ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਦੇ ਨਾਰਨਪੁਰਾ ਵਿੱਚ ₹825 ਕਰੋੜ ਦੀ ਲਾਗਤ ਨਾਲ ਬਣੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ


ਵੀਰ ਸਾਵਰਕਰ ਸਪੋਰਟਸ ਕੰਪਲੈਕਸ ਭਾਰਤ ਦਾ ਸਭ ਤੋਂ ਵੱਡਾ ਅਤੇ ਵਿਸ਼ਵ ਵਿੱਚ ਸਭ ਤੋਂ ਆਧੁਨਿਕ ਖੇਡ ਕੰਪਲੈਕਸ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾ ਸਿਰਫ਼ ਖੇਡ ਖੇਤਰ ਨਾਲ ਸਬੰਧਿਤ ਯੋਜਨਾਵਾਂ ਬਣਾਈਆਂ, ਸਗੋਂ ਖੇਡ ਬੁਨਿਆਦੀ ਢਾਂਚੇ ਅਤੇ ਟ੍ਰੇਨਿੰਗ ਨੂੰ ਵੀ ਵਿਸ਼ਵ ਪੱਧਰੀ ਬਣਾਇਆ

ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੀਤੇ ਗਏ ਸੁਧਾਰਾਂ ਦੇ ਨਤੀਜੇ ਵਜੋਂ, ਪਿਛਲੇ 10 ਸਾਲਾਂ ਵਿੱਚ ਭਾਰਤੀ ਖੇਡਾਂ ਵਿੱਚ ਬੇਮਿਸਾਲ ਬਦਲਾਅ ਆਏ

ਸਾਲ 2014-15 ਵਿੱਚ, ਦੇਸ਼ ਦਾ ਖੇਡ ਬਜਟ ₹1,643 ਕਰੋੜ ਸੀ, ਜਿਸ ਨੂੰ ਸ਼੍ਰੀ ਮੋਦੀ ਜੀ ਦੁਆਰਾ ਵਧਾ ਕੇ ₹5,300 ਕਰੋੜ ਕਰ ​​ਦਿੱਤਾ ਗਿਆ

ਅਹਿਮਦਾਬਾਦ ਵਿਖੇ 2029 ਵਿੱਚ ਵਿਸ਼ਵ ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਖੇਡ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ

2036 ਤੱਕ, ਅਹਿਮਦਾਬਾਦ ਵਿੱਚ 13 ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ, ਜਿਸ ਨਾਲ ਅਹਿਮਦਾਬਾਦ ਪੂਰੇ ਏਸ਼ੀਆ ਦਾ ਖੇਡ ਕੇਂਦਰ ਬਣ ਜਾਵੇ

ਭਾਰਤ ਸਰਕਾਰ 2036 ਵਿੱਚ ਅਹਿਮਦਾਬਾਦ ਵਿੱਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਹਰ ਸੰਭਵ ਤਿਆਰੀਆਂ ਕਰ ਰਹੀ ਹੈ

Posted On: 14 SEP 2025 8:36PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਦੇ ਨਾਰਨਪੁਰਾ ਵਿਖੇ ਲਗਭਗ ₹825 ਕਰੋੜ ਦੀ ਲਾਗਤ ਨਾਲ ਬਣੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ, ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਸ਼੍ਰੀ ਹਰਸ਼ ਸੰਘਵੀ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਉਹ ਨਾਰਨਪੁਰਾ ਵਿੱਚ ਇੱਕ ਖੇਡ ਕੰਪਲੈਕਸ ਬਣਾਉਣ ਦਾ ਪ੍ਰਸਤਾਵ ਲੈ ਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੋਲ ਗਏ ਸਨ, ਤਾਂ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਸਨ ਕਿ ਇਸ ਨੂੰ ਇੱਕ ਵਿਸ਼ਵ ਪੱਧਰੀ ਖੇਡ ਕੰਪਲੈਕਸ ਵਜੋਂ ਵਿਕਸਿਤ ਕੀਤਾ ਜਾਵੇ। ਅੱਜ, ਅੰਤਰਰਾਸ਼ਟਰੀ ਮਿਆਰਾਂ ਦੀਆਂ ਸਹੂਲਤਾਂ ਵਾਲਾ ਵੀਰ ਸਾਵਰਕਰ ਖੇਡ ਕੰਪਲੈਕਸ ਬਣ ਕੇ ਤਿਆਰ ਹੋ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਭਾਰਤ ਦਾ ਸਭ ਤੋਂ ਵੱਡਾ ਅਤੇ ਦੁਨੀਆ ਦੇ ਸਭ ਤੋਂ ਆਧੁਨਿਕ ਖੇਡ ਕੰਪਲੈਕਸਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੂੰ ਹੁਣ ਕਿਸੇ ਵੀ ਖੇਤਰ ਵਿੱਚ ਆਪਣੇ ਆਪ ਨੂੰ ਦੂਜੇ ਸਥਾਨ 'ਤੇ ਕਲਪਨਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨੇ 2047 ਤੱਕ ਭਾਰਤ ਨੂੰ ਹਰ ਖੇਤਰ ਵਿੱਚ ਨੰਬਰ ਇੱਕ ਬਣਾਉਣ ਦਾ ਟੀਚਾ ਰੱਖਿਆ ਹੈ, ਅਤੇ ਇਹ ਟੀਚਾ ਜ਼ਰੂਰ ਪ੍ਰਾਪਤ ਕੀਤਾ ਜਾਵੇਗਾ। ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਖੇਡਾਂ ਦੇਸ਼ ਦੀ ਆਤਮਾ ਹਨ। ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੋਣ ਦੇ ਨਾਤੇ, ਇਸ ਨੂੰ ਖੇਡਾਂ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ਼ ਖੇਡਾਂ ਨਾਲ ਸਬੰਧਿਤ ਨੀਤੀਆਂ ਬਣਾਈਆਂ, ਸਗੋਂ ਇਹ ਵੀ ਯਕੀਨੀ ਬਣਾਇਆ ਕਿ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਐਥਲੀਟ ਟ੍ਰੇਨਿੰਗ, ਪਾਰਦਰਸ਼ੀ ਚੋਣ ਪ੍ਰਕਿਰਿਆਵਾਂ ਅਤੇ ਉੱਚ ਪ੍ਰਦਰਸ਼ਨ ਵਾਲੇ ਖਿਡਾਰੀਆਂ ਲਈ ਭਾਰਤ ਦੀ ਨੁਮਾਇੰਦਗੀ ਕਰਨ ਦੇ ਨਿਰਪੱਖ ਮੌਕੇ ਯਕੀਨੀ ਬਣਾਏ ਜਾਣ। ਪ੍ਰਧਾਨ ਮੰਤਰੀ ਦੁਆਰਾ ਲਿਆਂਦੇ ਗਏ ਸੁਧਾਰਾਂ ਦੇ ਨਤੀਜੇ ਵਜੋਂ, ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਦੇ ਖੇਡ ਖੇਤਰ ਵਿੱਚ ਬੇਮਿਸਾਲ ਬਦਲਾਅ ਆਇਆ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਇਹ ਵੀ ਕਿਹਾ ਕਿ ਅੱਜ ਉਦਘਾਟਨ ਕੀਤੇ ਗਏ ਖੇਡ ਕੰਪਲੈਕਸ ਦਾ ਨਾਮ ਮਹਾਨ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ ਦੇ ਨਾਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਨੇ ਯਾਦ ਕੀਤਾ ਕਿ ਬਹੁਤ ਘੱਟ ਲੋਕ ਜਾਣਦੇ ਹਨ ਕਿ ਵਿਸ਼ਵ ਵਿੱਚ ਸਭ ਤੋਂ ਲੰਬੀ ਤੈਰਾਕੀ ਜੇ ਕਿਸੇ ਨੇ ਕੀਤੀ ਹੈ, ਉਹ ਵੀਰ ਸਾਵਰਕਰ ਹੀ ਸਨ। ਜਦੋਂ ਅੰਗਰੇਜ਼ ਉਨ੍ਹਾਂ ਨੂੰ ਕੈਦ ਕਰਕੇ ਭਾਰਤ ਲਿਆ ਰਹੇ ਸਨ, ਤਾਂ ਫਰਾਂਸ ਦੇ ਮਾਰਸੇਲ ਬੰਦਰਗਾਹ (Marseille port)  'ਤੇ, ਸਾਵਰਕਰ ਨੇ ਜੰਜ਼ੀਰਾਂ ਵਿੱਚ ਹੋਣ ਦੇ ਬਾਵਜੂਦ, ਜਹਾਜ਼ ਤੋਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ ਅਤੇ ਫਰਾਂਸ ਦੀ ਧਰਤੀ ਤੱਕ ਪਹੁੰਚਣ ਲਈ ਤੈਰ ਕੇ ਗਿਆ। ਇਸ ਨਾਲ ਅੰਗਰੇਜ਼ਾਂ ਨੂੰ ਉਨ੍ਹਾਂ ਨੂੰ ਫੜਨ ਵਿੱਚ ਦੇਰੀ ਹੋਈ। ਬਦਕਿਸਮਤੀ ਨਾਲ, ਬਾਅਦ ਵਿੱਚ ਅੰਗਰੇਜ਼ਾਂ ਨੇ ਉਸ ਨੂੰ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਅਤੇ ਭਾਰਤ ਵਾਪਸ ਲਿਆਂਦਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵਾਸ ਪ੍ਰਗਟਾਇਆ ਕਿ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਟ੍ਰੇਨਿੰਗ ਅਤੇ ਮੁਕਾਬਲਾ ਕਰਨ ਲਈ ਆਉਣ ਵਾਲੇ ਖਿਡਾਰੀ ਸਿਰਫ਼ ਤਗਮੇ ਜਿੱਤਣ ਲਈ ਹੀ ਪ੍ਰੇਰਿਤ ਨਹੀਂ ਹੋਣਗੇ, ਸਗੋਂ ਦੁਨੀਆ ਭਰ ਵਿੱਚ ਜਿੱਤ ਪ੍ਰਾਪਤ ਕਰਕੇ ਭਾਰਤ ਮਾਤਾ ਦਾ ਮਾਣ ਵਧਾਉਣ ਲਈ ਪ੍ਰੇਰਿਤ ਹੋਣਗੇ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਅਹਿਮਦਾਬਾਦ ਵਿੱਚ ਦੋ ਅੰਤਰਰਾਸ਼ਟਰੀ ਖੇਡ ਸਮਾਗਮ ਹੋਏ ਸਨ। ਇਨ੍ਹਾਂ ਮੁਕਾਬਲਿਆਂ ਦੌਰਾਨ, ਵੱਖ-ਵੱਖ ਅੰਤਰਰਾਸ਼ਟਰੀ ਖੇਡ ਫੈੱਡਰੇਸ਼ਨਾਂ ਦੇ ਪ੍ਰਧਾਨਾਂ ਨੇ ਕਿਹਾ ਕਿ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਦੁਨੀਆ ਦੀ ਸਭ ਤੋਂ ਆਧੁਨਿਕ ਖੇਡ ਸਹੂਲਤ ਹੈ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਇਹ ਕੰਪਲੈਕਸ ਨਾ ਸਿਰਫ਼ ਆਧੁਨਿਕ ਹੈ, ਸਗੋਂ ਵਿਸ਼ਾਲ ਅਤੇ ਪੂਰੀ ਤਰ੍ਹਾਂ ਸੁਵਿਧਾਵਾਂ ਨਾਲ ਲੈਸ ਵੀ ਹੈ। ਇਸ ਵਿੱਚ ਵਿਸ਼ਵ ਪੱਧਰੀ ਖੇਡ ਪ੍ਰਬੰਧ, ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਹੌਸਟਲ ਸਹੂਲਤਾਂ, ਕੋਚਾਂ ਲਈ ਰਿਹਾਇਸ਼ ਅਤੇ ਖਿਡਾਰੀਆਂ ਲਈ ਹਰ ਤਰ੍ਹਾਂ ਦੀ ਡਾਕਟਰੀ ਸਹਾਇਤਾ ਹੈ। ਖਿਡਾਰੀਆਂ ਨੂੰ ਪੋਸ਼ਣ ਮਾਹਿਰਾਂ (nutrition experts) ਤੋਂ ਵੀ ਮਾਰਗਦਰਸ਼ਨ ਮਿਲੇਗਾ। ਇਸ ਤੋਂ ਇਲਾਵਾ, ਕੰਪਲੈਕਸ ਵਿੱਚ ਇੱਕ ਸੁੰਦਰ ਥੀਏਟਰ ਹੈ ਜਿੱਥੇ ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਹੌਲੀ ਗਤੀ ਵਿੱਚ ਆਪਣੀਆਂ ਤਕਨੀਕਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ।

ਸ਼੍ਰੀ ਸ਼ਾਹ ਨੇ ਕਿਹਾ 1 ਲੱਖ 19 ਹਜ਼ਾਰ ਵਰਗ ਮੀਟਰ ਵਿੱਚ ਫੈਲਿਆ ਇਹ ਵਿਸ਼ਾਲ ਖੇਡ ਕੰਪਲੈਕਸ ਵਿਆਪਕ ਅਤੇ ਅਤਿ-ਆਧੁਨਿਕ ਹੈ। ਇਸ ਵਿੱਚ ਸੱਤ ਪ੍ਰਵੇਸ਼ ਦੁਆਰ, 900 ਵਾਹਨਾਂ ਲਈ ਪਾਰਕਿੰਗ ਜਗ੍ਹਾ, 275 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ, ਅਤੇ 60 ਕੇਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ, ਜੋ ਇਸਨੂੰ ਭਾਰਤ ਸਰਕਾਰ ਅਤੇ ਗੁਜਰਾਤ ਸਰਕਾਰ ਦੁਆਰਾ ਸਾਂਝੇ ਤੌਰ 'ਤੇ ਵਿਕਸਿਤ ਕੀਤਾ ਗਿਆ ਇੱਕ ਪੂਰੀ ਤਰ੍ਹਾਂ ਵਾਤਾਵਰਣ ਅਨੁਕੂਲ ਕੰਪਲੈਕਸ ਬਣਾਉਂਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਹਿਮਦਾਬਾਦ ਭਾਰਤ ਦੀ ਖੇਡ ਰਾਜਧਾਨੀ ਬਣਨ ਦੇ ਰਾਹ 'ਤੇ ਹੈ। ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ‘ਨਰੇਂਦਰ ਮੋਦੀ ਕ੍ਰਿਕਟ ਸਟੇਡੀਅਮ’ ਮੋਟੇਰਾ ਵਿੱਚ ਸਥਿਤ ਹੈ। ਨੇੜੇ ਹੀ, ਸਰਦਾਰ ਪਟੇਲ ਸਪੋਰਟਸ ਕੰਪਲੈਕਸ ਸੈਂਕੜੇ ਏਕੜ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਅਤੇ ਹੁਣ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਸਪੋਰਟਸ ਕੰਪਲੈਕਸ ਵਿੱਚ ਇੱਕ ਫਿੱਟ ਇੰਡੀਆ ਜ਼ੋਨ ਅਤੇ ਇੱਕ ਆਊਟਡੋਰ ਸਪੋਰਟਸ ਜ਼ੋਨ ਵੀ  ਹੈ। ਇੱਕ ਤਰ੍ਹਾਂ ਨਾਲ, ਇਹ ਕੰਪਲੈਕਸ ਖੇਡਾਂ ਦੇ ਵਿਕਾਸ, ਖਿਡਾਰੀਆਂ ਦੀ ਸਿਖਲਾਈ ਅਤੇ ਤਗਮੇ ਜਿੱਤਣ ਲਈ ਲੋੜੀਂਦੀ ਹਰ ਸਹੂਲਤ ਨਾਲ ਲੈਸ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਪਿਛਲੇ 10 ਸਾਲਾਂ ਵਿੱਚ ਕਈ ਵੱਡੇ ਬਦਲਾਅ ਲਿਆਂਦੇ ਹਨ। ਦੇਸ਼ ਦੀ ਆਬਾਦੀ ਦਾ 35 ਪ੍ਰਤੀਸ਼ਤ ਨੌਜਵਾਨ ਹੋਣ ਕਰਕੇ, ਦੇਸ਼ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨਕ ਢੰਗ ਨਾਲ ਸੁਧਾਰ ਪੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 2014-15 ਵਿੱਚ, ਭਾਰਤ ਦਾ ਖੇਡ ਬਜਟ ₹1,643 ਕਰੋੜ ਸੀ, ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਸ ਨੂੰ ਵਧਾ ਕੇ ₹5,300 ਕਰੋੜ ਕਰ ​​ਦਿੱਤਾ ਗਿਆ ਹੈ। ਇਸ ਬਜਟ ਦੀ ਵਰਤੋਂ ਨਵੇਂ ਖੇਡ ਬੁਨਿਆਦੀ ਢਾਂਚੇ, ਖੇਲੋ ਇੰਡੀਆ ਕੇਂਦਰਾਂ, ਉੱਤਮਤਾ ਦੇ ਰਾਜ ਕੇਂਦਰਾਂ, ਮਾਨਤਾ ਪ੍ਰਾਪਤ ਅਕਾਦਮੀਆਂ, ਖੇਲੋ ਇੰਡੀਆ ਐਥਲੀਟ ਅਕੈਡਮੀਆਂ, ਮੈਡੀਕਲ ਅਤੇ ਪੋਸ਼ਣ ਸਹੂਲਤਾਂ ਦੇ ਨਾਲ-ਨਾਲ ਖਿਡਾਰੀਆਂ ਲਈ ਸੱਟ ਰਿਕਵਰੀ ਪ੍ਰਣਾਲੀਆਂ ਲਈ ਕੀਤੀ ਜਾ ਰਹੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, ਖੇਲੋ ਇੰਡੀਆ ਪੈਰਾ ਗੇਮਜ਼ ਅਤੇ ਖੇਲੋ ਇੰਡੀਆ ਸਰਦੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਹਨ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਨੇ 2025 ਵਿੱਚ ਭਾਰਤ ਨੂੰ ਖੇਡਾਂ ਦੇ ਖੇਤਰ ਵਿੱਚ ਸਰਵਉੱਚ ਬਣਾਉਣ ਲਈ ਇੱਕ ਸੁਚੱਜੀ ਨਵੀਂ ਖੇਡ ਨੀਤੀ ਲਿਆਂਦੀ।

ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਦੇ ਪੰਜ ਮਾਰਗਦਰਸ਼ਕ ਸਿਧਾਂਤ ਹਨ - ਭਾਰਤ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਅੱਗੇ ਰਹਿਣਾ ਚਾਹੀਦਾ ਹੈ; ਖੇਡਾਂ ਨੂੰ ਆਰਥਿਕ ਵਿਕਾਸ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ; ਖੇਡਾਂ ਨੂੰ ਦੇਸ਼ ਦੇ ਸਮਾਜਿਕ ਵਿਕਾਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ; ਖੇਡਾਂ ਸਿਰਫ਼ ਖੇਡਾਂ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਇੱਕ ਲੋਕ ਲਹਿਰ ਹੋਣੀਆਂ ਚਾਹੀਦੀਆਂ ਹਨ; ਅਤੇ ਖੇਡਾਂ ਨੂੰ ਸਿੱਖਿਆ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ 1948 ਤੋਂ 2012 ਤੱਕ, ਭਾਰਤ ਨੇ ਸਿਰਫ਼ 20 ਓਲੰਪਿਕ ਤਗਮੇ ਜਿੱਤੇ ਸਨ, ਜਦੋਂ ਕਿ ਪਿਛਲੇ 8 ਸਾਲਾਂ ਵਿੱਚ ਹੀ ਭਾਰਤ ਨੇ 15 ਓਲੰਪਿਕ ਮੈਡਲ ਜਿੱਤੇ ਹਨ। ਪੈਰਾਲੰਪਿਕ ਵਿੱਚ, ਭਾਰਤ ਨੇ ਪਹਿਲਾਂ ਸਿਰਫ਼ 8 ਤਗਮੇ ਜਿੱਤੇ ਸਨ, ਪਰ ਹੁਣ ਕੁੱਲ ਮੈਡਲ 52 ਤੱਕ ਪਹੁੰਚ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਅਤੇ ਫਿੱਟ ਇੰਡੀਆ ਵਰਗੀਆਂ ਪਹਿਲਕਦਮੀਆਂ ਦੇ ਕਾਰਨ, ਭਾਰਤ ਹੁਣ ਮੈਡਲ ਜਿੱਤ ਰਿਹਾ ਹੈ। ਟੌਪਸ (ਟਾਰਗੇਟ ਓਲੰਪਿਕ ਪੋਡੀਅਮ ਸਕੀਮ) ਦੇ ਤਹਿਤ, ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਪ੍ਰਤੀ ਮਹੀਨਾ ₹25,000 ਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਕੋਰ ਗਰੁੱਪ ਐਥਲੀਟਾਂ ਨੂੰ ₹25,000 ਅਤੇ ਉੱਚ ਪੱਧਰੀ ਓਲੰਪਿਕ ਐਥਲੀਟਾਂ ਨੂੰ ₹50,000 ਪ੍ਰਤੀ ਮਹੀਨਾ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਜਿਹੀਆਂ ਸਹੂਲਤਾਂ ਉਪਲਬਧ ਕਰਵਾਈਆਂ ਹਨ, ਜਿਸ ਦੇ ਨਤੀਜੇ ਵਜੋਂ ਦੇਸ਼ ਭਰ ਵਿੱਚ ਇੱਕ ਮਜ਼ਬੂਤ ​​ਖੇਡਾਂ ਦਾ ਮਾਹੌਲ ਬਣਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਖੇਡ ਕੰਪਲੈਕਸ ਅਤੇ ਅਹਿਮਦਾਬਾਦ ਦੀਆਂ ਹੋਰ ਖੇਡ ਸਹੂਲਤਾਂ ਵਿੱਚ, 2029 ਵਿੱਚ ਵਿਸ਼ਵ ਪੁਲਿਸ ਅਤੇ ਫਾਇਰ ਬ੍ਰਿਗੇਡ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ ਬੋਲੀ ਲਗਾਈ ਹੈ, ਅਤੇ ਇਸ ਗੱਲ ਦੀ ਮਜ਼ਬੂਤ ​​ਸੰਭਾਵਨਾ ਹੈ ਕਿ ਅਹਿਮਦਾਬਾਦ ਨੂੰ ਜਲਦੀ ਹੀ ਇਨ੍ਹਾਂ ਦੀ ਮੇਜ਼ਬਾਨੀ ਲਈ ਪ੍ਰਵਾਨਗੀ ਮਿਲ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ 2036 ਵਿੱਚ ਅਹਿਮਦਾਬਾਦ ਵਿੱਚ ਓਲੰਪਿਕ ਦੀ ਮੇਜ਼ਬਾਨੀ ਲਈ ਹਰ ਸੰਭਵ ਤਿਆਰੀ ਕਰ ਰਹੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ 2036 ਤੱਕ, ਇੱਥੇ 13 ਅੰਤਰਰਾਸ਼ਟਰੀ ਟੂਰਨਾਮੈਂਟ ਆਯੋਜਿਤ ਕੀਤੇ ਜਾਣਗੇ, ਤਾਂ ਜੋ ਅਹਿਮਦਾਬਾਦ ਨਾ ਸਿਰਫ਼ ਗੁਜਰਾਤ ਲਈ ਸਗੋਂ ਪੂਰੇ ਏਸ਼ਿਆਈ ਮਹਾਦੀਪ ਲਈ ਖੇਡਾਂ ਦਾ ਕੇਂਦਰ ਬਣ ਜਾਵੇ।

************

ਆਰਕੇ/ਵੀਵੀ/ਪੀਆਰ/ਪੀਐਸ


(Release ID: 2166760) Visitor Counter : 2