ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 27 ਸਤੰਬਰ ਨੂੰ ਓਡੀਸ਼ਾ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ
ਇਹ ਪ੍ਰੋਜੈਕਟ ਦੂਰਸੰਚਾਰ, ਰੇਲਵੇ, ਉੱਚ ਸਿੱਖਿਆ, ਸਿਹਤ ਸੇਵਾ, ਕੌਸ਼ਲ ਵਿਕਾਸ ਅਤੇ ਗ੍ਰਾਮੀਣ ਆਵਾਸ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਹਨ
ਰਾਸ਼ਟਰੀ ਸੰਚਾਰ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦਿੰਦਿਆਂ, ਪ੍ਰਧਾਨ ਮੰਤਰੀ ਸਵਦੇਸ਼ੀ ਤਕਨੀਕ ਨਾਲ ਲਗਭਗ 37,000 ਕਰੋੜ ਰੁਪਏ ਦੀ ਲਾਗਤ ਨਾਲ ਬਣੇ 97,500 ਤੋਂ ਵੱਧ ਮੋਬਾਈਲ 4ਜੀ ਟਾਵਰਾਂ ਦੀ ਸ਼ੁਰੂਆਤ ਕਰਨਗੇ
ਦੂਰ-ਦੁਰਾਡੇ, ਸਰਹੱਦੀ ਅਤੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ 26,700 ਤੋਂ ਵੱਧ ਸੰਪਰਕ-ਰਹਿਤ ਪਿੰਡਾਂ ਨੂੰ ਵੀ ਕੁਨੈਕਸ਼ਨ ਮਿਲੇਗਾ
ਪ੍ਰਧਾਨ ਮੰਤਰੀ ਅੱਠ ਆਈਆਈਟੀਜ਼ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਣਗੇ, ਜਿਸ ਨਾਲ ਅਗਲੇ ਚਾਰ ਸਾਲਾਂ ਵਿੱਚ 10,000 ਨਵੇਂ ਵਿਦਿਆਰਥੀਆਂ ਲਈ ਸਮਰੱਥਾ ਪੈਦਾ ਹੋਵੇਗੀ
ਪ੍ਰਧਾਨ ਮੰਤਰੀ ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ ਨੂੰ ਮਜ਼ਬੂਤ ਕਰਨ ਲਈ ਓਡੀਸ਼ਾ ਸਰਕਾਰ ਦੀਆਂ ਕਈ ਪਹਿਲਕਦਮੀਆਂ ਦੀ ਸ਼ੁਰੂਆਤ ਕਰਨਗੇ
Posted On:
26 SEP 2025 8:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 27 ਸਤੰਬਰ ਨੂੰ ਓਡੀਸ਼ਾ ਦਾ ਦੌਰਾ ਕਰਨਗੇ। ਸਵੇਰੇ ਕਰੀਬ 11:30 ਵਜੇ, ਉਹ ਝਾਰਸੁਗੁੜਾ ਵਿੱਚ 60,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਇਸ ਮੌਕੇ ਉਹ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਹ ਪ੍ਰੋਜੈਕਟ ਦੂਰਸੰਚਾਰ, ਰੇਲਵੇ, ਉੱਚ ਸਿੱਖਿਆ, ਸਿਹਤ ਸੇਵਾ, ਕੌਸ਼ਲ ਵਿਕਾਸ, ਗ੍ਰਾਮੀਣ ਆਵਾਸ ਖੇਤਰਾਂ ਸਮੇਤ ਹੋਰ ਕਈ ਖੇਤਰਾਂ ਨਾਲ ਸਬੰਧਤ ਹਨ।
ਦੂਰਸੰਚਾਰ ਕਨੈਕਟੀਵਿਟੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਸਵਦੇਸ਼ੀ ਤਕਨੀਕ ਨਾਲ ਲਗਭਗ 37,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ 97,500 ਤੋਂ ਵੱਧ ਮੋਬਾਈਲ 4ਜੀ ਟਾਵਰਾਂ ਦੀ ਸ਼ੁਰੂਆਤ ਕਰਨਗੇ। ਇਸ ਵਿੱਚ ਬੀਐੱਸਐੱਨਐੱਲ ਵੱਲੋਂ ਸਥਾਪਿਤ ਕੀਤੀਆਂ 92,600 ਤੋਂ ਵੱਧ 4ਜੀ ਤਕਨੀਕੀ ਥਾਂਵਾਂ ਸ਼ਾਮਲ ਹਨ। 18,900 ਤੋਂ ਵੱਧ 4ਜੀ ਸਾਈਟਾਂ ਨੂੰ ਡਿਜੀਟਲ ਭਾਰਤ ਨਿਧੀ ਦੇ ਤਹਿਤ ਫੰਡ ਦਿੱਤਾ ਗਿਆ ਹੈ, ਜੋ ਦੂਰ-ਦੁਰਾਡੇ, ਸਰਹੱਦੀ ਅਤੇ ਖੱਬੇ-ਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ ਲਗਭਗ 26,700 ਸੰਪਰਕ-ਰਹਿਤ ਪਿੰਡਾਂ ਨੂੰ ਜੋੜਨਗੀਆਂ, ਜਿਸ ਨਾਲ 20 ਲੱਖ ਤੋਂ ਵੱਧ ਨਵੇਂ ਗਾਹਕਾਂ ਨੂੰ ਸੇਵਾ ਮਿਲੇਗੀ। ਇਹ ਟਾਵਰ ਸੌਰ ਊਰਜਾ ਨਾਲ ਚੱਲਣ ਵਾਲੇ ਹਨ, ਜੋ ਇਨ੍ਹਾਂ ਨੂੰ ਭਾਰਤ ਦਾ ਗ੍ਰੀਨ ਟੈਲੀਕਾਮ ਸਾਈਟਾਂ ਦਾ ਸਭ ਤੋਂ ਵੱਡਾ ਗਰੁੱਪ ਬਣਾਉਂਦੇ ਹਨ ਅਤੇ ਟਿਕਾਊ ਬੁਨਿਆਦੀ ਢਾਂਚੇ ਵੱਲ ਇੱਕ ਕਦਮ ਹਨ।
ਪ੍ਰਧਾਨ ਮੰਤਰੀ ਮਹੱਤਵਪੂਰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਜੋ ਕਨੈਕਟੀਵਿਟੀ ਅਤੇ ਖੇਤਰੀ ਵਿਕਾਸ ਨੂੰ ਹੁਲਾਰਾ ਦੇਣਗੇ। ਇਨ੍ਹਾਂ ਵਿੱਚ ਸੰਬਲਪੁਰ-ਸਰਲਾ ਵਿਚ ਰੇਲ ਫਲਾਈਓਵਰ ਦਾ ਨੀਂਹ ਪੱਥਰ, ਕੋਰਾਪੁਟ-ਬਾਈਗੁੜਾ ਲਾਈਨ ਅਤੇ ਮਾਨਾਬਾਰ-ਕੋਰਾਪੁਟ-ਗੋਰਾਪੁਰ ਲਾਈਨ ਨੂੰ ਦੁੱਗਣਾ ਕਰਨ ਦਾ ਕੰਮ ਰਾਸ਼ਟਰ ਨੂੰ ਸਮਰਪਿਤ ਕਰਨਾ ਸ਼ਾਮਲ ਹੈ। ਇਹ ਪ੍ਰੋਜੈਕਟ ਓਡੀਸ਼ਾ ਅਤੇ ਗੁਆਂਢੀ ਰਾਜਾਂ ਵਿੱਚ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਵਿੱਚ ਮਹੱਤਵਪੂਰਨ ਸੁਧਾਰ ਕਰਨਗੇ, ਜਿਸ ਨਾਲ ਸਥਾਨਕ ਉਦਯੋਗਾਂ ਅਤੇ ਵਪਾਰ ਨੂੰ ਮਜ਼ਬੂਤੀ ਮਿਲੇਗੀ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਬਰਹਮਪੁਰ ਅਤੇ ਊਧਨਾ (ਸੂਰਤ) ਵਿਚਕਾਰ ਅੰਮ੍ਰਿਤ ਭਾਰਤ ਐਕਸਪ੍ਰੈੱਸ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋ ਰਾਜਾਂ ਦਰਮਿਆਨ ਕਿਫ਼ਾਇਤੀ ਅਤੇ ਆਰਾਮਦਾਇਕ ਕਨੈਕਟੀਵਿਟੀ ਪ੍ਰਦਾਨ ਕਰੇਗੀ, ਸੈਰ-ਸਪਾਟੇ ਨੂੰ ਸਹਾਰਾ ਦੇਵੇਗੀ, ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ ਅਤੇ ਪ੍ਰਮੁੱਖ ਆਰਥਿਕ ਜ਼ਿਲ੍ਹਿਆਂ ਨੂੰ ਜੋੜੇਗੀ।
ਪ੍ਰਧਾਨ ਮੰਤਰੀ ਲਗਭਗ 11,000 ਕਰੋੜ ਰੁਪਏ ਦੇ ਨਿਵੇਸ਼ ਨਾਲ ਅੱਠ ਆਈਆਈਟੀਜ਼ — ਤਿਰੂਪਤੀ, ਪਲੱਕੜ, ਭਿਲਾਈ, ਜੰਮੂ, ਧਾਰਵਾੜ, ਜੋਧਪੁਰ, ਪਟਨਾ ਅਤੇ ਇੰਦੌਰ — ਦੇ ਵਿਸਤਾਰ ਦਾ ਨੀਂਹ ਪੱਥਰ ਰੱਖਣਗੇ। ਇਸ ਵਿਸਤਾਰ ਨਾਲ ਅਗਲੇ ਚਾਰ ਸਾਲਾਂ ਵਿੱਚ 10,000 ਨਵੇਂ ਵਿਦਿਆਰਥੀਆਂ ਲਈ ਸਮਰੱਥਾ ਪੈਦਾ ਹੋਵੇਗੀ ਅਤੇ ਅੱਠ ਅਤਿ-ਆਧੁਨਿਕ ਖੋਜ ਪਾਰਕ ਸਥਾਪਤ ਕੀਤੇ ਜਾਣਗੇ, ਜਿਸ ਨਾਲ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤੀ ਮਿਲੇਗੀ ਅਤੇ ਖੋਜ ਤੇ ਵਿਕਾਸ ਨੂੰ ਮਜ਼ਬੂਤ ਹੁਲਾਰਾ ਮਿਲੇਗਾ।
ਪ੍ਰਧਾਨ ਮੰਤਰੀ ਐੱਮਈਆਰਆਈਟੀਈ ਯੋਜਨਾ ਦੀ ਸ਼ੁਰੂਆਤ ਕਰਨਗੇ, ਜੋ ਦੇਸ਼ ਭਰ ਦੇ 275 ਰਾਜ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਸੰਸਥਾਨਾਂ ਵਿੱਚ ਗੁਣਵੱਤਾ, ਬਰਾਬਰੀ, ਖੋਜ ਅਤੇ ਨਵੀਨਤਾ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਓਡੀਸ਼ਾ ਕੌਸ਼ਲ ਵਿਕਾਸ ਪ੍ਰੋਜੈਕਟ ਫੇਜ਼ II ਦੀ ਵੀ ਸ਼ੁਰੂਆਤ ਕਰਨਗੇ, ਜਿਸ ਤਹਿਤ ਸੰਬਲਪੁਰ ਅਤੇ ਬਰਹਮਪੁਰ ਵਿੱਚ ਵਿਸ਼ਵ ਕੌਸ਼ਲ ਕੇਂਦਰ ਸਥਾਪਤ ਕੀਤੇ ਜਾਣਗੇ, ਜੋ ਐਗਰੀਟੈੱਕ, ਨਵਿਆਉਣਯੋਗ ਊਰਜਾ, ਰਿਟੇਲ, ਸਮੁੰਦਰੀ ਅਤੇ ਪ੍ਰਾਹੁਣਚਾਰੀ ਵਰਗੇ ਉੱਭਰ ਰਹੇ ਖੇਤਰਾਂ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ ਪੰਜ ਆਈਟੀਆਈਜ਼ ਨੂੰ ਉਤਕਰਸ਼ ਆਈਟੀਆਈਜ਼ ਵਿੱਚ ਅਪਗ੍ਰੇਡ ਕੀਤਾ ਜਾਵੇਗਾ, 25 ਆਈਟੀਆਈਜ਼ ਨੂੰ ਉੱਤਮਤਾ ਦੇ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਇੱਕ ਨਵੀਂ ਪ੍ਰਿਸੀਜ਼ਨ ਇੰਜੀਨੀਅਰਿੰਗ ਬਿਲਡਿੰਗ ਉੱਨਤ ਤਕਨੀਕੀ ਸਿਖਲਾਈ ਪ੍ਰਦਾਨ ਕਰੇਗੀ।
ਰਾਜ ਵਿੱਚ ਡਿਜੀਟਲ ਸਿੱਖਿਆ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ 130 ਉੱਚ ਸਿੱਖਿਆ ਸੰਸਥਾਨਾਂ ਵਿੱਚ ਵਾਈ-ਫਾਈ ਸਹੂਲਤ ਸਮਰਪਿਤ ਕਰਨਗੇ, ਜਿਸ ਨਾਲ 2.5 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਲਈ ਮੁਫ਼ਤ ਰੋਜ਼ਾਨਾ ਡਾਟਾ ਪਹੁੰਚ ਪ੍ਰਦਾਨ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਓਡੀਸ਼ਾ ਵਿੱਚ ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਵੀ ਇੱਕ ਮਹੱਤਵਪੂਰਨ ਹੁਲਾਰਾ ਮਿਲੇਗਾ। ਉਹ ਬਰਹਮਪੁਰ ਵਿੱਚ ਐੱਮਕੇਸੀਜੀ ਮੈਡੀਕਲ ਕਾਲਜ ਅਤੇ ਸੰਬਲਪੁਰ ਵਿੱਚ ਵਿਮਸਾਰ ਨੂੰ ਵਿਸ਼ਵ ਪੱਧਰੀ ਸੁਪਰ-ਸਪੈਸ਼ਲਿਟੀ ਹਸਪਤਾਲਾਂ ਵਿੱਚ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਣਗੇ। ਅਪਗ੍ਰੇਡ ਕੀਤੀਆਂ ਗਈਆਂ ਸਹੂਲਤਾਂ ਵਿੱਚ ਬੈੱਡਾਂ ਦੀ ਵਧੀ ਹੋਈ ਸਮਰੱਥਾ, ਟਰੌਮਾ ਕੇਅਰ ਯੂਨਿਟ, ਡੈਂਟਲ ਕਾਲਜ, ਜੱਚਾ-ਬੱਚਾ ਸੰਭਾਲ ਸੇਵਾਵਾਂ ਅਤੇ ਵਿਸਤ੍ਰਿਤ ਅਕਾਦਮਿਕ ਬੁਨਿਆਦੀ ਢਾਂਚਾ ਸ਼ਾਮਲ ਹੋਵੇਗਾ, ਜੋ ਓਡੀਸ਼ਾ ਦੇ ਲੋਕਾਂ ਲਈ ਵਿਆਪਕ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਏਗਾ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਅੰਤਯੋਦਯ ਗ੍ਰਹਿ ਯੋਜਨਾ ਦੇ ਤਹਿਤ 50,000 ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਵੰਡਣਗੇ। ਇਹ ਯੋਜਨਾ ਕਮਜ਼ੋਰ ਗ੍ਰਾਮੀਣ ਪਰਿਵਾਰਾਂ, ਜਿਨ੍ਹਾਂ ਵਿੱਚ ਦਿਵਯਾਂਗਜਨ, ਵਿਧਵਾਵਾਂ, ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਅਤੇ ਕੁਦਰਤੀ ਆਫ਼ਤਾਂ ਦੇ ਪੀੜਤ ਸ਼ਾਮਲ ਹਨ, ਨੂੰ ਪੱਕੇ ਮਕਾਨ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਪਹਿਲ ਸਮਾਜ ਦੇ ਸਭ ਤੋਂ ਵੱਧ ਪਛੜੇ ਵਰਗਾਂ ਲਈ ਸਮਾਜਿਕ ਭਲਾਈ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
************
ਐਮਜੇਪੀਐਸ/ਐਸਆਰ
(Release ID: 2172099)
Visitor Counter : 8