ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫਰੰਸਿੰਗ ਰਾਹੀਂ ਬਿਹਾਰ ਰਾਜਯ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਿਟੇਡ ਦੀ ਸ਼ੁਰੂਆਤ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 02 SEP 2025 3:52PM by PIB Chandigarh

ਬਿਹਾਰ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਨਿਤਿਸ਼ ਕੁਮਾਰ ਜੀ, ਉਪ ਮੁੱਖ ਮੰਤਰੀ ਸਮਰਾਟ ਚੌਧਰੀ ਜੀ,  ਵਿਜੈ ਕੁਮਾਰ ਸਿਨਹਾ ਜੀ, ਹੋਰ ਮਹਾਅਨੁਭਾਵ ਅਤੇ ਇਸ ਪ੍ਰੋਗਰਾਮ ਵਿੱਚ ਮੌਜੂਦ ਬਿਹਾਰ ਦੀਆਂ ਮੇਰੀਆਂ ਲੱਖਾਂ ਭੈਣਾਂ, ਤੁਹਾਨੂੰ ਸਾਰਿਆਂ ਨੂੰ ਪ੍ਰਣਾਮ।

ਮੈਂ ਹੁਣੇ ਮੇਰੇ ਸਾਹਮਣੇ ਟੀਵੀ ਦੀ ਸਕ੍ਰੀਨ ‘ਤੇ ਦੇਖ ਰਿਹਾ ਹਾਂ, ਲੱਖਾਂ ਭੈਣਾਂ ਨਜ਼ਰ ਆ ਰਹੀਆਂ ਹਨ ਅਤੇ ਸ਼ਾਇਦ ਬਿਹਾਰ ਦੇ ਹਰ ਪਿੰਡ ਵਿੱਚ ਇਹ ਬਹੁਤ ਵੱਡਾ ਸਮਾਰੋਹ, ਇਹ ਆਪਣੇ ਆਪ ਵਿੱਚ ਬਹੁਤ ਅਦਭੁਤ ਦ੍ਰਿਸ਼ ਹੈ। ਇੰਨੀ ਵੱਡੀ ਤਾਦਾਦ ਵਿੱਚ ਮਾਤਾਵਾਂ-ਭੈਣਾਂ ਦੇ ਅਸ਼ੀਰਵਾਦ, ਇਸ ਤੋਂ ਵੱਡਾ ਜੀਵਨ ਦਾ ਸੁਭਾਗ ਕੀ ਹੁੰਦਾ ਹੈ।

ਸਾਥੀਓ,

ਅੱਜ ਮੰਗਲਵਾਰ ਦੇ ਦਿਨ ਬਹੁਤ ਮੰਗਲ ਕੰਮ ਦੀ ਸ਼ੁਰੂਆਤ ਹੋ ਰਹੀ ਹੈ। ਬਿਹਾਰ ਦੀਆਂ ਮਾਤਾਵਾਂ ਭੈਣਾਂ ਨੂੰ ਅੱਜ ਇੱਕ ਨਵੀਂ ਸਹੂਲਤ ਮਿਲਣ ਜਾ ਰਹੀ ਹੈ-ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ। ਇਸ ਨਾਲ ਪਿੰਡ-ਪਿੰਡ ਵਿੱਚ ਜੀਵਿਕਾ ਨਾਲ ਜੁੜੀਆਂ ਭੈਣਾਂ ਨੂੰ ਹੁਣ ਹੋਰ ਅਸਾਨੀ ਨਾਲ ਪੈਸਾ ਮਿਲੇਗਾ, ਉਨ੍ਹਾਂ ਨੂੰ ਆਰਥਿਕ ਮਦਦ ਮਿਲੇਗੀ। ਇਸ ਨਾਲ ਉਹ ਜੋ ਕੰਮ ਕਰਦੀਆਂ ਹਨ, ਜੋ ਕਾਰੋਬਾਰ ਕਰਦੀਆਂ ਹਨ, ਉਸ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ ਅਤੇ ਮੈਨੂੰ ਇਹ ਦੇਖ ਕੇ ਵੀ ਬਹੁਤ ਖੁਸ਼ੀ ਹੈ ਕਿ ਜੀਵਿਕਾ ਨਿਧੀ ਦੀ ਵਿਵਸਥਾ ਪੂਰੀ ਤਰ੍ਹਾਂ ਡਿਜੀਟਲ ਹੈ। ਯਾਨੀ ਕਿਸੇ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ, ਸਭ ਕੰਮ ਫੋਨ ਨਾਲ ਹੀ ਹੋ ਜਾਵੇਗਾ। ਮੈਂ ਬਿਹਾਰ ਦੀਆਂ ਮਾਤਾਵਾਂ ਭੈਣਾਂ ਨੂੰ ਜੀਵਿਕਾ ਸਹਿਕਾਰੀ ਸੰਘ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਇਸ ਅਦਭੁਤ ਪਹਿਲ ਲਈ ਸ਼੍ਰੀਮਾਨ ਨਿਤਿਸ਼ ਜੀ ਦਾ, ਬਿਹਾਰ ਦੀ ਐੱਨਡੀਏ ਸਰਕਾਰ ਦਾ, ਉਨ੍ਹਾਂ ਦਾ ਵੀ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਸਾਥੀਓ,

ਵਿਕਸਿਤ ਭਾਰਤ ਦਾ ਬਹੁਤ ਵੱਡਾ ਅਧਾਰ ਹੈ ਭਾਰਤ ਦੀਆਂ ਸਸ਼ਕਤ ਮਹਿਲਾਵਾਂ, ਅਤੇ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਜਿੰਦਗੀ ਤੋਂ ਹਰ ਪ੍ਰਕਾਰ ਦੀਆਂ ਮੁਸ਼ਕਲਾਂ ਘੱਟ ਹੋਣ। ਇਸ ਲਈ ਅਸੀਂ ਮਾਤਾਵਾਂ, ਭੈਣਾਂ, ਬੇਟੀਆਂ ਦੀ ਜਿੰਦਗੀ ਨੂੰ ਅਸਾਨ ਬਣਾਉਣ ਲਈ ਅਨੇਕਾਂ ਕੰਮ ਕਰ ਰਹੇ ਹਾਂ, ਅਨੇਕਾਂ ਪ੍ਰਕਾਰ  ਦੇ ਕੰਮ ਕਰ ਰਹੇ ਹਾਂ। ਅਸੀਂ ਮਹਿਲਾਵਾਂ ਲਈ ਕਰੋੜਾਂ ਪਖਾਨੇ ਬਣਵਾਏ, ਤਾਕਿ ਉਨ੍ਹਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਦੀ ਮਜ਼ਬੂਰੀ ਤੋਂ ਮੁਕਤੀ ਮਿਲੇ। ਅਸੀਂ ਪ੍ਰਧਾਨ ਮੰਤਰੀ ਆਵਾਸ ਵਿੱਚ ਪੀਐੱਮ ਆਵਾਸ ਤਹਿਤ ਕਰੋੜਾਂ ਦੀ ਗਿਣਤੀ ਵਿੱਚ ਪੱਕੇ ਘਰ ਬਣਵਾਏ ਅਤੇ ਇਸ ਵਿੱਚ ਇਹ ਵੀ ਧਿਆਨ ਰੱਖਿਆ ਕਿ ਉਹ ਘਰ ਹੋ ਸਕੇ ਤਾਂ ਮਹਿਲਾਵਾਂ ਦੇ ਨਾਮ ‘ਤੇ ਹੋਵੇ। ਮਹਿਲਾ ਜਦੋਂ ਘਰ ਦੀ ਮਾਲਕਣ ਹੁੰਦੀ ਹੈ ਤਾਂ ਉਸ ਦੀ ਆਵਾਜ ਦਾ ਵੀ ਭਾਰ ਵਧ ਜਾਂਦਾ ਹੈ।

ਮਾਤਾਓ-ਭੈਣੋਂ,

ਅਸੀਂ ਪੀਣ ਦੇ ਸਾਫ਼ ਪਾਣੀ ਦਾ ਸੰਕਟ ਖਤਮ ਕਰਨ ਲਈ ਹਰ ਘਰ ਜਲ ਯੋਜਨਾ ਚਲਾਈ। ਮਾਤਾਵਾਂ-ਭੈਣਾਂ ਨੂੰ ਇਲਾਜ ਦੀ ਪਰੇਸ਼ਾਨੀ ਨਾ ਹੋਵੇ, ਇਸ ਲਈ ਅਸੀਂ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਵਾਲੀ ਆਯੁਸ਼ਮਾਨ ਯੋਜਨਾ ਚਲਾਈ। ਕੇਂਦਰ ਸਰਕਾਰ ਅੱਜ ਮੁਫ਼ਤ ਰਾਸ਼ਨ ਦੀ ਯੋਜਨਾ ਵੀ ਚਲਾ ਰਹੀ ਹੈ। ਇਸ ਯੋਜਨਾ ਨੇ ਹਰ ਮਾਂ ਨੂੰ ਇਸ ਚਿੰਤਾ ਤੋਂ ਮੁਕਤੀ ਦਿਲਵਾਈ ਹੈ ਕਿ ਅੱਜ ਘਰ ਵਿੱਚ ਬੱਚਿਆਂ ਦਾ ਢਿੱਡ ਕਿਵੇਂ ਭਰੇਗਾ। ਮਹਿਲਾਵਾਂ ਦੀ ਆਮਦਨੀ ਵਧਾਉਣ ਲਈ ਅਸੀਂ ਉਨ੍ਹਾਂ ਨੂੰ ਲਖਪਤੀ ਦੀਦੀ, ਡ੍ਰੌਨ ਦੀਦੀ ਅਤੇ ਬੈਂਕ ਸਖੀ ਵੀ ਬਣਾ ਰਹੇ ਹਾਂ। ਇਹ ਸਾਰੀਆਂ ਯੋਜਨਾਵਾਂ, ਮਾਤਾਵਾਂ-ਭੈਣਾਂ ਦੀ ਸੇਵਾ ਦਾ ਇੱਕ ਬਹੁਤ ਵੱਡਾ ਮਹਾਯੱਗ ਹੈ। ਅਤੇ ਅੱਜ ਇਸ ਪ੍ਰੋਗਰਾਮ ਵਿੱਚ, ਮੈਂ ਤੁਹਾਨੂੰ ਇਹ ਭਰੋਸਾ ਦਿੰਦਾ ਹਾਂ ਕਿ ਆਉਣ ਵਾਲੇ ਮਹੀਨਿਆਂ ਵਿੱਚ ਬਿਹਾਰ ਦੀ ਐੱਨਡੀਏ ਸਰਕਾਰ, ਇਸ ਅਭਿਆਨ ਨੂੰ ਹੋਰ ਤੇਜ਼ ਕਰਨ ਜਾ ਰਹੀ ਹੈ।

ਸਾਥੀਓ,

ਬਿਹਾਰ ਉਹ ਧਰਤੀ ਹੈ, ਜਿੱਥੇ ਮਾਤ੍ਰਸ਼ਕਤੀ ਦਾ ਸਨਮਾਨ, ਮਾਂ ਦਾ ਸਨਮਾਨ ਹਮੇਸ਼ਾ ਤੋਂ ਸਰਵਉੱਚ ਰਿਹਾ ਹੈ। ਇੱਥੇ ਗੰਗਾ ਮਈਆ,  ਕੋਸੀ ਮਈਆ, ਗੰਡਕੀ ਮਈਆ ,  ਪੁਨਪੁਨ ਮਈਆ,  ਇਨ੍ਹਾਂ ਸਭ ਦੀ ਪੂਜਾ ਹੁੰਦੀ ਹੈ। ਅਤੇ ਅਸੀਂ ਸਭ ਗਰਵ ਨਾਲ ਕਹਿੰਦੇ ਹਾਂ,  ਜਾਨਕੀ ਜੀ  ਇੱਥੋਂ ਦੀ ਬੇਟੀ ਹਨ।  ਬਿਹਾਰ  ਦੇ ਸੰਸਕਾਰ ਵਿੱਚ ਪਲੀ-ਵਧੀ,  ਇੱਥੇ ਦੀ ਸੀਆ ਧੀਯਾ,  ਦੁਨੀਆ ਦੀ ਸੀਤਾ ਮਾਤਾ ਹੈ। ਛਟੀ ਮਈਆ ਨੂੰ ਨਮਨ ਕਰਕੇ ਅਸੀ ਸਭ ਧੰਨ ਹੋ ਜਾਂਦੇ ਹਾਂ।  ਕੁਝ ਦਿਨਾਂ ਬਾਅਦ ਨਵਰਾਤ੍ਰੀ ਦਾ ਪਾਵਨ ਪਰਵ ਸ਼ੁਰੂ ਹੋਣ ਵਾਲਾ ਹੈ। ਪੂਰੇ ਦੇਸ਼ ਵਿੱਚ ਨਵਦੁਰਗਾ ਦੀ ਪੂਜਾ ਹੋਵੇਗੀ,  ਮਾਂ ਦੇ ਨੌਂ ਰੂਪਾਂ ਦੀ,  ਲੇਕਿਨ ਬਿਹਾਰ ਅਤੇ ਪੂਰਬੀਆਂ ਇਲਾਕੇ ਵਿੱਚ ਨੌ ਦੁਰਗਾ ਦੇ ਨਾਲ ਸਤਬਹਿਨੀ ਪੂਜਾ ਦੀ ਪਰੰਪਰਾ ਵੀ ਪੀੜ੍ਹੀਆਂ ਤੋਂ ਹੈ,  ਮਾਂ ਦੇ ਰੂਪ ਵਿੱਚ ਸੱਤ ਭੈਣਾਂ ਦੀ ਪੂਜਾ ਦੀ ਪਰੰਪਰਾ,  ਮਾਂ ਦੇ ਪ੍ਰਤੀ ਸ਼ਰਧਾ ਅਤੇ ਵਿਸ਼ਵਾਸ,  ਇਹ ਬਿਹਾਰ ਦੀ ਪਹਿਚਾਣ ਹੈ। ਮਾਂ ਲਈ ਹੀ ਕਿਹਾ ਗਿਆ ਹੈ,  ਆਪਣੇ  ਸੁਖਲ-ਪਾਕਲ  ਖਾਕੇ,  ਰਖਲੀ ਸਭਕੇ ਭਰਮ ਬਚਾ ਕੇ,  ਉਨਕਰ ਰੋਵਾਂ ਜੇ ਦੁਖਾਈ, ਤ ਭਲਾਈ ਨਾ ਹੋਇ ,  ਕੇਹੂ ਕਤਨੋ ਦੁਲਾਰੀ,  ਬਾਕਿ ਮਾਈ ਨਾ ਹੋਈ। (अपने  सुखल-पाकल खाके, रखली सबके भरम बचा के, उनकर रोवां जे दुखाई, त भलाई ना होई, केहू कतनो दुलारी, बाकि माई ना होई।)

ਸਾਥੀਓ,

ਸਾਡੀ ਸਰਕਾਰ ਲਈ ਮਾਂ ਦੀ ਗਰਿਮਾ,  ਉਸ ਦਾ ਸਨਮਾਨ, ਉਸ ਦਾ ਆਤਮ-ਸਨਮਾਨ ਬਹੁਤ ਵੱਡੀ ਪ੍ਰਾਥਮਿਕਤਾ ਹੈ।  ਮਾਂ ਹੀ ਤਾਂ ਸਾਡਾ ਸੰਸਾਰ ਹੁੰਦੀ ਹੈ,  ਮਾਂ ਹੀ ਸਾਡਾ ਆਤਮ-ਸਨਮਾਨ ਹੁੰਦੀ ਹੈ।  ਇਸ ਸਮ੍ਰਿੱਧ ਪਰੰਪਰਾ ਵਾਲੇ ਬਿਹਾਰ ਵਿੱਚ ਕੁਝ ਦਿਨ ਪਹਿਲਾਂ ਜੋ ਹੋਇਆ,  ਉਸ ਦੀ ਮੈਂ ਕਦੇ ਕਲਪਨਾ ਤੱਕ ਨਹੀਂ ਕੀਤੀ ਸੀ,  ਕਿਸੇ ਬਿਹਾਰ  ਦੇ ਮੇਰੇ ਭਾਈ- ਭੈਣ ਨੇ ਕਲਪਨਾ ਨਹੀਂ ਕੀਤੀ ਹੋਵੇਗੀ, ਹਿੰਦੁਸਤਾਨ ਦੇ ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਹੋਵੇਗੀ। ਬਿਹਾਰ ਵਿੱਚ ਆਰਜੇਡੀ - ਕਾਂਗਰਸ  ਦੇ ਮੰਚ ਤੋਂ ਮੇਰੀ ਮਾਂ ਨੂੰ ਗਾਲਾਂ ਦਿੱਤੀਆਂ ਗਈਆਂ,  ਇਹ ਗਾਲਾਂ ਸਿਰਫ਼ ਮੇਰੀ ਮਾਂ ਦੀ ਬੇਇੱਜ਼ਤੀ ਨਹੀਂ ਹੈ,  ਇਹ ਦੇਸ਼ ਦੀ ਮਾਂ - ਭੈਣ -ਬੇਟੀ ਦੀ ਬੇਇੱਜ਼ਤੀ ਹੈ। ਮੈਨੂੰ ਪਤਾ ਹੈ,  ਤੁਹਾਨੂੰ ਸਾਰਿਆ ਨੂੰ ਵੀ,  ਬਿਹਾਰ ਦੀ ਹਰ ਮਾਂ ਨੂੰ,  ਬਿਹਾਰ ਦੀ ਹਰ ਬੇਟੀ ਨੂੰ,  ਬਿਹਾਰ ਦੇ ਹਰ ਭਾਈ ਨੂੰ,  ਇਹ ਦੇਖ – ਸੁਣ ਕੇ ਕਿੰਨਾ ਬੁਰਾ ਲਗਿਆ ਹੈ!  ਮੈਂ ਜਾਣਦਾ ਹਾਂ,  ਇਸ ਦੀ ਜਿੰਨੀ ਪੀੜਾ ਮੇਰੇ ਦਿਲ ਵਿੱਚ ਹੈ,  ਓਨੀ ਹੀ ਤਕਲੀਫ ਮੇਰੇ ਬਿਹਾਰ ਦੇ ਲੋਕਾਂ ਨੂੰ ਵੀ ਹੈ। ਅਤੇ ਇਸ ਲਈ ਅੱਜ ਜਦੋਂ ਇੰਨੀ ਸਾਰੀ ਤਾਦਾਦ ਵਿੱਚ ਲੱਖਾਂ ਬਿਹਾਰ ਦੀਆਂ ਮਾਤਾਵਾਂ-ਭੈਣਾਂ ਦੇ ਮੈਂ ਦਰਸ਼ਨ ਜਦੋਂ ਕਰ ਰਿਹਾ ਹਾਂ,  ਜਦੋਂ ਤੁਹਾਡੀ ਮੌਜੂਦਗੀ ਹੈ,  ਤਾਂ ਅਖੀਰ ਮੈਂ ਵੀ ਇੱਕ ਪੁੱਤਰ ਹਾਂ। ਜਦੋਂ ਇੰਨੀਆਂ ਸਾਰੀਆਂ ਮਾਤਾਵਾਂ ਭੈਣਾਂ ਮੇਰੇ ਸਾਹਮਣੇ ਹਨ,  ਤਾਂ ਅੱਜ ਮੇਰਾ ਮਨ ਵੀ,  ਮੇਰਾ ਦੁੱਖ ਤੁਹਾਨੂੰ ਸਾਂਝਾ ਕਰ ਰਿਹਾ ਹਾਂ,  ਤਾਕਿ ਮੇਰਾ ਦੁੱਖ ਮਾਤਾਵਾਂ-ਭੈਣਾਂ  ਦੇ ਅਸ਼ੀਰਵਾਦ ਨਾਲ ਮੈਂ ਇਸ ਨੂੰ ਝੇਲ ਪਾਵਾਂ।

ਮਾਤਾਓ-ਭੈਣੋਂ,

ਤੁਹਾਨੂੰ ਸਾਰਿਆਂ ਨੂੰ ਪਤਾ ਹੈ,  ਮੈਂ ਕਰੀਬ 50 - 55 ਸਾਲ ਤੋਂ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ  ਲਗਿਆ ਹਾਂ।  ਮੈਂ ਰਾਜਨੀਤੀ ਵਿੱਚ ਤਾਂ ਬਹੁਤ ਦੇਰ ਤੋਂ ਆਇਆ ਸੀ। ਸਮਾਜ ਦੇ ਚਰਣਾਂ ਵਿੱਚ ਮੇਰੇ ਤੋਂ ਜੋ ਬਣ ਸਕਦਾ ਸੀ, ਕਰਨ ਦੀ ਮੈਂ ਕੋਸ਼ਿਸ਼ ਕਰਦਾ ਸੀ। ਮੈਂ ਹਰ ਦਿਨ, ਹਰ ਪਲ ਆਪਣੇ ਦੇਸ਼  ਦੇ ਲਈ,  ਮੇਰੇ ਦੇਸ਼ਵਾਸੀਆਂ  ਦੇ ਲਈ, ਮੇਰੇ ਤੋਂ ਜੋ ਹੋ ਸਕਿਆ, ਜਿੱਥੇ ਹੋ ਸਕਿਆ, ਪੂਰੀ ਲਗਨ ਨਾਲ, ਮਿਹਨਤ ਨਾਲ ਕੰਮ ਕਰਦਾ ਰਿਹਾ। ਅਤੇ ਇਸ ਵਿੱਚ ਮੇਰੀ ਮਾਂ ਦੇ ਅਸ਼ੀਰਵਾਦ, ਮੇਰੀ ਮਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਨੂੰ ਮਾਂ ਭਾਰਤੀ ਦੀ ਸੇਵਾ ਕਰਨੀ ਸੀ,  ਇਸ ਲਈ ਮੈਨੂੰ ਜਨਮ ਦੇਣ ਵਾਲੀ ਮੇਰੀ ਮਾਂ ਨੇ ਮੈਨੂੰ ਆਪਣੀਆਂ ਜ਼ਿੰਮੇਦਾਰੀਆਂ ਤੋਂ ਮੁਕਤ ਕਰ ਦਿੱਤਾ ਸੀ। ਅਤੇ ਮਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਕਿ ਬੇਟਾ ਜਾ,  ਦੇਸ਼ ਦੀਆਂ ਕਰੋੜਾਂ ਮਾਵਾਂ ਦੀ ਸੇਵਾ ਕਰਨਾ,  ਦੇਸ਼  ਦੇ ਗ਼ਰੀਬਾਂ ਦੀ ਸੇਵਾ ਕਰਨਾ। ਉਸ ਮਾਂ ਦੇ ਹੀ ਅਸ਼ੀਰਵਾਦ ਨਾਲ ਮੈਂ ਚੱਲ ਪਿਆ ਸੀ। ਅਤੇ ਇਸ ਲਈ ਮੈਨੂੰ ਅੱਜ ਇਸ ਗੱਲ ਦਾ ਦੁੱਖ ਹੈ ਕਿ ਜਿਸ ਮਾਂ ਨੇ ਮੈਨੂੰ ਦੇਸ਼ ਸੇਵਾ ਦਾ ਅਸ਼ੀਰਵਾਦ ਦੇ ਕੇ, ਦੇਸ਼ ਸੇਵਾ ਲਈ ਰਵਾਨਾ ਕੀਤਾ, ਭੇਜਿਆ। ਹਰ ਮਾਂ ਚਾਹੁੰਦੀ ਹੈ ਕਿ ਉਸਦਾ ਪੁੱਤਰ ਉਸਦੀ ਸੇਵਾ ਕਰੇ, ਹਰ ਮਾਂ ਚਾਹੁੰਦੀ ਹੈ ਕਿ ਪੁੱਤਰ ਵੱਡਾ ਹੋਵੇ,  ਮਾਂ ਲਈ ਕੁਝ ਨਾ ਕੁਝ ਕਰਦਾ ਰਹੇ। ਲੇਕਿਨ ਮੇਰੀ ਮਾਂ ਨੇ ਆਪਣੇ ਆਪ ਲਈ ਨਹੀਂ,  ਤੁਹਾਡੇ ਵਰਗੀਆਂ ਕਰੋੜਾਂ ਮਾਤਾਵਾਂ ਦੀ ਮੈਂ ਸੇਵਾ ਕਰ ਸਕਾਂ ਇਸ ਲਈ, ਆਪਣੇ ਆਪ ਤੋਂ ਵੱਖ ਕਰਕੇ ਮੈਨੂੰ ਜਾਣ ਦੀ ਇਜਾਜਤ ਦਿੱਤੀ।  

ਤੁਸੀਂ ਸਭ ਜਾਣਦੇ ਹੋ, ਹੁਣ ਮੇਰੀ ਮਾਂ ਦਾ ਸਰੀਰ ਤਾਂ ਇਸ ਦੁਨੀਆ ਵਿੱਚ ਨਹੀਂ ਹੈ। ਕੁਝ ਸਮਾਂ ਪਹਿਲਾਂ 100 ਸਾਲ ਦੀ ਉਮਰ ਪੂਰੀ ਕਰਕੇ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚੱਲੀ ਗਈ। ਮੇਰੀ ਉਸ ਮਾਂ ਨੂੰ ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ। ਜਿਸ ਦਾ ਸਰੀਰ ਵੀ ਹੁਣ ਨਹੀਂ ਹੈ। ਮੇਰੀ ਉਸ ਮਾਂ ਨੂੰ ਆਰਜੇਡੀ ਕਾਂਗਰਸ  ਦੇ ਮੰਚ ਤੋਂ ਗੰਦੀਆਂ-ਗੰਦੀਆਂ ਗਾਲਾਂ ਦਿੱਤੀਆਂ ਗਈਆਂ। ਮਾਤਾਓ ਭੈਣੋਂ ਮੈਂ ਦੇਖ ਰਿਹਾ ਹਾਂ ਤੁਹਾਡੇ ਚਿਹਰੇ,  ਤੁਹਾਨੂੰ ਵੀ ਕਿੰਨਾ ਦਰਦ ਹੋਇਆ ਹੋਵੇਗਾ। ਮੈਂ ਦੇਖ ਰਿਹਾ ਹਾਂ ਕੁਝ ਮਾਤਾਵਾਂ ਦੀ ਅੱਖ ਵਿੱਚ ਹੰਝੂ ਮੈਨੂੰ ਨਜ਼ਰ  ਆ ਰਹੇ ਹਨ। ਇਹ ਬਹੁਤ ਹੀ ਦੁੱਖ ਦੇਣ ਵਾਲਾ ਹੈ, ਕਸ਼ਟ ਦੇਣ ਵਾਲਾ ਹੈ, ਪੀੜਾ ਦੇਣ ਵਾਲਾ ਹੈ। ਕੀ ਗੁਨਾਹ, ਉਸ ਮਾਂ ਦਾ ਕੀ ਗੁਨਾਹ?  ਜਿਸ ਨੂੰ ਗੰਦੀਆਂ ਗਾਲਾਂ ਸੁਣਾ ਦਿੱਤੀਆਂ ਜਾਣ।

ਸਾਥੀਓ

ਹਰ ਮਾਂ ਆਪਣੇ ਬੱਚਿਆਂ ਨੂੰ ਬਹੁਤ ਤਪੱਸਿਆ ਕਰਕੇ ਪਾਲਦੀ ਹੈ। ਇੱਥੇ ਮੇਰੇ ਸਾਹਮਣੇ ਬੈਠੀ ਹੋਈ ਹਰ ਮਾਂ, ਓਨੀ ਹੀ ਲਗਨ ਨਾਲ ਓਨੀ ਹੀ ਤਪੱਸਿਆ ਨਾਲ ਆਪਣੇ ਬੱਚਿਆਂ ਨੂੰ ਪਾਲਦੀ ਹੈ। ਬੱਚਿਆਂ ਤੋਂ ਵੱਡਾ ਮਾਂ ਲਈ ਕੁਝ ਨਹੀਂ ਹੁੰਦਾ ਹੈ। ਮੈਂ ਵੀ ਬਚਪਨ ਤੋਂ ਆਪਣੀ ਮਾਂ ਨੂੰ ਅਜਿਹੇ ਹੀ ਰੂਪ ਵਿੱਚ ਦੇਖਿਆ ਸੀ। ਉਨ੍ਹਾਂ ਨੇ ਬਹੁਤ ਗ਼ਰੀਬੀ ਵਿੱਚ ਬਹੁਤ ਸਾਰੀਆਂ ਤਕਲੀਫਾਂ ਸਹਿੰਦੇ ਹੋਏ ਆਪਣੇ ਪਰਿਵਾਰ ਨੂੰ,  ਸਾਨੂੰ ਸਾਰੇ ਭਾਈਆਂ - ਭੈਣਾਂ ਨੂੰ ਪਾਲਿਆ ਸੀ। ਮੈਨੂੰ ਯਾਦ ਹੈ ਮੀਂਹ ਦਾ ਮੌਸਮ ਆਉਣ ਤੋਂ ਪਹਿਲਾਂ ਮਾਂ ਇਸ ਕੋਸ਼ਿਸ਼ ਵਿੱਚ ਜੁੱਟ ਜਾਂਦੀ ਸੀ, ਕਿ ਛੱਤ ਨਾ ਟਪਕੇ , ਤਾਕਿ ਉਸਦੇ ਬੱਚੇ ਚੈਨ ਨਾਲ ਸੌਂ ਸਕਣ। ਮਾਂ ਬੀਮਾਰ ਹੁੰਦੀ ਸੀ। ਫਿਰ ਵੀ ਪਤਾ ਤੱਕ ਨਹੀਂ ਲਗਣ ਦਿੰਦੀ ਸੀ, ਕੰਮ ਕਰਦੀ ਰਹਿੰਦੀ ਸੀ, ਕੰਮ ‘ਤੇ ਜਾਂਦੀ ਸੀ। ਉਹ ਜਾਣਦੀ ਸੀ ਕਿ ਜੇਕਰ ਉਸਨੇ ਇੱਕ ਦਿਨ ਆਰਾਮ ਕੀਤਾ ਤਾਂ ਸਾਨੂੰ ਬੱਚਿਆਂ ਨੂੰ ਦੁੱਖ ਸਹਿਣਾ ਪਵੇਗਾ। ਕਠਿਨਾਇਆਂ ਦਾ ਪਤਾ ਮੇਰੇ ਪਿਤਾਜੀ ਨੂੰ ਵੀ ਲੱਗਣ ਨਹੀਂ ਦਿੰਦੀ ਸੀ ਮਾਂ। ਉਹ ਆਪਣੇ ਲਈ ਕਦੇ ਕੋਈ ਨਵੀਂ ਸਾੜੀ ਤੱਕ ਖਰੀਦਦੀ ਨਹੀਂ ਸੀ, ਉਹ ਇੱਕ-ਇੱਕ ਪਾਈ ਜਮਾਂ ਕਰਦੀ ਸੀ ਤਾਕਿ ਆਪਣੇ ਬੱਚਿਆਂ ਲਈ ਇੱਕ ਜੋੜੀ ਕੱਪੜਾ ਬਣਵਾ ਸਕਣ। ਅਤੇ ਗੱਲ ਭਾਵੇਂ ਮੈਂ ਮੇਰੀ ਮਾਂ ਦੀ ਕਰ ਰਿਹਾ ਹਾਂ, ਲੇਕਿਨ ਮੇਰੇ ਦੇਸ਼ ਵਿੱਚ ਕਰੋੜਾਂ ਮਾਂਵਾਂ ਇੰਜ ਹੀ ਤਪੱਸਿਆ ਕਰਦੀਆਂ ਹਨ। ਮੇਰੇ ਸਾਹਮਣੇ ਜੋ ਮਾਤਾਵਾਂ-ਭੈਣਾਂ ਬੈਠੀਆਂ ਹਨ ਉਨ੍ਹਾਂ ਨੇ ਵੀ ਇੰਨਾ ਹੀ ਕਸ਼ਟ ਝੇਲਿਆ ਹੈ। ਇੱਕ ਗ਼ਰੀਬ ਮਾਂ ਜੀਵਨ ਭਰ ਇੰਜ ਹੀ ਤਪ ਕੇ ਆਪਣੇ ਬੱਚਿਆਂ ਨੂੰ ਪੜ੍ਹਾਈ –ਸਿਖਲਾਈ ਦਿੰਦੀ ਹੈ,  ਉੱਚੇ ਸੰਸਕਾਰ ਦਿੰਦੀ ਹੈ।ਇਸ ਲਈ, ਮਾਂ ਦਾ ਸਥਾਨ,  ਦੇਵੀ- ਦੇਵਤਿਆਂ ਤੋਂ ਵੀ ਉੱਪਰ ਮੰਨਿਆ ਜਾਂਦਾ ਹੈ। ਬਿਹਾਰ ਦੇ ਹੀ ਸੰਸਕਾਰ ਹਨ,  ਅਤੇ ਹਰ ਬਿਹਾਰੀ ਦੇ ਮੂੰਹ ਤੋਂ ਤਾਂ ਉਹ ਗੱਲ ਇੰਜ ਹੀ ਨਿਕਲਦੀ ਹੈ, ਮਾਈ ਦੇ ਅ-ਸਥਾਨ ਦੇਵਤਾ-ਪਿਤਰ ਤੋਂ ਵੀ ਉੱਪਰ ਹੋਲਾ। ਕਾਹੇ ਕੀ ਆਪਨ ਬਾਲ-ਬੱਚਾ ਖਾਤਰ,  ਉ ਕੌਵਨੋ ਦੇਵੀ  ਨਿਯਰ ਪਰਛਾਈ ਬਨਕੇ,  ਪੋਸ-ਪਾਲ  ਦੇ ਬੜ ਕਰੇਲੀ। ਖੁਦ ਹੀ ਦੁੱਖ ਸਹਕੇ ਦੇਖਾਵੇਲੀ ਸੰਸਾਰ। ਮਾਈ ਕੇ ਬਿਨਾ ਤ ਕੌਵਨੋ ਜਿਨਗੀ ਵੀ ਨਾ ਪਨਪ ਸਕੇਲਾ। ਐਹਿਸੇ ਤ ਬਾਰੀ ਮਾਈ ਮਹਾਨ !(काहे की आपन बाल-बच्चा खातिर, उ कौवनो देवी नियर परछाई बनके, पोस-पाल के बड़ करेली।  खुदही दुख सहके देखावेली संसार। माई के बिना त कौवनो जिनगी भी ना पनप सकेला।  एहिसे त बारी माई महान!)

 

ਇਸ ਲਈ ਸਾਥੀਓ,

ਕਾਂਗਰਸ-ਆਰਜੇਡੀ ਦੇ ਮੰਚ ਤੋਂ ਗਾਲਾਂ, ਗੰਦੀ ਗਾਲ ਕੇਵਲ ਮੇਰੀ ਮਾਂ ਨੂੰ ਨਹੀਂ ਦਿੱਤੀ ਗਈ ਹੈ। ਇਹ ਗੰਦੀ-ਗੰਦੀ ਗਾਲੀ ਕਰੋੜਾਂ ਮਾਤਾਵਾਂ - ਭੈਣਾਂ ਨੂੰ ਦਿੱਤੀ ਗਈ ਹੈ।

ਸਾਥੀਓ,

ਇੱਕ ਗ਼ਰੀਬ ਮਾਂ ਦੀ ਤਪੱਸਿਆ,  ਉਸ ਦੇ ਬੇਟੇ ਦਾ ਦੁੱਖ ਇਹ ਸ਼ਾਹੀ ਖਾਨਦਾਨਾਂ ਵਿੱਚ ਪੈਦਾ ਹੋਏ ਰਾਜਕੁਮਾਰ ਨਹੀਂ ਸਮਝ ਸਕਦੇ।  ਇਹ ਨਾਮਦਾਰ (ਨਾਮਚੀਨ) ਲੋਕ ਤਾਂ ਸੋਨੇ-ਚਾਂਦੀ ਦਾ ਚਮਚ ਲੈ ਕੇ ਪੈਦਾ ਹੋਏ ਹਨ। ਉਹ ਤਾਂ ਇਹੀ ਮੰਨਦੇ ਹਨ ਕਿ ਦੇਸ਼ ਅਤੇ ਬਿਹਾਰ ਦੀ ਸੱਤਾ ਇਨ੍ਹਾਂ ਨੂੰ ਆਪਣੇ ਖਾਨਦਾਨ ਦੀ ਵਿਰਾਸਤ ਲਗਦੀ ਹੈ। ਇਨ੍ਹਾਂ ਨੂੰ ਲਗਦਾ ਹੈ ਕੁਰਸੀ ਇਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ! ਲੇਕਿਨ, ਤੁਸੀਂ ਦੇਸ਼ ਦੀ ਜਨਤਾ ਜਨਾਰਦਨ ਨੇ ਇੱਕ ਗ਼ਰੀਬ ਮਾਂ ਦੇ ਕੰਮਕਾਜੀ ਬੇਟੇ ਨੂੰ ਅਸ਼ੀਰਵਾਦ ਦੇ ਕੇ ਪ੍ਰਧਾਨ ਸੇਵਕ ਬਣਾ ਦਿੱਤਾ।  ਇਹ ਗੱਲ ਨਾਮਦਾਰਾਂ ਨੂੰ ਪਚ ਨਹੀਂ ਰਹੀ ਹੈ।  ਕੋਈ ਪਿਛੜਿਆ, ਅਤਿ-ਪਿਛੜਿਆ ਅੱਗੇ ਵੱਧ ਜਾਵੇ,  ਇਹ ਕਾਂਗਰਸ ਨੂੰ ਤਾਂ ਕਦੇ ਬਰਦਾਸ਼ਤ ਨਹੀਂ ਹੋਇਆ ਹੈ!  ਇਨ੍ਹਾਂ ਨੂੰ ਲਗਦਾ ਹੈ, ਨਾਮਦਾਰਾਂ ਦਾ ਤਾਂ ਅਧਿਕਾਰ ਹੈ ਕੰਮਕਾਜੀਆਂ ਨੂੰ ਗਾਲਾਂ ਦੇਣਾ, ਇਸ ਲਈ ਆਏ ਦਿਨ ਇਹ ਗਾਲਾਂ ਦੀ ਝੜੀ ਲਗਾ ਦਿੰਦੇ ਹਨ।

ਮਾਤਾਓ-ਭੈਣੋਂ,

ਤੁਸੀਂ ਸੁਣਿਆ ਹੋਵੇਗਾ, ਤੁਹਾਡੇ ਵੀ ਕੰਨ ‘ਤੇ ਪਿਆ ਹੋਵੇਗਾ ਕਿ ਮੈਨੂੰ ਵੀ ਇਨ੍ਹਾਂ ਨੇ ਕਿਵੇਂ-ਕਿਵੇਂ ਦੀਆਂ ਗਾਲਾਂ ਨਹੀਂ ਦਿੱਤੀਆਂ।  ਇਹ ਲਿਸਟ ਬਹੁਤ ਵੱਡੀ ਲੰਬੀ ਹੈ ਅਤੇ ਉਨ੍ਹਾਂ ਦਾ ਕੋਈ ਵੱਡਾ ਨੇਤਾ ਵੀ ਇਹ ਗਾਲਾਂ ਦੇਣ ਵਿੱਚ ਬਾਕੀ ਨਹੀਂ ਰਿਹਾ ਹੈ।  ਇਹ ਨਫਰਤ, ਇਹ ਨਾਮਦਾਰਾਂ ਦਾ ਹੈਂਕੜ ਇੱਕ ਕੰਮਕਾਜੀ ਦੇ ਖਿਲਾਫ ਗਾਲ ਬਣ ਕੇ ਫੁੱਟਦੀ ਰਹਿੰਦੀ ਹੈ।  ਕਦੇ ਇਹ ਮੈਨੂੰ ਨੀਚ ਕਹਿੰਦੇ ਹਨ,  ਗੰਦੀ ਨਾਲੀ ਦਾ ਕੀੜਾ ਕਹਿੰਦੇ ਹਨ, ਜਹਿਰ ਵਾਲਾ ਸੱਪ ਬੋਲਦੇ ਹਨ। ਤੁਸੀਂ ਤਾਂ ਹੁਣੇ-ਹੁਣੇ ਸੁਣਿਆ ਹੋਵੇਗਾ, ਇੱਥੇ ਬਿਹਾਰ ਦੀਆਂ ਚੋਣਾਂ ਵਿੱਚ ਵੀ ਮੈਨੂੰ ਤੂੰ-ਤੜਾਕ ਕਰਕੇ,  ਗਾਲ ਕੱਢ ਕੇ ਇਨ੍ਹਾਂ ਦੀ ਨਾਮਦਾਰ ਵਾਲੀ ਸੋਚ ਵਾਰ-ਵਾਰ ਉਜਾਗਰ ਹੋ ਰਹੀ ਹੈ। ਅਤੇ ਇਸੇ ਸੋਚ ਦੀ ਵਜ੍ਹਾ ਨਾਲ ਇਹ ਲੋਕ ਹੁਣ ਮੇਰੀ ਸਵਰਗਵਾਸੀ ਮਾਂ ਨੂੰ, ਜਿਸ ਦਾ ਸਰੀਰ ਨਹੀਂ ਰਿਹਾ ਹੈ,  ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ,  ਅਜਿਹੀ ਮੇਰੀ ਸਵਰਗਵਾਸੀ ਮਾਂ ਨੂੰ ਵੀ ਆਪਣੇ ਮੰਚ ਤੋਂ ਗਾਲਾਂ ਦਿਲਵਾਉਣ ਲਗੇ ਹਨ। 

ਸਾਥੀਓ,

ਮਾਂ ਨੂੰ ਗਾਲਾਂ ਦੇਣ ਵਾਲੀ ਸੋਚ, ਭੈਣ ਨੂੰ ਗਾਲਾਂ ਦੇਣ ਵਾਲੀ ਸੋਚ, ਮਹਿਲਾਵਾਂ ਨੂੰ ਕਮਜ਼ੋਰ ਸਮਝਦੀ ਹੈ। ਇਹ ਮਾਨਸਿਕਤਾ, ਮਹਿਲਾਵਾਂ ਨੂੰ ਸ਼ੋਸ਼ਣ ਅਤੇ ਅੱਤਿਆਚਾਰ ਦੀ ਵਸਤੂ ਮੰਨਦੀ ਹੈ। ਇਸ ਲਈ, ਜਦੋਂ-ਜਦੋਂ ਮਹਿਲਾ ਵਿਰੋਧੀ ਮਾਨਸਿਕਤਾ ਨੂੰ ਸੱਤਾ ਮਿਲੀ ਹੈ, ਸਭ ਤੋਂ ਜ਼ਿਆਦਾ ਤਕਲੀਫ਼ਾਂ ਮਾਤਾਵਾਂ, ਭੈਣਾਂ ਨੂੰ, ਬੇਟੀਆਂ ਨੂੰ, ਮਹਿਲਾਵਾਂ ਨੂੰ ਹੀ ਝੇਲਣੀਆਂ ਪਈਆਂ ਹਨ। ਅਤੇ ਇਹ ਗੱਲ ਬਿਹਾਰ ਦੀਆਂ ਮੇਰੀਆਂ ਮਾਤਾਵਾਂ - ਭੈਣਾਂ ਤੋਂ ਜ਼ਿਆਦਾ ਕੌਣ ਸਮਝੇਗਾ !  RJD ਦੇ ਦੌਰ ਵਿੱਚ ਜਦੋਂ ਬਿਹਾਰ ਵਿੱਚ ਅਪਰਾਧ ਅਤੇ ਅਪਰਾਧੀ ਬੇਲਗਾਮ ਸਨ, ਜਦੋਂ ਹੱਤਿਆ, ਫਿਰੌਤੀ ਅਤੇ ਬਲਾਤਕਾਰ ਆਮ ਗੱਲ ਸੀ। RJD ਸਰਕਾਰ ਹਥਿਆਰਾਂ ਅਤੇ ਬਲਾਤਕਾਰੀਆਂ ਨੂੰ ਸੁਰੱਖਿਆ ਦਿੰਦੀ ਸੀ, RJD ਦੇ ਉਸ ਰਾਜ ਦੀ ਸਭ ਤੋਂ ਜ਼ਿਆਦਾ ਚੋਟ ਕਿਸ ਨੂੰ ਚੁੱਕਣੀ ਪੈਂਦੀ ਸੀ? ਬਿਹਾਰ ਦੀਆਂ ਮੇਰੀਆਂ ਮਾਤਾਵਾਂ ਨੂੰ, ਬਿਹਾਰ ਦੀਆਂ ਮੇਰੀਆਂ ਬੇਟੀਆਂ ਨੂੰ, ਬਿਹਾਰ ਦੀਆਂ ਮੇਰੀਆਂ ਭੈਣਾਂ ਨੂੰ, ਸਾਡੇ ਬਿਹਾਰ ਦੀਆਂ ਮਹਿਲਾਵਾਂ ਨੂੰ ਚੁਕਣੀ ਪੈਂਦੀ ਸੀ। ਮਹਿਲਾਵਾਂ ਘਰ ਤੋਂ ਬਾਹਰ ਨਿਕਲਣ ਵਿੱਚ ਸੁਰੱਖਿਅਤ ਨਹੀਂ ਸਨ। ਉਨ੍ਹਾਂ ਦੇ ਪਤੀ, ਉਨ੍ਹਾਂ  ਦੇ  ਬੇਟੇ ਸ਼ਾਮ ਤੱਕ ਜਿੰਦਾ ਘਰ ਪਰਤਣਗੇ ,  ਇਸ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ! ਕਦੋਂ ਉਨ੍ਹਾਂ ਦਾ ਪਰਿਵਾਰ ਉਜੜ ਜਾਵੇਗਾ, ਕਦੋਂ ਫਿਰੌਤੀ ਲਈ ਉਨ੍ਹਾਂ ਨੂੰ ਆਪਣੇ ਗਹਿਣੇ ਵੇਚਣੇ ਪੈ ਜਾਣਗੇ, ਕਦੋਂ ਕੋਈ ਮਾਫੀਆ ਉਨ੍ਹਾਂ ਨੂੰ ਘਰੋਂ ਚੁੱਕ ਲਵੇਗਾ, ਕਦੋਂ ਉਨ੍ਹਾਂ ਦਾ ਸੁਹਾਗ ਉਜੜ ਜਾਵੇਗਾ,  ਹਰ ਮਹਿਲਾ ਇਸ ਖੌਫ ਵਿੱਚ ਜਿਉਂਦੀ ਸੀ! ਬਿਹਾਰ ਲੰਬੀ ਲੜਾਈ ਲੜ ਕੇ ਉਸ ਹਨ੍ਹੇਰੇ ਤੋਂ ਬਾਹਰ ਨਿਕਲਿਆ ਹੈ। RJD ਨੂੰ ਹਟਾਉਣ ਅਤੇ ਵਾਰ-ਵਾਰ ਹਰਾਉਣ ਵਿੱਚ ਬਿਹਾਰ ਦੀਆਂ ਆਪ ਸਭ ਮਹਿਲਾਵਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ, ਇਸ ਲਈ, RJD ਹੋਵੇ ਜਾਂ ਕਾਂਗਰਸ,  ਇਹ ਲੋਕ ਅੱਜ ਸਭ ਤੋਂ ਜ਼ਿਆਦਾ ਆਪ ਸਾਰੀਆਂ ਮਹਿਲਾਵਾਂ ਦੇ ਪ੍ਰਤੀ ਵੀ ਬੌਖਲਾਏ ਹੋਏ ਹਨ। ਬਿਹਾਰ ਦੀ ਹਰ ਮਹਿਲਾ ਨੂੰ ਇਨ੍ਹਾਂ ਦੀ ਇੱਛਾ ਸਮਝਣੀ ਚਾਹੀਦੀ ਹੈ। ਇਹ ਲੋਕ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦੇ ਹਨ, ਇਹ ਮੌਕੇ ਦੀ ਤਲਾਸ਼ ਵਿੱਚ ਹਨ,  ਤਾਕਿ ਤੁਹਾਨੂੰ ਸਜਾ ਦੇ ਸਕਣ।

ਸਾਥੀਓ,

RJD ਜਿਵੇਂ ਦਲ ਕਦੇ ਮਹਿਲਾਵਾਂ ਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ, ਅਤੇ ਇਸ ਲਈ ਹੀ ਇਹ ਮਹਿਲਾ ਰਿਜ਼ਰਵੇਸ਼ਨ ਤੱਕ ਦਾ ਪੁਰਜੋਰ ਵਿਰੋਧ ਕਰਦੇ ਰਹੇ ਹਨ। ਅਤੇ ਜਦੋਂ ਇੱਕ ਮਹਿਲਾ, ਇੱਕ ਗ਼ਰੀਬ ਘਰ ਦੀ ਮਹਿਲਾ ਅੱਗੇ ਵੱਧ ਜਾਂਦੀ ਹੈ, ਤਦ ਵੀ ਇਨ੍ਹਾਂ ਦੀ ਬੋਖਲਾਹਟ ਦਿਖਦੀ ਹੈ। ਇਸ ਲਈ ਹੀ ਕਾਂਗਰਸ, ਗ਼ਰੀਬ ਘਰ ਦੀ ਆਦਿਵਾਸੀ ਬੇਟੀ,  ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ  ਦਾ ਲਗਾਤਾਰ ਅਪਮਾਨ ਕਰਦੀ ਹੈ ।

ਸਾਥੀਓ,

ਮਹਿਲਾਵਾਂ ਦੇ ਪ੍ਰਤੀ ਅਪਮਾਨ ਅਤੇ ਨਫਰਤ ਦੀ ਇਸ ਰਾਜਨੀਤੀ ‘ਤੇ ਲਗਾਮ ਜ਼ਰੂਰੀ ਹੈ। ਦੇਸ਼ਵਾਸੀਆਂ ਨੂੰ ਸੋਚਣ ਦੀ ਜ਼ਰੂਰਤ ਹੈ, ਕਿਵੇਂ ਦੀ ਭਾਸ਼ਾ ਬੋਲੀ ਜਾ ਰਹੀ ਹੈ?

ਮਾਤਾਓ-ਭੈਣੋਂ,

ਅੱਜ ਤੋਂ 20 ਦਿਨ ਬਾਅਦ ਨਵਰਾਤ੍ਰੇ ਸ਼ੁਰੂ ਹੋ ਰਹੇ ਹਨ। ਅਤੇ 50 ਦਿਨ ਬਾਅਦ ਛਟੀ ਮਈਆ ਦੀ ਪੂਜਾ ਹੋਵੇਗੀ, ਛਟ ਦਾ ਪਰਵ ਮਨਾਇਆ ਜਾਵੇਗਾ। ਮੈਂ ਬਿਹਾਰ ਦੀ ਜਨਤਾ ਦੇ ਸਾਹਮਣੇ, ਮਾਂ ਨੂੰ ਗਾਲਾਂ ਦੇਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ, ਮੋਦੀ ਤਾਂ ਤੁਹਾਨੂੰ ਇੱਕ ਵਾਰ ਮੁਆਫ ਕਰ ਵੀ ਦੇਵੇਗਾ, ਲੇਕਿਨ, ਭਾਰਤ ਦੀ ਧਰਤੀ ਨੇ ਮਾਂ ਦਾ ਅਪਮਾਨ ਕਦੇ ਬਰਦਾਸ਼ਤ ਨਹੀਂ ਕੀਤਾ ਹੈ। ਇਸ ਲਈ ਆਰਜੇਡੀ ਅਤੇ ਕਾਂਗਰਸ ਨੂੰ, ਸਾਤਬਹਿਣੀ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਛਟੀ ਮਈਆ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

ਸਾਥੀਓ,

ਮੈਂ ਬਿਹਾਰ ਦੇ ਲੋਕਾਂ ਨੂੰ ਵੀ ਕਹਾਂਗਾ, ਇਸ ਅਪਮਾਨ ਦੀ ਜਵਾਬਦੇਹੀ ਤੈਅ ਕਰਵਾਉਣਾ, ਬਿਹਾਰ ਦੇ ਹਰ ਬੇਟੇ ਦੀ ਵੀ ਜ਼ਿੰਮੇਦਾਰੀ ਹੈ। ਆਰਜੇਡੀ-ਕਾਂਗਰਸ ਦੇ ਨੇਤਾ ਜਿੱਥੇ ਵੀ ਜਾਣ, ਜਿਸ ਗਲੀ-ਜਿਸ ਸ਼ਹਿਰ ਵਿੱਚ ਜਾਣ, ਉਨ੍ਹਾਂ ਨੂੰ ਚਾਰੇ ਪਾਸਿਓਂ ਇੱਕ ਆਵਾਜ਼ ਸੁਣਾਈ ਦੇਣੀ ਚਾਹੀਦੀ ਹੈ, ਹਰ ਮਾਂ-ਭੈਣ ਨੂੰ ਮੈਦਾਨ ਵਿੱਚ ਉਤਰ ਕੇ ਉਨ੍ਹਾਂ ਤੋਂ ਜਵਾਬ ਮੰਗਣਾ ਚਾਹੀਦਾ ਹੈ, ਹਰ ਗਲੀ ਮੁਹੱਲੇ ਵਿੱਚੋਂ ਇੱਕ ਹੀ ਆਵਾਜ਼ ਆਉਣੀ ਚਾਹੀਦੀ ਹੈ। ਮਾਂ ਨੂੰ ਗਾਲਾਂ, ਨਹੀਂ ਸਹਾਂਗੇ, ਨਹੀਂ ਸਹਾਂਗੇ। ਇੱਜ਼ਤ ‘ਤੇ ਵਾਰ, ਨਹੀਂ ਸਹਾਂਗੇ, ਨਹੀਂ ਸਹਾਂਗੇ। ਆਰਜੇਡੀ ਦਾ ਅੱਤਿਆਚਾਰ, ਨਹੀਂ ਸਹਾਂਗੇ, ਨਹੀਂ ਸਹਾਂਗੇ। ਕਾਂਗਰਸ ਦਾ ਵਾਰ, ਨਹੀਂ ਸਹਾਂਗੇ, ਨਹੀਂ ਸਹਾਂਗੇ। ਮਾਂ ਦਾ ਅਪਮਾਨ, ਨਹੀਂ ਸਹਾਂਗੇ, ਨਹੀਂ ਸਹਾਂਗੇ।

ਸਾਥੀਓ,

ਦੇਸ਼ ਦੀ ਨਾਰੀਸ਼ਕਤੀ ਦਾ ਸਸ਼ਕਤੀਕਰਣ, ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਦੇ ਜੀਵਨ ਤੋਂ ਮੁਸ਼ਕਲਾਂ ਘੱਟ ਕਰਨ ਦੇ ਲਈ ਐੱਨਡੀਏ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ, ਅਤੇ ਮਾਤਾਓ-ਭੈਣੋਂ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ, ਅਸੀਂ ਬਿਨਾ ਥੱਕੇ, ਬਿਨਾ ਰੁਕੇ ਤੁਹਾਡੀ ਸੇਵਾ ਕਰਦੇ ਰਹਾਂਗੇ। ਤੁਸੀਂ ਸਾਰੇ, ਐੱਨਡੀਏ ਸਰਕਾਰ ‘ਤੇ ਆਪਣਾ ਅਸ਼ੀਰਵਾਦ ਬਣਾਏ ਰੱਖਣਾ, ਮੈਂ ਦੇਸ਼ ਦੀ ਹਰ ਮਾਂ ਨੂੰ ਪ੍ਰਣਾਮ ਕਰਦੇ ਹੋਏ, ਅੱਜ ਅਤੇ ਇੱਕ ਪ੍ਰਾਰਥਨਾ ਦੁਬਾਰਾ ਯਾਦ ਕਰਦਾ ਹਾਂ। ਹਾਲੇ 15 ਅਗਸਤ ਨੂੰ ਪਿੰਡ-ਪਿੰਡ ਗਲੀ-ਗਲੀ ਇੱਕ ਮੰਤਰ ਗੂੰਜਦਾ ਸੀ, ਘਰ-ਘਰ ਤਿਰੰਗਾ, ਹਰ ਘਰ ਤਿਰੰਗਾ। ਹੁਣ ਸਮੇਂ ਦੀ ਮੰਗ ਹੈ, ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ। ਇਹ ਮੰਤਰ ਮਾਤਾਵਾਂ-ਭੈਣਾਂ ਨੂੰ ਆਤਮ-ਨਿਰਭਰ ਭਾਰਤ ਬਣਾਉਣ ਦੇ ਲਈ ਮਾਤਾਓ-ਭੈਣੋਂ ਮੈਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ। ਹਰ ਘਰ ਸਵਦੇਸ਼ੀ, ਘਰ-ਘਰ ਸਵਦੇਸ਼ੀ ਅਤੇ ਮੈਂ ਹਰ ਦੁਕਾਨਦਾਰ ਨੂੰ ਕਹਾਂਗਾ ਉਨ੍ਹਾਂ ਦੇ ਇੱਥੇ ਤਾਂ ਬੋਰਡ ਲਗੇ ਰਹਿਣਾ ਚਾਹੀਦਾ ਹੈ, ਵਪਾਰੀ ਦੇ ਇੱਥੇ ਬੋਰਡ ਲੱਗਣਾ ਚਾਹੀਦਾ ਹੈ, ਗਰਵ ਨਾਲ ਕਹੋ ਇਹ ਸਵਦੇਸ਼ੀ ਹੈ, ਗਰਵ ਨਾਲ ਕਹੋ ਇਹ ਸਵਦੇਸ਼ੀ ਹੈ। ਆਤਮਨਿਰਭਰ ਭਾਰਤ ਦੇ ਰਸਤੇ ‘ਤੇ ਸਾਨੂੰ ਮਜ਼ਬੂਤੀ ਨਾਲ ਅੱਗੇ ਵਧਣਾ ਹੈ। ਅਤੇ ਮੇਰਾ ਇਹ ਕੰਮ ਮਾਤਾਵਾਂ-ਭੈਣਾਂ ਦੇ ਅਸ਼ੀਰਵਾਦ ਦੇ ਬਿਨਾ ਪੂਰਾ ਨਹੀਂ ਹੋ ਸਕਦਾ। ਮਾਂ ਭਾਰਤੀ ਦਾ ਉੱਜਵਲ ਭਵਿੱਖ ਤੁਹਾਡੇ ਅਸ਼ੀਰਵਾਦ ਦੇ ਬਿਨਾ ਨਹੀਂ ਹੋ ਸਕਦਾ। ਅਤੇ ਤੁਸੀਂ ਤਾਂ ਜਾਣਦੇ ਹੋ, ਇਹ ਨਾਮਦਾਰ ਲੋਕ ਕੀ ਬੋਲਦੇ ਰਹੇ? ਉਹ ਤਾਂ ਇੱਥੋਂ ਤੱਕ ਸਵਾਲ ਕਰਦੇ ਰਹੇ, ਭਾਰਤ ਮਾਤਾ ਹੁੰਦੀ ਕੀ ਹੈ? ਭਾਰਤ ਮਾਤਾ ਨੂੰ ਜੋ ਗਾਲਾਂ ਦਿੰਦੇ ਹੋ, ਉਨ੍ਹਾਂ ਦੇ ਲਈ ਮੋਦੀ ਦੀ ਮਾਂ  ਨੂੰ ਗਾਲਾਂ ਦੇਣਾ ਤਾਂ ਖੱਬੇ ਹੱਥ ਦੀ ਖੇਡ ਹੈ। ਅਤੇ ਇਸ ਲਈ ਅਜਿਹੇ ਲੋਕਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ।

ਮਾਤਾਓ-ਭੈਣੋਂ,

ਜਦੋਂ ਲੱਖਾਂ ਮਾਤਾਵਾਂ-ਭੈਣਾਂ ਮੇਰੇ ਸਾਹਮਣੇ ਹਨ, ਤੁਹਾਡਾ ਅਸ਼ੀਰਵਾਦ ਹਮੇਸ਼ਾ ਮੇਰੇ ‘ਤੇ ਬਣਿਆ ਰਹੇ। ਜਦੋਂ ਇੰਨੀਆਂ ਮਾਤਾਵਾਂ-ਭੈਣਾਂ ਦੇ ਸਾਹਮਣੇ ਖੜ੍ਹਾ ਹੋਇਆ ਤਾਂ ਇੰਜ ਹੀ ਮੇਰੇ ਅੰਦਰ ਜੋ ਦਰਦ ਸੀ, ਤੁਹਾਡੇ ਸਾਹਮਣੇ ਉਹ ਪ੍ਰਗਟ ਹੋ ਗਿਆ। ਮਾਤਾਓ ਅਤੇ ਭੈਣੋਂ, ਤੁਹਾਡੇ ਅਸ਼ੀਰਵਾਦ ਨਾਲ ਮੈਨੂੰ ਅਜਿਹੇ ਦੁਖਾਂ ਨੂੰ ਸਹਿਣ ਦੀ ਤਾਕਤ ਮਿਲੇਗੀ। ਲੇਕਿਨ, ਉਸ ਮਾਂ ਦਾ ਕੋਈ ਗੁਨਾਹ ਨਹੀਂ ਹੈ, ਜੋ ਆਪਣਾ ਸਰੀਰ ਛੱਡ ਕੇ ਚਲੀ ਗਈ ਹੈ, ਜਿਸ ਨੇ ਕਿਸੇ ਤੋਂ ਕੁਝ ਨਹੀਂ ਲਿਆ ਹੈ, ਜਿਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਮਾਂ ਨੂੰ ਗਾਲਾਂ ਪੈਂਦੀਆਂ ਹਨ, ਤਦ ਦੁਖ ਅਸਹਿਣਯੋਗ ਹੋ ਜਾਂਦਾ ਹੈ, ਵੇਦਨਾ ਅਸਹਿ ਹੋ ਜਾਂਦੀ ਹੈ। ਅਤੇ ਇਸ ਲਈ ਮਾਤਾਓ-ਭੈਣੋਂ ਉਹ ਦਰਦ ਤੁਹਾਡੇ ਸਾਹਮਣੇ ਇੱਕ ਬੇਟੇ ਦੀ ਤਰ੍ਹਾਂ ਆਇਆ, ਤਾਂ ਇੰਜ ਹੀ ਨਿਕਲ ਗਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਤੁਹਾਡਾ ਅਸ਼ੀਰਵਾਦ ਅਜਿਹੇ ਹਰ ਜ਼ੁਲਮ ਨੂੰ ਸਹਿਣ ਦੀ ਤਾਕਤ ਵੀ ਦੇਵੇਗਾ ਅਤੇ ਹਰ ਜ਼ੁਲਮ ਨੂੰ ਹਰਾ ਕੇ ਮਾਤਾਵਾਂ-ਭੈਣਾਂ ਦੀ ਸੇਵਾ ਕਰਨ ਦੀ ਇੱਕ ਨਵੀਂ ਊਰਜਾ ਦੇਵੇਗਾ, ਨਵੀਂ ਪ੍ਰੇਰਣਾ ਦੇਵੇਗਾ। ਮੇਰੀ ਇਸ ਗੱਲ ਨੂੰ ਹਾਲੇ ਸਮਾਪਤ ਕਰਦਾ ਹਾਂ। ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

***************

 

ਐੱਮਜੇਪੀਐੱਸ/ਐੱਸਟੀ/ਡੀਕੇ


(Release ID: 2163243) Visitor Counter : 2