ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ 'ਚਲੋ ਜੀਤੇ ਹੈਂ' ਵਿਸ਼ੇਸ਼ ਤੌਰ 'ਤੇ ਦੇਸ਼ ਵਿਆਪੀ ਪੱਧਰ 'ਤੇ ਮੁੜ-ਰਿਲੀਜ਼ ਹੋਣ ਲਈ ਤਿਆਰ
ਰਾਸ਼ਟਰੀ ਪੁਰਸਕਾਰ ਜੇਤੂ ਫਿਲਮ 'ਚਲੋ ਜੀਤੇ ਹੈਂ' ਦੀ ਸਕ੍ਰੀਨਿੰਗ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ 'ਤੇ ਲੱਖਾਂ 'ਸਾਈਲੈਂਟ ਹੀਰੋਜ਼' ਨੂੰ ਸਨਮਾਨਿਤ ਕੀਤਾ ਜਾਵੇਗਾ
ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਅਤੇ ਸਵਾਮੀ ਵਿਵੇਕਾਨੰਦ ਦੇ ਦਰਸ਼ਨ ਨੂੰ ਇੱਕ ਪ੍ਰਭਾਵਸ਼ਾਲੀ ਸ਼ਰਧਾਂਜਲੀ
Posted On:
16 SEP 2025 5:09PM by PIB Chandigarh
ਰਾਸ਼ਟਰੀ ਪੁਰਸਕਾਰ ਜੇਤੂ ਫ਼ਿਲਮ “ਚਲੋ ਜੀਤੇ ਹਾਂ”—ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ “ਬਸ ਵਹੀ ਜੀਤੇ ਹੈਂ, ਜੋ ਦੂਸਰੋਂ ਕੇ ਲੀਏ ਜੀਤੇ ਹੈਂ” 'ਤੇ ਅਧਾਰਿਤ ਇੱਕ ਦਿਲ ਨੂੰ ਛੂਹ ਲੈਣ ਵਾਲੀ ਸਿਨੇਮੈਟਿਤ ਸ਼ਰਧਾਂਜਲੀ ਹੈ, ਜੋ ਸਮੁੱਚੇ ਭਾਰਤ ਵਿੱਚ 17 ਸਤੰਬਰ ਤੋਂ 2 ਅਕਤੂਬਰ, 2025 ਤੱਕ ਵਿਸ਼ੇਸ਼ ਤੌਰ 'ਤੇ ਮੁੜ ਰਿਲੀਜ਼ ਹੋ ਰਹੀ ਹੈ। ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਹਾਸਲ ਕਰਨ ਵਾਲੀ ਇਹ ਫਿਲਮ, 2018 ਦੀਆਂ ਸਭ ਤੋਂ ਵੱਧ ਵੇਖੀਆਂ ਗਈਆਂ ਲਘੂ ਫਿਲਮਾਂ ਵਿੱਚੋਂ ਇੱਕ ਹੈ, ਜੋ ਦੇਸ਼ ਭਰ ਦੇ ਲੱਖਾਂ ਸਕੂਲਾਂ ਅਤੇ ਲਗਭਗ 500 ਸਿਨੇਮਾ ਹਾਲਾਂ ਵਿੱਚ ਪ੍ਰਦਰਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਪੀਵੀਆਰ ਆਈਕੌਨਸ, ਸਿਨੇਪੋਲਿਸ, ਰਾਜਹੰਸ ਅਤੇ ਮਿਰਾਜ ਸ਼ਾਮਲ ਹਨ।
ਨੌਜਵਾਨਾਂ ਨੂੰ ਪ੍ਰੇਰਿਤ ਕਰਨਾ
ਇਸ ਮੁੜ ਰਿਲੀਜ਼ ਦੇ ਮੌਕੇ 'ਤੇ, 'ਚਲੋ ਜੀਤੇ ਹੈਂ: ਸੇਵਾ ਕਾ ਸਨਮਾਨ' ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਦੇ ਤਹਿਤ, ਸਕੂਲਾਂ ਅਤੇ ਸਮਾਜ ਦੇ 'ਸਾਈਲੈਂਟ ਹੀਰੋਜ਼' - ਚੌਕੀਦਾਰ, ਸਫਾਈ ਕਰਮਚਾਰੀ, ਡਰਾਈਵਰ, ਚਪੜਾਸੀ ਅਤੇ ਹੋਰ ਜੋ ਰੋਜ਼ਾਨਾ ਜੀਵਨ ਦੇ ਸੁਚਾਰੂ ਕੰਮਕਾਜ ਵਿੱਚ ਚੁੱਪ-ਚਾਪ ਰਹਿ ਕੇ ਯੋਗਦਾਨ ਪਾਉਂਦੇ ਹਨ - ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦਾ ਸ਼ੁਕਰਾਨਾ ਕੀਤਾ ਜਾਵੇਗਾ। ਇਹ ਜਸ਼ਨ ਵਿਦਿਆਰਥੀਆਂ ਵੱਲੋਂ 'ਸਾਈਲੈਂਟ ਹੀਰੋਜ਼' 'ਤੇ ਬਣੀ ਫਿਲਮ ਦੇਖਣ ਤੋਂ ਬਾਅਦ ਕਰਵਾਏ ਜਾਣਗੇ ਜੋ ਨੌਜਵਾਨਾਂ ਨੂੰ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਦੂਜਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।
ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ਨੂੰ ਸਿਜਦਾ
ਇਹ ਫਿਲਮ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ ਦੀ ਇੱਕ ਬਚਪਨ ਦੀ ਘਟਨਾ ਤੋਂ ਪ੍ਰੇਰਿਤ ਹੈ। ਇਹ ਨੌਜਵਾਨ ਨਾਰੂ ਦੀ ਕਹਾਣੀ ਦੱਸਦੀ ਹੈ, ਜੋ ਸਵਾਮੀ ਵਿਵੇਕਾਨੰਦ ਦੇ ਫ਼ਲਸਫ਼ੇ ਤੋਂ ਡੂੰਘਾ ਪ੍ਰਭਾਵਿਤ ਹੋ ਕੇ, ਇਸ ਦੇ ਭਾਵਅਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਆਪਣੀ ਛੋਟੀ ਜਿਹੀ ਦੁਨੀਆਂ ਵਿੱਚ ਇੱਕ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਪਹਿਲ ਦੇ ਨਾਲ, ਨਿਰਸੁਆਰਥ ਭਾਵਨਾ ਅਤੇ ਸੇਵਾ ਦਾ ਸਦੀਵੀ ਸੁਨੇਹਾ ਨਵੀਂ ਪੀੜ੍ਹੀ ਤੱਕ ਅਸਰਦਾਰ ਢੰਗ ਨਾਲ ਪਹੁੰਚੇਗਾ।
ਦੇਸ਼ ਵਿਆਪੀ ਪ੍ਰਭਾਵ
ਫ਼ਿਲਮ ਨਿਰਮਾਤਾ ਮਹਾਵੀਰ ਜੈਨ ਨੇ ਕਿਹਾ, “ਇਸ ਲਹਿਰ ਵਿੱਚ ਡੂੰਘਾ ਸ਼ਕਤੀਸ਼ਾਲੀ ਸੁਨੇਹਾ ਹੈ। ਇਹ ਲੱਖਾਂ ਨੌਜਵਾਨ ਮਨਾਂ ਨੂੰ ਹਰ ਕੰਮ ਅਤੇ ਹਰੇਕ ਵਿਅਕਤੀ ਦੀ ਕਦਰ ਕਰਨ ਅਤੇ ਉਨ੍ਹਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰੇਗੀ। ਇਹ ਰਾਸ਼ਟਰ ਪ੍ਰਤੀ ਨਿਰਸੁਆਰਥ ਭਾਵਨਾ, ਹਮਦਰਦੀ ਅਤੇ ਫਰਜ਼ਾਂ ਦੀਆਂ ਸਦੀਵੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੀ ਹੈ - ਜੋ ਸਾਡੇ ਪ੍ਰਧਾਨ ਮੰਤਰੀ ਨੂੰ ਇੱਕ ਸੱਚੀ ਸ਼ਰਧਾਂਜਲੀ ਹੈ"। ਉਨ੍ਹਾਂ ਨੇ ਅੱਗੇ ਕਿਹਾ, "ਇਸ ਫਿਲਮ ਰਾਹੀਂ, ਅਸੀਂ ਨੌਜਵਾਨਾਂ ਦੇ ਦਿਲਾਂ ਵਿੱਚ ਇੱਕ ਚੰਗਿਆੜੀ ਜਗਾਉਣ ਦੀ ਉਮੀਦ ਕਰਦੇ ਹਾਂ, ਉਨ੍ਹਾਂ ਨੂੰ ਉਦੇਸ਼ਪੂਰਣ ਜੀਵਨ ਜਿਉਣ ਅਤੇ ਸਮਾਜ ਵਿੱਚ ਹਾਂ-ਪੱਖੀ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ।”
ਪਰਿਵਾਰਕ ਕਦਰਾਂ-ਕੀਮਤਾਂ 'ਤੇ ਅਧਾਰਿਤ ਸਰਵੋਤਮ ਗੈਰ-ਫੀਚਰ ਫਿਲਮ ਲਈ ਰਾਸ਼ਟਰੀ ਪੁਰਸਕਾਰ ਜੇਤੂ, "ਚਲੋ ਜੀਤੇ ਹੈਂ" ਦਰਸ਼ਕਾਂ ਵਿੱਚ ਆਪਣੀ ਪਛਾਣ ਬਣਾ ਰਹੀ ਹੈ। ਮੰਗੇਸ਼ ਹਦਾਵਲੇ ਵਲੋਂ ਨਿਰਦੇਸ਼ਿਤ ਅਤੇ ਆਨੰਦ ਐੱਲ.ਰਾਏ ਅਤੇ ਮਹਾਵੀਰ ਜੈਨ ਵਲੋਂ ਪੇਸ਼ ਕੀਤੀ ਗਈ, ਇਸ ਫਿਲਮ ਦਾ ਦੂਜਿਆਂ ਲਈ ਜਿਉਣ ਦਾ ਸੁਨੇਹਾ ਅੱਜ ਵੀ ਓਨਾ ਹੀ ਪ੍ਰਾਸੰਗਿਕ ਹੈ ਜਿੰਨਾ ਇਸ ਨੂੰ ਪਹਿਲੀ ਵਾਰ ਰਿਲੀਜ਼ ਕਰਨ ਸਮੇਂ ਸੀ। ਇਸ ਦੀ ਵਿਸ਼ੇਸ਼ ਮੁੜ-ਰਿਲੀਜ਼ ਹੁਣ ਪ੍ਰਧਾਨ ਮੰਤਰੀ ਦੇ ਪ੍ਰੇਰਨਾਦਾਇਕ ਜੀਵਨ ਅਤੇ ਫ਼ਲਸਫ਼ੇ ਨੂੰ ਸ਼ਰਧਾਂਜਲੀ ਵਜੋਂ, ਉਸ ਸੁਨੇਹੇ ਨੂੰ ਹੋਰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਦੀ ਹੈ।
ਸਕੂਲਾਂ ਵਿੱਚ ਫ਼ਿਲਮ ਦੀ ਸਕ੍ਰੀਨਿੰਗ ਇਸ ਪਹਿਲਕਦਮੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਫਿਲਮ ਦਾ ਸੁਨੇਹਾ ਵਿਦਿਆਰਥੀਆਂ ਤੱਕ ਪਹੁੰਚੇ ਅਤੇ ਉਨ੍ਹਾਂ ਨੂੰ ਇੱਕ ਮਕਸਦਪੂਰਨ ਜੀਵਨ ਬਿਤਾਉਣ ਲਈ ਹੱਲ੍ਹਾਸ਼ੇਰੀ ਦੇਵੇ।
************
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
(Release ID: 2167423)
Visitor Counter : 2