ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦੇ ਤਹਿਤ ਸਥਾਨਕ ਪੱਧਰ 'ਤੇ ਸ਼ੁਰੂ ਕੀਤੇ ਜਾਣਗੇ ਪਸ਼ੂ ਸਿਹਤ ਮੁਹਿੰਮਾਂ: ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ


ਉੱਤਰ-ਪੂਰਬ ਨੂੰ ਮਿਲੀ ਆਪਣੀ ਪਹਿਲੀ ਪਸ਼ੂਧਨ ਆਈਵੀਐੱਫ ਪ੍ਰਯੋਗਸ਼ਾਲਾ; ਆਂਧਰਾ ਪ੍ਰਦੇਸ਼ ਵਿੱਚ ਏਕੀਕ੍ਰਿਤ ਡੇਅਰੀ ਅਤੇ ਪਸ਼ੂ ਫੀਡ ਪਲਾਂਟ ਲਈ ਨੀਂਹ ਪੱਥਰ ਰੱਖਿਆ ਗਿਆ

Posted On: 12 OCT 2025 12:26PM by PIB Chandigarh

ਭਾਰਤ ਦੇ ਪਸ਼ੂਧਨ ਅਤੇ ਡੇਅਰੀ ਖੇਤਰ ਨੂੰ ਹੁਲਾਰਾ ਦਿੰਦੇ ਹੋਏ 11 ਅਕਤੂਬਰ, 2025 ਨੂੰ ਨਵੀਂ ਦਿੱਲੀ ਵਿੱਚ 947 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਅਤੇ 219 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਨਿਵੇਸ਼ ਦੇ ਇੱਕ ਵੱਡੇ ਪੈਕੇਜ ਦਾ ਹਿੱਸਾ ਹਨ।

ਇਨ੍ਹਾਂ ਪ੍ਰੋਜੈਕਟਾਂ ਦੀਆਂ ਦੋ ਪ੍ਰਮੁੱਖ ਖੇਤੀਬਾੜੀ ਯੋਜਨਾਵਾਂ - ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ (ਪੀਐੱਮ-ਡੀਡੀਕੇਵਾਈ) ਅਤੇ ਦਾਲਾਂ ਵਿੱਚ ਆਤਮਨਿਰਭਰਤਾ ਮਿਸ਼ਨ - ਦੀ ਸ਼ੁਰੂਆਤ ਦੇ ਨਾਲ-ਨਾਲ ਰਾਸ਼ਟਰ ਨੂੰ ਸਮਰਪਿਤ ਕੀਤੇ ਗਏ ਸਨ। ਇਹ ਸ਼ੁਰੂਆਤ ਗ੍ਰਾਮੀਣ ਜੀਵਨ-ਨਿਰਬਾਹ ਨੂੰ ਮਜ਼ਬੂਤ ​​ਕਰਨ ਅਤੇ ਖੇਤੀਬਾੜੀ ਨਾਲ ਸਬੰਧਤ ਖੇਤਰਾਂ ਵਿੱਚ ਭਾਰਤ ਦੇ ਆਤਮ-ਨਿਰਭਰਤਾ ਦੇ ਟੀਚੇ ਨੂੰ ਅੱਗੇ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ (ਪੀਐੱਮ-ਡੀਡੀਕੇਵਾਈ) ਦੇ ਤਹਿਤ ਗ੍ਰਾਮੀਣ ਜੀਵਨ ਨਿਰਬਾਹ ਨੂੰ ਮਜ਼ਬੂਤ ​​ਕਰਨ ਵਿੱਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਸਹਾਇਕ ਗਤੀਵਿਧੀਆਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਸਾਡੇ ਪਸ਼ੂ ਧਨ ਨੂੰ ਧਿਆਨ ਵਿੱਚ ਰੱਖ ਕੇ ਸ਼ੁਰੂ ਕੀਤੀ ਗਈ ਹੈ। ਤੁਸੀਂ ਜਾਣਦੇ ਹੀ ਹੋ ਕਿ ਪਸ਼ੂਆਂ ਨੂੰ ਪੈਰ ਅਤੇ ਮੂੰਹ ਦੀਆਂ ਬਿਮਾਰੀ ਤੋਂ ਬਚਾਉਣ ਲਈ 125 ਕਰੋੜ ਤੋਂ ਵੱਧ ਟੀਕੇ ਮੁਫਤ ਲਗਾਏ ਗਏ ਹਨ। ਇਸ ਨਾਲ ਜਾਨਵਰ ਸਿਹਤਮੰਦ ਹੋਏ ਹਨ ਅਤੇ ਕਿਸਾਨਾਂ ਦੀਆਂ ਚਿੰਤਾਵਾਂ ਘੱਟ ਹੋਈਆਂ ਹਨ। ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ ਦੇ ਤਹਿਤ, ਸਥਾਨਕ ਪੱਧਰ 'ਤੇ ਪਸ਼ੂ ਸਿਹਤ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ।" ਪ੍ਰਧਾਨ ਮੰਤਰੀ ਨੇ ਗ੍ਰਾਮੀਣ ਖੁਸ਼ਹਾਲੀ ਲਈ ਵਿਭਿੰਨਤਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਕਿਹਾ, "ਜਿੱਥੇ ਖੇਤੀ ਸੰਭਵ ਨਹੀਂ ਹੈ, ਉੱਥੇ ਪਸ਼ੂ ਪਾਲਣ ਅਤੇ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਕਿਸਾਨਾਂ ਦੀ ਆਮਦਨ ਵਧਾਉਣ ਲਈ, ਸਾਡੀ ਸਰਕਾਰ ਉਨ੍ਹਾਂ ਨੂੰ ਰਵਾਇਤੀ ਖੇਤੀ ਤੋਂ ਇਲਾਵਾ ਵਿਕਲਪ ਪ੍ਰਦਾਨ ਕਰ ਰਹੀ ਹੈ। ਇਸ ਲਈ, ਵਾਧੂ ਆਮਦਨ ਲਈ ਪਸ਼ੂ ਪਾਲਣ, ਮੱਛੀ ਪਾਲਣ ਅਤੇ ਮਧੂ-ਮੱਖੀ ਪਾਲਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਛੋਟੇ ਕਿਸਾਨਾਂ ਅਤੇ ਭੂਮੀਹੀਣ ਪਰਿਵਾਰਾਂ ਨੂੰ ਵੀ ਸਸ਼ਕਤ ਬਣਾ ਰਿਹਾ ਹੈ।"

ਇਸ ਮੌਕੇ 'ਤੇ ਰਾਸ਼ਟਰੀ ਗੋਕੁਲ ਮਿਸ਼ਨ (ਆਰਜੀਐੱਮ) ਦੇ ਤਹਿਤ ₹28.93 ਕਰੋੜ ਦੇ ਨਿਵੇਸ਼ ਨਾਲ ਗੁਹਾਟੀ (ਅਸਾਮ) ਵਿੱਚ ਸਥਾਪਿਤ ਉੱਤਰ-ਪੂਰਬੀ ਖੇਤਰ ਦੀ ਪਹਿਲੀ ਆਈਵੀਐੱਫ ਪ੍ਰਯੋਗਸ਼ਾਲਾ ਦਾ ਉਦਘਾਟਨ ਵੀ ਕੀਤਾ ਗਿਆ। ਇਹ ਅਤਿ-ਆਧੁਨਿਕ ਸਹੂਲਤ ਉੱਤਰ-ਪੂਰਬੀ ਰਾਜਾਂ ਵਿੱਚ ਡੇਅਰੀ ਵਿਕਾਸ ਅਤੇ ਨਸਲ ਸੁਧਾਰ ਨੂੰ ਵੱਡਾ ਹੁਲਾਰਾ ਦੇਵੇਗੀ।

ਨੈਸ਼ਨਲ ਪ੍ਰੋਗਰਾਮ ਫਾਰ ਡੇਅਰੀ ਡਿਵੈਲਪਮੈਂਟ (ਐੱਨਪੀਡੀਡੀ) ਦੇ ਤਹਿਤ, ਕਈ ਵੱਡੇ ਪੱਧਰ ਦੇ ਡੇਅਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ। ਇਨ੍ਹਾਂ ਵਿੱਚ ਮਹਿਸਾਣਾ ਮਿਲਕ ਯੂਨੀਅਨ ਪ੍ਰੋਜੈਕਟ ਸ਼ਾਮਲ ਹੈ, ਜਿਸ ਵਿੱਚ ₹460 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ 120 ਮੀਟ੍ਰਿਕ ਟਨ ਪ੍ਰਤੀ ਦਿਨ ਦੁੱਧ ਪਾਊਡਰ ਪਲਾਂਟ ਅਤੇ ₹460 ਕਰੋੜ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ 3.5 ਲੱਖ ਲੀਟਰ ਪ੍ਰਤੀ ਦਿਨ ਯੂਐੱਚਟੀ ਪਲਾਂਟ ਸ਼ਾਮਲ ਹੈ। ਇਸ ਪ੍ਰੋਗਰਾਮ ਦੇ ਤਹਿਤ ਇੰਦੌਰ ਮਿਲਕ ਯੂਨੀਅਨ ਦੁਆਰਾ ₹76.50 ਕਰੋੜ ਦੀ ਲਾਗਤ ਨਾਲ ਸਥਾਪਿਤ ਕੀਤਾ ਗਿਆ 30 ਟਨ ਪ੍ਰਤੀ ਦਿਨ ਦੁੱਧ ਪਾਊਡਰ ਪਲਾਂਟ; ₹46.82 ਕਰੋੜ ਦੀ ਲਾਗਤ ਨਾਲ ਭੀਲਵਾੜਾ ਮਿਲਕ ਯੂਨੀਅਨ ਦੁਆਰਾ ਸਥਾਪਤ ਕੀਤਾ ਗਿਆ 25,000 ਲੀਟਰ ਪ੍ਰਤੀ ਦਿਨ ਯੂਐੱਚਟੀ ਪਲਾਂਟ; ਅਤੇ ₹25.45 ਕਰੋੜ ਦੀ ਲਾਗਤ ਨਾਲ ਤੇਲੰਗਾਨਾ ਦੇ ਕਰੀਮਨਗਰ ਦੇ ਨੁਸਤੁਲਪੁਰ ਵਿਖੇ ਵਿਕਸਤ ਕੀਤਾ ਗਿਆ ਇੱਕ ਗ੍ਰੀਨਫੀਲਡ ਡੇਅਰੀ ਪਲਾਂਟ ਵੀ ਸ਼ਾਮਲ ਹੈ। ਡੇਅਰੀ ਨੈੱਟਵਰਕ ਦਾ ਵਿਸਤਾਰ ਕਰਦੇ ਹੋਏ, ਐੱਨਪੀਡੀਡੀ ਦੇ ਤਹਿਤ ₹219 ਕਰੋੜ ਦੇ ਕੁੱਲ ਨਿਵੇਸ਼ ਨਾਲ, ਆਂਧਰ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਕੁੱਪਮ ਮੰਡਲ ਵਿੱਚ ਇੱਕ ਏਕੀਕ੍ਰਿਤ ਡੇਅਰੀ ਪਲਾਂਟ ਅਤੇ 200 ਟੀਪੀਡੀ ਪਸ਼ੂ ਫੀਡ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ।

ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ) ਦੇ ਤਹਿਤ, ਕਈ ਰਾਜਾਂ ਵਿੱਚ ₹303.81 ਕਰੋੜ ਦੇ 10 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਦੇਸ਼ ਵਿੱਚ ਫੀਡ, ਦੁੱਧ ਅਤੇ ਪਸ਼ੂ ਉਤਪਾਦਾਂ ਦੀ ਪ੍ਰੋਸੈਸਿੰਗ ਸਮਰੱਥਾ ਵਧੀ। ਪ੍ਰਜਨਨ ਸੇਵਾਵਾਂ ਤੱਕ ਆਖਰੀ-ਮੀਲ ਪਹੁੰਚ ਨੂੰ ਮਜ਼ਬੂਤ ​​ਕਰਨ ਲਈ, ਉੱਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਤੋਂ 2,000 ਨਵੇਂ ਟ੍ਰੇਨਿੰਗ ਪ੍ਰਾਪਤ ਅਤੇ ਹੁਨਰਮੰਦ 'ਮੈਤ੍ਰੀ' (ਗ੍ਰਾਮੀਣ ਭਾਰਤ ਵਿੱਚ ਬਹੁ-ਮੰਤਵੀ ਨਕਲੀ ਗਰਭਧਾਰਨ ਤਕਨੀਸ਼ੀਅਨ) ਨੂੰ ਰਾਸ਼ਟਰੀਯ ਗੋਕੁਲ ਮਿਸ਼ਨ ਦੇ ਤਹਿਤ ਪ੍ਰਧਾਨ ਮੰਤਰੀ ਦੁਆਰਾ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਪ੍ਰੋਗਰਾਮ ਨੇ ਪੂਰੇ ਭਾਰਤ ਵਿੱਚ 38,000 ਤੋਂ ਵੱਧ 'ਮੈਤ੍ਰੀ' ਨੂੰ ਕਵਰ ਕੀਤਾ, ਜੋ ਦੇਸ਼ ਭਰ ਵਿੱਚ ਨਕਲੀ ਗਰਭਧਾਰਨ ਕਵਰੇਜ ਅਤੇ ਪਸ਼ੂਆਂ ਦੇ ਜੈਨੇਟਿਕ ਅਪਗ੍ਰੇਡੇਸ਼ਨ ਵਿੱਚ ਸੁਧਾਰ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

ਇਹ ਪਹਿਲਕਦਮੀਆਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਏਕੀਕ੍ਰਿਤ ਅਤੇ ਟਿਕਾਊ ਵਿਕਾਸ ਰਾਹੀਂ ਕਿਸਾਨਾਂ ਲਈ ਮੌਕੇ ਵਧਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ, ਜਿਸ ਨਾਲ ਸਾਰਿਆਂ ਲਈ ਆਰਥਿਕ ਸੁਰੱਖਿਆ ਅਤੇ ਪੋਸ਼ਣ ਸੰਬੰਧੀ ਤੰਦਰੁਸਤੀ ਯਕੀਨੀ ਬਣਾਈ ਜਾ ਸਕੇ।

 ਪਸ਼ੂ ਪਾਲਣ ਅਤੇ ਡੇਅਰੀ ਪ੍ਰੋਜੈਕਟਾਂ ਦੇ ਲਾਂਚ/ਨੀਂਹ ਪੱਥਰ ਰੱਖਣ ਬਾਰੇ ਵਿਸਤ੍ਰਿਤ ਜਾਣਕਾਰੀ ਲਈ ਇੱਥੇ ਕਲਿੱਕ ਕਰੋ। 

************

 ਅਦਿਤੀ ਅਗ੍ਰਵਾਲ


(Release ID: 2178709) Visitor Counter : 4