ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਵਾਹਾਟੀ , ਅਸਾਮ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੇ 100ਵੇਂ ਜਨਮ ਸ਼ਤਾਬਦੀ ਵਰ੍ਹੇ ਸਮਾਰੋਹ ਨੂੰ ਸੰਬੋਧਨ ਕੀਤਾ


ਭੂਪੇਨ ਦਾ ਦੇ ਸੰਗੀਤ ਨੇ ਭਾਰਤ ਨੂੰ ਇਕਜੁੱਟ ਕੀਤਾ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਿਹਾ ਹੈ: ਪ੍ਰਧਾਨ ਮੰਤਰੀ

ਭੂਪੇਨ ਦਾ ਦਾ ਜੀਵਨ ‘ਏਕ ਭਾਰਤ, ਸ਼੍ਰੇਸ਼ਠ’ ਭਾਰਤ ਦੀ ਭਾਵਨਾ ਨੂੰ ਪ੍ਰਤਿਬਿੰਬਤ ਕਰਦਾ ਸੀ: ਪ੍ਰਧਾਨ ਮੰਤਰੀ

ਭੂਪੇਨ ਦਾ ਨੇ ਹਮੇਸ਼ਾ ਭਾਰਤ ਦੀ ਏਕਤਾ ਨੂੰ ਸੁਰ ਦਿੱਤਾ: ਪ੍ਰਧਾਨ ਮੰਤਰੀ

ਭੂਪੇਨ ਦਾ ਨੂੰ ਭਾਰਤ ਰਤਨ ਪ੍ਰਦਾਨ ਕਰਨਾ ਉੱਤਰ ਪੂਰਬ ਦੇ ਪ੍ਰਤੀ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਪ੍ਰਧਾਨ ਮੰਤਰੀ

ਸੱਭਿਆਚਾਰਕ ਸੰਪਰਕ ਰਾਸ਼ਟਰੀ ਏਕਤਾ ਦੇ ਲਈ ਮਹੱਤਵਪੂਰਨ ਹੈ: ਪ੍ਰਧਾਨ ਮੰਤਰੀ

ਨਵਾਂ ਭਾਰਤ ਆਪਣੀ ਸੁਰੱਖਿਆ ਜਾਂ ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕਰੇਗਾ: ਪ੍ਰਧਾਨ ਮੰਤਰੀ

ਆਓ ਅਸੀਂ ‘ਵੋਕਲ ਫਾਰ ਲੋਕਲ’ ਦੇ ਬ੍ਰਾਂਡ ਅੰਬੈਸਡਰ ਬਣੀਏ, ਆਓ ਅਸੀਂ ਆਪਣੇ ਸਵਦੇਸ਼ੀ ਉਤਪਾਦਾਂ ‘ਤੇ ਮਾਣ ਕਰੀਏ: ਪ੍ਰਧਾਨ ਮੰਤਰੀ

Posted On: 13 SEP 2025 8:35PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਦੇ ਗੁਵਾਹਾਟੀ  ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਨਮ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਇੱਕ ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇੱਕ ਸ਼ਾਨਦਾਰ ਦਿਨ ਹੈ ਅਤੇ ਇਹ ਪਲ ਸੱਚਮੁੱਚ ਹੀ ਅਨਮੋਲ  ਹੈ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਜੋ ਪੇਸ਼ਕਾਰੀਆਂ ਨੂੰ ਦੇਖਿਆ, ਜੋ ਉਤਸ਼ਾਹ ਅਤੇ ਜੋ ਤਾਲਮੇਲ ਉਨ੍ਹਾਂ ਨੇ ਮਹਿਸੂਸ ਕੀਤਾ, ਉਹ ਬਹੁਤ ਹੀ ਭਾਵੁਕ ਕਰਨ ਵਾਲਾ ਸੀ। ਉਨ੍ਹਾਂ ਨੇ ਭੂਪੇਨ ਦਾ ਦੇ ਸੰਗੀਤ ਦੀ ਲੈਅ ਦਾ ਜ਼ਿਕਰ ਕੀਤਾ ਜੋ ਪੂਰੇ ਸਮਾਗਮ ਦੌਰਾਨ ਗੂੰਜਦੀ ਰਹੀ। 

ਡਾ. ਭੂਪੇਨ ਹਜ਼ਾਰਿਕਾ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਗੀਤ ਦੇ ਕੁਝ ਸ਼ਬਦ ਨਿਰੰਤਰ ਉਨ੍ਹਾਂ ਦੇ ਮਨ ਵਿੱਚ ਗੂੰਜਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਭੂਪੇਨ ਦਾ ਦੇ ਸੰਗੀਤ ਦੀਆਂ ਲਹਿਰਾਂ ਨਿਰੰਤਰ, ਨਿਰਵਿਘਨ ਵਹਿੰਦੀਆਂ ਰਹਿਣ ਅਤੇ ਹਰ ਪਾਸੇ ਫੈਲਦੀਆਂ ਰਹਿਣ। ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਦੀ ਦਿਲੋਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਅਸਾਮ ਦੀ ਵਿਸ਼ੇਸ਼ਤਾ ਹੈ ਕਿ ਇੱਥੇ ਹਰ ਸਮਾਗਮ ਇੱਕ ਨਵਾਂ ਰਿਕਾਰਡ ਕਾਇਮ ਕਰਦਾ ਹੈ, ਅਤੇ ਅੱਜ ਦੇ ਪ੍ਰਦਰਸ਼ਨ ਅਸਾਧਾਰਣ ਤਿਆਰੀ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ, 8 ਸਤੰਬਰ ਨੂੰ, ਭੂਪੇਨ ਹਜ਼ਾਰਿਕਾ ਜੀ ਦਾ ਜਨਮ ਦਿਨ ਬੀਤਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਿਨ ਉਨ੍ਹਾਂ ਨੇ ਭੂਪੇਨ ਦਾ ਨੂੰ ਸਮਰਪਿਤ ਇੱਕ ਲੇਖ ਲਿਖ ਕੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਸੀ। ਉਨ੍ਹਾਂ ਨੇ ਕਿਹਾ ਕਿ ਭੂਪੇਨ ਦਾ ਦੇ ਜਨਮ ਸ਼ਤਾਬਦੀ ਸਮਾਰੋਹ ਦਾ ਹਿੱਸਾ ਬਣਨਾ ਉਨ੍ਹਾਂ ਲਈ ਇੱਕ ਸਨਮਾਨ ਦੀ ਗੱਲ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭੂਪੇਨ ਦਾ ਨੂੰ ਹਰ ਕੋਈ ਪਿਆਰ ਨਾਲ "ਸ਼ੁਧਾ ਕੰਠੋ (Shudha Kantho)" ਕਹਿੰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸ਼ੁਧਾ ਕੰਠੋ ਦਾ ਸ਼ਤਾਬਦੀ ਵਰ੍ਹਾ ਹੈ, ਜਿਨ੍ਹਾਂ ਨੇ ਭਾਰਤ ਦੀਆਂ ਭਾਵਨਾਵਾਂ ਨੂੰ ਆਵਾਜ਼ ਦਿੱਤੀ, ਸੰਗੀਤ ਨੂੰ ਸੰਵੇਦਨਸ਼ੀਲਤਾ ਨਾਲ ਜੋੜਿਆ, ਆਪਣੇ ਸੰਗੀਤ ਰਾਹੀਂ ਭਾਰਤ ਦੇ ਸੁਪਨਿਆਂ ਨੂੰ ਸੰਜੋਇਆ ਅਤੇ ਮਾਂ ਗੰਗਾ ਰਾਹੀਂ ਮਾਂ ਭਾਰਤੀ ਦੀ ਦਇਆ ਦਾ ਵਰਣਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਪੇਨ ਦਾ ਨੇ ਬਹੁਤ ਸਾਰੀਆਂ ਅਮਰ ਰਚਨਾਵਾਂ ਸਿਰਜੀਆਂ, ਜਿਨ੍ਹਾਂ ਦੇ ਸੁਰਾਂ ਨੇ ਭਾਰਤ ਨੂੰ ਇਕਜੁੱਟ ਕੀਤਾ ਅਤੇ ਪੀੜ੍ਹੀ-ਦਰ-ਪੀੜ੍ਹੀ ਭਾਰਤੀਆਂ ਨੂੰ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਹੀ ਭੂਪੇਨ ਦਾ ਅੱਜ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਲੇਕਿਨ ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਆਵਾਜ਼ ਅੱਜ ਵੀ ਭਾਰਤ ਦੀ ਵਿਕਾਸ ਯਾਤਰਾ ਦੇ ਗਵਾਹ ਹਨ ਅਤੇ ਉਸ ਨੂੰ ਊਰਜਾ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਭੂਪੇਨ ਦਾ ਦੇ ਜਨਮ ਸ਼ਤਾਬਦੀ ਸਾਲ ਨੂੰ ਬਹੁਤ ਮਾਣ ਨਾਲ ਮਨਾ ਰਹੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ੋਰ ਦਿੱਤਾ ਕਿ ਭੂਪੇਨ ਹਜ਼ਾਰਿਕਾ ਜੀ ਦੇ ਗੀਤ, ਉਨ੍ਹਾਂ ਦੇ ਸੰਦੇਸ਼ ਅਤੇ ਉਨ੍ਹਾਂ ਦੀ ਜੀਵਨ ਯਾਤਰਾ ਨੂੰ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ 'ਤੇ ਭੂਪੇਨ ਹਜ਼ਾਰਿਕਾ ਦੀ ਜੀਵਨੀ ਵੀ ਜਾਰੀ ਕੀਤੀ ਗਈ। ਡਾ. ਭੂਪੇਨ ਹਜ਼ਾਰਿਕਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ, ਸ਼੍ਰੀ ਮੋਦੀ ਨੇ ਅਸਾਮ ਦੀ ਜਨਤਾ ਅਤੇ ਹਰੇਕ ਭਾਰਤੀ ਨੂੰ ਭੂਪੇਨ ਦਾ ਦੇ ਇਸ ਜਨਮ ਸ਼ਤਾਬਦੀ ਸਾਲ 'ਤੇ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ, “ਭੂਪੇਨ ਹਜ਼ਾਰਿਕਾ ਜੀ ਨੇ ਆਪਣਾ ਪੂਰਾ ਜੀਵਨ ਸੰਗੀਤ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।” ਉਨ੍ਹਾਂ ਨੇ ਕਿਹਾ ਕਿ ਜਦੋਂ ਸੰਗੀਤ ਸਾਧਨਾ ਦਾ ਰੂਪ ਬਣ ਜਾਂਦਾ ਹੈ, ਤਾਂ ਇਹ ਆਤਮਾ ਨੂੰ ਛੂਹ ਲੈਂਦਾ ਹੈ ਅਤੇ ਜਦੋਂ ਸੰਗੀਤ ਇੱਕ ਸੰਕਲਪ ਬਣ ਜਾਂਦਾ ਹੈ, ਤਾਂ ਇਹ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਖਾਉਣ ਦਾ ਮਾਧਿਅਮ ਬਣ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹੀ ਗੱਲ ਭੂਪੇਨ ਦਾ ਦੇ ਸੰਗੀਤ ਨੂੰ ਬਹੁਤ ਖਾਸ ਬਣਾਉਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਪੇਨ ਦਾ ਜਿਨ੍ਹਾਂ ਆਦਰਸ਼ਾਂ 'ਤੇ ਜੀਉਂਦੇ ਸਨ ਅਤੇ ਜਿਨ੍ਹਾਂ ਅਨੁਭਵਾਂ ਵਿੱਚੋਂ ਉਹ ਗੁਜ਼ਰਦੇ ਸਨ, ਉਹ ਉਨ੍ਹਾਂ ਦੇ ਗੀਤਾਂ ਵਿੱਚ ਝਲਕਦੇ ਹਨ। ਉਨ੍ਹਾਂ ਦਾ ਸੰਗੀਤ ਮਾਂ ਭਾਰਤੀ ਪ੍ਰਤੀ ਡੂੰਘੇ ਪਿਆਰ, ਉਨ੍ਹਾਂ ਦੇ "ਏਕ ਭਾਰਤ, ਸ੍ਰੇਸ਼ਠ ਭਾਰਤ" ਦੀ ਉਨ੍ਹਾਂ ਦੀ ਭਾਵਨਾ ਪ੍ਰਤੀ ਜੀਵੰਤ ਵਚਨਬੱਧਤਾ ਤੋਂ ਉਪਜਿਆ ਸੀ। ਉਨ੍ਹਾਂ ਕਿਹਾ ਕਿ ਭੂਪੇਨ ਦਾ ਉੱਤਰ-ਪੂਰਬ ਵਿੱਚ ਪੈਦਾ ਹੋਏ ਸਨ ਅਤੇ ਬ੍ਰਹਮਪੁੱਤਰ ਦੀਆਂ ਪਵਿੱਤਰ ਲਹਿਰਾਂ ਨੇ ਉਨ੍ਹਾਂ ਨੂੰ ਸੰਗੀਤ ਸਿਖਾਇਆ। ਬਾਅਦ ਵਿੱਚ ਉਹ ਪੜ੍ਹਾਈ ਲਈ ਕਾਸ਼ੀ ਚਲੇ ਗਏ, ਜਿੱਥੇ ਬ੍ਰਹਮਪੁੱਤਰ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਸੰਗੀਤਕ ਯਾਤਰਾ ਗੰਗਾ ਦੀਆਂ ਵਗਦੀਆਂ ਲਹਿਰਾਂ ਵਿੱਚ ਨਿਖਰ ਕੇ ਸ਼ੁੱਧ ਹੋਈ ਅਤੇ ਸਿੱਧੀ ਵਿੱਚ ਬਦਲ ਗਈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਦੀ ਊਰਜਾ ਨੇ ਉਨ੍ਹਾਂ ਦੇ ਜੀਵਨ ਨੂੰ ਇੱਕ ਨਿਰਵਿਘਨ ਪ੍ਰਵਾਹ ਦਿੱਤਾ। ਉਨ੍ਹਾਂ ਨੇ ਇੱਕ ਅਜਿਹੇ ਯਾਯਾਵਰ ਵਿਅਕਤੀ ਵਜੋਂ ਵਰਣਨ ਕੀਤਾ, ਜਿਸਨੇ ਪੂਰੇ ਭਾਰਤ ਵਿੱਚ ਯਾਤਰਾ ਕੀਤੀ ਅਤੇ ਆਪਣੀ ਪੀਐੱਚਡੀ ਲਈ ਅਮਰੀਕਾ ਵੀ ਗਿਆ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਪਣੀ ਜ਼ਿੰਦਗੀ ਦੇ ਹਰ ਪੜਾਅ 'ਤੇ, ਭੂਪੇਨ ਦਾ ਅਸਾਮ ਦੀ ਮਿੱਟੀ ਨਾਲ ਜੁੜੇ ਰਹੇ ਅਤੇ ਇੱਕ ਸੱਚੇ ਪੁੱਤਰ ਬਣੇ ਰਹੇ। ਉਨ੍ਹਾਂ ਕਿਹਾ ਕਿ ਇਸੇ ਕਾਰਨ ਭੂਪੇਨ ਦਾ ਭਾਰਤ ਵਾਪਸ ਆਏ ਅਤੇ ਸਿਨੇਮਾ ਰਾਹੀਂ ਆਮ ਆਦਮੀ ਦੀ ਆਵਾਜ਼ ਬਣ ਗਏ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਭੂਪੇਨ ਦਾ ਨੇ ਆਮ ਆਦਮੀ ਦੇ ਦਰਦ ਨੂੰ ਆਵਾਜ਼ ਦਿੱਤੀ ਅਤੇ ਉਨ੍ਹਾਂ ਦੀ ਉਹੀ ਆਵਾਜ਼ ਅੱਜ ਵੀ ਰਾਸ਼ਟਰ ਨੂੰ ਹਿਲਾ ਦਿੰਦੀ ਹੈ। 

ਭੂਪੇਨ ਦਾ ਦੇ ਇੱਕ ਗੀਤ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਦਾ ਅਰਥ ਸਮਝਾਇਆ - ਜੇਕਰ ਮਨੁੱਖ ਇੱਕ ਦੂਜੇ ਦੇ ਸੁੱਖ, ਦੁੱਖ, ਦਰਦ ਅਤੇ ਤਕਲੀਫ ਬਾਰੇ ਨਹੀਂ ਸੋਚੇਗਾ, ਤਾਂ ਇਸ ਦੁਨੀਆਂ ਵਿੱਚ ਆਖਰ ਕੌਣ ਇੱਕ ਦੂਜੇ ਦੀ ਚਿੰਤਾ ਕਰੇਗਾ? ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਸ ਵਿਚਾਰ ਦੀ ਡੂੰਘਾਈ ਨਾਲ ਪ੍ਰੇਰਨਾ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹੀ ਵਿਚਾਰ ਅੱਜ ਭਾਰਤ ਦਾ ਮਾਰਗਦਰਸ਼ਨ ਕਰ ਰਿਹਾ ਹੈ, ਜਦੋਂ ਦੇਸ਼ ਗਰੀਬਾਂ, ਵੰਚਿਤਾਂ, ਦਲਿਤਾਂ ਅਤੇ ਆਦਿਵਾਸੀ ਭਾਈਚਾਰਿਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਲੱਗਿਆ ਹੋਇਆ ਹੈ।

ਭੂਪੇਨ ਦਾ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਦਾ ਮਹਾਨ ਨਾਇਕ ਦੱਸਦਿਆਂ, ਸ਼੍ਰੀ ਮੋਦੀ ਨੇ ਯਾਦ ਕੀਤਾ ਕਿ ਦਹਾਕੇ ਪਹਿਲਾਂ ਵੀ ਜਦੋਂ ਉੱਤਰ-ਪੂਰਬ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਹਿੰਸਾ ਅਤੇ ਵੱਖਵਾਦ ਦਾ ਮਾਹੌਲ ਸੀ, ਤਦ ਵੀ ਭੂਪੇਨ ਦਾ ਨਿਰੰਤਰ ਭਾਰਤ ਦੀ ਏਕਤਾ ਨੂੰ ਆਵਾਜ਼ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਭੂਪੇਨ ਦਾ ਨੇ ਇੱਕ ਖੁਸ਼ਹਾਲ ਉੱਤਰ-ਪੂਰਬ ਦਾ ਸੁਪਨਾ ਦੇਖਿਆ ਸੀ ਅਤੇ ਇਸ ਖੇਤਰ ਦੀ ਕੁਦਰਤੀ ਸੁੰਦਰਤਾ ਦੇ ਗੁਣ ਗਾਏ ਸਨ।ਅਸਾਮ ਲਈ ਭੂਪੇਨ ਦਾ ਦੇ ਗਾਏ ਗਏ ਗੀਤ ਦੀਆਂ ਕੁਝ ਲਾਈਨਾਂ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਇਸ ਗੀਤ ਨੂੰ ਗਾਉਂਦੇ ਹਾਂ, ਤਾਂ ਸਾਨੂੰ ਅਸਾਮ ਦੀ ਵਿਭਿੰਨਤਾ, ਸਮਰੱਥਾ ਅਤੇ ਸੰਭਾਵਨਾ 'ਤੇ ਮਾਣ ਮਹਿਸੂਸ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭੂਪੇਨ ਦਾ ਅਰੁਣਾਚਲ ਪ੍ਰਦੇਸ਼ ਨੂੰ ਵੀ ਓਨਾ ਹੀ ਪਿਆਰ ਕਰਦੇ ਸਨ। ਉਨ੍ਹਾਂ ਨੇ ਭੂਪੇਨ ਦਾ ਦੇ ਅਰੁਣਾਚਲ ਪ੍ਰਦੇਸ਼ ‘ਤੇ ਅਧਾਰਿਤ ਗੀਤ ਦੀਆਂ ਕੁਝ ਲਾਈਨਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇੱਕ ਸੱਚੇ ਦੇਸ਼ ਭਗਤ ਦੇ ਦਿਲ ਵਿੱਚੋਂ ਨਿਕਲਦੀ ਆਵਾਜ਼ ਕਦੇ ਵੀ ਵਿਅਰਥ ਨਹੀਂ ਜਾਂਦੀ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਭੂਪੇਨ ਦਾ ਦੇ ਉੱਤਰ-ਪੂਰਬ ਦੇ ਸੁਪਨਿਆਂ ਨੂੰ ਹਕੀਕਤ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭੂਪੇਨ ਦਾ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਕੇ, ਸਰਕਾਰ ਨੇ ਉੱਤਰ-ਪੂਰਬ ਦੇ ਸੁਪਨਿਆਂ ਅਤੇ ਮਾਣ ਦਾ ਸਨਮਾਨ ਕੀਤਾ ਹੈ ਅਤੇ ਇਸ ਖੇਤਰ ਨੂੰ ਰਾਸ਼ਟਰੀ ਤਰਜੀਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਦੇਸ਼ ਦੇ ਸਭ ਤੋਂ ਲੰਬੇ ਪੁਲਾਂ ਵਿੱਚੋਂ ਇੱਕ ਦਾ ਨਾਮ ਭੂਪੇਨ ਹਜ਼ਾਰਿਕਾ ਸੇਤੂ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਸਾਮ ਅਤੇ ਪੂਰਾ ਉੱਤਰ-ਪੂਰਬ ਤੇਜ਼ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਹੈ ਅਤੇ ਵਿਕਾਸ ਦੇ ਹਰ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਸੱਚਮੁੱਚ ਦੇਸ਼ ਵੱਲੋਂ ਭੂਪੇਨ ਦਾ ਨੂੰ ਸੱਚੀ ਸ਼ਰਧਾਂਜਲੀ ਹਨ। 

ਪ੍ਰਧਾਨ ਮੰਤਰੀ ਨੇ ਖੇਤਰ ਦੇ ਅਮੀਰ ਇਤਿਹਾਸ, ਇਸ ਦੇ ਤਿਉਹਾਰਾਂ, ਜਸ਼ਨਾਂ, ਕਲਾ ਅਤੇ ਸੱਭਿਆਚਾਰ, ਕੁਦਰਤੀ ਸੁੰਦਰਤਾ ਅਤੇ ਬ੍ਰਹਮ ਆਭਾ ਦਾ ਹਵਾਲਾ ਦਿੰਦੇ ਹੋਏ ਕਿਹਾ, "ਅਸਾਮ ਅਤੇ ਉੱਤਰ-ਪੂਰਬ ਨੇ ਹਮੇਸ਼ਾ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।" ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਸ ਸਭ ਦੇ ਨਾਲ, ਭਾਰਤ ਮਾਤਾ ਦੇ ਸਨਮਾਨ ਅਤੇ ਰੱਖਿਆ ਲਈ ਇੱਥੋਂ ਦੇ ਲੋਕਾਂ ਦੁਆਰਾ ਦਿੱਤੇ ਗਏ ਬਲੀਦਾਨ ਬੇਮਿਸਾਲ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਯੋਗਦਾਨਾਂ ਤੋਂ ਬਿਨਾ, ਅਸੀਂ ਆਪਣੇ ਮਹਾਨ ਭਾਰਤ ਦੀ ਕਲਪਨਾ ਵੀ ਨਹੀਂ ਕਰ ਸਕਦੇ। ਉਨ੍ਹਾਂ ਨੇ ਉੱਤਰ-ਪੂਰਬ ਨੂੰ ਦੇਸ਼ ਦੀ "ਨਵੀਂ ਰੌਸ਼ਨੀ ਅਤੇ ਨਵੀਂ ਸਵੇਰ ਦੀ ਧਰਤੀ" ਦੱਸਿਆ ਅਤੇ ਕਿਹਾ ਕਿ ਭਾਰਤ ਦਾ ਪਹਿਲਾ ਸੂਰਜ ਇੱਥੋਂ ਹੀ ਚੜ੍ਹਦਾ ਹੈ। ਪ੍ਰਧਾਨ ਮੰਤਰੀ ਨੇ ਭੂਪੇਨ ਦਾ ਦੇ ਗੀਤ ਦੀਆਂ ਕੁਝ ਲਾਈਨਾਂ ਦਾ ਹਵਾਲਾ ਵੀ ਦਿੱਤਾ, ਜੋ ਇਸ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਅਸਾਮ ਦੇ ਇਤਿਹਾਸ ਦਾ ਜਸ਼ਨ ਮਨਾਉਂਦੇ ਹਾਂ, ਤਦ ਹੀ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ, ਅਤੇ ਸਾਨੂੰ ਇਸ ਗੌਰਵਸ਼ਾਲੀ ਵਿਰਾਸਤ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ, ਤਾਂ ਲੋਕ ਅਕਸਰ ਰੇਲ, ਸੜਕ ਜਾਂ ਹਵਾਈ ਸੰਪਰਕ ਬਾਰੇ ਸੋਚਦੇ ਹਨ, ਪਰ ਰਾਸ਼ਟਰੀ ਏਕਤਾ ਲਈ ਇੱਕ ਹੋਰ ਕਿਸਮ ਦੀ ਕਨੈਕਟੀਵਿਟੀ ਵੀ ਓਨੀ ਹੀ ਮਹੱਤਵਪੂਰਨ ਹੈ, ਅਤੇ ਉਹ ਹੈ ਸੱਭਿਆਚਾਰਕ ਸੰਪਰਕ। ਉਨ੍ਹਾਂ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ, ਉੱਤਰ-ਪੂਰਬ ਦੇ ਵਿਕਾਸ ਦੇ ਨਾਲ-ਨਾਲ, ਸੱਭਿਆਚਾਰਕ ਸੰਪਰਕ ਨੂੰ ਵੀ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ ਅਤੇ ਇਹ ਇੱਕ ਮੁਹਿੰਮ ਹੈ ਜੋ ਨਿਰੰਤਰ ਜਾਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਸਮਾਗਮ ਉਸ ਮੁਹਿੰਮ ਦੀ ਇੱਕ ਝਲਕ ਦਰਸਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਵੀਰ ਲਸਿਤ ਬੋਰਫੂਕਨ ਦੀ 400ਵੀਂ ਜਨਮ ਵਰ੍ਹੇਗੰਢ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਢੰਗ ਨਾਲ ਮਨਾਈ ਗਈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਅਤੇ ਉੱਤਰ-ਪੂਰਬ ਦੇ ਬਹੁਤ ਸਾਰੇ ਬਹਾਦਰ ਯੋਧਿਆਂ ਨੇ ਆਜ਼ਾਦੀ ਸੰਗਰਾਮ ਦੌਰਾਨ ਬੇਮਿਸਾਲ ਬਲੀਦਾਨ ਦਿੱਤੇ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ, ਸਰਕਾਰ ਨੇ ਉੱਤਰ-ਪੂਰਬ ਦੇ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੀ ਸ਼ਾਨਦਾਰ ਵਿਰਾਸਤ ਅਤੇ ਇਤਿਹਾਸ ਨੂੰ ਜੀਵੰਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਰਾਸ਼ਟਰ ਅਸਾਮ ਦੇ ਇਤਿਹਾਸ ਅਤੇ ਉਸ ਦੇ ਯੋਗਦਾਨ ਤੋਂ ਜਾਣੂ ਹੋ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਅਸਾਮ ਦੀ ਤਾਕਤ ਅਤੇ ਕੌਸ਼ਲ ਸਮਰੱਥਾ ਦੇਖਣ ਨੂੰ ਮਿਲੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਤ ਜੋ ਵੀ ਹੋਣ, ਅਸਾਮ ਨੇ ਹਮੇਸ਼ਾ ਦੇਸ਼ ਦੇ ਸਵੈਮਾਣ ਨੂੰ ਸੁਰ ਦਿੱਤਾ ਹੈ, ਅਤੇ ਇਹੀ ਭਾਵਨਾ ਭੂਪੇਨ ਦਾ ਦੇ ਗੀਤਾਂ ਵਿੱਚ ਵੀ ਝਲਕਦੀ ਹੈ। ਉਨ੍ਹਾਂ ਯਾਦ ਦਿਲਾਇਆ ਕਿ ਸਾਲ 1962 ਦੀ ਜੰਗ ਦੌਰਾਨ, ਅਸਾਮ ਨੇ ਖੁਦ ਸੰਘਰਸ਼ ਦੇਖਿਆ ਸੀ ਅਤੇ ਉਸ ਸਮੇਂ ਭੂਪੇਨ ਦਾ ਨੇ ਆਪਣੇ ਸੰਗੀਤ ਰਾਹੀਂ ਦੇਸ਼ ਦੀ ਪ੍ਰਤੀਗਿਆ ਨੂੰ ਬੁਲੰਦ ਕੀਤਾ ਸੀ ਅਤੇ ਉਸ ਸਮੇਂ ਭੂਪੇਨ ਦਾ ਦੁਆਰਾ ਰਚੇ ਗਏ ਗੀਤ ਦੀਆਂ ਕੁਝ ਲਾਈਨਾਂ ਦਾ ਹਵਾਲਾ ਦਿੱਤਾ, ਜਿਸ ਨੇ ਭਾਰਤੀਆਂ ਨੂੰ ਨਵੇਂ ਉਤਸ਼ਾਹ ਨਾਲ ਭਰ ਦਿੱਤਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀ ਭਾਵਨਾ ਅਤੇ ਜਨੂੰਨ ਅੱਜ ਵੀ ਅਟਲ ਹੈ, ਅਤੇ ਇਹੀ ਭਾਵਨਾ ਆਪ੍ਰੇਸ਼ਨ ਸਿੰਦੂਰ ਦੌਰਾਨ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਮਨਸੂਬਿਆਂ ਦਾ ਢੁਕਵਾਂ ਜਵਾਬ ਦਿੱਤਾ ਅਤੇ ਦੇਸ਼ ਦੀ ਤਾਕਤ ਦੁਨੀਆ ਭਰ ਵਿੱਚ ਗੂੰਜਦੀ ਸੁਣਾਈ ਦਿੱਤੀ। ਸ਼੍ਰੀ ਮੋਦੀ ਨੇ ਦ੍ਰਿੜਤਾ ਨਾਲ ਕਿਹਾ ਕਿ ਭਾਰਤ ਨੇ ਸਿੱਧ ਕਰ ਦਿੱਤਾ ਹੈ ਕਿ ਭਾਰਤ ਦਾ ਕੋਈ ਵੀ ਦੁਸ਼ਮਣ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਸੁਰੱਖਿਅਤ ਨਹੀਂ ਰਹੇਗਾ। ਉਨ੍ਹਾਂ ਐਲਾਨ ਕੀਤਾ - "ਨਵਾਂ ਭਾਰਤ ਕਿਸੇ ਵੀ ਕੀਮਤ 'ਤੇ ਆਪਣੀ ਸੁਰੱਖਿਆ ਅਤੇ ਆਪਣੇ ਆਤਮ-ਸਨਮਾਨ ਨਾਲ ਸਮਝੌਤਾ ਨਹੀਂ ਕਰੇਗਾ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸਾਮ ਦੀ ਸੰਸਕ੍ਰਿਤੀ ਦਾ ਹਰ ਪਹਿਲੂ ਵਿਲੱਖਣ ਅਤੇ ਅਸਾਧਾਰਣ ਹੈ। ਉਨ੍ਹਾਂ ਕਿਹਾ ਕਿ ਅਸਾਮ ਦੀ ਸੰਸਕ੍ਰਿਤੀ, ਇਸ ਦੀ ਸ਼ਾਨ ਅਤੇ ਇਸ ਦਾ ਸਵੈ-ਮਾਣ ਅਪਾਰ ਸੰਭਾਵਨਾਵਾਂ ਦੇ ਸਰੋਤ ਹਨ। ਪ੍ਰਧਾਨ ਮੰਤਰੀ ਨੇ ਅਸਾਮ ਦੇ ਰਵਾਇਤੀ ਪਹਿਰਾਵੇ, ਭੋਜਨ, ਸੈਰ-ਸਪਾਟਾ ਅਤੇ ਉਤਪਾਦਾਂ ਨੂੰ ਅਮੀਰ ਵਿਰਾਸਤ ਅਤੇ ਮੌਕਿਆਂ ਦੇ ਖੇਤਰ ਦੱਸਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਤੱਤਾਂ ਨੂੰ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਮਾਣ ਨਾਲ ਕਿਹਾ ਕਿ ਉਹ ਖੁਦ ਅਸਾਮ ਦੇ ਗਾਮੋਛਾ (Assam’s gamocha) ਦੀ ਬ੍ਰਾਂਡਿੰਗ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸਾਮ ਦੇ ਹਰ ਉਤਪਾਦ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ, “ਭੂਪੇਨ ਦਾ ਦਾ ਪੂਰਾ ਜੀਵਨ ਦੇਸ਼ ਦੇ ਟੀਚਿਆਂ ਨੂੰ ਸਮਰਪਿਤ ਸੀ।” ਉਨ੍ਹਾਂ ਨੇ ਭੂਪੇਨ ਦਾ ਦੇ ਜਨਮ ਸ਼ਤਾਬਦੀ ਸਾਲ ਦੇ ਮੌਕੇ 'ਤੇ, ਇਹ ਸੱਦਾ ਦਿੱਤਾ ਕਿ ਸਾਨੂੰ ਦੇਸ਼ ਲਈ ਸਵੈ-ਨਿਰਭਰਤਾ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਅਸਾਮ ਦੇ ਆਪਣੇ ਭਰਾਵਾਂ ਅਤੇ ਭੈਣਾਂ ਨੂੰ "ਵੋਕਲ ਫਾਰ ਲੋਕਲ" ਅੰਦੋਲਨ ਦੇ ਬ੍ਰਾਂਡ ਅੰਬੈਸਡਰ ਬਣਨ ਦੀ ਅਪੀਲ ਕੀਤੀ। ਸਵਦੇਸ਼ੀ ਉਤਪਾਦਾਂ 'ਤੇ ਮਾਣ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਸਿਰਫ਼ ਸਥਾਨਕ ਚੀਜ਼ਾਂ ਖਰੀਦਣ ਅਤੇ ਵੇਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਸੀਂ ਇਨ੍ਹਾਂ ਮੁਹਿੰਮਾਂ ਨੂੰ ਤੇਜ਼ ਕਰਦੇ ਹਾਂ, ਓਨੀ ਹੀ ਤੇਜ਼ੀ ਨਾਲ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭੂਪੇਨ ਦਾ ਦੁਆਰਾ ਸਿਰਫ਼ 13 ਸਾਲ ਦੀ ਉਮਰ ਵਿੱਚ ਲਿਖੇ ਗਏ ਇੱਕ ਗੀਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਗੀਤ ਵਿੱਚ ਭੂਪੇਨ ਦਾ ਨੇ ਆਪਣੇ ਆਪ ਨੂੰ ਅੱਗ ਦੀ ਚਿੰਗਾਰੀ ਵਜੋਂ ਦੇਖਿਆ ਅਤੇ ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਪ੍ਰਣ ਲਿਆ। ਉਨ੍ਹਾਂ ਨੇ ਇੱਕ ਅਜਿਹੇ ਰਾਸ਼ਟਰ ਦੀ ਕਲਪਨਾ ਕੀਤੀ ਸੀ ਜਿੱਥੇ ਹਰ ਸ਼ੋਸ਼ਿਤ ਅਤੇ ਵੰਚਿਤ ਵਿਅਕਤੀ ਨੂੰ ਉਸ ਦਾ ਹੱਕ ਮਿਲੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭੂਪੇਨ ਦਾ ਨੇ ਜਿਸ ਨਵੇਂ ਭਾਰਤ ਦਾ ਸੁਪਨਾ ਉਦੋਂ ਦੇਖਿਆ ਸੀ, ਉਹ ਅੱਜ ਦੇਸ਼ ਦਾ ਸਮੂਹਿਕ ਸੰਕਲਪ ਬਣ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਇਸ ਵਚਨਬੱਧਤਾ ਨਾਲ ਜੁੜਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਰ ਯਤਨ ਅਤੇ ਹਰ ਸੰਕਲਪ ਦੇ ਕੇਂਦਰ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਪ੍ਰੇਰਨਾ ਭੂਪੇਨ ਦਾ ਦੇ ਗੀਤਾਂ ਅਤੇ ਉਨ੍ਹਾਂ ਦੇ ਜੀਵਨ ਤੋਂ ਮਿਲੇਗੀ। ਆਪਣੇ ਸੰਬੋਧਨ ਦੀ ਸਮਾਪਤੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਲਪ ਭੂਪੇਨ ਹਜ਼ਾਰਿਕਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ ਅਤੇ ਅੰਤ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਸਾਰੇ ਨਾਗਰਿਕਾਂ ਨੂੰ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਅਸਾਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਆਚਾਰਿਆ, ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ, ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ, ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਅਤੇ ਕਈ ਪਤਵੰਤੇ ਮੌਜੂਦ ਸਨ।

ਪਿਛੋਕੜ 

ਪ੍ਰਧਾਨ ਮੰਤਰੀ ਨੇ ਗੁਵਾਹਾਟੀ  ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਨਮ ਵਰ੍ਹੇਗੰਢ ਦੇ ਜਸ਼ਨ ਵਿੱਚ ਆਯੋਜਿਤ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਡਾ. ਹਜ਼ਾਰਿਕਾ ਦੇ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਦਾ ਸਨਮਾਨਿਤ ਕਰਦਾ ਹੈ, ਜਿਨ੍ਹਾਂ ਦਾ ਅਸਮੀਆ ਸੰਗੀਤ, ਸਾਹਿਤ ਅਤੇ ਸੱਭਿਆਚਾਰ ਵਿੱਚ ਯੋਗਦਾਨ ਬੇਮਿਸਾਲ ਹੈ।

********************

ਐੱਮਜੇਪੀਐੱਸ/ਐੱਸਆਰ


(Release ID: 2166661) Visitor Counter : 2