ਪ੍ਰਧਾਨ ਮੰਤਰੀ ਦਫਤਰ
ਭਾਰਤ-ਬ੍ਰਿਟੇਨ ਸਾਂਝਾ ਬਿਆਨ
Posted On:
09 OCT 2025 3:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ 'ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਐੱਮਪੀ 08-09 ਅਕਤੂਬਰ 2025 ਤੱਕ ਭਾਰਤ ਦੇ ਅਧਿਕਾਰਤ ਦੌਰੇ 'ਤੇ ਆਏ। ਪ੍ਰਧਾਨ ਮੰਤਰੀ ਸ਼੍ਰੀ ਸਟਾਰਮਰ ਦੇ ਨਾਲ ਇੱਕ ਉੱਚ-ਪੱਧਰੀ ਵਫ਼ਦ ਵੀ ਆਇਆ ਜਿਸ ਵਿੱਚ ਵਪਾਰ ਅਤੇ ਵਣਜ ਦੇ ਰਾਜ ਸਕੱਤਰ ਅਤੇ ਬੋਰਡ ਆਫ਼ ਟ੍ਰੇਡ ਦੇ ਪ੍ਰਧਾਨ ਪੀਟਰ ਕਾਇਲ ਐੱਮਪੀ, ਸਕਾਟਲੈਂਡ ਦੇ ਰਾਜ ਸਕੱਤਰ ਡਗਲਸ ਅਲੈਗਜ਼ੈਂਡਰ ਐੱਮਪੀ, ਨਿਵੇਸ਼ ਮੰਤਰੀ ਸ਼੍ਰੀ ਜੇਸਨ ਸਟਾਕਵੁੱਡ ਅਤੇ 125 ਸੀਈਓ, ਉੱਦਮੀ, ਯੂਨੀਵਰਸਿਟੀਆਂ ਦੇ ਵਾਈਸ-ਚਾਂਸਲਰ ਅਤੇ ਸੱਭਿਆਚਾਰ ਨਾਲ ਜੁੜੇ ਪ੍ਰਮੁੱਖ ਵਿਅਕਤੀ ਸ਼ਾਮਲ ਸਨ।
ਇਹ ਪ੍ਰਧਾਨ ਮੰਤਰੀ ਸ਼੍ਰੀ ਸਟਾਰਮਰ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਇਹ ਦੌਰਾ 23-24 ਜੁਲਾਈ 2025 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਬ੍ਰਿਟੇਨ ਦੌਰੇ ਤੋਂ ਬਾਅਦ ਹੋ ਰਿਹਾ ਹੈ, ਜਿਸ ਦੌਰਾਨ ਦੋਵਾਂ ਧਿਰਾਂ ਨੇ ਇਤਿਹਾਸਕ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਟਾ) 'ਤੇ ਦਸਤਖ਼ਤ ਕੀਤੇ ਅਤੇ ਭਾਰਤ-ਬ੍ਰਿਟੇਨ ਵਿਜ਼ਨ 2035 ਅਤੇ ਇੱਕ ਰੱਖਿਆ ਉਦਯੋਗਿਕ ਰੋਡਮੈਪ ਅਪਣਾਇਆ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਨੇ 09 ਅਕਤੂਬਰ 2025 ਨੂੰ ਮੁੰਬਈ ਵਿੱਚ ਗਲੋਬਲ ਫਿਨਟੈੱਕ ਫੈਸਟ ਵਿੱਚ ਮੁੱਖ ਭਾਸ਼ਣ ਦਿੱਤਾ। ਦੋਵਾਂ ਆਗੂਆਂ ਨੇ 09 ਅਕਤੂਬਰ 2025 ਨੂੰ ਮੁੰਬਈ ਵਿੱਚ ਸੀਮਤ ਅਤੇ ਵਫ਼ਦ-ਪੱਧਰੀ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੇ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਭਾਈਵਾਲੀ ਦੇ ਸਕਾਰਾਤਮਿਕ ਦਿਸ਼ਾ ਵਿੱਚ ਅੱਗੇ ਵਧਣ 'ਤੇ ਤਸੱਲੀ ਪ੍ਰਗਟਾਈ ਅਤੇ ਆਲਮੀ ਸ਼ਾਂਤੀ, ਸਥਿਰਤਾ ਅਤੇ ਨਿਯਮ-ਅਧਾਰਤ ਕੌਮਾਂਤਰੀ ਵਿਵਸਥਾ ਲਈ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਆਪਸੀ ਹਿੱਤਾਂ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ।
ਵਿਕਾਸ
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤ-ਬ੍ਰਿਟੇਨ ਸਿਖਰ ਸੰਮੇਲਨ ਦੌਰਾਨ ਮੁੰਬਈ ਵਿੱਚ ਸੀਈਓ ਫੋਰਮ ਦੀ ਮੀਟਿੰਗ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਭਾਰਤ-ਬ੍ਰਿਟੇਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਟਾ) ਦੀ ਜਲਦ ਤੋਂ ਜਲਦ ਪ੍ਰਮਾਣਿਕਤਾ ਦੀ ਉਮੀਦ ਜਤਾਈ ਤਾਂ ਜੋ ਇਸ ਦੇ ਲਾਭਾਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਪ੍ਰਧਾਨ ਮੰਤਰੀਆਂ ਨੇ ਸੰਯੁਕਤ ਆਰਥਿਕ ਅਤੇ ਵਪਾਰ ਕਮੇਟੀ (ਜੇਈਟੀਸੀਓ) ਦੇ ਪੁਨਰਗਠਨ ਦਾ ਵੀ ਸਵਾਗਤ ਕੀਤਾ, ਜੋ ਸੀਟਾ ਦੇ ਪ੍ਰਸ਼ਾਸਨ ਅਤੇ ਵਰਤੋਂ ਵਿੱਚ ਸਹਾਇਤਾ ਕਰੇਗਾ ਅਤੇ ਸਾਡੀ ਵਿਆਪਕ ਵਪਾਰ ਅਤੇ ਨਿਵੇਸ਼ ਭਾਈਵਾਲੀ ਨੂੰ ਅੱਗੇ ਵਧਾਏਗਾ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਨਾਲ ਆਏ ਮਜ਼ਬੂਤ ਵਪਾਰਕ ਵਫ਼ਦ ਨੇ ਨਿਰਮਾਣ, ਬੁਨਿਆਦੀ ਢਾਂਚਾ ਅਤੇ ਸਵੱਛ ਊਰਜਾ, ਉੱਨਤ ਨਿਰਮਾਣ, ਰੱਖਿਆ, ਸਿੱਖਿਆ, ਖੇਡਾਂ, ਸੱਭਿਆਚਾਰ, ਵਿੱਤੀ ਅਤੇ ਪੇਸ਼ਾਵਰ ਸੇਵਾਵਾਂ, ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ, ਖਪਤਕਾਰ ਵਸਤਾਂ ਅਤੇ ਭੋਜਨ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਪ੍ਰਦਰਸ਼ਿਤ ਕੀਤਾ। ਨੀਤੀ ਆਯੋਗ ਅਤੇ ਸਿਟੀ ਆਫ਼ ਲੰਡਨ ਕਾਰਪੋਰੇਸ਼ਨ ਦਰਮਿਆਨ ਮੌਜੂਦ ਯੂਕੇ-ਇੰਡੀਆ ਇਨਫਰਾਸਟ੍ਰਕਚਰ ਫਾਈਨਾਂਸਿੰਗ ਬ੍ਰਿਜ (ਯੂਕੇਆਈਆਈਐੱਫਬੀ) ਸਥਾਈ ਵਿਕਾਸ ਦੀਆਂ ਸਾਡੀਆਂ ਸਾਂਝੀਆਂ ਇੱਛਾਵਾਂ ਦੀ ਇੱਕ ਉਦਾਹਰਨ ਹੈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਹਵਾਬਾਜ਼ੀ ਖੇਤਰ ਵਿੱਚ ਸੰਪਰਕ ਵਿੱਚ ਸੁਧਾਰ ਅਤੇ ਸਹਿਯੋਗ ਵਧਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਅਤੇ ਇਸ ਗੱਲ ਦਾ ਸਵਾਗਤ ਕੀਤਾ ਕਿ ਦੋਵੇਂ ਧਿਰਾਂ ਭਾਰਤ-ਬ੍ਰਿਟੇਨ ਹਵਾਈ ਸੇਵਾ ਸਮਝੌਤੇ ਦੇ ਨਵੀਨੀਕਰਨ ਦੇ ਨਾਲ-ਨਾਲ ਹਵਾਬਾਜ਼ੀ ਨਾਲ ਜੁੜੇ ਹੋਰ ਮਾਮਲਿਆਂ 'ਤੇ ਚਰਚਾ ਕਰ ਰਹੀਆਂ ਹਨ। ਇਹ ਦੋਵਾਂ ਦੇਸ਼ਾਂ ਨੂੰ ਏਰੋਸਪੇਸ ਖੇਤਰ ਵਿੱਚ ਹੋਰ ਨੇੜਲੇ ਸਹਿਯੋਗ ਦਾ ਮੌਕਾ ਪ੍ਰਦਾਨ ਕਰਦਾ ਹੈ।
ਤਕਨਾਲੋਜੀ ਅਤੇ ਨਵੀਨਤਾ
ਭਾਰਤ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀਆਂ ਨੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਗਤੀ ਦੇਣ, ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਆਲਮੀ ਨਵੀਨਤਾ ਦੇ ਭਵਿੱਖ ਨੂੰ ਆਕਾਰ ਦੇਣ ਲਈ ਮੋਹਰੀ ਤਕਨਾਲੋਜੀਆਂ ਦੀ ਵਰਤੋਂ ਕਰਨ ਦੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਤਿਹਾਸਕ ਤਕਨਾਲੋਜੀ ਸੁਰੱਖਿਆ ਪਹਿਲ (ਟੀਐੱਸਆਈ) ਦੇ ਅਧਾਰ 'ਤੇ ਦੋਵਾਂ ਆਗੂਆਂ ਨੇ ਦੂਰਸੰਚਾਰ, ਨਾਜ਼ੁਕ ਖਣਿਜਾਂ, ਏਆਈ ਅਤੇ ਸਿਹਤ ਤਕਨਾਲੋਜੀ ਸਮੇਤ ਨਾਜ਼ੁਕ ਅਤੇ ਉੱਭਰਦੀਆਂ ਤਕਨਾਲੋਜੀਆਂ ਵਿੱਚ ਹੋਈ ਠੋਸ ਪ੍ਰਗਤੀ ਦਾ ਸਵਾਗਤ ਕੀਤਾ।
ਟੀਐੱਸਆਈ ਦੇ ਤਹਿਤ ਦੋਵਾਂ ਆਗੂਆਂ ਨੇ ਹੇਠ ਲਿਖਿਆਂ ਦੀ ਸਥਾਪਨਾ 'ਤੇ ਖ਼ੁਸ਼ੀ ਪ੍ਰਗਟਾਈ:
* ਭਾਰਤ-ਯੂਕੇ ਕਨੈਕਟੀਵਿਟੀ ਅਤੇ ਇਨੋਵੇਸ਼ਨ ਸੈਂਟਰ, ਇੱਕ ਸਾਂਝਾ ਕੇਂਦਰ ਜੋ 6ਜੀ, ਗੈਰ-ਧਰਤੀ ਨੈੱਟਵਰਕ (ਐੱਨਟੀਐੱਨ) ਅਤੇ ਦੂਰਸੰਚਾਰ ਲਈ ਸਾਈਬਰ ਸੁਰੱਖਿਆ ਵਾਸਤੇ ਏਆਈ ਨੇਟਿਵ ਨੈੱਟਵਰਕ ਵਿਕਸਤ ਕਰਨ 'ਤੇ ਕੇਂਦਰਿਤ ਹੈ, ਜਿਸ ਦੇ ਪਹਿਲੇ ਪੜਾਅ ਵਿੱਚ ਘੱਟੋ-ਘੱਟ 24 ਮਿਲੀਅਨ ਪਾਊਂਡ ਦੀ ਸਾਂਝੀ ਫੰਡਿੰਗ ਹੋਵੇਗੀ।
* ਭਾਰਤ-ਯੂਕੇ ਸੰਯੁਕਤ ਏਆਈ ਸੈਂਟਰ, ਸਿਹਤ, ਜਲਵਾਯੂ, ਫਿਨਟੈੱਕ ਅਤੇ ਇੰਜੀਨੀਅਰਿੰਗ ਜੀਵ ਵਿਗਿਆਨ ਵਿੱਚ ਜਵਾਬਦੇਹ ਅਤੇ ਭਰੋਸੇਮੰਦ ਏਆਈ ਨੂੰ ਅੱਗੇ ਵਧਾ ਰਿਹਾ ਹੈ।
* ਯੂਕੇ-ਇੰਡੀਆ ਕ੍ਰਿਟੀਕਲ ਮਿਨਰਲਜ਼ ਪ੍ਰੋਸੈਸਿੰਗ ਐਂਡ ਡਾਊਨਸਟ੍ਰੀਮ ਕੋਲੈਬੋਰੇਸ਼ਨ ਗਿਲਡ ਠੋਸ ਭਾਈਵਾਲੀ ਦਾ ਨਿਰਮਾਣ ਕਰੇਗਾ ਜੋ ਨਾਜ਼ੁਕ ਖਣਿਜਾਂ ਦੀਆਂ ਸਪਲਾਈ ਲੜੀਆਂ ਨੂੰ ਮਜ਼ਬੂਤ ਅਤੇ ਵੰਨ-ਸੁਵੰਨਾ ਬਣਾਏਗੀ ਅਤੇ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਅਤੇ ਵਿਕਾਸ ਪ੍ਰਦਾਨ ਕਰੇਗੀ। ਉਨ੍ਹਾਂ ਨੇ ਖਣਿਜ ਕਵਰੇਜ ਦਾ ਵਿਸਤਾਰ ਕਰਨ, ਉੱਨਤ ਤਕਨਾਲੋਜੀਆਂ ਨੂੰ ਹੋਰ ਏਕੀਕ੍ਰਿਤ ਕਰਨ, ਨਵੇਂ ਦੁਵੱਲੇ ਨਿਵੇਸ਼ ਮੌਕਿਆਂ ਨੂੰ ਖੋਲ੍ਹਣ ਅਤੇ ਆਈਆਈਟੀ-ਆਈਐੱਸਐੱਮ ਧਨਬਾਦ ਵਿੱਚ ਇੱਕ ਨਵਾਂ ਸੈਟੇਲਾਈਟ ਕੈਂਪਸ ਸਥਾਪਤ ਕਰਨ ਲਈ ਯੂਕੇ-ਇੰਡੀਆ ਕ੍ਰਿਟੀਕਲ ਮਿਨਰਲਜ਼ ਸਪਲਾਈ ਚੇਨ ਆਬਜ਼ਰਵੇਟਰੀ ਦੇ ਦੂਜੇ ਪੜਾਅ ਦਾ ਐਲਾਨ ਕੀਤਾ।
ਬ੍ਰਿਟੇਨ ਅਤੇ ਭਾਰਤ ਨੇ ਸੈਂਟਰ ਫ਼ਾਰ ਪ੍ਰੋਸੈਸ ਇਨੋਵੇਸ਼ਨ (ਸੀਪੀਆਈ) ਯੂਕੇ ਅਤੇ ਭਾਰਤ ਵਿੱਚ ਬਾਇਓਟੈਕਨਾਲੋਜੀ ਰਿਸਰਚ ਐਂਡ ਇਨੋਵੇਸ਼ਨ ਕੌਂਸਲ (ਬੀਆਰਆਈਸੀ) ਅਦਾਰਿਆਂ, ਹੈਨਰੀ ਰਾਇਸ ਇੰਸਟੀਚਿਊਟ (ਐੱਚਆਰਆਈ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸਸੀ), ਆਕਸਫੋਰਡ ਨੈਨੋਪੋਰ ਟੈਕਨਾਲੋਜੀਜ਼ (ਓਐੱਨਟੀ) ਅਤੇ ਬੀਆਰਆਈਸੀ – ਸੈਂਟਰ ਫ਼ਾਰ ਡੀਐੱਨਏ ਫਿੰਗਰਪ੍ਰਿੰਟਿੰਗ ਐਂਡ ਡਾਇਗਨੌਸਟਿਕਸ (ਬੀਆਰਆਈਸੀ-ਸੀਡੀਐੱਫਡੀ) ਵਰਗੀਆਂ ਅਦਾਰਿਆਂ ਦਰਮਿਆਨ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ ਹੈ, ਤਾਂ ਜੋ ਬਾਇਓਮੈਨੂਫੈਕਚਰਿੰਗ, 3ਡੀ ਬਾਇਓਪ੍ਰਿੰਟਿੰਗ ਅਤੇ ਜੀਨੋਮਿਕਸ ਵਿੱਚ ਪਰਿਵਰਤਨਸ਼ੀਲ ਨਤੀਜੇ ਪ੍ਰਦਾਨ ਕੀਤੇ ਜਾ ਸਕਣ।
ਰੱਖਿਆ ਅਤੇ ਸੁਰੱਖਿਆ
ਦੋਵਾਂ ਆਗੂਆਂ ਨੇ ਸਾਂਝੇ ਅਭਿਆਸਾਂ, ਸਿਖਲਾਈ ਅਤੇ ਸਮਰੱਥਾ ਨਿਰਮਾਣ ਰਾਹੀਂ ਭਾਰਤ ਅਤੇ ਬ੍ਰਿਟੇਨ ਦੀਆਂ ਹਥਿਆਰਬੰਦ ਸੈਨਾਵਾਂ ਦਰਮਿਆਨ ਦੁਵੱਲੇ ਵਟਾਂਦਰੇ ਵਧਾਉਣ 'ਤੇ ਸਹਿਮਤੀ ਪ੍ਰਗਟਾਈ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਬ੍ਰਿਟੇਨ ਦੇ ਕੈਰੀਅਰ ਸਟ੍ਰਾਈਕ ਗਰੁੱਪ ਦੇ ਪੋਰਟ ਕਾਲ ਅਤੇ ਭਾਰਤੀ ਜਲ ਸੈਨਾ ਨਾਲ ਰਾਇਲ ਨੇਵੀ ਦੇ 'ਕੋਂਕਣ' ਅਭਿਆਸ ਦਾ ਸਵਾਗਤ ਕੀਤਾ। ਦੋਵਾਂ ਧਿਰਾਂ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਦੇ ਤਹਿਤ ਖੇਤਰੀ ਸਮੁੰਦਰੀ ਸੁਰੱਖਿਆ ਉੱਤਮਤਾ ਕੇਂਦਰ (ਆਰਐੱਮਐੱਸਸੀਈ) ਦੀ ਸਥਾਪਨਾ ਸਮੇਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮਜ਼ਬੂਤ ਸਮੁੰਦਰੀ ਸੁਰੱਖਿਆ ਸਹਿਯੋਗ ਲਈ ਵਚਨਬੱਧਤਾ ਪ੍ਰਗਟਾਈ।
ਸਿਖਲਾਈ ਸਹਿਯੋਗ ਦੇ ਸੰਦਰਭ ਵਿੱਚ ਦੋਵਾਂ ਆਗੂਆਂ ਨੇ ਇੱਕ ਅਜਿਹੇ ਪ੍ਰਬੰਧ, ਜਿਸ ਤਹਿਤ ਭਾਰਤੀ ਹਵਾਈ ਸੈਨਾ ਦੇ ਯੋਗ ਫਲਾਈਟ ਇੰਸਟ੍ਰਕਟਰਾਂ ਨੂੰ ਬ੍ਰਿਟੇਨ ਦੀ ਰੌਇਲ ਏਅਰ ਫੋਰਸ ਦੀ ਸਿਖਲਾਈ ਵਿੱਚ ਸ਼ਾਮਲ ਕੀਤਾ ਜਾਵੇਗਾ, ਦੇ ਨਾਲ-ਨਾਲ ਇੱਕ ਅਜਿਹੇ ਸਮਝੌਤੇ, ਜੋ ਸਾਡੇ ਮਜ਼ਬੂਤ ਸਿਖਲਾਈ ਅਤੇ ਸਿੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਏਗਾ, 'ਤੇ ਹੋਈ ਪ੍ਰਗਤੀ ਦਾ ਸਵਾਗਤ ਕੀਤਾ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਭਾਰਤੀ ਜਲ ਸੈਨਾ ਦੇ ਪਲੇਟਫ਼ਾਰਮਾਂ ਲਈ ਸਮੁੰਦਰੀ ਇਲੈਕਟ੍ਰਿਕ ਪ੍ਰੋਪਲਸ਼ਨ ਪ੍ਰਣਾਲੀਆਂ ਦੇ ਵਿਕਾਸ ਵਿੱਚ ਸਹਿਯੋਗ 'ਤੇ ਇੱਕ ਭਾਰਤ-ਬ੍ਰਿਟਿਸ਼ ਅੰਤਰ-ਸਰਕਾਰੀ ਸਮਝੌਤੇ (ਆਈਜੀਏ) ਨੂੰ ਅੰਤਿਮ ਰੂਪ ਦੇਣ ਦੇ ਇਰਾਦੇ 'ਤੇ ਖ਼ੁਸ਼ੀ ਪ੍ਰਗਟਾਈ।
ਦੋਵਾਂ ਆਗੂਆਂ ਨੇ ਲਾਈਟਵੇਟ ਮਲਟੀਰੋਲ ਮਿਜ਼ਾਈਲ (ਐੱਲਐੱਮਐੱਮ) ਪ੍ਰਣਾਲੀਆਂ ਦੀ ਸ਼ੁਰੂਆਤੀ ਸਪਲਾਈ ਵਧਾਉਣ 'ਤੇ ਸਰਕਾਰ-ਤੋਂ-ਸਰਕਾਰ ਦਰਮਿਆਨ ਸਮਝੌਤੇ ਦਾ ਵੀ ਐਲਾਨ ਕੀਤਾ। ਇਹ ਭਾਰਤ ਦੀ ਹਵਾਈ ਰੱਖਿਆ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਦੇ ਅਨੁਰੂਪ, ਭਾਰਤੀ ਰੱਖਿਆ ਮੰਤਰਾਲੇ ਦੀਆਂ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਅਤਿ-ਆਧੁਨਿਕ ਹਥਿਆਰਾਂ 'ਤੇ ਲੰਬੇ ਸਮੇਂ ਦੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਅੱਤਵਾਦ ਅਤੇ ਹਿੰਸਕ ਕੱਟੜਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਅਤੇ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਅੱਤਵਾਦ ਪ੍ਰਤੀ ਸਿਫ਼ਰ-ਸਹਿਣਸ਼ੀਲਤਾ ਅਤੇ ਸੰਯੁਕਤ ਰਾਸ਼ਟਰ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਵਿਆਪਕ ਅਤੇ ਨਿਰੰਤਰ ਤਰੀਕੇ ਨਾਲ ਅੱਤਵਾਦ ਦਾ ਮੁਕਾਬਲਾ ਕਰਨ ਲਈ ਠੋਸ ਅੰਤਰਰਾਸ਼ਟਰੀ ਯਤਨਾਂ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕੱਟੜਪੰਥ ਅਤੇ ਹਿੰਸਕ ਕੱਟੜਵਾਦ ਦਾ ਮੁਕਾਬਲਾ ਕਰਨ, ਅੱਤਵਾਦ ਦੇ ਵਿੱਤ-ਪੋਸ਼ਣ ਅਤੇ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ ਦਾ ਮੁਕਾਬਲਾ ਕਰਨ, ਅੱਤਵਾਦੀ ਉਦੇਸ਼ਾਂ ਲਈ ਨਵੀਂਆਂ ਅਤੇ ਉੱਭਰਦੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਨੂੰ ਰੋਕਣ, ਅੱਤਵਾਦੀਆਂ ਦੀ ਭਰਤੀ ਨਾਲ ਨਜਿੱਠਣ, ਸੂਚਨਾ ਸਾਂਝੀ ਕਰਨ, ਨਿਆਇਕ ਸਹਿਯੋਗ ਅਤੇ ਸਮਰੱਥਾ ਨਿਰਮਾਣ ਅਤੇ ਸੰਯੁਕਤ ਰਾਸ਼ਟਰ ਅਤੇ ਐੱਫਏਟੀਐੱਫ ਸਮੇਤ ਇਨ੍ਹਾਂ ਖੇਤਰਾਂ ਵਿੱਚ ਦੁਵੱਲੇ ਅਤੇ ਬਹੁਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਅਪ੍ਰੈਲ 2025 ਦੇ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਪਾਬੰਦੀਸ਼ੁਦਾ ਅੱਤਵਾਦੀਆਂ, ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਸਰਗਨਿਆਂ ਵਿਰੁੱਧ ਫ਼ੈਸਲਾਕੁਨ ਅਤੇ ਠੋਸ ਕਾਰਵਾਈ ਕਰਨ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਜਤਾਈ।
ਜਲਵਾਯੂ ਅਤੇ ਊਰਜਾ
ਦੋਵਾਂ ਆਗੂਆਂ ਨੇ ਨੈੱਟ-ਜ਼ੀਰੋ ਟੀਚਿਆਂ ਨੂੰ ਹਾਸਲ ਕਰਨ ਲਈ ਸਹਿਯੋਗ ਦੀ ਮਹੱਤਤਾ ਦੀ ਪੁਸ਼ਟੀ ਕੀਤੀ। ਦੋਵਾਂ ਪ੍ਰਧਾਨ ਮੰਤਰੀਆਂ ਨੇ ਜਲਵਾਯੂ ਵਿੱਤ ਨੂੰ ਵਧਾਉਣ, ਦੋਵਾਂ ਦੇਸ਼ਾਂ ਲਈ ਹਰਿਆਲੀ ਵਿਕਾਸ ਅਤੇ ਨਵੇਂ ਵਿੱਤ-ਪੋਸ਼ਣ ਦੇ ਮੌਕਿਆਂ ਨੂੰ ਖੋਲ੍ਹਣ ਦੇ ਯੋਗ ਬਣਾਉਣ ਲਈ 'ਭਾਰਤ-ਯੂਕੇ ਜਲਵਾਯੂ ਵਿੱਤ ਪਹਿਲ' ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਲਾਈਮੇਟ ਟੈੱਕ ਸਟਾਰਟ-ਅੱਪ ਫ਼ੰਡ ਵਿੱਚ ਇੱਕ ਨਵੇਂ ਸਾਂਝੇ ਨਿਵੇਸ਼ ਦਾ ਐਲਾਨ ਕੀਤਾ। ਬ੍ਰਿਟੇਨ ਸਰਕਾਰ ਅਤੇ ਭਾਰਤੀ ਸਟੇਟ ਬੈਂਕ ਦਰਮਿਆਨ ਸਮਝੌਤਾ ਪੱਤਰ ਤਹਿਤ ਇਹ ਰਣਨੀਤਕ ਪਹਿਲ, ਜਲਵਾਯੂ ਤਕਨਾਲੋਜੀ ਅਤੇ ਏਆਈ ਵਰਗੇ ਮੋਹਰੀ ਖੇਤਰਾਂ ਵਿੱਚ ਕੰਮ ਕਰ ਰਹੇ ਨਵੀਨਤਾਕਾਰੀ ਉੱਦਮੀਆਂ ਦੀ ਵੀ ਸਹਾਇਤਾ ਕਰੇਗੀ।
ਦੋਵਾਂ ਆਗੂਆਂ ਨੇ ਆਫਸ਼ੋਰ ਵਿੰਡ ਟਾਸਕਫੋਰਸ ਦੀ ਸਥਾਪਨਾ ਦਾ ਸਵਾਗਤ ਕੀਤਾ। ਉਨ੍ਹਾਂ ਨੇ ਗਲੋਬਲ ਕਲੀਨ ਐਨਰਜੀ ਪਾਰਟਨਰਸ਼ਿਪ (ਜੀਸੀਈਪੀ) ਰਾਹੀਂ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਆਪਣੀ ਇੱਛਾ ਦੁਹਰਾਈ।
ਸਿੱਖਿਆ, ਸੱਭਿਆਚਾਰ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ
ਦੋਵਾਂ ਆਗੂਆਂ ਨੇ ਦੁਵੱਲੇ ਸਬੰਧਾਂ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਨੌਜਵਾਨ, ਸਭਿਆਚਾਰਕ ਅਤੇ ਵਿੱਦਿਅਕ ਵਟਾਂਦਰੇ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਹਿਲੇ ਸਾਲਾਨਾ ਮੰਤਰੀ-ਪੱਧਰੀ ਰਣਨੀਤਕ ਸਿੱਖਿਆ ਸੰਵਾਦ ਅਤੇ ਮਈ 2025 ਵਿੱਚ ਦੋਵਾਂ ਸੱਭਿਆਚਾਰਕ ਮੰਤਰੀਆਂ ਵੱਲੋਂ ਦਸਤਖ਼ਤ ਕੀਤੇ ਗਏ ਸੱਭਿਆਚਾਰਕ ਸਹਿਯੋਗ ਪ੍ਰੋਗਰਾਮ ਨੂੰ ਲਾਗੂ ਕਰਨ ਪ੍ਰਤੀ ਵਚਨਬੱਧਤਾ ਪ੍ਰਗਟਾਈ।
ਸਿੱਖਿਆ ਨੂੰ ਦੁਵੱਲੇ ਸਹਿਯੋਗ ਦਾ ਇੱਕ ਪ੍ਰਮੁੱਖ ਖੇਤਰ ਮੰਨਦੇ ਹੋਏ, ਦੋਵਾਂ ਧਿਰਾਂ ਨੇ ਭਾਰਤ ਵਿੱਚ ਬ੍ਰਿਟੇਨ ਦੀਆਂ ਨੌਂ ਪ੍ਰਮੁੱਖ ਯੂਨੀਵਰਸਿਟੀਆਂ ਦੇ ਕੈਂਪਸ ਖੋਲ੍ਹਣ ਦੀ ਪ੍ਰਗਤੀ 'ਤੇ ਖ਼ੁਸ਼ੀ ਪ੍ਰਗਟਾਈ। ਸਾਊਥੈਂਪਟਨ ਯੂਨੀਵਰਸਿਟੀ ਨੇ ਗੁਰੂਗ੍ਰਾਮ ਸਥਿਤ ਆਪਣੇ ਕੈਂਪਸ ਵਿੱਚ ਭਾਰਤੀ ਵਿਦਿਆਰਥੀਆਂ ਦੇ ਪਹਿਲੇ ਗਰੁੱਪ ਦਾ ਸਵਾਗਤ ਕੀਤਾ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਭਾਰਤ ਵਿੱਚ ਲਿਵਰਪੂਲ ਯੂਨੀਵਰਸਿਟੀ, ਯਾਰਕ ਯੂਨੀਵਰਸਿਟੀ, ਐਬਰਡੀਨ ਯੂਨੀਵਰਸਿਟੀ ਅਤੇ ਬ੍ਰਿਸਟਲ ਯੂਨੀਵਰਸਿਟੀ ਦੇ ਸ਼ਾਖਾ ਕੈਂਪਸਾਂ ਦੀ ਸਥਾਪਨਾ ਲਈ ਇਰਾਦਾ ਪੱਤਰ (ਐੱਲਓਆਈ) ਵੀ ਸੌਂਪੇ ਹਨ। ਇਸ ਤੋਂ ਇਲਾਵਾ, ਬੇਲਫਾਸਟ ਦੀ ਕਵੀਨਜ਼ ਯੂਨੀਵਰਸਿਟੀ ਅਤੇ ਕੌਵੈਂਟਰੀ ਯੂਨੀਵਰਸਿਟੀ ਨੂੰ ਗਿਫਟ ਸਿਟੀ ਵਿੱਚ ਆਪਣੇ ਸ਼ਾਖਾ ਕੈਂਪਸ ਖੋਲ੍ਹਣ ਲਈ ਅਧਿਕਾਰਤ ਕੀਤਾ ਗਿਆ ਹੈ। ਦੌਰੇ ਦੌਰਾਨ, ਭਾਰਤੀ ਅਧਿਕਾਰੀਆਂ ਨੇ ਬੰਗਲੌਰ ਵਿੱਚ ਲੈਨਕੈਸਟਰ ਯੂਨੀਵਰਸਿਟੀ ਦਾ ਕੈਂਪਸ ਖੋਲ੍ਹਣ ਲਈ ਇਰਾਦਾ ਪੱਤਰ ਵੀ ਸੌਂਪਿਆ ਅਤੇ ਗਿਫਟ ਸਿਟੀ ਵਿੱਚ ਸਰ੍ਹੀ ਯੂਨੀਵਰਸਿਟੀ ਦਾ ਕੈਂਪਸ ਖੋਲ੍ਹਣ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦਿੱਤੀ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ (ਐੱਮਐੱਮਪੀ) ਨੂੰ ਲਾਗੂ ਕਰਨਾ ਜਾਰੀ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਅਨਿਯਮਿਤ ਪ੍ਰਵਾਸ ਨੂੰ ਰੋਕਣ ਲਈ ਸਹਿਯੋਗ ਵਿੱਚ ਪ੍ਰਗਤੀ 'ਤੇ ਧਿਆਨ ਦਿੰਦਿਆਂ ਦੋਵਾਂ ਧਿਰਾਂ ਨੇ ਇਸ ਖੇਤਰ ਵਿੱਚ ਸਹਿਯੋਗ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।
ਦੋਵਾਂ ਆਗੂਆਂ ਨੇ ਬ੍ਰਿਟੇਨ ਵਿੱਚ ਭਾਰਤੀ ਪ੍ਰਵਾਸੀਆਂ ਨੂੰ ਦੋਵਾਂ ਦੇਸ਼ਾਂ ਦਰਮਿਆਨ ਇੱਕ ਜੀਵਤ ਪੁਲ ਵਜੋਂ ਮਾਨਤਾ ਦਿੱਤੀ ਅਤੇ ਦੁਵੱਲੇ ਆਰਥਿਕ, ਸੱਭਿਆਚਾਰਕ ਅਤੇ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਦੋਵਾਂ ਆਗੂਆਂ ਨੇ ਸੱਭਿਆਚਾਰ, ਰਚਨਾਤਮਕ ਉਦਯੋਗਾਂ, ਕਲਾ, ਸੈਰ-ਸਪਾਟਾ ਅਤੇ ਖੇਡਾਂ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦੀ ਪ੍ਰਤਿਭਾ ਨੂੰ ਇਕੱਠੇ ਲਿਆਉਣ ਲਈ ਬ੍ਰਿਟੇਨ-ਭਾਰਤ ਸੱਭਿਆਚਾਰਕ ਸਹਿਯੋਗ ਪ੍ਰੋਗਰਾਮ ਦੀ ਸਮਰੱਥਾ ਨੂੰ ਸਵੀਕਾਰ ਕੀਤਾ।
ਖੇਤਰੀ ਅਤੇ ਬਹੁਪੱਖੀ ਸਹਿਯੋਗ
ਦੋਵਾਂ ਪ੍ਰਧਾਨ ਮੰਤਰੀਆਂ ਨੇ ਆਲਮੀ ਸ਼ਾਂਤੀ, ਖ਼ੁਸ਼ਹਾਲੀ ਅਤੇ ਨਿਯਮ-ਅਧਾਰਤ ਅੰਤਰਰਾਸ਼ਟਰੀ ਵਿਵਸਥਾ ਲਈ ਆਪਣੀ ਸਾਂਝੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਦੇ ਸੁਧਾਰ ਸਮੇਤ ਸੁਧਰੇ ਹੋਏ ਬਹੁਪੱਖੀਵਾਦ ਨੂੰ ਉਤਸ਼ਾਹਿਤ ਕਰਨ ਵਿੱਚ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਜਤਾਈ। ਬ੍ਰਿਟੇਨ ਨੇ ਇੱਕ ਸੁਧਰੀ ਹੋਈ ਯੂਐੱਨਐੱਸਸੀ ਵਿੱਚ ਸਥਾਈ ਮੈਂਬਰਸ਼ਿਪ ਲਈ ਭਾਰਤ ਦੀਆਂ ਜਾਇਜ਼ ਇੱਛਾਵਾਂ ਲਈ ਆਪਣੇ ਲੰਬੇ ਸਮੇਂ ਦੇ ਸਮਰਥਨ ਨੂੰ ਦੁਹਰਾਇਆ।
ਦੋਵਾਂ ਆਗੂਆਂ ਨੇ ਸਵੀਕਾਰ ਕੀਤਾ ਕਿ ਰਾਸ਼ਟਰਮੰਡਲ ਨਾਲ ਜੁੜੇ ਵੱਖ-ਵੱਖ ਭੂਗੋਲਿਕ ਖੇਤਰਾਂ ਵਿੱਚ ਫੈਲੇ 2.5 ਬਿਲੀਅਨ ਲੋਕਾਂ ਦੀਆਂ ਸਾਂਝੀਆਂ ਕਦਰਾਂ-ਕੀਮਤਾਂ ਇਸ ਦੀ ਤਾਕਤ ਹਨ। ਉਨ੍ਹਾਂ ਨੇ ਰਾਸ਼ਟਰਮੰਡਲ ਸੰਗਠਨ ਦੀ ਨਵੀਂ ਲੀਡਰਸ਼ਿਪ ਨਾਲ ਜਲਵਾਯੂ ਪਰਿਵਰਤਨ, ਸਥਾਈ ਵਿਕਾਸ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ।
ਦੋਵਾਂ ਪ੍ਰਧਾਨ ਮੰਤਰੀਆਂ ਨੇ ਸੰਯੁਕਤ ਰਾਸ਼ਟਰ ਚਾਰਟਰ ਸਮੇਤ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਯੂਕਰੇਨ ਵਿੱਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਲਈ ਸਮਰਥਨ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਵੱਖ-ਵੱਖ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਕੂਟਨੀਤਕ ਯਤਨਾਂ ਦਾ ਸਵਾਗਤ ਕੀਤਾ।
ਉਨ੍ਹਾਂ ਨੇ ਮੱਧ ਪੂਰਬ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਆਪਣੀ ਵਚਨਬੱਧਤਾ ਦੁਹਰਾਈ, ਸੰਜਮ ਵਰਤਣ, ਨਾਗਰਿਕਾਂ ਦੀ ਸੁਰੱਖਿਆ ਅਤੇ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਅਤੇ ਅਜਿਹੀਆਂ ਕਾਰਵਾਈਆਂ ਤੋਂ ਪਰਹੇਜ਼ ਕਰਨ ਲਈ ਕਿਹਾ ਜੋ ਸਥਿਤੀ ਨੂੰ ਹੋਰ ਵਿਗਾੜ ਸਕਦੀਆਂ ਹਨ ਅਤੇ ਖੇਤਰੀ ਸਥਿਰਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਉਨ੍ਹਾਂ ਨੇ ਗਾਜ਼ਾ ਲਈ ਅਮਰੀਕੀ ਸ਼ਾਂਤੀ ਯੋਜਨਾ ਲਈ ਆਪਣਾ ਸਮਰਥਨ ਅਤੇ ਤੁਰੰਤ ਅਤੇ ਸਥਾਈ ਜੰਗਬੰਦੀ ਯਕੀਨੀ ਬਣਾਉਣ, ਬੰਧਕਾਂ ਦੀ ਰਿਹਾਈ ਅਤੇ ਮਨੁੱਖੀ ਸਹਾਇਤਾ ਪਹੁੰਚਾਉਣ ਲਈ ਖੇਤਰੀ ਭਾਈਵਾਲਾਂ ਨਾਲ ਕੰਮ ਕਰਨ ਦੀ ਆਪਣੀ ਵਚਨਬੱਧਤਾ ਅਤੇ ਇੱਕ ਵਿਵਹਾਰਕ ਫ਼ਲਸਤੀਨ ਦੇ ਨਾਲ-ਨਾਲ ਇੱਕ ਸੁਰੱਖਿਅਤ ਇਜ਼ਰਾਈਲ ਦੇ ਨਾਲ ਟੂ-ਸਟੇਟ ਹੱਲ ਦੀ ਦਿਸ਼ਾ ਵਿੱਚ ਕਦਮ ਵਜੋਂ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਲਈ ਆਪਣੀ ਸਾਂਝੀ ਵਚਨਬੱਧਤਾ ਪ੍ਰਗਟਾਈ।
ਪ੍ਰਧਾਨ ਮੰਤਰੀ ਸਟਾਰਮਰ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਵਫ਼ਦ ਦੇ ਮੈਂਬਰਾਂ ਨੂੰ ਦਿੱਤੀ ਗਈ ਨਿੱਘੀ ਮਹਿਮਾਨਨਿਵਾਜ਼ੀ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੌਰੇ ਨੇ ਭਾਰਤ-ਬ੍ਰਿਟੇਨ ਵਿਆਪਕ ਰਣਨੀਤਕ ਭਾਈਵਾਲੀ ਦੇ ਮਜ਼ਬੂਤ ਵਿਕਾਸ ਅਤੇ ਸਕਾਰਾਤਮਕ ਪ੍ਰਗਤੀ ਦੀ ਪੁਸ਼ਟੀ ਕੀਤੀ, ਜੋ ਦੋਵਾਂ ਦੇਸ਼ਾਂ ਦਰਮਿਆਨ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਡੂੰਘੇ ਅਤੇ ਸਥਾਈ ਦੋਸਤਾਨਾ ਸਬੰਧਾਂ 'ਤੇ ਆਧਾਰਤ ਹੈ।
*************
ਐੱਮਜੇਪੀਐੱਸ/ਐੱਸਟੀ
(Release ID: 2177239)
Visitor Counter : 16
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam