ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੇ 126ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ (28.09.2025)
Posted On:
28 SEP 2025 11:48AM by PIB Chandigarh
ਮੇਰੇ ਪਿਆਰੇ ਦੇਸ ਵਾਸੀਓ,
‘ਮਨ ਕੀ ਬਾਤ’ ਵਿੱਚ ਤੁਹਾਡੇ ਸਾਰਿਆਂ ਨਾਲ ਜੁੜਨਾ, ਤੁਹਾਡੇ ਸਾਰਿਆਂ ਕੋਲੋਂ ਸਿੱਖਣਾ, ਦੇਸ਼ ਦੇ ਲੋਕਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਨਾ ਵਾਕਿਆ ਹੀ ਬਹੁਤ ਸੁਖਦ ਅਨੁਭਵ ਦਿੰਦਾ ਹੈ। ਇਕ-ਦੂਜੇ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਹੋਏ, ਆਪਣੀ ‘ਮਨ ਕੀ ਬਾਤ’ ਕਰਦੇ ਹੋਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਇਸ ਪ੍ਰੋਗਰਾਮ ਨੇ 125 ਐਪੀਸੋਡ ਪੂਰੇ ਕਰ ਲਏ। ਅੱਜ ਇਸ ਪ੍ਰੋਗਰਾਮ ਦਾ 126ਵਾਂ ਐਪੀਸੋਡ ਹੈ ਅਤੇ ਅੱਜ ਦੇ ਦਿਨ ਨਾਲ ਕੁਝ ਵਿਸ਼ੇਸ਼ਤਾਵਾਂ ਵੀ ਜੁੜੀਆਂ ਹਨ। ਅੱਜ ਭਾਰਤ ਦੀਆਂ ਦੋ ਮਹਾਨ ਸ਼ਖ਼ਸੀਅਤਾਂ ਦੀ ਜਯੰਤੀ ਹੈ। ਮੈਂ ਗੱਲ ਕਰ ਰਿਹਾ ਹਾਂ ਸ਼ਹੀਦ ਭਗਤ ਸਿੰਘ ਅਤੇ ਲਤਾ ਦੀਦੀ ਦੀ।
ਸਾਥੀਓ,
ਅਮਰ ਸ਼ਹੀਦ ਭਗਤ ਸਿੰਘ, ਹਰ ਭਾਰਤ ਵਾਸੀ ਖ਼ਾਸ ਕਰਕੇ ਦੇਸ਼ ਦੇ ਨੌਜਵਾਨਾਂ ਦੇ ਲਈ ਇਕ ਪ੍ਰੇਰਨਾ ਸਰੋਤ ਹੈ। ਨਿਡਰਤਾ ਉਨ੍ਹਾਂ ਦੇ ਸੁਭਾਅ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਸੀ। ਦੇਸ਼ ਦੇ ਲਈ ਫਾਂਸੀ ਦੇ ਤਖ਼ਤੇ ’ਤੇ ਚੜ੍ਹਨ ਤੋਂ ਪਹਿਲਾਂ ਭਗਤ ਸਿੰਘ ਜੀ ਨੇ ਅੰਗਰੇਜ਼ਾਂ ਨੂੰ ਇੱਕ ਪੱਤਰ ਵੀ ਲਿਖਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਅਤੇ ਮੇਰੇ ਸਾਥੀਆਂ ਨਾਲ ਯੁੱਧਬੰਦੀ ਵਰਗਾ ਵਿਵਹਾਰ ਕਰੋ। ਇਸ ਲਈ ਸਾਡੀ ਜਾਨ ਫਾਂਸੀ ਨਾਲ ਨਹੀਂ, ਸਿੱਧੀ ਗੋਲੀ ਮਾਰ ਕੇ ਲਈ ਜਾਵੇ। ਇਹ ਉਨ੍ਹਾਂ ਦੇ ਅਨੋਖੇ ਹੌਂਸਲੇ ਦਾ ਸਬੂਤ ਹੈ। ਭਗਤ ਸਿੰਘ ਜੀ ਲੋਕਾਂ ਦੀ ਪੀੜ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ ਅਤੇ ਉਨ੍ਹਾਂ ਦੀ ਮਦਦ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ। ਮੈਂ ਸ਼ਹੀਦ ਭਗਤ ਸਿੰਘ ਜੀ ਨੂੰ ਆਦਰ ਨਾਲ ਸ਼ਰਧਾਂਜਲੀ ਅਰਪਿਤ ਕਰਦਾ ਹਾਂ।
ਸਾਥੀਓ,
ਅੱਜ ਲਤਾ ਮੰਗੇਸ਼ਕਰ ਦੀ ਵੀ ਜਯੰਤੀ ਹੈ। ਭਾਰਤੀ ਸੰਸਕ੍ਰਿਤੀ ਅਤੇ ਸੰਗੀਤ ਵਿੱਚ ਰੁਚੀ ਰੱਖਣ ਵਾਲਾ ਕੋਈ ਵੀ ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਧੰਨ ਹੋਏ ਬਿਨਾਂ ਨਹੀਂ ਰਹਿ ਸਕਦਾ। ਉਨ੍ਹਾਂ ਦੇ ਗੀਤਾਂ ਵਿੱਚ ਉਹ ਸਭ ਕੁਝ ਹੈ, ਜੋ ਮਨੁੱਖੀ ਸੰਵੇਦਨਾਵਾਂ ਨੂੰ ਝੰਜੋੜਦਾ ਹੈ। ਉਨ੍ਹਾਂ ਨੇ ਦੇਸ਼ ਭਗਤੀ ਦੇ ਜੋ ਗੀਤ ਗਾਏ, ਉਨ੍ਹਾਂ ਗੀਤਾਂ ਨੇ ਲੋਕਾਂ ਨੂੰ ਬਹੁਤ ਪ੍ਰੇਰਿਤ ਕੀਤਾ। ਭਾਰਤ ਦੀ ਸੰਸਕ੍ਰਿਤੀ ਨਾਲ ਵੀ ਉਨ੍ਹਾਂ ਦਾ ਡੂੰਘਾ ਰਿਸ਼ਤਾ ਸੀ। ਮੈਂ ਲਤਾ ਦੀਦੀ ਦੇ ਲਈ ਦਿਲੋਂ ਆਪਣੀ ਸ਼ਰਧਾਂਜਲੀ ਪ੍ਰਗਟ ਕਰਦਾ ਹਾਂ। ਸਾਥੀਓ, ਲਤਾ ਦੀਦੀ ਜਿਨ੍ਹਾਂ ਮਹਾਨ ਸ਼ਖ਼ਸੀਅਤਾਂ ਤੋਂ ਪ੍ਰੇਰਿਤ ਸਨ, ਉਨ੍ਹਾਂ ਵਿੱਚੋਂ ਵੀਰ ਸਾਵਰਕਰ ਵੀ ਇੱਕ ਹਨ, ਜਿਨ੍ਹਾਂ ਨੂੰ ਉਹ ਤਾਤਿਆ ਕਹਿੰਦੇ ਸਨ। ਉਨ੍ਹਾਂ ਨੇ ਵੀਰ ਸਾਵਰਕਰ ਜੀ ਦੇ ਕਈ ਗੀਤਾਂ ਨੂੰ ਵੀ ਆਪਣੇ ਸੁਰਾਂ ਵਿੱਚ ਪਰੋਇਆ।
ਲਤਾ ਦੀਦੀ ਨਾਲ ਮੇਰਾ ਸਨੇਹ ਦਾ ਜੋ ਬੰਧਨ ਸੀ, ਉਹ ਹਮੇਸ਼ਾ ਕਾਇਮ ਰਿਹਾ। ਉਹ ਮੈਨੂੰ ਬਗ਼ੈਰ ਭੁੱਲੇ ਹਰ ਸਾਲ ਰੱਖੜੀ ਭੇਜਿਆ ਕਰਦੇ ਸਨ। ਮੈਨੂੰ ਯਾਦ ਹੈ ਮਰਾਠੀ ਸੁਗਮ ਸੰਗੀਤ ਦੀ ਮਹਾਨ ਹਸਤੀ ਸੁਧੀਰ ਫੜਕੇ ਜੀ ਨੇ ਸਭ ਤੋਂ ਪਹਿਲਾਂ ਲਤਾ ਦੀਦੀ ਨਾਲ ਮੇਰੀ ਜਾਣ-ਪਛਾਣ ਕਰਵਾਈ ਸੀ ਅਤੇ ਮੈਂ ਲਤਾ ਜੀ ਨੂੰ ਕਿਹਾ ਕਿ ਮੈਨੂੰ ਤੁਹਾਡੇ ਵੱਲੋਂ ਗਾਇਆ ਅਤੇ ਸੁਧੀਰ ਜੀ ਵੱਲੋਂ ਸੰਗੀਤਬੱਧ ਗੀਤ ‘ਜਯੋਤੀ ਕਲਸ਼ ਛਲਕੇ’ ਬਹੁਤ ਪਸੰਦ ਹੈ।
ਸਾਥੀਓ, ਤੁਸੀਂ ਵੀ ਮੇਰੇ ਨਾਲ ਇਸ ਦਾ ਅਨੰਦ ਲਓ।
#Audio#Audio-1.wav
ਮੇਰੇ ਪਿਆਰੇ ਦੇਸ਼ਵਾਸੀਓ,
ਨਰਾਤਿਆਂ ਦੇ ਇਸ ਸਮੇਂ ਵਿੱਚ ਅਸੀਂ ਸ਼ਕਤੀ ਦੀ ਪੂਜਾ ਕਰਦੇ ਹਾਂ। ਅਸੀਂ ਨਾਰੀ ਸ਼ਕਤੀ ਦਾ ਉਤਸਵ ਮਨਾਉਂਦੇ ਹਾਂ। ਬਿਜ਼ਨੈੱਸ ਤੋਂ ਲੈ ਕੇ ਸਪੋਰਟਸ ਤੱਕ ਅਤੇ ਐਜੂਕੇਸ਼ਨ ਤੋਂ ਲੈ ਕੇ ਸਾਇੰਸ ਤੱਕ, ਤੁਸੀਂ ਕਿਸੇ ਵੀ ਖੇਤਰ ਨੂੰ ਲੈ ਲਓ - ਦੇਸ਼ ਦੀਆਂ ਬੇਟੀਆਂ ਹਰ ਜਗ੍ਹਾ ਆਪਣਾ ਝੰਡਾ ਲਹਿਰਾ ਰਹੀਆਂ ਹਨ। ਅੱਜ ਉਹ ਅਜਿਹੀਆਂ ਚੁਣੌਤੀਆਂ ਨੂੰ ਵੀ ਪਾਰ ਕਰ ਰਹੀਆਂ ਹਨ, ਜਿਨ੍ਹਾਂ ਦੀ ਕਲਪਨਾ ਤੱਕ ਮੁਸ਼ਕਿਲ ਹੈ। ਜੇਕਰ ਮੈਂ ਤੁਹਾਨੂੰ ਇਹ ਸਵਾਲ ਕਰਾਂ ਕਿ ਤੁਸੀਂ ਸਮੁੰਦਰ ਵਿੱਚ ਲਗਾਤਾਰ 8 ਮਹੀਨੇ ਰਹਿ ਸਕਦੇ ਹੋ! ਕੀ ਤੁਸੀਂ ਸਮੁੰਦਰ ਵਿੱਚ ਪਤਵਾਰ ਵਾਲੀ ਕਿਸ਼ਤੀ ਯਾਨੀ ਹਵਾ ਦੇ ਵੇਗ ਨਾਲ ਅੱਗੇ ਵਧਣ ਵਾਲੀ ਕਿਸ਼ਤੀ ਨਾਲ 50 ਹਜ਼ਾਰ ਕਿੱਲੋਮੀਟਰ ਦੀ ਯਾਤਰਾ ਕਰ ਸਕਦੇ ਹੋ ਅਤੇ ਉਹ ਵੀ ਤਾਂ ਜਦੋਂ ਸਮੁੰਦਰ ਵਿੱਚ ਮੌਸਮ ਕਦੇ ਵੀ ਵਿਗੜ ਜਾਂਦਾ ਹੈ! ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਹਜ਼ਾਰ ਵਾਰ ਸੋਚੋਗੇ, ਪਰ ਭਾਰਤੀ ਜਲ ਸੈਨਾ ਦੀਆਂ ਦੋ ਬਹਾਦਰ ਅਫ਼ਸਰਾਂ ਨੇ ਨਾਵਿਕਾ ਸਾਗਰ ਪ੍ਰਕਰਮਾ ਦੇ ਦੌਰਾਨ ਅਜਿਹਾ ਕਰ ਵਿਖਾਇਆ ਹੈ। ਉਨ੍ਹਾਂ ਨੇ ਵਿਖਾਇਆ ਹੈ ਕਿ ਹੌਸਲਾ ਅਤੇ ਪੱਕਾ ਨਿਸ਼ਚਾ ਕੀ ਹੁੰਦਾ ਹੈ। ਅੱਜ ਮੈਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਇਨ੍ਹਾਂ ਦੋ ਜਾਂਬਾਜ਼ ਅਫ਼ਸਰਾਂ ਨਾਲ ਮਿਲਵਾਉਣਾ ਚਾਹੁੰਦਾ ਹਾਂ। ਇਕ ਹੈ ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਦੂਸਰੀ ਹੈ ਲੈਫਟੀਨੈਂਟ ਕਮਾਂਡਰ ਰੂਪਾ। ਇਹ ਦੋਵੇਂ ਅਫ਼ਸਰ ਸਾਡੇ ਨਾਲ ਫੋਨ ਲਾਈਨ ’ਤੇ ਜੁੜੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ - ਹੈਲੋ।
ਲੈਫਟੀਨੈਂਟ ਕਮਾਂਡਰ ਦਿਲਨਾ - ਹੈਲੋ ਸਰ।
ਪ੍ਰਧਾਨ ਮੰਤਰੀ - ਨਮਸਕਾਰ ਜੀ।
ਲੈਫਟੀਨੈਂਟ ਕਮਾਂਡਰ ਦਿਲਨਾ - ਨਮਸਕਾਰ ਸਰ।
ਪ੍ਰਧਾਨ ਮੰਤਰੀ - ਤਾਂ ਮੇਰੇ ਨਾਲ ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਲੈਫਟੀਨੈਂਟ ਕਮਾਂਡਰ ਰੂਪਾ ਕਿ ਤੁਸੀਂ ਦੋਵੇਂ ਇਕੱਠੇ ਹੋ?
ਲੈਫਟੀਨੈਂਟ ਕਮਾਂਡਰ ਦਿਲਨਾ ਅਤੇ ਰੂਪਾ - ਜੀ ਸਰ ਦੋਵੇਂ ਹਾਂ।
ਪ੍ਰਧਾਨ ਮੰਤਰੀ - ਚਲੋ ਤੁਹਾਨੂੰ ਦੋਵਾਂ ਨੂੰ ਨਮਸਕਾਰਮ ਅਤੇ ਵਣੱਕਮ।
ਲੈਫਟੀਨੈਂਟ ਕਮਾਂਡਰ ਦਿਲਨਾ - ਵਣੱਕਮ ਸਰ।
ਲੈਫਟੀਨੈਂਟ ਕਮਾਂਡਰ ਰੂਪਾ - ਨਮਸਕਾਰ ਸਰ।
ਪ੍ਰਧਾਨ ਮੰਤਰੀ ਜੀ - ਚੰਗਾ ਸਭ ਤੋਂ ਪਹਿਲਾਂ ਤਾਂ ਦੇਸ਼ ਵਾਸੀ ਸੁਣਨਾ ਚਾਹੁੰਦੇ ਹਨ ਤੁਹਾਡੇ ਦੋਵਾਂ ਦੇ ਬਾਰੇ, ਤੁਸੀਂ ਜ਼ਰਾ ਦੱਸੋ।
ਲੈਫਟੀਨੈਂਟ ਕਮਾਂਡਰ ਦਿਲਨਾ - ਸਰ ਮੈਂ ਲੈਫਟੀਨੈਂਟ ਕਮਾਂਡਰ ਦਿਲਨਾ ਹਾਂ ਅਤੇ ਮੈਂ ਇੰਡੀਅਨ ਨੇਵੀ ਵਿੱਚ ਲੋਜਿਸਟਿਕ ਕੇਡਰ ਤੋਂ ਹਾਂ। ਸਰ ਮੈਂ ਨੇਵੀ ਵਿੱਚ 2014 ’ਚ commissioned ਹੋਈ ਸੀ ਸਰ ਅਤੇ ਮੈਂ ਕੇਰਲਾ ਵਿੱਚ Kozhikode ਤੋਂ ਹਾਂ, ਸਰ ਮੇਰੇ ਪਿਤਾ ਆਰਮੀ ਵਿੱਚ ਸਨ ਅਤੇ ਮੇਰੀ ਮਾਂ House wife ਹੈ। ਮੇਰਾ ਪਤੀ ਵੀ ਇੰਡੀਅਨ ਨੇਵੀ ਵਿੱਚ ਅਫ਼ਸਰ ਹੈ ਸਰ ਅਤੇ ਮੇਰੀ ਭੈਣ ਐੱਨ. ਸੀ. ਸੀ. ਵਿੱਚ ਨੌਕਰੀ ਕਰਦੀ ਹੈ।
ਲੈਫਟੀਨੈਂਟ ਕਮਾਂਡਰ ਰੂਪਾ - ਜੈ ਹਿੰਦ ਸਰ, ਮੈਂ ਲੈਫਟੀਨੈਂਟ ਕਮਾਂਡਰ ਰੂਪਾ ਹਾਂ ਅਤੇ ਮੈਂ Navy 2017 Naval Armament Inspection cadre ਵਿੱਚ ਜੁਆਇਨ ਕੀਤਾ ਹੈ ਅਤੇ ਮੇਰੇ ਪਿਤਾ ਤਾਮਿਲਨਾਡੂ ਤੋਂ ਹਨ, ਮੇਰੀ ਮਾਂ ਪਾਂਡੀਚਰੀ ਤੋਂ ਹੈ। ਮੇਰੇ ਪਿਤਾ ਏਅਰ ਫੋਰਸ ਵਿੱਚ ਸਨ ਸਰ, ਅਸਲ ਵਿੱਚ ਡਿਫੈਂਸ ਜੁਆਇਨ ਕਰਨ ਦੇ ਲਈ ਮੈਨੂੰ ਉਨ੍ਹਾਂ ਤੋਂ ਹੀ ਪ੍ਰੇਰਨਾ ਮਿਲੀ ਅਤੇ ਮੇਰੀ ਮਾਂ home maker ਸੀ।
ਪ੍ਰਧਾਨ ਮੰਤਰੀ - ਚੰਗਾ ਦਿਲਨਾ ਤੇ ਰੂਪਾ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ ਕਿ ਤੁਹਾਡੀ ਜੋ ਸਾਗਰ ਪ੍ਰਕਰਮਾ ਵਿੱਚ ਤੁਹਾਡਾ ਤਜਰਬਾ ਦੇਸ਼ ਸੁਣਨਾ ਚਾਹੁੰਦਾ ਹੈ ਅਤੇ ਮੈਂ ਪੱਕਾ ਮੰਨਦਾ ਹਾਂ ਕਿ ਇਹ ਕੋਈ ਸੌਖਾ ਕੰਮ ਨਹੀਂ ਹੈ। ਕਈ ਕਠਨਾਈਆਂ ਆਈਆਂ ਹੋਣਗੀਆਂ, ਬਹੁਤ ਮੁਸ਼ਕਿਲਾਂ ਤੁਹਾਨੂੰ ਪਾਰ ਕਰਨੀਆਂ ਪਈਆਂ ਹੋਣਗੀਆਂ।
ਲੈਫਟੀਨੈਂਟ ਕਮਾਂਡਰ ਦਿਲਨਾ - ਜੀ ਸਰ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਲਾਈਫ ਵਿੱਚ ਸਰ ਇਕ ਵਾਰ ਸਾਨੂੰ ਅਜਿਹਾ ਮੌਕਾ ਮਿਲਦਾ ਹੈ ਜੋ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਸਰ ਅਤੇ ਇਹ circumnavigation ਉਹ ਸਾਡੇ ਲਈ ਅਜਿਹਾ ਇਕ ਮੌਕਾ ਸੀ ਜੋ ਇੰਡੀਅਨ ਨੇਵੀ ਅਤੇ ਇੰਡੀਅਨ ਗੌਰਮਿੰਟ ਨੇ ਸਾਨੂੰ ਦਿੱਤਾ ਹੈ ਅਤੇ ਇਸ ਮੁਹਿੰਮ ਵਿੱਚ ਅਸੀਂ ਲਗਭਗ 47500 ਕਿੱਲੋਮੀਟਰ ਯਾਤਰਾ ਕੀਤੀ ਹੈ ਸਰ। ਅਸੀਂ 2 ਅਕਤੂਬਰ, 2024 ਨੂੰ ਗੋਆ ਤੋਂ ਨਿਕਲੇ ਅਤੇ 29 ਮਈ, 2025 ਨੂੰ ਵਾਪਸ ਆਏ। ਇਹ ਮੁਹਿੰਮ ਸਾਨੂੰ ਪੂਰੀ ਕਰਨ ਦੇ ਲਈ 238 ਦਿਨ ਲੱਗੇ ਸਰ ਅਤੇ 238 ਦਿਨ ਅਸੀਂ ਸਿਰਫ ਦੋਵੇਂ ਹੀ ਸੀ ਇਸ ਬੋਟ ’ਤੇ।
ਪ੍ਰਧਾਨ ਮੰਤਰੀ – ਹੂੰ ਹੂੰ
ਲੈਫਟੀਨੈਂਟ ਕਮਾਂਡਰ ਦਿਲਨਾ - ਅਤੇ ਸਰ, ਅਸੀਂ ਤਿੰਨ ਸਾਲਾਂ ਲਈ ਇਸ ਮੁਹਿੰਮ ਲਈ ਤਿਆਰੀ ਕੀਤੀ। ਨੇਵੀਗੇਸ਼ਨ ਤੋਂ ਲੈ ਕੇ ਸੰਚਾਰ ਐਮਰਜੈਂਸੀ ਡਿਵਾਈਸਾਂ ਨੂੰ ਕਿਵੇਂ ਚਲਾਉਣਾ ਹੈ, ਡਾਈਵਿੰਗ ਕਿਵੇਂ ਕਰਨੀ ਹੈ ਅਤੇ ਕਿਸ਼ਤੀ 'ਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦਾ ਪ੍ਰਬੰਧਨ ਕਿਵੇਂ ਕਰਨਾ ਹੈ, ਜਿਵੇਂ ਕਿ ਮੈਡੀਕਲ ਐਮਰਜੈਂਸੀ। ਭਾਰਤੀ ਜਲ ਸੈਨਾ ਨੇ ਸਾਨੂੰ ਇਸ ਸਭ ’ਤੇ ਸਿਖਲਾਈ ਦਿੱਤੀ, ਸਰ। ਅਤੇ ਮੈਂ ਇਸ ਯਾਤਰਾ ਦਾ ਸਭ ਤੋਂ ਯਾਦਗਾਰੀ ਪਲ ਕਹਿਣਾ ਚਾਹੁੰਦੀ ਹਾਂ, ਸਰ ਕਿ ਅਸੀਂ Point Nemo ’ਤੇ ਭਾਰਤੀ ਝੰਡਾ ਲਹਿਰਾਇਆ, ਸਰ। Point Nemo ਦੁਨੀਆ ਦਾ ਸਭ ਤੋਂ ਦੂਰ-ਦੁਰਾਡਾ ਸਥਾਨ ਹੈ, ਸਰ। ਓਥੋਂ ਸਭ ਤੋਂ ਨੇੜੇ ਕੋਈ ਵਿਅਕਤੀ ਹੈ ਤਾਂ ਉਹ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਹੈ ਅਤੇ ਉੱਥੇ ਇੱਕ sail boat ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਅਤੇ ਪਹਿਲਾ ਏਸ਼ੀਅਨ ਅਤੇ ਦੁਨੀਆ ਦੇ ਪਹਿਲੇ ਵਿਅਕਤੀ,ਅਸੀਂ ਬਣੇ ਸਰ ਅਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ, ਸਰ।
ਪ੍ਰਧਾਨ ਮੰਤਰੀ - ਵਾਹ, ਤੁਹਾਨੂੰ ਬਹੁਤ ਸਾਰੀਆਂ ਵਧਾਈਆਂ।
ਲੈਫਟੀਨੈਂਟ ਕਮਾਂਡਰ ਦਿਲਨਾ - ਧੰਨਵਾਦ, ਸਰ।
ਪ੍ਰਧਾਨ ਮੰਤਰੀ - ਕੀ ਤੁਹਾਡੇ ਸਾਥੀ ਵੀ ਕੁਝ ਕਹਿਣਾ ਚਾਹੁੰਦੇ ਹਨ?
ਲੈਫਟੀਨੈਂਟ ਕਮਾਂਡਰ ਰੂਪਾ - ਸਰ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਸ਼ਤੀ ਰਾਹੀਂ ਦੁਨੀਆ ਦਾ ਚੱਕਰ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਮਾਊਂਟ ਐਵਰੈਸਟ ’ਤੇ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਤੋਂ ਬਹੁਤ ਘੱਟ ਹੈ। ਅਤੇ ਦਰਅਸਲ, ਸਮੁੰਦਰੀ ਜਹਾਜ਼ਾਂ ਰਾਹੀਂ ਇਕੱਲੇ ਚੱਕਰ ਲਗਾਉਣ ਵਾਲੇ ਲੋਕਾਂ ਦੀ ਗਿਣਤੀ ਪੁਲਾੜ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਨਾਲੋਂ ਵੀ ਘੱਟ ਹੈ।
ਪ੍ਰਧਾਨ ਮੰਤਰੀ - ਅੱਛਾ, ਇੰਨੀ ਗੁੰਝਲਦਾਰ ਯਾਤਰਾ ਲਈ ਬਹੁਤ ਜ਼ਿਆਦਾ ਟੀਮ ਵਰਕ ਦੀ ਲੋੜ ਹੁੰਦੀ ਹੈ, ਅਤੇ ਉੱਥੇ ਤੁਸੀਂ ਟੀਮ ਵਿੱਚ ਸਿਰਫ਼ ਦੋ ਅਧਿਕਾਰੀ ਸੀ। ਤੁਸੀਂ ਇਸਨੂੰ ਕਿਵੇਂ ਸੰਭਾਲਿਆ?
ਲੈਫਟੀਨੈਂਟ ਕਮਾਂਡਰ ਰੂਪਾ - ਜੀ ਸਰ, ਅਜਿਹੀ ਯਾਤਰਾ ਲਈ, ਸਾਨੂੰ ਦੋਵਾਂ ਨੂੰ ਇਕੱਠੇ ਸਖ਼ਤ ਮਿਹਨਤ ਕਰਨੀ ਪਈ। ਅਤੇ ਜਿਵੇਂ ਕਿ ਲੈਫਟੀਨੈਂਟ ਕਮਾਂਡਰ ਦਿਲਨਾ ਨੇ ਕਿਹਾ, ਇਸ ਨੂੰ ਪ੍ਰਾਪਤ ਕਰਨ ਲਈ, ਕਿਸ਼ਤੀ 'ਤੇ ਸਿਰਫ਼ ਅਸੀਂ ਦੋਵੇਂ ਹੀ ਸੀ ਅਤੇ ਮੈਂ ਕਿਸ਼ਤੀ ਮੁਰੰਮਤ ਕਰਨ ਵਾਲਾ, ਇੰਜਣ ਮਕੈਨਿਕ, ਜਹਾਜ਼ ਬਣਾਉਣ ਵਾਲਾ, ਮੈਡੀਕਲ ਸਹਾਇਕ, ਰਸੋਈਆ, ਕਲੀਨਰ, ਗੋਤਾਖੋਰ, ਨੇਵੀਗੇਟਰ ਸੀ ਅਤੇ ਸਾਨੂੰ ਸਭ ਕੁਝ ਇਕੱਠੇ ਬਣਨਾ ਪਿਆ ਸੀ। ਅਤੇ ਭਾਰਤੀ ਜਲ ਸੈਨਾ ਨੇ ਸਾਡੀ ਪ੍ਰਾਪਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅਤੇ ਸਾਨੂੰ ਹਰ ਤਰ੍ਹਾਂ ਦੀ ਸਿਖਲਾਈ ਦਿੱਤੀ ਗਈ ਹੈ। ਅਸਲ ਵਿੱਚ ਸਰ, ਅਸੀਂ ਚਾਰ ਸਾਲਾਂ ਤੋਂ ਇਕੱਠੇ ਸਮੁੰਦਰੀ ਸਫ਼ਰ ਕਰ ਰਹੇ ਹਾਂ, ਇਸ ਲਈ ਅਸੀਂ ਇੱਕ ਦੂਜੇ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ। ਇਸੇ ਲਈ ਅਸੀਂ ਸਾਰੇ ਕਹਿੰਦੇ ਹਾਂ ਕਿ ਸਾਡੀ ਕਿਸ਼ਤੀ ’ਤੇ ਇੱਕ ਅਜਿਹਾ ਉਪਕਰਣ ਸੀ ਜੋ ਕਦੇ ਅਸਫਲ ਨਹੀਂ ਹੋਇਆ, ਉਹ ਸੀ ਸਾਡੇ ਦੋਵਾਂ ਦਾ ਟੀਮ ਵਰਕ।
ਪ੍ਰਧਾਨ ਮੰਤਰੀ - ਅੱਛਾ, ਜਦੋਂ ਮੌਸਮ ਖ਼ਰਾਬ ਹੁੰਦਾ ਸੀ, ਕਿਉਂਕਿ ਇਹ ਸਮੁੰਦਰੀ ਸੰਸਾਰ ਅਜਿਹਾ ਹੈ ਕਿ ਮੌਸਮ ਦਾ ਕੋਈ ਭਰੋਸਾ ਨਹੀਂ ਤਾਂ ਤੁਸੀਂ ਉਸ ਸਥਿਤੀ ਨੂੰ ਕਿਵੇਂ ਸੰਭਾਲਦੇ ਸੀ?
ਲੈਫਟੀਨੈਂਟ ਕਮਾਂਡਰ ਰੂਪਾ: ਸਰ, ਸਾਡੀ ਯਾਤਰਾ ਵਿੱਚ ਬਹੁਤ ਸਾਰੀਆਂ ਪ੍ਰਤੀਕੂਲ ਚੁਣੌਤੀਆਂ ਸਨ। ਸਾਨੂੰ ਇਸ ਮੁਹਿੰਮ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਖ਼ਾਸ ਕਰਕੇ ਸਰ, ਦੱਖਣੀ ਮਹਾਸਾਗਰ ਵਿੱਚ ਮੌਸਮ ਹਮੇਸ਼ਾ ਖਰਾਬ ਰਹਿੰਦਾ ਹੈ। ਸਾਨੂੰ ਤਿੰਨ ਤੂਫ਼ਾਨਾਂ ਦਾ ਸਾਹਮਣਾ ਵੀ ਕਰਨਾ ਪਿਆ। ਸਰ, ਸਾਡੀ ਕਿਸ਼ਤੀ ਸਿਰਫ਼ 17 ਮੀਟਰ ਲੰਬੀ ਹੈ ਅਤੇ ਇਸਦੀ ਚੌੜਾਈ ਸਿਰਫ਼ 5 ਮੀਟਰ ਹੈ। ਇਸ ਲਈ ਕਈ ਵਾਰ ਅਜਿਹੀਆਂ ਲਹਿਰਾਂ ਆਉਂਦੀਆਂ ਸਨ ਜੋ ਤਿੰਨ ਮੰਜ਼ਿਲਾ ਇਮਾਰਤ ਤੋਂ ਵੀ ਵੱਡੀਆਂ ਹੁੰਦੀਆਂ ਸਨ ਸਰ। ਅਤੇ ਅਸੀਂ ਆਪਣੀ ਯਾਤਰਾ ਵਿੱਚ ਬਹੁਤ ਜ਼ਿਆਦਾ ਗਰਮੀ ਅਤੇ ਬਹੁਤ ਜ਼ਿਆਦਾ ਠੰਢ ਦੋਵਾਂ ਦਾ ਸਾਹਮਣਾ ਕੀਤਾ ਹੈ। ਸਰ, ਜਦੋਂ ਅਸੀਂ ਅੰਟਾਰਕਟਿਕਾ ਵਿੱਚ ਸਮੁੰਦਰੀ ਸਫ਼ਰ ਕਰ ਰਹੇ ਸੀ, ਤਾਂ ਤਾਪਮਾਨ 1 ਡਿਗਰੀ ਸੈਲਸੀਅਸ ਸੀ ਅਤੇ ਸਾਨੂੰ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਇਕੱਠੇ ਕੱਪੜੇ ਦੀਆਂ 6 ਤੋਂ 7 ਪਰਤਾਂ ਪਾਉਂਦੇ ਸੀ ਅਤੇ ਅਸੀਂ ਪੂਰੇ ਦੱਖਣੀ ਸਮੁੰਦਰ ਨੂੰ ਅਜਿਹੇ 7 ਪਰਤਾਂ ਵਾਲੇ ਕੱਪੜੇ ਪਾ ਕੇ ਪਾਰ ਕਰਦੇ ਸੀ ਸਰ। ਅਤੇ ਕਈ ਵਾਰ ਅਸੀਂ ਗੈਸ ਚੁੱਲ੍ਹੇ ਨਾਲ ਆਪਣੇ ਹੱਥ ਗਰਮ ਕਰਦੇ ਸੀ ਸਰ। ਅਤੇ ਕਈ ਵਾਰ ਅਜਿਹੀਆਂ ਸਥਿਤੀਆਂ ਆਉਂਦੀਆਂ ਸਨ ਜਦੋਂ ਹਵਾ ਬਿਲਕੁਲ ਨਹੀਂ ਹੁੰਦੀ ਸੀ ਅਤੇ ਅਸੀਂ ਬਾਦਬਾਨਾਂ ਨੂੰ ਪੂਰੀ ਤਰ੍ਹਾਂ ਹੇਠਾਂ ਕਰਕੇ ਵਹਿੰਦੇ ਰਹਿੰਦੇ ਸੀ। ਅਤੇ ਅਜਿਹੀਆਂ ਸਥਿਤੀਆਂ ਵਿੱਚ ਸਰ, ਸਾਡੇ ਸਬਰ ਦੀ ਅਸਲ ਵਿੱਚ ਪਰਖ ਹੁੰਦੀ ਹੈ।
ਪ੍ਰਧਾਨ ਮੰਤਰੀ - ਲੋਕਾਂ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਸਾਡੇ ਦੇਸ਼ ਦੀਆਂ ਧੀਆਂ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਖ਼ੈਰ, ਇਸ ਦੌਰੇ ਦੌਰਾਨ, ਤੁਸੀਂ ਵੱਖ-ਵੱਖ ਦੇਸ਼ਾਂ ਵਿੱਚ ਰਹੇ। ਉੱਥੇ ਤੁਹਾਡਾ ਕੀ ਅਨੁਭਵ ਸੀ? ਜਦੋਂ ਲੋਕਾਂ ਨੇ ਭਾਰਤ ਦੀਆਂ ਦੋ ਧੀਆਂ ਨੂੰ ਦੇਖਿਆ, ਤਾਂ ਉਨ੍ਹਾਂ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਹੋਣਗੇ।
ਲੈਫਟੀਨੈਂਟ ਕਮਾਂਡਰ ਦਿਲਨਾ - ਹਾਂ, ਸਰ। ਸਾਡਾ ਤਜਰਬਾ ਬਹੁਤ ਵਧੀਆ ਰਿਹਾ, ਸਰ। ਅਸੀਂ ਅੱਠ ਮਹੀਨਿਆਂ ਵਿੱਚ ਚਾਰ ਥਾਵਾਂ 'ਤੇ ਰਹੇ, ਸਰ: ਆਸਟ੍ਰੇਲੀਆ, ਨਿਊਜ਼ੀਲੈਂਡ, ਪੋਰਟ ਸਟੈਨਲੀ ਅਤੇ ਦੱਖਣੀ ਅਫਰੀਕਾ।
ਪ੍ਰਧਾਨ ਮੰਤਰੀ - ਹਰੇਕ ਥਾਂ ’ਤੇ ਔਸਤਨ ਕਿੰਨਾ ਸਮਾਂ ਰੁਕਣਾ ਹੁੰਦਾ ਸੀ?
ਲੈਫਟੀਨੈਂਟ ਕਮਾਂਡਰ ਦਿਲਨਾ - ਸਰ, ਅਸੀਂ ਇੱਕ ਥਾਂ ਤੇ 14 ਦਿਨ ਰਹੇ, ਸਰ।
ਪ੍ਰਧਾਨ ਮੰਤਰੀ - ਇੱਕ ਥਾਂ ’ਤੇ 14 ਦਿਨ?
ਲੈਫਟੀਨੈਂਟ ਕਮਾਂਡਰ ਦਿਲਨਾ - ਸਹੀ, ਸਰ। ਅਤੇ ਸਰ, ਅਸੀਂ ਦੁਨੀਆ ਦੇ ਹਰ ਕੋਨੇ ਵਿੱਚ ਭਾਰਤੀਆਂ ਨੂੰ ਦੇਖਿਆ ਹੈ, ਉਹ ਬਹੁਤ ਸਰਗਰਮ ਅਤੇ ਆਤਮ-ਵਿਸ਼ਵਾਸੀ ਹਨ, ਭਾਰਤ ਨੂੰ ਸ਼ਾਨ ਦਿਵਾਉਂਦੇ ਹਨ। ਅਤੇ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਜੋ ਵੀ ਸਫਲਤਾ ਮਿਲੀ, ਸਰ, ਉਹ ਇਸਨੂੰ ਆਪਣੀ ਸਫਲਤਾ ਸਮਝਦੇ ਸਨ, ਅਤੇ ਹਰ ਜਗ੍ਹਾ ਸਾਡੇ ਵੱਖੋ-ਵੱਖਰੇ ਅਨੁਭਵ ਹੋਏ। ਉਦਾਹਰਣ ਵਜੋਂ, ਆਸਟ੍ਰੇਲੀਆ ਵਿੱਚ, ਪੱਛਮੀ ਆਸਟ੍ਰੇਲੀਆਈ ਸੰਸਦ ਦੇ ਸਪੀਕਰ ਨੇ ਸਾਨੂੰ ਸੱਦਾ ਦਿੱਤਾ, ਅਤੇ ਉਸਨੇ ਸਾਨੂੰ ਬਹੁਤ ਪ੍ਰੇਰਿਤ ਕੀਤਾ, ਸਰ। ਅਤੇ ਇਸ ਤਰ੍ਹਾਂ ਦੀ ਗੱਲ ਹਮੇਸ਼ਾ ਹੁੰਦੀ ਹੈ, ਸਰ। ਸਾਨੂੰ ਬਹੁਤ ਮਾਣ ਸੀ। ਅਤੇ ਜਦੋਂ ਅਸੀਂ ਨਿਊਜ਼ੀਲੈਂਡ ਗਏ, ਤਾਂ ਮਾਓਰੀ ਲੋਕਾਂ ਨੇ ਸਾਡਾ ਸਵਾਗਤ ਕੀਤਾ ਅਤੇ ਸਾਡੀ ਭਾਰਤੀ ਸੱਭਿਆਚਾਰ ਲਈ ਬਹੁਤ ਸਤਿਕਾਰ ਦਿਖਾਇਆ, ਸਰ। ਅਤੇ ਇੱਕ ਮਹੱਤਵਪੂਰਨ ਗੱਲ, ਸਰ, ਇਹ ਹੈ ਕਿ ਪੋਰਟ ਸਟੈਨਲੀ ਇੱਕ ਦੂਰ-ਦੁਰਾਡੇ ਟਾਪੂ ਹੈ, ਸਰ। ਇਹ ਦੱਖਣੀ ਅਮਰੀਕਾ ਦੇ ਨੇੜੇ ਹੈ। ਉੱਥੇ ਕੁੱਲ ਆਬਾਦੀ ਸਿਰਫ਼ 3,500 ਹੈ, ਸਰ। ਪਰ ਉੱਥੇ ਅਸੀਂ ਇੱਕ ਮਿੰਨੀ-ਭਾਰਤ ਦੇਖਿਆ, ਅਤੇ ਉੱਥੇ 45 ਭਾਰਤੀ ਸਨ। ਉਨ੍ਹਾਂ ਨੇ ਸਾਨੂੰ ਆਪਣਾ ਸਮਝਿਆ ਅਤੇ ਸਾਨੂੰ ਘਰ ਵਰਗਾ ਮਹਿਸੂਸ ਕਰਵਾਇਆ, ਸਰ।
ਪ੍ਰਧਾਨ ਮੰਤਰੀ - ਖ਼ੈਰ, ਤੁਸੀਂ ਦੋਵੇਂ ਦੇਸ਼ ਦੀਆਂ ਉਨ੍ਹਾਂ ਧੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਜੋ ਤੁਹਾਡੇ ਵਾਂਗ, ਕੁਝ ਵੱਖਰਾ ਕਰਨਾ ਚਾਹੁੰਦੀਆਂ ਹਨ?
ਲੈਫਟੀਨੈਂਟ ਕਮਾਂਡਰ ਰੂਪਾ - ਸਰ, ਮੈਂ ਲੈਫਟੀਨੈਂਟ ਕਮਾਂਡਰ ਰੂਪਾ ਹੁਣ ਬੋਲ ਰਹੀ ਹਾਂ ਹੁਣ। ਤੁਹਾਡੇ ਰਾਹੀਂ, ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇਕਰ ਕੋਈ ਆਪਣਾ ਦਿਲ ਅਤੇ ਮਿਹਨਤ ਲਗਾਵੇ, ਤਾਂ ਇਸ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਤੁਸੀਂ ਕਿੱਥੋਂ ਦੇ ਹੋ ਜਾਂ ਤੁਸੀਂ ਕਿੱਥੋਂ ਪੈਦਾ ਹੋਏ ਹੋ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸਰ, ਸਾਡੀ ਇੱਛਾ ਹੈ ਕਿ ਭਾਰਤ ਦੇ ਨੌਜਵਾਨ ਅਤੇ ਔਰਤਾਂ ਵੱਡੇ ਸੁਪਨੇ ਦੇਖਣ ਅਤੇ ਭਵਿੱਖ ਵਿੱਚ, ਸਾਰੀਆਂ ਕੁੜੀਆਂ ਅਤੇ ਔਰਤਾਂ ਰੱਖਿਆ, ਖੇਡਾਂ ਅਤੇ adventure ਵਿੱਚ ਸ਼ਾਮਲ ਹੋਣ ਅਤੇ ਦੇਸ਼ ਦਾ ਮਾਣ ਵਧਾਉਣ।
ਪ੍ਰਧਾਨ ਮੰਤਰੀ - ਦਿਲਨਾ ਅਤੇ ਰੂਪਾ, ਤੁਹਾਡੀ ਗੱਲ ਸੁਣ ਕੇ ਮੈਨੂੰ ਵੀ ਬੜਾ ਰੋਮਾਂਚ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇੰਨੀ ਵੱਡੀ ਹਿੰਮਤ ਕੀਤੀ। ਤੁਹਾਡਾ ਦੋਵਾਂ ਦਾ ਦਿਲੋਂ ਧੰਨਵਾਦ। ਤੁਹਾਡੀ ਸਖ਼ਤ ਮਿਹਨਤ, ਤੁਹਾਡੀ ਸਫਲਤਾ ਅਤੇ ਤੁਹਾਡੀਆਂ ਪ੍ਰਾਪਤੀਆਂ ਬਿਨਾਂ ਸ਼ੱਕ ਦੇਸ਼ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਪ੍ਰੇਰਿਤ ਕਰਨਗੀਆਂ। ਤਿਰੰਗੇ ਨੂੰ ਇਸੇ ਤਰ੍ਹਾਂ ਉੱਚਾ ਕਰਦੇ ਰਹੋ, ਅਤੇ ਮੈਂ ਤੁਹਾਨੂੰ ਆਪਣੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਲੈਫਟੀਨੈਂਟ ਕਮਾਂਡਰ ਦਿਲਨਾ - ਧੰਨਵਾਦ ਸਰ।
ਪ੍ਰਧਾਨ ਮੰਤਰੀ - ਤੁਹਾਡਾ ਬਹੁਤ ਧੰਨਵਾਦ। ਵਣਕਮ। ਨਮਸਕਾਰਮ।
ਲੈਫਟੀਨੈਂਟ ਕਮਾਂਡਰ ਰੂਪਾ - ਨਮਸਕਾਰ ਸਰ।
ਸਾਥੀਓ,
ਸਾਡੇ ਤਿਉਹਾਰ ਅਤੇ ਜਸ਼ਨ ਭਾਰਤ ਦੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਦੇ ਹਨ। ਛੱਠ ਪੂਜਾ ਇੱਕ ਅਜਿਹਾ ਪਵਿੱਤਰ ਤਿਉਹਾਰ ਹੈ ਜੋ ਦੀਵਾਲੀ ਤੋਂ ਬਾਅਦ ਆਉਂਦਾ ਹੈ। ਸੂਰਜ ਦੇਵਤਾ ਨੂੰ ਸਮਰਪਿਤ ਇਹ ਸ਼ਾਨਦਾਰ ਤਿਉਹਾਰ ਬਹੁਤ ਖ਼ਾਸ ਹੈ। ਇਸ ਵਿੱਚ ਅਸੀਂ ਡੁੱਬਦੇ ਸੂਰਜ ਨੂੰ ਵੀ ਅਰਘ ਦਿੰਦੇ ਹਾਂ ਅਤੇ ਉਸਦੀ ਪੂਜਾ ਕਰਦੇ ਹਾਂ। ਛੱਠ ਨਾ ਸਿਰਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਇਆ ਜਾਂਦਾ ਹੈ, ਸਗੋਂ ਇਸਦੀ ਸ਼ਾਨ ਪੂਰੀ ਦੁਨੀਆ ਵਿੱਚ ਦਿਖਾਈ ਦਿੰਦੀ ਹੈ। ਅੱਜ ਇਹ ਇੱਕ ਵਿਸ਼ਵਵਿਆਪੀ ਤਿਉਹਾਰ ਬਣ ਰਿਹਾ ਹੈ। ਦੋਸਤੋ, ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਵੀ ਛੱਠ ਪੂਜਾ ਨੂੰ ਲੈ ਕੇ ਇੱਕ ਵੱਡੇ ਯਤਨ ਵਿੱਚ ਲੱਗੀ ਹੋਈ ਹੈ। ਭਾਰਤ ਸਰਕਾਰ ਛੱਠ ਮਹਾਪਰਵ ਨੂੰ ਯੂਨੈਸਕੋ ਦੀ ਅਮੂਰਤ ਸੱਭਿਆਚਾਰਕ ਵਿਰਾਸਤ ਸੂਚੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਛੱਠ ਪੂਜਾ ਨੂੰ ਯੂਨੈਸਕੋ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ, ਤਾਂ ਦੁਨੀਆ ਦੇ ਹਰ ਕੋਨੇ ਵਿੱਚ ਲੋਕ ਇਸਦੀ ਸ਼ਾਨ ਅਤੇ ਬ੍ਰਹਮਤਾ ਦਾ ਅਨੁਭਵ ਕਰ ਸਕਣਗੇ।
ਸਾਥੀਓ,
ਕੁਝ ਸਮਾਂ ਪਹਿਲਾਂ, ਭਾਰਤ ਸਰਕਾਰ ਦੇ ਇਸੇ ਤਰ੍ਹਾਂ ਦੇ ਯਤਨਾਂ ਸਦਕਾ, ਕੋਲਕਾਤਾ ਦੀ ਦੁਰਗਾ ਪੂਜਾ ਵੀ ਯੂਨੈਸਕੋ ਦੀ ਇਸ ਸੂਚੀ ਦਾ ਹਿੱਸਾ ਬਣੀ ਸੀ। ਜੇਕਰ ਅਸੀਂ ਇਸ ਤਰ੍ਹਾਂ ਆਪਣੇ ਸੱਭਿਆਚਾਰਕ ਸਮਾਗਮਾਂ ਨੂੰ ਵਿਸ਼ਵ-ਵਿਆਪੀ ਪਛਾਣ ਦਿਵਾਵਾਂਗੇ, ਤਾਂ ਦੁਨੀਆ ਉਨ੍ਹਾਂ ਬਾਰੇ ਵੀ ਜਾਣੇਗੀ, ਉਨ੍ਹਾਂ ਨੂੰ ਸਮਝੇਗੀ ਅਤੇ ਉਨ੍ਹਾਂ ਵਿੱਚ ਹਿੱਸਾ ਲੈਣ ਲਈ ਅੱਗੇ ਆਵੇਗੀ।
ਸਾਥੀਓ,
ਗਾਂਧੀ ਜਯੰਤੀ 2 ਅਕਤੂਬਰ ਨੂੰ ਹੈ। ਗਾਂਧੀ ਜੀ ਹਮੇਸ਼ਾ ਸਵਦੇਸ਼ੀ ਨੂੰ ਅਪਣਾਉਣ ’ਤੇ ਜ਼ੋਰ ਦਿੰਦੇ ਸਨ, ਅਤੇ ਖਾਦੀ ਉਨ੍ਹਾਂ ਵਿੱਚੋਂ ਸਭ ਤੋਂ ਅੱਗੇ ਸੀ। ਬਦਕਿਸਮਤੀ ਨਾਲ, ਆਜ਼ਾਦੀ ਤੋਂ ਬਾਅਦ, ਖਾਦੀ ਦਾ ਸੁਹਜ ਫਿੱਕਾ ਪੈ ਰਿਹਾ ਸੀ, ਪਰ ਪਿਛਲੇ 11 ਸਾਲਾਂ ਵਿੱਚ, ਦੇਸ਼ ਦੇ ਲੋਕਾਂ ਦਾ ਖਾਦੀ ਪ੍ਰਤੀ ਆਕਰਸ਼ਣ ਕਾਫ਼ੀ ਵਧਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਖਾਦੀ ਦੀ ਵਿਕਰੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਮੈਂ ਤੁਹਾਨੂੰ ਸਾਰਿਆਂ ਨੂੰ 2 ਅਕਤੂਬਰ ਨੂੰ ਕੁਝ ਖਾਦੀ ਉਤਪਾਦ ਖਰੀਦਣ ਦੀ ਬੇਨਤੀ ਕਰਦਾ ਹਾਂ। ਮਾਣ ਨਾਲ ਕਹੋ - ਇਹ ਸਵਦੇਸ਼ੀ ਹਨ। ਇਸ ਨੂੰ ਸੋਸ਼ਲ ਮੀਡੀਆ ’ਤੇ #Vocal for Local ਦੇ ਨਾਲ ਸ਼ੇਅਰ ਵੀ ਕਰੋ।
ਸਾਥੀਓ,
ਖਾਦੀ ਵਾਂਗ, ਸਾਡਾ ਹੈਂਡਲੂਮ ਅਤੇ ਹੈਂਡੀਕ੍ਰਾਫਟ ਸੈਕਟਰ ਵੀ ਬਹੁਤ ਸਾਰੇ ਬਦਲਾਅ ਦੇਖ ਰਿਹਾ ਹੈ। ਅੱਜ, ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਉੱਭਰ ਰਹੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਪਰੰਪਰਾ ਅਤੇ ਨਵੀਨਤਾ ਨੂੰ ਜੋੜਨ ਨਾਲ ਕਿਵੇਂ ਸ਼ਾਨਦਾਰ ਨਤੀਜੇ ਮਿਲ ਸਕਦੇ ਹਨ। ਉਦਾਹਰਣ ਵਜੋਂ, ਤਾਮਿਲਨਾਡੂ ਵਿੱਚ ਯਾਜ਼ ਨੈਚੁਰਲਜ਼ ਇੱਕ ਉਦਾਹਰਣ ਹੈ। ਇੱਥੇ, ਅਸ਼ੋਕ ਜਗਦੀਸ਼ਨ ਜੀ ਅਤੇ ਪ੍ਰੇਮ ਸੇਲਵਰਾਜ ਜੀ ਨੇ ਇੱਕ ਨਵੀਂ ਪਹਿਲਕਦਮੀ ਸ਼ੁਰੂ ਕਰਨ ਲਈ ਆਪਣੀਆਂ ਕਾਰਪੋਰੇਟ ਨੌਕਰੀਆਂ ਛੱਡ ਦਿੱਤੀਆਂ। ਉਨ੍ਹਾਂ ਨੇ ਘਾਹ ਅਤੇ ਕੇਲੇ ਦੇ ਰੇਸ਼ੇ ਤੋਂ ਯੋਗਾ ਮੈਟ ਬਣਾਏ, ਹਰਬਲ ਰੰਗਾਂ ਨਾਲ ਕੱਪੜੇ ਰੰਗੇ, ਅਤੇ 200 ਪਰਿਵਾਰਾਂ ਨੂੰ ਸਿਖਲਾਈ ਦੇ ਕੇ ਰੁਜ਼ਗਾਰ ਪ੍ਰਦਾਨ ਕੀਤਾ।
ਝਾਰਖੰਡ ਦੇ ਆਸ਼ੀਸ਼ ਸੱਤਿਆਵਰਤ ਸਾਹੂ ਜੀ ਨੇ ਜੌਹਰਗ੍ਰਾਮ ਬ੍ਰਾਂਡ ਰਾਹੀਂ ਕਬਾਇਲੀ ਬੁਣਾਈ ਅਤੇ ਕੱਪੜੇ ਨੂੰ ਵਿਸ਼ਵ ਪੱਧਰ ’ਤੇ ਲਿਆਂਦਾ ਹੈ। ਉਨ੍ਹਾਂ ਦੇ ਯਤਨਾਂ ਸਦਕਾ, ਦੂਜੇ ਦੇਸ਼ਾਂ ਦੇ ਲੋਕ ਵੀ ਝਾਰਖੰਡ ਦੀ ਸੱਭਿਆਚਾਰਕ ਵਿਰਾਸਤ ਤੋਂ ਜਾਣੂ ਹੋ ਗਏ ਹਨ।
ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੀ ਸਵੀਟੀ ਕੁਮਾਰੀ ਜੀ ਨੇ ਵੀ ਸੰਕਲਪ ਰਚਨਾਵਾਂ ਸ਼ੁਰੂ ਕੀਤੀਆਂ ਹਨ। ਉਸਨੇ ਮਿਥਿਲਾ ਪੇਂਟਿੰਗ ਨੂੰ ਔਰਤਾਂ ਲਈ ਰੋਜ਼ੀ-ਰੋਟੀ ਦੇ ਸਾਧਨ ਵਿੱਚ ਬਦਲ ਦਿੱਤਾ ਹੈ। ਅੱਜ, 500 ਤੋਂ ਵੱਧ ਪੇਂਡੂ ਔਰਤਾਂ ਉਸ ਨਾਲ ਜੁੜੀਆਂ ਹੋਈਆਂ ਹਨ ਅਤੇ ਸਵੈ-ਨਿਰਭਰਤਾ ਦੇ ਰਾਹ ’ਤੇ ਹਨ। ਇਹ ਸਾਰੀਆਂ ਸਫਲਤਾ ਦੀਆਂ ਕਹਾਣੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਸਾਡੀਆਂ ਪਰੰਪਰਾਵਾਂ ਆਮਦਨ ਦੇ ਕਈ ਸਰੋਤ ਰੱਖਦੀਆਂ ਹਨ। ਜੇਕਰ ਸਾਡੇ ਕੋਲ ਦ੍ਰਿੜ੍ਹ ਇਰਾਦਾ ਹੈ, ਤਾਂ ਸਫਲਤਾ ਅਟੱਲ ਹੈ।
ਮੇਰੇ ਪਿਆਰੇ ਦੇਸ਼ ਵਾਸੀਓ,
ਅਗਲੇ ਕੁਝ ਦਿਨਾਂ ਵਿੱਚ ਅਸੀਂ ਵਿਜੇਦਸ਼ਮੀ ਮਨਾਉਣ ਜਾ ਰਹੇ ਹਾਂ। ਇਹ ਵਿਜੇਦਸ਼ਮੀ ਇੱਕ ਹੋਰ ਕਾਰਨ ਕਰਕੇ ਬਹੁਤ ਖ਼ਾਸ ਹੈ। ਇਸ ਦਿਨ, ਰਾਸ਼ਟਰੀ ਸਵੈਮ ਸੇਵਕ ਸੰਘ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਰਿਹਾ ਹੈ। ਇੱਕ ਸਦੀ ਦਾ ਇਹ ਸਫ਼ਰ ਜਿੰਨਾ ਹੈਰਾਨੀਜਨਕ, ਬੇਮਿਸਾਲ ਹੈ, ਓਨਾ ਹੀ ਪ੍ਰੇਰਨਾਦਾਇਕ ਹੈ। ਅੱਜ ਤੋਂ 100 ਸਾਲ ਪਹਿਲਾਂ, ਜਦੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਹੋਈ ਸੀ, ਦੇਸ਼ ਸਦੀਆਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਸੀ। ਇਸ ਸਦੀਆਂ ਪੁਰਾਣੀ ਗ਼ੁਲਾਮੀ ਨੇ ਸਾਡੇ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਨੂੰ ਡੂੰਘੀ ਸੱਟ ਪਹੁੰਚਾਈ ਸੀ। ਦੁਨੀਆ ਦੀ ਸਭ ਤੋਂ ਪੁਰਾਣੀ ਸਭਿਅਤਾ ਪਛਾਣ ਦੇ ਸੰਕਟ ਦਾ ਸਾਹਮਣਾ ਕਰ ਰਹੀ ਸੀ। ਦੇਸ਼ ਵਾਸੀ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਸਨ। ਇਸ ਲਈ, ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ, ਇਹ ਵੀ ਜ਼ਰੂਰੀ ਸੀ ਕਿ ਦੇਸ਼ ਵਿਚਾਰਧਾਰਕ ਗ਼ੁਲਾਮੀ ਤੋਂ ਵੀ ਮੁਕਤ ਹੋਵੇ। ਅਜਿਹੀ ਸਥਿਤੀ ਵਿੱਚ, ਸਭ ਤੋਂ ਸਤਿਕਾਰਯੋਗ ਡਾ. ਹੇਡਗੇਵਾਰ ਨੇ ਇਸ ਮੁੱਦੇ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਮਹਾਨ ਕਾਰਜ ਲਈ, 1925 ਵਿੱਚ ਵਿਜੇਦਸ਼ਮੀ ਦੇ ਸ਼ੁਭ ਮੌਕੇ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਕੀਤੀ। ਡਾ. ਸਾਹਿਬ ਦੇ ਦੇਹਾਂਤ ਤੋਂ ਬਾਅਦ, ਸਭ ਤੋਂ ਸਤਿਕਾਰਯੋਗ ਗੁਰੂ ਜੀ ਨੇ ਰਾਸ਼ਟਰੀ ਸੇਵਾ ਦੇ ਇਸ ਮਹਾਨ ਯੱਗ ਨੂੰ ਅੱਗੇ ਵਧਾਇਆ। ਸਭ ਤੋਂ ਸਤਿਕਾਰਯੋਗ ਗੁਰੂ ਜੀ ਕਹਿੰਦੇ ਸਨ, ਰਾਸ਼ਟਰਯ ਸਵਾਹਾ, ਇਦਮ ਰਾਸ਼ਟਰਯ ਇਦਮ ਨ ਮਮ, ਭਾਵ, ਇਹ ਮੇਰਾ ਨਹੀਂ ਹੈ, ਇਹ ਰਾਸ਼ਟਰ ਦਾ ਹੈ।" ਇਹ ਕਥਨ ਸਾਨੂੰ ਸਵੈ-ਹਿੱਤ ਤੋਂ ਉੱਪਰ ਉੱਠਣ ਅਤੇ ਰਾਸ਼ਟਰ ਪ੍ਰਤੀ ਸਮਰਪਣ ਨੂੰ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ਗੁਰੂ ਗੋਲਵਲਕਰ ਦੇ ਇਸ ਕਥਨ ਨੇ ਲੱਖਾਂ ਵਲੰਟੀਅਰਾਂ ਨੂੰ ਤਿਆਗ ਅਤੇ ਸੇਵਾ ਦਾ ਰਸਤਾ ਦਿਖਾਇਆ ਹੈ। ਤਿਆਗ ਅਤੇ ਸੇਵਾ ਦੀ ਭਾਵਨਾ, ਅਤੇ ਇਹ ਜੋ ਅਨੁਸ਼ਾਸਨ ਸਿਖਾਉਂਦਾ ਹੈ, ਉਹ ਸੰਘ ਦੀ ਅਸਲ ਤਾਕਤ ਹੈ। ਅੱਜ, ਆਰਐੱਸਐੱਸ ਸੌ ਸਾਲਾਂ ਤੋਂ ਵੱਧ ਸਮੇਂ ਤੋਂ ਅਣਥੱਕ ਅਤੇ ਅਟੱਲ ਤੌਰ 'ਤੇ ਰਾਸ਼ਟਰੀ ਸੇਵਾ ਵਿੱਚ ਰੁੱਝਿਆ ਹੋਇਆ ਹੈ। ਇਸੇ ਲਈ, ਜਦੋਂ ਵੀ ਦੇਸ਼ ਵਿੱਚ ਕਿਤੇ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਆਰਐੱਸਐੱਸ ਦੇ ਵਲੰਟੀਅਰ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚਦੇ ਹਨ। ਲੱਖਾਂ ਵਲੰਟੀਅਰਾਂ ਦੇ ਹਰ ਕਾਰਜ ਅਤੇ ਯਤਨ ਵਿੱਚ ਰਾਸ਼ਟਰ ਨੂੰ ਪਹਿਲ ਦੇਣ ਦੀ ਇਹ ਭਾਵਨਾ ਹਮੇਸ਼ਾ ਸਭ ਤੋਂ ਉੱਪਰ ਰਹਿੰਦੀ ਹੈ। ਮੈਂ ਹਰੇਕ ਵਲੰਟੀਅਰ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜੋ ਰਾਸ਼ਟਰੀ ਸੇਵਾ ਦੇ ਮਹਾਨ ਬਲੀਦਾਨ ਲਈ ਆਪਣੇ ਆਪ ਨੂੰ ਸਮਰਪਿਤ ਕਰ ਰਹੇ ਹਨ।
ਮੇਰੇ ਪਿਆਰੇ ਦੇਸ਼ ਵਾਸੀਓ,
ਅਗਲੇ ਮਹੀਨੇ, 7 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕਿ ਜਯੰਤੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਿਸ਼ੀ ਵਾਲਮੀਕਿ ਭਾਰਤੀ ਸੱਭਿਆਚਾਰ ਲਈ ਕਿੰਨੇ ਮਹੱਤਵਪੂਰਨ ਹਨ। ਇਹ ਮਹਾਰਿਸ਼ੀ ਵਾਲਮੀਕਿ ਹੀ ਸਨ ਜਿਨ੍ਹਾਂ ਨੇ ਸਾਨੂੰ ਭਗਵਾਨ ਰਾਮ ਦੇ ਅਵਤਾਰ ਦੀਆਂ ਕਹਾਣੀਆਂ ਨਾਲ ਇੰਨੀ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਨੇ ਮਨੁੱਖਤਾ ਨੂੰ ਰਾਮਾਇਣ ਦਾ ਸ਼ਾਨਦਾਰ ਪਾਠ ਦਿੱਤਾ।
ਸਾਥੀਓ,
ਰਾਮਾਇਣ ਦਾ ਇਹ ਪ੍ਰਭਾਵ ਭਗਵਾਨ ਰਾਮ ਦੁਆਰਾ ਇਸ ਵਿੱਚ ਧਾਰਨ ਕੀਤੇ ਗਏ ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਕਾਰਨ ਹੈ। ਭਗਵਾਨ ਰਾਮ ਨੇ ਸੇਵਾ, ਸਦਭਾਵਨਾ ਅਤੇ ਦਇਆ ਨਾਲ ਸਾਰਿਆਂ ਨੂੰ ਅਪਣਾਇਆ। ਇਸੇ ਲਈ ਅਸੀਂ ਦੇਖਦੇ ਹਾਂ ਕਿ ਮਹਾਰਿਸ਼ੀ ਵਾਲਮੀਕਿ ਦੀ ਰਾਮਾਇਣ ਦਾ ਰਾਮ ਸਿਰਫ਼ ਮਾਂ ਸ਼ਬਰੀ ਅਤੇ ਨਿਸ਼ਾਦਰਾਜ ਨਾਲ ਹੀ ਸੰਪੂਰਨ ਹੈ। ਇਸੇ ਲਈ ਦੋਸਤੋ, ਜਦੋਂ ਅਯੁੱਧਿਆ ਵਿੱਚ ਰਾਮ ਮੰਦਰ ਬਣਾਇਆ ਗਿਆ ਸੀ, ਤਾਂ ਨਿਸ਼ਾਦਰਾਜ ਅਤੇ ਮਹਾਰਿਸ਼ੀ ਵਾਲਮੀਕਿ ਨੂੰ ਸਮਰਪਿਤ ਇੱਕ ਮੰਦਰ ਵੀ ਇਸਦੇ ਨਾਲ ਬਣਾਇਆ ਗਿਆ ਸੀ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਜਦੋਂ ਤੁਸੀਂ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਅਯੁੱਧਿਆ ਜਾਂਦੇ ਹੋ, ਤਾਂ ਮਹਾਰਿਸ਼ੀ ਵਾਲਮੀਕਿ ਅਤੇ ਨਿਸ਼ਾਦਰਾਜ ਮੰਦਰਾਂ ਦੇ ਦਰਸ਼ਨ ਜ਼ਰੂਰ ਕਰੋ।
ਮੇਰੇ ਪਿਆਰੇ ਦੇਸ਼ ਵਾਸੀਓ,
ਕਲਾ, ਸਾਹਿਤ ਅਤੇ ਸੱਭਿਆਚਾਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹਨ। ਉਨ੍ਹਾਂ ਦੀ ਖ਼ੁਸ਼ਬੂ ਸਾਰੀਆਂ ਹੱਦਾਂ ਤੋਂ ਪਾਰ ਜਾਂਦੀ ਹੈ ਅਤੇ ਲੋਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਹਾਲ ਹੀ ਵਿੱਚ, ਪੈਰਿਸ ਵਿੱਚ ਇੱਕ ਸੱਭਿਆਚਾਰਕ ਸੰਸਥਾ "ਸੌਂਤਖ ਮੰਡਪਾ" ਨੇ ਆਪਣੀ 50ਵੀਂ ਵਰ੍ਹੇ ਪੂਰੇ ਕੀਤੇ ਹਨ। ਇਸ ਕੇਂਦਰ ਨੇ ਭਾਰਤੀ ਨਾਚ ਨੂੰ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸਦੀ ਸਥਾਪਨਾ ਮਿਲੀਨਾ ਸਾਲਵਿਨੀ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੂੰ ਕੁਝ ਸਾਲ ਪਹਿਲਾਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਮੈਂ "ਸੌਂਤਖਾ ਮੰਡਪ" ਨਾਲ ਜੁੜੇ ਸਾਰੇ ਲੋਕਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਮੈਂ ਹੁਣ ਤੁਹਾਡੇ ਲਈ ਦੋ ਛੋਟੀਆਂ ਆਡੀਓ ਕਲਿੱਪਾਂ ਚਲਾ ਰਿਹਾ ਹਾਂ। ਉਨ੍ਹਾਂ ਵੱਲ ਧਿਆਨ ਦਿਓ:
#Audio Clip1#
ਹੁਣ ਦੂਜੀ ਕਲਿੱਪ ਵੀ ਸੁਣੋ:
#Audio Clip 2# Audio 3.wav
ਸਾਥੀਓ,
ਇਹ ਆਵਾਜ਼ਾਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਭੂਪੇਨ ਹਜ਼ਾਰਿਕਾ ਦੇ ਗੀਤ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਨੂੰ ਕਿਵੇਂ ਜੋੜਦੇ ਹਨ। ਦਰਅਸਲ, ਸ਼੍ਰੀਲੰਕਾ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਯਤਨ ਕੀਤਾ ਗਿਆ ਹੈ। ਇਸ ਵਿੱਚ, ਸ਼੍ਰੀਲੰਕਾ ਦੇ ਕਲਾਕਾਰਾਂ ਨੇ ਭੂਪੇਨ ਦਾ ਜੀ ਦੇ ਪ੍ਰਤੀਕ ਗੀਤ "ਮਨੁਹੇ-ਮਨੁਹਰ ਬਾਬੇ" ਦਾ ਸਿੰਹਾਲਾ ਅਤੇ ਤਾਮਿਲ ਵਿੱਚ ਅਨੁਵਾਦ ਕੀਤਾ ਹੈ। ਮੈਂ ਤੁਹਾਡੇ ਲਈ ਇਸਦੀ ਆਡੀਓ ਚਲਾਈ ਹੈ। ਕੁਝ ਦਿਨ ਪਹਿਲਾਂ, ਮੈਨੂੰ ਅਸਾਮ ਵਿੱਚ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹਾਂ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਹ ਸੱਚਮੁੱਚ ਇੱਕ ਯਾਦਗਾਰੀ ਸਮਾਗਮ ਸੀ।
ਸਾਥੀਓ,
ਜਦੋਂ ਕਿ ਅਸਾਮ ਅੱਜ ਭੂਪੇਨ ਹਜ਼ਾਰਿਕਾ ਦੀ ਜਨਮ ਸ਼ਤਾਬਦੀ ਮਨਾ ਰਿਹਾ ਹੈ, ਕੁਝ ਦਿਨ ਪਹਿਲਾਂ ਇੱਕ ਦੁਖਦਾਈ ਸਮਾਂ ਵੀ ਆਇਆ ਹੈ। ਲੋਕ ਜ਼ੁਬੀਨ ਗਰਗ ਦੀ ਬੇਵਕਤੀ ਮੌਤ ਨਾਲ ਲੋਕ ਦੁੱਖ ਵਿੱਚ ਹਨ।
ਜ਼ੁਬੀਨ ਗਰਗ ਇੱਕ ਮਸ਼ਹੂਰ ਗਾਇਕਾ ਸੀ ਜਿਨ੍ਹਾਂ ਨੇ ਦੇਸ਼ ਭਰ ਵਿੱਚ ਆਪਣੀ ਪਛਾਣ ਬਣਾਈ। ਉਨ੍ਹਾਂ ਦਾ ਅਸਾਮੀ ਸੱਭਿਆਚਾਰ ਨਾਲ ਡੂੰਘਾ ਸਬੰਧ ਸੀ। ਜ਼ੁਬੀਨ ਗਰਗ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਰਹਿਣਗੇ ਅਤੇ ਉਨ੍ਹਾਂ ਦਾ ਸੰਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੋਹਿਤ ਕਰਦਾ ਰਹੇਗਾ।
ਜ਼ੁਬੀਨ ਗਰਗ, ਆਸਿਲ
ਅਹੋਮਾਰ ਹਮੋਸਕ੍ਰਿਤੀਰ, ਉਜਾੱਲ ਰਤਨੋ...
ਜਨੋਤਰ ਹਿਰਦਾਯੋਤ, ਤੇਯੋ ਹਦੈ ਜੀਆਏ, ਥਾਕੀਬੋ
(ਅਨੁਵਾਦ:
ਜ਼ੁਬੀਨ ਅਸਾਮੀ ਸੱਭਿਆਚਾਰ ਦਾ ਕੋਹੇਨੂਰ (ਸਭ ਤੋਂ ਚਮਕਦਾਰ ਰਤਨ) ਸੀ। ਭਾਵੇਂ ਉਹ ਸਰੀਰਕ ਤੌਰ ’ਤੇ ਸਾਡੇ ਵਿੱਚੋਂ ਚਲਾ ਗਿਆ ਹੈ, ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਰਹੇਗਾ।]
ਸਾਥੀਓ,
ਕੁਝ ਦਿਨ ਪਹਿਲਾਂ, ਸਾਡੇ ਦੇਸ਼ ਨੇ ਇੱਕ ਮਹਾਨ ਚਿੰਤਕ ਅਤੇ ਦਾਰਸ਼ਨਿਕ, ਐੱਸ. ਐੱਲ. ਭੈਰੱਪਾ ਨੂੰ ਵੀ ਗੁਆ ਦਿੱਤਾ ਹੈ। ਮੇਰਾ ਭੈਰੱਪਾ ਜੀ ਨਾਲ ਨਿੱਜੀ ਸੰਪਰਕ ਹੋਇਆ, ਅਤੇ ਅਸੀਂ ਕਈ ਮੌਕਿਆਂ ’ਤੇ ਵੱਖ-ਵੱਖ ਵਿਸ਼ਿਆਂ ’ਤੇ ਡੂੰਘਾਈ ਨਾਲ ਗੱਲਬਾਤ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਸੇਧ ਦਿੰਦੀਆਂ ਰਹਿਣਗੀਆਂ। ਕੰਨੜ ਵਿੱਚ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਦੇ ਅਨੁਵਾਦ ਵੀ ਉਪਲਬਧ ਹਨ। ਉਨ੍ਹਾਂ ਨੇ ਸਾਨੂੰ ਸਿਖਾਇਆ ਕਿ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ’ਤੇ ਮਾਣ ਕਰਨਾ ਕਿੰਨਾ ਮਹੱਤਵਪੂਰਨ ਹੈ। ਮੈਂ ਐੱਸ. ਐੱਲ. ਭੈਰੱਪਾ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਰਚਨਾਵਾਂ ਪੜ੍ਹਨ ਦੀ ਤਾਕੀਦ ਕਰਦਾ ਹਾਂ।
ਮੇਰੇ ਪਿਆਰੇ ਦੇਸ਼ ਵਾਸੀਓ,
ਆਉਣ ਵਾਲੇ ਦਿਨਾਂ ਵਿੱਚ, ਤਿਉਹਾਰ ਅਤੇ ਖ਼ੁਸ਼ੀਆਂ ਇੱਕ ਤੋਂ ਬਾਅਦ ਇੱਕ ਆ ਰਹੀਆਂ ਹਨ। ਅਸੀਂ ਹਰ ਮੌਕੇ ’ਤੇ ਬਹੁਤ ਸਾਰੀ ਖਰੀਦਦਾਰੀ ਕਰਦੇ ਹਾਂ। ਅਤੇ ਇਸ ਵਾਰ, ਜੀਐੱਸਟੀ ਬੱਚਤ ਤਿਉਹਾਰ ਵੀ ਚੱਲ ਰਿਹਾ ਹੈ।
ਸਾਥੀਓ,
ਇੱਕ ਪ੍ਰਣ ਲੈ ਕੇ, ਤੁਸੀਂ ਆਪਣੇ ਤਿਉਹਾਰਾਂ ਨੂੰ ਹੋਰ ਵੀ ਖ਼ਾਸ ਬਣਾ ਸਕਦੇ ਹੋ। ਜੇਕਰ ਅਸੀਂ ਇਸ ਤਿਉਹਾਰ ਨੂੰ ਸਿਰਫ਼ ਸਵਦੇਸ਼ੀ ਉਤਪਾਦਾਂ ਨਾਲ ਮਨਾਉਣ ਦਾ ਫੈਸਲਾ ਕਰਦੇ ਹਾਂ, ਤਾਂ ਤੁਸੀਂ ਸਾਡੇ ਜਸ਼ਨਾਂ ਦੀ ਖ਼ੁਸ਼ੀ ਕਈ ਗੁਣਾ ਵਧਦੀ ਦੇਖੋਗੇ। ਵੋਕਲ ਫਾਰ ਲੋਕਲ ਨੂੰ ਆਪਣਾ ਖਰੀਦਦਾਰੀ ਮੰਤਰ ਬਣਾਓ। ਹਮੇਸ਼ਾ ਲਈ, ਸਿਰਫ਼ ਉਹੀ ਖਰੀਦਣ ਦਾ ਸੰਕਲਪ ਕਰੋ ਜੋ ਭਾਰਤ ਵਿੱਚ ਨਿਰਮਿਤ ਹੈ। ਅਸੀਂ ਸਿਰਫ਼ ਉਹੀ ਘਰ ਲੈ ਜਾਵਾਂਗੇ ਜੋ ਇਸ ਦੇਸ਼ ਦੇ ਲੋਕਾਂ ਵੱਲੋਂ ਬਣਾਇਆ ਗਿਆ ਹੈ। ਅਸੀਂ ਸਿਰਫ਼ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਜੋ ਇਸ ਦੇਸ਼ ਦੇ ਨਾਗਰਿਕ ਦੀ ਮਿਹਨਤ ਨਾਲ ਤਿਆਰ ਕੀਤੀਆਂ ਗਈਆਂ ਹਨ। ਜਦੋਂ ਅਸੀਂ ਅਜਿਹਾ ਕਰਦੇ ਹਾਂ, ਤਾਂ ਅਸੀਂ ਸਿਰਫ਼ ਚੀਜ਼ਾਂ ਨਹੀਂ ਖਰੀਦਦੇ; ਅਸੀਂ ਇੱਕ ਪਰਿਵਾਰ ਵਿੱਚ ਉਮੀਦ ਲਿਆਉਂਦੇ ਹਾਂ, ਇੱਕ ਕਾਰੀਗਰ ਦੀ ਮਿਹਨਤ ਦਾ ਸਨਮਾਨ ਕਰਦੇ ਹਾਂ, ਅਤੇ ਇੱਕ ਨੌਜਵਾਨ ਉੱਦਮੀ ਦੇ ਸੁਪਨਿਆਂ ਨੂੰ ਖੰਭ ਦਿੰਦੇ ਹਾਂ।
ਸਾਥੀਓ,
ਤਿਉਹਾਰਾਂ ’ਤੇ ਅਸੀਂ ਸਾਰੇ ਆਪਣੇ ਘਰਾਂ ਦੀ ਸਫਾਈ ਵਿੱਚ ਰੁੱਝੇ ਰਹਿੰਦੇ ਹਾਂ। ਪਰ ਸਫਾਈ ਸਾਡੇ ਘਰਾਂ ਦੀਆਂ ਚਾਰ ਦੀਵਾਰਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਸਫਾਈ ਹਰ ਜਗ੍ਹਾ ਸਾਡੀ ਜ਼ਿੰਮੇਵਾਰੀ ਬਣਨੀ ਚਾਹੀਦੀ ਹੈ - ਗਲੀਆਂ, ਮੁਹੱਲੇ, ਬਾਜ਼ਾਰ, ਪਿੰਡ।
ਸਾਥੀਓ,
ਇਹ ਪੂਰਾ ਮੌਸਮ ਸਾਡੇ ਦੇਸ਼ ਵਿੱਚ ਜਸ਼ਨਾਂ ਦਾ ਸਮਾਂ ਹੈ, ਅਤੇ ਦੀਵਾਲੀ ਇੱਕ ਸ਼ਾਨਦਾਰ ਤਿਉਹਾਰ ਬਣ ਜਾਂਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ, ਪਰ ਮੈਂ ਇਹ ਵੀ ਦੁਹਰਾਵਾਂਗਾ: ਅਸੀਂ ਸਵੈ-ਨਿਰਭਰ ਬਣਨਾ ਹੈ, ਅਸੀਂ ਦੇਸ਼ ਨੂੰ ਸਵੈ-ਨਿਰਭਰ ਬਣਾਉਣਾ ਹੈ ਅਤੇ ਇਸਦਾ ਰਸਤਾ ਸਿਰਫ ਸਵਦੇਸ਼ੀ ਨਾਲ ਹੈ।
ਸਾਥੀਓ,
ਇਸ ਵਾਰ ‘ਮਨ ਕੀ ਬਾਤ’ ਵਿੱਚ ਬੱਸ ਇੰਨਾ ਹੀ। ਮੈਂ ਤੁਹਾਨੂੰ ਅਗਲੇ ਮਹੀਨੇ ਨਵੀਆਂ ਕਹਾਣੀਆਂ ਅਤੇ ਪ੍ਰੇਰਨਾਵਾਂ ਨਾਲ ਦੁਬਾਰਾ ਮਿਲਾਂਗਾ। ਉਦੋਂ ਤੱਕ, ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਹਾਡਾ ਬਹੁਤ ਧੰਨਵਾਦ।
*****
MJPS/ST/VK
(Release ID: 2172433)
Visitor Counter : 3