਾਰੀਕਰਨ ਦੀ ਸੋਚ ਦੇ ਉਸ ਦੌਰ ਵਿੱਚ, ਸਾਡੀਆਂ ਸਰਕਾਰੀ ਕੰਪਨੀਆਂ ‘ਤੇ, ਸਾਡੇ ਪੀਐੱਸਯੂ ‘ਤੇ, ਕਾਂਗਰਸ ਜੰਦਰਾ ਲਾ ਕੇ ਚੈਨ ਦੀ ਨੀਂਦ ਸੌ ਜਾਂਦੀ ਸੀ। ਡੁੱਬ ਰਹੀ ਹੈ, ਜੰਦਰਾ ਲਗਾਓ, ਡੁੱਬ ਰਹੀ ਹੈ, ਜੰਦਰਾ ਲਗਾਓ। ਕਾਂਗਰਸ ਸੋਚਦੀ ਸੀ ਕਿ ਕਿਉਂ ਇੰਨੀ ਮਿਹਨਤ ਕਰੀਏ, ਡੁੱਬੇਗਾ ਤਾਂ ਡੁੱਬੇਗਾ, ਆਪਣੀ ਮੌਤ ਮਰੇਗਾ, ਸਾਡੀ ਜੇਬ ਤੋਂ ਕੀ ਜਾਊਗਾ, ਇਹ ਸੋਚ ਸੀ। ਅਸੀਂ ਇਸ ਸੋਚ ਨੂੰ ਵੀ ਬਦਲ ਦਿੱਤਾ ਅਤੇ ਅੱਜ ਦੇਖੋ ਐੱਲਆਈਸੀ ਹੋਵੇ, ਐੱਸਬੀਆਈ ਹੋਵੇ, ਸਾਡੇ ਵੱਡੇ-ਵੱਡੇ ਪੀਐੱਸਯੂ, ਸਾਰੇ ਦੇ ਸਾਰੇ ਪ੍ਰੋਫਿਟ ਦੇ ਨਵੇਂ ਰਿਕਾਰਡ ਬਣਾ ਰਹੇ ਹਨ।
ਸਾਥੀਓ,
ਜਦੋਂ ਸਰਕਾਰੀ ਨੀਤੀਆਂ ਦੀ ਜੜ੍ਹ ਵਿੱਚ ਸਰਕਾਰੀਕਰਨ ਦੀ ਬਜਾਏ ਲੋਕਤੰਤਰੀਕਰਨ ਹੁੰਦਾ ਹੈ ਤਾਂ ਦੇਸ਼-ਵਾਸੀਆਂ ਦਾ ਮਨੋਬਲ ਉੱਚਾ ਹੁੰਦਾ ਹੈ। ਸਰਕਾਰੀਕਰਨ ਦੀ ਇਸੇ ਸੋਚ ਵਿੱਚ ਕਾਂਗਰਸ ਕਹਿੰਦੀ ਰਹਿ ਗਈ ਗ਼ਰੀਬੀ ਹਟਾਓ, ਗ਼ਰੀਬੀ ਹਟਾਓ, ਹਰ ਚੋਣਾਂ ਵਿੱਚ ਤੁਸੀਂ ਦੇਖਿਆ ਹੋਵੇਗਾ, ਲਾਲ ਕਿਲ੍ਹੇ ਤੋਂ ਇਸ ਪਰਿਵਾਰ ਦੇ ਸਾਰੇ ਭਾਸ਼ਣ ਸੁਣ ਲਓ, ਲਾਲ ਕਿਲ੍ਹੇ ‘ਤੇ ਜੋ-ਜੋ ਗਏ ਹਨ ਝੰਡਾ ਲਹਿਰਾਉਣ ਇਸ ਪਰਿਵਾਰ ਦੇ, ਕੋਈ ਵੀ ਆਗੂ ਪਹਿਲੇ ਤੋਂ ਲੈ ਕੇ ਅਖੀਰ ਤੱਕ ਨਹੀਂ ਸੀ, ਜਿਸ ਨੇ ਗ਼ਰੀਬੀ ਦਾ ਭਾਸ਼ਣ ਨਾ ਦਿੱਤਾ ਹੋਵੇ। ਤੁਸੀਂ ਯੂ-ਟਿਊਬ ‘ਤੇ ਜਾ ਕੇ ਇਨ੍ਹਾਂ ਦੇ ਪਹਿਲੇ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਭਾਸ਼ਣ ਸੁਣ ਸਕਦੇ ਹੋ, ਪਰ ਗ਼ਰੀਬੀ ਘੱਟ ਨਹੀਂ ਹੋਈ। ਜਦੋਂ ਕਿ ਲੋਕਤੰਤਰੀਕਰਨ ਦੀ ਸਾਡੀ ਸੋਚ ਨੇ ਪਿਛਲੇ 11 ਸਾਲਾਂ ਵਿੱਚ 25 ਕਰੋੜ ਗ਼ਰੀਬਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਹੈ ਅਤੇ ਇਸ ਲਈ ਅੱਜ ਦੇਸ਼ ਦਾ ਭਰੋਸਾ ਸਾਡੇ ‘ਤੇ ਹੈ ਅਤੇ ਇਸ ਲਈ ਅੱਜ ਭਾਰਤ ਅਨਸਟੌਪੇਬਲ ਹੈ।
ਸਾਥੀਓ,
ਅੱਜ ਭਾਰਤ ਵਿੱਚ ਗ਼ਰੀਬਾਂ ਲਈ, ਪਛੜਿਆਂ ਦੀ ਸੇਵਾ ਲਈ ਸਮਰਪਿਤ ਸਰਕਾਰ ਹੈ। ਅਸੀਂ ਪਛੜਿਆਂ ਨੂੰ ਤਰਜੀਹ ਦਿੰਦੇ ਹਾਂ। ਉਨ੍ਹਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਾਂ। ਅਕਸਰ ਵੱਡੀਆਂ-ਵੱਡੀਆਂ ਚਰਚਾਵਾਂ ਵਿੱਚ, ਇਸ ਵੱਲ ਤੁਹਾਡਾ ਧਿਆਨ ਨਹੀਂ ਜਾ ਪਾਉਂਦਾ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਬੀਤੇ ਦਿਨਾਂ ਵਿੱਚ ਇਸ ਗੱਲ ਦੀ ਚਰਚਾ ਰਹੀ ਕਿ ਬੀਐੱਸਐੱਨਐੱਲ ਨੇ ਆਪਣਾ ਮੇਡ ਇਨ ਇੰਡੀਆ 4ਜੀ ਸਟੈਕ ਲਾਂਚ ਕੀਤਾ ਹੈ।
ਅਤੇ ਸਾਥੀਓ,
ਮੈਂ ਦੱਸਣਾ ਚਾਹੁੰਦਾ ਹਾਂ, ਸੱਚਮੁੱਚ ਇਹ ਦੇਸ਼ ਦੀ ਬਹੁਤ ਵੱਡੀ ਸਫ਼ਲਤਾ ਹੈ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਦੁਨੀਆਂ ਦੇ ਉਨ੍ਹਾਂ ਟੌਪ 5 ਦੇਸ਼ਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਦੇ ਕੋਲ ਆਪਣੇ ਦੇਸ਼ ਵਿੱਚ ਤਿਆਰ 4ਜੀ ਸਟੈਕ ਹਨ। ਹਿੰਦੁਸਤਾਨ ਨੇ 2ਜੀ, 2ਜੀ, 2ਜੀ ਸੁਣਿਆ ਹੈ ਕਿਉਂਕਿ ਸਾਰੇ ਹੈੱਡਲਾਈਨ ਭਰੇ ਰਹਿੰਦੇ ਸਨ, 2ਜੀ ਵਿੱਚ ਇਹ ਹੋਇਆ, 2ਜੀ ਵਿੱਚ ਇਹ ਹੋਇਆ। ਹੁਣ ਮੈਂ 4ਜੀ ਦੀ ਗੱਲ ਕਰ ਰਿਹਾ ਹਾਂ, ਤਾਂ ਥੋੜ੍ਹੀ ਦੇਰ ਲੱਗਦੀ ਹੈ, ਉਹ ਸਫਾਈ ਕਰਦੇ-ਕਰਦੇ ਮੇਰਾ ਦਮ ਉੱਖੜ ਰਿਹਾ ਹੈ। ਜਿਸ ਸਰਕਾਰੀ ਕੰਪਨੀ ਨੂੰ ਕਾਂਗਰਸ ਨੇ ਬੀਐੱਸਐੱਨਐੱਲ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ, ਅੱਜ ਬੀਐੱਸਐੱਨਐੱਲ ਨਵੇਂ ਅਚੀਵਮੈਂਟ ਹਾਸਿਲ ਕਰ ਰਹੀ ਹੈ।
ਪਰ ਸਾਥੀਓ,
ਦੇਸ਼ ਦੀ ਸਫ਼ਲਤਾ ਦਾ ਇਹ ਇੱਕ ਪੱਖ ਹੈ। ਇਸਦਾ ਦੂਸਰਾ ਪੱਖ ਇਹ ਹੈ ਕਿ ਜਿਸ ਦਿਨ ਇਹ 4ਜੀ ਸਟੈਕ ਲਾਂਚ ਹੋਇਆ, ਉਸੇ ਦਿਨ ਬੀਐੱਸਐੱਨਐੱਲ ਨੇ ਕਰੀਬ ਇੱਕ ਲੱਖ 4ਜੀ ਮੋਬਾਇਲ ਟਾਵਰ ਸ਼ੁਰੂ ਕੀਤੇ ਅਤੇ ਇਸ ਦਾ ਨਤੀਜਾ ਕੀ ਹੋਇਆ? ਇਸ ਨਾਲ ਉਨ੍ਹਾਂ ਲੱਖਾਂ ਲੋਕਾਂ ਨੂੰ ਹਾਈ ਸਪੀਡ ਇੰਟਰਨੈੱਟ ਦੀ ਸੇਵਾ ਮਿਲਣ ਲੱਗੀ ਹੈ, ਜੋ ਦੂਰ-ਦੁਰਾਡੇ ਦੇ ਜੰਗਲਾਂ ਵਿੱਚ ਰਹਿੰਦੇ ਹਨ, ਜੋ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਹਨ, ਜਿਨ੍ਹਾਂ ਦੇ ਉੱਥੇ ਹੁਣ ਤੱਕ ਤੇਜ਼ ਸਪੀਡ ਵਾਲਾ ਇੰਟਰਨੈੱਟ ਨਹੀਂ ਪਹੁੰਚ ਪਾਇਆ ਸੀ।
ਸਾਥੀਓ,
ਹੁਣ ਮੈਂ ਤੁਹਾਨੂੰ ਹੈਰਾਨ ਕਰਨ ਵਾਲੀ ਇੱਕ ਹੋਰ ਗੱਲ ਦੱਸਦਾ ਹਾਂ। ਅਸੀਂ ਤਾਂ ਇਹ 2ਜੀ, 4ਜੀ, 6ਜੀ ਉਹ ਸਭ ਸੁਣਦੇ ਰਹਿੰਦੇ ਹਾਂ, ਤਾਂ ਸਾਨੂੰ ਨੇੜੇ-ਤੇੜੇ ਦੀ ਦੁਨੀਆਂ ਦਿਖਦੀ ਹੈ, ਅਸੀਂ ਕੁਝ ਹੋਰ ਸੋਚਦੇ ਹਾਂ ਅਤੇ ਸੋਚ ਕੇ ਕੁਝ ਨਵਾਂ ਕਰਨ ਦਾ ਯਤਨ ਕਰਦੇ ਹਾਂ। ਅਤੇ ਮੈਂ ਅੱਜ ਦੇਸ਼ ਦੀ ਇਸ ਸਫ਼ਲਤਾ ਦਾ ਇੱਕ ਤੀਸਰਾ ਪੱਖ ਵੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਅਤੇ ਹਾਲੇ ਤੱਕ ਮੀਡੀਆ ਦਾ ਧਿਆਨ ਉਸ ਗੱਲ ‘ਤੇ ਨਹੀਂ ਗਿਆ ਹੈ। ਖੈਰ ਬਹੁਤ ਸਾਰੀਆਂ ਗੱਲਾਂ ਹਨ, ਮੇਰੇ ਖ਼ਾਤੇ ਵਿੱਚ ਉਹ ਬਹੁਤ ਪਿੱਛੇ ਰਹਿ ਜਾਂਦੇ ਹਨ। ਜਦੋਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਅਜਿਹੀਆਂ ਸਹੂਲਤਾਂ ਪਹੁੰਚਦੀਆਂ ਹਨ, ਤਾਂ ਉੱਥੇ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲਦੀ ਹੈ। ਤੁਸੀਂ ਸ਼ਾਇਦ ਈ-ਸੰਜੀਵਨੀ ਦੇ ਵਿਸ਼ੇ ਵਿੱਚ ਸੁਣਿਆ ਹੋਵੇਗਾ। ਮੈਂ ਇਸ ਈ-ਸੰਜੀਵਨੀ ਦੀ ਮਿਸਾਲ ਦਿੰਦਾ ਹਾਂ। ਮੰਨ ਲਓ ਇੱਕ ਪਰਿਵਾਰ ਹੈ ਅਤੇ ਦੂਰ-ਦੁਰਾਡੇ ਜੰਗਲਾਂ ਵਿੱਚ ਕਿਤੇ ਰਹਿੰਦਾ ਹੈ, ਜਿਸ ਦਾ ਇੱਕ ਮੈਂਬਰ ਬਿਮਾਰ ਹੈ ਅਤੇ ਦੂਰ ਕਿਤੇ ਪਹਾੜੀ ‘ਤੇ, ਕਿਤੇ ਜੰਗਲਾਂ ਵਿੱਚ ਬਿਮਾਰੀ ਨਾਲ ਉਹ ਪਰੇਸ਼ਾਨ ਹੈ, ਹੁਣ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਉਹ ਆਪਣੇ ਪਰਿਵਾਰ ਦੇ ਬਿਮਾਰ ਮਰੀਜ਼ ਨੂੰ ਡਾਕਟਰ ਦੇ ਕੋਲ ਨਹੀਂ ਲੈ ਕੇ ਜਾ ਪਾ ਰਿਹਾ ਹੈ, ਫਿਰ ਉਹ ਕੀ ਕਰੇਗਾ? ਅਜਿਹੀ ਹਾਲਤ ਵਿੱਚ ਉਸ ਦੀ ਮਦਦ ਕਰ ਰਹੀ ਹੈ ਈ-ਸੰਜੀਵਨੀ ਸੇਵਾ, ਹਾਈ-ਸਪੀਡ ਕਨੈਕਟੀਵਿਟੀ ‘ਤੇ ਅਧਾਰਿਤ ਸੇਵਾ ਈ-ਸੰਜੀਵਨੀ।
ਸਾਥੀਓ,
ਉਹ ਮਰੀਜ਼ ਨੂੰ ਆਪਣੇ ਫੋਨ ਵਿੱਚ ਈ-ਸੰਜੀਵਨੀ ਐਪ ਦੇ ਮਾਧਿਅਮ ਰਾਹੀਂ ਡਾਕਟਰ ਨਾਲ ਜੋੜਦਾ ਹੈ ਅਤੇ ਉਸੇ ਸਪੈਸ਼ਲਿਸਟ ਡਾਕਟਰ ਨਾਲ ਕੰਸਲਟੇਸ਼ਨ ਦੀ ਸਹੂਲਤ ਮਿਲ ਜਾਂਦੀ ਹੈ। ਐੱਨਡੀਟੀਵੀ ਦੇ ਦਰਸ਼ਕਾਂ ਨੂੰ ਇਹ ਜਾਣ ਕੇ ਚੰਗਾ ਲੱਗੇਗਾ ਕਿ ਹੁਣ ਤੱਕ ਈ-ਸੰਜੀਵਨੀ ਦੇ ਮਾਧਿਅਮ ਰਾਹੀਂ 42 ਕਰੋੜ ਲੋਕ ਓਪੀਡੀ ਕੰਸਲਟੇਸ਼ਨ ਲੈ ਚੁੱਕੇ ਹਨ। ਯਾਨੀ 4ਜੀ, 2ਜੀ ਇਹ ਸਹੂਲਤ ਨਹੀਂ, ਇਹ ਜੀਵਨ ਵਿੱਚ ਇੱਕ ਨਵੀਂ ਤਾਕਤ ਬਣ ਕੇ ਉੱਭਰ ਰਹੀ ਹੈ ਅਤੇ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਤਾਂ ਸਵੇਰ ਤੋਂ ਸ਼ਾਮ ਤੱਕ ਦੇਸ਼ ਦੇ 1 ਲੱਖ ਤੋਂ ਜ਼ਿਆਦਾ ਲੋਕ ਈ-ਸੰਜੀਵਨੀ ‘ਤੇ ਮਦਦ ਪਾ ਚੁੱਕੇ ਹਨ। ਇਹ ਮੈਂ 12 ਘੰਟੇ ਦੀ ਗੱਲ ਦੱਸਦਾ ਹਾਂ। ਈ-ਸੰਜੀਵਨੀ ਸਿਰਫ਼ ਇੱਕ ਸਹੂਲਤ ਨਹੀਂ ਹੈ, ਇਹ ਇੱਕ ਭਰੋਸਾ ਹੈ ਕਿ ਸੰਕਟ ਆਉਣ ‘ਤੇ ਉਨ੍ਹਾਂ ਨੂੰ ਤੁਰੰਤ ਮਦਦ ਮਿਲੇਗੀ। ਇਹ ਇੱਕ ਮਿਸਾਲ ਹੈ ਕਿ ਵਿਵਸਥਾ ਵਿੱਚ ਲੋਕਤੰਤਰੀਕਰਨ ਦਾ ਕਮਾਲ ਕੀ ਹੁੰਦਾ ਹੈ!
ਸਾਥੀਓ,
ਇੱਕ ਸੰਵੇਦਨਸ਼ੀਲ ਸਰਕਾਰ, ਲੋਕਤੰਤਰ ਦੇ ਲਈ ਸਮਰਪਿਤ ਸਰਕਾਰ, ਸੰਵਿਧਾਨ ਦੇ ਪ੍ਰਤੀ ਸਮਰਪਿਤ ਸਰਕਾਰ, ਐਵੇਂ ਹੀ ਫੈਸਲੇ ਲੈਂਦੀ ਹੈ ਅਤੇ ਐਵੇਂ ਹੀ ਨੀਤੀਆਂ ਬਣਾਉਂਦੀ ਹੈ। ਸਾਡਾ ਜ਼ੋਰ ਲੋਕਾਂ ਦੀ ਜ਼ਿੰਦਗੀ ਸੌਖੀ ਬਣਾਉਣ ‘ਤੇ ਹੈ, ਲੋਕਾਂ ਦੀ ਬੱਚਤ ਵਧਾਉਣ ‘ਤੇ ਹੈ। ਜਿਵੇਂ ਪਹਿਲਾਂ 1 ਜੀਬੀ ਡੇਟਾ, ਇਹ ਵੀ ਮੈਂ 2014 ਤੋਂ ਪਹਿਲਾਂ ਦੀ ਗੱਲ ਕਰ ਰਿਹਾ ਹਾਂ। 1 ਜੀਬੀ ਡੇਟਾ 300 ਰੁਪਏ ਵਿੱਚ ਆਉਂਦਾ ਸੀ, ਹੁਣ ਉਹੀ ਡੇਟਾ 10 ਰੁਪਏ ਵਿੱਚ ਆਉਂਦਾ ਹੈ। ਜਾਨੀ ਹਰ ਭਾਰਤੀ ਦੀ ਜੇਬ ਵਿੱਚ ਸਲਾਨਾ ਹਜ਼ਾਰਾਂ ਰੁਪਏ ਬਚ ਰਹੇ ਹਨ। ਆਯੂਸ਼ਮਾਨ ਭਾਰਤ ਯੋਜਨਾ ਨਾਲ ਗ਼ਰੀਬ ਮਰੀਜ਼ਾਂ ਨੂੰ ਸਵਾ ਲੱਖ ਕਰੋੜ ਰੁਪਏ ਦੀ ਬੱਚਤ ਹੋਈ ਹੈ। ਪੀਐੱਮ ਜਨਧਨ ਔਸ਼ਧੀ ਕੇਂਦਰਾਂ ਵਿੱਚ 80 ਫ਼ੀਸਦੀ ਡਿਸਕਾਊਂਟ ‘ਤੇ ਦਵਾਈਆਂ ਮਿਲਦੀਆਂ ਹਨ। ਇਸ ਨਾਲ ਲੋਕਾਂ ਨੂੰ ਕਰੀਬ 40 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਹਾਰਟ ਦੇ ਸਟੰਟ ਦੀਆਂ ਕੀਮਤਾਂ ਘੱਟ ਹੋਣ ਨਾਲ ਗ਼ਰੀਬ ਅਤੇ ਮਿਡਲ ਕਲਾਸ ਦੇ ਸਲਾਨਾ 12 ਹਜ਼ਾਰ ਕਰੋੜ ਰੁਪਏ ਬਚ ਰਹੇ ਹਨ।
ਸਾਥੀਓ,
ਅਸੀਂ ਇਮਾਨਦਾਰ ਟੈਕਸਪੇਅਰ ਨੂੰ ਵੀ ਸਿੱਧਾ ਫਾਇਦਾ ਦਿੱਤਾ ਹੈ। ਇਨਕਮ ਟੈਕਸ ਹੋਵੇ ਜਾਂ ਜੀਐੱਸਟੀ, ਬਹੁਤ ਜ਼ਿਆਦਾ ਕਮੀ ਕੀਤੀ ਗਈ ਹੈ। ਇਸੇ ਸਾਲ 12 ਲੱਖ ਰੁਪਏ ਦੀ ਇਨਕਮ ‘ਤੇ ਟੈਕਸ ਜ਼ੀਰੋ ਕੀਤਾ ਗਿਆ ਹੈ। ਅਤੇ ਇਸ ਸਮੇਂ ਜੀਐੱਸਟੀ ਬੱਚਤ ਤਿਉਹਾਰ ਵੀ ਜ਼ੋਰਾਂ ‘ਤੇ ਚੱਲ ਰਿਹਾ ਹੈ। ਯਾਨੀ ਚਾਰੇ ਪਾਸੇ ਮੈਂ ਦੇਖ ਰਿਹਾ ਹਾਂ ਇਨ੍ਹਾਂ ਦਿਨਾਂ ਵਿੱਚ ਬਜ਼ਾਰਾਂ ਵਿੱਚ ਦੇ ਚਿੱਤਰ ਚੱਲ ਰਹੇ ਹਨ, ਗੂਗਲ ਦੇਖੋਗੇ ਤਾਂ ਚਾਰੇ ਪਾਸਿਓਂ ਕਿਉਂ? ਇਹ ਜੀਐੱਸਟੀ ਦਾ ਬੱਚਤ ਤਿਉਹਾਰ ਹੈ, ਜਿਸ ਨੇ ਇਹ ਹਾਲਤ ਪੈਦਾ ਕੀਤੀ ਹੈ। ਅੱਜ-ਕੱਲ੍ਹ ਅਸੀਂ ਦੇਖ ਰਹੇ ਹਾਂ ਕਿ ਵਿਕਰੀ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇਨਕਮ ਟੈਕਸ ਅਤੇ ਜੀਐੱਸਟੀ ਇਨ੍ਹਾਂ ਦੋਵੇਂ ਕਦਮਾਂ ਨਾਲ ਹੀ, ਇੱਕ ਸਾਲ ਵਿੱਚ ਦੇਸ਼ਵਾਸੀਆਂ ਨੂੰ ਕਰੀਬ ਢਾਈ ਲੱਖ ਕਰੋੜ ਰੁਪਏ ਦੀ ਬੱਚਤ ਹੋਣੀ ਤੈਅ ਹੈ।
ਸਾਥੀਓ,
ਹਾਲ ਹੀ ਦੇ ਦਿਨਾਂ ਵਿੱਚ ਦੇਸ਼ ਨੇ, ਦੁਨੀਆਂ ਨੇ, ਆਪਰੇਸ਼ਨ ਸਿੰਧੂਰ ਦੀ ਬਹੁਤ ਚਰਚਾ ਕੀਤੀ ਹੈ, ਹਾਲੇ ਸਾਡੇ ਮਿੱਤਰ ਰਾਹੁਲ ਜੀ ਨੇ ਵੀ ਵੱਡੇ ਵਿਸਥਾਰ ਨਾਲ ਆਪਰੇਸ਼ਨ ਸਿੰਧੂਰ ਦੀ ਗੱਲ ਕੀਤੀ, ਉਹ ਆਰਮੀ ਫੈਮਲੀ ਤੋਂ ਹਨ, ਤਾਂ ਉਨ੍ਹਾਂ ਦਾ ਇਸ ਵਿੱਚ ਜਜ਼ਬਾ ਸੁਭਾਵਿਕ ਵੀ ਹੈ, ਉਨ੍ਹਾਂ ਦੀਆਂ ਰਗਾਂ ਵਿੱਚ ਉਹ ਚੀਜ਼ਾਂ ਦੌੜਦੀਆਂ ਹਨ। ਮਾਣ ਨਾਲ ਉਨ੍ਹਾਂ ਨੇ ਇਸ ਦੀ ਸ਼ਲਾਘਾ ਵੀ ਕੀਤੀ ਹੈ ਅਤੇ ਦੇਸ਼ ਅਤੇ ਦੁਨੀਆਂ ਵੀ ਕਰ ਰਹੀ ਹੈ। ਪਰ ਅੱਜ ਮੈਂ ਤੁਹਾਨੂੰ ਇੱਕ ਹੋਰ ਵਿਸ਼ੇ ‘ਤੇ ਲੈ ਕੇ ਜਾਣਾ ਚਾਹੁੰਦਾ ਹਾਂ, ਜੋ ਦੇਸ਼ ਦੀ ਸੁਰੱਖਿਆ ਦੇ ਹਿਸਾਬ ਨਾਲ ਤਾਂ ਵੱਡਾ ਹੈ ਹੀ, ਇਹ ਮੇਰੇ ਨੌਜਵਾਨਾਂ ਦੇ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਇਹ ਵਿਸ਼ਾ ਨਕਸਲਵਾਦ ਦਾ ਹੈ ਅਤੇ ਮੈਂ ਸਮਝਦਾ ਹਾਂ ਇਹ ਨਕਸਲਵਾਦ ਸ਼ਬਦ ਅਜਿਹੇ ਹੀ ਲੋਕਾਂ ਨੇ ਲਟਕਾ ਦਿੱਤਾ ਹੈ, ਹਕੀਕਤ ਵਿੱਚ ਇਹ ਮਾਓਵਾਦੀ ਦਹਿਸ਼ਤ ਦਾ ਹੈ, ਇਹ ਮਾਓਵਾਦੀ ਦਹਿਸ਼ਤ ਦੀ ਕਥਾ ਅੱਜ ਮੈਂ ਸੁਣਾਉਣਾ ਚਾਹੁੰਦਾ ਹਾਂ ਤੁਹਾਨੂੰ। ਕਾਂਗਰਸ ਦੇ ਸ਼ਾਸਨ ਵਿੱਚ ਜੋ ਅਰਬਨ ਨਕਸਲ ਦਾ ਜੋ ਈਕੋਸਿਸਟਮ ਹੈ, ਇਹ ਜੋ ਅਰਬਨ ਨਕਸਲ ਹਨ, ਉਹ ਕੁਝ ਤਰ੍ਹਾਂ ਐਵੇਂ ਹਾਵੀ ਸੀ, ਅੱਜ ਵੀ ਹਨ, ਮਾਓਵਾਦੀ ਦਹਿਸ਼ਤ ਦੀ ਕੋਈ ਵੀ ਘਟਨਾ ਦੇਸ਼ ਦੇ ਲੋਕਾਂ ਤੱਕ ਨਾ ਪਹੁੰਚੇ, ਇਸ ਦੇ ਲਈ ਉਹ ਬਹੁਤ ਵੱਡੀ ਸੈਂਸਰਸ਼ਿਪ ਚਲਾਉਂਦੇ ਰਹਿੰਦੇ ਹਨ, ਸਾਡੇ ਦੇਸ਼ ਵਿੱਚ ਅੱਤਵਾਦ ਦੀ ਇੰਨੀ ਚਰਚਾ ਹੁੰਦੀ ਸੀ। ਆਰਟੀਕਲ 370 ‘ਤੇ ਡਿਬੇਟ ਹੁੰਦੀ ਸੀ। ਪਰ ਸਾਡੇ ਸ਼ਹਿਰਾਂ ਵਿੱਚ ਜੋ ਕਾਂਗਰਸ ਦੇ ਰਾਜ ਵਿੱਚ ਪਲ਼ੇ ਹੋਏ ਅਰਬਨ ਨਕਸਲੀ ਬੈਠੇ ਸੀ, ਜੋ ਅਜਿਹੇ ਅਦਾਰਿਆਂ ‘ਤੇ ਕਬਜ਼ਾ ਜਮ੍ਹਾਂ ਕਰਕੇ ਬੈਠੇ ਸੀ, ਉਹ ਮਾਓਵਾਦੀ ਦਹਿਸ਼ਤ ‘ਤੇ ਪਰਦਾ ਪਾਉਣ ਦਾ ਕੰਮ ਕਰਦੇ ਸੀ, ਦੇਸ਼ ਨੂੰ ਹਨੇਰੇ ਵਿੱਚ ਰੱਖਦੇ ਸੀ। ਹਾਲੇ ਕੁਝ ਦਿਨ ਪਹਿਲਾਂ ਵੀ ਮਾਓਵਾਦੀ ਦਹਿਸ਼ਤ ਦੇ ਕਈ ਪੀੜਤ ਦਿੱਲੀ ਆਏ ਸੀ, ਇਹ ਵੱਡੀ ਦਰਦਨਾਕ ਚੀਜ਼ ਹੈ। ਬਹੁਤ ਵੱਡੀ ਮਾਤਰਾ ਵਿੱਚ ਆਏ ਸੀ, ਕਿਸੇ ਦੀ ਲੱਤ ਨਹੀਂ ਸੀ, ਕਿਸੇ ਦਾ ਹੱਥ ਨਹੀਂ ਸੀ, ਕਿਸੇ ਦੀ ਅੱਖ ਨਹੀਂ ਸੀ। ਸਰੀਰ ਦੇ ਅੰਗ ਕੁਝ ਚਲੇ ਗਏ ਸੀ। ਇਹ ਮਾਓਵਾਦੀ ਦਹਿਸ਼ਤ ਦੇ ਸ਼ਿਕਾਰ ਲੋਕ ਸੀ। ਪਿੰਡ ਦੇ ਗ਼ਰੀਬ, ਆਦਿਵਾਸੀ, ਭਾਈ-ਭੈਣ ਕਿਸਾਨ ਦੇ ਬੇਟੇ ਸੀ, ਮਾਵਾਂ-ਭੈਣਾਂ ਸੀ, ਦੋ-ਦੋ ਪੈਰ ਵੱਢ ਚੁੱਕੇ ਸੀ, ਉਹ ਦਿੱਲੀ ਵਿੱਚ ਆਏ ਸੀ, ਸੱਤ ਦਿਨ ਰਹੇ। ਹੱਥ-ਪੈਰ ਜੋੜ ਕੇ ਕਹਿ ਰਹੇ ਸੀ ਕਿ ਸਾਡੀ ਗੱਲ ਹਿੰਦੁਸਤਾਨ ਦੇ ਲੋਕਾਂ ਤੱਕ ਪਹੁੰਚਾਓ। ਪ੍ਰੈੱਸ ਕਾਨਫਰੰਸ ਕੀਤੀ ਉਨ੍ਹਾਂ ਨੇ, ਤੁਹਾਡੇ ਵਿੱਚੋਂ ਕਿਸੇ ਨੇ ਦੇਖਿਆ ਨਹੀਂ ਹੋਵੇਗਾ, ਸੁਣਿਆ ਨਹੀਂ ਹੋਵੇਗਾ, ਇਹ ਮਾਓਵਾਦੀ ਦਹਿਸ਼ਤ ਦੇ ਠੇਕੇਦਾਰ ਜੋ ਬੈਠੇ ਹਨ ਨਾ, ਉਨ੍ਹਾਂ ਨੇ ਉਸ ਜ਼ੁਲਮ ਦੇ ਸ਼ਿਕਾਰ ਹੋਏ ਉਨ੍ਹਾਂ ਦੇ ਦਰਦ ਦੀ ਕਥਾ ਵੀ ਹਿੰਦੁਸਤਾਨ ਦੇ ਲੋਕਾਂ ਤੱਕ ਨਹੀਂ ਪਹੁੰਚਣ ਦਿੱਤੀ। ਕਾਂਗਰਸ ਦੇ ਈਕੋਸਿਸਟਮ ਨੇ ਇਸ ਦੀ ਚਰਚਾ ਹੀ ਨਹੀਂ ਹੋਣ ਦਿੱਤੀ।
ਸਾਥੀਓ,
ਹਾਲਾਤ ਅਜਿਹੇ ਸੀ ਕਿ ਦੇਸ਼ ਦਾ ਤਕਰੀਬਨ ਹਰ ਵੱਡਾ ਸੂਬਾ ਨਕਸਲੀ ਹਿੰਸਾ, ਮਾਓਵਾਦੀ ਦਹਿਸ਼ਤ ਦੀ ਜਕੜ ਵਿੱਚ ਸੀ। ਬਾਕੀ ਦੇਸ਼ ਵਿੱਚ ਸੰਵਿਧਾਨ ਲਾਗੂ ਸੀ, ਪਰ ਰੈਡ ਕੋਰੀਡੋਰ ਵਿੱਚ ਸੰਵਿਧਾਨ ਦਾ ਕੋਈ ਨਾਮ ਲੈਣ ਵਾਲਾ ਨਹੀਂ ਸੀ ਅਤੇ ਮੈਂ ਬਹੁਤ ਜ਼ੁੰਮੇਵਾਰੀ ਨਾਲ ਕਹਿੰਦਾ ਹਾਂ ਕਿ ਜੋ ਮੱਥੇ ‘ਤੇ ਸੰਵਿਧਾਨ ਦੀ ਕਿਤਾਬ ਲੈ ਕੇ ਨੱਚਦੇ ਹਨ ਨਾ, ਉਹ ਅੱਜ ਵੀ ਇਹ ਮਾਓਵਾਦੀ ਅੱਤਵਾਦੀਆਂ, ਜੋ ਸੰਵਿਧਾਨ ਨੂੰ ਨਹੀਂ ਮੰਨਦੇ ਹਨ, ਉਨ੍ਹਾਂ ਦੀ ਰੱਖਿਆ ਲਈ ਦਿਨ-ਰਾਤ ਲਗਾ ਦਿੰਦੇ ਹਨ।
ਸਾਥੀਓ,
ਸਰਕਾਰ ਤਾਂ ਚੁਣੀ ਜਾਂਦੀ ਸੀ, ਪਰ ਰੈਡ ਕੋਰੀਡੋਰ ਵਿੱਚ ਉਸ ਦੀ ਕੋਈ ਮਾਨਤਾ ਨਹੀਂ ਹੁੰਦੀ ਸੀ। ਸ਼ਾਮ ਢਲਦੀ ਸੀ, ਤਾਂ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਸੀ। ਜੋ ਜਨਤਾ ਨੂੰ ਸਕਿਉਰਟੀ ਦੇਣ ਵਾਲੇ ਲੋਕ ਸੀ, ਉਨ੍ਹਾਂ ਨੂੰ ਵੀ ਸਕਿਉਰਟੀ ਲੈ ਕੇ ਚੱਲਣਾ ਪੈਂਦਾ ਸੀ।
ਸਾਥੀਓ,
ਬੀਤੇ 50-55 ਸਾਲਾਂ ਵਿੱਚ ਇਸ ਮਾਓਵਾਦੀ ਦਹਿਸ਼ਤ ਦੀ ਵਜ੍ਹਾ ਨਾਲ ਹਜ਼ਾਰਾਂ ਲੋਕ ਮਾਰੇ ਗਏ, ਕਿੰਨੇ ਹੀ ਸੁਰੱਖਿਆ ਕਰਮੀ ਮਾਓਵਾਦੀ ਦਹਿਸ਼ਤ ਦਾ ਸ਼ਿਕਾਰ ਬਣੇ, ਕਿੰਨੇ ਹੀ ਨੌਜਵਾਨਾ ਨੂੰ ਅਸੀਂ ਖੋਇਆ, ਇਹ ਨਕਸਲੀ, ਇਹ ਮਾਓਵਾਦੀ ਦਹਿਸ਼ਤਗਰਦ ਸਕੂਲ ਨਹੀਂ ਬਣਨ ਦਿੰਦੇ ਸੀ ਇਲਾਕਿਆਂ ਵਿੱਚ, ਹਸਪਤਾਲ ਨਹੀਂ ਬਣਨ ਦਿੰਦੇ ਸੀ, ਹਸਪਤਾਲ ਹੈ ਤਾਂ ਡਾਕਟਰਾਂ ਨੂੰ ਵੜਨ ਨਹੀਂ ਦਿੰਦੇ ਸੀ। ਜੋ ਬਣੇ ਹੋਏ ਸੀ, ਉਨ੍ਹਾਂ ਨੂੰ ਵੀ ਬੰਬ ਨਾਲ ਉਡਾ ਦਿੱਤਾ ਜਾਂਦਾ ਸੀ। ਦਹਾਕਿਆਂ ਤੱਕ ਵਿਕਾਸ ਦੇ ਚਾਨਣ ਤੋਂ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ, ਬਹੁਤ ਵੱਡੀ ਆਬਾਦੀ ਵਾਂਝੀ ਰਹੀ। ਇਸ ਦਾ ਬਹੁਤ ਵੱਡਾ ਨੁਕਸਾਨ ਸਾਡੇ ਆਦਿ-ਵਾਸੀ ਭਾਈ-ਭੈਣਾਂ ਨੂੰ, ਦਲਿਤ ਭਾਈ-ਭੈਣਾਂ ਨੂੰ, ਗ਼ਰੀਬ ਲੋਕਾਂ ਨੂੰ ਝੱਲਣਾ ਪਿਆ।
ਸਾਥੀਓ,
ਮਾਓਵਾਦੀ ਦਹਿਸ਼ਤ, ਦੇਸ਼ ਦੇ ਨੌਜਵਾਨਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਹੈ, ਬਹੁਤ ਵੱਡਾ ਪਾਪ ਹੈ। ਮੈਂ ਦੇਸ਼ ਦੇ ਨੌਜਵਾਨ ਨੂੰ ਇਸ ਹਾਲ ਵਿੱਚ ਨਹੀਂ ਛੱਡ ਸਕਦਾ ਸੀ, ਮੈਂ ਬੇਚੈਨੀ ਮਹਿਸੂਸ ਕਰਦਾ ਸੀ, ਜ਼ੁਬਾਨ ‘ਤੇ ਤਾਲਾ ਲਗਾ ਕੇ ਬੈਠਾ ਸੀ। ਅੱਜ ਪਹਿਲੀ ਵਾਰ ਮੇਰੇ ਦਰਦ ਨੂੰ ਅੱਜ ਤੁਹਾਡੇ ਸਾਹਮਣੇ ਮੈਂ ਪੇਸ਼ ਕਰ ਰਿਹਾ ਹਾਂ। ਮੈਂ ਉਨ੍ਹਾਂ ਮਾਵਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਆਪਣੇ ਪੁੱਤਰ ਗੁਆਏ ਹਨ, ਉਨ੍ਹਾਂ ਮਾਵਾਂ ਦੀਆਂ ਆਪਣੇ ਪੁੱਤਰਾਂ ਤੋਂ ਕੁਝ ਉਮੀਦਾਂ ਸੀ, ਆਸਾਂ ਸੀ। ਜਾਂ ਤਾਂ ਉਹ ਮਾਓਵਾਦੀ ਦਹਿਸ਼ਤਗਰਦਾਂ ਦੀਆਂ ਝੂਠੀਆਂ ਗੱਲਾਂ ਵਿੱਚ ਫ਼ਸ ਗਏ ਜਾਂ ਤਾਂ ਮਾਓਵਾਦੀ ਦਹਿਸ਼ਤ ਦੇ ਸ਼ਿਕਾਰ ਹੋ ਗਏ ਅਤੇ ਇਸ ਲਈ, 2014 ਤੋਂ ਬਾਅਦ ਸਾਡੀ ਸਰਕਾਰ ਨੇ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਭਟਕੇ ਹੋਏ ਨੌਜਵਾਨਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦਾ ਯਤਨ ਕੀਤਾ ਅਤੇ ਮੈਂ ਦੇਸ਼-ਵਾਸੀਆਂ ਨੂੰ ਅੱਜ ਪਹਿਲੀ ਵਾਰ ਕਹਿ ਰਿਹਾ ਹਾਂ, ਦੇਸ਼-ਵਾਸੀਆਂ ਨੂੰ ਸੰਤੁਸ਼ਟੀ ਹੋਵੇਗੀ, ਦੇਸ਼ਵਾਸੀ ਸਾਨੂੰ ਅਸ਼ੀਰਵਾਦ ਦੇਣਗੇ, ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰ ਖੋਏ ਹਨ, ਉਹ ਮਾਵਾਂ ਸਾਨੂੰ ਅਸ਼ੀਰਵਾਦ ਦੇਣਗੀਆਂ, ਦੇਸ਼ ਦੀ ਤਾਕਤ ਨੂੰ ਆਸ਼ੀਰਵਾਦ ਦੇਣਗੀਆਂ ਅਤੇ ਅੱਜ ਦੇਸ਼ ਉਸ ਦੇ ਨਤੀਜੇ ਨੂੰ ਦੇਖ ਰਿਹਾ ਹੈ। 11 ਸਾਲ ਪਹਿਲਾਂ ਤੱਕ ਦੇਸ਼ ਦੇ ਸਵਾ ਸੌ ਜ਼ਿਲ੍ਹੇ, 125 ਤੋਂ ਜ਼ਿਆਦਾ ਮਾਓਵਾਦੀ ਦਹਿਸ਼ਤ ਤੋਂ ਪ੍ਰਭਾਵਿਤ ਸੀ।
ਅਤੇ ਸਾਥੀਓ,
ਅੱਜ ਇਹ ਗਿਣਤੀ ਸਿਰਫ਼ 11 ਜ਼ਿਲ੍ਹਿਆਂ ਤੱਕ ਸਿਮਟ ਗਈ ਹੈ। ਤੁਸੀਂ ਜਾਣਦੇ ਹੋਵੋਗੇ, ਕਿੰਨਾ ਕੁਝ ਕਰਨਾ ਪੈਂਦਾ ਹੋਵੇਗਾ ਅਤੇ ਉਸ ਵਿੱਚ ਵੀ 11 ਵਿੱਚ ਵੀ ਹੁਣ ਸਿਰਫ਼ ਤਿੰਨ ਜ਼ਿਲ੍ਹੇ ਹੀ ਅਜਿਹੇ ਬਚੇ ਹਨ, ਜੋ ਸਭ ਤੋਂ ਜ਼ਿਆਦਾ ਮਾਓਵਾਦੀ ਦਹਿਸ਼ਤ ਦੀ ਜਕੜ ਵਿੱਚ ਹਨ।
ਸਾਥੀਓ,
ਬੀਤੇ ਦਹਾਕੇ ਵਿੱਚ ਹਜ਼ਾਰਾਂ ਨਕਸਲੀਆਂ ਨੇ ਹਥਿਆਰ ਸਮਰਪਣ ਕੀਤੇ ਹਨ। ਮੈਂ ਤੁਹਾਨੂੰ ਪਿਛਲੇ 75 ਘੰਟਿਆਂ ਦਾ ਅੰਕੜੇ ਦਿੰਦਾ ਹਾਂ, Only Seventy Five Hours, ਮੈਂ ਜਾਣਦਾ ਹਾਂ ਇਹ ਮੀਡੀਆ ਦਾ ਮੈਨਿਊ ਨਹੀਂ ਹੈ, ਪਰ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਵੱਡੀ ਸੰਤੁਸ਼ਟੀ ਦਾ ਵਿਸ਼ਾ ਹੈ ਓਹ, ਇਨ੍ਹਾਂ 75 ਘੰਟਿਆਂ ਵਿੱਚ 303 ਨਕਸਲੀਆਂ ਨੇ ਸਰੈਂਡਰ ਕੀਤਾ ਹੈ। ਇੱਕ ਜ਼ਮਾਨੇ ਵਿੱਚ ਜਿਨ੍ਹਾਂ ਦਾ 3 ਨੱਟ 3 ਚੱਲਦਾ ਸੀ ਨਾ, ਅੱਜ ਉਹ 3 ਨੱਟ 3 ਸਰੈਂਡਰ ਹੋਏ ਹਨ। ਅਤੇ ਇਹ ਕੋਈ ਆਮ ਨਕਸਲੀ ਨਹੀਂ ਹਨ, ਕਿਸੇ ‘ਤੇ 1 ਕਰੋੜ ਦਾ ਇਨਾਮ ਸੀ, ਕਿਸੇ ‘ਤੇ 15 ਲੱਖ ਦਾ ਇਨਾਮ ਸੀ, ਕਿਸੇ ‘ਤੇ 5 ਲੱਖ ਦਾ ਇਨਾਮ ਸੀ ਅਤੇ ਸਾਰੇ ਦੇ ਸਾਰੇ ਉਨ੍ਹਾਂ ਦੇ ਨਾਮ ‘ਤੇ ਇਨਾਮ ਐਲਾਨੇ ਹੋਏ ਸੀ। ਇਨ੍ਹਾਂ ਨਕਸਲੀਆਂ ਨੇ ਬਹੁਤ ਵੱਡੀ ਮਾਤਰਾ ਵਿੱਚ ਹਥਿਆਰ ਵੀ ਫੜੇ ਗਏ ਹਨ। ਇਹ ਸਾਰੇ ਲੋਕ ਬੰਦੂਕਾਂ ਛੱਡ ਕੇ, ਬੰਬ ਛੱਡ ਕੇ ਭਾਰਤ ਦੇ ਸੰਵਿਧਾਨ ਨੂੰ ਗਲੇ ਲਗਾਉਣ ਲਈ ਤਿਆਰ ਹੋਏ ਹਨ ਅਤੇ ਜਦੋਂ ਸੰਵਿਧਾਨ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਸਰਕਾਰ ਹੁੰਦੀ ਹੈ ਨਾ, ਓਦੋਂ ਗ਼ਲਤ ਰਸਤੇ ‘ਤੇ ਗਿਆ ਹੋਇਆ ਵਿਅਕਤੀ ਵੀ ਵਾਪਸ ਪਰਤ ਕੇ ਆਪਣੀ ਅੱਖਾਂ ਨੂੰ ਉਸ ਸੰਵਿਧਾਨ ‘ਤੇ ਟਿਕਾ ਦਿੰਦਾ ਹੈ। ਹੁਣ ਉਹ ਵਿਕਾਸ ਦੀ ਮੁੱਖਧਾਰਾ ਵਿੱਚ ਆ ਰਹੇ ਹਨ। ਅਤੇ ਇਹ ਲੋਕ ਮੰਨ ਰਹੇ ਹਨ ਕਿ ਉਹ ਗ਼ਲਤ ਰਸਤੇ ‘ਤੇ ਸੀ। ਪੰਜ-ਪੰਜ ਦਹਾਕੇ ਬਿਤਾ ਦਿੱਤੇ, ਜਵਾਨੀ ਖਪਾ ਦਿੱਤੀ ਪਰ ਉਨ੍ਹਾਂ ਨੇ ਜੋ ਸੋਚਿਆ ਸੀ, ਉਹ ਬਦਲਾਅ ਨਹੀਂ ਆਇਆ। ਹੁਣ ਇਹ ਭਾਰਤ ਦੇ ਸੰਵਿਧਾਨ ‘ਤੇ ਭਰੋਸਾ ਕਰਦੇ ਹੋਏ ਅੱਗੇ ਵਧਣਗੇ।
ਸਾਥੀਓ,
ਕਦੇ ਮੀਡੀਆ ਦੀ ਹੈੱਡਲਾਈਨ ਹੋਇਆ ਕਰਦੀ ਸੀ, ਛੱਤੀਸਗੜ੍ਹ ਦੇ ਬਸਤਰ ਵਿੱਚ ਇਹ ਹੋਇਆ, ਉਹ ਹੋਇਆ, ਇੱਕ ਪੂਰੀ ਬੱਸ ਨੂੰ ਉਡਾ ਦਿੱਤਾ, ਇੰਨੇ ਸਾਰੇ ਸੁਰੱਖਿਆ ਬਲਾਂ ਦੇ ਜਵਾਨ ਮਾਰੇ ਗਏ, ਬਸਤਰ ਇਹ ਮਾਓਵਾਦੀ ਦਹਿਸ਼ਤਗਰਦਾਂ ਦਾ, ਨਕਸਲੀਆਂ ਦਾ ਗੜ੍ਹ ਹੋਇਆ ਕਰਦਾ ਸੀ ਅਤੇ ਹੁਣ ਅੱਜ ਮੈਂ ਉਸ ਬਸਤਰ ਦਾ ਉਦਾਹਰਣ ਦਿੰਦਾ ਹਾਂ, ਆਦਿਵਾਸੀ ਨੌਜਵਾਨ ਬਸਤਰ ਓਲੰਪਿਕ ਦਾ ਆਯੋਜਨ ਕਰਦੇ ਹਨ ਅਤੇ ਲੱਖਾਂ ਨੌਜਵਾਨ ਬਸਤਰ ਓਲੰਪਿਕ ਵਿੱਚ ਆ ਕੇ ਖੇਡ ਦੇ ਮੈਦਾਨ ਵਿੱਚ ਆਪਣੀ ਤਾਕਤ ਦਿਖਾ ਰਹੇ ਹਨ, ਇਹ ਬਦਲਾਅ ਹੈ।
ਸਾਥੀਓ,
ਇਸ ਵਾਰ ਮਾਓਵਾਦੀ ਦਹਿਸ਼ਤ ਤੋਂ ਮੁਕਤ ਖੇਤਰਾਂ ਵਿੱਚ ਦੀਵਾਲੀ ਦੀ ਰੌਣਕ ਕੁਝ ਹੋਰ ਹੋਣ ਜਾ ਰਹੀ ਹੈ। 50-55 ਸਾਲ ਹੋਏ, ਦੀਵਾਲੀ ਨਹੀਂ ਦੇਖੀ ਸੀ ਉਨ੍ਹਾਂ ਨੇ, ਹੁਣ ਦੀਵਾਲੀ ਦੇਖਣਗੇ ਅਤੇ ਮੈਨੂੰ ਪੱਕਾ ਭਰੋਸਾ ਹੈ ਦੋਸਤੋ, ਇਹ ਸਾਡੀ ਮਿਹਨਤ ਰੰਗ ਲਿਆਏਗੀ ਅਤੇ ਉੱਥੇ ਵੀ ਖ਼ੁਸ਼ੀਆਂ ਦੇ ਦੀਵੇ ਬਲਣਗੇ। ਅਤੇ ਮੈਂ ਅੱਜ ਦੇਸ਼-ਵਾਸੀਆਂ ਨੂੰ, ਐੱਨਡੀਟੀਵੀ ਦੇ ਦਰਸ਼ਕਾਂ ਨੂੰ ਭਰੋਸਾ ਦਿਵਾਉਂਦਾ ਹਾਂ, ਉਹ ਦਿਨ ਦੂਰ ਨਹੀਂ, ਜਦੋਂ ਦੇਸ਼ ਨਕਸਲਵਾਦ ਤੋਂ, ਮਾਓਵਾਦੀ ਦਹਿਸ਼ਤ ਤੋਂ ਪੂਰੀ ਤਰ੍ਹਾਂ ਮੁਕਤ ਹੋਵੇਗਾ ਤੇ ਇਹ ਵੀ ਮੋਦੀ ਦੀ ਗਰੰਟੀ ਹੈ।
ਸਾਥੀਓ,
ਵਿਕਸਿਤ ਭਾਰਤ ਦੀ ਸਾਡੀ ਯਾਤਰਾ ਸਿਰਫ਼ ਗ੍ਰੋਥ ਦੀ ਯਾਤਰਾ ਨਹੀਂ ਹੈ। ਜਿੱਥੇ ਵਿਕਾਸ ਅਤੇ ਮਾਣ-ਸਨਮਾਨ ਨਾਲ-ਨਾਲ ਚੱਲਣ, ਜਿੱਥੇ ਰਫ਼ਤਾਰ ਵੀ ਹੋਵੇ, ਜਿੱਥੇ ਨਾਗਰਿਕਾਂ ਦਾ ਮਾਣ ਵੀ ਹੋਵੇ, ਜਿੱਥੇ ਇਨੋਵੇਸ਼ਨ ਦਾ ਉਦੇਸ਼ ਸਿਰਫ਼ ਕੁਸ਼ਲਤਾ ਨਹੀਂ, ਸਗੋਂ ਹਮਦਰਦੀ ਅਤੇ ਦਇਆ ਵੀ ਹੋਵੇ। ਅਸੀਂ ਇਸ ਸੋਚ ਦੇ ਨਾਲ ਅੱਗੇ ਵਧ ਰਹੇ ਹਾਂ। ਅਤੇ ਇਸ ਸੋਚ ਨੂੰ ਅੱਗੇ ਵਧਾਉਣ ਵਿੱਚ, ਐੱਨਡੀਟੀਵੀ ਵਰਲਡ ਸਮਿਟ ਵਰਗੇ ਆਯੋਜਨ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਤੁਸੀਂ ਮੈਨੂੰ ਦੇਸ਼ ਦੀ ਗੱਲ ਰੱਖਣ ਦੇ ਲਈ ਸੱਦਾ ਦਿੱਤਾ, ਇਸ ਦੇ ਲਈ ਮੈਂ ਐੱਨਡੀਟੀਵੀ ਦਾ ਧੰਨਵਾਦ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਇਸ ਆਯੋਜਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਦੀਵਾਲੀ ਦੇ ਤਿਉਹਾਰ ਲਈ ਵੀ ਮੇਰੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਬਹੁਤ-ਬਹੁਤ ਧੰਨਵਾਦ!
*****
ਐੱਮਜੇਪੀਐੱਸ/ ਐੱਸਟੀ/ ਏਵੀ
(रिलीज़ आईडी: 2180979)
आगंतुक पटल : 24
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Telugu
,
Kannada
,
Malayalam