ਪ੍ਰਧਾਨ ਮੰਤਰੀ ਦਫਤਰ
ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ
प्रविष्टि तिथि:
16 OCT 2025 7:16PM by PIB Chandigarh
ਸੋਦਰਾ ਸੋਦਰੀ-ਮਨੁਲਕੁ ਨਮਸਕਾਰਮੁਲੂ।
ਆਂਧਰਾ ਪ੍ਰਦੇਸ਼ ਦੇ ਗਵਰਨਰ ਐੱਸ. ਅਬਦੁਲ ਨਜ਼ੀਰ ਜੀ, ਇੱਥੋਂ ਦੇ ਪ੍ਰਸਿੱਧ ਅਤੇ ਮਿਹਨਤੀ ਮੁੱਖ ਮੰਤਰੀ ਸ਼੍ਰੀ ਚੰਦਰਬਾਬੂ ਨਾਇਡੂ ਜੀ, ਕੇਂਦਰੀ ਮੰਤਰੀ ਕੇ. ਰਾਮਮੋਹਨ ਨਾਇਡੂ ਜੀ, ਚੰਦਰਸ਼ੇਖਰ ਪੇਮਸਾਨੀ ਜੀ, ਭੂਪਤੀ ਰਾਜੂ ਸ਼੍ਰੀਨਿਵਾਸ ਵਰਮਾ ਜੀ, ਉਪ ਮੁੱਖ ਮੰਤਰੀ ਪਵਨ ਕਲਿਆਣ ਜੀ, ਰਾਜ ਸਰਕਾਰ ਵਿੱਚ ਮੰਤਰੀ ਨਾਰਾ ਲੋਕੇਸ਼ ਜੀ, ਹੋਰ ਸਾਰੇ ਮੰਤਰੀਆਂ, ਬੀਜੇਪੀ ਸਟੇਟ ਪ੍ਰੈਜੀਡੈਂਟ ਪੀਵੀਐੱਨ ਮਾਧਵ ਜੀ, ਸਾਰੇ ਸਾਂਸਦ, ਵਿਧਾਇਕ ਅਤੇ ਵੱਡੀ ਗਿਣਤੀ ਵਿੱਚ ਸਾਨੂੰ ਆਸ਼ੀਰਵਾਦ ਦੇਣ ਲਈ ਆਏ ਹੋਏ ਭੈਣੋ ਅਤੇ ਭਰਾਵੋ!
ਸਭ ਤੋਂ ਪਹਿਲਾਂ ਮੈਂ ਅਹੋਬਿਲਮ ਦੇ ਭਗਵਾਨ ਨਰਸਿੰਘ ਸਵਾਮੀ ਅਤੇ ਮਹਾਨੰਦੀ ਦੇ ਸ਼੍ਰੀ ਮਹਾਨੰਦੀਸ਼ਵਰ ਸਵਾਮੀ ਨੂੰ ਪ੍ਰਣਾਮ ਕਰਦਾ ਹਾਂ। ਮੈਂ ਮੰਤਰਾਲਯਮ ਦੇ ਗੁਰੂ ਸ਼੍ਰੀ ਰਾਘਵੇਂਦਰ ਸਵਾਮੀ ਤੋਂ ਵੀ, ਸਾਡੇ ਸਾਰਿਆਂ ਲਈ ਆਸ਼ੀਰਵਾਦ ਮੰਗਦਾ ਹਾਂ।
ਸਾਥੀਓ,
ਦਵਾਦਸ਼ ਜਯੋਤਿਰਲਿੰਗ ਸਤੋਤ੍ਰਮ ਦੇ ਪਾਠ ਵਿੱਚ ਆਉਂਦਾ ਹੈ – ਸੌਰਾਸ਼ਟ੍ਰੇ ਸੋਮਨਾਥ ਚ ਸ਼੍ਰੀਸ਼ੈਲੇ ਮਲਿੱਕਾਅਰਜੁਨਮ। ਯਾਨੀ, ਦਵਾਦਸ਼ ਜਯੋਤਿਰਲਿੰਗਾਂ ਵਿੱਚ ਪ੍ਰਥਮ ਭਗਵਾਨ ਸੋਮਨਾਥ ਅਤੇ ਦੂਜੇ ਭਗਵਾਨ ਮਲਿੱਕਾਅਰਜੁਨਮ ਦਾ ਨਾਮ ਇਕੱਠੇ ਆਉਂਦਾ ਹੈ। ਮੇਰਾ ਸੁਭਾਗ ਹੈ ਕਿ ਮੇਰਾ ਜਨਮ ਦਾਦਾ ਸੋਮਨਾਥ ਦੀ ਧਰਤੀ ਗੁਜਰਾਤ ਵਿੱਚ ਹੋਇਆ। ਬਾਬਾ ਵਿਸ਼ਵਨਾਥ ਦੀ ਧਰਤੀ ਕਾਸ਼ੀ ਦੀ ਸੇਵਾ ਦਾ ਮੌਕਾ ਮਿਲਿਆ ਅਤੇ ਅੱਜ ਸ਼੍ਰੀਸ਼ੈਲਮ ਦਾ ਆਸ਼ੀਰਵਾਦ ਮਿਲ ਰਿਹਾ ਹੈ।
ਸਾਥੀਓ,
ਸ਼੍ਰੀਸ਼ੈਲਮ ਵਿੱਚ ਦਰਸ਼ਨ ਤੋਂ ਬਾਅਦ ਮੈਨੂੰ ਸ਼ਿਵਾਜੀ ਸਫੂਰਤੀ ਕੇਂਦਰ ਜਾ ਕੇ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮੌਕਾ ਮਿਲਿਆ। ਮੈਂ ਇਸ ਮੰਚ ਤੋਂ ਵੀ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਨਮਨ ਕਰਦਾ ਹਾਂ। ਮੈਂ ਅਲੱਮਾ ਪ੍ਰਭੂ ਅਤੇ ਅੱਕ ਮਹਾਦੇਵੀ ਜਿਹੇ ਸ਼ਿਵ ਭਗਤਾਂ ਨੂੰ ਵੀ ਪ੍ਰਣਾਮ ਕਰਦਾ ਹਾਂ। ਮੈਂ ਸ਼੍ਰੀ ਉਯਾਲ-ਵਾਡਾ ਨਰਸਿਮਹਾ ਰੈਡੀ ਗਾਰੂ ਅਤੇ ਹਰੀ ਸਰਵੋਤਮ ਰਾਉ ਜਿਹੇ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਪੂਰਵਕ ਨਮਨ ਕਰਦਾ ਹਾਂ।
ਸਾਥੀਓ,
ਸਾਡਾ ਆਂਧਰਾ ਪ੍ਰਦੇਸ਼ ਸਵੈ-ਮਾਣ ਅਤੇ ਸੱਭਿਆਚਾਰ ਦੀ ਧਰਤੀ ਹੈ ਅਤੇ ਨਾਲ ਹੀ ਸਾਇੰਸ ਅਤੇ ਇਨੋਵੇਸ਼ਨ ਦਾ ਸੈਂਟਰ ਵੀ ਹੈ। ਇੱਥੇ ਬੇਹੱਦ ਸੰਭਾਵਨਾਵਾਂ ਵੀ ਹਨ ਅਤੇ ਨੌਜਵਾਨਾਂ ਦੀ ਬਹੁਤ ਸਮਰੱਥਾ ਵੀ ਹੈ। ਆਂਧਰਾ ਨੂੰ ਜੇਕਰ ਜ਼ਰੂਰਤ ਸੀ ਤਾਂ ਸਹੀ ਵਿਜ਼ਨ ਅਤੇ ਸਹੀ ਅਗਵਾਈ ਦੀ ਜ਼ਰੂਰਤ ਸੀ। ਅੱਜ ਚੰਦਰਬਾਬੂ ਨਾਇਡੂ ਗਾਰੂ ਅਤੇ ਪਵਨ ਕਲਿਆਣ ਗਾਰੂ ਦੇ ਰੂਪ ਵਿੱਚ ਆਂਧਰਾ ਕੋਲ ਉਹ ਵਿਜ਼ਨਰੀ ਲੀਡਰਸ਼ਿਪ ਵੀ ਹੈ ਅਤੇ ਕੇਂਦਰ ਸਰਕਾਰ ਦਾ ਪੂਰਾ ਸਹਿਯੋਗ ਵੀ ਹੈ।
ਸਾਥੀਓ,
ਪਿਛਲੇ 16 ਮਹੀਨਿਆਂ ਵਿੱਚ ਆਂਧਰਾ ਪ੍ਰਦੇਸ਼ ਵਿੱਚ ਵਿਕਾਸ ਦੀ ਗੱਡੀ ਤੇਜ਼ ਰਫ਼ਤਾਰ ਨਾਲ ਦੌੜ ਰਹੀ ਹੈ। ਡਬਲ ਇੰਜਨ ਦੀ ਸਰਕਾਰ ਵਿੱਚ ਬੇਮਿਸਾਲ ਤਰੱਕੀ ਹੋ ਰਹੀ ਹੈ। ਅੱਜ ਦਿੱਲੀ ਅਤੇ ਅਮਰਾਵਤੀ ਮਿਲ ਕੇ ਤੇਜ਼ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ। ਅਤੇ ਜਿਵੇਂ ਚੰਦਰਬਾਬੂ ਨੇ ਕਿਹਾ, ਇਸ ਤੇਜ਼ ਰਫ਼ਤਾਰ ਨੂੰ ਦੇਖ ਕੇ, ਮੈਂ ਕਹਿ ਸਕਦਾ ਹਾਂ ਕਿ 2047 ਵਿੱਚ ਆਜ਼ਾਦੀ ਦੇ ਜਦੋਂ 100 ਸਾਲ ਹੋਣਗੇ, ‘ਵਿਕਸਿਤ ਭਾਰਤ’ ਹੋ ਕੇ ਰਹੇਗਾ। ਹੁਣੇ ਬਾਬੂ ਨੇ ਬਹੁਤ ਹੀ ਭਾਵਨਾ ਦੇ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ, ਪਰ ਮੈਂ ਭਰੋਸੇ ਨਾਲ ਕਹਿੰਦਾ ਹਾਂ ਕਿ 21ਵੀਂ ਸਦੀ ਹਿੰਦੁਸਤਾਨ ਦੀ ਸਦੀ ਹੋਣ ਵਾਲੀ ਹੈ, 21ਵੀਂ ਸਦੀ 140 ਕਰੋੜ ਹਿੰਦੁਸਤਾਨੀਆਂ ਦੀ ਸਦੀ ਹੋਣ ਵਾਲੀ ਹੈ।
ਸਾਥੀਓ,
ਅੱਜ ਵੀ ਇੱਥੇ ਸੜਕ, ਬਿਜਲੀ, ਰੇਲਵੇ, ਹਾਈਵੇਅ ਅਤੇ ਵਪਾਰ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਪ੍ਰੋਜੈਕਟ ਸੂਬੇ ਵਿੱਚ ਕਨੈਕਟਿਵਿਟੀ ਨੂੰ ਮਜ਼ਬੂਤ ਕਰਨਗੇ, ਉਦਯੋਗ ਨੂੰ ਹੁਲਾਰਾ ਦੇਣਗੇ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਸੌਖੀ ਬਣਾਉਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਕੁਰਨੂਲ ਅਤੇ ਨੇੜੇ-ਤੇੜੇ ਦੇ ਇਲਾਕਿਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਮੈਂ ਇਨ੍ਹਾਂ ਪ੍ਰੋਜੈਕਟਾਂ ਲਈ ਸੂਬੇ ਦੇ ਸਾਰੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਕਿਸੇ ਵੀ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਊਰਜਾ ਸੁਰੱਖਿਆ ਬਹੁਤ ਜ਼ਰੂਰੀ ਹੈ। ਅੱਜ ਇੱਥੇ ਬਿਜਲੀ ਦੇ ਖੇਤਰ ਵਿੱਚ ਲਗਭਗ 3 ਹਜ਼ਾਰ ਕਰੋੜ ਰੁਪਏ ਦਾ ਟ੍ਰਾਂਸਮਿਸ਼ਨ ਪ੍ਰੋਜੈਕਟ ਸ਼ੁਰੂ ਹੋਇਆ ਹੈ। ਇਸ ਨਾਲ ਦੇਸ਼ ਦੀ ਊਰਜਾ ਸਮਰੱਥਾ ਹੋਰ ਵਧੇਗੀ।
ਸਾਥੀਓ,
ਤੇਜ਼ ਵਿਕਾਸ ਦੇ ਵਿੱਚ ਅਸੀਂ ਪੁਰਾਣੀਆਂ ਸਥਿਤੀਆਂ ਨੂੰ ਵੀ ਭੁੱਲਣਾ ਨਹੀਂ ਹੈ। 11 ਸਾਲ ਪਹਿਲਾਂ ਜਦੋਂ ਕੇਂਦਰ ਵਿੱਚ ਕਾਂਗਰਸ ਸਰਕਾਰ ਸੀ, ਉਦੋਂ ਪ੍ਰਤੀ ਵਿਅਕਤੀ ਬਿਜਲੀ ਦੀ ਖ਼ਪਤ ਔਸਤਨ 1000 ਯੂਨਿਟ ਤੋਂ ਵੀ ਘੱਟ ਸੀ। ਉਦੋਂ ਦੇਸ਼ ਨੂੰ ਬਲੈਕ-ਆਉਟਸ ਜਿਹੀਆਂ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ। ਸਾਡੇ ਪਿੰਡਾਂ ਵਿੱਚ ਬਿਜਲੀ ਦਾ ਖੰਭਾ ਵੀ ਨਹੀਂ ਲੱਗਿਆ ਸੀ। ਅੱਜ ਕਲੀਨ ਐਨਰਜੀ ਤੋਂ ਲੈ ਕੇ ਦੇਸ਼ ਦੇ ਟੋਟਲ ਐਨਰਜੀ ਪ੍ਰੋਡਕਸ਼ਨ ਤੱਕ, ਭਾਰਤ ਹਰ ਖੇਤਰ ਵਿੱਚ ਨਵੇਂ ਰਿਕਾਰਡ ਬਣਾ ਰਿਹਾ ਹੈ। ਅੱਜ ਦੇਸ਼ ਦੇ ਹਰ ਪਿੰਡ ਤੱਕ ਬਿਜਲੀ ਪਹੁੰਚ ਚੁੱਕੀ ਹੈ। ਪ੍ਰਤੀ ਵਿਅਕਤੀ ਬਿਜਲੀ ਦੀ ਵਰਤੋਂ ਵਧ ਕੇ 1400 ਯੂਨਿਟ ਹੋ ਗਈ ਹੈ। ਇੰਡਸਟਰੀ ਤੋਂ ਲੈ ਕੇ ਹਾਊਸਹੋਲਡ ਤੱਕ, ਸਾਰਿਆਂ ਨੂੰ ਢੁਕਵੀਂ ਬਿਜਲੀ ਮਿਲ ਰਹੀ ਹੈ।
ਸਾਥੀਓ,
ਦੇਸ਼ ਦੀ ਊਰਜਾ ਕ੍ਰਾਂਤੀ ਦਾ ਇੱਕ ਵੱਡਾ ਕੇਂਦਰ ਸਾਡਾ ਆਂਧਰਾ ਪ੍ਰਦੇਸ਼ ਹੈ। ਚੰਦਰਬਾਬੂ ਦੀ ਅਗਵਾਈ ਵਿੱਚ ਅੱਜ ਇੱਥੇ ਸ਼੍ਰੀਕਾਕੁਲਮ ਤੋਂ ਅਨੁਗੁਲ ਤੱਕ ਕੁਦਰਤੀ ਗੈਸ ਪਾਈਪਲਾਈਨ ਪ੍ਰੋਜੈਕਟ ਸ਼ੁਰੂ ਹੋਇਆ ਹੈ। ਇਹ ਪਾਈਪਲਾਈਨ ਲਗਭਗ 15 ਲੱਖ ਘਰਾਂ ਨੂੰ ਗੈਸ ਸਪਲਾਈ ਦੇਵੇਗੀ। ਅੱਜ ਚਿਤੂਰ ਵਿੱਚ ਐੱਲਪੀਜੀ ਬੋਟਲਿੰਗ ਪਲਾਂਟ ਸ਼ੁਰੂ ਹੋਇਆ ਹੈ। ਇਹ ਪਲਾਂਟ ਰੋਜ਼ਾਨਾ 20 ਹਜ਼ਾਰ ਸਿਲੰਡਰਾਂ ਨੂੰ ਭਰਨ ਦੀ ਸਮਰੱਥਾ ਰੱਖਦਾ ਹੈ। ਇਸ ਨਾਲ ਲੋਕਲ ਟ੍ਰਾਂਸਪੋਰਟ ਅਤੇ ਸਟੋਰੇਜ ਸੈਕਟਰ ਵਿੱਚ ਰੁਜ਼ਗਾਰ ਵਧੇਗਾ, ਨੌਜਵਾਨਾਂ ਨੂੰ ਨਵੇਂ ਮੌਕੇ ਮਿਲਣਗੇ।
ਸਾਥੀਓ,
ਵਿਕਸਿਤ ਭਾਰਤ ਦੇ ਟੀਚੇ ਤੱਕ ਤੇਜ਼ੀ ਨਾਲ ਪਹੁੰਚਣ ਲਈ ਅੱਜ ਦੇਸ਼ ਵਿੱਚ ਮਲਟੀਮੌਡਲ ਇਨਫ੍ਰਾਸਟ੍ਰਕਚਰ ਦਾ ਵਿਕਾਸ ਹੋ ਰਿਹਾ ਹੈ। ਪਿੰਡ ਤੋਂ ਸ਼ਹਿਰ ਅਤੇ ਸ਼ਹਿਰ ਤੋਂ ਬੰਦਰਗਾਹ ਤੱਕ ਕਨੈਕਟੀਵਿਟੀ ’ਤੇ ਸਾਡਾ ਬਹੁਤ ਜ਼ੋਰ ਹੈ। ਸਬਵਰਮ-ਸ਼ੀਲਾਨਗਰ ਦੇ ਵਿੱਚ ਨਵਾਂ ਹਾਈਵੇਅ ਤਿਆਰ ਹੋਣ ਨਾਲ ਕਨੈਕਟੀਵਿਟੀ ਹੋਰ ਵਧੇਗੀ। ਰੇਲਵੇ ਦੇ ਖੇਤਰ ਵਿੱਚ ਵੀ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਨਵੀਆਂ ਰੇਲ ਲਾਈਨਾਂ ਦੀ ਸ਼ੁਰੂਆਤ ਹੋਣ ਨਾਲ, ਰੇਲ ਫਲਾਈਓਵਰ ਬਣਨ ਨਾਲ, ਯਾਤਰੀਆਂ ਨੂੰ ਸਹੂਲਤ ਮਿਲੇਗੀ ਅਤੇ ਇਸ ਖੇਤਰ ਦੇ ਉਦਯੋਗਾਂ ਨੂੰ ਨਵੀਂ ਰਫ਼ਤਾਰ ਮਿਲੇਗੀ।
ਸਾਥੀਓ,
ਅੱਜ 2047 ਦੇ ਵਿਕਸਿਤ ਭਾਰਤ ਦਾ ਸੰਕਲਪ ਸਾਡੇ ਸਾਰਿਆਂ ਦੇ ਸਾਹਮਣੇ ਹੈ। ਅਤੇ ਇਸ ਸੰਕਲਪ ਨੂੰ ਸੁਨਹਿਰੀ ਆਂਧਰਾ ਦੇ ਟੀਚੇ ਨਾਲ ਨਵੀਂ ਊਰਜਾ ਮਿਲ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ, ਜਦੋਂ ਟੈਕਨੋਲੋਜੀ ਦੀ ਗੱਲ ਹੁੰਦੀ ਹੈ, ਤਾਂ ਸਾਡਾ ਆਂਧਰਾ ਅਤੇ ਇੱਥੋਂ ਦੇ ਨੌਜਵਾਨ ਬਹੁਤ ਅੱਗੇ ਰਹਿੰਦੇ ਹਨ। ਡਬਲ ਇੰਜਨ ਦੀ ਸਰਕਾਰ ਵਿੱਚ ਅਸੀਂ ਆਂਧਰਾ ਦੇ ਇਸ potential ਨੂੰ ਹੋਰ ਵਧਾ ਰਹੇ ਹਾਂ।
ਸਾਥੀਓ,
ਅੱਜ ਭਾਰਤ ਦੀ, ਅਤੇ ਆਂਧਰਾ ਪ੍ਰਦੇਸ਼ ਦੀ ਸਪੀਡ ਅਤੇ ਸਕੋਪ, ਉਸਨੂੰ ਪੂਰੀ ਦੁਨੀਆ ਦੇਖ ਰਹੀ ਹੈ। ਦੋ ਦਿਨ ਪਹਿਲਾਂ ਹੀ ਆਂਧਰਾ ਪ੍ਰਦੇਸ਼ ਵਿੱਚ ਗੂਗਲ ਨੇ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਗੂਗਲ ਇੱਥੇ ਸਾਡੇ ਆਂਧਰਾ ਪ੍ਰਦੇਸ਼ ਵਿੱਚ ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਹੱਬ ਬਣਾਉਣ ਜਾ ਰਹੀ ਹੈ। ਅਤੇ ਕੱਲ ਜਦੋਂ ਮੈਂ ਗੂਗਲ ਦੇ ਸੀਈਓ ਨਾਲ ਗੱਲ ਕਰ ਰਿਹਾ ਸੀ, ਉਨ੍ਹਾਂ ਨੇ ਮੈਨੂੰ ਕਿਹਾ ਕਿ ਅਮਰੀਕਾ ਤੋਂ ਬਾਹਰ, ਦੁਨੀਆਂ ਦੇ ਕਈ ਦੇਸ਼ਾਂ ਵਿੱਚ ਸਾਡਾ ਨਿਵੇਸ਼ ਹੈ, ਪਰ ਸਭ ਤੋਂ ਜ਼ਿਆਦਾ ਨਿਵੇਸ਼ ਅਸੀਂ ਹੁਣ ਆਂਧਰਾ ਵਿੱਚ ਕਰਨ ਜਾ ਰਹੇ ਹਾਂ। ਇਸ ਨਵੇਂ ਏਆਈ ਹੱਬ ਵਿੱਚ ਪਾਵਰਫੁਲ ਏਆਈ ਇਨਫ੍ਰਾਸਟ੍ਰਕਚਰ, ਡਾਟਾ ਸੈਂਟਰ ਕਪੈਸਿਟੀ, large-scale energy sources ਅਤੇ expanded fiber-optic network ਸ਼ਾਮਿਲ ਹੈ।
ਸਾਥੀਓ,
ਗੂਗਲ ਦੇ ਇਸ ਏਆਈ ਹੱਬ ਨਿਵੇਸ਼ ਵਿੱਚ ਇੱਕ ਨਵਾਂ International Subsea Gateway ਬਣਾਇਆ ਜਾਵੇਗਾ। ਇਸ ਵਿੱਚ ਕਈ International Sub-sea Cables ਸ਼ਾਮਿਲ ਹੋਣਗੀਆਂ, ਜੋ ਭਾਰਤ ਦੇ ਪੱਛਮੀ ਤਟ ’ਤੇ ਵਿਸ਼ਾਖਾਪਟਨਮ ਤੱਕ ਪਹੁੰਚਣਗੀਆਂ।
ਸਾਥੀਓ,
ਇਸ ਪ੍ਰੋਜੈਕਟ ਨਾਲ ਵਿਸ਼ਾਖਾਪਟਨਮ ਇੱਕ ਏਆਈ ਅਤੇ ਕਨੈਕਟਿਵਿਟੀ ਹੱਬ ਦੇ ਰੂਪ ਵਿੱਚ ਸਥਾਪਿਤ ਹੋਵੇਗਾ। ਇਹ ਸਿਰਫ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆਂ ਨੂੰ ਸੇਵਾ ਦੇਵੇਗਾ। ਮੈਂ ਇਸ ਦੇ ਲਈ ਆਂਧਰਾ ਦੇ ਲੋਕਾਂ ਨੂੰ ਖ਼ਾਸ ਵਧਾਈ ਦਿੰਦਾ ਹਾਂ ਤੇ ਚੰਦਰਬਾਬੂ ਦੇ ਵਿਜ਼ਨ ਦੀ ਬਹੁਤ ਸ਼ਲਾਘਾ ਕਰਦਾ ਹਾਂ।
ਸਾਥੀਓ,
ਭਾਰਤ ਦੇ ਵਿਕਾਸ ਲਈ ਆਂਧਰਾ ਪ੍ਰਦੇਸ਼ ਦਾ ਵਿਕਾਸ ਜ਼ਰੂਰੀ ਹੈ। ਅਤੇ ਮੈਂ ਮੰਨਦਾ ਹਾਂ, ਆਂਧਰਾ ਦੇ ਵਿਕਾਸ ਲਈ ਰੋਇਲਸੀਮਾ ਦਾ ਵਿਕਾਸ ਵੀ ਜ਼ਰੂਰੀ ਹੈ। ਅੱਜ ਕੁਰਨੂਲ ਦੀ ਜ਼ਮੀਨ ’ਤੇ ਜੋ ਕੰਮ ਸ਼ੁਰੂ ਹੋਇਆ ਹੈ, ਉਹ ਰੋਇਲਸੀਮਾ ਦੇ ਹਰ ਜ਼ਿਲ੍ਹੇ ਵਿੱਚ ਰੁਜ਼ਗਾਰ ਅਤੇ ਖ਼ੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। ਇਨ੍ਹਾਂ ਪ੍ਰੋਜੈਕਟਾਂ ਨਾਲ ਇੱਥੇ ਉਦਯੋਗਿਕ ਵਿਕਾਸ ਨੂੰ ਹੋਰ ਰਫ਼ਤਾਰ ਮਿਲੇਗੀ।
ਸਾਥੀਓ,
ਅਸੀਂ ਆਂਧਰਾ ਪ੍ਰਦੇਸ਼ ਦੇ ਤੇਜ਼ ਵਿਕਾਸ ਲਈ ਨਵੇਂ ਇੰਡਸਟਰੀਅਲ ਕੋਰੀਡੋਰ ਅਤੇ hubs ਬਣਾਉਣੇ ਹੋਣਗੇ। ਇਸ ਦੇ ਲਈ ਸਰਕਾਰ ਓਵਰਕਲ ਅਤੇ ਕੋਪਰਤੀ ਨੂੰ ਆਂਧਰਾ ਪ੍ਰਦੇਸ਼ ਦੀ ਨਵੀਂ ਉਦਯੋਗਿਕ ਪਛਾਣ ਵਜੋਂ ਵਿਕਸਿਤ ਕਰ ਰਹੀ ਹੈ। ਓਵਰਕਲ ਅਤੇ ਕੋਪਰਤੀ ਵਿੱਚ ਨਿਵੇਸ਼ ਵਧਣ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਵੀ ਲਗਾਤਾਰ ਵਧ ਰਹੇ ਹਨ।
ਸਾਥੀਓ,
ਅੱਜ ਦੁਨੀਆਂ ਭਾਰਤ ਨੂੰ 21ਵੀਂ ਸਦੀ ਦੇ ਨਵੇਂ ਮੈਨੁਫੈਕਚਰਿੰਗ ਸੈਂਟਰ ਵਜੋਂ ਦੇਖ ਰਹੀ ਹੈ। ਇਸ ਸਫ਼ਲਤਾ ਦਾ ਸਭ ਤੋਂ ਵੱਡਾ ਅਧਾਰ ਹੈ – ਆਤਮ-ਨਿਰਭਰ ਭਾਰਤ ਦਾ ਵਿਜ਼ਨ। ਸਾਡਾ ਆਂਧਰਾ ਪ੍ਰਦੇਸ਼ ਆਤਮ-ਨਿਰਭਰ ਭਾਰਤ ਦੀ ਸਫ਼ਲਤਾ ਦਾ ਇੱਕ ਪ੍ਰਮੁੱਖ ਕੇਂਦਰ ਬਣ ਰਿਹਾ ਹੈ।
ਸਾਥੀਓ,
ਕਾਂਗਰਸ ਸਰਕਾਰਾਂ ਨੇ ਆਂਧਰਾ ਪ੍ਰਦੇਸ਼ ਦੀ ਅਸਲ ਸਮਰੱਥਾ ਨੂੰ ਨਜ਼ਰਅੰਦਾਜ਼ ਕਰਕੇ ਨਾ ਸਿਰਫ਼ ਰਾਜ ਨੂੰ ਸਗੋਂ ਪੂਰੇ ਦੇਸ਼ ਨੂੰ ਨੁਕਸਾਨ ਪਹੁੰਚਾਇਆ। ਜੋ ਸੂਬਾ ਪੂਰੇ ਦੇਸ਼ ਨੂੰ ਅੱਗੇ ਲਿਜਾ ਸਕਦਾ ਸੀ, ਉਸ ਨੂੰ ਖੁਦ ਆਪਣੇ ਵਿਕਾਸ ਲਈ ਸੰਘਰਸ਼ ਕਰਨ ਦੀ ਨੌਬਤ ਆ ਗਈ। ਮੈਨੂੰ ਖ਼ੁਸ਼ੀ ਹੈ ਕਿ ਹੁਣ ਐੱਨਡੀਏ ਸਰਕਾਰ ਵਿੱਚ ਆਂਧਰਾ ਦੀ ਤਸਵੀਰ ਬਦਲ ਰਹੀ ਹੈ। ਆਂਧਰਾ ਪ੍ਰਦੇਸ਼ ਚੰਦਰਬਾਬੂ ਜੀ ਦੀ ਅਗਵਾਈ ਵਿੱਚ ਆਤਮ-ਨਿਰਭਰ ਭਾਰਤ ਦੀ ਨਵੀਂ ਤਾਕਤ ਬਣ ਰਿਹਾ ਹੈ। ਆਂਧਰਾ ਪ੍ਰਦੇਸ਼ ਵਿੱਚ ਮੈਨੁਫੈਕਚਰਿੰਗ ਤੇਜ਼ੀ ਨਾਲ ਵਧ ਰਹੀ ਹੈ। ਨਿਮਲੁਰੂ ਵਿੱਚ Advanced Night Vision Factory ਦੀ ਸ਼ੁਰੂਆਤ ਰੱਖਿਆ ਖੇਤਰ ਵਿੱਚ ਆਤਮ-ਨਿਰਭਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਸ ਫੈਕਟਰੀ ਨਾਲ Night Vision ਉਪਕਰਨਾਂ, ਮਿਸਾਈਲਾਂ ਲਈ sensors ਅਤੇ ਡ੍ਰੋਨ ਗਾਰਡ ਸਿਸਟਮ ਬਣਾਉਣ ਨਾਲ ਭਾਰਤ ਦੀ ਸਮਰੱਥਾ ਵਧੇਗੀ। ਇੱਥੇ ਬਣੇ ਉਪਕਰਨ ਭਾਰਤ ਦੇ ਡਿਫੈਂਸ ਐਕਸਪੋਰਟਸ ਨੂੰ ਵੀ ਨਵੀਆਂ ਉਚਾਈਆਂ ਦੇਣਗੇ। ਅਤੇ ਹਾਲ ਹੀ ਵਿੱਚ ਆਪਰੇਸ਼ਨ ਸਿੰਧੂਰ ਵਿੱਚ ਤਾਂ ਭਾਰਤ ਦੀਆਂ ਬਣੀਆਂ ਚੀਜ਼ਾਂ ਦੀ ਤਾਕਤ ਅਸੀਂ ਦੇਖ ਲਈ ਹੈ।
ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਆਂਧਰਾ ਸਰਕਾਰ ਨੇ ਕੁਰਨੂਲ ਨੂੰ ਭਾਰਤ ਦਾ ਡ੍ਰੋਨ ਹੱਬ ਬਣਾਉਣ ਦਾ ਸੰਕਲਪ ਲਿਆ ਹੈ। ਡ੍ਰੋਨ ਇੰਡਸਟਰੀ ਦੇ ਜ਼ਰੀਏ ਕੁਰਨੂਲ ਅਤੇ ਆਂਧਰਾ ਵਿੱਚ futuristic technologies ਨਾਲ ਜੁੜੇ ਕਈ ਨਵੇਂ ਸੈਕਟਰਾਂ ਦਾ ਵਿਕਾਸ ਹੋਵੇਗਾ। ਅਤੇ ਜਿਵੇਂ ਕਿ ਮੈਂ ਹੁਣੇ ਕਿਹਾ ਹੈ, ਆਪਰੇਸ਼ਨ ਸਿੰਧੂਰ ਵਿੱਚ ਡ੍ਰੋਨਸ ਦਾ ਕਮਾਲ ਦੁਨੀਆਂ ਨੂੰ ਵੀ ਹੈਰਾਨ ਕਰ ਗਿਆ ਹੈ। ਆਉਣ ਵਾਲੇ ਸਮੇਂ ਵਿੱਚ, ਕੁਰਨੂਲ ਡ੍ਰੋਨ ਸੈਕਟਰ ਵਿੱਚ ਦੇਸ਼ ਦੀ ਤਾਕਤ ਬਣਨ ਵਾਲਾ ਹੈ।
ਸਾਥੀਓ,
ਸਾਡੀ ਸਰਕਾਰ ਦਾ ਵਿਜ਼ਨ ਹੈ – ਨਾਗਰਿਕ ਕੇਂਦ੍ਰਿਤ ਵਿਕਾਸ! ਇਸ ਦੇ ਲਈ ਅਸੀਂ ਲਗਾਤਾਰ ਨਵੇਂ reforms ਦੇ ਜ਼ਰੀਏ ਨਾਗਰਿਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾ ਰਹੇ ਹਾਂ। ਦੇਸ਼ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ਪੂਰੀ ਤਰ੍ਹਾਂ ਨਾਲ ਟੈਕਸ ਫ੍ਰੀ ਹੋ ਚੁੱਕੀ ਹੈ। ਸਸਤੀਆਂ ਦਵਾਈਆਂ, ਸਸਤਾ ਇਲਾਜ, ਬਜ਼ੁਰਗਾਂ ਲਈ ਆਯੂਸ਼ਮਾਨ ਕਾਰਡ ਵਰਗੀਆਂ ਅਣਗਿਣਤ ਸਹੂਲਤਾਵਾਂ, ਇਨ੍ਹਾਂ ਨਾਲ ease of living ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ।
ਸਾਥੀਓ,
ਨਰਾਤਿਆਂ ਦੇ ਪਹਿਲੇ ਦਿਨ ਤੋਂ ਜੀਐੱਸਟੀ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਮੈਨੂੰ ਦੇਖ ਕੇ ਬਹੁਤ ਖ਼ੁਸ਼ੀ ਹੈ ਕਿ ਨਾਰਾ ਲੋਕੇਸ਼ ਗਾਰੂ ਦੀ ਅਗਵਾਈ ਵਿੱਚ, ਇੱਥੇ ਲੋਕ ਜੀਐੱਸਟੀ ਬੱਚਤ ਤਿਉਹਾਰ ਨੂੰ ਸੈਲੀਬ੍ਰੇਟ ਕਰ ਰਹੇ ਹਨ। ਤੁਸੀਂ ਇੰਨੀ ਸਫ਼ਲਤਾ ਨਾਲ ‘Super GST – Super Savings’ ਮੁਹਿੰਮ ਵੀ ਚਲਾ ਰਹੇ ਹੋ। ਮੈਨੂੰ ਦੱਸਿਆ ਗਿਆ ਹੈ ਕਿ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਨੈਕਸਟ ਜਨਰੇਸ਼ਨ ਜੀਐੱਸਟੀ ਰਿਫੋਰਮ ਨਾਲ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਬੱਚਤਾਂ ਹੋਣਗੀਆਂ। ਇਹ ਬੱਚਤਾਂ ਇਸ ਵਾਰ ਤਿਉਹਾਰਾਂ ਦੇ ਆਨੰਦ ਨੂੰ ਹੋਰ ਵਧਾ ਰਹੀਆਂ ਹਨ। ਪਰ ਮੇਰੀ ਇੱਕ ਬੇਨਤੀ ਵੀ ਹੈ। ਅਸੀਂ ਜੀਐੱਸਟੀ ਬੱਚਤ ਤਿਉਹਾਰ ਨੂੰ vocal for local ਦੇ ਸੰਕਲਪ ਨਾਲ ਮਨਾਉਣਾ ਹੈ।
ਸਾਥੀਓ,
ਵਿਕਸਿਤ ਆਂਧਰਾ ਨਾਲ ਹੀ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਹੋਵੇਗਾ। ਮੈਂ ਇੱਕ ਵਾਰ ਫਿਰ ਨਵੇਂ ਪ੍ਰੋਜੈਕਟਾਂ ਲਈ ਆਂਧਰਾ ਪ੍ਰਦੇਸ਼ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੇ ਨਾਲ ਬੋਲੋ - ਭਾਰਤ ਮਾਤਾ ਦੀ ਜੈ। ਇੱਥੇ ਕੋਈ ਦੋ ਬੱਚੇ ਕਦੋਂ ਤੋਂ ਉਹ ਪੇਂਟਿੰਗ ਲੈ ਕੇ ਖੜ੍ਹੇ ਹਨ, ਸਾਡੇ ਐੱਸਪੀਜੀ ਦੇ ਲੋਕ ਉਸ ਨੂੰ ਕਲੈਕਟ ਕਰ ਲੈਣ, ਉਨ੍ਹਾਂ ਤੋਂ ਕਲੈਕਟ ਕਰ ਲਓ ਉੱਥੋਂ। ਮੇਰੇ ਨਾਲ ਬੋਲੋ - ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ। ਭਾਰਤ ਮਾਤਾ ਦੀ ਜੈ।
ਬਹੁਤ-ਬਹੁਤ ਧੰਨਵਾਦ।
*****
ਐੱਮਜੇਪੀਐੱਸ/ ਐੱਸਟੀ/ ਆਰਕੇ
(रिलीज़ आईडी: 2180248)
आगंतुक पटल : 16
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam