ਖੇਤੀਬਾੜੀ ਮੰਤਰਾਲਾ
ਦੋ ਦਿਨਾਂ 'ਰਾਸ਼ਟਰੀ ਖੇਤੀਬਾੜੀ ਸੰਮੇਲਨ - ਰਬੀ ਅਭਿਆਨ 2025' ਕੱਲ੍ਹ ਤੋਂ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸੰਮੇਲਨ ਦੀ ਪ੍ਰਧਾਨਗੀ ਕਰਨਗੇ
ਦੇਸ਼ ਭਰ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ, ਵਿਗਿਆਨੀ ਕਰਨਗੇ ਡੂੰਘਾ ਵਿਚਾਰ-ਵਟਾਂਦਰਾ
Posted On:
14 SEP 2025 3:35PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ 15-16 ਸਤੰਬਰ, 2025 ਨੂੰ ਪੂਸਾ, ਨਵੀਂ ਦਿੱਲੀ ਸਥਿਤ ਭਾਰਤ ਰਤਨ ਸੀ. ਸੁਬਰਾਮਨੀਅਮ ਆਡੀਟੋਰੀਅਮ ਵਿੱਚ ਰਾਸ਼ਟਰੀ ਖੇਤੀਬਾੜੀ ਸੰਮੇਲਨ-ਰਬੀ ਅਭਿਆਨ 2025 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਦੋ ਦਿਨੀਂ ਰਾਸ਼ਟਰੀ ਸੰਮੇਲਨ ਦੇਸ਼ਭਰ ਦੇ ਖੇਤੀਬਾੜੀ ਮਾਹਿਰਾਂ, ਵਿਗਿਆਨੀਆਂ, ਨੀਤੀ-ਨਿਰਧਾਰਕਾਂ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਪ੍ਰਤੀਨਿਧੀਆਂ ਲਈ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰੇਗਾ, ਜਿੱਥੇ ਰਬੀ 2025-26 ਦੀ ਬਿਜਾਈ ਸੀਜ਼ਨ ਨਾਲ ਸਬੰਧਿਤ ਤਿਆਰੀਆਂ, ਉਤਪਾਦਨ ਟੀਚਿਆਂ ਅਤੇ ਰਣਨੀਤੀਆਂ ‘ਤੇ ਡੂੰਘੀ ਚਰਚਾ ਹੋਵੇਗੀ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਸ ਅਵਸਰ ‘ਤੇ ਵਿਭਿੰਨ ਰਾਜਾਂ ਦੇ ਖੇਤੀਬਾੜੀ ਮੰਤਰੀ, ਸਕੱਤਰ (ਖੇਤੀਬਾੜੀ ਅਤੇ ਕਿਸਾਨ ਭਲਾਈ), ਸਕੱਤਰ (ਡੀਏਆਰਈ) ਅਤੇ ਡਾਇਰੈਕਟਰ ਜਨਰਲ (ਆਈਸੀਏਆਰ) ਸਮੇਤ ਹੋਰ ਮੰਤਰਾਲੇ ਅਤੇ ਵਿਭਾਗਾਂ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਸੰਮੇਲਨ ਵਿੱਚ ਹਿੱਸਾ ਲੈਣਗੇ।
ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਦੇ ਨਿਰਦੇਸ਼ਾਂ 'ਤੇ, ਪਹਿਲੀ ਵਾਰ ਰਬੀ ਕਾਨਫਰੰਸ ਦੋ ਦਿਨ ਦੀ ਹੋ ਰਹੀ ਹੈ, ਜਿਸ ਵਿੱਚ ਖੇਤੀਬਾੜੀ ਨਾਲ ਸਬੰਧਿਤ ਚੁਣੌਤੀਆਂ ਅਤੇ ਰਬੀ ਸੀਜ਼ਨ ਦੀਆਂ ਫਸਲਾਂ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ। ਪਹਿਲੇ ਦਿਨ, ਕੇਂਦਰੀ ਅਤੇ ਰਾਜ ਪੱਧਰੀ ਅਧਿਕਾਰੀਆਂ ਵਿਚਕਾਰ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਜਾਵੇਗੀ, ਉਸ ਤੋਂ ਬਾਅਦ 16 ਸਤੰਬਰ ਨੂੰ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰਾਜ ਮੰਤਰੀ ਵਿਸਤ੍ਰਿਤ ਚਰਚਾ ਕਰਨਗੇ, ਜਿਸ ਵਿੱਚ ਨਵੀਨਤਮ ਟੈਕਨੋਲੋਜੀ ਅਤੇ ਬੀਜਾਂ ਨੂੰ ਕਿਸਾਨਾਂ ਤੱਕ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਾਇਆ ਜਾਵੇ ਇਸ ਦੇ ਲਈ ਡੂੰਘਾ ਚਿੰਤਨ ਅਤੇ ਸਮੀਖਿਆ ਕੀਤੀ ਜਾਵੇਗੀ। ਸਾਰੇ ਰਾਜਾਂ ਦੇ ਸੀਨੀਅਰ ਅਧਿਕਾਰੀ ਆਪਣੀਆਂ ਟੀਮਾਂ ਨਾਲ ਇਸ ਵਿੱਚ ਹਿੱਸਾ ਲੈਣਗੇ, ਪਹਿਲੀ ਵਾਰ ਇਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿਗਿਆਨੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਜੋ ਖੇਤਰੀ ਅਨੁਭਵ ਅਤੇ ਚੁਣੌਤੀਆਂ ਨੂੰ ਸਾਂਝਾ ਕਰਨਗੇ ਅਤੇ ਅੱਗੇ ਦੀ ਰਣਨੀਤੀ ਤੈਅ ਕਰਨਗੇ।
ਸੰਮੇਲਨ ਵਿੱਚ ਵਿਭਿੰਨ ਰਾਜਾਂ ਦੀਆਂ ਸਫਲਤਾਵਾਂ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਰਾਜਾਂ ਵਿੱਚ ਲਾਗੂ ਕੀਤਾ ਜਾ ਸਕੇ। ਨਾਲ ਹੀ, ਮੌਸਮ ਦੀ ਭਵਿੱਖਬਾਣੀ, ਖਾਦ ਪ੍ਰਬੰਧਨ, ਖੇਤੀਬਾੜੀ ਖੋਜ ਅਤੇ ਤਕਨੀਕੀ ਦਖਲਅੰਦਾਜ਼ੀ ਨਾਲ ਜੁੜੇ ਵਿਸ਼ਿਆਂ ‘ਤੇ ਵੀ ਮਾਹਿਰ ਆਪਣੇ ਵਿਚਾਰ ਪੇਸ਼ ਕਰਨਗੇ।
ਇਹ ਸੰਮੇਲਨ ਨਾ ਸਿਰਫ਼ ਰਬੀ 2025-26 ਸੀਜ਼ਨ ਲਈ ਕਾਰਜ ਯੋਜਨਾ ਅਤੇ ਉਤਪਾਦਨ ਰਣਨੀਤੀ ਨੂੰ ਦਿਸ਼ਾ ਦੇਵੇਗਾ ਸਗੋਂ ਇਹ ਕਿਸਾਨਾਂ ਦੀ ਆਮਦਨ ਵਿੱਚ ਵਾਧਾ, ਟਿਕਾਊ ਖੇਤੀਬਾੜੀ ਪ੍ਰਣਾਲੀ ਅਤੇ ਰਾਸ਼ਟਰੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਵੀ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ।
************
ਆਰਸੀ/ਕੇਐੱਸਆਰ/ਏਆਰ
(Release ID: 2166794)
Visitor Counter : 2