ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2025 ਨੂੰ ਸੰਬੋਧਨ ਕੀਤਾ


ਅੱਜ ਭਾਰਤ ਰੁਕਣ ਦੇ ਮੂਡ ਵਿੱਚ ਨਹੀਂ ਹੈ! ਅਸੀਂ ਨਾ ਤਾਂ ਠਹਿਰਾਂਗੇ, ਨਾ ਹੀ ਹੌਲ਼ੀ ਹੋਵਾਂਗੇ, 140 ਕਰੋੜ ਭਾਰਤੀ ਪੂਰੀ ਰਫ਼ਤਾਰ ਨਾਲ ਇਕਜੁੱਟ ਹੋ ਕੇ ਅੱਗੇ ਵਧਣਗੇ: ਪ੍ਰਧਾਨ ਮੰਤਰੀ

ਅੱਜ ਜਦੋਂ ਦੁਨੀਆ ਵੱਖ-ਵੱਖ ਰੁਕਾਵਟਾਂ ਅਤੇ ਸਪੀਡ ਬ੍ਰੇਕਰਾਂ ਦਾ ਸਾਹਮਣਾ ਕਰ ਰਹੀ ਹੈ ਤਾਂ ਇੱਕ ਨਾ ਰੁਕਣ ਵਾਲੇ ਭਾਰਤ ਦੀ ਗੱਲ ਕਰਨਾ ਸੁਭਾਵਿਕ ਹੈ: ਪ੍ਰਧਾਨ ਮੰਤਰੀ

ਅੱਜ ਭਾਰਤ ਪੰਜ ਕਮਜ਼ੋਰ ਅਰਥ-ਵਿਵਸਥਾਵਾਂ ਵਿੱਚੋਂ ਨਿਕਲ ਕੇ ਦੁਨੀਆ ਦੀਆਂ ਚੋਟੀ ਦੀਆਂ ਪੰਜ ਅਰਥ-ਵਿਵਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ: ਪ੍ਰਧਾਨ ਮੰਤਰੀ

ਅੱਜ ਚਿੱਪਾਂ ਤੋਂ ਲੈ ਕੇ ਜਹਾਜ਼ਾਂ ਤੱਕ ਭਾਰਤ ਹਰ ਖੇਤਰ ਵਿੱਚ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ: ਪ੍ਰਧਾਨ ਮੰਤਰੀ

ਅੱਜ ਭਾਰਤ ਦਾ ਵਿਕਾਸ ਵਿਸ਼ਵ ਪੱਧਰੀ ਮੌਕਿਆਂ ਨੂੰ ਆਕਾਰ ਦੇ ਰਿਹਾ ਹੈ: ਪ੍ਰਧਾਨ ਮੰਤਰੀ

ਅੱਜ ਪੂਰੀ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ, ਜ਼ਿੰਮੇਵਾਰ ਅਤੇ ਮਜ਼ਬੂਤ ਭਾਈਵਾਲ ਵਜੋਂ ਦੇਖਦੀ ਹੈ: ਪ੍ਰਧਾਨ ਮੰਤਰੀ

ਦੁਨੀਆ ਨੂੰ ਕਿਸੇ ਅਣਜਾਣ ਦਾ ਕਿਨਾਰਾ ਅਨਿਸ਼ਚਿਤ ਲੱਗ ਸਕਦਾ ਹੈ; ਪਰ ਭਾਰਤ ਲਈ ਇਹ ਨਵੇਂ ਮੌਕਿਆਂ ਦਾ ਦਰਵਾਜ਼ਾ ਹੈ: ਪ੍ਰਧਾਨ ਮੰਤਰੀ

ਅਸੀਂ ਹਰ ਜੋਖਮ ਨੂੰ ਸੁਧਾਰ ਵਿੱਚ, ਹਰ ਸੁਧਾਰ ਨੂੰ ਲਚਕੀਲੇਪਣ ਵਿੱਚ ਅਤੇ ਹਰ ਲਚਕੀਲੇਪਣ ਨੂੰ ਇੱਕ ਕ੍ਰਾਂਤੀ ਵਿੱਚ ਬਦਲਿਆ ਹੈ: ਪ੍ਰਧਾਨ ਮੰਤਰੀ

ਪਿਛਲੇ 11 ਸਾਲਾਂ ਵਿੱਚ ਅਸੀਂ ਨੀਤੀ ਅਤੇ ਪ੍ਰਕਿਰਿਆ ਦੋਵਾਂ ਦੇ ਲੋਕਤੰਤਰੀਕਰਨ ਲਈ ਕੰਮ ਕੀਤਾ ਹੈ: ਪ੍ਰਧਾਨ ਮੰਤਰੀ

ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਆਪਣੇ ਖ਼ੁਦ ਦੇ ਘਰੇਲੂ 4ਜੀ ਸਟੈਕ ਵਾਲੇ ਦੁਨੀਆ ਦੇ ਸਿਖਰਲੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ: ਪ੍ਰਧਾਨ ਮੰਤਰੀ

ਮਾਓਵਾਦੀ ਅੱਤਵਾਦ ਦੇਸ਼ ਦੇ ਨੌਜਵਾਨਾਂ ਵਿਰੁੱਧ ਇੱਕ ਵੱਡਾ ਅਨਿਆਂ ਅਤੇ ਗੰਭੀਰ ਪਾਪ ਹੈ; ਮੈਂ ਦੇਸ਼ ਦੇ ਨੌਜਵਾਨਾਂ ਨੂੰ ਉਸ ਹਾਲਤ ਵਿੱਚ ਨਹੀਂ ਛੱਡ ਸਕਦਾ ਸੀ: ਪ੍ਰਧਾਨ ਮੰਤਰੀ

Posted On: 17 OCT 2025 10:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2025 ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਸਾਰੇ ਨਾਗਰਿਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਐੱਨਡੀਟੀਵੀ ਵਰਲਡ ਸਮਿਟ ਤਿਉਹਾਰਾਂ ਵਿਚਾਲੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੈਸ਼ਨ ਦੇ ਥੀਮ “ਅਨਸਟੋਪੇਬਲ ਇੰਡੀਆ” ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੱਚਮੁੱਚ ਢੁਕਵਾਂ ਹੈ, ਕਿਉਂਕਿ ਅੱਜ ਭਾਰਤ ਰੁਕਣ ਦੇ ਮੂਡ ਵਿੱਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਨਾ ਤਾਂ ਰੁਕੇਗਾ ਅਤੇ ਨਾ ਹੀ ਹੌਲ਼ੀ ਹੋਵੇਗਾ, 140 ਕਰੋੜ ਭਾਰਤੀ ਤੇਜ਼ੀ ਨਾਲ ਇਕਜੁੱਟ ਹੋ ਕੇ ਅੱਗੇ ਵੱਧ ਰਹੇ ਹਨ”।

ਪ੍ਰਧਾਨ ਮੰਤਰੀ ਨੇ ਦੇਖਿਆ ਕਿ ਇੱਕ ਅਜਿਹੀ ਦੁਨੀਆ ਵਿੱਚ ਜਿੱਥੇ ਵੱਖ-ਵੱਖ ਰੁਕਾਵਟਾਂ ਅਤੇ ਸਪੀਡ ਬ੍ਰੇਕਰ ਹਨ, ਉੱਥੇ "ਨਾ ਰੁਕਣ ਵਾਲੇ ਭਾਰਤ" ਬਾਰੇ ਚਰਚਾ ਕੁਦਰਤੀ ਅਤੇ ਸਮੇਂ ਸਿਰ ਹੈ। ਉਨ੍ਹਾਂ ਨੇ ਇਸ ਵਿਸ਼ੇ ਨੂੰ ਗਿਆਰਾਂ ਸਾਲ ਪਹਿਲਾਂ ਦੀ ਸਥਿਤੀ ਅਤੇ ਮੌਜੂਦਾ ਸਥਿਤੀ ਦੇ ਸੰਦਰਭ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ। 2014 ਤੋਂ ਪਹਿਲਾਂ ਦੇ ਦੌਰ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਉਜਾਗਰ ਕੀਤਾ ਕਿ ਉਸ ਸਮੇਂ ਸੰਮੇਲਨਾਂ ਵਿੱਚ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਸੀ। ਉਨ੍ਹਾਂ ਨੇ ਅਜਿਹੀਆਂ ਚਿੰਤਾਵਾਂ ਵੱਲ ਇਸ਼ਾਰਾ ਕੀਤਾ ਜਿਵੇਂ ਕਿ ਭਾਰਤ ਵਿਸ਼ਵ-ਵਿਆਪੀ ਮੁਸ਼ਕਿਲਾਂ ਦਾ ਸਾਹਮਣਾ ਕਿਵੇਂ ਕਰੇਗਾ, ਇਹ ‘ਕਮਜ਼ੋਰ ਪੰਜ’ (ਫ੍ਰੇਜਾਈਲ ਫਾਈਵ) ਗਰੁੱਪ ਵਿੱਚੋਂ ਕਿਵੇਂ ਬਾਹਰ ਨਿਕਲੇਗਾ, ਦੇਸ਼ ਕਿੰਨੀ ਦੇਰ ਤੱਕ ਨੀਤੀਗਤ ਅਧਰੰਗ ਵਿੱਚ ਫਸਿਆ ਰਹੇਗਾ ਅਤੇ ਵੱਡੇ ਪੱਧਰ ਦੇ ਘੁਟਾਲਿਆਂ ਦਾ ਦੌਰ ਕਦੋਂ ਖ਼ਤਮ ਹੋਵੇਗਾ।

ਇਹ ਯਾਦ ਦਿਵਾਉਂਦਿਆਂ ਕਿ 2014 ਤੋਂ ਪਹਿਲਾਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਆਮ ਸਨ ਅਤੇ ਅੱਤਵਾਦੀ ਸਲੀਪਰ ਸੈੱਲਾਂ ਦੇ ਬੇਰੋਕ ਫੈਲਣ ਬਾਰੇ ਖੁਲਾਸੇ ਚਰਚਾ 'ਤੇ ਹਾਵੀ ਸਨ, ਸ਼੍ਰੀ ਮੋਦੀ ਨੇ ਨੋਟ ਕੀਤਾ ਕਿ "ਮਹਿੰਗਾਈ ਡਾਇਨ ਖਾਏ ਜਾਤ ਹੈ" ਵਰਗੇ ਮਹਿੰਗਾਈ 'ਤੇ ਵਿਅੰਗ ਕਰਨ ਵਾਲੇ ਗੀਤ ਆਮ ਤੌਰ 'ਤੇ ਸੁਣੇ ਜਾਂਦੇ ਸਨ। ਉਸ ਸਮੇਂ ਨਾਗਰਿਕਾਂ ਅਤੇ ਵਿਸ਼ਵ ਭਾਈਚਾਰੇ ਦੋਵਾਂ ਨੇ ਮਹਿਸੂਸ ਕੀਤਾ ਕਿ ਸੰਕਟਾਂ ਦੇ ਜਾਲ ਵਿੱਚ ਫਸਿਆ ਭਾਰਤ ਇਸ ਵਿੱਚੋਂ ਬਾਹਰ ਨਹੀਂ ਨਿਕਲ ਸਕੇਗਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਗਿਆਰਾਂ ਸਾਲਾਂ ਵਿੱਚ ਭਾਰਤ ਨੇ ਹਰ ਸ਼ੱਕ ਨੂੰ ਤੋੜਿਆ ਹੈ ਅਤੇ ਹਰ ਚੁਣੌਤੀ ਨੂੰ ਪਾਰ ਕੀਤਾ ਹੈ। ਉਨ੍ਹਾਂ ਨੇ ਉਜਾਗਰ ਕੀਤਾ ਕਿ ਭਾਰਤ "ਕਮਜ਼ੋਰ ਪੰਜ" ਦਾ ਹਿੱਸਾ ਹੋਣ ਤੋਂ ਲੈ ਕੇ ਚੋਟੀ ਦੀਆਂ ਪੰਜ ਵਿਸ਼ਵ ਅਰਥਵਿਵਸਥਾਵਾਂ ਵਿੱਚੋਂ ਇੱਕ ਬਣ ਗਿਆ ਹੈ। ਮਹਿੰਗਾਈ ਹੁਣ ਦੋ ਫੀਸਦੀ ਤੋਂ ਹੇਠਾਂ ਹੈ, ਜਦਕਿ ਵਿਕਾਸ ਦਰ ਸੱਤ ਫੀਸਦੀ ਤੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਚਿੱਪਾਂ ਤੋਂ ਲੈ ਕੇ ਜਹਾਜ਼ਾਂ ਤੱਕ, ਆਤਮਨਿਰਭਰ ਭਾਰਤ ਦਾ ਵਿਸ਼ਵਾਸ ਹਰ ਖੇਤਰ ਵਿੱਚ ਸਪੱਸ਼ਟ ਹੈ।’ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਹੁਣ ਅੱਤਵਾਦੀ ਹਮਲਿਆਂ ਤੋਂ ਬਾਅਦ ਚੁੱਪ ਨਹੀਂ ਰਹਿੰਦਾ; ਇਸ ਦੀ ਬਜਾਏ, ਇਹ ਸਰਜੀਕਲ ਸਟ੍ਰਾਈਕਸ, ਏਅਰ ਸਟ੍ਰਾਈਕਸ, ਅਤੇ 'ਆਪ੍ਰੇਸ਼ਨ ਸਿੰਧੂਰ' ਵਰਗੀਆਂ ਕਾਰਵਾਈਆਂ ਰਾਹੀਂ ਨਿਰਣਾਇਕ ਜਵਾਬ ਦਿੰਦਾ ਹੈ।

ਸ਼੍ਰੀ ਮੋਦੀ ਨੇ ਦਰਸ਼ਕਾਂ ਨੂੰ ਕੋਵਿਡ-19 ਦੇ ਸਮੇਂ ਨੂੰ ਯਾਦ ਕਰਨ ਦੀ ਅਪੀਲ ਕੀਤੀ, ਜਦੋਂ ਦੁਨੀਆ ਜ਼ਿੰਦਗੀ ਅਤੇ ਮੌਤ ਦੇ ਸਾਏ ਹੇਠ ਜੀਅ ਰਹੀ ਸੀ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਇਹ ਕਿਆਸਅਰਾਈਆਂ ਜ਼ੋਰਾਂ 'ਤੇ ਸਨ ਕਿ ਇੰਨੀ ਵੱਡੀ ਆਬਾਦੀ ਵਾਲਾ ਦੇਸ਼ ਇੰਨੇ ਵੱਡੇ ਸੰਕਟ ਵਿੱਚੋਂ ਕਿਵੇਂ ਬਚੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਹਰ ਕਿਆਸਅਰਾਈ ਨੂੰ ਗ਼ਲਤ ਸਾਬਤ ਕੀਤਾ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤ ਨੇ ਸੰਕਟ ਦਾ ਸਿੱਧਾ ਮੁਕਾਬਲਾ ਕੀਤਾ, ਤੇਜ਼ੀ ਨਾਲ ਆਪਣੀਆਂ ਵੈਕਸੀਨਾਂ ਵਿਕਸਤ ਕੀਤੀਆਂ, ਰਿਕਾਰਡ ਸਮੇਂ ਵਿੱਚ ਉਨ੍ਹਾਂ ਨੂੰ ਲਗਾਇਆ ਅਤੇ ਸੰਕਟ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥ-ਵਿਵਸਥਾ ਵਜੋਂ ਉੱਭਰਿਆ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜੇ ਕੋਵਿਡ-19 ਦਾ ਪ੍ਰਭਾਵ ਪੂਰੀ ਤਰ੍ਹਾਂ ਘੱਟ ਵੀ ਨਹੀਂ ਹੋਇਆ ਸੀ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਰਸ਼ ਸ਼ੁਰੂ ਹੋ ਗਏ ਅਤੇ ਸੁਰਖੀਆਂ ਵਿੱਚ ਜੰਗ ਦੀਆਂ ਖ਼ਬਰਾਂ ਛਾਈਆਂ ਰਹੀਆਂ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਭਾਰਤ ਦੇ ਵਿਕਾਸ ਦੀਆਂ ਸੰਭਾਵਨਾਵਾਂ 'ਤੇ ਸਵਾਲ ਚੁੱਕੇ ਗਏ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਇੱਕ ਵਾਰ ਫਿਰ ਸਾਰੀਆਂ ਕਿਆਸਅਰਾਈਆਂ ਨੂੰ ਗ਼ਲਤ ਸਾਬਤ ਕੀਤਾ ਅਤੇ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਵਜੋਂ ਅੱਗੇ ਵਧਣਾ ਜਾਰੀ ਰੱਖਿਆ। ਪਿਛਲੇ ਤਿੰਨ ਸਾਲਾਂ ਦੌਰਾਨ ਭਾਰਤ ਦੀ ਔਸਤ ਵਿਕਾਸ ਦਰ ਇੱਕ ਬੇਮਿਸਾਲ ਅਤੇ ਅਚਾਨਕ 7.8 ਫੀਸਦ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਵਸਤੂਆਂ ਦੇ ਨਿਰਯਾਤ ਦੇ ਅੰਕੜੇ ਪਿਛਲੇ ਸਾਲ ਦੇ ਮੁਕਾਬਲੇ ਲਗਭਗ 7 ਪ੍ਰਤੀਸ਼ਤ ਦਾ ਵਾਧਾ ਦਰਸਾਉਂਦੇ ਹਨ। ਪਿਛਲੇ ਸਾਲ ਭਾਰਤ ਨੇ ਲਗਭਗ 4.5 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਨਿਰਯਾਤ ਕੀਤਾ। ਕਈ ਦੇਸ਼ਾਂ ਵਿੱਚ ਅਸਥਿਰ ਰੇਟਿੰਗਾਂ ਦੇ ਵਿਚਕਾਰ ਐੱਸ ਐਂਡ ਪੀ ਨੇ 17 ਸਾਲਾਂ ਬਾਅਦ ਭਾਰਤ ਦੀ ਕ੍ਰੈਡਿਟ ਰੇਟਿੰਗ ਨੂੰ ਅਪਗ੍ਰੇਡ ਕੀਤਾ। ਆਈਐੱਮਐੱਫ  ਨੇ ਵੀ ਭਾਰਤ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਨੂੰ ਸੋਧ ਕੇ ਉਪਰ ਵਧਾਇਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਕੁਝ ਦਿਨ ਪਹਿਲਾਂ ਹੀ ਗੂਗਲ ਨੇ ਭਾਰਤ ਦੇ ਏਆਈ ਖੇਤਰ ਵਿੱਚ 15 ਬਿਲੀਅਨ ਡਾਲਰ ਦੇ ਵੱਡੇ ਨਿਵੇਸ਼ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰੀ ਊਰਜਾ (ਗ੍ਰੀਨ ਐਨਰਜੀ) ਅਤੇ ਸੈਮੀਕੰਡਕਟਰ ਖੇਤਰਾਂ ਵਿੱਚ ਵੀ ਮਹੱਤਵਪੂਰਨ ਨਿਵੇਸ਼ ਕੀਤੇ ਜਾ ਰਹੇ ਹਨ।

ਸ਼੍ਰੀ ਮੋਦੀ ਨੇ ਹਾਲ ਹੀ ਦੇ ਈਐੱਫਟੀਏ ਵਪਾਰ ਸਮਝੌਤੇ ਨੂੰ ਇੱਕ ਵੱਡੀ ਉਦਾਹਰਣ ਵਜੋਂ ਪੇਸ਼ ਕਰਦਿਆਂ ਕਿਹਾ, ‘‘ਅੱਜ ਭਾਰਤ ਦਾ ਵਿਕਾਸ ਵਿਸ਼ਵਵਿਆਪੀ ਮੌਕਿਆਂ ਨੂੰ ਆਕਾਰ ਦੇ ਰਿਹਾ ਹੈ।” ਇਸ ਸਝੌਤੇ ਤਹਿਤ ਯੂਰਪੀ ਦੇਸ਼ਾਂ ਨੇ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਅਤੇ ਆਪਣੇ ਕਰੀਬੀ ਮਿੱਤਰ ਮਾਣਯੋਗ ਸ਼੍ਰੀ ਕੇਅਰ ਸਟਾਰਮਰ ਦੀ ਹਾਲੀਆ ਫੇਰੀ ਦਾ ਜ਼ਿਕਰ ਕਰਦਿਆਂ, ਜੋ ਹੁਣ ਤੱਕ ਦੇ ਸਭ ਤੋਂ ਵੱਡੇ ਵਪਾਰਕ ਵਫ਼ਦ ਨਾਲ ਆਏ ਸਨ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇਸ ਗੱਲ ਦਾ ਪ੍ਰਤੀਬਿੰਬ ਹੈ ਕਿ ਦੁਨੀਆ ਭਾਰਤ ਵਿੱਚ ਕਿੰਨੇ ਵੱਡੇ ਮੌਕੇ ਦੇਖ ਰਹੀ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ ਜੀ-7 ਦੇਸ਼ਾਂ ਨਾਲ ਭਾਰਤ ਦਾ ਵਪਾਰ ਸੱਠ ਫੀਸਦੀ ਤੋਂ ਵੱਧ ਵਧਿਆ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, ‘‘ਦੁਨੀਆ ਹੁਣ ਭਾਰਤ ਨੂੰ ਭਰੋਸੇਮੰਦ, ਜ਼ਿੰਮੇਵਾਰ ਅਤੇ ਲਚਕੀਲੇ ਭਾਈਵਾਲ ਵਜੋਂ ਦੇਖਦੀ ਹੈ।” ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕਸ ਤੋਂ ਲੈ ਕੇ ਫਾਰਮਾਸਿਊਟੀਕਲਜ਼ ਤੱਕ ਅਤੇ ਆਟੋਮੋਬਾਈਲ ਤੋਂ ਲੈ ਕੇ ਮੋਬਾਈਲ ਨਿਰਮਾਣ ਤੱਕ ਭਾਰਤ ਵਿੱਚ ਨਿਵੇਸ਼ ਦੀ ਇੱਕ ਲਹਿਰ ਆ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਨਿਵੇਸ਼ ਭਾਰਤ ਨੂੰ ਵਿਸ਼ਵ-ਵਿਆਪੀ ਸਪਲਾਈ ਚੇਨ ਦਾ ਇੱਕ ਅਹਿਮ ਕੇਂਦਰ (ਨਰਵ ਸੈਂਟਰ) ਬਣਨ ਵਿੱਚ ਮਦਦ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੰਮੇਲਨ ਵਿੱਚ ਚਰਚਾ ਦਾ ਵਿਸ਼ਾ, ‘ਅਣਜਾਣ ਦਾ ਕਿਨਾਰਾ’ (ਐੱਜ ਆਫ ਦਿ ਅਨਨੋਨ) ਦੁਨੀਆ ਲਈ ਅਨਿਸ਼ਚਿਤਤਾ ਨੂੰ ਦਰਸਾਉਂਦਾ ਹੋ ਸਕਦਾ ਹੈ, ਪਰ ਭਾਰਤ ਲਈ, ਇਹ ਮੌਕਿਆਂ ਦਾ ਇੱਕ ਦਰਵਾਜ਼ਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਸਦੀਆਂ ਤੋਂ ਅਣਜਾਣ ਰਾਹਾਂ 'ਤੇ ਚੱਲਣ ਦਾ ਹੌਸਲਾ ਦਿਖਾਇਆ ਹੈ। ਸੰਤਾਂ, ਵਿਗਿਆਨੀਆਂ ਅਤੇ ਮਲਾਹਾਂ ਨੇ ਲਗਾਤਾਰ ਇਹ ਸਿੱਧ ਕੀਤਾ ਹੈ ਕਿ "ਪਹਿਲਾ ਕਦਮ" ਪਰਿਵਰਤਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਭਾਵੇਂ ਤਕਨਾਲੋਜੀ ਹੋਵੇ, ਮਹਾਂਮਾਰੀ ਦੌਰਾਨ ਵੈਕਸੀਨ ਵਿਕਾਸ, ਹੁਨਰਮੰਦ ਮਨੁੱਖੀ ਸ਼ਕਤੀ, ਵਿੱਤੀ ਤਕਨਾਲੋਜੀ (ਫਿਨਟੈੱਕ), ਜਾਂ ਹਰੀ ਊਰਜਾ ਖੇਤਰ ਹੋਵੇ, ਭਾਰਤ ਨੇ ਹਰ ਜੋਖਮ ਨੂੰ ਸੁਧਾਰ ਵਿੱਚ, ਹਰ ਸੁਧਾਰ ਨੂੰ ਲਚਕੀਲੇਪਣ ਵਿੱਚ ਅਤੇ ਹਰ ਲਚਕੀਲੇਪਣ ਨੂੰ ਕ੍ਰਾਂਤੀ ਵਿੱਚ ਬਦਲਿਆ ਹੈ। ਪ੍ਰਧਾਨ ਮੰਤਰੀ ਨੇ ਆਈਐੱਮਐੱਫ ਮੁਖੀ ਦੀਆਂ ਹਾਲੀਆ ਟਿੱਪਣੀਆਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ ਭਾਰਤ ਦੇ ਸੁਧਾਰਾਂ ਦੇ ਹੌਸਲੇ 'ਤੇ ਬਹੁਤ ਉਤਸ਼ਾਹ ਪ੍ਰਗਟ ਕੀਤਾ ਸੀ। ਉਨ੍ਹਾਂ ਇੱਕ ਉਦਾਹਰਣ ਸਾਂਝੀ ਕੀਤੀ ਜਿੱਥੇ ਵਿਸ਼ਵ-ਵਿਆਪੀ ਸਹਿਮਤੀ ਨੇ ਵੱਡੇ ਪੱਧਰ 'ਤੇ ਡਿਜੀਟਲ ਪਛਾਣ ਦੀ ਵਿਹਾਰਕਤਾ 'ਤੇ ਸ਼ੱਕ ਪ੍ਰਗਟ ਕੀਤਾ ਸੀ, ਫਿਰ ਵੀ ਭਾਰਤ ਨੇ ਉਨ੍ਹਾਂ ਨੂੰ ਗ਼ਲਤ ਸਾਬਤ ਕਰ ਦਿੱਤਾ। ਅੱਜ ਦੁਨੀਆ ਦੇ ਪੰਜਾਹ ਫ਼ੀਸਦੀ ਰੀਅਲ-ਟਾਈਮ ਡਿਜੀਟਲ ਲੈਣ-ਦੇਣ ਭਾਰਤ ਵਿੱਚ ਹੁੰਦੇ ਹਨ ਅਤੇ ਭਾਰਤ ਦਾ ਯੂਪੀਆਈ ਵਿਸ਼ਵ-ਵਿਆਪੀ ਡਿਜੀਟਲ ਭੁਗਤਾਨ ਪ੍ਰਣਾਲੀਆਂ 'ਤੇ ਹਾਵੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਰ ਪੂਰਵ-ਅਨੁਮਾਨ ਅਤੇ ਮੁਲਾਂਕਣ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਭਾਰਤ ਦੀ ਵਿਲੱਖਣ ਵਿਸ਼ੇਸ਼ਤਾ ਬਣ ਗਈ ਹੈ - ਅਤੇ ਇਹੀ ਕਾਰਨ ਹੈ ਕਿ ਭਾਰਤ ਨੂੰ ਰੋਕਿਆ ਨਹੀਂ ਜਾ ਸਕਦਾ।

ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ, "ਭਾਰਤ ਦੀਆਂ ਪ੍ਰਾਪਤੀਆਂ ਪਿੱਛੇ ਅਸਲ ਤਾਕਤ ਇਸ ਦੇ ਲੋਕ ਹਨ।" ਉਨ੍ਹਾਂ ਕਿਹਾ ਕਿ ਨਾਗਰਿਕ ਆਪਣੀ ਸਮਰੱਥਾ ਦਾ ਪੂਰਾ ਅਹਿਸਾਸ ਉਦੋਂ ਹੀ ਕਰ ਸਕਦੇ ਹਨ ਜਦੋਂ ਸਰਕਾਰ ਉਨ੍ਹਾਂ 'ਤੇ ਦਬਾਅ ਨਾ ਪਾਵੇ ਜਾਂ ਉਨ੍ਹਾਂ ਦੇ ਜੀਵਨ ਵਿੱਚ ਦਖਲਅੰਦਾਜ਼ੀ ਨਾ ਕਰੇ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਸਰਕਾਰੀ ਕੰਟਰੋਲ ਇੱਕ ਬ੍ਰੇਕ ਦਾ ਕੰਮ ਕਰਦਾ ਹੈ, ਜਦੋਂ ਕਿ ਵਧੇਰੇ ਲੋਕਤੰਤਰੀਕਰਨ ਤਰੱਕੀ ਨੂੰ ਗਤੀ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਸੱਠ ਸਾਲਾਂ ਤੱਕ ਸ਼ਾਸਨ ਕਰਨ ਵਾਲੀ ਵਿਰੋਧੀ ਪਾਰਟੀ ਦੀ ਨੀਤੀ ਅਤੇ ਪ੍ਰਕਿਰਿਆ ਦੇ ਨੌਕਰਸ਼ਾਹੀਕਰਨ ਨੂੰ ਲਗਾਤਾਰ ਉਤਸ਼ਾਹਿਤ ਕਰਨ ਲਈ ਆਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੇ ਉਲਟ, ਪਿਛਲੇ ਗਿਆਰਾਂ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਨੀਤੀ ਅਤੇ ਪ੍ਰਕਿਰਿਆ ਦੋਵਾਂ ਦੇ ਲੋਕਤੰਤਰੀਕਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜੋ ਇੱਕ ਅਜਿੱਤ ਭਾਰਤ ਦੇ ਉਭਾਰ ਪਿੱਛੇ ਇੱਕ ਮਹੱਤਵਪੂਰਨ ਕਾਰਕ ਹੈ।

ਬੈਂਕਿੰਗ ਖੇਤਰ ਦੀ ਉਦਾਹਰਣ ਦਿੰਦਿਆਂ ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 1960 ਦੇ ਦਹਾਕੇ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਨੇ ਬੈਂਕਾਂ ਦੇ ਰਾਸ਼ਟਰੀਕਰਨ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਸੀ ਕਿ ਇਸ ਨਾਲ ਬੈਂਕਿੰਗ ਸੇਵਾਵਾਂ ਦਾ ਵਿਸਤਾਰ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਤੱਕ ਹੋਵੇਗਾ। ਹਾਲਾਂਕਿ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸਲ ਵਿੱਚ, ਤਤਕਾਲੀਨ ਸੱਤਾਧਾਰੀ ਪਾਰਟੀ ਨੇ ਬੈਂਕਾਂ ਨੂੰ ਲੋਕਾਂ ਤੋਂ ਇਸ ਹੱਦ ਤੱਕ ਦੂਰ ਕਰ ਦਿੱਤਾ ਸੀ ਕਿ ਗਰੀਬ ਲੋਕ ਬੈਂਕਾਂ ਦੇ ਦਰਵਾਜ਼ੇ ਤੱਕ ਜਾਣ ਤੋਂ ਵੀ ਡਰਦੇ ਸਨ। ਨਤੀਜੇ ਵਜੋਂ, ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਕੋਲ ਬੈਂਕ ਖਾਤਾ ਨਹੀਂ ਸੀ। ਸ੍ਰੀ ਮੋਦੀ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਬੈਂਕ ਖਾਤਿਆਂ ਦੀ ਘਾਟ ਨਹੀਂ ਸੀ – ਇਸ ਦਾ ਮਤਲਬ ਸੀ ਕਿ ਆਬਾਦੀ ਦਾ ਇੱਕ ਵੱਡਾ ਹਿੱਸਾ ਬੈਂਕਿੰਗ ਦੇ ਲਾਭਾਂ ਤੋਂ ਵਾਂਝਾ ਸੀ ਅਤੇ ਅਕਸਰ ਆਪਣੇ ਘਰ ਅਤੇ ਜ਼ਮੀਨ ਗਹਿਣੇ ਰੱਖ ਕੇ ਬਾਜ਼ਾਰ ਤੋਂ ਉੱਚੀਆਂ ਵਿਆਜ ਦਰਾਂ 'ਤੇ ਕਰਜ਼ਾ ਲੈਣ ਲਈ ਮਜਬੂਰ ਸੀ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਨੌਕਰਸ਼ਾਹੀ ਦੀ ਵਧੀਕੀ ਤੋਂ ਮੁਕਤ ਕਰਨਾ ਲਾਜ਼ਮੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਇਸਨੂੰ ਸਫਲਤਾਪੂਰਵਕ ਪ੍ਰਾਪਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਬੈਂਕਿੰਗ ਖੇਤਰ ਦੇ ਲੋਕਤੰਤਰੀਕਰਨ ਅਤੇ ਸੁਧਾਰ 'ਤੇ ਚਾਨਣਾ ਪਾਇਆ, ਜਿਸ ਵਿੱਚ ਮਿਸ਼ਨ ਮੋਡ ਵਿੱਚ 50 ਕਰੋੜ ਤੋਂ ਵੱਧ ਜਨ ਧਨ ਖਾਤੇ ਖੋਲ੍ਹਣਾ ਸ਼ਾਮਲ ਹੈ। ਅੱਜ, ਭਾਰਤ ਦੇ ਹਰ ਪਿੰਡ ਵਿੱਚ ਘੱਟੋ-ਘੱਟ ਇੱਕ ਬੈਂਕਿੰਗ ਟੱਚਪੁਆਇੰਟ ਹੈ। ਸ੍ਰੀ ਮੋਦੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਨੇ ਭਾਰਤ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਆਰਥਿਕ ਤੌਰ 'ਤੇ ਸਮਾਵੇਸ਼ੀ ਦੇਸ਼ਾਂ ਵਿੱਚੋਂ ਇੱਕ ਬਣਾ ਦਿੱਤਾ ਹੈ। ਉਨ੍ਹਾਂ ਨੇ ਬੈਂਕਾਂ ਵਿੱਚ ਐੱਨਪੀਏ ਦਾ ਪਹਾੜ ਖੜ੍ਹਾ ਕਰਨ ਲਈ ਵਿਰੋਧੀ ਧਿਰ ਦੀ ਅਗਵਾਈ ਵਾਲੇ ਰਾਸ਼ਟਰੀਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਲੋਕਤੰਤਰੀਕਰਨ ਦੇ ਯਤਨਾਂ ਨੇ ਬੈਂਕਾਂ ਨੂੰ ਰਿਕਾਰਡ ਮੁਨਾਫ਼ੇਯੋਗਤਾ ਤੱਕ ਪਹੁੰਚਾਇਆ ਹੈ। ਪਿਛਲੇ ਗਿਆਰਾਂ ਸਾਲਾਂ ਵਿੱਚ, ਮਹਿਲਾ ਸਵੈ-ਸਹਾਇਤਾ ਸਮੂਹਾਂ, ਛੋਟੇ ਕਿਸਾਨਾਂ, ਪਸ਼ੂ ਪਾਲਕਾਂ, ਮਛੇਰਿਆਂ, ਰੇਹੜੀ-ਪਟੜੀ ਵਾਲਿਆਂ ਅਤੇ ਵਿਸ਼ਵਕਰਮਾ ਸਾਥੀਆਂ ਨੂੰ ਬਿਨਾਂ ਬੈਂਕ ਗਾਰੰਟੀ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਤਬਦੀਲੀ ਦੀ ਇੱਕ ਹੋਰ ਉਦਾਹਰਣ ਵਜੋਂ ਪੈਟਰੋਲੀਅਮ ਅਤੇ ਗੈਸ ਖੇਤਰ ਦਾ ਹਵਾਲਾ ਦਿੱਤਾ। ਉਨ੍ਹਾਂ ਯਾਦ ਦਿਵਾਇਆ ਕਿ 2014 ਤੋਂ ਪਹਿਲਾਂ ਨੌਕਰਸ਼ਾਹੀ ਦੀ ਪ੍ਰਚਲਿਤ ਮਾਨਸਿਕਤਾ ਤਹਿਤ ਵਿਰੋਧੀ ਸਰਕਾਰ ਬਾਲਣ ਸਬਸਿਡੀ ਵਿੱਚ ਵਾਧੇ ਤੋਂ ਬਚਣ ਲਈ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਪੈਟਰੋਲ ਪੰਪ ਬੰਦ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਦੇ ਉਲਟ ਉਨ੍ਹਾਂ ਮੌਜੂਦਾ ਪਰਿਦ੍ਰਿਸ਼ 'ਤੇ ਚਾਨਣਾ ਪਾਇਆ ਜਿੱਥੇ ਪੈਟਰੋਲ ਪੰਪ ਬਿਨਾਂ ਕਿਸੇ ਪਾਬੰਦੀ ਦੇ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਹੁਣ ਵਿਕਲਪਕ ਬਾਲਣ ਅਤੇ ਇਲੈਕਟ੍ਰਿਕ ਮੋਬਿਲਿਟੀ ਵਿੱਚ ਬੇਮਿਸਾਲ ਨਿਵੇਸ਼ ਕਰ ਰਿਹਾ ਹੈ।

ਵਿਰੋਧੀ ਧਿਰ ਦੇ ਸ਼ਾਸਨ ਕਾਲ ਵਿੱਚ ਗੈਸ ਕੁਨੈਕਸ਼ਨ ਲੈਣ ਲਈ ਵੀ ਸੰਸਦ ਮੈਂਬਰਾਂ ਦੀਆਂ ਸਿਫ਼ਾਰਸ਼ੀ ਚਿੱਠੀਆਂ ਦੀ ਲੋੜ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਵਿਵਸਥਾ ਵਿੱਚ ਨੌਕਰਸ਼ਾਹੀ ਦੀ ਹੱਦ ਨੂੰ ਦਰਸਾਇਆ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਉਨ੍ਹਾਂ ਦੀ ਸਰਕਾਰ ਨੇ 10 ਕਰੋੜ ਤੋਂ ਵੱਧ ਗਰੀਬ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ - ਜਿਨ੍ਹਾਂ ਵਿੱਚੋਂ ਕਈਆਂ ਨੇ ਕਦੇ ਅਜਿਹੀ ਸਹੂਲਤ ਦੀ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਪੁਸ਼ਟੀ ਕੀਤੀ ਕਿ ਸ਼ਾਸਨ ਦਾ ਸੱਚਾ ਲੋਕਤੰਤਰੀਕਰਨ ਅਜਿਹਾ ਹੀ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਨੌਕਰਸ਼ਾਹੀ ਨਾਲ ਜੁੜੀ ਸੋਚ ਦੇ ਦੌਰ ਵਿੱਚ ਵਿਰੋਧੀ ਧਿਰ ਨੇ ਜਨਤਕ ਖੇਤਰ ਦੇ ਅਦਾਰਿਆਂ (ਪੀਐੱਸਯੂ) ਨੂੰ ਖੜੋਤ ਵਿੱਚ ਰਹਿਣ ਦਿੱਤਾ, ਸੰਕੇਤਕ ਤੌਰ 'ਤੇ ਉਨ੍ਹਾਂ ਨੂੰ ਤਾਲਿਆਂ ਵਿੱਚ ਬੰਦ ਕਰ ਦਿੱਤਾ ਅਤੇ ਆਰਾਮ ਨਾਲ ਬੈਠੇ ਰਹੇ। ਉਨ੍ਹਾਂ ਉਸ ਮਾਨਸਿਕਤਾ ਦੀ ਆਲੋਚਨਾ ਕੀਤੀ ਜੋ ਇਹ ਮੰਨਦੇ ਹੋਏ ਕੋਸ਼ਿਸ਼ ਦੀ ਲੋੜ 'ਤੇ ਸਵਾਲ ਉਠਾਉਂਦੀ ਸੀ ਕਿ ਇਸ ਵਿੱਚ ਕੋਈ ਨਿੱਜੀ ਖਰਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਅੱਜ ਐੱਲਆਈਸੀ ਅਤੇ ਐੱਸਬੀਆਈ ਵਰਗੇ ਪ੍ਰਮੁੱਖ ਜਨਤਕ ਅਦਾਰੇ ਮੁਨਾਫ਼ੇਯੋਗਤਾ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਸਰਕਾਰੀ ਨੀਤੀਆਂ ਨੌਕਰਸ਼ਾਹੀ ਦੀ ਬਜਾਏ ਲੋਕਤੰਤਰੀਕਰਨ 'ਤੇ ਅਧਾਰਤ ਹੁੰਦੀਆਂ ਹਨ, ਤਾਂ ਨਾਗਰਿਕਾਂ ਦਾ ਮਨੋਬਲ ਵਧਦਾ ਹੈ। ਉਨ੍ਹਾਂ ਵਿਰੋਧੀ ਪਾਰਟੀ ਦੀ ਵਾਰ-ਵਾਰ "ਗਰੀਬੀ ਹਟਾਓ" ਦਾ ਨਾਅਰਾ ਲਗਾਉਣ ਲਈ ਆਲੋਚਨਾ ਕੀਤੀ, ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਸ਼ਾਸਨ ਵਿੱਚ ਗਰੀਬੀ ਘੱਟ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸਦੇ ਉਲਟ ਉਨ੍ਹਾਂ ਦੀ ਸਰਕਾਰ ਦੇ ਲੋਕਤਾਂਤਰਿਕ ਦ੍ਰਿਸ਼ਟੀਕੋਣ ਨੇ ਪਿਛਲੇ ਗਿਆਰਾਂ ਸਾਲਾਂ ਵਿੱਚ 25 ਕਰੋੜ ਗਰੀਬ ਨਾਗਰਿਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਰਾਸ਼ਟਰ ਮੌਜੂਦਾ ਸਰਕਾਰ 'ਤੇ ਆਪਣਾ ਭਰੋਸਾ ਰੱਖਦਾ ਹੈ ਅਤੇ ਇਹੀ ਕਾਰਨ ਹੈ ਕਿ ਭਾਰਤ ਨੂੰ ਰੋਕਿਆ ਨਹੀਂ ਜਾ ਸਕਦਾ।

 

ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਵਿੱਚ ਹੁਣ ਇੱਕ ਅਜਿਹੀ ਸਰਕਾਰ ਹੈ ਜੋ ਗਰੀਬਾਂ ਅਤੇ ਵਾਂਝਿਆਂ ਦੀ ਸੇਵਾ ਲਈ ਸਮਰਪਿਤ ਹੈ, ਪੱਛੜੇ ਭਾਈਚਾਰਿਆਂ ਨੂੰ ਪਹਿਲ ਦੇ ਰਹੀ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਮੁੱਖ ਚਰਚਾਵਾਂ ਵਿੱਚ ਅਕਸਰ ਅਜਿਹੇ ਯਤਨਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ। ਉਦਾਹਰਣ ਵਜੋਂ ਉਨ੍ਹਾਂ ਬੀਐੱਸਐੱਨਐੱਲ ਦੇ ਹਾਲ ਹੀ ਵਿੱਚ ਲਾਂਚ ਕੀਤੇ ਗਏ 'ਮੇਡ-ਇਨ-ਇੰਡੀਆ' 4ਜੀ ਸਟੈਕ ਦਾ ਹਵਾਲਾ ਦਿੱਤਾ ਅਤੇ ਇਸ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਪ੍ਰਾਪਤੀ ਦੱਸਿਆ। ਉਨ੍ਹਾਂ ਮਾਣ ਨਾਲ ਕਿਹਾ ਕਿ ਭਾਰਤ ਹੁਣ ਸਵਦੇਸ਼ੀ ਤੌਰ 'ਤੇ ਵਿਕਸਤ 4ਜੀ ਸਟੈਕ ਵਾਲੇ ਚੋਟੀ ਦੇ ਪੰਜ ਦੇਸ਼ਾਂ ਵਿੱਚ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਬੀਐੱਸਐੱਨਐੱਲ, ਜੋ ਕਦੇ ਵਿਰੋਧੀ ਧਿਰ ਦੁਆਰਾ ਨਜ਼ਰਅੰਦਾਜ਼ ਕੀਤੀ ਗਈ ਜਨਤਕ ਖੇਤਰ ਦੀ ਕੰਪਨੀ ਸੀ, ਹੁਣ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ 4ਜੀ ਸਟੈਕ ਦੇ ਲਾਂਚ ਦੇ ਨਾਲ ਹੀ ਬੀਐੱਸਐੱਨਐੱਲ ਨੇ ਉਸੇ ਦਿਨ ਲਗਭਗ ਇੱਕ ਲੱਖ 4ਜੀ ਮੋਬਾਈਲ ਟਾਵਰ ਚਾਲੂ ਕਰ ਦਿੱਤੇ। ਨਤੀਜੇ ਵਜੋਂ, ਦੂਰ-ਦੁਰਾਡੇ ਦੇ ਜੰਗਲਾਂ ਅਤੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੱਖਾਂ ਲੋਕ—ਜੋ ਪਹਿਲਾਂ ਹਾਈ-ਸਪੀਡ ਇੰਟਰਨੈਟ ਤੋਂ ਵਾਂਝੇ ਸਨ—ਹੁਣ ਤੇਜ਼ ਇੰਟਰਨੈਟ ਸੇਵਾਵਾਂ ਪ੍ਰਾਪਤ ਕਰ ਰਹੇ ਹਨ।

ਭਾਰਤ ਦੀ ਸਫਲਤਾ ਦੇ ਇੱਕ ਤੀਜੇ, ਜਿਸ 'ਤੇ ਅਕਸਰ ਧਿਆਨ ਨਹੀਂ ਜਾਂਦਾ, ਪਹਿਲੂ ਨੂੰ ਸਾਂਝਾ ਕਰਦਿਆਂ, ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਉੱਨਤ ਸਹੂਲਤਾਂ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚਦੀਆਂ ਹਨ, ਤਾਂ ਉਹ ਜੀਵਨ ਬਦਲ ਦਿੰਦੀਆਂ ਹਨ। ਈ-ਸੰਜੀਵਨੀ ਦੀ ਉਦਾਹਰਣ ਦਿੰਦਿਆਂ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਦੂਰ-ਦੁਰਾਡੇ ਦੇ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲਾ ਇੱਕ ਪਰਿਵਾਰ, ਜੋ ਖਰਾਬ ਮੌਸਮ ਕਾਰਨ ਆਪਣੇ ਕਿਸੇ ਬਿਮਾਰ ਮੈਂਬਰ ਨੂੰ ਡਾਕਟਰ ਕੋਲ ਨਹੀਂ ਲੈ ਜਾ ਪਾਉਂਦਾ ਸੀ, ਹੁਣ ਹਾਈ-ਸਪੀਡ ਕਨੈਕਟੀਵਿਟੀ ਅਧਾਰਤ ਈ-ਸੰਜੀਵਨੀ ਸੇਵਾ ਰਾਹੀਂ ਡਾਕਟਰੀ ਸਲਾਹ ਪ੍ਰਾਪਤ ਕਰ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਈ-ਸੰਜੀਵਨੀ ਐਪ ਰਾਹੀਂ, ਦੂਰ-ਦੁਰਾਡੇ ਦੇ ਇਲਾਕਿਆਂ ਦੇ ਮਰੀਜ਼ ਆਪਣੇ ਫੋਨ ਤੋਂ ਸਿੱਧੇ ਮਾਹਿਰ ਡਾਕਟਰਾਂ ਨਾਲ ਜੁੜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈ-ਸੰਜੀਵਨੀ ਰਾਹੀਂ 42 ਕਰੋੜ ਤੋਂ ਵੱਧ ਓਪੀਡੀ ਸਲਾਹ-ਮਸ਼ਵਰੇ ਪਹਿਲਾਂ ਹੀ ਉਪਲਬਧ ਕਰਵਾਏ ਜਾ ਚੁੱਕੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਇਸ ਪਲੇਟਫਾਰਮ ਰਾਹੀਂ ਸਹਾਇਤਾ ਮਿਲੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਈ-ਸੰਜੀਵਨੀ ਸਿਰਫ਼ ਇੱਕ ਸੇਵਾ ਨਹੀਂ ਹੈ—ਇਹ ਇਸ ਭਰੋਸੇ ਦਾ ਪ੍ਰਤੀਕ ਹੈ ਕਿ ਸੰਕਟ ਦੇ ਸਮੇਂ ਮਦਦ ਜ਼ਰੂਰ ਮਿਲੇਗੀ। ਉਨ੍ਹਾਂ ਇਸ ਨੂੰ ਜਨਤਕ ਪ੍ਰਣਾਲੀਆਂ ਦੇ ਲੋਕਤੰਤਰੀਕਰਨ ਦੇ ਪਰਿਵਰਤਨਕਾਰੀ ਪ੍ਰਭਾਵ ਦੀ ਇੱਕ ਸ਼ਕਤੀਸ਼ਾਲੀ ਉਦਾਹਰਣ ਦੱਸਿਆ।

ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਵਚਨਬੱਧ ਇੱਕ ਸੰਵੇਦਨਸ਼ੀਲ ਸਰਕਾਰ, ਨਾਗਰਿਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਅਤੇ ਵਿੱਤੀ ਬੱਚਤ ਨੂੰ ਤਰਜੀਹ ਦੇਣ ਵਾਲੇ ਫੈਸਲੇ ਅਤੇ ਨੀਤੀਆਂ ਬਣਾਉਂਦੀ ਹੈ। ਉਨ੍ਹਾਂ ਇਸ ਗੱਲ 'ਤੇ ਚਾਨਣਾ ਪਾਇਆ ਕਿ 2014 ਤੋਂ ਪਹਿਲਾਂ, 1 ਜੀਬੀ ਡੇਟਾ ਦੀ ਕੀਮਤ 300 ਰੁਪਏ ਸੀ, ਜਦੋਂ ਕਿ ਹੁਣ ਇਸ ਦੀ ਕੀਮਤ ਸਿਰਫ਼ 10 ਰੁਪਏ ਹੈ, ਜਿਸ ਨਾਲ ਹਰ ਭਾਰਤੀ ਨੂੰ ਸਾਲਾਨਾ ਹਜ਼ਾਰਾਂ ਰੁਪਏ ਦੀ ਬੱਚਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਰਾਹੀਂ ਗਰੀਬ ਮਰੀਜ਼ਾਂ ਨੇ 1.25 ਲੱਖ ਕਰੋੜ ਰੁਪਏ ਦੀ ਬੱਚਤ ਕੀਤੀ ਹੈ। ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰਾਂ 'ਤੇ ਦਵਾਈਆਂ 80 ਫ਼ੀਸਦੀ ਛੋਟ 'ਤੇ ਉਪਲਬਧ ਹਨ, ਜਿਸ ਨਾਲ ਲਗਭਗ 40,000 ਕਰੋੜ ਰੁਪਏ ਦੀ ਬੱਚਤ ਹੋਈ ਹੈ। ਇਸ ਤੋਂ ਇਲਾਵਾ ਹਾਰਟ ਸਟੈਂਟ ਦੀਆਂ ਘੱਟ ਕੀਮਤਾਂ ਨਾਲ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਸਾਲਾਨਾ 12,000 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਇਮਾਨਦਾਰ ਟੈਕਸਦਾਤਾਵਾਂ ਨੂੰ ਉਨ੍ਹਾਂ ਦੀ ਸਰਕਾਰ ਦੇ ਸੁਧਾਰਾਂ ਤੋਂ ਸਿੱਧਾ ਲਾਭ ਹੋਣ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਮਦਨ ਕਰ ਅਤੇ ਜੀਐੱਸਟੀ ਦੋਵਾਂ ਵਿੱਚ ਜ਼ਿਕਰਯੋਗ ਕਟੌਤੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਇਸ ਸਾਲ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਟੈਕਸ-ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੀਐੱਸਟੀ ਬੱਚਤ ਉਤਸਵ ਇਸ ਸਮੇਂ ਪੂਰੇ ਜੋਸ਼ ਵਿੱਚ ਹੈ ਅਤੇ ਹਾਲੀਆ ਵਿਕਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮਦਨ ਕਰ ਅਤੇ ਜੀਐੱਸਟੀ 'ਤੇ ਇਨ੍ਹਾਂ ਉਪਾਵਾਂ ਨਾਲ ਭਾਰਤੀ ਨਾਗਰਿਕਾਂ ਨੂੰ ਸਾਲਾਨਾ ਲਗਭਗ 2.5 ਲੱਖ ਕਰੋੜ ਰੁਪਏ ਦੀ ਬੱਚਤ ਹੋਵੇਗੀ।

ਸ੍ਰੀ ਮੋਦੀ ਨੇ 'ਆਪ੍ਰੇਸ਼ਨ ਸਿੰਧੂਰ' ਦੀ ਵਿਆਪਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸ਼ਲਾਘਾ ਨੂੰ ਸਵੀਕਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇੱਕ ਹੋਰ ਗੰਭੀਰ ਮੁੱਦੇ—ਨਕਸਲਵਾਦ ਅਤੇ ਮਾਓਵਾਦੀ ਅੱਤਵਾਦ—'ਤੇ ਧਿਆਨ ਕੇਂਦਰਿਤ ਕੀਤਾ, ਜਿਸ ਨੂੰ ਉਨ੍ਹਾਂ ਨਾ ਸਿਰਫ਼ ਇੱਕ ਵੱਡੀ ਸੁਰੱਖਿਆ ਚਿੰਤਾ ਦੱਸਿਆ, ਸਗੋਂ ਭਾਰਤ ਦੇ ਨੌਜਵਾਨਾਂ ਦੇ ਭਵਿੱਖ ਨਾਲ ਵੀ ਡੂੰਘਾਈ ਨਾਲ ਜੁੜਿਆ ਦੱਸਿਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਸ਼ਹਿਰੀ ਨਕਸਲੀਆਂ ਦਾ ਤੰਤਰ ਇੰਨਾ ਪ੍ਰਭਾਵਸ਼ਾਲੀ ਹੋ ਗਿਆ ਸੀ ਕਿ ਦੇਸ਼ ਦੇ ਬਾਕੀ ਹਿੱਸਿਆਂ ਨੂੰ ਮਾਓਵਾਦੀ ਅੱਤਵਾਦ ਦੀ ਵਿਆਪਕਤਾ ਦਾ ਪਤਾ ਹੀ ਨਹੀਂ ਲੱਗਾ। ਅੱਤਵਾਦ ਅਤੇ ਧਾਰਾ 370 'ਤੇ ਵਿਆਪਕ ਬਹਿਸ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਸ਼ਹਿਰੀ ਨਕਸਲੀਆਂ ਨੇ ਪ੍ਰਮੁੱਖ ਸੰਸਥਾਵਾਂ 'ਤੇ ਕਬਜ਼ਾ ਕਰ ਲਿਆ ਅਤੇ ਮਾਓਵਾਦੀ ਹਿੰਸਾ 'ਤੇ ਚਰਚਾ ਨੂੰ ਦਬਾਉਣ ਲਈ ਸਰਗਰਮੀ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਾਓਵਾਦੀ ਅੱਤਵਾਦ ਦੇ ਕਈ ਪੀੜਤ ਦਿੱਲੀ ਆਏ, ਫਿਰ ਵੀ ਵਿਰੋਧੀ ਤੰਤਰ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਦੁਰਦਸ਼ਾ 'ਤੇ ਜ਼ਿਆਦਾ ਧਿਆਨ ਨਾ ਦਿੱਤਾ ਜਾਵੇ।

ਪ੍ਰਧਾਨ ਮੰਤਰੀ ਨੇ ਉਸ ਗੰਭੀਰ ਸਥਿਤੀ ਦਾ ਜ਼ਿਕਰ ਕੀਤਾ ਜੋ ਕਦੇ ਭਾਰਤ ਦੇ ਲਗਭਗ ਹਰ ਵੱਡੇ ਰਾਜ ਵਿੱਚ ਪ੍ਰਚਲਿਤ ਸੀ, ਜਿੱਥੇ ਨਕਸਲੀ ਅਤੇ ਮਾਓਵਾਦੀ ਹਿੰਸਾ ਨੇ ਡੂੰਘੀਆਂ ਜੜ੍ਹਾਂ ਜਮਾ ਲਈਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਭਰ ਵਿੱਚ ਸੰਵਿਧਾਨ ਲਾਗੂ ਸੀ, ਤਾਂ ਲਾਲ ਗਲਿਆਰੇ ਵਿੱਚ ਇਸ ਦਾ ਨਾਮ ਲੈਣ ਵਾਲਾ ਵੀ ਕੋਈ ਨਹੀਂ ਸੀ। ਸਰਕਾਰਾਂ ਚੁਣੀਆਂ ਜਾਂਦੀਆਂ ਸਨ, ਪਰ ਉਨ੍ਹਾਂ ਖੇਤਰਾਂ ਵਿੱਚ ਉਨ੍ਹਾਂ ਕੋਲ ਕੋਈ ਅਸਲ ਅਧਿਕਾਰ ਨਹੀਂ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਸ਼ਾਮ ਢਲਣ ਤੋਂ ਬਾਅਦ ਘਰ ਤੋਂ ਬਾਹਰ ਨਿਕਲਣਾ ਖ਼ਤਰਨਾਕ ਹੋ ਜਾਂਦਾ ਸੀ ਅਤੇ ਇੱਥੋਂ ਤੱਕ ਕਿ ਜਨਤਾ ਦੀ ਸੁਰੱਖਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਵੀ ਖੁਦ ਸੁਰੱਖਿਆ ਵਿੱਚ ਰਹਿਣਾ ਪੈਂਦਾ ਸੀ।

ਪਿਛਲੇ 50-55 ਸਾਲਾਂ ਵਿੱਚ ਮਾਓਵਾਦੀ ਅੱਤਵਾਦ ਦੇ ਵਿਨਾਸ਼ਕਾਰੀ ਪ੍ਰਭਾਵ 'ਤੇ ਚਾਨਣਾ ਪਾਉਂਦਿਆਂ, ਜਿਸ ਵਿੱਚ ਸੁਰੱਖਿਆ ਕਰਮਚਾਰੀਆਂ ਅਤੇ ਨੌਜਵਾਨ ਨਾਗਰਿਕਾਂ ਸਮੇਤ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ, ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਨਕਸਲੀਆਂ ਨੇ ਸਕੂਲਾਂ ਅਤੇ ਹਸਪਤਾਲਾਂ ਦੇ ਨਿਰਮਾਣ ਵਿੱਚ ਰੁਕਾਵਟ ਪਾਈ ਅਤੇ ਮੌਜੂਦਾ ਸਹੂਲਤਾਂ 'ਤੇ ਬੰਬਾਰੀ ਵੀ ਕੀਤੀ। ਨਤੀਜੇ ਵਜੋਂ ਦੇਸ਼ ਦਾ ਇੱਕ ਵੱਡਾ ਖੇਤਰ ਅਤੇ ਆਬਾਦੀ ਦਾ ਇੱਕ ਵੱਡਾ ਹਿੱਸਾ ਦਹਾਕਿਆਂ ਤੱਕ ਵਿਕਾਸ ਤੋਂ ਵਾਂਝਾ ਰਿਹਾ। ਸ੍ਰੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਲੰਬੇ ਸਮੇਂ ਦੀ ਅਣਗਹਿਲੀ ਨੇ ਕਬਾਇਲੀ ਭਾਈਚਾਰਿਆਂ ਅਤੇ ਦਲਿਤ ਭਰਾਵਾਂ-ਭੈਣਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ, ਜਿਨ੍ਹਾਂ ਨੇ ਇਸ ਹਿੰਸਾ ਅਤੇ ਪੱਛੜੇਪਣ ਦਾ ਖਮਿਆਜ਼ਾ ਝੱਲਿਆ।

ਪ੍ਰਧਾਨ ਮੰਤਰੀ ਨੇ ਕਿਹਾ, "ਮਾਓਵਾਦੀ ਅੱਤਵਾਦ ਦੇਸ਼ ਦੇ ਨੌਜਵਾਨਾਂ ਨਾਲ ਇੱਕ ਵੱਡਾ ਅਨਿਆਂ ਅਤੇ ਘੋਰ ਪਾਪ ਹੈ।" ਉਨ੍ਹਾਂ ਕਿਹਾ ਕਿ ਉਹ ਨੌਜਵਾਨ ਨਾਗਰਿਕਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਫਸੇ ਨਹੀਂ ਰਹਿਣ ਦੇਣਗੇ। ਇਸ ਲਈ 2014 ਤੋਂ ਉਨ੍ਹਾਂ ਦੀ ਸਰਕਾਰ ਨੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਉਣ ਲਈ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਯਤਨਾਂ ਦੇ ਨਤੀਜਿਆਂ 'ਤੇ ਚਾਨਣਾ ਪਾਇਆ: ਜਿੱਥੇ 11 ਸਾਲ ਪਹਿਲਾਂ 125 ਤੋਂ ਵੱਧ ਜ਼ਿਲ੍ਹੇ ਮਾਓਵਾਦੀ ਹਿੰਸਾ ਤੋਂ ਪ੍ਰਭਾਵਿਤ ਸਨ, ਉੱਥੇ ਹੀ ਅੱਜ ਇਹ ਗਿਣਤੀ ਘਟ ਕੇ ਸਿਰਫ਼ 11 ਜ਼ਿਲ੍ਹੇ ਰਹਿ ਗਈ ਹੈ। ਇਨ੍ਹਾਂ ਵਿੱਚੋਂ ਕੇਵਲ ਤਿੰਨ ਜ਼ਿਲ੍ਹੇ ਹੀ ਬਹੁਤ ਜ਼ਿਆਦਾ ਨਕਸਲ ਪ੍ਰਭਾਵਿਤ ਹਨ।

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਹਜ਼ਾਰਾਂ ਨਕਸਲੀਆਂ ਨੇ ਆਤਮ-ਸਮਰਪਣ ਕੀਤਾ ਹੈ। ਉਨ੍ਹਾਂ ਪਿਛਲੇ 75 ਘੰਟਿਆਂ ਦੇ ਇੱਕ ਤਾਜ਼ਾ ਅੰਕੜੇ ਦਾ ਜ਼ਿਕਰ ਕੀਤਾ, ਜਿਸ ਵਿੱਚ 303 ਨਕਸਲੀਆਂ ਨੇ ਹਥਿਆਰ ਸੁੱਟ ਕੇ ਆਤਮ-ਸਮਰਪਣ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਇਹ ਕੋਈ ਸਧਾਰਨ ਬਾਗੀ ਨਹੀਂ ਸਨ—ਕੁਝ 'ਤੇ 1 ਕਰੋੜ ਰੁਪਏ,15 ਲੱਖ ਰੁਪਏ ਜਾਂ 5 ਲੱਖ ਰੁਪਏ ਦਾ ਇਨਾਮ ਸੀ ਅਤੇ ਉਨ੍ਹਾਂ ਕੋਲੋਂ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਲੋਕ ਹੁਣ ਵਿਕਾਸ ਦੀ ਮੁੱਖ ਧਾਰਾ ਵਿੱਚ ਪਰਤ ਰਹੇ ਹਨ ਅਤੇ ਖੁੱਲ੍ਹੇਆਮ ਸਵੀਕਾਰ ਕਰ ਰਹੇ ਹਨ ਕਿ ਉਹ ਗ਼ਲਤ ਰਾਹ 'ਤੇ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਣ ਉਹ ਭਾਰਤ ਦੇ ਸੰਵਿਧਾਨ ਵਿੱਚ ਆਸਥਾ ਰੱਖਦੇ ਹੋਏ ਅੱਗੇ ਵਧ ਰਹੇ ਹਨ।

ਇੱਕ ਸਮੇਂ ਨਕਸਲਵਾਦ ਦਾ ਗੜ੍ਹ ਮੰਨੇ ਜਾਣ ਵਾਲੇ ਛੱਤੀਸਗੜ੍ਹ ਦੇ ਬਸਤਰ ਤੋਂ ਹੋਣ ਵਾਲੀਆਂ ਘਟਨਾਵਾਂ ਦੇ ਅਕਸਰ ਸੁਰਖੀਆਂ ਵਿੱਚ ਰਹਿਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਬਦਲਾਅ 'ਤੇ ਚਾਨਣਾ ਪਾਇਆ ਅਤੇ ਕਿਹਾ ਕਿ ਅੱਜ ਬਸਤਰ ਦੇ ਕਬਾਇਲੀ ਨੌਜਵਾਨ ਸ਼ਾਂਤੀ ਅਤੇ ਤਰੱਕੀ ਦਾ ਪ੍ਰਤੀਕ 'ਬਸਤਰ ਓਲੰਪਿਕ' ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀਵਾਲੀ ਮਾਓਵਾਦੀ ਅੱਤਵਾਦ ਤੋਂ ਮੁਕਤ ਹੋਏ ਖੇਤਰ ਨਵੇਂ ਉਤਸ਼ਾਹ ਨਾਲ ਖੁਸ਼ੀਆਂ ਦੇ ਦੀਵੇ ਜਗਾ ਕੇ ਮਨਾਉਣਗੇ। ਸ੍ਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਨਕਸਲਵਾਦ ਅਤੇ ਮਾਓਵਾਦੀ ਹਿੰਸਾ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਦੀ ਗਾਰੰਟੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਇੱਕ ਵਿਕਸਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਸਿਰਫ਼ ਵਿਕਾਸ ਦੀ ਖੋਜ ਨਹੀਂ ਹੈ; ਵਿਕਾਸ ਨੂੰ ਸਨਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਣਾ ਚਾਹੀਦਾ ਹੈ, ਜਿੱਥੇ ਗਤੀ ਦੇ ਨਾਲ ਨਾਗਰਿਕਾਂ ਦਾ ਸਨਮਾਨ ਵੀ ਹੋਵੇ ਅਤੇ ਨਵੀਨਤਾ ਦਾ ਟੀਚਾ ਸਿਰਫ਼ ਕੁਸ਼ਲਤਾ ਹੀ ਨਹੀਂ, ਸਗੋਂ ਹਮਦਰਦੀ ਅਤੇ ਦਇਆ ਵੀ ਹੋਵੇ। ਭਾਰਤ ਇਸੇ ਮਾਨਸਿਕਤਾ ਨਾਲ ਅੱਗੇ ਵਧ ਰਿਹਾ ਹੈ।" ਉਨ੍ਹਾਂ ਇਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਐੱਨਡੀਟੀਵੀ ਵਰਲਡ ਸਮਿਟ ਵਰਗੇ ਮੰਚਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕਰਦਿਆਂ ਆਪਣੇ ਭਾਸ਼ਣ ਦੀ ਸਮਾਪਤੀ ਕੀਤੀ ਅਤੇ ਰਾਸ਼ਟਰ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਦੇ ਮੌਕੇ ਲਈ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੇ ਸਾਰੇ ਭਾਗੀਦਾਰਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

 

ਇਸ ਪ੍ਰੋਗਰਾਮ ਵਿੱਚ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਾਣਯੋਗ ਡਾ. ਹਰਿਨੀ ਅਮਰਸੂਰਿਆ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਟੋਨੀ ਐਬੋਟ, ਯੂਨਾਈਟਿਡ ਕਿੰਗਡਮ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਸ੍ਰੀ ਰਿਸ਼ੀ ਸੂਨਕ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

https://x.com/narendramodi/status/1979195830503374959

https://x.com/PMOIndia/status/1979196830052233423

https://x.com/PMOIndia/status/1979197164610781232

https://x.com/PMOIndia/status/1979197704824598829

https://x.com/PMOIndia/status/1979198366555725918

https://x.com/PMOIndia/status/1979198678440071651

https://x.com/PMOIndia/status/1979199007105659362

https://x.com/PMOIndia/status/1979201136226685180

https://x.com/PMOIndia/status/1979202383700803735

https://x.com/PMOIndia/status/1979203664506978588

https://x.com/PMOIndia/status/1979204880402137532

https://x.com/PMOIndia/status/1979207286905081998

https://www.youtube.com/watch?v=kqAUpEQS5yw

***************

ਐੱਮਜੇਪੀਐੱਸ/ਐੱਸਆਰ


(Release ID: 2180975) Visitor Counter : 4