ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਰਾਜ ਸਭਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਦਨ ਦੇ ਆਗੂਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕੀਤੀ


ਸੰਵਾਦ, ਵਿਚਾਰ-ਵਟਾਂਦਰਾ, ਬਹਿਸ ਅਤੇ ਚਰਚਾ ਸੰਸਦੀ ਲੋਕਤੰਤਰ ਦੇ ਮੂਲ ਸਿਧਾਂਤ ਹਨ: ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ

ਸੰਸਦ ਮੈਂਬਰਾਂ ਨੂੰ ਲੋਕ ਮਹੱਤਵ ਦੇ ਮੁੱਦਿਆਂ ਨੂੰ ਚੁੱਕਣ ਲਈ ਸਿਫ਼ਰ ਕਾਲ, ਵਿਸ਼ੇਸ਼-ਜ਼ਿਕਰ ਅਤੇ ਪ੍ਰਸ਼ਨ ਕਾਲ ਵਰਗੇ ਉਪਲਬਧ ਸਾਧਨਾਂ ਦੀ ਪੂਰੀ ਵਰਤੋਂ ਕਰਨ ਦੀ ਅਪੀਲ ਕੀਤੀ

ਭਾਰਤ ਦਾ ਸੰਵਿਧਾਨ ਅਤੇ ਰਾਜ ਸਭਾ ਦੇ ਨਿਯਮ ਸੰਸਦੀ ਵਿਚਾਰ-ਵਟਾਂਦਰੇ ਲਈ ਲਕਸ਼ਮਣ ਰੇਖਾ ਨਿਰਧਾਰਤ ਕਰਦੇ ਹਨ: ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ

ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਨੇ ਲਕਸ਼ਮਣ ਰੇਖਾ ਦੇ ਅੰਦਰ ਸਾਰੇ ਮੈਂਬਰਾਂ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ

ਸਦਨ ਵਿੱਚ ਹਰ ਦਿਨ, ਹਰ ਘੰਟੇ, ਹਰ ਮਿੰਟ, ਹਰ ਸਕਿੰਟ ਦੀ ਵਰਤੋਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਣੀ ਚਾਹੀਦੀ ਹੈ

Posted On: 07 OCT 2025 8:22PM by PIB Chandigarh

ਮਾਣਯੋਗ ਉਪ-ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀ. ਪੀ. ਰਾਧਾਕ੍ਰਿਸ਼ਨਨ ਨੇ ਅੱਜ ਰਾਜ ਸਭਾ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਦਨ ਦੇ ਆਗੂਆਂ ਨਾਲ ਆਪਣੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਮੰਤਰੀਆਂ ਸਮੇਤ ਸਦਨ ਦੇ 29 ਆਗੂਆਂ ਦਾ ਸਵਾਗਤ ਕਰਦਿਆਂ ਚੇਅਰਮੈਨ ਨੇ ਉਨ੍ਹਾਂ ਦੇ ਅਹੁਦਾ ਸੰਭਾਲਣ ’ਤੇ ਮਿਲੇ ਭਰਵੇਂ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਇਕੱਠੇ ਹੋਏ।

ਆਪਣੇ ਉਦਘਾਟਨੀ ਭਾਸ਼ਣ ਵਿੱਚ ਚੇਅਰਮੈਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਰਾਜ ਸਭਾ ਨੂੰ ਉਸ ਮਾਣ, ਅਨੁਸ਼ਾਸਨ ਅਤੇ ਮਰਿਆਦਾ ਨਾਲ ਕੰਮ ਕਰਨਾ ਚਾਹੀਦਾ ਹੈ, ਜਿਸ ਦੀ ਉਹ ਹੱਕਦਾਰ ਹੈ। ਉਨ੍ਹਾਂ ਨੇ ਉਭਾਰਿਆ ਕਿ ਸੰਵਾਦ, ਵਿਚਾਰ-ਵਟਾਂਦਰਾ, ਬਹਿਸ ਅਤੇ ਚਰਚਾ ਸੰਸਦੀ ਲੋਕਤੰਤਰ ਦੇ ਮੂਲ ਸਿਧਾਂਤ ਹਨ।

ਮੈਂਬਰਾਂ ਨੂੰ ਲੋਕਾਂ ਦੇ ਸਰੋਕਾਰਾਂ ਦੇ ਮੁੱਦੇ ਚੁੱਕਣ ਲਈ ਉਪਲਬਧ ਮੌਕਿਆਂ ’ਤੇ ਚਾਨਣਾ ਪਾਉਂਦਿਆਂ ਚੇਅਰਮੈਨ ਨੇ ਸਿਫ਼ਰ ਕਾਲ, ਵਿਸ਼ੇਸ਼-ਜ਼ਿਕਰ ਅਤੇ ਪ੍ਰਸ਼ਨ ਕਾਲ ਨੂੰ ਮਹੱਤਵਪੂਰਨ ਸਾਧਨ ਦੱਸਿਆ, ਜੋ ਮੈਂਬਰਾਂ ਨੂੰ ਤੁਰੰਤ ਲੋਕ ਮਹੱਤਵ ਦੇ ਮੁੱਦਿਆਂ ਨੂੰ ਚੁੱਕਣ ਦੀ ਇਜਾਜ਼ਤ ਦਿੰਦੇ ਹਨ।

ਉਨ੍ਹਾਂ ਨੇ ਮੈਂਬਰਾਂ ਨੂੰ ਯਾਦ ਦਿਵਾਇਆ ਕਿ ਭਾਰਤ ਦਾ ਸੰਵਿਧਾਨ ਅਤੇ ਰਾਜ ਸਭਾ ਦੇ ਨਿਯਮ ਸੰਸਦੀ ਵਿਚਾਰ-ਵਟਾਂਦਰੇ ਲਈ ਮਾਰਗਦਰਸ਼ਕ ਢਾਂਚੇ—ਲਕਸ਼ਮਣ ਰੇਖਾ—ਵਜੋਂ ਕੰਮ ਕਰਦੇ ਹਨ। ਚੇਅਰਮੈਨ ਨੇ ਇਸ ਢਾਂਚੇ ਦੇ ਅੰਦਰ ਸਾਰੇ ਮੈਂਬਰਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਅਤੇ ਨਾਲ ਹੀ ਸਦਨ ਦੀ ਪਵਿੱਤਰਤਾ ਬਣਾਈ ਰੱਖਣ ਦੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਸਾਰੇ ਮੈਂਬਰਾਂ ਨੂੰ ਲੋਕ-ਲੰਤਰੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਸਦਨ ਦੇ ਹਰ ਦਿਨ, ਹਰ ਘੰਟੇ, ਹਰ ਮਿੰਟ ਅਤੇ ਹਰ ਸਕਿੰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ।

ਸਦਨ ਦੇ ਮਾਣਯੋਗ ਨੇਤਾ ਨੇ ਵਿਚਾਰ ਸਾਂਝੇ ਕੀਤੇ, ਜਿਸ ਤੋਂ ਬਾਅਦ ਹੋਰ ਆਗੂਆਂ ਨੇ ਵੀ ਆਪਣੀ ਗੱਲ ਰੱਖੀ। ਸਦਨ ਦੇ ਨੇਤਾ ਨੇ ਸਦਨ ਦੀ ਕਾਰਵਾਈ ਚਲਾਉਂਦੇ ਸਮੇਂ ਸੰਸਦੀ ਪ੍ਰਕਿਰਿਆ ਦੀਆਂ ਉੱਚ ਪਰੰਪਰਾਵਾਂ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ ਅਤੇ ਕਾਰਵਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਯਕੀਨੀ ਬਣਾਉਣ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਦਨ ਨੂੰ ਚਲਾਉਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦੀ ਪੇਸ਼ਕਸ਼ ਕਰਦਿਆਂ ਮਾਣਯੋਗ ਚੇਅਰਮੈਨ ਨੂੰ ਬੇਨਤੀ ਕੀਤੀ ਕਿ ਉਹ ਵਿਰੋਧੀ ਪਾਰਟੀਆਂ ਨੂੰ ਸਦਨ ਵਿੱਚ ਵੱਖ-ਵੱਖ ਸੰਸਦੀ ਹੱਲ ਜਿਵੇਂ ਕਿ ਸਿਫ਼ਰ ਕਾਲ, ਪ੍ਰਸ਼ਨ ਕਾਲ, ਪ੍ਰਾਈਵੇਟ ਮੈਂਬਰ ਬਿਜ਼ਨਸ (ਪੀ.ਐੱਮ.ਬੀ.), ਥੋੜ੍ਹੇ ਸਮੇਂ ਦੀ ਚਰਚਾ (ਐੱਸ.ਡੀ.ਡੀ.), ਧਿਆਨ ਦਿਵਾਊ ਨੋਟਿਸ (ਸੀ.ਏ.ਐੱਨ.) ਆਦਿ ਰਾਹੀਂ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਣ। ਇਹ ਸੁਝਾਅ ਦਿੱਤਾ ਗਿਆ ਕਿ ਹਰ ਪਾਰਟੀ ਨੂੰ ਉਚਿਤ ਸਮਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਛੋਟੀਆਂ ਪਾਰਟੀਆਂ ਆਪਣੀ ਸੀਮਤ ਗਿਣਤੀ ਕਾਰਨ ਪਿੱਛੇ ਨਾ ਰਹਿ ਜਾਣ, ਜਿਸ ’ਤੇ ਮਾਣਯੋਗ ਚੇਅਰਮੈਨ ਨੇ ਭਰੋਸਾ ਦਿਵਾਇਆ ਕਿ ਉਹ ਇਸ ’ਤੇ ਵਿਚਾਰ ਕਰਨਗੇ।

ਇਹ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਸਮਾਪਤ ਹੋਈ ਅਤੇ ਇਸ ਵਿੱਚ ਸਦਨਾਂ ਦੇ ਸਾਰੇ ਆਗੂਆਂ ਨੇ ਹਿੱਸਾ ਲਿਆ। ਆਪਣੀ ਗੱਲ ਸਮਾਪਤ ਕਰਦਿਆਂ ਚੇਅਰਮੈਨ ਨੇ ਆਗਾਮੀ ਸਰਦ ਰੁੱਤ ਸੈਸ਼ਨ ਨੂੰ ਸਮੂਹਿਕ ਯਤਨਾਂ ਅਤੇ ਸਾਰਥਕ ਵਿਚਾਰ-ਵਟਾਂਦਰੇ ਦਾ ਇੱਕ ਮੌਕਾ ਦੱਸਿਆ। ਉਨ੍ਹਾਂ ਭਰੋਸਾ ਦਿੱਤਾ ਕਿ ਮੈਂਬਰਾਂ ਵੱਲੋਂ ਦਿੱਤੇ ਗਏ ਸਾਰੇ ਕੀਮਤੀ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਸਾਰੇ ਮੈਂਬਰਾਂ ਦਾ ਹਿੱਸਾ ਲੈਣ ਲਈ ਧੰਨਵਾਦ ਕੀਤਾ।

************

ਪੀਆਰ/ਏਆਰ


(Release ID: 2176357) ਵਿਜ਼ੀਟਰ ਕਾਊਂਟਰ : 34