ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਧਾਰ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਕਿਹਾ: ਅੱਜ ਹੀ ਦੇ ਦਿਨ, ਦੇਸ਼ ਸਰਦਾਰ ਪਟੇਲ ਦੀ ਦ੍ਰਿੜ੍ਹ ਇੱਛਾ ਸ਼ਕਤੀ ਦਾ ਗਵਾਹ ਬਣਿਆ, ਭਾਰਤੀ ਫ਼ੌਜ ਨੇ ਇੱਕ ਵਾਰ ਫਿਰ ਦੇਸ਼ ਦੇ ਮਾਣ ਅਤੇ ਸਨਮਾਨ ਨੂੰ ਬਹਾਲ ਕਰਦੇ ਹੋਏ ਹੈਦਰਾਬਾਦ ਨੂੰ ਅਣਗਿਣਤ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ
ਪ੍ਰਧਾਨ ਮੰਤਰੀ ਨੇ ਕਿਹਾ: 'ਮਾਂ ਭਾਰਤੀ' ਦੇ ਸਨਮਾਨ, ਮਾਣ ਅਤੇ ਸ਼ਾਨ ਤੋਂ ਵਧ ਕੇ ਕੁਝ ਵੀ ਨਹੀਂ ਹੈ
ਪ੍ਰਧਾਨ ਮੰਤਰੀ ਨੇ ਕਿਹਾ: 'ਸਿਹਤਮੰਦ ਨਾਰੀ, ਸਸ਼ਕਤ ਪਰਿਵਾਰ' ਮੁਹਿੰਮ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਸਮਰਪਿਤ ਹੈ
ਪ੍ਰਧਾਨ ਮੰਤਰੀ ਨੇ ਕਿਹਾ: ਗ਼ਰੀਬਾਂ ਦੀ ਸੇਵਾ ਮੇਰੇ ਜੀਵਨ ਦਾ ਸਰਬਉੱਚ ਉਦੇਸ਼ ਹੈ
ਪ੍ਰਧਾਨ ਮੰਤਰੀ ਨੇ ਕਿਹਾ: ਅਸੀਂ ਕੱਪੜਾ ਉਦਯੋਗ ਲਈ 5ਐੱਫ ਵਿਜ਼ਨ ਦੀ ਵਚਨਬੱਧਤਾ ਨਾਲ ਕੰਮ ਕਰ ਰਹੇ ਹਾਂ - ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਕਟਰੀ, ਫੈਕਟਰੀ ਤੋਂ ਫੈਸ਼ਨ ਅਤੇ ਫੈਸ਼ਨ ਤੋਂ ਵਿਦੇਸ਼
ਪ੍ਰਧਾਨ ਮੰਤਰੀ ਨੇ ਕਿਹਾ: ਵਿਸ਼ਵਕਰਮਾ ਭਾਈ-ਭੈਣਾਂ ਮੇਕ ਇਨ ਇੰਡੀਆ ਦੇ ਪਿੱਛੇ ਇੱਕ ਵੱਡੀ ਤਾਕਤ ਹਨ
ਪ੍ਰਧਾਨ ਮੰਤਰੀ ਨੇ ਕਿਹਾ: ਜੋ ਪਿੱਛੇ ਰਹਿ ਗਏ ਹਨ ਉਹ ਸਾਡੀ ਸਰਬਉੱਚ ਤਰਜੀਹ ਹਨ
Posted On:
17 SEP 2025 2:17PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੱਧ ਪ੍ਰਦੇਸ਼ ਦੇ ਧਾਰ ਵਿਖੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਧਾਰ ਭੋਜਸ਼ਾਲਾ ਦੀ ਸਤਿਕਾਰਯੋਗ ਮਾਤਾ ਅਤੇ ਗਿਆਨ ਦੀ ਦੇਵੀ, ਵਾਗਦੇਵੀ ਦੇ ਚਰਨਾਂ ਵਿੱਚ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਹੁਨਰ ਅਤੇ ਸਿਰਜਣਾ ਦੇ ਦੇਵਤਾ, ਦੈਵੀ ਸ਼ਿਲਪਕਾਰ ਭਗਵਾਨ ਵਿਸ਼ਵਕਰਮਾ ਦੀ ਜਨਮ ਵਰ੍ਹੇਗੰਢ ਹੈ। ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੀ ਸ਼ਿਲਪਕਲਾ ਅਤੇ ਸਮਰਪਣ ਨਾਲ ਦੇਸ਼ ਨਿਰਮਾਣ ਵਿੱਚ ਲੱਗੇ ਕਰੋੜਾਂ ਭਾਈਆਂ ਅਤੇ ਭੈਣਾਂ ਨੂੰ ਵੀ ਨਮਨ ਕੀਤਾ।
ਸ਼੍ਰੀ ਮੋਦੀ ਨੇ ਕਿਹਾ ਕਿ ਧਾਰ ਦੀ ਧਰਤੀ ਨੇ ਹਮੇਸ਼ਾ ਬਹਾਦਰੀ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਨੇ ਕਿਹਾ, "ਮਹਾਰਾਜਾ ਭੋਜ ਦੀ ਬਹਾਦਰੀ ਸਾਨੂੰ ਰਾਸ਼ਟਰੀ ਸਵੈਮਾਣ ਦੀ ਰੱਖਿਆ ਲਈ ਅਡਿੱਗ ਰਹਿਣ ਦਾ ਸੁਨੇਹਾ ਦਿੰਦੀ ਹੈ।" ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਰਿਸ਼ੀ ਦਧੀਚੀ ਦਾ ਬਲੀਦਾਨ ਸਾਨੂੰ ਮਨੁੱਖਤਾ ਦੀ ਸੇਵਾ ਕਰਨ ਦਾ ਸੰਕਲਪ ਦਿਲਾਉਂਦਾ ਹੈ। ਇਸ ਵਿਰਾਸਤ ਤੋਂ ਪ੍ਰੇਰਨਾ ਲੈਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਸ਼ਟਰ, ਮਾਂ ਭਾਰਤੀ ਦੀ ਸੁਰੱਖਿਆ ਨੂੰ ਸਰਬਉੱਚ ਤਰਜੀਹ ਦਿੰਦਾ ਹੈ। ਉਨ੍ਹਾਂ ਨੇ ਯਾਦ ਦਿਲਾਇਆ ਕਿ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨੇ ਸਾਡੀਆਂ ਭੈਣਾਂ ਅਤੇ ਧੀਆਂ ਦੇ ਸਿੰਧੂਰ ਨੂੰ ਤਬਾਹ ਕਰ ਦਿੱਤਾ ਸੀ, ਅਤੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਰਾਹੀਂ ਅਸੀਂ ਉਨ੍ਹਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੇ ਬਹਾਦਰ ਫੌਜੀਆਂ ਨੇ ਪਲਕ ਝਪਕਦੇ ਹੀ ਪਾਕਿਸਤਾਨ ਨੂੰ ਗੋਡਿਆਂ ਭਾਰ ਲਿਆ ਦਿੱਤਾ। ਹਾਲ ਹੀ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਕੱਲ੍ਹ ਹੀ ਇੱਕ ਹੋਰ ਪਾਕਿਸਤਾਨੀ ਅੱਤਵਾਦੀ ਰੋ ਰਿਹਾ ਸੀ ਅਤੇ ਆਪਣੀ ਹੱਡਬੀਤੀ ਸੁਣਾ ਰਿਹਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ, "ਇਹ ਨਵਾਂ ਭਾਰਤ ਹੈ, ਜੋ ਕਿਸੇ ਵੀ ਤਰ੍ਹਾਂ ਦੀਆਂ ਪ੍ਰਮਾਣੂ ਧਮਕੀਆਂ ਤੋਂ ਨਹੀਂ ਡਰਦਾ ਅਤੇ ਸਿੱਧੇ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕਰਕੇ ਜਵਾਬ ਦਿੰਦਾ ਹੈ।" ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ 17 ਸਤੰਬਰ ਦਾ ਦਿਨ ਇੱਕ ਇਤਿਹਾਸਕ ਮੌਕਾ ਹੈ; ਅੱਜ ਹੀ ਦੇ ਦਿਨ ਦੇਸ਼ ਸਰਦਾਰ ਪਟੇਲ ਦੇ ਦ੍ਰਿੜ ਸੰਕਲਪ ਦਾ ਗਵਾਹ ਬਣਿਆ ਸੀ। ਇਸੇ ਦਿਨ, ਭਾਰਤੀ ਫ਼ੌਜ ਨੇ ਹੈਦਰਾਬਾਦ ਨੂੰ ਅਣਗਿਣਤ ਅੱਤਿਆਚਾਰਾਂ ਤੋਂ ਮੁਕਤ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਹੀ ਇਹ ਭਾਰਤ ਦਾ ਅਨਿੱਖੜਵਾਂ ਅੰਗ ਬਣਿਆ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਹਾਨ ਪ੍ਰਾਪਤੀ ਅਤੇ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਨੂੰ ਹੁਣ ਸਰਕਾਰ ਵੱਲੋਂ ਰਸਮੀ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਅੱਜ ਦਾ ਦਿਨ ਹੁਣ ਹੈਦਰਾਬਾਦ ਮੁਕਤੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਜੋ ਦੇਸ਼ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਹੈਦਰਾਬਾਦ ਮੁਕਤੀ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਭਾਰਤ ਮਾਤਾ ਦੇ ਸਨਮਾਨ, ਮਾਣ ਅਤੇ ਸ਼ਾਨ ਤੋਂ ਵੱਡਾ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਤਸਦੀਕ ਕੀਤੀ ਕਿ ਜ਼ਿੰਦਗੀ ਦਾ ਹਰੇਕ ਪਲ ਦੇਸ਼ ਨੂੰ ਸਮਰਪਿਤ ਹੋਣਾ ਚਾਹੀਦਾ ਹੈ।
ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਦਾ ਪ੍ਰਣ ਲਿਆ ਅਤੇ ਆਪਣਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਬਸਤੀਵਾਦੀ ਸ਼ਾਸਨ ਦੀਆਂ ਜ਼ੰਜੀਰਾਂ ਤੋਂ ਮੁਕਤੀ ਅਤੇ ਤੇਜ਼ੀ ਨਾਲ ਅੱਗੇ ਵਧਣ ਵਾਲੇ ਵਿਕਸਿਤ ਭਾਰਤ ਦਾ ਰਿਹਾ। ਇਸ ਵਿਰਾਸਤ ਤੋਂ ਪ੍ਰੇਰਨਾ ਲੈਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅੱਜ 140 ਕਰੋੜ ਭਾਰਤੀਆਂ ਨੇ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦਾ ਸੰਕਲਪ ਲਿਆ ਹੈ। ਇਸ ਯਾਤਰਾ ਦੇ ਚਾਰ ਮੁੱਖ ਥੰਮ੍ਹਾਂ: ਭਾਰਤ ਦੀ ਨਾਰੀ ਸ਼ਕਤੀ, ਯੁਵਾ ਸ਼ਕਤੀ, ਗ਼ਰੀਬ ਅਤੇ ਕਿਸਾਨ, ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਦੇ ਸਮਾਗਮ ਨੇ ਵਿਕਸਿਤ ਭਾਰਤ ਦੇ ਸਾਰੇ ਚਾਰ ਥੰਮ੍ਹਾਂ ਨੂੰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਸਮਾਗਮ ਵਿੱਚ ਮਾਵਾਂ, ਭੈਣਾਂ ਅਤੇ ਧੀਆਂ ਦੀ ਭਾਰੀ ਹਾਜ਼ਰੀ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਮਹਿਲਾ ਸਸ਼ਕਤੀਕਰਨ ਵੱਲ ਦਿੱਤੇ ਗਏ ਖ਼ਾਸ ਧਿਆਨ ਦਾ ਖ਼ਾਸ ਤੌਰ 'ਤੇ ਜ਼ਿਕਰ ਕਰਦੇ ਹੋਏ ਕਿਹਾ, "ਇਸ ਮੰਚ ਤੋਂ ਸਵਸਥ ਨਾਰੀ, ਸਸ਼ਕਤ ਪਰਿਵਾਰ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।"
ਇਹ ਦੇਖਦੇ ਹੋਏ ਕਿ 'ਆਦੀ ਸੇਵਾ ਪਰਵ' ਦੀ ਗੂੰਜ ਦੇਸ਼ ਭਰ ਵਿੱਚ ਵੱਖ-ਵੱਖ ਪੜਾਵਾਂ ਵਿੱਚ ਪਹਿਲਾਂ ਤੋਂ ਹੀ ਸੁਣਾਈ ਦੇ ਰਹੀ ਹੈ, ਸ਼੍ਰੀ ਮੋਦੀ ਨੇ ਅੱਜ ਤੋਂ ਇਸ ਦੇ ਮੱਧ ਪ੍ਰਦੇਸ਼ ਐਡੀਸ਼ਨ ਦੀ ਸ਼ੁਰੂਆਤ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਮੁਹਿੰਮ ਧਾਰ ਸਮੇਤ ਮੱਧ ਪ੍ਰਦੇਸ਼ ਦੇ ਆਦਿਵਾਸੀ ਭਾਈਚਾਰਿਆਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਨਾਲ ਸਿੱਧੇ ਜੋੜਨ ਲਈ ਇੱਕ ਪੁਲ ਵਜੋਂ ਕੰਮ ਕਰੇਗੀ।
ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਧਾਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਏਕੀਕ੍ਰਿਤ ਟੈਕਸਟਾਈਲ ਪਾਰਕ ਦਾ ਨੀਂਹ ਪੱਥਰ ਰੱਖਦੇ ਹੋਏ ਇੱਕ ਵੱਡੀ ਉਦਯੋਗਿਕ ਪਹਿਲਕਦਮੀ ਦਾ ਐਲਾਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਰਕ ਦੇਸ਼ ਦੇ ਕੱਪੜਾ ਉਦਯੋਗ ਵਿੱਚ ਨਵੀਂ ਊਰਜਾ ਦਾ ਸੰਚਾਰ ਕਰੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਸਹੀ ਮੁੱਲ ਮਿਲੇਗਾ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਅਤੇ ਮੁਹਿੰਮਾਂ ਲਈ ਸਾਰੇ ਨਾਗਰਿਕਾਂ ਨੂੰ ਵਧਾਈ ਦਿੱਤੀ।
ਮਾਵਾਂ ਅਤੇ ਭੈਣਾਂ - ਭਾਰਤ ਦੀ ਨਾਰੀ ਸ਼ਕਤੀ - ਨੂੰ ਦੇਸ਼ ਦੀ ਤਰੱਕੀ ਦਾ ਅਧਾਰ ਦੱਸਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਮਾਂ ਸਿਹਤਮੰਦ ਹੁੰਦੀ ਹੈ, ਤਾਂ ਪੂਰਾ ਘਰ ਸੁਚਾਰੂ ਢੰਗ ਨਾਲ ਚਲਦਾ ਹੈ, ਅਤੇ ਜੇਕਰ ਉਹ ਬੀਮਾਰ ਹੋ ਜਾਂਦੀ ਹੈ, ਤਾਂ ਪੂਰੇ ਪਰਿਵਾਰ ਦਾ ਤਾਣਾ-ਬਾਣਾ ਉਲਝ ਜਾਂਦਾ ਹੈ। ਉਨ੍ਹਾਂ ਨੇ "ਸਵਸਥ ਨਾਰੀ, ਸ਼ਸਕਤ ਪਰਿਵਾਰ" ਮੁਹਿੰਮ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮਹਿਲਾ ਨੂੰ ਜਾਗਰੂਕਤਾ ਜਾਂ ਸਰੋਤਾਂ ਦੀ ਘਾਟ ਕਾਰਨ ਪੀੜਾ ਨਹੀਂ ਹੋਣੀ ਚਾਹੀਦੀ। ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਈ ਬਿਮਾਰੀਆਂ, ਖ਼ਾਸ ਕਰਕੇ ਉਹ ਬਿਮਾਰੀਆਂ ਜੋ ਮਹਿਲਾਵਾਂ ਲਈ ਉੱਚ ਜੋਖਮ ਪੈਦਾ ਕਰਦੀਆਂ ਹਨ, ਜਾਂਚ ਵਿੱਚ ਦੇਰੀ ਦੇ ਕਾਰਨ ਚੁੱਪਚਾਪ ਵਧਦੀਆਂ ਰਹਿੰਦੀਆਂ ਹਨ ਅਤੇ ਗੰਭੀਰ ਹੋ ਜਾਂਦੀਆਂ ਹਨ। ਇਸ ਮੁਹਿੰਮ ਦੇ ਤਹਿਤ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਲੈ ਕੇ ਅਨੀਮੀਆ, ਤਪਦਿਕ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਾਰੇ ਤਰ੍ਹਾਂ ਦੀ ਜਾਂਚ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ, ਅਤੇ ਇਨ੍ਹਾਂ ਦਾ ਖਰਚ ਸਰਕਾਰ ਸਹਿਣ ਕਰੇਗੀ। ਅੱਗੇ ਦੇ ਇਲਾਜ ਲਈ, ਆਯੁਸ਼ਮਾਨ ਕਾਰਡ ਇੱਕ ਸੁਰੱਖਿਆ ਕਵਚ ਵਜੋਂ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਅੱਜ ਤੋਂ 2 ਅਕਤੂਬਰ ਤੱਕ ਚੱਲੇਗੀ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਆਪਣੀ ਸਿਹਤ ਲਈ ਸਮਾਂ ਕੱਢਣ, ਸਿਹਤ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਆਪਣੇ ਭਾਈਚਾਰਿਆਂ ਦੀਆਂ ਹੋਰ ਔਰਤਾਂ ਵਿੱਚ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਇੱਕ ਸਮੂਹਿਕ ਸੰਕਲਪ ਦਾ ਸੱਦਾ ਦਿੱਤਾ: "ਕੋਈ ਵੀ ਮਾਂ ਪਿੱਛੇ ਨਾ ਰਹੇ, ਕੋਈ ਧੀ ਪਿੱਛੇ ਨਾ ਰਹੇ।"
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਮਾਵਾਂ, ਭੈਣਾਂ ਅਤੇ ਧੀਆਂ ਦੀ ਸਿਹਤ ਰਾਸ਼ਟਰੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਕੁੜੀਆਂ ਦੇ ਸਮੁੱਚੇ ਪੋਸ਼ਣ ਨੂੰ ਯਕੀਨੀ ਬਣਾਉਣ ਲਈ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਅੱਜ ਤੋਂ ਅੱਠਵੇਂ ਰਾਸ਼ਟਰੀ ਪੋਸ਼ਣ ਮਹੀਨੇ ਦੀ ਸ਼ੁਰੂਆਤ ਦਾ ਐਲਾਨ ਕੀਤਾ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਵਿਕਾਸਸ਼ੀਲ ਭਾਰਤ ਵਿੱਚ ਮਾਵਾਂ ਅਤੇ ਬਾਲ ਮੌਤ ਦਰ ਨੂੰ ਘੱਟ ਕਰਨਾ ਜ਼ਰੂਰੀ ਹੈ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਸਰਕਾਰ ਨੇ 2017 ਵਿੱਚ ਪ੍ਰਧਾਨ ਮੰਤਰੀ ਮਾਤ੍ਰੂ ਵੰਦਨਾ ਯੋਜਨਾ ਸ਼ੁਰੂ ਕੀਤੀ। ਇਸ ਯੋਜਨਾ ਦੇ ਤਹਿਤ, ਪਹਿਲੀ ਧੀ ਦੇ ਜਨਮ ‘ਤੇ 5,000 ਰੁਪਏ ਅਤੇ ਦੂਸਰੀ ਧੀ ਦੇ ਜਨਮ ‘ਤੇ 6,000 ਰੁਪਏ ਸਿੱਧੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ 4.5 ਕਰੋੜ ਗਰਭਵਤੀ ਮਾਵਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ, ਅਤੇ 19,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਹੀ ਦੇ ਦਿਨ, ਇੱਕ ਕਲਿੱਕ ਨਾਲ 15 ਲੱਖ ਤੋਂ ਵੱਧ ਗਰਭਵਤੀ ਔਰਤਾਂ ਨੂੰ ਸਹਾਇਤਾ ਰਕਮ ਭੇਜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੁੱਲ ₹450 ਕਰੋੜ ਤੋਂ ਵੱਧ ਦੀ ਰਕਮ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਹੈ।
ਮੱਧ ਪ੍ਰਦੇਸ਼ ਦੀ ਧਰਤੀ ਤੋਂ ਇੱਕ ਹੋਰ ਵੱਡੀ ਸਿਹਤ ਪਹਿਲਕਦਮੀ, ਆਦਿਵਾਸੀ ਖੇਤਰਾਂ ਵਿੱਚ ਸਿਕਲ ਸੈੱਲ ਅਨੀਮੀਆ ਦੀ ਗੰਭੀਰ ਚੁਣੌਤੀ ਦੇ ਹੱਲ, ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਦਿਵਾਸੀ ਭਾਈਚਾਰਿਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਇੱਕ ਰਾਸ਼ਟਰੀ ਮਿਸ਼ਨ ਚਲਾ ਰਹੀ ਹੈ। ਇਸ ਮਿਸ਼ਨ ਦੀ ਸ਼ੁਰੂਆਤ 2023 ਵਿੱਚ ਮੱਧ ਪ੍ਰਦੇਸ਼ ਦੇ ਸ਼ਹਡੋਲ ਤੋਂ ਕੀਤੀ ਗਈ ਸੀ, ਉੱਥੇ ਪਹਿਲਾ ਸਿਕਲ ਸੈੱਲ ਸਕ੍ਰੀਨਿੰਗ ਕਾਰਡ ਜਾਰੀ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਕਿਹਾ, "ਅੱਜ ਮੱਧ ਪ੍ਰਦੇਸ਼ ਵਿੱਚ ਇੱਕ ਕਰੋੜਵਾਂ ਸਕ੍ਰੀਨਿੰਗ ਕਾਰਡ ਵੰਡਿਆ ਗਿਆ ਹੈ ਅਤੇ ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ 5 ਕਰੋੜ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਕਲ ਸੈੱਲ ਸਕ੍ਰੀਨਿੰਗ ਨੇ ਆਦਿਵਾਸੀ ਭਾਈਚਾਰਿਆਂ ਦੇ ਲੱਖਾਂ ਲੋਕਾਂ ਦੇ ਜੀਵਨ ਦੀ ਰੱਖਿਆ ਕਰਨ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਆਦਿਵਾਸੀ ਮਾਵਾਂ ਅਤੇ ਭੈਣਾਂ ਨੂੰ ਖ਼ਾਸ ਅਪੀਲ ਕੀਤੀ ਕਿ ਉਹ ਸਿਕਲ ਸੈੱਲ ਅਨੀਮੀਆ ਦੀ ਜਾਂਚ ਜ਼ਰੂਰ ਕਰਵਾਉਣ।
ਮਾਵਾਂ ਅਤੇ ਭੈਣਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਦੇ ਆਪਣੇ ਨਿਰੰਤਰ ਯਤਨਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਸਵੱਛ ਭਾਰਤ ਅਭਿਆਨ ਤਹਿਤ ਕਰੋੜਾਂ ਪਖਾਨਿਆਂ ਦੀ ਉਸਾਰੀ, ਉੱਜਵਲਾ ਯੋਜਨਾ ਦੇ ਤਹਿਤ ਮੁਫ਼ਤ ਐੱਲਪੀਜੀ ਕਨੈਕਸ਼ਨਾਂ ਦੀ ਵਿਵਸਥਾ, ਅਤੇ ਘਰੇਲੂ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਜਲ ਜੀਵਨ ਮਿਸ਼ਨ ਵਰਗੀਆਂ ਪਹਿਲਕਦਮੀਆਂ ਨੇ ਔਰਤਾਂ ਦੀਆਂ ਰੋਜ਼ਾਨਾ ਚੁਣੌਤੀਆਂ ਨੂੰ ਕਾਫ਼ੀ ਘੱਟ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਪੇਸ਼ਕਸ਼ ਕਰਨ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਨੇ ਔਰਤਾਂ ਦੇ ਸਿਹਤ ਨਤੀਜਿਆਂ ਵਿੱਚ ਸੁਧਾਰ ਕੀਤਾ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁਫ਼ਤ ਰਾਸ਼ਨ ਯੋਜਨਾ ਦੇ ਜ਼ੋਰ ‘ਤੇ ਹੀ ਇਹ ਯਕੀਨੀ ਹੋਇਆ ਕਿ ਕੋਵਿਡ-19 ਮਹਾਮਾਰੀ ਦੇ ਔਖੇ ਸਮੇਂ ਵਿੱਚ ਵੀ, ਗ਼ਰੀਬ ਮਾਵਾਂ ਦੀ ਰਸੋਈ ਦਾ ਚੁੱਲ੍ਹਾ ਨਾ ਬੁਝੇ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਮੁਫ਼ਤ ਅਨਾਜ ਵੰਡ ਜਾਰੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦਿੱਤੇ ਗਏ ਜ਼ਿਆਦਾਤਰ ਘਰ ਔਰਤਾਂ ਦੇ ਨਾਵਾਂ 'ਤੇ ਰਜਿਸਟਰਡ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਸਰਕਾਰ ਔਰਤਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਬਣਾਉਣ 'ਤੇ ਜ਼ੋਰ ਦੇ ਰਹੀ ਹੈ, ਕਰੋੜਾਂ ਔਰਤਾਂ ਨਵੇਂ ਕਾਰੋਬਾਰ ਸ਼ੁਰੂ ਕਰਨ ਅਤੇ ਉਦਯੋਗ ਸਥਾਪਿਤ ਕਰਨ ਲਈ ਮੁਦ੍ਰਾ ਯੋਜਨਾ ਰਾਹੀਂ ਕਰਜ਼ੇ ਪ੍ਰਾਪਤ ਕਰ ਰਹੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ 3 ਕਰੋੜ ਔਰਤਾਂ ਨੂੰ "ਲਖਪਤੀ ਦੀਦੀਆਂ" ਬਣਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ, ਜਿਨ੍ਹਾਂ ਵਿੱਚੋਂ ਲਗਭਗ 2 ਕਰੋੜ ਔਰਤਾਂ ਪਹਿਲਾਂ ਹੀ ਇਹ ਉਪਲਬਧੀ ਹਾਸਲ ਕਰ ਚੁੱਕੀਆਂ ਹਨ। ਔਰਤਾਂ ਨੂੰ ਬੈਂਕ ਸਖੀਆਂ ਅਤੇ ਡ੍ਰੋਨ ਦੀਦੀਆਂ ਵਜੋਂ ਸਿਖਲਾਈ ਦੇ ਕੇ ਗ੍ਰਾਮੀਣ ਅਰਥਵਿਵਸਥਾ ਦੇ ਕੇਂਦਰ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਰਾਹੀਂ, ਔਰਤਾਂ ਤਬਦੀਲੀ ਦੀ ਇੱਕ ਨਵੀਂ ਲਹਿਰ ਚਲਾ ਰਹੀਆਂ ਹਨ।
ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪਿਛਲੇ 11 ਸਾਲਾਂ ਵਿੱਚ, ਗ਼ਰੀਬਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਸਰਕਾਰ ਦੀ ਸਰਬਉੱਚ ਤਰਜੀਹ ਰਹੀ ਹੈ। ਉਨ੍ਹਾਂ ਨੇ ਇਸ ਵਿਸ਼ਵਾਸ ਨੂੰ ਦੁਹਰਾਇਆ ਕਿ ਦੇਸ਼ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਗ਼ਰੀਬ ਤਰੱਕੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਦੀ ਸੇਵਾ ਕਦੇ ਵੀ ਅਜਾਈਂ ਨਹੀਂ ਜਾਂਦੀ; ਥੋੜ੍ਹੀ ਜਿਹੀ ਸਹਾਇਤਾ ਨਾਲ ਵੀ, ਉਹ ਵੱਡੀਆਂ ਚੁਣੌਤੀਆਂ ਨੂੰ ਦੂਰ ਕਰਨ ਦੀ ਹਿੰਮਤ ਦਿਖਾਉਂਦੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਗ਼ਰੀਬਾਂ ਦੀਆਂ ਭਾਵਨਾਵਾਂ ਅਤੇ ਸੰਘਰਸ਼ਾਂ ਨੂੰ ਜੀਇਆ ਹੈ ਅਤੇ ਉਨ੍ਹਾਂ ਦੇ ਦਰਦ ਨੂੰ ਆਪਣਾ ਦਰਦ ਬਣਾਇਆ ਹੈ। ਉਨ੍ਹਾਂ ਨੇ ਦੁਹਰਾਇਆ ਕਿ ਗ਼ਰੀਬਾਂ ਦੀ ਸੇਵਾ ਹੀ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਹੈ। ਇਸ ਦੇ ਅਨੁਸਾਰ, ਸਰਕਾਰ ਗ਼ਰੀਬਾਂ ਨੂੰ ਕੇਂਦਰ ਵਿੱਚ ਰੱਖ ਕੇ ਯੋਜਨਾਵਾਂ ਬਣਾਉਂਦੀ ਅਤੇ ਲਾਗੂ ਕਰਦੀ ਰਹਿੰਦੀ ਹੈ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਅਸਰ ਹੁਣ ਦੁਨੀਆ ਨੂੰ ਦਿਖਾਈ ਦੇ ਰਿਹਾ ਹੈ ਅਤੇ ਭਾਰਤ ਵਿੱਚ 25 ਕਰੋੜ ਲੋਕ ਗ਼ਰੀਬੀ ਵਿੱਚੋਂ ਬਾਹਰ ਨਿਕਲ ਆਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਬਦਲਾਅ ਨੇ ਪੂਰੇ ਸਮਾਜ ਵਿੱਚ ਆਤਮ-ਵਿਸ਼ਵਾਸ ਦੀ ਇੱਕ ਨਵੀਂ ਭਾਵਨਾ ਜਗਾਈ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਇਹ ਯਤਨ ਸਿਰਫ਼ ਯੋਜਨਾਵਾਂ ਨਹੀਂ ਹਨ; ਇਹ ਗ਼ਰੀਬ ਮਾਵਾਂ, ਭੈਣਾਂ ਅਤੇ ਧੀਆਂ ਦੇ ਜੀਵਨ ਵਿੱਚ ਤਬਦੀਲੀ ਦੀ ਗਰੰਟੀ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਰੀਬਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਣਾ ਅਤੇ ਔਰਤਾਂ ਦੇ ਸਨਮਾਨ ਦੀ ਰੱਖਿਆ ਕਰਨਾ ਉਨ੍ਹਾਂ ਦੀ ਸਰਬਉੱਚ ਸ਼ਰਧਾ ਅਤੇ ਅਟੁੱਟ ਵਚਨਬੱਧਤਾ ਹੈ।
ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਮਾਹੇਸ਼ਵਰੀ ਕੱਪੜਿਆਂ ਦੀ ਅਮੀਰ ਪਰੰਪਰਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਦੇਵੀ ਅਹਿਲਿਆਬਾਈ ਹੋਲਕਰ ਵੱਲੋਂ ਮਾਹੇਸ਼ਵਰੀ ਸਾੜੀ ਨੂੰ ਇੱਕ ਨਵਾਂ ਆਯਾਮ ਦਿੱਤੇ ਜਾਣ ਦਾ ਜ਼ਿਕਰ ਕਰਦੇ ਹੋਏ, ਹਾਲ ਹੀ ਵਿੱਚ ਆਯੋਜਿਤ ਉਨ੍ਹਾਂ ਦੀ 300ਵੀਂ ਜਨਮ ਵਰ੍ਹੇਗੰਢ ਦੇ ਉਤਸਵ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਵਿਰਾਸਤ ਹੁਣ ਧਾਰ ਸਥਿਤ ਪੀਐੱਮ ਮਿੱਤ੍ਰ ਪਾਰਕ ਰਾਹੀਂ ਅੱਗੇ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਪਾਰਕ ਕਪਾਹ ਅਤੇ ਰੇਸ਼ਮ ਵਰਗੀਆਂ ਜ਼ਰੂਰੀ ਬੁਣਾਈ ਸਮੱਗਰੀਆਂ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗਾ, ਗੁਣਵੱਤਾ ਜਾਂਚ ਨੂੰ ਸਰਲ ਬਣਾਏਗਾ ਅਤੇ ਬਾਜ਼ਾਰ ਸਬੰਧਾਂ ਨੂੰ ਵਧਾਏਗਾ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਤਾਈ, ਡਿਜ਼ਾਈਨਿੰਗ, ਪ੍ਰੋਸੈਸਿੰਗ ਅਤੇ ਨਿਰਯਾਤ ਸਭ ਇੱਕ ਹੀ ਸਹੂਲਤ ਦੇ ਅੰਦਰ ਹੋਣਗੇ, ਇਸ ਨਾਲ ਪੂਰੀ ਕੱਪੜਾ ਮੁੱਲ ਲੜੀ ਇੱਕ ਹੀ ਜਗ੍ਹਾ ’ਤੇ ਉਪਲਬਧ ਹੋਵੇਗੀ। ਉਨ੍ਹਾਂ ਨੇ ਕੱਪੜਾ ਉਦਯੋਗ ਲਈ 5ਐੱਫ ਵਿਜ਼ਨ - ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਕਟਰੀ, ਫੈਕਟਰੀ ਤੋਂ ਫੈਸ਼ਨ ਅਤੇ ਫੈਸ਼ਨ ਤੋਂ ਵਿਦੇਸ਼ – ਦੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੁਹਰਾਈ, ਇਸ ਨਾਲ ਉਤਪਾਦਨ ਤੋਂ ਵਿਸ਼ਵ ਬਾਜ਼ਾਰਾਂ ਤੱਕ ਇੱਕ ਤੇਜ਼ ਅਤੇ ਵਧੇਰੇ ਸਹਿਜ ਯਾਤਰਾ ਯਕੀਨੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਧਾਰ ਵਿੱਚ ਪੀਐੱਮ ਮਿੱਤ੍ਰ ਪਾਰਕ ਲਈ ਲਗਭਗ 1,300 ਏਕੜ ਜ਼ਮੀਨ ਦੀ ਵੰਡ ਹੋਣ ਅਤੇ 80 ਤੋਂ ਵੱਧ ਉਦਯੋਗਿਕ ਇਕਾਈਆਂ ਦੀ ਵੰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਕਾਰਖਾਨਾ ਨਿਰਮਾਣ ਨਾਲ-ਨਾਲ ਜਾਰੀ ਰਹਿਣਗੇ। ਇਸ ਪਾਰਕ ਤੋਂ 3 ਲੱਖ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਾਰਕ ਲੌਜਿਸਟਿਕਸ ਅਤੇ ਮੈਨੁਫੈਕਚਰਿੰਗ ਲਾਗਤਾਂ ਨੂੰ ਕਾਫ਼ੀ ਘੱਟ ਕਰੇਗਾ, ਇਸ ਨਾਲ ਭਾਰਤੀ ਉਤਪਾਦ ਵਧੇਰੇ ਕਿਫਾਇਤੀ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਬਣਨਗੇ। ਉਨ੍ਹਾਂ ਨੇ ਇਸ ਪਹਿਲਕਦਮੀ ਲਈ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਖ਼ਾਸ ਤੌਰ 'ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਸਰਕਾਰ ਦੇਸ਼ ਭਰ ਵਿੱਚ ਛੇ ਹੋਰ ਪੀਐੱਮ ਮਿੱਤ੍ਰ ਪਾਰਕ ਸਥਾਪਿਤ ਕਰਨ ਦੀ ਯੋਜਨਾ ਬਣਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵਕਰਮਾ ਪੂਜਾ ਦੇ ਦੇਸ਼ਵਿਆਪੀ ਉਤਸਵ ‘ਤੇ ਚਾਨਣਾ ਪਾਇਆ ਅਤੇ ਇਸ ਨੂੰ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫ਼ਲਤਾ ਦਾ ਜਸ਼ਨ ਮਨਾਉਣ ਦਾ ਵੀ ਪਲ ਦੱਸਿਆ। ਉਨ੍ਹਾਂ ਨੇ ਦੇਸ਼ ਭਰ ਦੇ ਵਿਸ਼ਵਕਰਮਾ ਭਰਾਵਾਂ ਅਤੇ ਭੈਣਾਂ ਨੂੰ ਵਿਸ਼ੇਸ਼ ਸ਼ੁਭਕਾਮਨਾਵਾਂ ਦਿੱਤੀਆਂ, ਇਨ੍ਹਾਂ ਵਿੱਚ ਤਰਖਾਣ, ਲੁਹਾਰ, ਸੁਨਿਆਰ, ਘੁਮਿਆਰ, ਰਾਜ ਮਿਸਤਰੀ, ਪਿੱਤਲ, ਤਾਂਬੇ ਅਤੇ ਹੋਰ ਰਵਾਇਤੀ ਸ਼ਿਲਪਕਾਰੀ ਦੇ ਕਾਰੀਗਰ ਸ਼ਾਮਲ ਹਨ। ਇਹ ਦੇਖਦੇ ਹੋਏ ਕਿ ਉਨ੍ਹਾਂ ਦੇ ਉਤਪਾਦ ਅਤੇ ਹੁਨਰ ਪਿੰਡਾਂ ਅਤੇ ਸ਼ਹਿਰਾਂ ਦੋਵਾਂ ਵਿੱਚ ਰੋਜ਼ਾਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਉਨ੍ਹਾਂ ਨੇ ਮੇਕ ਇਨ ਇੰਡੀਆ ਪਹਿਲਕਦਮੀ ਦੇ ਪਿੱਛੇ ਇੱਕ ਪ੍ਰੇਰਕ ਸ਼ਕਤੀ ਵਜੋਂ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ। ਸ਼੍ਰੀ ਮੋਦੀ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਨੇ ਥੋੜ੍ਹੇ ਸਮੇਂ ਵਿੱਚ 30 ਲੱਖ ਤੋਂ ਵੱਧ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਲਾਭ ਪਹੁੰਚਾਇਆ ਹੈ। ਅੱਗੇ ਵਿਸਥਾਰ ਵਿੱਚ ਦੱਸਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਰਾਹੀਂ ਲਾਭਪਾਤਰੀਆਂ ਨੂੰ ਹੁਨਰ ਸਿਖਲਾਈ, ਡਿਜੀਟਲ ਮਾਰਕੀਟਿੰਗ ਅਤੇ ਆਧੁਨਿਕ ਉਪਕਰਣ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਛੇ ਲੱਖ ਤੋਂ ਵੱਧ ਵਿਸ਼ਵਕਰਮਾ ਭਾਈਵਾਲਾਂ ਨੂੰ ਨਵੇਂ ਉਪਕਰਣ ਪ੍ਰਦਾਨ ਕੀਤੇ ਗਏ ਹਨ, ਅਤੇ ਉਨ੍ਹਾਂ ਦੇ ਕੰਮ ਨੂੰ ਸਮਰਥਨ ਦੇਣ ਲਈ 4,000 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਗਏ ਹਨ।
ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤੋਂ ਸਮਾਜ ਦੇ ਉਨ੍ਹਾਂ ਵਰਗਾਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ ਜੋ ਦਹਾਕਿਆਂ ਤੋਂ ਅਣਗੌਲਿਆ ਕੀਤੇ ਗਏ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਰੀਬ ਵਿਸ਼ਵਕਰਮਾ ਭਰਾਵਾਂ ਅਤੇ ਭੈਣਾਂ ਦੇ ਕੋਲ ਹੁਨਰ ਤਾਂ ਹੈ, ਪਰ ਪਿਛਲੀਆਂ ਸਰਕਾਰਾਂ ਦੇ ਕੋਲ ਉਨ੍ਹਾਂ ਦੀ ਪ੍ਰਤਿਭਾ ਨੂੰ ਅੱਗੇ ਵਧਾਉਣ ਜਾਂ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਉਨ੍ਹਾਂ ਦੀ ਕਾਰੀਗਰੀ ਨੂੰ ਤਰੱਕੀ ਵਿੱਚ ਬਦਲਣ ਦੇ ਰਸਤੇ ਤਿਆਰ ਕੀਤੇ ਹਨ। ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਜੋ ਲੋਕ ਪਿੱਛੇ ਰਹਿ ਗਏ ਹਨ, ਉਹ ਸਰਕਾਰ ਦੀ ਸਰਬਉੱਚ ਤਰਜੀਹ ਬਣੇ ਰਹਿਣਗੇ।
ਪ੍ਰਧਾਨ ਮੰਤਰੀ ਨੇ ਧਾਰ ਨੂੰ ਆਪਣਾ ਪੂਰਾ ਜੀਵਨ "ਰਾਸ਼ਟਰ ਪ੍ਰਥਮ" ਦੀ ਭਾਵਨਾ ਨਾਲ ਦੇਸ਼ ਨੂੰ ਸਮਰਪਿਤ ਕਰਨ ਵਾਲੇ ਸਤਿਕਾਰਯੋਗ ਕੁਸ਼ਾਭਾਊ ਠਾਕਰੇ ਦਾ ਜਨਮ ਸਥਾਨ ਦੱਸਿਆ। ਉਨ੍ਹਾਂ ਨੇ ਕੁਸ਼ਾਭਾਊ ਠਾਕਰੇ ਨੂੰ ਆਪਣੀ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖਣ ਦੀ ਇਹ ਭਾਵਨਾ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਲਈ ਪ੍ਰੇਰਿਤ ਕਰਦੀ ਰਹੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਤਿਉਹਾਰਾਂ ਦਾ ਮੌਸਮ ਸਵਦੇਸ਼ੀ ਦੇ ਮੰਤਰ ਨੂੰ ਮੁੜ ਦੁਹਰਾਉਣ ਦਾ ਵੀ ਸਮਾਂ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਇਹ ਯਕੀਨੀ ਬਣਾਉਣ ਅਪੀਲ ਕੀਤੀ ਕਿ ਉਹ ਜੋ ਵੀ ਖਰੀਦਣ ਜਾਂ ਵੇਚਣ, ਉਹ ਭਾਰਤ ਵਿੱਚ ਬਣਿਆ ਹੋਵੇ। ਮਹਾਤਮਾ ਗਾਂਧੀ ਵੱਲੋਂ ਸਵਦੇਸ਼ੀ ਨੂੰ ਆਜ਼ਾਦੀ ਦੇ ਸਾਧਨ ਵਜੋਂ ਵਰਤਣ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਇਸਨੂੰ ਇੱਕ ਵਿਕਸਿਤ ਭਾਰਤ ਦੀ ਨੀਂਹ ਬਣਨਾ ਚਾਹੀਦਾ ਹੈ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਤਾਂ ਹੀ ਸੰਭਵ ਹੋਵੇਗਾ ਜਦੋਂ ਲੋਕ ਸਵਦੇਸ਼ੀ ਉਤਪਾਦਾਂ 'ਤੇ ਮਾਣ ਮਹਿਸੂਸ ਕਰਨਗੇ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ ਭਾਰਤ ਵਿੱਚ ਬਣੀਆਂ ਵਸਤੂਆਂ ਨੂੰ ਚੁਣਨ ਲਈ ਉਤਸ਼ਾਹਿਤ ਕੀਤਾ - ਭਾਵੇਂ ਉਹ ਛੋਟੀਆਂ ਵਸਤੂਆਂ ਹੋਣ, ਬੱਚਿਆਂ ਦੇ ਖਿਡੌਣੇ ਹੋਣ, ਦੀਵਾਲੀ ਦੀਆਂ ਮੂਰਤੀਆਂ ਹੋਣ, ਘਰੇਲੂ ਸਜਾਵਟ ਦਾ ਸਮਾਨ ਹੋਵੇ, ਜਾਂ ਮੋਬਾਈਲ, ਟੈਲੀਵਿਜ਼ਨ ਅਤੇ ਫਰਿੱਜ ਵਰਗੀਆਂ ਵੱਡੀਆਂ ਖਰੀਦਦਾਰੀ ਦੀਆਂ ਵਸਤੂਆਂ ਹੋਣ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਜਾਂਚਣਾ ਜ਼ਰੂਰੀ ਹੈ ਕਿ ਕੋਈ ਉਤਪਾਦ ਭਾਰਤ ਵਿੱਚ ਬਣਿਆ ਹੈ ਜਾਂ ਨਹੀਂ, ਕਿਉਂਕਿ ਸਵਦੇਸ਼ੀ ਖਰੀਦਣ ਨਾਲ ਪੈਸਾ ਦੇਸ਼ ਵਿੱਚ ਹੀ ਰਹਿੰਦਾ ਹੈ, ਪੂੰਜੀ ਦਾ ਬਾਹਰੀ ਵਹਾਅ ਰੁੱਕਦਾ ਹੈ ਅਤੇ ਰਾਸ਼ਟਰੀ ਵਿਕਾਸ ਵਿੱਚ ਸਿੱਧਾ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਸੜਕਾਂ, ਪਿੰਡਾਂ ਦੇ ਸਕੂਲਾਂ, ਪ੍ਰਾਇਮਰੀ ਸਿਹਤ ਕੇਂਦਰਾਂ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਗ਼ਰੀਬਾਂ ਤੱਕ ਪਹੁੰਚਣ ਵਾਲੀਆਂ ਭਲਾਈ ਯੋਜਨਾਵਾਂ ਵਿੱਚ ਕੰਮ ਆਉਂਦਾ ਹੈ।
ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਦੋਂ ਜ਼ਰੂਰੀ ਵਸਤੂਆਂ ਦਾ ਨਿਰਮਾਣ ਘਰੇਲੂ ਪੱਧਰ 'ਤੇ ਹੁੰਦਾ ਹੈ, ਤਾਂ ਉਹ ਦੇਸ਼ ਵਾਸੀਆਂ ਲਈ ਰੁਜ਼ਗਾਰ ਦੀ ਸਿਰਜਣਾ ਕਰਦੀਆਂ ਹਨ। ਨਵਰਾਤਰੀ ਦੀ ਸ਼ੁਰੂਆਤ ਦੇ ਨਾਲ ਹੀ 22 ਸਤੰਬਰ ਤੋਂ ਜੀਐੱਸਟੀ ਦੀਆਂ ਘੱਟ ਦਰਾਂ ਲਾਗੂ ਹੋਣ ਦੇ ਨਾਲ, ਉਨ੍ਹਾਂ ਨੇ ਸਾਰਿਆਂ ਨੂੰ ਸਵਦੇਸ਼ੀ ਉਤਪਾਦ ਖਰੀਦਣ ਅਤੇ ਸੋਧੀਆਂ ਦਰਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੇ ਅੰਤ ਵਿੱਚ "ਮਾਣ ਨਾਲ ਕਹੋ: ਇਹੀ ਸਵਦੇਸ਼ੀ ਹੈ" ਮੰਤਰ ਨੂੰ ਯਾਦ ਰੱਖਣ ਅਤੇ ਦੁਹਰਾਉਣ ਦਾ ਸੱਦਾ ਦਿੱਤਾ ਅਤੇ ਸਾਰਿਆਂ ਨੂੰ ਤਿਉਹਾਰਾਂ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਸਮਾਗਮ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਮੰਗੂਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਮੋਹਨ ਯਾਦਵ, ਕੇਂਦਰੀ ਮੰਤਰੀ ਸ਼੍ਰੀਮਤੀ ਸਾਵਿਤ੍ਰੀ ਠਾਕੁਰ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
ਪਿਛੋਕੜ
ਸਿਹਤ, ਪੋਸ਼ਣ, ਤੰਦਰੁਸਤੀ ਅਤੇ ਇੱਕ ਸਿਹਤਮੰਦ ਅਤੇ ਸਸ਼ਕਤ ਭਾਰਤ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ "ਸਵਸਥ ਨਾਰੀ, ਸਸ਼ਕਤ ਪਰਿਵਾਰ" ਅਤੇ "8ਵੇਂ ਰਾਸ਼ਟਰੀਯ ਪੋਸ਼ਣ ਮਾਹ" ਮੁਹਿੰਮਾਂ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਦੇ ਆਯੁਸ਼ਮਾਨ ਅਰੋਗਿਆ ਮੰਦਰਾਂ, ਕਮਿਊਨਿਟੀ ਹੈਲਥ ਸੈਂਟਰਾਂ (ਸੀਐੱਚਸੀ), ਜ਼ਿਲ੍ਹਾ ਹਸਪਤਾਲਾਂ ਅਤੇ ਹੋਰ ਸਰਕਾਰੀ ਸਿਹਤ ਸਹੂਲਤਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਇੱਕ ਲੱਖ ਤੋਂ ਵੱਧ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ, ਇਸ ਨਾਲ ਇਹ ਦੇਸ਼ ਵਿੱਚ ਔਰਤਾਂ ਅਤੇ ਬੱਚਿਆਂ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਸਿਹਤ ਮੁਹਿੰਮ ਬਣ ਜਾਵੇਗੀ। ਦੇਸ਼ ਭਰ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਰੋਜ਼ਾਨਾ ਸਿਹਤ ਕੈਂਪ ਆਯੋਜਿਤ ਕੀਤੇ ਜਾਣਗੇ।
ਇਸ ਦੇਸ਼ਵਿਆਪੀ ਤੀਬਰ ਮੁਹਿੰਮ ਦਾ ਉਦੇਸ਼ ਭਾਈਚਾਰਕ ਪੱਧਰ 'ਤੇ ਮਹਿਲਾ-ਕੇਂਦ੍ਰਿਤ ਰੋਕਥਾਮ, ਪ੍ਰਮੋਸ਼ਨਲ ਅਤੇ ਇਲਾਜ ਸਬੰਧੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਗੈਰ-ਸੰਚਾਰੀ ਬਿਮਾਰੀਆਂ, ਅਨੀਮੀਆ, ਤਪਦਿਕ, ਅਤੇ ਸਿਕਲ ਸੈੱਲ ਬਿਮਾਰੀ ਦੀ ਜਾਂਚ, ਸ਼ੁਰੂਆਤੀ ਪਹਿਚਾਣ ਅਤੇ ਇਲਾਜ ਸਬੰਧਾਂ ਨੂੰ ਮਜ਼ਬੂਤ ਕਰੇਗਾ, ਨਾਲ ਹੀ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਟੀਕਾਕਰਨ, ਪੋਸ਼ਣ, ਮਾਹਵਾਰੀ ਸਫਾਈ, ਜੀਵਨ ਸ਼ੈਲੀ ਅਤੇ ਮਾਨਸਿਕ ਸਿਹਤ ਜਾਗਰੂਕਤਾ ਗਤੀਵਿਧੀਆਂ ਰਾਹੀਂ ਮਾਵਾਂ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਨੂੰ ਉਤਸ਼ਾਹਿਤ ਕਰੇਗਾ। ਇਸਤਰੀ ਰੋਗ, ਬਾਲ ਰੋਗ, ਨੇਤਰ ਰੋਗ, ਈਐੱਨਟੀ, ਦੰਦਾਂ ਦਾ ਇਲਾਜ, ਚਮੜੀ ਰੋਗ ਅਤੇ ਮਨੋਰੋਗ ਸਮੇਤ ਮਾਹਿਰ ਸੇਵਾਵਾਂ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, ਕੇਂਦਰ ਸਰਕਾਰੀ ਦੇ ਅਦਾਰਿਆਂ ਅਤੇ ਨਿੱਜੀ ਹਸਪਤਾਲਾਂ ਰਾਹੀਂ ਉਪਲਬਧ ਕਰਵਾਈਆਂ ਜਾਣਗੀਆਂ।
ਇਸ ਮੁਹਿੰਮ ਦੇ ਤਹਿਤ ਦੇਸ਼ਵਿਆਪੀ ਖੂਨਦਾਨ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ। ਖੂਨਦਾਨੀਆਂ ਦੀ ਰਜਿਸਟ੍ਰੇਸ਼ਨ ਈ-ਰਕਤਕੋਸ਼ ਪੋਰਟਲ 'ਤੇ ਕੀਤੀ ਜਾਵੇਗੀ ਅਤੇ ਮਾਈਗਵ ਰਾਹੀਂ ਖੂਨਦਾਨ ਦੀ ਪ੍ਰਤਿੱਗਿਆ (ਸਹੁੰ) ਮੁਹਿੰਮਾਂ ਚਲਾਈਆਂ ਜਾਣਗੀਆਂ। ਲਾਭਪਾਤਰੀਆਂ ਨੂੰ ਪੀਐੱਮ-ਜੇਏਵਾਈ, ਆਯੁਸ਼ਮਾਨ ਵਯ ਵੰਦਨਾ ਅਤੇ ਆਭਾ ਯੋਜਨਾ ਦੇ ਤਹਿਤ ਨਾਮਜ਼ਦ ਕੀਤਾ ਜਾਵੇਗਾ। ਕਾਰਡ ਤਸਦੀਕ ਅਤੇ ਸ਼ਿਕਾਇਤ ਨਿਵਾਰਣ ਲਈ ਸਿਹਤ ਕੈਂਪਾਂ ਵਿੱਚ ਹੈਲਪਡੈਸਕ ਸਥਾਪਿਤ ਕੀਤੇ ਜਾਣਗੇ। ਔਰਤਾਂ ਅਤੇ ਪਰਿਵਾਰਾਂ ਲਈ ਸੰਪੂਰਨ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਯੋਗ ਸੈਸ਼ਨ, ਆਯੁਰਵੇਦ ਸਲਾਹ-ਮਸ਼ਵਰੇ ਅਤੇ ਹੋਰ ਆਯੁਸ਼ ਸੇਵਾਵਾਂ ਆਯੋਜਿਤ ਕੀਤੀਆਂ ਜਾਣਗੀਆਂ। ਇਹ ਮੁਹਿੰਮ ਮੋਟਾਪੇ ਦੀ ਰੋਕਥਾਮ, ਬਿਹਤਰ ਪੋਸ਼ਣ ਅਤੇ ਸਵੈ-ਇੱਛਤ ਖੂਨਦਾਨ 'ਤੇ ਖ਼ਾਸ ਜ਼ੋਰ ਦਿੰਦੇ ਹੋਏ ਭਾਈਚਾਰਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕਰੇਗੀ। ਨਾਗਰਿਕਾਂ ਨੂੰ ਸਮਰਪਿਤ ਮੰਚ (www.nikshay.in) 'ਤੇ ਨਿਕਸ਼ੇ ਮਿੱਤਰ ਵਜੋਂ ਰਜਿਸਟਰ ਕਰਨ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂਕਿ ਟੀਬੀ (ਤਪਦਿਕ) ਦੇ ਮਰੀਜ਼ਾਂ ਨੂੰ ਪੋਸ਼ਣ, ਸਲਾਹ ਅਤੇ ਸੰਪੂਰਨ ਸਮਾਜ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਮਾਤ੍ਰੂ ਵੰਦਨਾ ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ ਯੋਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਇੱਕ ਕਲਿੱਕ ਨਾਲ ਸਿੱਧੇ ਫੰਡ ਟ੍ਰਾਂਸਫਰ ਕੀਤੇ ਗਏ। ਇਸ ਨਾਲ ਦੇਸ਼ ਭਰ ਦੀਆਂ ਲਗਭਗ 10 ਲੱਖ ਔਰਤਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਮਾਂ ਅਤੇ ਬੱਚੇ ਦੀ ਸਿਹਤ ਬਾਰੇ ਜਾਗਰੂਕਤਾ ਵਧਾਉਣ ਲਈ ਸੁਮਨ ਸਖੀ ਚੈਟਬੋਟ ਲਾਂਚ ਕੀਤਾ। ਇਹ ਚੈਟਬੋਟ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਗਰਭਵਤੀ ਔਰਤਾਂ ਨੂੰ ਸਮੇਂ ਸਿਰ ਅਤੇ ਸਟੀਕ ਜਾਣਕਾਰੀ ਪ੍ਰਦਾਨ ਕਰੇਗਾ, ਇਸ ਨਾਲ ਜ਼ਰੂਰੀ ਸਿਹਤ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਯਕੀਨੀ ਹੋਵੇਗੀ।
ਸਿਕਲ ਸੈੱਲ ਅਨੀਮੀਆ ਦੇ ਖ਼ਿਲਾਫ਼ ਦੇਸ਼ ਦੀ ਸਮੂਹਿਕ ਲੜਾਈ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸੂਬੇ ਲਈ 1 ਕਰੋੜਵਾਂ ਸਿਕਲ ਸੈੱਲ ਸਕ੍ਰੀਨਿੰਗ ਅਤੇ ਕਾਊਂਸਲਿੰਗ ਕਾਰਡ ਵੰਡਿਆ।
ਆਦਿ ਕਰਮਯੋਗੀ ਅਭਿਆਨ ਦੇ ਤਹਿਤ, ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਲਈ 'ਆਦਿ ਸੇਵਾ ਪਰਵ' ਦੀ ਸ਼ੁਰੂਆਤ ਕੀਤੀ, ਇਹ ਆਦਿਵਾਸੀ ਮਾਣ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਦੇ ਮੇਲ ਦਾ ਪ੍ਰਤੀਕ ਹੋਵੇਗਾ। ਇਸ ਪਹਿਲਕਦਮੀ ਵਿੱਚ ਆਦਿਵਾਸੀ ਖੇਤਰਾਂ ਵਿੱਚ ਸਿਹਤ, ਸਿੱਖਿਆ, ਪੋਸ਼ਣ, ਹੁਨਰ ਵਿਕਾਸ, ਆਜੀਵਿਕਾ ਸੰਵਰਧਨ, ਸਫਾਈ, ਪਾਣੀ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ 'ਤੇ ਕੇਂਦ੍ਰਿਤ ਸੇਵਾ-ਮੁਖੀ ਗਤੀਵਿਧੀਆਂ ਦੀ ਇੱਕ ਲੜੀ ਸ਼ਾਮਲ ਹੋਵੇਗੀ। ਆਦਿਵਾਸੀ ਗ੍ਰਾਮ ਕਾਰਜ ਯੋਜਨਾ ਅਤੇ ਆਦਿਵਾਸੀ ਗ੍ਰਾਮ ਵਿਜ਼ਨ 2030 'ਤੇ ਖ਼ਾਸ ਜ਼ੋਰ ਦਿੱਤਾ ਜਾਵੇਗਾ, ਇਸ ਦਾ ਉਦੇਸ਼ ਹਰੇਕ ਪਿੰਡ ਲਈ ਇੱਕ ਲੰਬੇ ਸਮੇਂ ਦਾ ਵਿਕਾਸ ਰੋਡਮੈਪ ਤਿਆਰ ਕਰਨਾ ਹੈ।
ਆਪਣੇ 5ਐੱਫ ਵਿਜ਼ਨ - ਫਾਰਮ ਤੋਂ ਫਾਈਬਰ, ਫਾਈਬਰ ਤੋਂ ਫੈਕਟਰੀ, ਫੈਕਟਰੀ ਤੋਂ ਫੈਸ਼ਨ, ਅਤੇ ਫੈਸ਼ਨ ਤੋਂ ਵਿਦੇਸ਼ - ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਧਾਰ ਵਿੱਚ ਪੀਐੱਮ ਮਿੱਤ੍ਰ ਪਾਰਕ ਦਾ ਉਦਘਾਟਨ ਕੀਤਾ। 2,150 ਏਕੜ ਤੋਂ ਵੱਧ ਖੇਤਰ ਵਿੱਚ ਫੈਲੇ ਇਸ ਪਾਰਕ ਵਿੱਚ ਕੌਮਨ ਐਫਲੁਐਂਟ ਟ੍ਰੀਟਮੈਂਟ ਪਲਾਂਟ, ਸੂਰਜੀ ਊਰਜਾ ਪਲਾਂਟ, ਆਧੁਨਿਕ ਸੜਕਾਂ ਸਮੇਤ ਵਿਸ਼ਵ ਪੱਧਰੀ ਸਹੂਲਤਾਂ ਉਪਲਬਧ ਹੋਣਗੀਆਂ, ਜੋ ਇਸਨੂੰ ਇੱਕ ਆਦਰਸ਼ ਉਦਯੋਗਿਕ ਟਾਊਨਸ਼ਿਪ ਬਣਾਉਂਦੀਆਂ ਹਨ। ਇਸ ਨਾਲ ਖੇਤਰ ਦੇ ਕਪਾਹ ਉਤਪਾਦਕਾਂ ਨੂੰ ਵੀ ਕਾਫ਼ੀ ਲਾਭ ਹੋਵੇਗਾ, ਕਿਉਂਕਿ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਮਿਲੇਗਾ।
ਵੱਖ-ਵੱਖ ਕੱਪੜਾ ਕੰਪਨੀਆਂ ਨੇ 23,140 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵਾਂ ਦੀ ਵਚਨਬੱਧਤਾ ਜਤਾਈ ਹੈ, ਜਿਸ ਨਾਲ ਨਵੇਂ ਉਦਯੋਗਾਂ ਅਤੇ ਵੱਡੇ ਪੈਮਾਨੇ 'ਤੇ ਰੁਜ਼ਗਾਰ ਲਈ ਰਾਹ ਪੱਧਰਾ ਹੋਵੇਗਾ। ਇਸ ਨਾਲ ਲਗਭਗ 3 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਿਰਯਾਤ ਨੂੰ ਕਾਫ਼ੀ ਹੁਲਾਰਾ ਮਿਲੇਗਾ।
ਵਾਤਾਵਰਣ ਸੁਰੱਖਿਆ ਅਤੇ ਔਰਤਾਂ ਦੇ ਆਰਥਿਕ ਸਸ਼ਕਤੀਕਰਨ ਪ੍ਰਤੀ ਆਪਣੀ ਵਚਨਬੱਧਤਾ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਸੂਬੇ ਦੀ "ਏਕ ਬਗੀਆ ਮਾਂ ਕੇ ਨਾਮ" ਪਹਿਲਕਦਮੀ ਦੇ ਤਹਿਤ ਇੱਕ ਮਹਿਲਾ ਸਵੈ-ਸਹਾਇਤਾ ਸਮੂਹ ਦੀ ਇੱਕ ਲਾਭਪਾਤਰੀ ਨੂੰ ਇੱਕ ਪੌਦਾ ਭੇਟ ਕੀਤਾ। ਮੱਧ ਪ੍ਰਦੇਸ਼ ਵਿੱਚ 10,000 ਤੋਂ ਵੱਧ ਔਰਤਾਂ "ਮਾਂ ਕੀ ਬਗੀਆ" ਵਿਕਸਿਤ ਕਰਨਗੀਆਂ। ਮਹਿਲਾ ਸਮੂਹਾਂ ਨੂੰ ਪੌਦਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਸਰੋਤ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
***********
ਪੀਕੇ/ ਕੇਸੀ/ ਵੀਕੇ/ ਐੱਸਵੀ
(Release ID: 2167960)
Visitor Counter : 11
Read this release in:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam