ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨੋਇਡਾ ਵਿੱਚ ਮੋਬਾਈਲ ਉਪਕਰਣਾਂ ਦੇ ਲਈ ਭਾਰਤ ਵਿੱਚ ਪਹਿਲੇ ਟੈਂਪਰਡ ਗਲਾਸ ਉਤਪਾਦਨ ਕੇਂਦਰ ਦਾ ਉਦਘਾਟਨ ਕੀਤਾ
ਭਾਰਤ ਹੁਣ ਮੋਬਾਈਲ ਫੋਨ ਦੇ ਹਰੇਕ ਕੰਪੋਨੈਂਟ ਦਾ ਮੈਨੂਫੈਕਚਰ ਕਰੇਗਾ ਜਿਸ ਵਿੱਚ ਮੇਡ ਇਨ ਇੰਡੀਆ ਚਿਪਸ ਵੀ ਸ਼ਾਮਲ ਹਨ: ਸ਼੍ਰੀ ਅਸ਼ਵਿਨੀ ਵੈਸ਼ਣਵ
ਭਾਰਤ ਦੀ ਇਲੈਕਟ੍ਰੌਨਿਕਸ ਵਿਕਾਸ ਯਾਤਰਾ ਮੇਕ ਇਨ ਇੰਡੀਆ ਅਭਿਯਾਨ ਦੇ ਤਹਿਤ 11.5 ਲੱਖ ਕਰੋੜ ਰੁਪਏ ਮੁੱਲ ਦੇ ਉਤਪਾਦਨ, 3 ਲੱਖ ਕਰੋੜ ਰੁਪਏ ਮੁੱਲ ਦੇ ਨਿਰਯਾਤ ਅਤੇ 25 ਲੱਖ ਰੋਜ਼ਗਾਰਾਂ ‘ਤੇ ਅਧਾਰਿਤ
ਭਾਰਤ ਦੀ ਸਥਿਰ ਅਤੇ ਗਤੀਸ਼ੀਲ ਅਰਥਵਿਵਸਥਾ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਵਿੱਚ ਨਿਰੰਤਰ ਇਨੋਵੇਸ਼ਨ ਦੇ ਬਲ-ਬੂਤੇ 7.8 ਪ੍ਰਤੀਸ਼ਤ ਵਾਧੇ ਦਰ ਨਾਲ ਵਧ ਰਹੀ ਹੈ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ
Posted On:
30 AUG 2025 3:15PM by PIB Chandigarh
ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਨੋਇਡਾ ਵਿੱਚ ਦੇਸ਼ ਦੇ ਪਹਿਲੇ ਟੈਂਪਰਡ ਗਲਾਸ ਨਿਰਮਾਣ ਪਲਾਂਟ ਦਾ ਉਦਘਾਟਨ ਕੀਤਾ। ਇਹ ਟੈਂਪਰਡ ਗਲਾਸ ਮੋਬਾਈਲ ਉਪਕਰਣਾਂ ਵਿੱਚ ਕੰਮ ਆਵੇਗਾ। ਇਹ ਪਲਾਂਟ ਓਪਟੀਮਸ ਇਲੈਕਟ੍ਰੌਨਿਕਸ ਨੇ ਅਮਰੀਕਾ ਦੇ ਕੌਰਨਿੰਗ ਇੰਕਾਰਪੋਰੇਟਿਡ ਦੀ ਸਾਂਝੇਦਾਰੀ ਵਿੱਚ ਲਗਾਇਆ ਹੈ। ਇਸ ਵਿੱਚ ਉੱਚ ਗੁਣਵੱਤਾ ਵਾਲੇ ਟੈਂਪਰਡ ਗਲਾਸ ਦਾ ਉਤਪਾਦਨ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਬ੍ਰਾਂਡ "ਇੰਜੀਨੀਅਰਡ ਬਾਏ ਕੌਰਨਿੰਗ" ਦੇ ਤਹਿਤ ਕੀਤਾ ਜਾਵੇਗਾ। ਉਤਪਾਦਾਂ ਦੀ ਸਪਲਾਈ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੋਵਾਂ ਵਿੱਚ ਕੀਤੀ ਜਾਵੇਗੀ।
ਇਸ ਅਵਸਰ 'ਤੇ ਮੰਤਰੀ ਨੇ ਕਿਹਾ ਟੈਂਪਰਡ ਗਲਾਸ ਮੋਬਾਈਲ ਫੋਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਇਸ ਦਾ ਘਰੇਲੂ ਉਤਪਾਦਨ ਮੇਕ ਇਨ ਇੰਡੀਆ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੀ ਸਫਲਤਾ ਲਈ ਵੱਡੀ ਛਾਲ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਇੱਕ-ਇੱਕ ਕਰਕੇ ਮੋਬਾਈਲ ਫੋਨ, ਹਰੇਕ ਕੰਪੋਨੈਂਟ ਦਾ ਨਿਰਮਾਣ ਕਰ ਰਿਹਾ ਹੈ। ਇਨ੍ਹਾਂ ਵਿੱਚ ਚਿਪਸ, ਕਵਰ ਗਲਾਸ, ਲੈਪਟੌਪ ਦੇ ਹਿੱਸੇ ਅਤੇ ਸਰਵਰ ਆਦਿ ਸ਼ਾਮਲ ਹਨ। ਉਨ੍ਹਾਂ ਦੇ ਅਨੁਸਾਰ, ਇਨ੍ਹਾਂ ਘਰੇਲੂ ਨਿਰਮਾਣ ਸਹੂਲਤਾਂ ਦੇ ਅਧਾਰ 'ਤੇ, ਸਾਡਾ ਦੇਸ਼ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਸਹੂਲਤਾਂ ਦੇ ਖੇਤਰ ਵਿੱਚ ਇੱਕ ਵਿਸ਼ਵ ਸ਼ਕਤੀ ਬਣ ਜਾਵੇਗਾ। ਮੰਤਰੀ ਨੇ ਇਹ ਵੀ ਦੱਸਿਆ ਕਿ ਜਲਦੀ ਹੀ ਮੇਡ ਇਨ ਇੰਡੀਆ ਚਿੱਪ ਵੀ ਬਾਜ਼ਾਰ ਵਿੱਚ ਆਵੇਗੀ। ਇਹ ਆਤਮ-ਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਪ੍ਰਾਪਤੀ ਹੋਵੇਗੀ।

ਸ਼੍ਰੀ ਵੈਸ਼ਣਵ ਨੇ ਰੇਖਾਂਕਿਤ ਕੀਤਾ ਕਿ ਪਿਛਲੇ 11 ਵਰ੍ਹੇ ਵਿੱਚ ਭਾਰਤ ਵਿੱਚ ਇਲੈਕਟ੍ਰੌਨਿਕਸ ਦੇ ਮੈਨੂਫੈਕਚਰਿੰਗ ਵਿੱਚ ਛੇ ਗੁਣਾ ਵਾਧਾ ਹੋਇਆ ਹੈ। ਇਸ ਦੇ ਬਲ-ਬੂਤੇ ਇਲੈਕਟ੍ਰੌਨਿਕਸ ਦਾ ਘਰੇਲੂ ਉਤਪਾਦਨ 11.5 ਲੱਖ ਕਰੋੜ ਰੁਪਏ ਮੁੱਲ ਦਾ ਹੋ ਗਿਆ ਹੈ। ਇਸ ਵਿੱਚ 3 ਲੱਖ ਕਰੋੜ ਰੁਪਏ ਮੁੱਲ ਦਾ ਨਿਰਯਾਤ ਵੀ ਸ਼ਾਮਲ ਹੈ। ਨਾਲ ਹੀ ਇਸ ਖੇਤਰ ਵਿੱਚ 25 ਲੱਖ ਲੋਕ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਰੋਜ਼ਗਾਰ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇਲੈਕਟ੍ਰੌਨਿਕਸ ਦਾ ਸਮੁੱਚਾ ਈਕੋਸਿਸਟਮ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇੱਕ-ਇੱਕ ਕਰਕੇ ਉਨ੍ਹਾਂ ਦੀ ਮੁੱਲ ਜੋੜਨ ਦੀਆਂ ਸਮਰੱਥਾ ਵਧਾਈ ਜਾ ਰਹੀ ਹੈ। ਮੰਤਰੀ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਭਾਰਤ ਦੀ ਡਿਜ਼ਾਈਨ ਉੱਤਮਤਾ ਇਸ ਦੀ ਮੁੱਖ ਯੋਗਤਾ ਹੈ ਅਤੇ ਸਰਕਾਰ ਖੋਜ ਅਤੇ ਵਿਕਾਸ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖੇਗੀ। ਉਨ੍ਹਾਂ ਨੇ ਇਸ ਦਾ ਉਦਾਹਰਣ ਦਿੱਤਾ ਕਿ ਆਈਆਈਟੀ ਮਦਰਾਸ ਸੁਰੱਖਿਅਤ ਸਟਾਰਟ ਅੱਪ ਉੱਦਮ ਨੇ ਭਾਰਤ ਦੇ ਪਹਿਲੇ ਮਾਈਕ੍ਰੋਕੰਟਰੋਲਰ ਨੂੰ ਡਿਜ਼ਾਈਨ ਕੀਤਾ ਹੈ। ਸਵਦੇਸ਼ੀ ਮਾਈਕ੍ਰੋਕੰਟਰੋਲਰ ਦਾ ਪ੍ਰਯੋਗ ਜਲਦੀ ਹੀ ਭਾਰਤੀ ਉਤਪਾਦਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਰੇਲਵੇ ਖੇਤਰ ਵਿੱਚ, ਭਾਰਤੀ ਨਿਰਮਾਤਾ ਯੂਰੋਪੀਅਨ ਦੇਸ਼ਾਂ ਨੂੰ ਉੱਚਤਮ ਵਿਸ਼ਵ ਗੁਣਵੱਤਾ ਮਿਆਰਾਂ ਅਨੁਸਾਰ ਨਿਰਮਿਤ ਹਿੱਸਿਆਂ ਦਾ ਨਿਰਯਾਤ ਕਰ ਰਹੇ ਹਨ।

ਸ਼੍ਰੀ ਵੈਸ਼ਣਵ ਨੇ ਅੱਗੇ ਕਿਹਾ ਕਿ ਭਾਰਤ ਦਾ ਜੀਡੀਪੀ ਜਾਂ ਕੁੱਲ ਘਰੇਲੂ ਉਤਪਾਦ ਚਾਲੂ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ 7.8 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ, ਜੋ ਦਰਸਾਉਂਦਾ ਹੈ ਕਿ ਦੇਸ਼ ਦੀ ਆਰਥਿਕਤਾ ਸਥਿਰ, ਗਤੀਸ਼ੀਲ ਅਤੇ ਇਨੋਵੇਸ਼ਨ ਅਧਾਰਿਤ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸਖ਼ਤ ਮਿਹਨਤ ਦੁਆਰਾ ਆਤਮ-ਨਿਰਭਰ ਭਾਰਤ ਅਤੇ ਵਿਕਸਿਤ ਭਾਰਤ-2047 ਦਾ ਸੁਪਨਾ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਲਈ ਕਿਹਾ। ਉਨ੍ਹਾਂ ਦੇ ਅਨੁਸਾਰ, ਪੂਰੀ ਦੁਨੀਆ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ।
ਇਸ ਅਵਸਰ 'ਤੇ ਔਪਟੀਮਸ ਇਨਫ੍ਰਾਕੌਮ ਲਿਮਟਿਡ ਦੇ ਚੇਅਰਮੈਨ ਅਸ਼ੋਕ ਗੁਪਤਾ ਨੇ ਕਿਹਾ, "ਇਹ ਮੇਕ ਇਨ ਇੰਡੀਆ ਵਿਜ਼ਨ ਅਤੇ ਭਾਰਤੀ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਉਦਯੋਗ ਲਈ ਇੱਕ ਇਤਿਹਾਸਕ ਪਲ ਹੈ। ਦੁਨੀਆ ਦਾ ਸਭ ਤੋਂ ਵੱਡਾ ਮੋਬਾਈਲ ਫੋਨ ਬਾਜ਼ਾਰ ਹੋਣ ਦੇ ਬਾਵਜੂਦ, ਭਾਰਤ ਟੈਂਪਰਡ ਗਲਾਸ ਲਈ ਆਯਾਤ 'ਤੇ ਨਿਰਭਰ ਸੀ। ਇਸ ਪਲਾਂਟ ਦੇ ਨਾਲ, ਅਸੀਂ ਭਾਰਤੀ ਅਤੇ ਗਲੋਬਲ ਬਾਜ਼ਾਰਾਂ ਦੀ ਸਹਾਇਤਾ ਕਰਨ ਲਈ ਵਿਸ਼ਵ ਪੱਧਰ 'ਤੇ ਨਿਰਮਾਣ ਸਮਰੱਥਾ 'ਤੇ ਸਭ ਤੋਂ ਵਧੀਆ ਗੁਣਵੱਤਾ ਵਾਲੇ ਉਤਪਾਦ ਤਿਆਰ ਕਰਨ ਲਈ ਵਚਨਬੱਧ ਹਾਂ। ਸਾਡੀ ਇੱਛਾ ਹੈ ਕਿ ਹਰੇਕ ਭਾਰਤੀ ਮੋਬਾਈਲ ਫੋਨ ਡਿਵਾਈਸ ਉਪਭੋਗਤਾ ਨੂੰ ਆਪਣੀ ਫੋਨ ਸਕ੍ਰੀਨ ਦੀ ਸੁਰੱਖਿਆ ਲਈ ਬੀਆਈਐੱਸ ਪ੍ਰਮਾਣਿਤ ਅਤੇ ਫੋਗ ਮਰਕਿੰਗ ਵਾਲੇ ਮੇਕ ਇਨ ਇੰਡੀਆ ਟੈਂਪਰਡ ਗਲਾਸ ਦੀ ਵਰਤੋਂ ਕਰਨੀ ਚਾਹੀਦੀ ਹੈ।"
ਇੰਡੀਆ ਸੈਲੂਲਰ ਐਂਡ ਇਲੈਕਟ੍ਰੌਨਿਕਸ ਐਸੋਸੀਏਸ਼ਨ ਦੇ ਚੇਅਰਮੈਨ (ਆਈਸੀਈਏ), ਪੰਕਜ ਮਹੇਂਦਰੂ ਨੇ ਕਿਹਾ ਕਿ ਇਸ ਉਤਪਾਦ ਸ਼੍ਰੇਣੀ ਦੀ ਨਿਰਮਾਣ ਪ੍ਰਕਿਰਿਆ ਕਿਰਤ-ਅਧਾਰਿਤ ਹੈ ਅਤੇ ਇਹ ਭਾਰਤ ਲਈ ਨਾ ਸਿਰਫ਼ ਆਪਣੀ ਵੱਡੀ ਘਰੇਲੂ ਮੰਗ ਨੂੰ ਪੂਰਾ ਕਰਨ ਦਾ ਇੱਕ ਵਧੀਆ ਅਵਸਰ ਹੈ, ਸਗੋਂ ਇੱਕ ਵੱਡਾ ਨਿਰਯਾਤਕ ਵੀ ਬਣ ਸਕਦਾ ਹੈ। ਉੱਚ ਗੁਣਵੱਤਾ ਦਾ ਨਿਰਮਾਣ ਕਰਕੇ, ਅਸੀਂ ਐੱਮਐੱਸਐੱਮਈ ਲਈ ਇੱਕ ਵਧੀਆ ਅਵਸਰ ਦੇਖ ਰਹੇ ਹਾਂ। ਇਸ ਦੇ ਨਾਲ, ਵੱਡੇ ਪੱਧਰ 'ਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ ਅਤੇ ਸਾਡੇ ਨਿਰਯਾਤ ਵੀ ਹੋਰ ਦੇਸ਼ਾਂ ਤੱਕ ਪਹੁੰਚਣਗੇ। ਇਸ ਰਾਹੀਂ, ਭਾਰਤ ਇਲੈਕਟ੍ਰੌਨਿਕਸ ਹਿੱਸਿਆਂ ਦੇ ਨਿਰਮਾਣ ਲਈ ਇੱਕ ਗਲੋਬਲ ਹੱਬ ਬਣ ਜਾਵੇਗਾ।
ਟੈਂਪਰਡ ਗਲਾਸ ਦੇ ਲਈ ਇਹ ਅਨੁਮਾਨਤ ਹੈ ਕਿ ਇਸ ਦੀ ਘਰੇਲੂ ਮੰਗ ਹੀ 50 ਕਰੋੜ ਪੀਸ ਦੀ ਹੈ ਜਿਸ ਦੀ ਰਿਟੇਲ ਵੈਲਿਊ ਕਰੀਬ 20,000 ਕਰੋੜ ਰੁਪਏ ਹੈ। ਇਸ ਦਾ ਅਨੁਮਾਨਤ ਆਲਮੀ ਬਾਜ਼ਾਰ 60 ਅਰਬ ਡਾਲਰ ਹੈ।
ਔਪਟੀਮਸ ਟੈਂਪਰਡ ਗਲਾਸ ਮੈਨੂਫੈਕਚਰਿੰਗ ਪਲਾਂਟ
ਨੋਇਡਾ ਵਿੱਚ 70 ਕਰੋੜ ਰੁਪਏ ਦੇ ਸ਼ੁਰੂਆਤੀ ਨਿਵੇਸ਼ ਨਾਲ ਸਥਾਪਿਤ ਕੀਤੇ ਗਏ ਇਸ ਪਲਾਂਟ ਵਿੱਚ ਸਟੇਟ-ਆਫ-ਦ-ਆਰਟ ਇਨਫ੍ਰਾਸਟ੍ਰਕਚਰ ਤਿਆਰ ਹੈ। ਇਸ ਵਿੱਚ ਕੱਚੇ ਮਾਲ ਨੂੰ ਪੂਰੀ ਤਰ੍ਹਾਂ ਟੈਂਪਰਡ ਅਤੇ ਉੱਚ ਗੁਣਵੱਤਾ ਵਾਲੇ ਗਲਾਸ ਵਿੱਚ ਢਾਲਿਆ ਜਾਵੇਗਾ। ਪਹਿਲੇ ਪੜਾਅ ਵਿੱਚ, ਇਸ ਵਿੱਚ ਸਲਾਨਾ 2.5 ਕਰੋੜ ਯੂਨਿਟ ਟੈਂਪਰਡ ਗਲਾਸ ਦਾ ਨਿਰਮਾਣ ਹੋਵੇਗਾ। ਇਸ ਨਾਲ 600 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਦੂਜੇ ਪੜਾਅ ਵਿੱਚ, ਇਸ ਦੀ ਉਤਪਾਦਨ ਸਮਰੱਥਾ ਨੂੰ ਵਧਾ ਕੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਲਈ ਸਲਾਨਾ 20 ਕਰੋੜ ਟੈਂਪਰਡ ਗਲਾਸ ਤਿਆਰ ਕੀਤੇ ਜਾਣਗੇ। ਇਸ ਲਈ, 200 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕੀਤਾ ਜਾਵੇਗਾ ਅਤੇ 4500 ਪ੍ਰਤੱਖ ਰੋਜ਼ਗਾਰ ਮਿਲਣਗੇ।
ਇਸ ਪਲਾਂਟ ਵਿੱਚ ਏਕੀਕ੍ਰਿਤ ਨਿਰਮਾਣ ਸਮਰੱਥਾ ਤਿਆਰ ਕੀਤੀ ਗਈ ਹੈ ਜਿਸ ਵਿੱਚ ਸਕ੍ਰਾਈਬਿੰਗ, ਸ਼ੇਪਿੰਗ/ਚੈਂਫਰਿੰਗ, ਪਾਲਿਸ਼ਿੰਗ, ਦੋ-ਪੜਾਅ ਵਾਲੀ ਵਾਸ਼ਿੰਗ, ਕੈਮੀਕਲ ਟੈਂਪਰਿੰਗ, ਕੋਟਿੰਗ, ਪ੍ਰਿੰਟਿੰਗ ਅਤੇ ਲੈਮੀਨੇਸ਼ਨ ਸ਼ਾਮਲ ਹਨ। ਹਰ ਪੜਾਅ 'ਤੇ ਸਖ਼ਤ ਗੁਣਵੱਤਾ ਵਾਲੇ ਮਿਆਰ ਲਾਗੂ ਕੀਤੇ ਜਾਣਗੇ। ਇਸ ਨਾਲ ਪਹਿਲੀ ਵਾਰ ਭਾਰਤੀ ਗਾਹਕਾਂ ਨੂੰ ਸਵਦੇਸ਼ੀ ਤੌਰ 'ਤੇ ਮਿਆਰੀ, ਉੱਚ-ਗੁਣਵੱਤਾ ਵਾਲਾ ਟੈਂਪਰਡ ਗਲਾਸ ਉਪਲਬਧ ਹੋਣਗੇ।
ਔਪਟੀਮਸ ਇਨਫ੍ਰਾਕੌਮ ਬਾਰੇ
ਇਹ ਭਾਰਤ ਵਿੱਚ ਹੈੱਡਕੁਆਰਟਰ ਵਾਲਾ ਇੱਕ ਉੱਚ ਪ੍ਰਦਰਸ਼ਨ ਕਰਨ ਵਾਲਾ ਦੂਰਸੰਚਾਰ ਅਤੇ ਨਿਰਮਾਣ ਉੱਦਮ ਹੈ। ਕੰਪਨੀ ਨੂੰ ਇਸ ਖੇਤਰ ਵਿੱਚ ਲਗਭਗ ਤਿੰਨ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਭਾਰਤੀ ਬਾਜ਼ਾਰ ਦੀ ਵਿਸ਼ੇਸ਼ ਜਾਣਕਾਰੀ ਹੈ।
***************
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਥ
(Release ID: 2162364)
Visitor Counter : 10