ਪ੍ਰਧਾਨ ਮੰਤਰੀ ਦਫਤਰ
ਅਸਾਮ ਦੇ ਗੁਵਾਹਾਟੀ ਵਿੱਚ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਦੀ 100ਵੀਂ ਜਯੰਤੀ ਮਨਾਉਣ ਵਾਲੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
Posted On:
13 SEP 2025 8:57PM by PIB Chandigarh
ਮੈਂ ਕਹਾਂਗਾ ਭੂਪੇਨ ਦਾ! ਤੁਸੀਂ ਕਹੋ ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਭੂਪੇਨ ਦਾ, ਰਹੇ! ਅਮਰ ਰਹੇ! ਭੂਪੇਨ ਦਾ, ਅਮਰ ਰਹੇ! ਅਮਰ ਰਹੇ! ਅਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਅਚਾਰਿਆ ਜੀ, ਇੱਥੋਂ ਦੇ ਲੋਕਪ੍ਰਿਅ ਮੁੱਖ ਮੰਤਰੀ ਹਿੰਮਤ ਬਿਸ਼ਵ ਸ਼ਰਮਾ ਜੀ, ਅਰੁਣਾਚਲ ਪ੍ਰਦੇਸ਼ ਦੇ ਯੁਵਾ ਮੁੱਖ ਮੰਤਰੀ ਪੇਮਾ ਖਾਂਡੂ ਜੀ, ਕੇਂਦਰੀ ਕੈਬਨਿਟ ਵਿੱਚ ਮੇਰੇ ਸਾਥੀ ਸਰਬਾਨੰਦ ਸੋਨੋਵਾਲ ਜੀ, ਮੰਚ ‘ਤੇ ਮੌਜੂਦ ਭੂਪੇਨ ਹਜ਼ਾਰਿਕਾ ਜੀ ਦੇ ਭਾਈ ਸ਼੍ਰੀ ਸਮਰ ਹਜ਼ਾਰਿਕਾ ਜੀ, ਭੂਪੇਨ ਹਜ਼ਾਰਿਕਾ ਜੀ ਦੀ ਭੈਣ ਸ਼੍ਰੀਮਤੀ ਕਵਿਤਾ ਬਰੁਆ ਜੀ, ਭੂਪੇਨ ਦਾ ਦੇ ਪੁੱਤਰ ਸ਼੍ਰੀ ਤੇਜ਼ ਹਜ਼ਾਰਿਕਾ ਜੀ, ਤੇਜ਼ ਨੂੰ ਮੈਂ ਕਹਾਂਗਾ, ਕੇਮ ਛੋ! ਮੌਜੂਦ ਹੋਰ ਮਹਾਨੁਭਾਵ ਅਤੇ ਅਸਾਮ ਦੇ ਮੇਰੇ ਭਰਾਵੋਂ ਅਤੇ ਭੈਣੋਂ!
ਅੱਜ ਦਾ ਦਿਨ ਅਦਭੁਤ ਹੈ ਅਤੇ ਇਹ ਪਲ ਅਨਮੋਲ ਹੈ। ਜੋ ਦ੍ਰਿਸ਼ ਇੱਥੇ ਮੈਂ ਦੇਖਿਆ, ਜੋ ਉਤਸ਼ਾਹ, ਜੋ ਤਾਲਮੇਲ ਮੈਨੂੰ ਦਿਖਿਆ, ਭੂਪੇਨ ਸੰਗੀਤ ਦੀ ਜੋ ਲੈਅ ਦਿਖੀ, ਜੇਕਰ ਮੈਂ ਭੂਪੇਨ ਦਾ ਦੇ ਹੀ ਸ਼ਬਦਾਂ ਵਿੱਚ ਕਹਾਂ, ਤਾਂ ਮਨ ਵਿੱਚ ਵਾਰ-ਵਾਰ ਆ ਰਿਹਾ ਸੀ, ਸਮਾਂ ਓ ਹੌਲੀ ਚਲੋ! ਸਮਾਂ ਓ ਹੌਲੀ ਚਲੋ! ਮਨ ਕਰ ਰਿਹਾ ਸੀ, ਭੂਪੇਨ ਸੰਗੀਤ ਦੀ ਇਹ ਲਹਿਰ ਇੰਝ ਹੀ ਹਰ ਪਾਸੇ ਵਹਿੰਦੀ ਰਹੇ, ਵਹਿੰਦੀ ਹੀ ਰਹੇ।
ਮੈਂ ਇਸ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਦੀ ਬਹੁਤ-ਬਹੁਤ ਸ਼ਲਾਘਾ ਕਰਦਾ ਹਾਂ। ਅਸਾਮ ਦਾ ਮਿਜਾਜ਼ ਹੀ ਕੁਝ ਅਜਿਹਾ ਹੈ ਕਿ ਹਰ ਅਜਿਹੇ ਆਯੋਜਨ ਵਿੱਚ ਨਵਾਂ ਰਿਕਾਰਡ ਬਣ ਜਾਂਦਾ ਹੈ। ਅੱਜ ਵੀ ਤੁਹਾਡੀ ਪਰਫੌਰਮੈਂਸ ਦੀ ਜ਼ਬਰਦਸਤ ਤਿਆਰੀ ਦਿਖ ਰਹੀ ਸੀ। ਤੁਹਾਡਾ ਸਭ ਦਾ ਅਭਿਨੰਦਨ, ਤੁਹਾਨੂੰ ਸਾਰਿਆਂ ਨੂੰ ਵਧਾਈ।
ਸਾਥੀਓ,
ਹੁਣੇ ਕੁਝ ਦਿਨ ਪਹਿਲਾਂ ਹੀ ਅੱਠ ਸਤੰਬਰ ਨੂੰ ਭੂਪੇਨ ਹਜ਼ਾਰਿਕਾ ਜੀ ਦਾ ਜਨਮ ਦਿਵਸ ਬੀਤਿਆ ਹੈ। ਉਸ ਦਿਨ ਮੈਂ ਭੂਪੇਨ ਦਾ ਨੂੰ ਸਮਰਪਿਤ ਇੱਕ ਲੇਖ ਵਿੱਚ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਸਨ। ਮੇਰਾ ਸੁਭਾਗ ਹੈ ਕਿ ਉਨ੍ਹਾਂ ਦੀ ਜਨਮ ਸ਼ਤਾਬਦੀ ਵਰ੍ਹੇ ਦੇ ਇਸ ਆਯੋਜਨ ਵਿੱਚ ਮੈਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ। ਹੁਣ ਹਿਮੰਤਾ ਕਹਿ ਰਹੇ ਸਨ ਕਿ ਮੈਂ ਆ ਕੇ ਕੁਝ ਕਿਰਪਾ ਕੀਤੀ ਹੈ, ਉਲਟਾ ਹੈ! ਅਜਿਹੇ ਪਵਿੱਤਰ ਅਵਸਰ ‘ਤੇ ਆਉਣਾ, ਇਹ ਮੇਰਾ ਸੁਭਾਗ ਹੈ। ਭੂਪੇਨ ਦਾ ਨੂੰ ਅਸੀਂ ਸਾਰੇ ਪਿਆਰ ਨਾਲ ਸ਼ੁਧਾ ਕਾਂਠੋ ਕਹਿੰਦੇ ਸਾਂ। ਇਹ ਉਨ੍ਹਾਂ ਸ਼ੁਧਾ ਕਾਂਠੋ ਦਾ ਜਨਮ ਸ਼ਤਾਬਦੀ ਵਰ੍ਹਾ ਹੈ, ਜਿਨ੍ਹਾਂ ਨੇ ਭਾਰਤ ਦੀਆਂ ਭਾਵਨਾਵਾਂ ਨੂੰ ਆਵਾਜ਼ ਦਿੱਤੀ, ਜਿਨ੍ਹਾਂ ਨੇ ਸੰਗੀਤ ਨੂੰ ਸੰਵੇਦਨਾ ਨਾਲ ਜੋੜਿਆ, ਜਿਨ੍ਹਾਂ ਨੇ ਸੰਗੀਤ ਵਿੱਚ ਭਾਰਤ ਦੇ ਸੁਪਨਿਆਂ ਨੂੰ ਸੰਜੋਇਆ ਅਤੇ ਜਿਨ੍ਹਾਂ ਨੇ ਮਾਂ ਗੰਗਾ ਤੋਂ ਮਾਂ ਭਾਰਤੀ ਦੀ ਕਰੁਣਾ ਨੂੰ ਕਹਿ ਸੁਣਾਇਆ। ਗੰਗਾ ਵਹਿੰਦੀ ਹੋ ਕਿਉਂ, ਗੰਗਾ ਵਹਿੰਦੀ ਹੋ ਕਿਉਂ?
ਸਾਥੀਓ,
ਭੂਪੇਨ ਦਾ ਨੇ ਅਜਿਹੀ ਅਮਰ ਰਚਨਾਵਾਂ ਰਚੀਆਂ, ਜੋ ਆਪਣੇ ਸੁਰਾਂ ਨਾਲ ਭਾਰਤ ਨੂੰ ਜੋੜਦੀਆਂ ਰਹੀਆਂ, ਜੋ ਭਾਰਤ ਦੀਆਂ ਪੀੜ੍ਹੀਆਂ ਨੂੰ ਝਕਝੋਰਦੀਆਂ ਰਹੀਆਂ।
ਭਾਈਓ-ਭੈਣੋਂ!
ਭੂਪੇਨ ਦਾ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਨਹੀਂ ਰਹੇ, ਲੇਕਿਨ ਉਨ੍ਹਾਂ ਦੇ ਗੀਤ, ਉਨ੍ਹਾਂ ਦੇ ਸੁਰ ਅੱਜ ਵੀ ਭਾਰਤ ਦੀ ਵਿਕਾਸ ਯਾਤਰਾ ਦੇ ਗਵਾਹ ਬਣ ਰਹੇ ਹਨ, ਉਸ ਨੂੰ ਊਰਜਾ ਦੇ ਰਹੇ ਹਨ। ਸਾਡੀ ਸਰਕਾਰ ਬਹੁਤ ਮਾਣ ਨਾਲ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸੈਲੀਬ੍ਰੇਟ ਕਰ ਰਹੀ ਹੈ। ਅਸੀਂ ਭੂਪੇਨ ਹਜ਼ਾਰਿਕਾ ਜੀ ਦੇ ਗੀਤਾਂ ਨੂੰ, ਉਨ੍ਹਾਂ ਦੇ ਸੰਦੇਸ਼ਾਂ ਨੂੰ ਅਤੇ ਉਨ੍ਹਾਂ ਦੀ ਜੀਵਨ ਯਾਤਰਾ ਨੂੰ ਘਰ-ਘਰ ਲੈ ਜਾ ਰਹੇ ਹਾਂ। ਅੱਜ ਇੱਥੇ ਉਨ੍ਹਾਂ ਦੀ ਬਾਇਓਗ੍ਰਾਫੀ ਵੀ ਰਿਲੀਜ਼ ਕੀਤੀ ਗਈ ਹੈ। ਮੈਂ ਇਸ ਅਵਸਰ ‘ਤੇ ਡਾਕਟਰ ਭੂਪੇਨ ਹਜ਼ਾਰਿਕਾ ਜੀ ਨੂੰ ਸ਼ਰਧਾਂਜਲੀ ਨਮਨ ਕਰਦਾ ਹਾਂ। ਮੈਂ ਅਸਾਮ ਦੇ ਭਾਈ-ਭੈਣਾਂ ਦੇ ਨਾਲ ਹੀ ਹਰ ਭਾਰਤਵਾਸੀ ਨੂੰ ਭੂਪੇਨ ਦਾ ਦੇ ਇਸ ਜਨਮ ਸ਼ਤਾਬਦੀ ਵਰ੍ਹੇ ‘ਤੇ ਵਧਾਈ ਦਿੰਦਾ ਹਾਂ।
ਸਾਥੀਓ,
ਭੂਪੇਨ ਹਜ਼ਾਰਿਕਾ ਜੀ ਨੇ ਜੀਵਨ ਭਰ ਸੰਗੀਤ ਦੀ ਸੇਵਾ ਕੀਤੀ। ਸੰਗੀਤ ਜਦੋਂ ਸਾਧਨਾ ਬਣਦਾ ਹੈ, ਤਾਂ ਉਹ ਸਾਡੀ ਆਤਮਾ ਨੂੰ ਛੂੰਹਦਾ ਹੈ ਅਤੇ ਸੰਗੀਤ ਜਦੋਂ ਸੰਕਲਪ ਬਣਦਾ ਹੈ, ਤਾਂ ਉਹ ਸਮਾਜ ਨੂੰ ਨਵੀਂ ਦਿਸ਼ਾ ਦਿਖਾਉਣ ਦਾ ਮਾਧਿਅਮ ਬਣ ਜਾਂਦਾ ਹੈ। ਭੂਪੇਨ ਦਾ ਦਾ ਸੰਗੀਤ ਇਸ ਲਈ ਹੀ ਇੰਨਾ ਵਿਸ਼ੇਸ਼ ਸੀ। ਉਨ੍ਹਾਂ ਨੇ ਜਿਨ੍ਹਾਂ ਆਦਰਸ਼ਾਂ ਨੂੰ ਜੀਵਿਆ, ਜੋ ਅਨੁਭਵ ਕੀਤਾ, ਉਹ ਆਪਣੇ ਗੀਤਾਂ ਵਿੱਚ ਵੀ ਗਾਇਆ।
ਅਸੀਂ ਉਨ੍ਹਾਂ ਦੇ ਗੀਤਾਂ ਵਿੱਚ ਮਾਂ ਭਾਰਤ ਲਈ ਇੰਨਾ ਪਿਆਰ ਇਸ ਲਈ ਦੇਖਦੇ ਹਾਂ, ਕਿਉਂਕਿ ਉਹ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਜੀਉਂਦੇ ਸਨ। ਤੁਸੀਂ ਦੇਖੋ, ਉੱਤਰ-ਪੂਰਬ ਵਿੱਚ ਉਨ੍ਹਾਂ ਦਾ ਜਨਮ ਹੋਇਆ, ਬ੍ਰਹਮਪੁੱਤਰ ਦੀਆਂ ਪਾਵਨ ਲਹਿਰਾਂ ਨੇ ਉਨ੍ਹਾਂ ਨੂੰ ਸੰਗੀਤ ਦੀ ਸਿੱਖਿਆ ਦਿੱਤੀ। ਫਿਰ ਉਹ ਗ੍ਰੈਜੂਏਸ਼ਨ ਦੇ ਲਈ ਕਾਸ਼ੀ ਗਏ, ਬ੍ਰਹਮਪੁੱਤਰ ਦੀਆਂ ਲਹਿਰਾਂ ਤੋਂ ਸ਼ੁਰੂ ਹੋਈ ਭੂਪੇਨ ਦਾ ਦੀ ਸੰਗੀਤ ਸਾਧਨਾ ਗੰਗਾ ਦੀ ਕਲ-ਕਲ ਨਾਲ ਸਿੱਧੀ ਵਿੱਚ ਬਦਲ ਗਈ। ਕਾਸ਼ੀ ਦੀ ਗਤੀਸ਼ੀਲਤਾ ਨੇ ਉਨ੍ਹਾਂ ਦੇ ਜੀਵਨ ਨੂੰ ਇੱਕ ਅਵਿਰਲ ਪ੍ਰਵਾਹ ਦਿੱਤਾ। ਉਹ ਇੱਕ ਯਾਯਾਵਰ ਯਾਤਰੀ ਬਣ ਗਏ, ਉਨ੍ਹਾਂ ਨੇ ਪੂਰੇ ਭਾਰਤ ਦਾ ਦੌਰਾ ਕੀਤਾ। ਫਿਰ ਪੀਐੱਚਡੀ ਕਰਨ ਅਮਰੀਕਾ ਤੱਕ ਗਏ! ਲੇਕਿਨ, ਜੀਵਨ ਦੇ ਹਰ ਪੜਾਅ ‘ਤੇ ਉਹ ਅਸਾਮ ਦੀ ਧਰਤੀ ਨਾਲ ਇੱਕ ਸੱਚੇ ਬੇਟੇ ਦੀ ਤਰ੍ਹਾਂ ਜੁੜੇ ਰਹੇ ਅਤੇ ਇਸ ਲਈ, ਉਹ ਫਿਰ ਵਾਪਸ ਭਾਰਤ ਆਏ!
ਇੱਥੇ ਆਕੇ ਫਿਲਮਾਂ ਵਿੱਚ ਜੋ ਆਮ ਮਨੁੱਖ ਦੀ ਆਵਾਜ਼ ਬਣੇ, ਉਨ੍ਹਾਂ ਦੇ ਜੀਵਨ ਦੀ ਪੀੜ੍ਹਾ ਨੂੰ ਸੁਰ ਦਿੱਤਾ। ਉਹ ਆਵਾਜ਼ ਅੱਜ ਵੀ ਸਾਨੂੰ ਝਕਝੋਰਦੀ ਹੈ, ਉਨ੍ਹਾਂ ਦਾ ਗੀਤ (मानुहे मानुहोर बाबे, जोदिहे ऑकोनु नाभाबे, ऑकोनि होहानुभूतिरे, भाबिबो कोनेनु कुआ? ) ਮਾਨੁਹੇ ਮਾਨੁਹੋਰ ਬਾਬੇ, ਜੋਦਿਹੇ ਆਕੋਨੁ ਨਾਭਾਬੇ, ਆਕੋਨਿ ਹੋਹਾਨੁਭੂਤਿਰੇ, ਭਾਬਿਬੇ ਕੋਨੇਨੂ ਕੁਆ? ਅਰਥਾਤ ਜੇਕਰ ਮਨੁੱਖ ਹੀ ਮਨੁੱਖ ਦੇ ਸੁਖ-ਦੁਖ, ਦਰਦ-ਤਕਲੀਫ ਬਾਰੇ ਨਹੀਂ ਸੋਚੇਗਾ, ਤਾਂ ਫਿਰ ਕੌਣ ਇਸ ਦੁਨੀਆ ਵਿੱਚ ਇੱਕ ਦੂਸਰੇ ਦੀ ਚਿੰਤਾ ਕਰੇਗਾ? ਸੋਚੋ, ਇਹ ਗੱਲ ਸਾਨੂੰ ਕਿੰਨੀ ਪ੍ਰੇਰਣਾ ਦਿੰਦੀ ਹੈ। ਇਸੇ ਵਿਚਾਰ ਨੂੰ ਲੈ ਕੇ ਅੱਜ ਭਾਰਤ, ਪਿੰਡ, ਗ਼ਰੀਬ, ਦਲਿਤ, ਵੰਚਿਤ, ਆਦਿਵਾਸੀ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਲਗਿਆ ਹੋਇਆ ਹੈ।
ਸਾਥੀਓ,
ਭੂਪੇਨ ਦਾ, ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਮਹਾਨ ਨਾਇਕ ਸਨ। ਦਹਾਕਿਆਂ ਪਹਿਲਾਂ, ਜਦੋਂ ਨੌਰਥ ਈਸਟ ਅਣਗਹਿਲੀ ਦਾ ਸ਼ਿਕਾਰ ਸੀ, ਨੌਰਥ ਈਸਟ ਨੂੰ ਹਿੰਸਾ ਅਤੇ ਵੱਖਵਾਦ ਦੀ ਅੱਗ ਵਿੱਚ ਜਲਣ ਲਈ ਛੱਡ ਦਿੱਤਾ ਗਿਆ ਸੀ, ਤਦ ਭੂਪੇਨ ਦਾ ਉਸ ਮੁਸ਼ਕਲ ਸਮੇਂ ਵਿੱਚ ਵੀ ਭਾਰਤ ਦੀ ਏਕਤਾ ਨੂੰ ਹੀ ਆਵਾਜ਼ ਦਿੰਦੇ ਰਹੇ। ਉਨ੍ਹਾਂ ਨੇ ਸਮ੍ਰਿੱਧ ਉੱਤਰ-ਪੂਰਬ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਨੇ ਕੁਦਰਤ ਦੀ ਅਦਭੁਤ ਸੁੰਦਰਤਾ ਵਿੱਚ ਵਸੇ ਉੱਤਰ-ਪੂਰਬ ਲਈ ਗੀਤ ਗਾਏ ਸਨ। ਉਨ੍ਹਾਂ ਨੇ ਅਸਾਮ ਦੇ ਲਈ ਗੀਤਾ ਗਾਇਆ ਸੀ- "नाना जाती-उपोजाती, रहोनीया कृष्टि, आकुवाली लोई होइशिल सृष्टि, एई मोर ऑहोम देश’ (ਨਾਨਾ ਜਾਤੀ-ਉਪੋਜਾਤੀ, ਰਹੋਨੀਯਾ ਕ੍ਰਿਸ਼ਟੀ, ਆਕੁਵਾਲੀ ਲੋਈ ਹੋਇਸ਼ਿਲ ਸ੍ਰਿਸ਼ਟੀ, ਏਈ ਮੋਰ ਆਹੋਮ ਦੇਸ਼’) ਜਦੋਂ ਅਸੀਂ ਇਹ ਗੀਤ ਗੁਣਗੁਣਾਉਂਦੇ ਹਾਂ, ਤਾਂ ਸਾਨੂੰ ਸਾਡੇ ਅਸਾਮ ਦੀ ਵਿਭਿੰਨਤਾ ‘ਤੇ ਮਾਣ ਹੁੰਦਾ ਹੈ। ਸਾਨੂੰ ਅਸਾਮ ਦੇ ਸਾਮਰਥ ਅਤੇ ਸਮਰੱਥਾ ‘ਤੇ ਮਾਣ ਹੁੰਦਾ ਹੈ।
ਸਾਥੀਓ,
ਅਰੁਣਾਚਲ ਨਾਲ ਵੀ ਉਨ੍ਹਾਂ ਨੂੰ ਓਨਾ ਹੀ ਪ੍ਰੇਮ ਸੀ ਅਤੇ ਇਸ ਲਈ ਅਰੁਣਾਚਲ ਦੇ ਮੁੱਖ ਮੰਤਰੀ ਅੱਜ ਵਿਸ਼ੇਸ਼ ਤੌਰ ‘ਤੇ ਆਏ ਹਨ। ਭੂਪੇਨ ਦਾ ਨੇ ਲਿਖਿਆ, ਅਰੁਣ ਕਿਰਨ ਸ਼ੀਸ਼ ਭੂਸ਼ਣ ਭੂਮੀ ਸੁਰਮਈ ਸੁੰਦਰਾ, ਅਰੁਣਾਚਲ ਸਾਡਾ, ਅਰੁਣਾਚਲ ਸਾਡਾ।
ਸਾਥੀਓ,
ਇੱਕ ਸੱਚੇ ਰਾਸ਼ਟਰ ਭਗਤ ਦੇ ਦਿਲ ਤੋਂ ਨਿਕਲੀ ਆਵਾਜ਼ ਕਦੇ ਵਿਅਰਥ ਨਹੀਂ ਹੁੰਦੀ। ਅੱਜ ਨੌਰਥ ਈਸਟ ਤੋਂ ਲੈ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਸੀਂ ਦਿਨ-ਰਾਤ ਕੰਮ ਕਰ ਰਹੇ ਹਾਂ। ਸਾਡੀ ਸਰਕਾਰ ਨੇ ਭੂਪੇਨ ਦਾ ਨੂੰ ਭਾਰਤ ਰਤਨ ਦੇ ਕੇ, ਉੱਤਰ-ਪੂਰਬ ਦੇ ਸੁਪਨਿਆਂ ਅਤੇ ਸਵੈ-ਮਾਣ ਦਾ ਸਨਮਾਨ ਕੀਤਾ ਅਤੇ ਉੱਤਰ-ਪੂਰਬ ਨੂੰ ਦੇਸ਼ ਦੀ ਪ੍ਰਾਥਮਿਕਤਾ ਵੀ ਬਣਾਇਆ। ਅਸੀਂ ਦੇਸ਼ ਦੇ ਸਭ ਤੋਂ ਲੰਬੇ ਬ੍ਰਿਜੇਜ ਵਿੱਚੋਂ ਇੱਕ, ਅਸਾਮ ਅਤੇ ਅਰੁਣਾਚਲ ਨੂੰ ਜੋੜਨ ਵਾਲਾ ਬ੍ਰਿਜ ਬਣਾਇਆ, ਤਾਂ ਉਸ ਦਾ ਨਾਮ ਭੂਪੇਨ ਹਜ਼ਾਰਿਕਾ ਬ੍ਰਿਜ ਰੱਖਿਆ। ਅੱਜ ਅਸਾਮ ਅਤੇ ਪੂਰਾ ਉੱਤਰ-ਪੂਰਬ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਵਿਕਾਸ ਦੇ ਹਰ ਆਯਾਮ ਵਿੱਚ ਨਵੇਂ ਰਿਕਾਰਡ ਬਣਾਏ ਜਾ ਰਹੇ ਹਨ। ਵਿਕਾਸ ਦੀਆਂ ਇਹ ਸਿੱਧੀਆਂ, ਦੇਸ਼ ਵੱਲੋਂ ਭੂਪੇਨ ਦਾ ਨੂੰ ਸੱਚੀ ਸ਼ਰਧਾਂਜਲੀ ਹੈ।
ਸਾਥੀਓ,
ਸਾਡੇ ਅਸਾਮ ਨੇ, ਸਾਡੇ ਉੱਤਰ-ਪੂਰਬ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਹਮੇਸ਼ਾ ਵੱਡਾ ਯੋਗਦਾਨ ਦਿੱਤਾ ਹੈ। ਇਸ ਧਰਤੀ ਦਾ ਇਤਿਹਾਸ, ਇੱਥੋਂ ਦੇ ਤਿਉਹਾਰ, ਇੱਥੋਂ ਦੇ ਉਤਸਵ, ਇੱਥੇ ਦੀ ਕਲਾ, ਸੱਭਿਆਚਾਰ, ਇੱਥੇ ਦੀ ਕੁਦਰਤੀ ਸੁੰਦਰਤਾ, ਇਸ ਦੀ ਦੈਵੀ ਆਭਾ ਅਤੇ ਸਭ ਦੇ ਨਾਲ, ਭਾਰਤ ਮਾਤਾ ਦੀ ਆਨ-ਬਾਨ-ਸ਼ਾਨ ਅਤੇ ਰੱਖਿਆ ਲਈ ਇੱਥੋਂ ਦੇ ਲੋਕਾਂ ਦੁਆਰਾ ਦਿੱਤੇ ਗਏ ਬਲੀਦਾਨ, ਇਸ ਦੇ ਬਿਨਾਂ ਅਸੀਂ ਆਪਣੇ ਮਹਾਨ ਭਾਰਤ ਦੀ ਕਲਪਨਾ ਨਹੀਂ ਕਰ ਸਕਦੇ। ਸਾਡਾ ਉੱਤਰ-ਪੂਰਬ ਤਾਂ ਦੇਸ਼ ਦੇ ਲਈ ਨਵੇਂ ਪ੍ਰਕਾਸ਼, ਨਵੀਂ ਰੌਸ਼ਨੀ ਦੀ ਧਰਤੀ ਹੈ। ਦੇਸ਼ ਦੀ ਪਹਿਲੀ ਸਵੇਰ ਵੀ ਇਹੀ ਤਾਂ ਹੁੰਦੀ ਹੈ। ਭੂਪੇਨ ਦਾ ਨੇ ਇਸੇ ਭਾਵ ਨੂੰ ਆਪਣੇ ਗੀਤ ਵਿੱਚ ਸੁਰ ਦਿੱਤਾ ਸੀ, ऑहोम आमार रूपोही, गुनोरू नाई हेष, भारोतोरे पूरबो दिखॉर, हूर्जो उठा देश! (ਆਹੋਮ ਆਮਾਰ ਰੂਪੋਹੀ, ਗੁਨੌਰੂ ਨਾਈ ਹੇਸ਼, ਭਾਰੋਤੋਰੋ ਪੂਰਬੋ ਦਿਖਾਰ, ਹੂਰਜੋ ਉਠਾ ਦੇਸ਼!)
ਇਸ ਲਈ ਭਾਈਓ-ਭੈਣੋਂ,
ਜਦੋਂ ਅਸੀਂ ਅਸਾਮ ਦੇ ਇਤਿਹਾਸ ਨੂੰ ਸੈਲੀਬ੍ਰੇਟ ਕਰਦੇ ਹਾਂ, ਤਦ ਭਾਰਤ ਦਾ ਇਤਿਹਾਸ ਪੂਰਾ ਹੁੰਦਾ ਹੈ, ਤਦ ਭਾਰਤ ਦੀ ਖੁਸ਼ੀ ਪੂਰੀ ਹੁੰਦੀ ਹੈ ਅਤੇ ਸਾਨੂੰ ਇਸ ‘ਤੇ ਮਾਣ ਕਰਦੇ ਹੋਏ ਹੀ ਅੱਗੇ ਵਧਦੇ ਰਹਿਣਾ ਹੈ।
ਸਾਥੀਓ,
ਜਦੋਂ ਅਸੀਂ ਕਨੈਕਟੀਵਿਟੀ ਦੀ ਗੱਲ ਕਰਦੇ ਹਾਂ, ਤਾਂ ਅਕਸਰ ਲੋਕਾਂ ਨੂੰ ਰੇਲ-ਰੋਡ ਜਾਂ ਏਅਰ ਕਨੈਕਟੀਵਿਟੀ ਦੀ ਯਾਦ ਆਉਂਦੀ ਹੈ। ਲੇਕਿਨ ਦੇਸ਼ ਦੀ ਏਕਤਾ ਦੇ ਲਈ ਇੱਕ ਹੋਰ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ ਅਤੇ ਉਹ ਹੈ ਕਲਚਰਲ ਕਨੈਕਟੀਵਿਟੀ। ਬੀਤੇ 11 ਵਰ੍ਹਿਆਂ ਵਿੱਚ ਦੇਸ਼ ਨੇ ਨੌਰਥ ਈਸਟ ਦੇ ਵਿਕਾਸ ਦੇ ਨਾਲ-ਨਾਲ ਕਲਚਰਲ ਕਨੈਕਟੀਵਿਟੀ ਨੂੰ ਵੀ ਵੱਡੀ ਅਹਮੀਅਤ ਦਿੱਤੀ ਹੈ। ਇਹ ਇੱਕ ਅਭਿਆਨ ਹੈ, ਜੋ ਨਿਰੰਤਰ ਜਾਰੀ ਹੈ। ਅੱਜ ਇਸ ਆਯੋਜਨ ਵਿੱਚ ਅਸੀਂ ਇਸ ਅਭਿਆਨ ਦੀ ਝਲਕ ਦੇਖ ਰਹੇ ਹਾਂ। ਕੁਝ ਹੀ ਸਮਾਂ ਪਹਿਲਾਂ, ਅਸੀਂ ਵੀਰ ਲਸਿਤ ਬੋਰਫੁਕਨ ਦੀ 400ਵੀਂ ਜਯੰਤੀ ਵੀ ਰਾਸ਼ਟਰ ਪੱਧਰ ‘ਤੇ ਮਨਾਈ ਹੈ। ਆਜ਼ਾਦੀ ਦੀ ਲੜਾਈ ਵਿੱਚ ਵੀ, ਅਸਾਮ ਅਤੇ ਉੱਤਰ-ਪੂਰਬ ਦੇ ਕਿੰਨੇ ਹੀ ਸੈਨਾਨੀਆਂ ਨੇ ਬੇਮਿਸਾਲ ਬਲੀਦਾਨ ਦਿੱਤੇ! ਅਸੀਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ, ਉੱਤਰ-ਪੂਰਬ ਦੇ ਸੈਨਾਨੀਆਂ ਨੂੰ, ਇੱਥੋਂ ਦੇ ਇਤਿਹਾਸ ਨੂੰ ਫਿਰ ਤੋਂ ਜੀਵੰਤ ਕੀਤਾ। ਅੱਜ ਪੂਰਾ ਦੇਸ਼ ਸਾਡੇ ਅਸਾਮ ਦੇ ਇਤਿਹਾਸ ਅਤੇ ਯੋਗਦਾਨ ਤੋਂ ਜਾਣੂ ਹੋ ਰਿਹਾ ਹੈ। ਕੁਝ ਸਮਾਂ ਪਹਿਲਾਂ ਅਸੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦਾ ਵੀ ਆਯੋਜਨ ਕੀਤਾ। ਇਸ ਆਯੋਨਜ ਵਿੱਚ ਵੀ ਅਸਾਮ ਦੀ ਸਮਰੱਥਾ ਦਿਖੀ, ਅਸਾਮ ਦਾ ਕੌਸ਼ਲ ਦਿਖਿਆ।
ਸਾਥੀਓ,
ਸਥਿਤੀਆਂ ਕੋਈ ਵੀ ਹੋਣ, ਅਸਾਮ ਨੇ ਹਮੇਸ਼ਾ ਦੇਸ਼ ਦੇ ਸਵੈ-ਮਾਣ ਨੂੰ ਸੁਰ ਦਿੱਤਾ ਹੈ। ਇਹੀ ਸੁਰ ਸਾਨੂੰ ਭੂਪੇਨ ਦਾ ਦੇ ਗੀਤਾਂ ਵਿੱਚ ਵੀ ਸੁਣਾਈ ਦਿੰਦੇ ਹਨ। ਜਦੋਂ 1962 ਦੀ ਲੜਾਈ ਹੋਈ, ਤਾਂ ਅਸਾਮ ਉਸ ਲੜਾਈ ਨੂੰ ਪ੍ਰਤੱਖ ਦੇਖ ਰਿਹਾ ਸੀ, ਤਦ ਭੂਪੇਨ ਦਾ ਨੇ ਦੇਸ਼ ਦੀ ਪ੍ਰਤਿਗਿਆ ਨੂੰ ਬੁਲੰਦ ਕੀਤਾ ਸੀ, ਉਨ੍ਹਾਂ ਨੇ ਉਸ ਸਮੇਂ ਗਾਇਆ ਸੀ, प्रोति जोबान रक्तॉरे बिंदु हाहाहॉर अनंत हिंधु, सेइ हाहाहॉर दुर्जेोय लहरे, जाशिले प्रोतिज्ञा जयरे (ਪ੍ਰੋਤੀ ਜੋਬਾਨ ਰਕਤਾਰੇ ਬਿੰਦੂ ਹਾਹਾਹਾਰ ਅਨੰਤ ਹਿੰਧੁ, ਸੇਈ ਹਾਹਾਹਾਰ ਦੁਰਜੋਯ ਲਹਿਰੇ, ਜਾਸ਼ਿਲੇ ਪ੍ਰੋਤਿਗਿਆ ਜਯਰੇ) ਉਸ ਪ੍ਰਤਿਗਿਆ ਨੇ ਦੇਸ਼ਵਾਸੀਆਂ ਵਿੱਚ ਨਵਾਂ ਜੋਸ਼ ਭਰ ਦਿੱਤਾ ਸੀ।
ਸਾਥੀਓ,
ਉਹ ਭਾਵਨਾ, ਜੋ ਜਜ਼ਬਾ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਅੱਜ ਵੀ ਚੱਟਾਨ ਦੀ ਤਰ੍ਹਾਂ ਬਣਿਆ ਹੋਇਆ ਹੈ। ਇਹ ਅਸੀਂ ਆਪ੍ਰੇਸ਼ਨ ਸਿੰਦੂਰ ਦੇ ਦੌਰਾਨ ਵੀ ਦੇਖਿਆ ਹੈ। ਪਾਕਿਸਤਾਨ ਦੇ ਅੱਤਵਾਦੀ ਮਨਸੂਬਿਆਂ ਨੂੰ ਦੇਸ਼ ਨੇ ਅਜਿਹਾ ਜਵਾਬ ਦਿੱਤਾ ਕਿ ਭਾਰਤ ਦੀ ਤਾਕਤ ਦੀ ਗੂੰਜ ਪੂਰੀ ਦੁਨੀਆ ਤੱਕ ਗਈ ਹੈ। ਅਸੀਂ ਦਿਖਾ ਦਿੱਤਾ, ਭਾਰਤ ਦਾ ਦੁਸ਼ਮਣ ਕਿਸੇ ਵੀ ਕੋਨੇ ਵਿੱਚ ਸੁਰੱਖਿਅਤ ਨਹੀਂ ਰਹੇਗਾ। ਨਵਾਂ ਭਾਰਤ, ਕਿਸੇ ਵੀ ਕੀਮਤ ‘ਤੇ ਆਪਣੀ ਸੁਰੱਖਿਆ ਅਤੇ ਸਵੈ-ਮਾਨ ਨਾਲ ਸਮਝੌਤਾ ਨਹੀਂ ਕਰੇਗਾ।
ਸਾਥੀਓ,
ਅਸਾਮ ਦੀ ਸੰਸਕ੍ਰਿਤੀ ਦਾ ਹਰ ਆਯਾਮ ਅਦਭੁਤ ਹੈ, ਅਸਾਧਾਰਣ ਹੈ ਅਤੇ ਇਸ ਲਈ ਮੈਂ ਕਈ ਵਾਰ ਕਹਿੰਦਾ ਸੀ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਦੇਸ਼ ਦੇ ਬੱਚੇ ਪੜ੍ਹਨਗੇ A for Assam. ਇੱਥੋਂ ਦੇ ਸੱਭਿਆਚਾਰ, ਸਨਮਾਨ ਅਤੇ ਸਵੈਮਾਨ ਦੇ ਨਾਲ-ਨਾਲ ਅਸੀਮ ਸੰਭਾਵਨਾਵਾਂ ਦੀ ਸਰੋਤ ਵੀ ਹੈ। ਅਸਾਮ ਦੇ ਪਰਿਧਾਨ, ਇੱਥੋਂ ਦਾ ਖਾਣ-ਪਾਣ- ਅਸਾਮ ਟੂਰਿਜ਼ਮ, ਇੱਥੋਂ ਦੇ ਪ੍ਰੋਡਕਟਸ, ਅਸੀਂ ਇਸੇ ਦੇਸ਼ ਹੀ ਨਹੀਂ, ਪੂਰੀ ਦੁਨੀਆ ਵਿੱਚ ਪਹਿਚਾਣ ਦਿਵਾਉਣੀ ਹੈ। ਤੁਸੀਂ ਸਾਰੇ ਜਾਣਦੇ ਹੋ, ਅਸਾਮ ਦੇ ਗਮੋਸ਼ਾ ਦੀ ਬ੍ਰਾਂਡਿੰਗ ਤਾਂ ਮੈਂ ਖੁਦ ਹੀ ਬਹੁਤ ਮਾਣ ਨਾਲ ਕਰਦਾ ਰਹਿੰਦਾ ਹਾਂ, ਇੰਝ ਹੀ ਅਸੀਂ ਅਸਾਮ ਦੇ ਹਰ ਉਤਪਾਦ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਜਾਣਾ ਹੈ।
ਸਾਥੀਓ,
ਭੂਪੇਨ ਦਾ ਦਾ ਪੂਰਾ ਜੀਵਨ, ਦੇਸ਼ ਦੇ ਟੀਚਿਆਂ ਦੇ ਪ੍ਰਤੀ ਸਮਰਪਿਤ ਰਿਹਾ। ਅੱਜ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਇਸ ਅਵਸਰ ‘ਤੇ ਸਾਨੂੰ ਦੇਸ਼ ਦੇ ਲਈ ਆਤਮਨਿਰਭਰਤਾ ਦਾ ਸੰਕਸਪ ਲੈਣਾ ਹੈ। ਮੈਂ ਅਸਾਮ ਦੇ ਮੇਰੇ ਭਾਈ-ਭੈਣਾਂ ਨੂੰ ਤਾਕੀਦ ਕਰਾਂਗਾ, ਸਾਨੂੰ ਵੋਕਲ ਫੋਰ ਲੋਕਲ ਦਾ ਬ੍ਰੈਂਡ ਅੰਬੈਸਡਰ ਬਣਨਾ ਹੈ। ਅਸੀਂ ਸਵਦੇਸ਼ੀ ਚੀਜ਼ਾਂ ‘ਤੇ ਮਾਣ ਕਰਨਾ ਹੈ। ਅਸੀਂ ਸਵਦੇਸ਼ੀ ਹੀ ਖਰੀਦੀਏ ਅਤੇ ਸਵਦੇਸ਼ੀ ਹੀ ਵੇਚੀਏ। ਅਸੀਂ ਇਨ੍ਹਾਂ ਅਭਿਆਨਾਂ ਨੂੰ ਜਿੰਨੀ ਗਤੀ ਦੇਵਾਂਗੇ, ਵਿਕਸਿਤ ਭਾਰਤ ਦਾ ਸੁਪਨਾ ਉਨਾ ਹੀ ਤੇਜ਼ ਗਤੀ ਨਾਲ ਪੂਰਾ ਹੋਵੇਗਾ।
ਸਾਥੀਓ,
ਭੂਪੇਨ ਦਾ ਨੇ 13 ਸਾਲ ਦੀ ਉਮਰ ਵਿੱਚ ਗੀਤ ਲਿਖਿਆ ਸੀ, अग्निजुगोर फिरिंगोति मोय, नोतुन भारत गॉढ़िम्, हर्बोहारार हर्बोश्वो पुनॉर फिराय आनिम, नोतुन भारत गॉढ़िम्। (ਅਗਨੀਜੁਗੋਰ ਫਿਰੰਗੋਤਿ ਮੋਯ, ਨੋਤੁਨ ਭਾਰਤ ਗਾਢਿਮ, ਹਰਬੋਸ਼ਵੋ ਪੁਨਾਰ ਫਿਰਾਯ ਆਨਿਮ, ਨੋਤੁਨ ਭਾਰਤ ਗਾਢਿਮ।)
ਸਾਥੀਓ,
ਇਸ ਗੀਤ ਵਿੱਚ ਉਨ੍ਹਾਂ ਨੇ ਖੁਦ ਨੂੰ ਅਗਨੀ ਦੀ ਚਿੰਗਾਰੀ ਮੰਨ ਕੇ ਇਹ ਸੰਕਲਪ ਲਿਆ ਸੀ ਕਿ ਨਵਾਂ ਭਾਰਤ ਬਣਾਵਾਂਗੇ। ਇੱਕ ਅਜਿਹਾ ਨਵਾਂ ਭਾਰਤ, ਜਿੱਥੇ ਹਰ ਪੀੜ੍ਹਤ ਅਤੇ ਵੰਚਿਤ ਨੂੰ ਉਨ੍ਹਾਂ ਦਾ ਅਧਿਕਾਰ ਵਾਪਸ ਮਿਲੇ।
ਮੇਰੇ ਭਾਈਓ ਅਤੇ ਭੈਣੋਂ,
ਨੂਤਨ ਭਾਰਤ ਦਾ ਜੋ ਸੁਪਨਾ ਭੂਪੇਨ ਦਾ ਨੇ ਤਦ ਦੇਖਿਆ ਸੀ, ਅੱਜ ਉਹ ਦੇਸ਼ ਦਾ ਸੰਕਲਪ ਬਣ ਚੁੱਕਿਆ ਹੈ। ਸਾਨੂੰ ਇਸ ਸੰਕਲਪ ਨਾਲ ਖੁਦ ਨੂੰ ਜੋੜਨਾ ਹੈ। ਅੱਜ ਸਮਾਂ ਹੈ, ਅਸੀਂ ਆਪਣੇ ਹਰ ਯਤਨ ਹਰ ਸੰਕਲਪ ਦੇ ਕੇਂਦਰ ਵਿੱਚ 2047 ਦੇ ਵਿਕਸਿਤ ਭਾਰਤ ਨੂੰ ਰੱਖੀਏ। ਇਸ ਦੀ ਪ੍ਰੇਰਣਾ ਸਾਨੂੰ ਭੂਪੇਨ ਦਾ ਦੇ ਗੀਤਾਂ ਤੋਂ ਮਿਲੇਗੀ, ਉਨ੍ਹਾਂ ਦੇ ਜੀਵਨ ਤੋਂ ਮਿਲੇਗੀ। ਸਾਡੇ ਇਹ ਸੰਕਲਪ ਹੀ ਭੂਪੇਨ ਹਜ਼ਾਰਿਕਾ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ। ਇਸੇ ਭਾਵ ਦੇ ਨਾਲ, ਮੈਂ ਇੱਕ ਵਾਰ ਫਿਰ ਸਾਰੇ ਦੇਸ਼ਵਾਸੀਆਂ ਨੂੰ ਭੂਪੇਨ ਦਾ ਦੇ ਜਨਮ ਸ਼ਤਾਬਦੀ ਵਰ੍ਹੇ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੇਰੀ ਤੁਹਾਨੂੰ ਸਾਰਿਆਂ ਨੂੰ ਪ੍ਰਾਰਥਨਾ ਹੈ, ਆਪਣਾ ਮੋਬਾਈਲ ਫੋਨ ਕੱਢੋ ਅਤੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਚਾਲੂ ਕਰਕੇ ਭੂਪੇਨ ਦਾ ਨੂੰ ਸ਼ਰਧਾਂਜਲੀ ਦਵੋ। ਹਜ਼ਾਰਾਂ-ਹਜ਼ਾਰਾਂ ਇਹ ਦ੍ਵੀਪ ਭੂਪੇਨ ਦਾ ਦੀ ਅਮਰ ਆਤਮਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਉਨ੍ਹਾਂ ਦੇ ਸੁਰ ਨੂੰ ਅੱਜ ਦੀ ਪੀੜ੍ਹੀ ਰੌਸ਼ਨੀ ਨਾਲ ਸਜਾ ਰਹੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ!
***************
ਐੱਮਜੇਪੀਐੱਸ/ਐੱਸਟੀ/ਏਵੀ
(Release ID: 2166503)
Visitor Counter : 2