ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਦਾ ਰਾਸ਼ਟਰ ਦੇ ਨਾਂ ਸੰਬੋਧਨ ਦਾ ਮੂਲ-ਪਾਠ
Posted On:
21 SEP 2025 6:09PM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ!
ਕੱਲ੍ਹ ਤੋਂ ਸ਼ਕਤੀ ਦੀ ਪੂਜਾ ਦਾ ਤਿਉਹਾਰ, ਨਵਰਾਤਰੀ ਸ਼ੁਰੂ ਹੋ ਰਿਹਾ ਹੈ। ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ! ਨਵਰਾਤਰੀ ਦੇ ਪਹਿਲੇ ਦਿਨ ਤੋਂ ਦੇਸ਼ ਆਤਮ-ਨਿਰਭਰ ਭਾਰਤ ਅਭਿਆਨ ਦੇ ਲਈ ਇੱਕ ਹੋਰ ਮਹੱਤਵਪੂਰਨ ਅਤੇ ਵੱਡਾ ਕਦਮ ਚੁੱਕ ਰਿਹਾ ਹੈ। ਕੱਲ੍ਹ, ਯਾਨੀ ਨਵਰਾਤਰੀ ਦੇ ਪਹਿਲੇ ਦਿਨ 22 ਸਤੰਬਰ ਨੂੰ ਸੂਰਜ ਚੜ੍ਹਨ ਦੇ ਨਾਲ ਹੀ, Next generation GST reforms ਲਾਗੂ ਹੋ ਜਾਣਗੇ। ਇੱਕ ਤਰ੍ਹਾਂ ਨਾਲ ਕੱਲ੍ਹ ਤੋਂ ਦੇਸ਼ ਵਿੱਚ GST ਬੱਚਤ ਉਤਸਵ ਹੋਣ ਜਾ ਰਿਹਾ ਹੈ। ਇਸ GST ਬੱਚਤ ਉਤਸਵ ਵਿੱਚ ਤੁਹਾਡੀ ਬੱਚਤ ਵਧੇਗੀ, ਅਤੇ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਨੂੰ ਹੋਰ ਜ਼ਿਆਦਾ ਅਸਾਨੀ ਨਾਲ ਖ਼ਰੀਦ ਸਕੋਗੇ। ਸਾਡੇ ਦੇਸ਼ ਦੇ ਗ਼ਰੀਬ, ਮੱਧ ਵਰਗ ਦੇ ਲੋਕ, ਨਿਓ ਮਿਡਲ ਕਲਾਸ, ਯੁਵਾ, ਕਿਸਾਨ, ਮਹਿਲਾਵਾਂ, ਦੁਕਾਨਦਾਰ, ਵਪਾਰੀ, ਉੱਦਮੀ, ਸਾਰਿਆਂ ਨੂੰ ਇਹ ਬੱਚਤ ਉਤਸਵ ਦਾ ਬਹੁਤ ਫਾਇਦਾ ਹੋਵੇਗਾ। ਯਾਨੀ, ਤਿਉਹਾਰਾਂ ਦੇ ਇਸ ਮੌਸਮ ਵਿੱਚ ਸਭ ਦਾ ਮੂੰਹ ਮਿੱਠਾ ਹੋਵੇਗਾ, ਦੇਸ਼ ਦੇ ਹਰ ਪਰਿਵਾਰ ਦੀ ਖ਼ੁਸ਼ੀਆਂ ਵਧਣਗੀਆਂ। ਮੈਂ ਦੇਸ਼ ਦੇ ਕੋਟਿ-ਕੋਟਿ ਪਰਿਵਾਰਜਨਾਂ ਨੂੰ Next Generation GST reforms ਦੀ ਅਤੇ ਇਸ ਬੱਚਤ ਉਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਰਿਫੌਰਮ, ਭਾਰਤ ਦੀ growth story ਨੂੰ accelerate ਕਰਨਗੇ, ਕਾਰੋਬਾਰ ਨੂੰ ਹੋਰ ਆਸਾਨ ਬਣਾਉਣਗੇ, ਨਿਵੇਸ਼ ਨੂੰ ਹੋਰ ਆਕਰਸ਼ਕ ਬਣਾਉਣਗੇ, ਅਤੇ ਹਰ ਸੂਬੇ ਨੂੰ ਵਿਕਾਸ ਦੀ ਦੌੜ ਵਿੱਚ ਬਰਾਬਰੀ ਦਾ ਸਾਥੀ ਬਣਾਉਣਗੇ।
ਸਾਥੀਓ,
ਜਦੋਂ ਸਾਲ 2017 ਵਿੱਚ ਭਾਰਤ ਨੇ GST ਰਿਫੌਰਮ ਵੱਲ ਕਦਮ ਵਧਾਇਆ ਸੀ, ਤਾਂ ਇੱਕ ਪੁਰਾਣਾ ਇਤਿਹਾਸ ਬਦਲਣ ਦੀ, ਅਤੇ ਇੱਕ ਨਵਾਂ ਇਤਿਹਾਸ ਰਚਣ ਦੀ ਸ਼ੁਰੂਆਤ ਹੋਈ ਸੀ। ਦਹਾਕਿਆਂ ਤੱਕ ਸਾਡੇ ਦੇਸ਼ ਦੀ ਜਨਤਾ, ਆਪ ਸਭ ਲੋਕ, ਦੇਸ਼ ਦੇ ਵਪਾਰੀ, ਅਲੱਗ-ਅਲੱਗ ਟੈਕਸ ਦੇ ਜਾਲ ਵਿੱਚ ਉਲਝੇ ਹੋਏ ਸਨ। ਔਕਟ੍ਰੌਇ, ਐਂਟ੍ਰੀ ਟੈਕਸ, ਸੇਲਜ਼ ਟੈਕਸ, ਐਕਸਾਈਜ਼, ਵੈਟ, ਸਰਵਿਸ ਟੈਕਸ, ਭਾਂਤ-ਭਾਂਤ ਦੇ ਅਜਿਹੇ ਦਰਜਨਾਂ ਟੈਕਸ ਸਾਡੇ ਦੇਸ਼ ਵਿੱਚ ਸਨ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਮਾਲ ਭੇਜਣਾ ਹੋਵੇ, ਤਾਂ ਪਤਾ ਨਹੀਂ ਕਿੰਨੇ ਟੈਕਸਪੋਸਟ ਪਾਰ ਕਰਨੇ ਹੁੰਦੇ ਸਨ, ਕਿੰਨੇ ਹੀ ਫਾਰਮ ਭਰਨੇ ਪੈਂਦੇ ਸਨ, ਕਿੰਨੀਆਂ ਸਾਰੀਆਂ ਰੁਕਾਵਟਾਂ ਸਨ, ਹਰ ਜਗ੍ਹਾ, ਟੈਕਸ ਦੇ ਅਲੱਗ-ਅਲੱਗ ਕਾਨੂੰਨ ਸਨ। ਮੈਨੂੰ ਯਾਦ ਹੈ, ਜਦੋਂ 2014 ਵਿੱਚ ਦੇਸ਼ ਨੇ ਮੈਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਸੀ, ਤਦ ਉਸੇ ਸ਼ੁਰੂਆਤ ਦੇ ਦੌਰ ਵਿੱਚ ਇੱਕ ਵਿਦੇਸ਼ੀ ਅਖ਼ਬਾਰ ਵਿੱਚ ਇੱਕ ਦਿਲਚਸਪ ਉਦਾਹਰਣ ਛਪਿਆ ਸੀ, ਉਸ ਵਿੱਚ ਇੱਕ ਕੰਪਨੀ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਸੀ, ਉਸ ਕੰਪਨੀ ਨੇ ਕਿਹਾ ਸੀ ਕਿ ਜੇਕਰ ਉਸ ਨੂੰ ਬੈਂਗਲੁਰੂ ਤੋਂ 570 ਕਿੱਲੋਮੀਟਰ ਦੂਰ ਹੈਦਰਾਬਾਦ ਆਪਣਾ ਸਾਮਾਨ ਭੇਜਣਾ ਹੋਵੇ, ਤਾਂ ਉਹ ਕਿੰਨਾ ਮੁਸ਼ਕਿਲ ਸੀ ਕਿ ਉਨ੍ਹਾਂ ਨੇ ਸੋਚਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਸੰਦ ਕਰਦੇ ਸਨ ਕਿ ਕੰਪਨੀ ਪਹਿਲਾਂ ਆਪਣਾ ਸਾਮਾਨ ਬੈਂਗਲੁਰੂ ਤੋਂ ਯੂਰਪ ਭੇਜੇ, ਅਤੇ ਫਿਰ ਉਹੀ ਸਾਮਾਨ ਯੂਰਪ ਤੋਂ ਹੈਦਰਾਬਾਦ ਭੇਜੇ।
ਸਾਥੀਓ,
ਟੈਕਸ ਅਤੇ ਟੋਲ ਦੇ ਜੰਜਾਲ ਦੀ ਵਜ੍ਹਾ ਨਾਲ, ਇਹ ਓਦੋਂ ਦੇ ਹਾਲਾਤ ਸਨ। ਅਤੇ ਮੈਂ ਤੁਹਾਨੂੰ ਸਿਰਫ ਇੱਕ ਪੁਰਾਣਾ ਉਦਾਹਰਣ ਯਾਦ ਦਿਵਾ ਰਿਹਾਂ ਹਾਂ, ਓਦੋਂ ਅਜਿਹੀਆਂ ਲੱਖਾਂ ਕੰਪਨੀਆਂ ਨੂੰ, ਲੱਖਾਂ-ਕਰੋੜਾਂ ਦੇਸ਼ਵਾਸੀਆਂ ਨੂੰ, ਅਲੱਗ-ਅਲੱਗ ਤਰ੍ਹਾਂ ਦੇ ਟੈਕਸ ਦੇ ਜਾਲ ਦੀ ਵਜ੍ਹਾ ਨਾਲ ਹਰ ਰੋਜ਼ ਪਰੇਸ਼ਾਨੀ ਹੁੰਦੀ ਸੀ। ਸਾਮਾਨ ਨੂੰ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਣ ਦੇ ਵਿੱਚ ਜੋ ਖਰਚਾ ਵਧਦਾ ਸੀ, ਉਹ ਵੀ ਗ਼ਰੀਬ ਨੂੰ ਚੁੱਕਣਾ ਪੈਂਦਾ ਸੀ, ਤੁਹਾਡੇ ਜਿਹੇ ਗਾਹਕਾਂ ਤੋਂ ਵਸੂਲਿਆ ਜਾਂਦਾ ਸੀ।
ਸਾਥੀਓ,
ਦੇਸ਼ ਨੂੰ ਇਸ ਸਥਿਤੀ ਤੋਂ ਕੱਢਣਾ ਬਹੁਤ ਜ਼ਰੂਰੀ ਸੀ। ਇਸ ਲਈ ਜਦੋਂ ਤੁਸੀਂ ਸਾਨੂੰ 2014 ਵਿੱਚ ਮੌਕਾ ਦਿੱਤਾ, ਤਾਂ ਅਸੀਂ ਲੋਕਹਿਤ ਵਿੱਚ, ਲੋਕਹਿਤ ਵਿੱਚ, GST ਨੂੰ ਆਪਣੀ ਪਹਿਲ ਬਣਾਇਆ। ਅਸੀਂ ਹਰ ਸਟੇਕਹੋਲਡਰ ਨਾਲ ਚਰਚਾ ਕੀਤੀ, ਅਸੀਂ ਹਰ ਸੂਬਿਆਂ ਦੇ ਹਰ ਸ਼ੱਕ ਦਾ ਨਿਪਟਾਰਾ ਕੀਤਾ, ਹਰ ਸਵਾਲ ਦਾ ਹੱਲ ਲੱਭਿਆ, ਸਾਰੇ ਸੂਬਿਆਂ ਨੂੰ, ਸਭ ਨੂੰ ਨਾਲ ਲੈ ਕੇ, ਆਜ਼ਾਦ ਭਾਰਤ ਦਾ ਇੰਨਾ ਵੱਡਾ ਟੈਕਸ ਰਿਫੌਰਮ ਸੰਭਵ ਹੋ ਸਕਿਆ। ਇਹ ਕੇਂਦਰ ਅਤੇ ਸੂਬਿਆਂ ਦੇ ਯਤਨਾਂ ਦਾ ਨਤੀਜਾ ਸੀ ਕਿ ਦੇਸ਼ ਦਰਜਨਾਂ ਟੈਕਸਾਂ ਦੇ ਜਾਲ ਤੋਂ ਮੁਕਤ ਹੋਇਆ, ਅਤੇ ਪੂਰੇ ਦੇਸ਼ ਦੇ ਲਈ ਇੱਕ ਜਿਹੀ ਵਿਵਸਥਾ ਬਣੀ। One Nation-One Tax ਦਾ ਸੁਪਨਾ ਪੂਰਾ ਹੋਇਆ।
ਸਾਥੀਓ,
Reform ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੁੰਦੀ ਹੈ। ਜਦੋਂ ਸਮਾਂ ਬਦਲਦਾ ਹੈ, ਦੇਸ਼ ਦੀ ਜ਼ਰੂਰਤ ਬਦਲਦੀ ਹੈ, ਤਾਂ ਨੈਕਸ ਜਨਰੇਸ਼ਨ ਰਿਫੌਰਮ ਵੀ ਓਨੇ ਹੀ ਜ਼ਰੂਰੀ ਹੁੰਦੇ ਹਨ। ਇਸ ਲਈ, ਦੇਸ਼ ਦੀ ਵਰਤਮਾਨ ਜ਼ਰੂਰਤਾਂ ਅਤੇ ਭਵਿੱਖ ਦੇ ਸੁਪਨਿਆਂ ਨੂੰ ਦੇਖਦੇ ਹੋਏ, GST ਦੇ ਇਹ ਨਵੇਂ ਰਿਫੌਰਮਸ ਲਾਗੂ ਹੋ ਰਹੇ ਹਨ।
ਨਵੇਂ ਸਰੂਪ ਵਿੱਚ ਮੁੱਖ ਤੌਰ ’ਤੇ ਹੁਣ ਸਿਰਫ ਪੰਜ ਪਰਸੈਂਟ ਅਤੇ ਅਠਾਰਾਂ (18) ਪਰਸੈਂਟ ਦੇ ਹੀ ਟੈਕਸ ਸਲੈਬ ਰਹਿਣਗੇ। ਇਸ ਦਾ ਮਤਲਬ ਹੈ, ਰੋਜ਼ਾਨਾ ਦੇ ਵਰਤੋਂ ਦੀਆਂ ਜ਼ਿਆਦਾਤਰ ਚੀਜ਼ਾਂ ਹੋਰ ਸਸਤੀਆਂ ਹੋ ਜਾਣਗੀਆਂ। ਖਾਣ-ਪੀਣ ਦਾ ਸਾਮਾਨ, ਦਵਾਈਆਂ, ਸਾਬਣ, ਬ੍ਰਸ਼, ਪੇਸਟ, ਸਿਹਤ ਅਤੇ ਜੀਵਨ ਬੀਮਾ, ਅਜਿਹੇ ਅਨੇਕਾਂ ਸਾਮਾਨ, ਅਨੇਕਾਂ ਸੇਵਾਵਾਂ, ਜਾਂ ਤਾਂ ਟੈਕਸ-ਫ੍ਰੀ ਹੋਣਗੀਆਂ ਜਾਂ ਫਿਰ ਕੇਵਲ ਪੰਜ ਪਰਸੈਂਟ ਟੈਕਸ ਦੇਣਾ ਹੋਵੇਗਾ। ਜਿਨ੍ਹਾਂ ਸਾਮਾਨਾਂ ‘ਤੇ ਪਹਿਲਾਂ 12 ਪਰਸੈਂਟ ਟੈਕਸ ਲੱਗਦਾ ਸੀ, ਉਸ ਵਿੱਚੋਂ 99 ਪਰਸੈਂਟ ਯਾਨੀ ਕਰੀਬ-ਕਰੀਬ 100 ਦੇ ਨੇੜੇ, 99 ਪਰਸੈਂਟ ਚੀਜ਼ਾਂ, ਹੁਣ 5 ਪਰਸੈਂਟ ਟੈਕਸ ਦੇ ਦਾਇਰੇ ਵਿੱਚ ਆ ਗਈਆਂ ਹਨ।
ਸਾਥੀਓ,
ਪਿਛਲੇ 11 ਸਾਲ ਵਿੱਚ ਦੇਸ਼ ਵਿੱਚ 25 ਕਰੋੜ ਲੋਕਾਂ ਨੇ ਗ਼ਰੀਬੀ ਨੂੰ ਹਰਾਇਆ ਹੈ, ਗ਼ਰੀਬੀ ਨੂੰ ਹਰਾ ਕੇ ਗ਼ਰੀਬੀ ਤੋਂ ਬਾਹਰ ਨਿਕਲ ਕੇ, 25 ਕਰੋੜ ਦਾ ਇੱਕ ਬਹੁਤ ਵੱਡਾ ਸਮੂਹ ਨਿਓ ਮਿਡਲ ਕਲਾਸ ਦੇ ਰੂਪ ਵਿੱਚ ਅੱਜ ਦੇਸ਼ ਦੇ ਅੰਦਰ ਬਹੁਤ ਵੱਡੀ ਭੂਮਿਕਾ ਅਦਾ ਕਰ ਰਿਹਾ ਹੈ। ਇਸ ਨਿਓ ਮਿਡਲ ਕਲਾਸ ਦੀਆਂ ਆਪਣੀਆਂ Aspirations ਹਨ, ਆਪਣੇ ਸੁਪਨੇ ਹਨ। ਇਸ ਸਾਲ ਸਰਕਾਰ ਨੇ 12 ਲੱਖ ਰੁਪਏ ਤੱਕ ਦੀ ਇਨਕਮ ਨੂੰ ਟੈਕਸ ਫ੍ਰੀ ਕਰਕੇ ਇੱਕ ਤੋਹਫ਼ਾ ਦਿੱਤਾ। ਅਤੇ ਸੁਭਾਵਿਕ ਹੈ ਜਦੋਂ 12 ਲੱਖ ਰੁਪਏ ਦੀ ਇਨਕਮ ਟੈਕਸ ਵਿੱਚ ਰਾਹਤ ਹੋ ਜਾਵੇ ਤਾਂ ਮੱਧ ਵਰਗ ਦੇ ਜੀਵਨ ਵਿੱਚ ਤਾਂ ਕਿੰਨਾ ਵੱਡਾ ਬਦਲਾਅ ਆਉਂਦਾ ਹੈ। ਕਿੰਨੀ ਸਰਲਤਾ, ਸੁਵਿਧਾ ਹੋ ਜਾਂਦੀ ਹੈ। ਅਤੇ ਹੁਣ ਗ਼ਰੀਬਾਂ ਦੀ ਵੀ ਵਾਰੀ ਹੈ, ਨਿਓ ਮਿਡਲ ਕਲਾਸ ਦੀ ਵਾਰੀ ਹੈ। ਹੁਣ ਗ਼ਰੀਬ ਨੂੰ, ਨਿਓ ਮਿਡਲ ਕਲਾਸ ਨੂੰ, ਮਿਡਲ ਕਲਾਸ ਨੂੰ ਇੱਕ ਤਰ੍ਹਾਂ ਨਾਲ ਡਬਲ ਬੋਨਾਂਜ਼ਾ ਮਿਲ ਰਿਹਾ ਹੈ। GST ਘੱਟ ਹੋਣ ਨਾਲ ਹੁਣ ਦੇਸ਼ ਦੇ ਨਾਗਰਿਕਾਂ ਦੇ ਲਈ ਆਪਣੇ ਸੁਪਨੇ ਪੂਰੇ ਕਰਨਾ ਹੋਰ ਆਸਾਨ ਹੋਵੇਗਾ। ਘਰ ਬਣਾਉਣਾ, ਟੀਵੀ, ਫ੍ਰਿਜ, ਖ਼ਰੀਦਣ ਦੀ ਗੱਲ ਹੋਵੇ, ਸਕੂਟਰ-ਬਾਈਕ-ਕਾਰ ਖ਼ਰੀਦਣਾ ਹੋਵੇ, ਇਹ ਸਭ ‘ਤੇ ਹੁਣ ਘੱਟ ਖ਼ਰਚ ਕਰਨਾ ਹੋਵੇਗਾ। ਤੁਹਾਡੇ ਲਈ ਘੁੰਮਣਾ-ਫਿਰਨਾ ਵੀ ਸਸਤਾ ਹੋ ਜਾਵੇਗਾ, ਕਿਉਂਕਿ ਜ਼ਿਆਦਾਤਰ ਹੋਟਲਸ ਦੇ ਕਮਰਿਆਂ ‘ਤੇ ਵੀ GST ਘੱਟ ਕਰ ਦਿੱਤਾ ਗਿਆ ਹੈ।
ਉਂਜ ਸਾਥੀਓ,
ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਦੁਕਾਨਦਾਰ ਭਾਈ-ਭੈਣ ਵੀ GST ਰਿਫੌਰਮ ਨੂੰ ਲੈ ਕੇ ਬਹੁਤ ਉਤਸ਼ਾਹ ਵਿੱਚ ਹਨ। ਉਹ GST ਵਿੱਚ ਹੋਈ ਬਹੁਤ ਕਟੌਤੀ ਨੂੰ ਗਾਹਕਾਂ ਤੱਕ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਬਹੁਤ ਸਾਰੀਆਂ ਥਾਵਾਂ ‘ਤੇ ਪਹਿਲਾਂ ਅਤੇ ਹੁਣ ਦੇ ਬੋਰਡ ਲਗਾਏ ਜਾ ਰਹੇ ਹਨ।
ਸਾਥੀਓ,
ਅਸੀਂ- ਨਾਗਰਿਕ ਦੇਵੋ ਭਵ:, ਦੇ ਜਿਸ ਮੰਤਰ ਦੇ ਨਾਲ ਅੱਗੇ ਵਧ ਰਹੇ ਹਾਂ, ਨੈਕਸਟ ਜਨਰੇਸ਼ਨ GST ਰਿਫੌਰਮ ਵਿੱਚ ਇਸ ਦੀ ਸਾਫ ਝਲਕ ਦਿਖਾਈ ਦਿੰਦੀ ਹੈ। ਜੇਕਰ ਅਸੀਂ ਇਨਕਮ ਟੈਕਸ ਵਿੱਚ ਛੂਟ ਅਤੇ GST ਵਿੱਚ ਛੂਟ ਨੂੰ ਜੋੜ ਦਈਏ, ਤਾਂ ਇੱਕ ਸਾਲ ਵਿੱਚ ਜੋ ਫੈਸਲੇ ਹੋਏ ਹਨ, ਉਸ ਨਾਲ ਦੇਸ਼ ਦੇ ਲੋਕਾਂ ਨੂੰ ਢਾਈ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਬੱਚਤ ਹੋਵੇਗੀ। ਅਤੇ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਹਾਂ, ਇਹ ਬੱਚਤ ਉਤਸਵ ਹੈ।
ਸਾਥੀਓ,
ਵਿਕਸਿਤ ਭਾਰਤ ਦੇ ਟੀਚੇ ਤੱਕ ਪਹੁੰਚਣ ਦੇ ਲਈ ਸਾਨੂੰ ਆਤਮ-ਨਿਰਭਰਤਾ ਦੇ ਰਸਤੇ ’ਤੇ ਚੱਲਣਾ ਹੀ ਹੋਵੇਗਾ। ਅਤੇ ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਦਾਰੀ ਸਾਡੇ MSME’s, ਯਾਨੀ ਸਾਡੇ ਛੋਟੇ, ਮੱਧ ਅਤੇ ਘਰੇਲੂ ਉਦਯੋਗਾਂ ‘ਤੇ ਵੀ ਹੈ। ਜੋ ਦੇਸ਼ ਦੇ ਲੋਕਾਂ ਦੀ ਜ਼ਰੂਰਤ ਦਾ ਹੈ, ਜੋ ਅਸੀਂ ਦੇਸ਼ ਵਿੱਚ ਹੀ ਬਣਾ ਸਕਦੇ ਹਾਂ, ਉਹ ਸਾਨੂੰ ਦੇਸ਼ ਵਿੱਚ ਹੀ ਬਣਾਉਣਾ ਚਾਹੀਦਾ ਹੈ।
ਸਾਥੀਓ,
GST ਦੀਆਂ ਦਰਾਂ ਘੱਟ ਹੋਣ ਨਾਲ, ਨਿਯਮ ਅਤੇ ਪ੍ਰਕਿਰਿਆਵਾਂ ਹੋਰ ਆਸਾਨ ਬਣਨ ਨਾਲ, ਸਾਡੇ MSMEs ਸਾਡੇ ਛੋਟੇ ਉਦਯੋਗਾਂ ਨੂੰ, ਘਰੇਲੂ ਉਦਯੋਗਾਂ ਨੂੰ ਬਹੁਤ ਫਾਇਦਾ ਹੋਵੇਗਾ। ਉਨ੍ਹਾਂ ਦੀ ਵਿਕਰੀ ਵਧੇਗੀ ਅਤੇ ਟੈਕਸ ਵੀ ਘੱਟ ਦੇਣਾ ਪਵੇਗਾ, ਯਾਨੀ ਉਨ੍ਹਾਂ ਨੂੰ ਵੀ ਡਬਲ ਫਾਇਦਾ ਹੋਵੇਗਾ। ਇਸ ਲਈ ਅੱਜ ਮੇਰੀ MSMEs, ਛੋਟੇ ਉਦਯੋਗ ਹੋਣ, ਸੂਖਮ ਉਦਯੋਗ ਹੋਣ, ਘਰੇਲੂ ਉਦਯੋਗ ਹੋਣ, ਆਪ ਸਭ ਤੋਂ ਬਹੁਤ ਉਮੀਦਾਂ ਹਨ। ਤੁਹਾਨੂੰ ਵੀ ਪਤਾ ਹੈ, ਜਦੋਂ ਭਾਰਤ ਸਮ੍ਰਿੱਧੀ ਦੇ ਸਿਖਰ ’ਤੇ ਸੀ, ਓਦੋਂ ਭਾਰਤ ਦੀ ਅਰਥਵਿਵਸਥਾ ਦਾ ਮੁੱਖ ਅਧਾਰ ਸਾਡੇ MSMEs ਸਨ, ਸਾਡੇ ਛੋਟੇ ਅਤੇ ਘਰੇਲੂ ਉਦਯੋਗ ਸਨ। ਭਾਰਤ ਦੀ ਮੈਨੂਫੈਕਚਰਿੰਗ, ਭਾਰਤ ਵਿੱਚ ਬਣੇ ਸਾਮਾਨਾਂ ਦੀ ਕੁਆਲਿਟੀ ਬਿਹਤਰ ਹੁੰਦੀ ਸੀ। ਅਸੀਂ ਉਸ ਮਾਣ ਨੂੰ ਵਾਪਸ ਹਾਸਲ ਕਰਨਾ ਹੈ। ਸਾਡੇ ਛੋਟੇ ਉਦਯੋਗ ਜੋ ਬਣਾਉਣ, ਉਹ ਦੁਨੀਆ ਵਿੱਚ ਹਰ ਕਸੌਟੀ ’ਤੇ ਬੈਸਟ ਹੋਣ, ਉੱਤਮ ਤੋਂ ਉੱਤਮ ਹੋਣ। ਅਸੀਂ ਜੋ ਮੈਨੂਫੈਕਚਰ ਕਰੀਏ, ਉਹ ਦੁਨੀਆ ਵਿੱਚ ਆਨ-ਬਾਨ-ਸ਼ਾਨ ਦੇ ਨਾਲ ਬੈਸਟ ਦੇ ਸਾਰੇ ਪੈਰਾਮੀਟਰ ਨੂੰ ਪਾਰ ਕਰਨ ਵਾਲੇ ਹੋਣ। ਸਾਡੇ ਪ੍ਰੌਡਕਸਟ ਦੀ ਕੁਆਲਿਟੀ, ਦੁਨੀਆ ਵਿੱਚ ਭਾਰਤ ਦੀ ਪਹਿਚਾਣ ਵਧਾਉਣ, ਭਾਰਤ ਦਾ ਮਾਣ ਵਧਾਉਣ, ਸਾਨੂੰ ਇਸ ਟੀਚੇ ਨੂੰ ਲੈ ਕੇ ਕੰਮ ਕਰਨਾ ਹੈ।
ਸਾਥੀਓ,
ਦੇਸ਼ ਦੀ ਸੁਤੰਤਰਤਾ ਨੂੰ ਜਿਵੇਂ ਸਵਦੇਸ਼ੀ ਦੇ ਮੰਤਰ ਤੋਂ ਤਾਕਤ ਮਿਲੀ, ਓਵੇਂ ਹੀ ਦੇਸ਼ ਦੀ ਸਮ੍ਰਿੱਧੀ ਨੂੰ ਵੀ ਸਵਦੇਸ਼ੀ ਦੇ ਮੰਤਰ ਤੋਂ ਹੀ ਸ਼ਕਤੀ ਮਿਲੇਗੀ। ਅੱਜ ਜਾਣੇ-ਅਣਜਾਣੇ ਵਿੱਚ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਵਿਦੇਸ਼ੀ ਚੀਜ਼ਾਂ ਜੁੜ ਗਈਆਂ ਹਨ, ਸਾਨੂੰ ਪਤਾ ਤੱਕ ਨਹੀਂ ਹੈ। ਸਾਡੀ ਜੇਬ ਵਿੱਚ ਕੰਘੀ ਵਿਦੇਸ਼ੀ ਹੈ ਕਿ ਦੇਸੀ, ਪਤਾ ਹੀ ਨਹੀਂ ਹੈ। ਸਾਨੂੰ ਇਨ੍ਹਾਂ ਤੋਂ ਵੀ ਮੁਕਤੀ ਪਾਉਣੀ ਹੋਵੇਗੀ। ਅਸੀਂ ਉਹ ਸਾਮਾਨ ਖ਼ਰੀਦੀਏ, ਜੋ ਮੇਡ ਇਨ ਇੰਡੀਆ ਹੋਵੇ, ਜਿਸ ਵਿੱਚ ਸਾਡੇ ਦੇਸ਼ ਦੇ ਨੌਜਵਾਨਾਂ ਦੀ ਮਿਹਨਤ ਲਗੀ ਹੋਵੇ, ਸਾਡੇ ਦੇਸ਼ ਦੀਆਂ ਬੇਟੇ-ਬੇਟੀਆਂ ਦਾ ਪਸੀਨਾ ਹੋਵੇ। ਸਾਨੂੰ ਹਰ ਘਰ ਨੂੰ ਸਵਦੇਸ਼ੀ ਦਾ ਪ੍ਰਤੀਕ ਬਣਾਉਣਾ ਹੈ। ਹਰ ਦੁਕਾਨ ਨੂੰ ਸਵਦੇਸ਼ੀ ਨਾਲ ਸਜਾਉਣਾ ਹੈ। ਮਾਣ ਨਾਲ ਕਹੋ ਇਹ ਸਵਦੇਸ਼ੀ ਹੈ, ਮਾਣ ਨਾਲ ਕਹੋ, ਮੈਂ ਸਵਦੇਸ਼ੀ ਖ਼ਰੀਦਦਾ ਹਾਂ, ਮੈਂ ਸਵਦੇਸ਼ੀ ਸਾਮਾਨ ਦੀ ਵਿਕਰੀ ਵੀ ਕਰਦਾ ਹਾਂ, ਇਹ ਹਰ ਭਾਰਤੀ ਦਾ ਮਿਜ਼ਾਜ ਬਣਨਾ ਚਾਹੀਦਾ ਹੈ।
ਜਦੋਂ ਇਹ ਹੋਵੇਗਾ, ਤਾਂ ਭਾਰਤ ਤੇਜ਼ੀ ਨਾਲ ਵਿਕਸਿਤ ਹੋਵੇਗਾ। ਮੇਰੀ ਅੱਜ ਸਾਰੀਆਂ ਸੂਬਾ ਸਰਕਾਰਾਂ ਨੂੰ ਵੀ ਤਾਕੀਦ ਹੈ, ਆਤਮ-ਨਿਰਭਰ ਭਾਰਤ ਦੇ ਇਸ ਅਭਿਆਨ ਦੇ ਨਾਲ, ਸਵਦੇਸ਼ੀ ਦੇ ਇਸ ਅਭਿਆਨ ਦੇ ਨਾਲ, ਆਪਣੇ ਰਾਜਾਂ ਵਿੱਚ ਮੈਨੂਫੈਕਚਰਿੰਗ ਨੂੰ ਰਫਤਾਰ ਦਈਏ, ਪੂਰੀ ਊਰਜਾ ਨਾਲ, ਪੂਰੇ ਉਤਸ਼ਾਹ ਨਾਲ ਜੁੜੀਏ। ਨਿਵੇਸ਼ ਦੇ ਲਈ ਮਾਹੌਲ ਵਧਾਈਏ, ਜਦੋਂ ਕੇਂਦਰ ਅਤੇ ਸੂਬੇ ਮਿਲ ਕੇ ਅੱਗੇ ਵਧਣਗੇ ਤਾਂ ਆਤਮ-ਨਿਰਭਰ ਭਾਰਤ ਦਾ ਸੁਪਨਾ ਪੂਰਾ ਹੋਵੇਗਾ, ਭਾਰਤ ਦਾ ਹਰ ਸੂਬਾ ਵਿਕਸਿਤ ਹੋਵੇਗਾ, ਭਾਰਤ ਵਿਕਸਿਤ ਹੋਵੇਗਾ। ਇਸੇ ਭਾਵਨਾ ਦੇ ਨਾਲ ਮੈਂ ਫਿਰ ਇੱਕ ਵਾਰ ਬੱਚਤ ਉਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਗੱਲ ਖ਼ਤਮ ਕਰਦਾ ਹਾਂ। ਇੱਕ ਵਾਰ ਫਿਰ ਆਪ ਸਭ ਨੂੰ ਨਵਰਾਤਰੀ ਦੀ, GST ਬੱਚਤ ਉਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
***
MJPS/ST/DK
ਐੱਮਜੇਪੀਐੱਸ/ਐੱਸਟੀ/ਡੀਕੇ
(Release ID: 2169424)
Read this release in:
English
,
Malayalam
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Telugu
,
Kannada