ਰਾਸ਼ਟਰਪਤੀ ਸਕੱਤਰੇਤ
ਆਦਿ-ਕਰਮਯੋਗੀ ਅਭਿਯਾਨ ਦੇ ਇੱਕ ਹਿੱਸੇ ਵਜੋਂ ਪ੍ਰਤਿਸ਼ਠਿਤ ਕਬਾਇਲੀ ਲੋਕਾਂ ਦੇ ਇੱਕ ਸਮੂਹ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
09 SEP 2025 5:53PM by PIB Chandigarh
ਵੱਖ-ਵੱਖ ਰਾਜਾਂ ਦਾ ਪ੍ਰਤੀਨਿਧੀਤਵ ਕਰਨ ਵਾਲੇ ਵਿਵਿਧ ਪਿਛੋਕੜ ਦੇ ਪ੍ਰਤਿਸ਼ਠਿਤ ਕਬਾਇਲੀ ਲੋਕਾਂ ਦੇ ਇੱਕ ਸਮੂਹ ਨੇ ਅੱਜ (9 ਸਤੰਬਰ, 2025) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਕਬਾਇਲੀ ਮਾਮਲੇ ਮੰਤਰਾਲੇ ਦੇ ‘ਆਦਿ ਕਰਮਯੋਗੀ ਅਭਿਯਾਨ’ (Adi Karmayogi Abhiyan) ਦੇ ਤਹਿਤ ਰਾਸ਼ਟਰਪਤੀ ਭਵਨ ਵਿੱਚ ਇਸ ਸਮੂਹ ਦਾ ਆਗਮਨ ਹੋਇਆ। ਇਸ ਪਹਿਲਕਦਮੀ ਦੇ ਤਹਿਤ ਰਾਸ਼ਟਰਪਤੀ ਭਵਨ ਵਿੱਚ ਕਬਾਇਲੀ ਨੇਤਾਵਾਂ ਦੀਆਂ ਅਜਿਹੀਆਂ ਮੀਟਿੰਗਾਂ ਦੀ ਇੱਕ ਲੜੀ ਆਯੋਜਿਤ ਕੀਤੀ ਗਈ ਹੈ। ਇਸ ਪੜਾਅ ਦੀ ਇਸ ਲੜੀ ਵਿੱਚ ਇਹ ਆਖਰੀ ਮੀਟਿੰਗ ਸੀ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਆਦਿ ਕਰਮਯੋਗੀ ਅਭਿਯਾਨ ਕਬਾਇਲੀ ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੀ ਦਿਸ਼ਾ ਵਿੱਚ ਸੰਵਾਦ ਅਤੇ ਸਹਿਯੋਗ ਦਾ ਇੱਕ ਵਿਲੱਖਣ ਯਤਨ ਹੈ। ਇਹ ਪਹਿਲਕਦਮੀ ਇੱਕ ਸਮਾਵੇਸ਼ੀ ਅਤੇ ਬਰਾਬਰੀ ਵਾਲੇ ਭਾਰਤ ਦੇ ਨਿਰਮਾਣ ਲਈ ਸਾਡੇ ਸਮੂਹਿਕ ਸੰਕਲਪ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਯਤਨ ਇਹ ਯਕੀਨੀ ਬਣਾਉਣ ਦਾ ਹੋਣਾ ਚਾਹੀਦਾ ਹੈ ਕਿ ਕਬਾਇਲੀ ਭਾਈਚਾਰਾ ਨਾ ਸਿਰਫ਼ ਵਿਕਾਸ ਦੇ ਲਾਭਾਰਥੀ ਬਣਨ, ਸਗੋਂ ਦੇਸ਼ ਦੇ ਭਵਿੱਖ ਦੇ ਸਹਿ-ਨਿਰਮਾਤਾ ਵੀ ਬਣਨ।
ਰਾਸ਼ਟਰਪਤੀ ਨੇ ਕਿਹਾ ਕਿ ਆਦਿ ਕਰਮਯੋਗੀ ਅਭਿਯਾਨ, ਜਵਾਬਦੇਹ ਸ਼ਾਸਨ ਰਾਹੀਂ ਕਬਾਇਲੀ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਲਈ ਇੱਕ ਪਰਿਵਰਤਨਸ਼ੀਲ ਪਹਿਲਕਦਮੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਵਰ੍ਹੇ ਜੁਲਾਈ ਵਿੱਚ ਇਸ ਅਭਿਯਾਨ ਦੀ ਸ਼ੁਰੂਆਤ ਤੋਂ ਬਾਅਦ, ਇੱਕ ਲੱਖ ਪਿੰਡਾਂ ਵਿੱਚ ਅਧਿਕਾਰੀਆਂ, ਵਲੰਟੀਅਰਾਂ, ਸਵੈ-ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਅਤੇ ਕਬਾਇਲੀ ਨੌਜਵਾਨਾਂ ਸਹਿਤ 20 ਲੱਖ ਆਦਿ-ਕਰਮਯੋਗੀਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇੱਕ ਲੱਖ ਆਦਿ ਸੇਵਾ ਕੇਂਦਰਾਂ ਨੂੰ ਸਿੰਗਲ ਵਿੰਡੋ ਸੇਵਾ ਅਤੇ ਸ਼ਿਕਾਇਤ ਨਿਵਾਰਣ ਕੇਂਦਰਾਂ ਵਜੋਂ ਪਛਾਣਿਆ ਗਿਆ ਹੈ। ਧਰਤੀ ਆਬਾ ਜਨਜਾਤੀਯ ਗ੍ਰਾਮ ਉਤਕਰਸ਼ ਅਭਿਯਾਨ 63,000 ਤੋਂ ਵੱਧ ਕਬਾਇਲੀ-ਪ੍ਰਭਾਵਿਤ ਪਿੰਡਾਂ ਨੂੰ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਜੰਗਲਾਤ ਅਧਿਕਾਰ ਐਕਟ ਸਮਾਜਿਕ ਨਿਆਂ, ਸਮਾਨਤਾ ਅਤੇ ਵਾਤਾਵਰਣ ਸੁਰੱਖਿਆ ਦਾ ਇੱਕ ਮਹੱਤਵਪੂਰਨ ਸਾਧਨ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸਲ ਸਸ਼ਕਤੀਕਰਣ ਸਿਰਫ਼ ਯੋਜਨਾਵਾਂ ਨਾਲ ਨਹੀਂ ਆਉਂਦਾ। ਸਗੋਂ, ਸੱਚਾ ਸਸ਼ਕਤੀਕਰਣ ਲੋਕਾਂ ਦੇ ਅਧਿਕਾਰਾਂ ਦੀ ਮਾਨਤਾ ਤੋਂ ਹੀ ਬਣਦਾ ਹੈ। ਇਹ ਉਨ੍ਹਾਂ ਅਧਿਕਾਰਾਂ ਦੇ ਸਨਮਾਨ ਨਾਲ ਮਜ਼ਬੂਤ ਹੁੰਦਾ ਹੈ ਅਤੇ ਕਬਾਇਲੀ ਭਾਈਚਾਰਿਆਂ ਦੀ ਪ੍ਰਤੀਨਿਧਤਾ ਵੱਲੋਂ ਕਾਇਮ ਰਹਿੰਦਾ ਹੈ। ਉਨ੍ਹਾਂ ਨੇ ਕਬਾਇਲੀ ਭਾਈਚਾਰਿਆਂ ਦੇ ਮੈਂਬਰਾਂ ਨੂੰ ਆਪਣੀ ਵਿਕਾਸ ਯਾਤਰਾ ਲਈ ਸਰਗਰਮ ਜ਼ਿੰਮੇਵਾਰੀ ਲੈਣ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵੱਖ-ਵੱਖ ਮੰਚਾਂ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਪ੍ਰਣਾਲੀਆਂ ਨੂੰ ਜਵਾਬਦੇਹ ਬਣਾਉਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਕਬਾਇਲੀ ਭਰਾਵਾਂ ਅਤੇ ਭੈਣਾਂ ਦੀ ਸਰਗਰਮ ਭਾਗੀਦਾਰੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਇੱਕ ਅਜਿਹਾ ਸਮਾਜ ਅਤੇ ਦੇਸ਼ ਬਣਾਇਆ ਜਾ ਸਕੇ ਜਿੱਥੇ ਸਮਾਨਤਾ, ਨਿਆਂ ਅਤੇ ਸਨਮਾਨ ਦਾ ਮਾਹੌਲ ਹੋਵੇ, ਜਿੱਥੇ ਕਬਾਇਲੀ ਸਮਾਜ ਦਾ ਸੱਭਿਆਚਾਰ ਅਤੇ ਪਰੰਪਰਾਵਾਂ ਸੁਰੱਖਿਅਤ ਹੋਣ, ਅਤੇ ਸਾਡੇ ਕਬਾਇਲੀ ਭਰਾਵਾਂ ਅਤੇ ਭੈਣਾਂ ਦੇ ਅਧਿਕਾਰ ਸੁਰੱਖਿਅਤ ਹੋਣ। ਉਨ੍ਹਾਂ ਨੇ ਕਬਾਇਲੀ ਲੋਕਾਂ ਨੂੰ ਉਨ੍ਹਾਂ ਦੀ ਵਿਲੱਖਣ ਪਛਾਣ ਅਤੇ ਸਮ੍ਰਿੱਧ ਸੱਭਿਆਚਾਰ ਨੂੰ ਸੁਰੱਖਿਅਤ ਰੱਖਦੇ ਹੋਏ ਮੁੱਖ ਧਾਰਾ ਨਾਲ ਜੋੜਨ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਜ਼ਰੂਰਤ 'ਤੇ ਚਾਨਣਾ ਪਾਇਆ।
ਰਾਸ਼ਟਰਪਤੀ ਨੇ ਹਾਲ ਹੀ ਵਿੱਚ ਕਬਾਇਲੀ ਭਾਸ਼ਾਵਾਂ ਲਈ ਏਆਈ-ਅਧਾਰਿਤ ਅਨੁਵਾਦ ਉਪਕਰਣ, ਆਦਿ ਵਾਣੀ (Adi Vaani) ਦੇ ਹਾਲ ਹੀ ਵਿੱਚ ਲਾਂਚ ਹੋਣ 'ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਨੂੰ ਕਬਾਇਲੀ ਖੇਤਰਾਂ ਵਿੱਚ ਭਾਸ਼ਾ ਅਤੇ ਸਿੱਖਿਆ ਪਰਿਵਰਤਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
ਸਤੰਬਰ 2025 ਵਿੱਚ ਲਾਂਚ ਕੀਤਾ ਗਿਆ ਆਦਿ ਵਾਣੀ ਦਾ ਬੇਟਾ ਵਰਜ਼ਨ (beta version), ਦੁਨੀਆ ਦਾ ਪਹਿਲਾ ਏਆਈ-ਸੰਚਾਲਿਤ ਸਵਦੇਸ਼ੀ ਭਾਸ਼ਾ ਬ੍ਰਿਜ ਟੂਲ ਹੈ ਜੋ ਭਾਰਤ ਵਿੱਚ ਕਬਾਇਲੀ ਸਮੂਹਾਂ ਦੀ ਸੱਭਿਆਚਾਰਕ ਸੰਭਾਲ ਅਤੇ ਸਮਾਜਿਕ ਸ਼ਮੂਲੀਅਤ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਦੀ ਵਰਤੋਂ ਕਰਦਾ ਹੈ। ਇਹ ਕੁਝ ਸਭ ਤੋਂ ਕਮਜ਼ੋਰ ਸਮਾਜਿਕ ਸਮੂਹਾਂ ਦੀ ਭਲਾਈ ਲਈ ਏਆਈ ਦੀ ਵਰਤੋਂ ਦੀ ਇੱਕ ਸੱਚੀ ਉਦਾਹਰਣ ਹੈ।
ਮੀਟਿੰਗ ਦੌਰਾਨ ਦਰਸ਼ਕਾਂ ਦੇ ਸਾਹਮਣੇ ਆਦਿ ਕਰਮਯੋਗੀ ਅਭਿਯਾਨ ‘ਤੇ ਇੱਕ ਫਿਲਮ ਦਿਖਾਈ ਗਈ।
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਸ਼੍ਰੀ ਜੁਏਲ ਓਰਾਮ (Jual Oram) ਅਤੇ ਕਬਾਇਲੀ ਮਾਮਲੇ ਰਾਜ ਮੰਤਰੀ ਸ਼੍ਰੀ ਦੁਰਗਾਦਾਸ ਉਇਕੇ (Durgadas Uikey) ਵੀ ਮੀਟਿੰਗ ਵਿੱਚ ਮੌਜੂਦ ਸਨ।
************
ਐੱਮਜੇਪੀਐੱਸ/ਐੱਸਆਰ
(Release ID: 2165115)
Visitor Counter : 2